ਭਾਰਤ ਵਿੱਚ ਬਣੀ ਅਰਾਤਾਈ ਨਾਮ ਦੀ ਮੈਸੇਜਿੰਗ ਐਪ ਕੀ ਵਟਸਐਪ ਦਾ ਮੁਕਾਬਲਾ ਕਰ ਸਕਦੀ ਹੈ, ਕੀ ਕਹਿ ਰਹੇ ਹਨ ਮਾਹਰ ਅਤੇ ਉਪਭੋਗਤਾ

ਤਸਵੀਰ ਸਰੋਤ, Getty Images
- ਲੇਖਕ, ਸ਼ਰਲਿਨ ਮੋਲਨ ਅਤੇ ਨਿਆਜ਼ ਫਾਰੂਕੀ
- ਰੋਲ, ਬੀਬੀਸੀ ਨਿਊਜ਼ ਮੁੰਬਈ ਅਤੇ ਦਿੱਲੀ
ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤੀ ਤਕਨੀਕੀ ਕੰਪਨੀ ਜ਼ੋਹੋ ਦੁਆਰਾ ਵਿਕਸਤ 'ਆਰਾਤਾਈ' ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਸੱਤ ਦਿਨਾਂ ਵਿੱਚ 70 ਲੱਖ ਉਪਭੋਗਤਾਵਾਂ ਨੇ ਇਹ ਐਪ ਡਾਊਨਲੋਡ ਕੀਤੀ ਹੈ। ਹਾਲਾਂਕਿ, ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਅੰਕੜੇ ਕਿਹੜੀਆਂ ਤਾਰੀਖਾਂ ਦੇ ਹਨ।
ਮਾਰਕੀਟ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਦੇ ਅਨੁਸਾਰ, ਅਗਸਤ ਵਿੱਚ ਅਰਾਤਾਈ ਦੇ 10,000 ਤੋਂ ਘੱਟ ਡਾਊਨਲੋਡ ਹੋਏ ਸਨ।
ਅਰਾਤਾਈ ਦਾ ਅਰਥ ਤਾਮਿਲ ਭਾਸ਼ਾ ਵਿੱਚ "ਹਾਸਾ-ਮਜ਼ਾਕ" ਹੁੰਦਾ ਹੈ। ਇਹ ਐਪ ਸਾਲ 2021 ਵਿੱਚ ਲਾਂਚ ਕੀਤੀ ਗਈ ਸੀ, ਪਰ ਹੁਣ ਤੱਕ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਸਨ। ਹੁਣ ਅਚਾਨਕ ਇਸ ਦੀ ਪ੍ਰਸਿੱਧੀ ਨੂੰ ਕੇਂਦਰ ਸਰਕਾਰ ਦੇ ਸਵਦੇਸ਼ੀ ਉਤਪਾਦਾਂ 'ਤੇ ਨਿਰਭਰਤਾ ਵਧਾਉਣ ਦੇ ਦਬਾਅ ਨਾਲ ਜੋੜਿਆ ਜਾ ਰਿਹਾ ਹੈ।
ਸੰਯੁਕਤ ਰਾਜ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ ਦੇ ਨਤੀਜੇ ਵਜੋਂ ਭਾਰਤ ਵਿੱਚ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਮੇਕ ਇਨ ਇੰਡੀਆ ਅਤੇ ਸਪੈਂਡ ਇਨ ਇੰਡੀਆ ਦੇ ਨਾਅਰਿਆਂ ਨੂੰ ਵਾਰ-ਵਾਰ ਦੁਹਰਾਇਆ ਹੈ।

ਤਸਵੀਰ ਸਰੋਤ, Getty Images
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਲਗਭਗ ਦੋ ਹਫ਼ਤੇ ਪਹਿਲਾਂ ਐਕਸ 'ਤੇ ਇਸ ਐਪ ਬਾਰੇ ਪੋਸਟ ਕੀਤਾ ਸੀ, ਜਿਸ ਵਿੱਚ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ ਗਈ ਸੀ। ਉਦੋਂ ਤੋਂ ਕਈ ਹੋਰ ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਵੀ ਅਰਾਤਾਈ ਦੇ ਸਮਰਥਨ ਵਿੱਚ ਪੋਸਟ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਸਰਕਾਰ ਵੱਲੋਂ ਮਿਲੇ ਇਸ ਸਮਰਥਨ ਕਾਰਨ ਅਰਾਤਾਈ ਦੇ ਡਾਊਨਲੋਡਸ ਵਿੱਚ ਅਚਾਨਕ ਵਾਧੇ ਵਿੱਚ ਮਦਦ ਮਿਲੀ ਹੈ।
ਜ਼ੋਹੋ ਦੇ ਸੀਈਓ ਮਣੀ ਵੇਂਬੂ ਨੇ ਬੀਬੀਸੀ ਨੂੰ ਦੱਸਿਆ, "ਸਿਰਫ਼ ਤਿੰਨ ਦਿਨਾਂ ਵਿੱਚ ਅਸੀਂ ਦੇਖਿਆ ਕਿ ਰੋਜ਼ਾਨਾ ਸਾਈਨ-ਅੱਪ 3 ਹਜ਼ਾਰ ਤੋਂ ਵਧ ਕੇ 3 ਲੱਖ 50 ਹਜ਼ਾਰ ਹੋ ਗਏ। ਜਿੱਥੋਂ ਤੱਕ ਐਕਟਿਵ ਯੂਜ਼ਰਸ ਦੀ ਗੱਲ ਹੈ, ਤਾਂ ਉਨ੍ਹਾਂ ਵਿੱਚ ਵੀ 100 ਗੁਣਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।"
ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਉਪਭੋਗਤਾ "ਇੱਕ ਅਜਿਹੇ ਸਵਦੇਸ਼ੀ ਉਤਪਾਦ ਬਾਰੇ ਉਤਸ਼ਾਹਿਤ ਹਨ ਜੋ ਉਨ੍ਹਾਂ ਦੀਆਂ ਸਾਰੀਆਂ ਖਾਸ ਜ਼ਰੂਰਤਾਂ ਅਤੇ ਉਮੀਦਾਂ 'ਤੇ ਖਰਾ ਉੱਤਰ ਸਕਦਾ ਹੈ।"
ਹਾਲਾਂਕਿ ਕੰਪਨੀ ਨੇ ਐਕਟਿਵ ਯੂਜ਼ਰਸ ਦੀ ਸਹੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਅਜੇ ਵੀ ਭਾਰਤ ਵਿੱਚ ਮੇਟਾ ਦੇ ਵਟਸਐਪ ਦੇ 50 ਕਰੋੜ ਮਾਸਿਕ ਐਕਟਿਵ ਯੂਜ਼ਰਸ ਤੋਂ ਬਹੁਤ ਪਿੱਛੇ ਹੈ।
ਭਾਰਤ ਵਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਇਹ ਐਪ ਦੇਸ਼ ਵਿੱਚ ਲੋਕਾਂ ਦੇ ਜੀਵਨ ਦਾ ਇੱਕ ਹਿੱਸਾ ਬਣ ਗਈ ਹੈ। ਲੋਕ ਇਸਨੂੰ "ਗੁੱਡ ਮਾਰਨਿੰਗ" ਸੁਨੇਹੇ ਭੇਜਣ ਤੋਂ ਲੈ ਕੇ ਆਪਣੇ ਕਾਰੋਬਾਰ ਚਲਾਉਣ ਤੱਕ ਹਰ ਚੀਜ਼ ਲਈ ਵਰਤਦੇ ਹਨ।
ਵਟਸਐਪ ਨੂੰ ਟੱਕਰ ਦੇਣਾ ਕਿੱਥੋਂ ਤੱਕ ਸੰਭਵ?

ਤਸਵੀਰ ਸਰੋਤ, Getty Images
ਅਰਾਤਾਈ ਵਿੱਚ ਵਟਸਐਪ ਵਰਗੀਆਂ ਵਿਸ਼ੇਸ਼ਤਾਵਾਂ ਹਨ, ਜੋ ਉਪਭੋਗਤਾਵਾਂ ਨੂੰ ਸੁਨੇਹੇ ਭੇਜਣ ਅਤੇ ਵੌਇਸ ਤੇ ਵੀਡੀਓ ਕਾਲ ਕਰਨ ਦੀ ਆਗਿਆ ਦਿੰਦੀਆਂ ਹਨ। ਦੋਵੇਂ ਐਪਾਂ ਕਈ ਬਿਜ਼ਨੇਸ ਟੂਲਜ਼ ਵੀ ਪੇਸ਼ ਕਰਦੀਆਂ ਹਨ।
ਵਟਸਐਪ ਵਾਂਗ, ਅਰਾਤਾਈ ਵੀ ਦਾਅਵਾ ਕਰਦੀ ਹੈ ਕਿ ਇਸ ਨੂੰ ਸੀਮਤ ਵਿਸ਼ੇਸ਼ਤਾਵਾਂ ਵਾਲੇ ਫੋਨ ਅਤੇ ਹੌਲੀ ਇੰਟਰਨੈੱਟ ਸਪੀਡ 'ਤੇ ਵੀ ਵਧੀਆ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਬਹੁਤ ਸਾਰੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਅਰਾਤਾਈ ਦੀ ਪ੍ਰਸ਼ੰਸਾ ਕੀਤੀ ਹੈ। ਕੁਝ ਲੋਕਾਂ ਨੂੰ ਇਸਦਾ ਇੰਟਰਫੇਸ ਅਤੇ ਡਿਜ਼ਾਈਨ ਪਸੰਦ ਆਇਆ ਹੈ, ਜਦਕਿ ਕੁਝ ਨੇ ਵਰਤੋਂ ਦੇ ਮਾਮਲੇ ਵਿੱਚ ਇਸ ਨੂੰ ਵਟਸਐਪ ਦੇ ਬਰਾਬਰ ਦਾ ਦੱਸਿਆ ਹੈ। ਬਹੁਤ ਸਾਰੇ ਯੂਜ਼ਰਸ ਇਸ ਗੱਲ 'ਤੇ ਮਾਣ ਕਰ ਰਹੇ ਹਨ ਕਿ ਇਹ ਇੱਕ ਭਾਰਤੀ ਐਪ ਹੈ ਅਤੇ ਦੂਜਿਆਂ ਨੂੰ ਇਸ ਨੂੰ ਡਾਊਨਲੋਡ ਕਰਨ ਲਈ ਵੀ ਉਤਸ਼ਾਹਿਤ ਕਰ ਰਹੇ ਹਨ।
ਅਰਾਤਾਈ ਪਹਿਲੀ ਭਾਰਤੀ ਐਪ ਨਹੀਂ ਹੈ ਜਿਸਨੇ ਵੱਡੇ ਅੰਤਰਰਾਸ਼ਟਰੀ ਵਿਰੋਧੀਆਂ ਨੂੰ ਚੁਣੌਤੀ ਦੇਣ ਦਾ ਸੁਪਨਾ ਦੇਖਿਆ ਹੈ।
ਇਸ ਤੋਂ ਪਹਿਲਾਂ, ਕੂ ਅਤੇ ਮੋਜ ਵਰਗੀਆਂ ਭਾਰਤੀ ਐਪਾਂ ਨੂੰ ਐਕਸ ਅਤੇ ਟਿੱਕਟੌਕ ਦੇ ਬਦਲ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਸ਼ੁਰੂਆਤੀ ਸਫਲਤਾ ਤੋਂ ਬਾਅਦ ਇਨ੍ਹਾਂ ਐਪਾਂ ਜ਼ਿਆਦਾ ਅੱਗੇ ਨਹੀਂ ਵਧ ਸਕੀਆਂ।
ਇੱਥੋਂ ਤੱਕ ਕਿ ਸ਼ੇਅਰਚੈਟ, ਜਿਸ ਨੂੰ ਕਦੇ ਵਟਸਐਪ ਦਾ ਇੱਕ ਵੱਡਾ ਮੁਕਾਬਲੇਬਾਜ਼ ਮੰਨਿਆ ਜਾਂਦਾ ਸੀ ਪਰ ਉਹ ਵੀ ਆਪਣੀਆਂ ਇੱਛਾਵਾਂ ਅਨੁਸਾਰ ਅੱਗੇ ਨਹੀਂ ਵਧ ਸਕੀ।

ਤਸਵੀਰ ਸਰੋਤ, Getty Images
ਦਿੱਲੀ ਸਥਿਤ ਤਕਨਾਲੋਜੀ ਲੇਖਕ ਅਤੇ ਵਿਸ਼ਲੇਸ਼ਕ ਪ੍ਰਸਾਂਤੋ ਕੇ ਰਾਏ ਦਾ ਕਹਿਣਾ ਹੈ ਕਿ ਅਰਾਤਾਈ ਲਈ ਵਟਸਐਪ ਦੇ ਵਿਸ਼ਾਲ ਯੂਜ਼ਰ ਬੇਸ ਨੂੰ ਪਾਰ ਕਰਨਾ ਮੁਸ਼ਕਲ ਹੋਵੇਗਾ, ਖਾਸ ਕਰਕੇ ਇਸ ਲਈ ਕਿਉਂਕਿ ਮੇਟਾ ਦੇ ਇਸ ਪਲੇਟਫ਼ਾਰਮ 'ਤੇ ਵੱਡੀ ਸੰਖਿਆ ਵਿੱਚ ਕਾਰੋਬਾਰ ਅਤੇ ਸਰਕਾਰੀ ਸੇਵਾਵਾਂ ਵੀ ਚੱਲਦੀਆਂ ਹਨ।
ਅਰਾਤਾਈ ਦੀ ਸਫਲਤਾ ਨਾ ਸਿਰਫ਼ ਨਵੇਂ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ, ਸਗੋਂ ਉਨ੍ਹਾਂ ਨੂੰ ਬਰਕਰਾਰ ਰੱਖਣ 'ਤੇ ਵੀ ਨਿਰਭਰ ਕਰੇਗੀ। ਪ੍ਰਸਾਂਤੋ ਕੇ ਰਾਏ ਦਾ ਕਹਿਣਾ ਹੈ ਕਿ ਇਹ ਸਿਰਫ਼ ਰਾਸ਼ਟਰਵਾਦ ਦੀ ਭਾਵਨਾ ਨਾਲ ਸੰਭਵ ਨਹੀਂ ਹੋਵੇਗਾ।
ਉਨ੍ਹਾਂ ਕਿਹਾ, "ਉਤਪਾਦ ਚੰਗਾ ਹੋਣਾ ਚਾਹੀਦਾ ਹੈ, ਪਰ ਫਿਰ ਵੀ ਇਹ ਸੰਭਾਵਨਾ ਘੱਟ ਹੈ ਕਿ ਉਹ ਇੱਕ ਅਜਿਹੀ ਐਪ ਦੀ ਥਾਂ ਲੈ ਸਕੇਗੀ, ਜਿਸ ਕੋਲ ਪਹਿਲਾਂ ਹੀ ਦੁਨੀਆਂ ਭਰ ਦੇ ਅਰਬਾਂ ਯੂਜ਼ਰ ਮੌਜੂਦ ਹਨ।"
ਡੇਟਾ ਗੋਪਨੀਯਤਾ ਦੀਆਂ ਵੀ ਚਿੰਤਾਵਾਂ

ਤਸਵੀਰ ਸਰੋਤ, Getty Images
ਕੁਝ ਮਾਹਰਾਂ ਨੇ ਅਰਾਤਾਈ ਐਪ ਨਾਲ ਡੇਟਾ ਗੋਪਨੀਯਤਾ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਇਹ ਐਪ ਵੀਡੀਓ ਅਤੇ ਵੌਇਸ ਕਾਲਾਂ ਲਈ ਤਾਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਦਿੰਦਾ ਹੈ, ਪਰ ਫਿਲਹਾਲ ਇਹ ਫ਼ੀਚਰ ਸੁਨੇਹਿਆਂ ਲਈ ਉਪਲੱਬਧ ਨਹੀਂ ਹੈ।
ਭਾਰਤ ਵਿੱਚ ਤਕਨੀਕੀ ਨੀਤੀ ਦੀ ਰਿਪੋਰਟ ਕਰਨ ਵਾਲੇ ਵੈੱਬ ਪੋਰਟਲ ਮੀਡੀਆਨਾਮਾ ਦੇ ਮੈਨੇਜਿੰਗ ਐਡੀਟਰ ਸ਼ਸ਼ੀਧਰ ਕੇਜੇ ਕਹਿੰਦੇ ਹਨ, "ਸਰਕਾਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸੁਨੇਹਿਆਂ ਦੀ ਟਰੇਸੇਬਿਲਟੀ ਚਾਹੁੰਦੀ ਹੈ ਅਤੇ ਇਹ ਐਂਡ-ਟੂ-ਐਂਡ ਇਨਕ੍ਰਿਪਸ਼ਨ ਤੋਂ ਬਿਨਾਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ।"
ਅਰਾਤਾਈ ਦਾ ਕਹਿਣਾ ਹੈ ਕਿ ਉਹ ਟੈਕਸਟ ਸੁਨੇਹਿਆਂ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਲਾਗੂ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ।
ਮਣੀ ਵੇਂਬੂ ਨੇ ਕਿਹਾ, "ਅਸੀਂ ਸ਼ੁਰੂ ਵਿੱਚ ਐਪ ਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਜੋ ਕਿ ਕੁਝ ਮਹੀਨਿਆਂ 'ਚ ਹੋ ਜਾਂਦਾ। ਹਾਲਾਂਕਿ, ਸਮਾਂ-ਸੀਮਾ ਅੱਗੇ ਵਧਾ ਦਿੱਤੀ ਗਈ ਅਤੇ ਅਸੀਂ ਕੁਝ ਮੁੱਖ ਫ਼ੀਚਰ ਅਤੇ ਸਪੋਰਟ ਜਲਦੀ ਤੋਂ ਜਲਦੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਵਟਸਐਪ ਸੁਨੇਹਿਆਂ ਅਤੇ ਕਾਲਾਂ ਦੋਵਾਂ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਪ੍ਰਦਾਨ ਕਰਦਾ ਹੈ, ਪਰ ਇਸ ਦੀ ਨੀਤੀ ਦੇ ਮੁਤਾਬਕ, ਸੁਨੇਹੇ ਜਾਂ ਕਾਲ ਲੌਗ ਵਰਗੇ ਮੇਟਾਡੇਟਾ ਸਿਰਫ ਕਾਨੂੰਨੀ ਤੌਰ 'ਤੇ ਵੈਧ ਹਾਲਾਤਾਂ ਵਿੱਚ ਹੀ ਸਰਕਾਰ ਨਾਲ ਸਾਂਝਾ ਕਰਦਾ ਹੈ।
ਭਾਰਤੀ ਕਾਨੂੰਨ ਕੀ ਕਹਿੰਦਾ ਹੈ?

ਇੰਟਰਨੈੱਟ ਨਾਲ ਜੁੜੇ ਭਾਰਤੀ ਕਾਨੂੰਨਾਂ ਅਨੁਸਾਰ, ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕੁਝ ਖਾਸ ਹਾਲਾਤਾਂ ਵਿੱਚ ਸਰਕਾਰ ਨਾਲ ਉਪਭੋਗਤਾ ਡੇਟਾ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਹਾਲਾਂਕਿ, ਅੰਤਰਰਾਸ਼ਟਰੀ ਕੰਪਨੀਆਂ ਤੋਂ ਇਹ ਡੇਟਾ ਪ੍ਰਾਪਤ ਕਰਨਾ ਇੱਕ ਮੁਸ਼ਕਲ ਅਤੇ ਲੰਮੀ ਪ੍ਰਕਿਰਿਆ ਹੁੰਦੀ ਹੈ।
ਮੇਟਾ ਅਤੇ ਐਕਸ ਵਰਗੀਆਂ ਵੱਡੀਆਂ ਗਲੋਬਲ ਕੰਪਨੀਆਂ ਕੋਲ ਵਿੱਤੀ ਸਮਰਥਨ ਹੁੰਦਾ ਹੈ, ਜਿਸ ਰਾਹੀਂ ਉਹ ਉਨ੍ਹਾਂ ਮੰਗਾਂ ਜਾਂ ਨਿਯਮਾਂ ਦੇ ਖ਼ਿਲਾਫ਼ ਲੜ ਸਕਦੇ ਹਨ, ਜੋ ਉਨ੍ਹਾਂ ਦੀ ਨਜ਼ਰ 'ਚ ਗਲਤ ਹਨ।
ਸਾਲ 2021 ਵਿੱਚ ਵਟਸਐਪ ਨੇ ਭਾਰਤ ਦੇ ਨਵੇਂ ਡਿਜੀਟਲ ਨਿਯਮਾਂ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਇਹ ਨਿਯਮ ਸੋਸ਼ਲ ਮੀਡੀਆ ਅਤੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਸਮੱਗਰੀ ਨੂੰ ਨਿਯੰਤ੍ਰਿਤ ਕਰਦੇ ਹਨ।
ਵਟਸਐਪ ਨੇ ਦਲੀਲ ਦਿੱਤੀ ਕਿ ਇਹ ਨਿਯਮ ਇਸ ਦੀ ਗੋਪਨੀਯਤਾ ਸੁਰੱਖਿਆ ਦੀ ਉਲੰਘਣਾ ਕਰਦੇ ਹਨ। ਐਕਸ ਨੇ ਵੀ ਸਮੱਗਰੀ ਨੂੰ ਬਲੌਕ ਕਰਨ ਜਾਂ ਹਟਾਉਣ ਦੀ ਭਾਰਤ ਸਰਕਾਰ ਦੀ ਸ਼ਕਤੀ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦਿੱਤੀ ਹੈ।
ਇਹੀ ਕਾਰਨ ਹੈ ਕਿ ਮਾਹਰ ਸਵਾਲ ਕਰ ਰਹੇ ਹਨ ਕਿ ਕੀ ਭਾਰਤੀ ਐਪ ਅਰਾਤਾਈ ਸਰਕਾਰੀ ਮੰਗਾਂ ਦਾ ਸਾਹਮਣਾ ਕਰ ਸਕੇਗੀ, ਜੋ ਉਪਭੋਗਤਾਵਾਂ ਦੇ ਗੋਪਨੀਯਤਾ ਅਧਿਕਾਰਾਂ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ?

ਤਸਵੀਰ ਸਰੋਤ, Getty Images
ਤਕਨਾਲੋਜੀ ਸਬੰਧੀ ਕਾਨੂੰਨ ਮਾਹਰ ਰਾਹੁਲ ਮੱਥਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਰਾਤਾਈ ਦੇ ਗੋਪਨੀਯਤਾ ਢਾਂਚੇ ਅਤੇ ਜ਼ੋਹੋ ਦਾ ਸਰਕਾਰ ਨਾਲ ਯੂਜ਼ਰ-ਜੇਨੇਰੇਟਿਡ ਕਂਟੈਂਟ ਸਾਂਝਾ ਕਰਨ ਸਬੰਧੀ ਰੁਖ ਸਪਸ਼ਟ ਨਹੀਂ ਹੁੰਦਾ, ਉਦੋਂ ਤੱਕ ਬਹੁਤ ਸਾਰੇ ਲੋਕ ਇਸ ਐਪ ਦੀ ਵਰਤੋਂ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਨਗੇ।
ਪ੍ਰਸੰਤੋ ਕੇ ਰਾਏ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜ਼ੋਹੋ ਸਰਕਾਰ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਮਹਿਸੂਸ ਕਰ ਸਕਦੀ ਹੈ, ਖਾਸ ਕਰਕੇ ਜਦੋਂ ਤੋਂ ਕੇਂਦਰੀ ਮੰਤਰੀ ਇਸ ਐਪ ਦਾ ਪ੍ਰਚਾਰ ਕਰ ਰਹੇ ਹਨ।
ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਦੇਸ਼ ਦੀਆਂ ਜਾਂਚ ਏਜੰਸੀਆਂ ਤੋਂ ਅਜਿਹੀਆਂ ਮੰਗਾਂ ਆਉਂਦੀਆਂ ਹਨ, ਤਾਂ ਇੱਕ ਭਾਰਤੀ ਸਟਾਰਟਅੱਪ ਲਈ ਮਜ਼ਬੂਤੀ ਨਾਲ ਵਿਰੋਧ ਕਰਨਾ ਆਸਾਨ ਨਹੀਂ ਹੋਵੇਗਾ।
ਜਦੋਂ ਮਣੀ ਵੇਂਬੂ ਨੂੰ ਪੁੱਛਿਆ ਗਿਆ ਕਿ ਜੇਕਰ ਅਜਿਹੀਆਂ ਬੇਨਤੀਆਂ ਆਉਂਦੀਆਂ ਹਨ ਤਾਂ ਅਰਾਤਾਈ ਕੀ ਕਰੇਗੀ, ਤਾਂ ਉਨ੍ਹਾਂ ਕਿਹਾ, "ਕੰਪਨੀ ਚਾਹੁੰਦੀ ਹੈ ਕਿ ਇਸ ਦੇ ਉਪਭੋਗਤਾਵਾਂ ਦਾ ਉਨ੍ਹਾਂ ਦੇ ਡੇਟਾ 'ਤੇ ਪੂਰਾ ਕਾਬੂ ਹੋਵੇ ਅਤੇ ਨਾਲ ਹੀ ਇਹ ਦੇਸ਼ ਦੇ ਸੂਚਨਾ ਤਕਨਾਲੋਜੀ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਵੀ ਕਰਨਾ ਚਾਹੁੰਦੀ ਹੈ।"
ਉਨ੍ਹਾਂ ਕਿਹਾ, "ਇੱਕ ਵਾਰ ਪੂਰੀ ਐਂਡ-ਟੂ-ਐਂਡ ਇਨਕ੍ਰਿਪਸ਼ਨ ਲਾਗੂ ਹੋ ਜਾਣ ਤੋਂ ਬਾਅਦ ਸਾਡੇ ਕੋਲ ਵੀ ਐਪ 'ਤੇ ਉਪਭੋਗਤਾਵਾਂ ਦੀ ਗੱਲਬਾਤ ਤੱਕ ਪਹੁੰਚ ਨਹੀਂ ਹੋਵੇਗੀ। ਅਸੀਂ ਆਪਣੇ ਉਪਭੋਗਤਾਵਾਂ ਦੇ ਸਾਹਮਣੇ ਕਿਸੇ ਵੀ ਕਾਨੂੰਨੀ ਵਚਨਬੱਧਤਾ ਬਾਰੇ ਪਾਰਦਰਸ਼ੀ ਰਹਾਂਗੇ।"
ਪਿਛਲੇ ਤਜਰਬੇ ਇਹ ਇਸ਼ਾਰਾ ਕਰਦੇ ਹਨ ਕਿ ਭਾਰਤੀ ਐਪਸ ਲਈ ਹਾਲਾਤ ਅਨੁਕੂਲ ਨਹੀਂ ਹਨ, ਖਾਸ ਕਰਕੇ ਜਦੋਂ ਵਟਸਐਪ ਅਤੇ ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਦਾ ਦਬਦਬਾ ਹੁੰਦਾ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਅਰਾਤਾਈ ਸਫਲ ਹੋ ਸਕੇਗੀ ਜਾਂ ਪਿਛਲੀਆਂ ਕਈ ਐਪਸ ਵਾਂਗ ਇਹ ਵੀ ਹੌਲੀ-ਹੌਲੀ ਫਿੱਕੀ ਪੈ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












