ਅਜਿਹੇ 'ਛੋਟੇ ਦਿਮਾਗ' ਵਿਗਿਆਨੀਆਂ ਨੇ ਬਣਾਏ, ਜੋ ਕਰ ਸਕਦੇ ਹਨ ਬਹੁਤ ਕੁਝ

- ਲੇਖਕ, ਜ਼ੋਈ ਕਲਾਈਨਮੈਨ
- ਰੋਲ, ਤਕਨਾਲੋਜੀ ਸੰਪਾਦਕ
ਇਸਦੀਆਂ ਜੜ੍ਹਾਂ ਭਾਵੇਂ ਵਿਗਿਆਨ ਨਾਲ ਜੁੜੀਆਂ ਕਥਾਵਾਂ 'ਚ ਹੋਣ ਪਰ ਕੁਝ ਖੋਜਕਰਤਾ ਜੀਵਤ ਸੈੱਲਾਂ ਤੋਂ ਕੰਪਿਊਟਰ ਬਣਾਉਣ ਦੀ ਕੋਸ਼ਿਸ਼ ਵਿੱਚ ਵਾਕਈ ਤਰੱਕੀ ਕਰ ਰਹੇ ਹਨ।
ਬਾਇਓਕੰਪਿਊਟਿੰਗ ਦੀ ਵਿਲੱਖਣ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ।
ਇਸ ਦਿਸ਼ਾ ਵਿੱਚ ਮੋਹਰੀ ਲੋਕਾਂ ਵਿੱਚ ਸਵਿੱਟਜ਼ਰਲੈਂਡ ਦੇ ਵਿਗਿਆਨੀਆਂ ਦਾ ਇੱਕ ਸਮੂਹ ਸ਼ਾਮਲ ਹੈ, ਜਿਨ੍ਹਾਂ ਨੂੰ ਮੈਂ ਮਿਲਣ ਗਿਆ ਸੀ।
ਉਨ੍ਹਾਂ ਵਿਗਿਆਨੀਆਂ ਨੂੰ ਉਮੀਦ ਹੈ ਕਿ ਇੱਕ ਦਿਨ ਅਸੀਂ "ਜੀਵਤ" ਸਰਵਰਾਂ ਨਾਲ ਭਰੇ ਡੇਟਾ ਸੈਂਟਰਾਂ ਨੂੰ ਦੇਖ ਸਕਾਂਗੇ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸਿੱਖਣ ਦੇ ਪਹਿਲੂਆਂ ਦੀ ਨਕਲ ਕਰਦੇ ਹਨ - ਅਤੇ ਜੋ ਮੌਜੂਦਾ ਤਰੀਕਿਆਂ ਲਈ ਇਸਤੇਮਾਲ ਹੁੰਦੀ ਊਰਜਾ ਦੇ ਬਸ ਇੱਕ ਅੰਸ਼ ਦੀ ਵਰਤੋਂ ਕਰਨਗੇ।
ਇਹ ਡਾਕਟਰ ਫਰੈੱਡ ਜੌਰਡਨ ਦਾ ਦ੍ਰਿਸ਼ਟੀਕੋਣ ਹੈ, ਜੋ ਕਿ ਫਾਈਨਲਸਪਾਰਕ ਲੈਬ ਦੇ ਸਹਿ-ਸੰਸਥਾਪਕ ਹਨ, ਜਿੱਥੇ ਮੈਂ ਗਿਆ ਸੀ।
ਅਸੀਂ ਸਾਰੇ ਵਰਤਮਾਨ ਵਿੱਚ ਵਰਤੇ ਜਾਣ ਵਾਲੇ ਕੰਪਿਊਟਰਾਂ ਵਿੱਚ ਹਾਰਡਵੇਅਰ ਅਤੇ ਸੌਫਟਵੇਅਰ ਤਕਨੀਕ ਤੋਂ ਜਾਣੂ ਹਾਂ।
ਡਾਕਟਰ ਜੌਰਡਨ ਅਤੇ ਇਸ ਖੇਤਰ ਵਿੱਚ ਹੋਰ ਲੋਕ ਜੋ ਉਹ ''ਜੀਵਤ ਕੰਪਿਊਟਰ'' ਬਣਾ ਰਹੇ ਹਨ, ਉਸ ਤਕਨੀਕ ਲਈ "ਵੈੱਟਵੇਅਰ" ਸ਼ਬਦ ਦੀ ਵਰਤੋਂ ਕਰਦੇ ਹਨ, ਜੋ ਕਿ ਸੁਣਨ 'ਚ ਥੋੜ੍ਹਾ ਅਜੀਬ ਲੱਗਦਾ ਹੈ।
ਸੌਖੇ ਸ਼ਬਦਾਂ ਵਿੱਚ, ਇਸ ਵਿੱਚ ਨਿਊਰੋਨਸ ਬਣਾਉਣਾ ਸ਼ਾਮਲ ਹੈ, ਜੋ ਕਿ ਔਰਗੈਨੋਇਡਜ਼ ਨਾਮਕ ਕਲੱਸਟਰਾਂ ਵਿੱਚ ਵਿਕਸਿਤ ਹੁੰਦੇ ਹਨ, ਜਿਨ੍ਹਾਂ ਨੂੰ ਇਲੈਕਟ੍ਰੋਡ ਨਾਲ ਜੋੜਿਆ ਜਾ ਸਕਦਾ ਹੈ ਅਤੇ ਫਿਰ ਉਨ੍ਹਾਂ ਨੂੰ ਮਿੰਨੀ-ਕੰਪਿਊਟਰਾਂ ਵਾਂਗ ਵਰਤਣਾ ਸ਼ੁਰੂ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਡਾਕਟਰ ਜੌਰਡਨ ਮੰਨਦੇ ਹਨ ਕਿ ਬਹੁਤ ਸਾਰੇ ਲੋਕਾਂ ਲਈ ਬਾਇਓਕੰਪਿਊਟਿੰਗ ਦੀ ਧਾਰਨਾ ਆਪਣੇ ਆਪ ਵਿੱਚ ਥੋੜ੍ਹੀ ਅਜੀਬ ਹੋ ਸਕਦੀ ਹੈ।
ਉਹ ਕਹਿੰਦੇ ਹਨ, "ਸਾਇੰਸ ਫਿਕਸ਼ਨ ਵਿੱਚ, ਲੋਕ ਇਨ੍ਹਾਂ ਵਿਚਾਰਾਂ ਨਾਲ ਲੰਬੇ ਸਮੇਂ ਤੋਂ ਜੀਅ ਰਹੇ ਹਨ।''
"ਜਦੋਂ ਤੁਸੀਂ ਇਹ ਕਹਿਣਾ ਸ਼ੁਰੂ ਕਰਦੇ ਹੋ ਕਿ 'ਮੈਂ ਨਿਊਰੋਨ ਦੀ ਵਰਤੋਂ ਇੱਕ ਛੋਟੀ ਮਸ਼ੀਨ ਵਾਂਗ ਕਰਨ ਜਾ ਰਿਹਾ ਹਾਂ,' ਤਾਂ ਇਹ ਸਾਡੇ ਆਪਣੇ ਦਿਮਾਗ ਲਈ ਇੱਕ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਇਹ ਤੁਹਾਨੂੰ ਸਵਾਲ ਕਰਨ ਲਈ ਮਜਬੂਰ ਕਰਦਾ ਹੈ ਕਿ ਅਸੀਂ ਕੌਣ ਹਾਂ।"
ਫਾਈਨਲਸਪਾਰਕ ਲਈ, ਇਹ ਪ੍ਰਕਿਰਿਆ ਮਨੁੱਖੀ ਚਮੜੀ ਦੇ ਸੈੱਲਾਂ ਤੋਂ ਪ੍ਰਾਪਤ ਸਟੈਮ ਸੈੱਲਾਂ ਨਾਲ ਸ਼ੁਰੂ ਹੁੰਦੀ ਹੈ, ਜੋ ਉਹ ਜਾਪਾਨ ਦੇ ਇੱਕ ਕਲੀਨਿਕ ਤੋਂ ਖਰੀਦਦੇ ਹਨ। ਇਸ ਦੇ ਅਸਲ ਦਾਨੀ ਅਗਿਆਤ ਹਨ।
ਪਰ, ਸ਼ਾਇਦ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਕੋਲ ਅਜਿਹੇ ਦਾਨ ਕਰਨ ਵਾਲਿਆਂ ਦੀ ਘਾਟ ਨਹੀਂ ਹੈ।
ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਸਾਡੇ ਨਾਲ ਸੰਪਰਕ ਕਰਦੇ ਹਨ।''
"ਪਰ ਅਸੀਂ ਸਿਰਫ ਅਧਿਕਾਰਤ ਸਪਲਾਇਰਾਂ ਤੋਂ ਸਟੈਮ ਸੈੱਲਾਂ ਦੀ ਚੋਣ ਕਰਦੇ ਹਾਂ, ਕਿਉਂਕਿ ਸੈੱਲਾਂ ਦੀ ਗੁਣਵੱਤਾ ਮਹੱਤਵਪੂਰਨ ਹੈ।"
ਲੈਬ ਵਿੱਚ, ਫਾਈਨਲਸਪਾਰਕ ਦੀ ਇੱਕ ਸੈਲੂਲਰ ਜੀਵ-ਵਿਗਿਆਨੀ ਡਾਕਟਰ ਫਲੋਰਾ ਬ੍ਰੋਜ਼ੀ ਨੇ ਮੈਨੂੰ ਇੱਕ ਡਿਸ਼ ਦਿੱਤੀ, ਜਿਸ ਵਿੱਚ ਕਈ ਛੋਟੇ ਚਿੱਟੇ ਗੋਲੇ ਸਨ।
ਹਰੇਕ ਛੋਟਾ ਗੋਲਾ ਅਸਲ ਵਿੱਚ ਇੱਕ ਛੋਟਾ, ਲੈਬ 'ਚ ਉਗਾਇਆ ਗਿਆ ਮਿੰਨੀ-ਦਿਮਾਗ ਹੈ, ਜੋ ਜੀਵਤ ਸਟੈਮ ਸੈੱਲਾਂ ਤੋਂ ਬਣਿਆ ਹੈ ਜਿਨ੍ਹਾਂ ਨੂੰ ਨਿਊਰੋਨਸ ਅਤੇ ਸਹਾਇਕ ਸੈੱਲਾਂ ਦੇ ਸਮੂਹ ਬਣਾਉਣ ਲਈ ਕਲਚਰ (ਤਿਆਰ) ਕੀਤਾ ਗਿਆ ਹੈ - ਇਹਨਾਂ ਨੂੰ "ਆਰਗੇਨੋਇਡਜ਼" ਕਿਹਾ ਜਾਂਦਾ ਹੈ।
ਇਹ ਮਨੁੱਖੀ ਦਿਮਾਗ ਦੀ ਜਟਿਲਤਾ ਦੇ ਨੇੜੇ-ਤੇੜੇ ਵੀ ਨਹੀਂ ਹਨ, ਪਰ ਇਨ੍ਹਾਂ 'ਚ ਮਨੁੱਖੀ ਦਿਮਾਗ ਵਾਂਗ ਹੀ ਬਿਲਡਿੰਗ ਬਲੌਕ ਹਨ।
ਕਈ ਮਹੀਨਿਆਂ ਤੱਕ ਚੱਲਣ ਵਾਲੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ, ਆਰਗੇਨੋਇਡ ਇੱਕ ਇਲੈਕਟ੍ਰੋਡ ਨਾਲ ਜੁੜਨ ਲਈ ਤਿਆਰ ਹੋ ਜਾਂਦੇ ਹਨ ਅਤੇ ਫਿਰ ਸਧਾਰਨ ਕੀਬੋਰਡ ਕਮਾਂਡਾਂ ਦਾ ਜਵਾਬ ਦੇਣ ਲਈ ਤਿਆਰ ਹੁੰਦੇ ਹਨ।
ਇਹ ਇਲੈਕਟ੍ਰੀਕਲ ਸਿਗਨਲ ਭੇਜਣ ਅਤੇ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ, ਜਿਸਦੇ ਨਤੀਜੇ ਸਿਸਟਮ ਨਾਲ ਜੁੜੇ ਇੱਕ ਆਮ ਕੰਪਿਊਟਰ 'ਤੇ ਰਿਕਾਰਡ ਕੀਤੇ ਜਾਂਦੇ ਹਨ।

ਇਹ ਇੱਕ ਸਧਾਰਨ ਟੈਸਟ ਹੈ- ਤੁਸੀਂ ਕੀਬੋਰਡ 'ਤੇ ਕੀ ਬਟਨ ਦਬਾਉਂਦੇ ਹੋ ਜੋ ਇਲੈਕਟ੍ਰੋਡਾਂ ਰਾਹੀਂ ਇੱਕ ਇਲੈਕਟ੍ਰੀਕਲ ਸਿਗਨਲ ਭੇਜਦਾ ਹੈ ਅਤੇ ਜੇਕਰ ਇਹ ਕੰਮ ਕਰਦਾ ਹੈ (ਜੋ ਕਿ ਇਹ ਹਮੇਸ਼ਾ ਨਹੀਂ ਕਰਦਾ), ਤਾਂ ਤੁਸੀਂ ਜਵਾਬ ਵਿੱਚ ਸਕ੍ਰੀਨ 'ਤੇ ਗਤੀਵਿਧੀ ਵਿੱਚ ਥੋੜ੍ਹਾ ਜਿਹਾ ਵਾਧਾ ਦੇਖ ਸਕਦੇ ਹੋ।
ਸਕ੍ਰੀਨ 'ਤੇ ਇੱਕ ਤਰ੍ਹਾਂ ਦਾ ਗ੍ਰਾਫ਼ ਨਜ਼ਰ ਆਉਂਦਾ ਹੈ, ਜੋ ਕੁਝ ਹੱਦ ਤੱਕ EEG ਵਰਗਾ ਦਿਖਾਈ ਦਿੰਦਾ ਹੈ।
ਮੈਂ ਤੇਜ਼ੀ ਨਾਲ ਕਈ ਵਾਰ ਬਟਨ (ਕੀਅ) ਦਬਾਉਂਦਾ ਹਾਂ ਅਤੇ ਜਵਾਬ ਅਚਾਨਕ ਬੰਦ ਹੋ ਜਾਂਦੇ ਹਨ। ਫਿਰ ਚਾਰਟ 'ਤੇ ਊਰਜਾ ਦਾ ਇੱਕ ਛੋਟਾ ਵਿਸਫੋਟ ਜਿਹਾ ਹੁੰਦਾ ਹੈ।
ਜਦੋਂ ਮੈਂ ਪੁੱਛਿਆ ਕਿ ਕੀ ਹੋਇਆ, ਤਾਂ ਡਾਕਟਰ ਜੌਰਡਨ ਨੇ ਕਿਹਾ ਕਿ ਉਹ ਅਜੇ ਵੀ ਇਸ ਬਾਰੇ ਬਹੁਤ ਕੁਝ ਨਹੀਂ ਸਮਝਦੇ ਹਨ ਕਿ ਔਰਗੈਨੋਇਡ ਕੀ ਕਰਦੇ ਹਨ ਅਤੇ ਕਿਉਂ ਕਰਦੇ ਹਨ। ਹੋ ਸਕਦਾ ਹੈ ਕਿ ਮੈਂ ਉਸ ਨੂੰ ਪਰੇਸ਼ਾਨ ਕਰ ਦਿੱਤਾ ਹੋਵੇ।
ਟੀਮ ਦਾ ਵੱਡਾ ਟੀਚਾ ਹੈ - ਬਾਇਓਕੰਪਿਊਟਰ ਦੇ ਨਿਊਰੋਨਸ ਵਿੱਚ ਸਿੱਖਣ ਦੀ ਸਮਰੱਥਾ ਨੂੰ ਸਰਗਰਮ ਕਰਨਾ ਅਤੇ ਇਲੈਕਟ੍ਰੋਲ ਸਟਿਮੂਲੇਸ਼ਨ ਇਸ ਵੱਲ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ, ਤਾਂ ਜੋ ਉਹ ਅੰਤ ਵਿੱਚ ਕੰਮ ਕਰਨ ਲਈ ਅਨੁਕੂਲ ਹੋ ਸਕਣ।
ਉਨ੍ਹਾਂ ਕਿਹਾ, "ਏਆਈ ਲਈ, ਇਹ ਹਮੇਸ਼ਾ ਇੱਕੋ ਜਿਹੀ ਚੀਜ਼ ਹੁੰਦੀ ਹੈ।
"ਤੁਸੀਂ ਕੁਝ ਇਨਪੁਟ ਦਿੰਦੇ ਹੋ, ਤੁਸੀਂ ਕੁਝ ਆਉਟਪੁੱਟ ਚਾਹੁੰਦੇ ਹੋ ਜਿਸਦੀ ਵਰਤੋਂ ਕੀਤੀ ਜਾ ਸਕੇ।"
ਉਹ ਸਮਝਾਉਂਦੇ ਹਨ ਕਿ "ਮਿਸਾਲ ਵਜੋਂ, ਤੁਸੀਂ ਇੱਕ ਬਿੱਲੀ ਦੀ ਤਸਵੀਰ ਦਿੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਆਉਟਪੁੱਟ ਤੁਹਾਨੂੰ ਦੱਸੇ ਕਿ ਇਹ ਇੱਕ ਬਿੱਲੀ ਹੈ ਜਾਂ ਨਹੀਂ।''

ਤਸਵੀਰ ਸਰੋਤ, Getty Images
ਬਾਇਓਕੰਪਿਊਟਰ ਨੂੰ ਜਿਉਂਦਾ ਰੱਖਣਾ
ਇੱਕ ਸਧਾਰਨ ਕੰਪਿਊਟਰ ਨੂੰ ਚੱਲਦਾ ਰੱਖਣਾ ਆਸਾਨ ਹੈ - ਇਸਨੂੰ ਸਿਰਫ਼ ਇੱਕ ਪਾਵਰ ਸਪਲਾਈ ਦੀ ਲੋੜ ਹੁੰਦੀ ਹੈ - ਪਰ ਇੱਕ ਬਾਇਓਕੰਪਿਊਟਰ ਦੇ ਮਾਮਲੇ 'ਚ ਕੀ?
ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਵਿਗਿਆਨੀਆਂ ਕੋਲ ਅਜੇ ਤੱਕ ਕੋਈ ਜਵਾਬ ਨਹੀਂ ਹੈ।
ਇੰਪੀਰੀਅਲ ਕਾਲਜ ਲੰਡਨ ਵਿਖੇ ਨਿਊਰੋਟੈਕਨਾਲੋਜੀ ਦੇ ਪ੍ਰੋਫੈਸਰ ਅਤੇ ਸੈਂਟਰ ਫਾਰ ਨਿਊਰੋਟੈਕਨਾਲੋਜੀ ਦੇ ਡਾਇਰੈਕਟਰ ਸਾਈਮਨ ਸ਼ੁਲਟਜ਼ ਕਹਿੰਦੇ ਹਨ, "ਔਰਗੈਨੋਇਡਜ਼ ਵਿੱਚ ਖੂਨ ਦੀਆਂ ਨਾੜੀਆਂ ਨਹੀਂ ਹੁੰਦੀਆਂ।"
ਉਹ ਕਹਿੰਦੇ ਹਨ, "ਮਨੁੱਖੀ ਦਿਮਾਗ ਵਿੱਚ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ ਜੋ ਇਸ ਵਿੱਚ ਕਈ ਪੱਧਰਾਂ 'ਤੇ ਪ੍ਰਵੇਸ਼ ਕਰਦੀਆਂ ਹਨ ਅਤੇ ਇਸਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਪੌਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ।''
"ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਉਨ੍ਹਾਂ (ਨਾੜਾਂ) ਨੂੰ ਸਹੀ ਢੰਗ ਨਾਲ ਕਿਵੇਂ ਬਣਾਇਆ ਜਾਵੇ। ਇਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ।"
ਹਾਲਾਂਕਿ, ਇੱਕ ਗੱਲ ਪੱਕੀ ਹੈ ਕਿ ਜਦੋਂ ਅਸੀਂ ਕੰਪਿਊਟਰ ਦੇ ਅੰਤ (ਮੌਤ) ਬਾਰੇ ਗੱਲ ਕਰਦੇ ਹਾਂ, ਤਾਂ ਇਹੀ ਗੱਲ "ਵੈੱਟਵੇਅਰ" ਲਈ ਵੀ ਸੱਚ ਹੈ।
ਫਾਈਨਲਸਪਾਰਕ ਨੇ ਪਿਛਲੇ ਚਾਰ ਸਾਲਾਂ ਵਿੱਚ ਕੁਝ ਤਰੱਕੀ ਕੀਤੀ ਹੈ ਅਤੇ ਇਸਦੇ ਔਰਗੈਨੋਇਡ ਹੁਣ ਚਾਰ ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਹਨ।
ਪਰ ਉਨ੍ਹਾਂ ਦੇ ਅੰਤ ਬਾਰੇ ਕੁਝ ਭਿਆਨਕ ਚਿੰਤਾਵਾਂ ਵੀ ਹਨ।
ਕਈ ਵਾਰ ਉਹ ਮਰਨ ਤੋਂ ਪਹਿਲਾਂ ਆਰਗੇਨੋਇਡਜ਼ ਵਿੱਚ ਗਤੀਵਿਧੀ ਦਾ ਇੱਕ ਵਿਸਫੋਟ ਦੇਖਦੇ ਹਨ - ਜਿਵੇਂ ਕਿ ਜੀਵਨ ਦੇ ਅੰਤ ਵਿੱਚ ਕੁਝ ਮਨੁੱਖਾਂ ਵਿੱਚ ਦਿਲ ਦੀ ਧੜਕਣ ਅਤੇ ਦਿਮਾਗ ਦੀ ਗਤੀਵਿਧੀ ਵਿੱਚ ਵਾਧਾ ਦੇਖਿਆ ਜਾਂਦਾ ਹੈ।
ਡਾਕਟਰ ਜੌਰਡਨ ਕਹਿੰਦੇ ਹਨ, "ਕੁਝ ਅਜਿਹੇ ਮੌਕੇ ਵੀ ਆਏ ਹਨ ਜਿੱਥੇ [ਜੀਵਨ ਦੇ] ਆਖਰੀ ਮਿੰਟ ਜਾਂ ਦਸ ਸਕਿੰਟਾਂ ਵਿੱਚ ਗਤੀਵਿਧੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।''
"ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ ਪੰਜ ਸਾਲਾਂ ਵਿੱਚ ਲਗਭਗ 1,000 ਜਾਂ 2,000 ਅਜਿਹੀਆਂ ਵਿਅਕਤੀਗਤ ਮੌਤਾਂ ਦਰਜ ਕੀਤੀਆਂ ਹਨ।"
"ਇਹ ਦੁਖਦਾਈ ਹੈ ਕਿਉਂਕਿ ਸਾਨੂੰ ਪ੍ਰਯੋਗ ਨੂੰ ਰੋਕਣਾ ਪੈਂਦਾ ਹੈ, ਇਹ ਸਮਝਣਾ ਪੈਂਦਾ ਕਿ ਇਹ ਕਿਉਂ ਮਰਿਆ ਅਤੇ ਫਿਰ ਸਾਨੂੰ ਦੁਬਾਰਾ ਕੋਸ਼ਿਸ਼ ਕਰਨੀ ਪੈਂਦੀ ਹੈ।''
ਪ੍ਰੋਫੈਸਰ ਸ਼ੁਲਟਜ਼ ਮੰਨਦੇ ਹਨ ਕਿ ਇਸ ਪ੍ਰਤੀ ਵਧੇਰੇ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ।
ਉਹ ਕਹਿੰਦੇ ਹਨ, "ਸਾਨੂੰ ਉਨ੍ਹਾਂ ਤੋਂ ਡਰਨਾ ਨਹੀਂ ਚਾਹੀਦਾ, ਉਹ ਸਿਰਫ਼ ਕੰਪਿਊਟਰ ਹਨ ਜੋ ਕਿ ਵੱਖਰੇ ਸਬਸਟਰੇਟ ਅਤੇ ਵੱਖਰੀ ਸਮੱਗਰੀ ਤੋਂ ਬਣੇ ਹਨ।''

ਤਸਵੀਰ ਸਰੋਤ, Getty Images
ਅਸਲ ਦੁਨੀਆਂ 'ਚ ਉਪਯੋਗ
ਫਾਈਨਲਸਪਾਰਕ, ਬਾਇਓਕੰਪਿਊਟਿੰਗ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਇਕਲੌਤੇ ਵਿਗਿਆਨੀ ਨਹੀਂ ਹਨ।
ਆਸਟ੍ਰੇਲੀਆਈ ਫਰਮ ਕੋਰਟੀਕਲ ਲੈਬਜ਼ ਨੇ 2022 ਵਿੱਚ ਐਲਾਨ ਕੀਤਾ ਸੀ ਕਿ ਉਸਨੇ ਸ਼ੁਰੂਆਤੀ ਕੰਪਿਊਟਰ ਗੇਮ ਪੋਂਗ ਖੇਡਣ ਲਈ ਨਕਲੀ ਨਿਊਰੋਨਸ ਸਫਲਤਾਪੂਰਵਕ ਪ੍ਰਾਪਤ ਕਰ ਲਏ ਹਨ।
ਅਮਰੀਕਾ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਖੋਜਕਰਤਾ ਇਹ ਅਧਿਐਨ ਕਰਨ ਲਈ "ਛੋਟੇ-ਦਿਮਾਗ" ਵੀ ਬਣਾ ਰਹੇ ਹਨ ਕਿ ਉਹ ਜਾਣਕਾਰੀ ਨੂੰ ਕਿਵੇਂ ਪ੍ਰਕਿਰਿਆ ਕਰਦੇ ਹਨ - ਪਰ ਉਨ੍ਹਾਂ ਦਾ ਉਦੇਸ਼ ਅਲਜ਼ਾਈਮਰ ਅਤੇ ਔਟਿਜ਼ਮ ਵਰਗੀਆਂ ਤੰਤੂ ਵਿਗਿਆਨਕ ਸਥਿਤੀਆਂ ਲਈ ਦਵਾਈ ਤਿਆਰ ਕਰਨਾ ਹੈ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਏਆਈ ਜਲਦ ਹੀ ਅਜਿਹੇ ਕੰਮ ਨੂੰ ਤੇਜ਼ੀ ਨਾਲ ਕਰਨ ਦੇ ਯੋਗ ਹੋ ਜਾਵੇਗਾ।
ਪਰ, ਫਿਲਹਾਲ ਲਈ ਡਾਕਟਰ ਲੀਨਾ ਸਮਿਰਨੋਵਾ, ਜਿਨ੍ਹਾਂ ਨੇ ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਇਸ ਖੋਜ ਦੀ ਅਗਵਾਈ ਕੀਤੀ, ਦਾ ਮੰਨਣਾ ਹੈ ਕਿ ਵੈੱਟਵੇਅਰ ਵਿਗਿਆਨਕ ਤੌਰ 'ਤੇ ਦਿਲਚਸਪ ਹੈ - ਪਰ ਅਜੇ ਵੀ ਇਸਦੇ ਸ਼ੁਰੂਆਤੀ ਪੜਾਵਾਂ ਵਿੱਚ ਹੈ।
ਅਤੇ ਉਹ ਕਹਿੰਦੇ ਹਨ ਕਿ ਕੰਪਿਊਟਰ ਚਿਪਸ ਲਈ ਵਰਤਮਾਨ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਸਮੱਗਰੀਆਂ ਦੀ ਥਾਂ ਲੈਣ ਲਈ ਅਜੇ ਇਸ ਦੀ ਬਹੁਤ ਘੱਟ ਸੰਭਾਵਨਾ ਹੈ।
ਉਨ੍ਹਾਂ ਕਿਹਾ, "ਬਾਇਓਕੰਪਿਊਟਿੰਗ ਨੂੰ ਸਿਲੀਕਾਨ ਏਆਈ ਦਾ ਪੂਰਕ ਹੋਣਾ ਚਾਹੀਦਾ ਹੈ, ਬਦਲ ਨਹੀਂ। ਨਾਲ ਹੀ ਬਿਮਾਰੀ ਮਾਡਲਿੰਗ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਜਾਨਵਰਾਂ ਦੀ ਵਰਤੋਂ ਨੂੰ ਘਟਾਉਣਾ ਚਾਹੀਦਾ ਹੈ।"
ਪ੍ਰੋਫੈਸਰ ਸ਼ੁਲਟਜ਼ ਸਹਿਮਤ ਹਨ ਅਤੇ ਕਹਿੰਦੇ ਹਨ ਕਿ "ਮੈਨੂੰ ਲੱਗਦਾ ਹੈ ਕਿ ਉਹ ਬਹੁਤ ਸਾਰੇ ਮਾਮਲਿਆਂ ਵਿੱਚ ਸਿਲੀਕਾਨ ਨੂੰ ਪਛਾੜ ਨਹੀਂ ਸਕਣਗੇ, ਪਰ ਅਸੀਂ ਯਕੀਨੀ ਤੌਰ 'ਤੇ ਇੱਕ ਸਥਾਨ ਲੱਭ ਲਵਾਂਗੇ।''
ਹਾਲਾਂਕਿ ਇਹ ਤਕਨਾਲੋਜੀ ਅਸਲ ਦੁਨੀਆਂ 'ਚ ਉਪਯੋਗ ਦੇ ਨੇੜੇ ਜਾ ਰਹੀ ਹੈ, ਡਾਕਟਰ ਜੌਰਡਨ ਅਜੇ ਵੀ ਇਸਦੇ ਸਾਇੰਸ ਫਿਕਸ਼ਨ ਮੂਲ ਤੋਂ ਆਕਰਸ਼ਤ ਹਨ।
ਉਹ ਕਹਿੰਦੇ ਹਨ, "ਮੈਂ ਹਮੇਸ਼ਾ ਸਾਇੰਸ ਫਿਕਸ਼ਨ ਦਾ ਪ੍ਰਸ਼ੰਸਕ ਰਿਹਾ ਹਾਂ।''
"ਜਦੋਂ ਕੋਈ ਸਾਇੰਸ ਫਿਕਸ਼ਨ ਫਿਲਮ ਜਾਂ ਕਿਤਾਬ ਮੇਰੇ ਸਾਹਮਣੇ ਆਉਂਦੀ ਹੈ, ਤਾਂ ਮੈਂ ਹਮੇਸ਼ਾ ਥੋੜ੍ਹਾ ਉਦਾਸ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੀ ਜ਼ਿੰਦਗੀ ਉਸ ਕਿਤਾਬ ਵਰਗੀ ਨਹੀਂ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਉਸ ਕਿਤਾਬ ਵਿੱਚ ਹਾਂ, ਉਸਨੂੰ ਲਿਖ ਰਿਹਾ ਹਾਂ।"
ਵਾਧੂ ਰਿਪੋਰਟਿੰਗ - ਫ੍ਰਾਂਸਿਸਕਾ ਹਾਸ਼ਮੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ















