You’re viewing a text-only version of this website that uses less data. View the main version of the website including all images and videos.
ਇੱਕ ਹੱਥ 'ਚ ਰਾਈਫਲ, ਦੂਜੇ 'ਚ ਬਾਈਬਲ: ਬ੍ਰਾਜ਼ੀਲ ਦੇ ਉਹ ਨਾਰਕੋ ਗੈਂਗ ਜੋ ਆਪਣੇ ਆਪ ਨੂੰ 'ਰੱਬ ਦੇ ਸਿਪਾਹੀ' ਦੱਸਦੇ ਹਨ
- ਲੇਖਕ, ਲੇਬੋ ਡਿਸੇਕੋ, ਜੂਲੀਆ ਕਾਰਨੀਰੋ
- ਰੋਲ, ਬੀਬੀਸੀ ਨਿਊਜ਼
ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿੱਚ ਜਦੋਂ ਪੁਲਿਸ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਚਰਸ ਜ਼ਬਤ ਕਰਦੀ ਹੈ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੈਕਟਾਂ 'ਤੇ ਧਾਰਮਿਕ ਚਿੰਨ੍ਹ 'ਸਟਾਰ ਆਫ਼ ਡੇਵਿਡ' ਛਪਿਆ ਮਿਲਦਾ ਹੈ।
ਯਹੂਦੀਆਂ ਦੇ ਇਸ ਪਵਿੱਤਰ ਨਿਸ਼ਾਨ ਦਾ ਆਸਥਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਕੁਝ ਪੇਟੀਕੋਸਟਲ ਈਸਾਈ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਜਿਨ੍ਹਾਂ ਅਨੁਸਾਰ ਇਜ਼ਰਾਈਲ ਵਿੱਚ ਯਹੂਦੀਆਂ ਦੀ ਵਾਪਸੀ ਨਾਲ ਈਸਾ ਮਸੀਹ ਦੂਜੀ ਵਾਰ ਪ੍ਰਗਟ ਹੋਣਗੇ।
ਰੀਓ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਾਕਤਵਰ ਗਿਰੋਹ ਦਾ ਨਾਂ 'ਪਿਓਰ ਥਰਡ ਕਮਾਂਡ' ਹੈ।
ਇਸ ਗਿਰੋਹ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਇਹ ਆਪਣੇ ਵਿਰੋਧੀਆਂ ਨੂੰ 'ਗਾਇਬ' ਕਰਵਾ ਦਿੰਦੇ ਹਨ। ਈਵੇਜਲੀਕਲ, ਗੈਂਗ ਦੀ ਧਾਰਮਿਕ ਆਸਥਾ ਈਸਾਈ ਮਤ ਦੇ ਅਨੁਸਾਰ ਬਹੁਤ ਕੱਟੜਪੰਥੀ ਸਮਝੀ ਜਾਂਦੀ ਹੈ।
'ਈਵੇਜਿਕਲ ਡਰੱਗ ਡੀਲਰਜ਼' ਕਿਤਾਬ ਲਿਖਣ ਵਾਲੀ ਧਰਮ ਸ਼ਾਸਤਰੀ ਵਿਵਿਅਨ ਕੋਸਟਾ ਦੇ ਅਨੁਸਾਰ ਇਸ ਗਿਰੋਹ ਦੇ ਮੁਖੀ ਨੇ 'ਰੱਬ ਦੀ ਤਰਫੋਂ ਮਿਲਣ ਵਾਲੇ ਗਿਆਨ' ਤੋਂ ਬਾਅਦ ਸ਼ਹਿਰ ਦੇ ਉੱਤਰ ਵਿੱਚ ਪੰਜ ਇਲਾਕਿਆਂ 'ਤੇ ਕਬਜਾ ਕਰ ਲਿਆ ਸੀ।।
ਇਸ ਗਰੋਹ ਦੇ ਮੁਖੀ ਨੇ ਆਪਣੇ ਠਿਕਾਣਿਆਂ ਦਾ ਨਾਂ 'ਇਜ਼ਰਾਈਲ ਕੰਪਲੈਕਸ' ਰੱਖਿਆ ਸੀ।
ਵਿਵਿਅਨ ਕੋਸਟਾ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਲੋਕ ਆਪਣੇ ਆਪ ਨੂੰ 'ਅਪਰਾਧ ਦੇ ਸਿਪਾਹੀ' ਅਤੇ ਈਸਾ ਮਸੀਹ ਨੂੰ ਆਪਣੇ ਕਬਜ਼ੇ ਵਾਲੇ ਇਲਾਕਿਆਂ ਦਾ ਮਾਲਕ ਮੰਨਦੇ ਹਨ।
ਕੁਝ ਲੋਕ ਇਨ੍ਹਾਂ ਨੂੰ 'ਨਾਰਕੋ-ਪੇਟੇਕੋਸਟਲ' ਵੀ ਕਹਿੰਦੇ ਹਨ।
ਰਾਈਫਲ ਅਤੇ ਬਾਈਬਲ
ਪਾਸਟਰ ਡਿਏਗੋ ਨਾਸੀਮੇਟੋ ਕੋਲ਼ ਅਪਰਾਧ ਅਤੇ ਚਰਚ ਦੋਵਾਂ ਵਿੱਚ ਅਨੁਭਵ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਬੰਦੂਕਧਾਰੀ ਗੈਂਗਸਟਰ ਦੇ ਕਹਿਣ 'ਤੇ ਈਸਾਈ ਧਰਮ ਕਬੂਲ ਕੀਤਾ ਸੀ।
ਨਾਸੀਮੇਟੋ ਨੂੰ ਵੇਖ ਕੇ ਯਕੀਨ ਕਰਨਾ ਔਖਾ ਹੈ ਕਿ ਕਿਸੇ ਲੜਕੇ ਵਰਗਾ ਦਿਸਣ ਵਾਲਾ ਅਤੇ ਹਮੇਸ਼ਾ ਮੁਸਕਰਾਉਣ ਵਾਲਾ 42 ਸਾਲਾਂ ਵਿਅਕਤੀ ਕਿਸੇ ਸਮੇਂ ਅਪਰਾਧਿਕ ਗਿਰੋਹ 'ਰੈੱਡ ਕਮਾਂਡ' ਦਾ ਹਿੱਸਾ ਸੀ।
ਅਪਰਾਧਿਕ ਗਤੀਵਿਧੀਆਂ ਕਾਰਨ ਨਾਸੀਮੇਟੋ ਨੇ ਚਾਰ ਸਾਲ ਜੇਲ੍ਹ ਵਿੱਚ ਬਿਤਾਏ ਸਨ। ਇਸ ਦੇ ਬਾਵਜੂਦ ਉਹ ਅਪਰਾਧ ਦੀ ਦੁਨੀਆ ਵਿਚ ਕਾਬਜ਼ ਰਹੇ। ਪਰ ਜਦੋਂ ਉਨ੍ਹਾਂ ਨੂੰ ਕੋਕੀਨ ਦੀ ਲਤ ਕਾਰਨ ਗੈਂਗ ਵਿੱਚੋਂ ਕੱਢਿਆ ਗਿਆ ਤਾਂ ਉਨ੍ਹਾਂ ਨੇ ਵੀ ਅਪਰਾਧ ਦੀ ਦੁਨੀਆ ਨੂੰ ਛੱਡਣ ਦਾ ਫੈਸਲਾ ਕਰ ਲਿਆ।
ਉਹ ਕਹਿੰਦੇ ਹਨ, "ਮੈਂ ਆਪਣੇ ਪਰਿਵਾਰ ਨੂੰ ਗੁਆ ਦਿੱਤਾ ਅਤੇ ਲਗਭਗ ਇੱਕ ਸਾਲ ਤੱਕ ਸੜਕਾਂ 'ਤੇ ਹੀ ਰਹਿਣ ਲਈ ਮਜ਼ਬੂਰ ਰਿਹਾ। ਮੈਂ ਕੋਕੀਨ ਖਰੀਦਣ ਲਈ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੱਤਾ ਸੀ।"
ਉਸ ਸਮੇਂ ਸ਼ਹਿਰ ਦੇ ਵਿਲਾ ਕੇਨੇਡੀ ਇਲਾਕੇ ਵਿੱਚ ਇੱਕ ਵੱਡੇ ਡਰੱਗ ਡੀਲਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ।
ਨਾਸੀਮੇਟੋ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਧਾਰਮਿਕ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਅਜਿਹਾ ਕਰਨਾ ਕਿ ਇਸ ਸਭ ਤੋਂ ਬਾਹਰ ਨਿਕਲਣ ਦਾ ਰਸਤਾ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਲਈ ਅਜੇ ਵੀ ਇੱਕ ਹੱਲ ਮੌਜੂਦ ਹੈ ਅਤੇ ਮੈਨੂੰ ਈਸਾ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।"
ਪਾਸਟਰ ਨਾਸੀਮੇਟੋ ਅਜੇ ਵੀ ਅਪਰਾਧੀਆਂ ਦੇ ਨਾਲ ਸਮਾਂ ਬਿਤਾਉਂਦੇ ਹਨ ਪਰ ਇਹ ਸਮਾਂ ਉਹ ਜੇਲ੍ਹਾਂ ਵਿਚ ਗੁਜਾਰਦੇ ਹਨ ਜਿੱਥੇ ਉਹ ਉਨ੍ਹਾਂ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦਾ ਜੀਵਨ ਵੀ ਇਕ ਅਪਰਾਧੀ ਨੇ ਬਦਲਿਆ ਸੀ ਪਰ ਨਾਸੀਮੇਟੋ 'ਧਾਰਮਿਕ ਅਪਰਾਧੀ' ਨੂੰ ਸਹੀ ਸ਼ਬਦ ਨਹੀਂ ਮੰਨਦੇ ਹਨ।
ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਆਮ ਲੋਕਾਂ ਵਾਂਗ ਹੀ ਦੇਖਦਾ ਹਾਂ ਜੋ ਗਲਤ ਰਸਤੇ 'ਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਰੱਬ ਦਾ ਡਰ ਵੀ ਹੈ ਅਤੇ ਉਹ ਜਾਣਦੇ ਹਨ ਕਿ ਸਿਰਫ਼ ਰੱਬ ਹੀ ਉਨ੍ਹਾਂ ਦੇ ਜੀਵਨ ਦੀ ਰੱਖਿਆ ਕਰਦਾ ਹੈ।"
"ਤੁਸੀਂ ਈਵੇਜਿਕਲ ਅਤੇ ਅਪਰਾਧੀ ਦੀ ਪਛਾਣ ਨੂੰ ਮਿਲਾ ਨਹੀਂ ਸਕਦੇ। ਜੇਕਰ ਕੋਈ ਵਿਅਕਤੀ ਈਸਾ ਨੂੰ ਸਵੀਕਾਰ ਕਰ ਲੈਂਦਾ ਹੈ ਅਤੇ ਪਵਿੱਤਰ ਆਦੇਸ਼ਾਂ ਦੀ ਪਾਲਣਾ ਕਰਦਾ ਹੈ ਤਾਂ ਉਹ ਕਦੇ ਵੀ ਨਸ਼ਿਆਂ ਦਾ ਕਾਰੋਬਾਰ ਨਹੀਂ ਕਰ ਸਕਦਾ।"
'ਡਰ ਦੇ ਸਾਏ ਵਿੱਚ ਜ਼ਿੰਦਗੀ'
ਇਸ ਦਹਾਕੇ ਦੇ ਅੰਤ ਤੱਕ ਪੇਟੇਕੋਸਟਲ ਈਸਾਈ ਭਾਈਚਾਰਾ ਬ੍ਰਾਜ਼ੀਲ ਵਿੱਚ ਕੈਥੋਲਿਕ ਭਾਈਚਾਰੇ ਨੂੰ ਪਛਾੜ ਕੇ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਧਾਰਮਿਕ ਸਮੂਹ ਬਣ ਜਾਵੇਗਾ।
ਵੱਖ-ਵੱਖ ਗਿਰੋਹਾਂ ਦੇ ਪ੍ਰਭਾਵ ਹੇਠ ਆਉਂਦੇ ਇਲਾਕਿਆਂ ਵਿਚ ਲੋਕ ਇਸ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਗਿਰੋਹ ਤਾਕਤ ਹਾਸਲ ਕਰਨ ਲਈ ਆਪਣੇ ਵਿਸ਼ਵਾਸ ਦਾ ਇਸਤੇਮਾਲ ਕਰ ਰਹੇ ਹਨ।
ਅਪਰਾਧੀਆਂ 'ਤੇ ਅਫਰੀਕੀ ਮੂਲ ਦੇ ਬ੍ਰਾਜ਼ੀਲ ਭਾਈਚਾਰੇ ਦੇ ਖਿਲਾਫ ਹਿੰਸਾ ਕਰਨ ਦਾ ਇਲਜ਼ਾਮ ਹੈ।
ਰੀਓ ਵਿਚ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਕ੍ਰਿਸਟੀਨਾ ਵਿਟਾਲ ਦਾ ਕਹਿਣਾ ਹੈ ਕਿ ਸ਼ਹਿਰ ਦਾ ਗਰੀਬ ਭਾਈਚਾਰਾ ਲੰਬੇ ਸਮੇਂ ਤੋਂ ਅਪਰਾਧੀਆਂ ਦੀ ਘੇਰੇ ਵਿਚ ਜੀਵਨ ਜਿਉਂ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਵੀ ਪ੍ਰਭਾਵਿਤ ਹੋ ਰਹੀ ਹੈ।
ਉਹ ਕਹਿੰਦੇ ਹਨ, "'ਇਜ਼ਰਾਈਲ ਕੰਪਲੈਕਸ' ਵਿੱਚ ਦੂਜੇ ਧਾਰਮਿਕ ਵਿਸ਼ਵਾਸਾਂ ਨੂੰ ਮੰਨਣ ਵਾਲੇ ਲੋਕ ਇਸ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕਰ ਸਕਦੇ।"
ਵਿਟਾਲ ਨੇ ਕਿਹਾ ਕਿ ਆਸਪਾਸ ਦੇ ਖੇਤਰਾਂ ਵਿੱਚ ਅਫਰੀਕੀ ਮੂਲ ਦੇ ਬ੍ਰਾਜ਼ੀਲ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੁਝ ਅਪਰਾਧਿਕ ਤੱਤ ਅਕਸਰ ਕੰਧਾਂ 'ਤੇ 'ਈਸਾ ਇਸ ਜਗ੍ਹਾ ਦੇ ਈਸ਼ਵਰ ਹਨ' ਲਿਖ ਦਿੰਦੇ ਹਨ।
ਡਾ ਰੀਟਾ ਸਲੀਮ ਰੀਓ ਪੁਲਿਸ ਵਿੱਚ ਨਸਲ ਅਧਾਰਤ ਅਸਹਿਣਸ਼ੀਲਤਾ ਨਾਲ ਸਬੰਧਤ ਅਪਰਾਧ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਰੱਗ ਗਰੋਹਾਂ ਵੱਲੋਂ ਧਮਕੀਆਂ ਅਤੇ ਹਮਲਿਆਂ ਦੇ ਪ੍ਰਭਾਵ ਲੰਬਾ ਸਮਾਂ ਰਹਿੰਦੇ ਹਨ।
"ਇਹ ਮਾਮਲੇ ਜ਼ਿਆਦਾ ਗੰਭੀਰ ਹਨ ਕਿਉਂਕਿ ਇਨ੍ਹਾਂ ਦੇ ਪਿੱਛੇ ਕੁਝ ਅਜਿਹੇ ਅਪਰਾਧਿਕ ਗਰੋਹ ਜਾਂ ਆਗੂ ਹੁੰਦੇ ਹਨ ਜਿਨ੍ਹਾਂ ਦਾ ਪੂਰੇ ਇਲਾਕੇ ਵਿੱਚ ਖੌਫ ਹੁੰਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ 'ਇਜ਼ਰਾਈਲ ਕੰਪਲੈਕਸ' 'ਚ ਕਥਿਤ ਗੈਂਗ ਲੀਡਰ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਲੀਡਰ ਤੇ ਇਲਜ਼ਾਮ ਸੀ ਕਿ ਉਸ ਦੇ ਹੁਕਮਾਂ 'ਤੇ ਹੀ ਹਥਿਆਰਬੰਦ ਲੋਕਾਂ ਨੇ ਅਫਰੀਕੀ ਮੂਲ ਦੇ ਬ੍ਰਾਜ਼ੀਲ ਦੇ ਲੋਕਾਂ ਦੇ ਧਾਰਮਿਕ ਸਥਾਨਾਂ 'ਤੇ ਹਮਲਾ ਕੀਤਾ ਸੀ।
"ਨਿਓ ਕਰੂਸੇਡ"
ਧਾਰਮਿਕ ਵਿਭਿੰਨਤਾ ਦੇ ਮਾਹਰ ਮਾਰਸੀਓ ਡੀ ਜਗੁਨ ਦੇ ਅਨੁਸਾਰ ਰੀਓ ਵਿੱਚ ਧਾਰਮਿਕ ਕੱਟੜਤਾ ਦੇ ਦੋਸ਼ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਸਾਹਮਣੇ ਆਉਣੇ ਸ਼ੁਰੂ ਹੋਏ ਸਨ ਪਰ ਹਾਲ ਹੀ ਦੇ ਸਾਲਾਂ ਵਿੱਚ ਸਮੱਸਿਆ ਕਈ ਗੁਣਾ ਤੱਕ ਵੱਧ ਗਈ ਹੈ।
ਜਗੁਨ ਕੰਡੋਮਬਲ ਧਰਮ ਦੇ ਧਾਰਮਿਕ ਗੁਰੂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮੀ ਪੱਧਰ ਦੀ ਸਮੱਸਿਆ ਬਣ ਗਈ ਹੈ ਅਤੇ ਬ੍ਰਾਜ਼ੀਲ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਦੇਖੇ ਗਏ ਹਨ।
ਉਹ ਇਸ ਨੂੰ 'ਨਿਓ ਕਰੂਸੇਡ' ਦਾ ਨਾਮ ਦਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ,"ਇਨ੍ਹਾਂ ਹਮਲਿਆਂ ਵਿੱਚ ਧਾਰਮਿਕ ਅਤੇ ਨਸਲੀ ਸ਼ੋਸ਼ਣ ਹੁੰਦਾ ਹੈ। ਅਪਰਾਧੀ ਅਫਰੀਕੀ ਧਰਮਾਂ ਨੂੰ ਅਨੈਤਿਕ ਦੱਸਦੇ ਹਨ ਅਤੇ ਰੱਬ ਦੇ ਨਾਮ 'ਤੇ ਬੁਰਾਈ ਨਾਲ ਲੜਨ ਦਾ ਦਾਅਵਾ ਕਰਦੇ ਹਨ।"
ਧਾਰਮਿਕ ਮਾਮਲਿਆਂ ਦੇ ਮਾਹਿਰ ਵਿਵੀਅਨ ਕੋਸਟਾ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਵਿਚ ਧਰਮ ਅਤੇ ਅਪਰਾਧ ਦਾ ਸੁਮੇਲ ਕੋਈ ਨਵੀਂ ਗੱਲ ਨਹੀਂ ਹੈ। ਅਤੀਤ ਵਿੱਚ ਵੀ ਅਪਰਾਧੀ ਅਫ਼ਰੀਕਨ ਮੁੱਲ ਦੇ ਬ੍ਰਾਜ਼ੀਲੀ ਦੇਵਤਿਆਂ ਅਤੇ ਕੈਥੋਲਿਕ ਸੰਤਾਂ ਤੋਂ ਬਚਾਵ ਦੀ ਮੰਗ ਕਰਦੇ ਸਨ।
ਉਹ ਕਹਿੰਦੇ ਹਨ, "ਜੇਕਰ ਅਸੀਂ ਰੈੱਡ ਕਮਾਂਡ ਜਾਂ ਥਰਡ ਕਮਾਂਡ ਦੀ ਸ਼ੁਰੂਆਤ 'ਤੇ ਨਜ਼ਰ ਮਾਰੀਏ ਤਾਂ ਇੱਥੇ ਸ਼ੁਰੂ ਤੋਂ ਹੀ ਐਫ਼ਰੋ ਅਤੇ ਕੈਥੋਲਿਕ ਧਰਮ ਮੌਜੂਦ ਸਨ। ਇਸ ਕਾਰਨ ਹੀ ਇਸਨੂੰ ਨਾਰਕੋ ਪੇਟੇਕੋਸਟਲ ਕਹਿੰਦੇ ਹਨ ਭਾਵ ਕਿ ਅਪਰਾਧ ਅਤੇ ਧਰਮ ਦਾ ਰਿਵਾਇਤੀ ਸਬੰਧ।"
ਧਰਮ ਅਤੇ ਅਪਰਾਧ ਦੇ ਸੁਮੇਲ ਨੂੰ ਭਾਵੇ ਕੋਈ ਵੀ ਨਾਂ ਦਿੱਤਾ ਜਾਵੇ ਪਰ ਸੱਚਾਈ ਇਹੀ ਹੈ ਕਿ ਇਸ ਨਾਲ ਬ੍ਰਾਜ਼ੀਲ ਦੇ ਸੰਵਿਧਾਨ ਵਿੱਚ ਦਿੱਤੀ ਗਈ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ