You’re viewing a text-only version of this website that uses less data. View the main version of the website including all images and videos.
ਕੀ ਏਆਈ ਸ਼ੂਗਰ ਕਾਰਨ ਘੱਟਦੀ ਅੱਖਾਂ ਦੀ ਰੌਸ਼ਨੀ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ?
- ਲੇਖਕ, ਕ੍ਰਿਸਟੀਨ ਰੋ
- ਰੋਲ, ਬੀਬੀਸੀ ਪੱਤਰਕਾਰ
ਟੈਰੀ ਕੁਇਨ ਸਿਰਫ਼ ਆਪਣੀ ਅੱਲ੍ਹੜ ਉਮਰ ਵਿੱਚ ਹੀ ਸਨ, ਜਦੋਂ ਉਨ੍ਹਾਂ ਨੂੰ ਸ਼ੂਗਰ ਦਾ ਪਤਾ ਲੱਗਿਆ। ਕੁਝ ਤਰੀਕਿਆਂ ਨਾਲ ਉਨ੍ਹਾਂ ਨੇ ਇਸ ਨਾਲ ਜੁੜੀਆਂ ਧਾਰਨਾਵਾਂ ਅਤੇ ਅਕਸਰ ਕਰਵਾਏ ਜਾਣ ਵਾਲੇ ਟੈਸਟਾਂ ਖ਼ਿਲਾਫ਼ ਬਗ਼ਾਵਤ ਕੀਤੀ ਕਿਉਂਕਿ ਉਹ ਵੱਖਰਾ ਮਹਿਸੂਸ ਨਹੀਂ ਕਰਨਾ ਚਾਹੁੰਦਾ ਸੀ।
ਉਨ੍ਹਾਂ ਦਾ ਸਭ ਤੋਂ ਵੱਡਾ ਡਰ ਇਹ ਸੀ ਕਿ ਕਿਸੇ ਦਿਨ ਉਨ੍ਹਾਂ ਦਾ ਪੈਰ ਕੱਟਣ ਦੀ ਲੋੜ ਵੀ ਪੈ ਸਕਦੀ ਹੈ।
ਸ਼ੂਗਰ ਦੀ ਇੱਕ ਹੋਰ ਸੰਭਾਵੀ ਸਮੱਸਿਆ ਅੱਖਾਂ ਦੀ ਰੌਸ਼ਨੀ ਦਾ ਨੁਕਸਾਨ ਹੈ ਜੋ ਅਸਲ ਵਿੱਚ ਉਨ੍ਹਾਂ ਦੀ ਰਡਾਰ ʼਤੇ ਨਹੀਂ ਸੀ।
ਕੁਇਨ ਦਾ ਕਹਿਣਾ ਹੈ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਅੱਖਾਂ ਦੀ ਰੌਸ਼ਨੀ ਗੁਆ ਸਕਦਾ ਹਾਂ।"
ਪਰ ਇੱਕ ਦਿਨ ਉਨ੍ਹਾਂ ਨੇ ਆਪਣੀਆਂ ਅੱਖਾਂ ਵਿੱਚ ਖੂਨ ਦਾ ਵਗਣਾ ਦੇਖਿਆ। ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਡਾਇਬੀਟੀਜ਼ ਰੈਟੀਨੋਪੈਥੀ ਹੈ ਯਾਨਿ ਰੈਟਿਨਾ ਵਿੱਚ ਖੂਨ ਦੀਆਂ ਨਾੜੀਆਂ ਨੂੰ ਡਾਇਬੀਟੀਜ਼-ਸਬੰਧਤ ਨੁਕਸਾਨ ਪਹੁੰਚਿਆ ਹੈ।
ਇਸ ਲਈ ਲੇਜ਼ਰ ਇਲਾਜ ਅਤੇ ਫਿਰ ਟੀਕਿਆਂ ਦੀ ਲੋੜ ਹੁੰਦੀ ਹੈ।
ਆਖ਼ਰਕਾਰ ਉਨ੍ਹਾਂ ਦੀ ਨਜ਼ਰ ਦੇ ਹੁੰਦੇ ਨੁਕਸਾਨ ਨੂੰ ਰੋਕਣ ਲਈ ਇਲਾਜ ਕਾਫ਼ੀ ਨਹੀਂ ਸਨ। ਉਹ ਤੁਰਦਿਆਂ ਹੋਇਆ ਬਿਜਲੀ ਦੇ ਖੰਭਿਆਂ ਵਿੱਚ ਵੱਜ ਜਾਂਦੇ ਸਨ।
ਉਹ ਆਪਣੇ ਪੁੱਤਰ ਦਾ ਚਿਹਰਾ ਨਹੀਂ ਪਛਾਣ ਸਕੇ ਅਤੇ ਉਨ੍ਹਾਂ ਨੂੰ ਗੱਡੀ ਚਲਾਉਣੀ ਵੀ ਛੱਡਣੀ ਪਈ।
ਉਹ ਯਾਦ ਕਰਦੇ ਹਨ, "ਮੈਂ ਤਰਸਯੋਗ ਮਹਿਸੂਸ ਕੀਤਾ। ਮੈਂ ਇੱਕ ਆਦਮੀ ਦੇ ਪਰਛਾਵੇਂ ਵਾਂਗ ਮਹਿਸੂਸ ਕੀਤਾ ਜੋ ਕੁਝ ਨਹੀਂ ਕਰ ਸਕਦਾ ਸੀ।"
ਇੱਕ ਚੀਜ਼ ਨੇ ਉਨ੍ਹਾਂ ਨੂੰ ਇਸ ਨਿਰਾਸ਼ਾ ਵਿੱਚੋਂ ਨਿਕਲਣ ਵਿੱਚ ਮਦਦ ਕੀਤੀ ਤੇ ਉਹ ਸੀ ਗਾਈਡ ਡੌਗਜ਼ ਫਾਰ ਦਿ ਬਲਾਈਂਡ ਐਸੋਸੀਏਸ਼ਨ।
ਇਸ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਕਾਲੇ ਲੈਬਰਾਡੋਰ ਕੁੱਤੇ ਨਾਲ ਮਿਲਵਾਇਆ, ਜਿਸ ਦਾ ਨਾਮ ਸਪੈਂਸਰ ਸੀ।
ਕੁਇਨ ਦਾ ਕਹਿਣਾ ਹੈ, "ਉਸ ਨੇ ਮੇਰੀ ਜਾਨ ਬਚਾਈ।"
ਕੁਇਨ ਹੁਣ ਗਾਈਡ ਡੌਗਜ਼ ਲਈ ਫੰਡ ਇਕੱਠਾ ਕਰਦੇ ਹਨ।
ਯੂਕੇ ਵਿੱਚ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਮਰੀਜ਼ਾਂ ਨੂੰ ਡਾਇਬੀਟੀਜ਼ ਸਬੰਧੀ ਅੱਖਾਂ ਦੀ ਜਾਂਚ ਲਈ ਇੱਕ ਜਾਂ ਦੋ ਸਾਲਾਂ ਵਿੱਚ ਸੱਦਾ ਦਿੰਦੀ ਹੈ।
ਅਮਰੀਕਾ ਦੇ ਦਿਸ਼ਾ-ਨਿਰਦਸ਼ਾਂ ਮੁਤਾਬਕ ਟਾਈਪ-2 ਡਾਇਬੀਟੀਜ਼ ਨਾਲ ਪੀੜਤ ਨੂੰ ਸ਼ੂਗਰ ਦੇ ਇਲਾਜ ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਫਿਰ ਸਾਲਾਨਾ ਇਸ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਭਾਵੇਂ ਕੋਈ ਪਰੇਸ਼ਾਨੀ ਨਾ ਵੀ ਹੋਵੇ। ਫਿਰ ਵੀ ਬਹੁਤੇ ਲੋਕ ਅਜਿਹਾ ਨਹੀਂ ਕਰਦੇ।
ਅਮਰੀਕਾ ਦੀ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਦੀ ਰੈਟੀਨਾ ਮਾਹਿਰ ਰੂਮਾਸਾ ਚੰਨਾ ਕਹਿੰਦੀ ਹੈ, "ਇਸ ਗੱਲ ਦੇ ਬਹੁਤ ਸਪੱਸ਼ਟ ਸਬੂਤ ਹਨ ਕਿ ਸਕ੍ਰੀਨਿੰਗ ਨਜ਼ਰ ਦੇ ਨੁਕਸਾਨ ਨੂੰ ਰੋਕਦੀ ਹੈ।"
ਅਮਰੀਕਾ ਵਿੱਚ ਰੁਕਾਵਟਾਂ ਵਿੱਚ ਲਾਗਤ, ਸੰਚਾਰ ਅਤੇ ਸਹੂਲਤ ਸ਼ਾਮਲ ਹਨ।
ਡਾ. ਚੰਨਾ ਦਾ ਮੰਨਣਾ ਹੈ ਕਿ ਟੈਸਟਾਂ ਨੂੰ ਆਸਾਨ ਬਣਾਉਣ ਨਾਲ ਮਰੀਜ਼ਾਂ ਨੂੰ ਮਦਦ ਮਿਲੇਗੀ।
ਡਾਇਬੀਟਿਕ ਰੈਟੀਨੋਪੈਥੀ ਦੀ ਜਾਂਚ ਕਰਨ ਲਈ ਸਿਹਤ ਪੇਸ਼ੇਵਰ ਅੱਖਾਂ ਦੀ ਪਿਛਲੀ ਅੰਦਰੂਨੀ ਕੰਧ ਦੀਆਂ ਤਸਵੀਰਾਂ ਲੈਂਦੇ ਹਨ, ਜਿਸ ਨੂੰ ਫੰਡਸ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ, ਫੰਡਸ ਚਿੱਤਰਾਂ ਦੀ ਹੱਥੀਂ ਵਿਆਖਿਆ ਕਰਨਾ "ਬਹੁਤ ਜ਼ਿਆਦਾ ਦੁਹਰਾਉਣ ਵਾਲਾ ਕੰਮ" ਹੈ।
ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਆਰਟਫੀਸ਼ੀਅਲ ਇੰਟੈਲੀਜੈਂਸ (ਏਆਈ) ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਉਸ ਨੂੰ ਸਸਤਾ ਬਣਾ ਸਕਦੀ ਹੈ।
ਡਾਇਬੀਟੀਜ਼ ਰੈਟੀਨੋਪੈਥੀ ਕਾਫੀ ਸਪੱਸ਼ਟ ਗੇੜਾਂ ਵਿੱਚ ਵਿਕਸਿਤ ਹੁੰਦਾ ਹੈ, ਇਸ ਦਾ ਮਤਲਬ ਹੈ ਕਿ ਏਆਈ ਨੂੰ ਇਸ ਨੂੰ ਪਛਾਨਣ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ।
ਕਈ ਕੇਸਾਂ ਵਿੱਚ ਏਆਈ ਇਹ ਤੈਅ ਕਰ ਸਕਦੀ ਹੈ ਕਿ ਕਿਸੇ ਅੱਖਾਂ ਦੇ ਮਾਹਰ ਕੋਲ ਜਾਣ ਦੀ ਲੋੜ ਹੈ ਜਾਂ ਨਹੀਂ ਜਾਂ ਮਨੁੱਖ ਅਕਸ ਗ੍ਰੇਡਰ ਨਾਲ ਮਿਲ ਕੇ ਕੰਮ ਹੋ ਸਕਦਾ ਹੈ।
ਪੁਰਤਗਾਲ ਆਧਾਰਿਤ ਹੈਲਥ ਟੈਕਨੋਲਾਜੀ ਕੰਪਨੀ ਰੈਟਮਾਰਕਰ ਨੇ ਇੱਕ ਅਜਿਹੇ ਸਿਸਟਮ ਨੂੰ ਤਿਆਰ ਕੀਤਾ ਹੈ।
ਇਹ ਸਿਸਟਮ ਫੰਡਸ ਦੇ ਉਨ੍ਹਾਂ ਚਿੱਤਰਾਂ ਦੀ ਪਛਾਣ ਕਰਦਾ ਹੈ ਜੋ ਸਮੱਸਿਆ ਵਾਲੇ ਹੋ ਸਕਦੇ ਹਨ ਅਤੇ ਉਨ੍ਹਾਂ ਅੱਗੇ ਕਿਸੇ ਮਨੁੱਖੀ ਮਾਹਰ ਕੋਲ ਅਗਲੇਰੀ ਜਾਂਚ ਲਈ ਭੇਜ ਸਕਦਾ ਹੈ।
ਰੈਟਮਾਰਕਰ ਦੇ ਚੀਫ ਐਗਜ਼ੈਕੇਟਿਵ ਜਾਓ ਡਿਓਗੋ ਰਾਮੋਸ ਦਾ ਕਹਿਣਾ ਹੈ, "ਆਮ ਤੌਰ ʼਤੇ ਅਸੀਂ ਇਸ ਦੀ ਵਰਤੋਂ ਮਨੁੱਖ ਨੂੰ ਫ਼ੈਸਲਾ ਲੈਣ ਵਿੱਚ ਇੱਕ ਸਹਾਇਕ ਵਜੋਂ ਕਰਦੇ ਹਾਂ।"
ਉਨ੍ਹਾਂ ਦਾ ਮੰਨਣਾ ਹੈ ਕਿ ਬਦਲਾਅ ਦੇ ਡਰ ਨਾਲ ਇਸ ਤਰ੍ਹਾਂ ਦੇ ਏਆਈ ਸੰਚਾਲਿਤ ਡਾਇਗਨੌਸਟਿਕ ਟੂਲ ਦੀ ਵਰਤੋਂ ਸੀਮਤ ਹੋ ਰਹੀ ਹੈ।
ਆਜ਼ਾਦ ਅਧਿਐਨ ਸੁਝਾਉਂਦੇ ਹਨ ਕਿ ਰੈਟਮਾਰਕ ਵਰਗੇ ਸਿਸਟਮ ਸਕ੍ਰੀਨਿੰਗ ਅਤੇ ਆਈਨਕਜ਼ ਅਲਰਟ ਵਿੱਚ ਸੰਵੇਦਸ਼ੀਲਤਾ ਅਤੇ ਵਿਸ਼ੇਸ਼ਤਾਵਾਂ ਦੀ ਅਸਵੀਕਾਰਯੋਗ ਦਰਾਂ ਹਨ।
ਸੰਵੇਦਨਸ਼ੀਲਤਾ ਇਹ ਹੁੰਦੀ ਹੈ ਕਿ ਇੱਕ ਟੈਸਟ ਬਿਮਾਰੀ ਦਾ ਪਤਾ ਲਗਾਉਣ ਵਿੱਚ ਕਿੰਨਾ ਵਧੀਆ ਹੈ, ਜਦਕਿ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਬਿਮਾਰੀ ਦੀ ਅਣਹੋਂਦ ਦਾ ਪਤਾ ਲਗਾਉਣ ਵਿੱਚ ਕਿੰਨਾ ਵਧੀਆ ਹੈ।
ਆਮ ਤੌਰ ʼਤੇ ਬਹੁਤ ਵਧੇਰੇ ਸੰਵੇਦਨਸ਼ੀਲਤਾ ਜ਼ਿਆਦਾ ਗ਼ਲਤ ਸਕਾਰਾਤਮਕਤਾ ਨਾਲ ਜੁੜੀ ਹੋ ਸਕਦੀ ਹੈ।
ਗ਼ਲਤ ਸਕਾਰਾਤਮਕਤਾ ਚਿੰਤਾ ਅਤੇ ਖਰਚਾ ਵਧਾ ਸਕਦੇ ਹਨ ਕਿਉਂਕਿ ਇਸ ਕਾਰਨ ਬੇਲੋੜੀ ਮਾਹਰਾਂ ਨਾਲ ਮੁਲਾਕਾਤ ਲਈ ਜਾਣਾ ਪੈ ਸਕਦਾ ਹੈ।
ਆਮ ਤੌਰ ʼਤੇ ਖ਼ਰਾਬ ਕੁਆਲਿਟੀ ਵਾਲੀਆਂ ਤਸਵੀਰਾਂ ਏਆਈ ਸਿਸਟਮ ਵਿੱਚ ਗ਼ਲਤ ਸਕਾਰਾਤਮਕਤਾਵਾਂ ਦਾ ਕਾਰਨ ਬਣ ਸਕਦੀਆਂ ਹਨ।
ਗੂਗਲ ਹੈਲਥ ਖੋਜਕਾਰ ਏਆਈ ਸਿਸਟਮ ਦੀਆਂ ਖ਼ਾਮੀਆਂ ਬਾਰੇ ਜਾਂਚ ਕਰ ਰਹੇ ਹਨ, ਜੋ ਉਨ੍ਹਾਂ ਨੇ ਡਾਇਬੀਟੀਜ਼ ਰੈਟਨੋਪੈਥੀ ਦਾ ਪਤਾ ਲਗਾਉਣ ਲਈ ਤਿਆਰ ਕੀਤਾ ਹੈ।
ਕਾਲਪਨਿਕ ਦ੍ਰਿਸ਼ਾਂ ਦੇ ਮੁਕਾਬਲੇ, ਥਾਈਲੈਂਡ ਵਿੱਚ ਟ੍ਰਾਇਲ ਕੀਤੇ ਜਾਣ 'ਤੇ ਇਸ ਨੇ ਬਹੁਤ ਹੀ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ।
ਇੱਕ ਸਮੱਸਿਆ ਇਹ ਹੈ ਕਿ ਐਲਗੋਰਿਦਮ ਨੂੰ ਮੁੱਢਲੇ ਪੁਤਲੀ ਦੇ ਚਿੱਤਰਾਂ ਦੀ ਲੋੜ ਹੁੰਦੀ ਹੈ।
ਇਹ ਕਦੇ-ਕਦਾਈਂ ਗੰਦੇ ਲੈਂਸਾਂ, ਅਣਪਛਾਤੀ ਰੋਸ਼ਨੀ ਅਤੇ ਸਿਖਲਾਈ ਦੇ ਵੱਖ-ਵੱਖ ਪੱਧਰਾਂ ਵਾਲੇ ਕੈਮਰਾ ਓਪਰੇਟਰਾਂ ਦੀਆਂ ਅਸਲੀਅਤਾਂ ਤੋਂ ਬਹੁਤ ਦੂਰ ਹੁੰਦਾ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਹਤਰ ਡੇਟਾ ਨਾਲ ਕੰਮ ਕਰਨ ਦੀ ਮਹੱਤਤਾ ਬਾਰੇ ਸਬਕ ਸਿੱਖਿਆ ਹੈ ਅਤੇ ਵੱਡੀ ਗਿਣਤੀ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ।
ਗੂਗਲ ਨੂੰ ਆਪਣੇ ਮਾਡਲ 'ਤੇ ਕਾਫ਼ੀ ਭਰੋਸਾ ਹੈ। ਅਕਤੂਬਰ ਵਿਚ ਕੰਪਨੀ ਨੇ ਐਲਾਨ ਕੀਤਾ ਕਿ ਉਹ ਇਸ ਨੂੰ ਥਾਈਲੈਂਡ ਅਤੇ ਭਾਰਤ ਵਿੱਚ ਭਾਈਵਾਲਾਂ ਨੂੰ ਲਾਇਸੈਂਸ ਦੇ ਰਹੀ ਹੈ।
ਗੂਗਲ ਨੇ ਇਹ ਵੀ ਕਿਹਾ ਕਿ ਇਹ ਟੂਲ ਦੀ ਲਾਗਤ-ਪ੍ਰਭਾਵ ਦਾ ਮੁਲਾਂਕਣ ਕਰਨ ਲਈ ਥਾਈਲੈਂਡ ਦੇ ਜਨ ਸਿਹਤ ਮੰਤਰਾਲੇ ਨਾਲ ਕੰਮ ਕਰ ਰਿਹਾ ਸੀ।
ਲਾਗਤ ਨਵੀਂ ਤਕਨਾਲੋਜੀ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ।
ਰਾਮੋਸ ਦਾ ਕਹਿਣਾ ਹੈ ਕਿ ਭਿੰਨਤਾਵਾਂ ਨਾਲ ਸਥਾਨ ਦੇ ਅਨੁਸਾਰ ਰੀਟਮਾਰਕਰ ਦੀ ਸੇਵਾ ਪ੍ਰਤੀ ਸਕ੍ਰੀਨਿੰਗ ਲਗਭਗ € 5 (441.73 ਰੁਪਏ) ਖਰਚ ਸਕਦੀ ਹੈ।
ਅਮਰੀਕਾ ਵਿੱਚ ਮੈਡੀਕਲ ਬਿਲਿੰਗ ਕੋਡ ਕਾਫ਼ੀ ਉੱਚੇ ਸੈੱਟ ਕੀਤੇ ਗਏ ਹਨ।
ਸਿੰਗਾਪੁਰ ਵਿੱਚ ਡੈਨੀਅਲ ਐਸ ਡਬਲਯੂ ਟਿੰਗ ਅਤੇ ਉਸ ਦੇ ਸਹਿਕਰਮੀਆਂ ਨੇ ਡਾਇਬੀਟਿਕ ਰੈਟੀਨੋਪੈਥੀ ਸਕ੍ਰੀਨਿੰਗ ਦੇ ਤਿੰਨ ਮਾਡਲਾਂ ਦੀ ਲਾਗਤ ਦੀ ਤੁਲਨਾ ਕੀਤੀ ਹੈ।
ਸਭ ਤੋਂ ਮਹਿੰਗਾ ਮਨੁੱਖੀ ਮੁਲਾਂਕਣ ਸੀ। ਹਾਲਾਂਕਿ ਪੂਰਾ ਆਟੋਮੇਸ਼ਨ ਸਭ ਤੋਂ ਸਸਤਾ ਨਹੀਂ ਸੀ ਕਿਉਂਕਿ ਇਸ ਵਿੱਚ ਵਧੇਰੇ ਗਲਤ ਪਾਜ਼ੇਟਿਵ ਸਨ।
ਸਭ ਤੋਂ ਕਿਫਾਇਤੀ ਇੱਕ ਹਾਈਬ੍ਰਿਡ ਮਾਡਲ ਸੀ, ਜਿਸ ਵਿੱਚ ਨਤੀਜਿਆਂ ਦੀ ਸ਼ੁਰੂਆਤੀ ਫਿਲਟਰਿੰਗ ਏਆਈ ਦੁਆਰਾ ਕੀਤੀ ਗਈ ਸੀ।
ਇਸ ਮਾਡਲ ਨੂੰ ਹੁਣ ਸਿੰਗਾਪੁਰ ਹੈਲਥ ਸਰਵਿਸ ਦੇ ਰਾਸ਼ਟਰੀ ਆਈਟੀ ਪਲੇਟਫਾਰਮ ਵਿੱਚ ਜੋੜ ਦਿੱਤਾ ਗਿਆ ਹੈ ਅਤੇ 2025 ਵਿੱਚ ਲਾਈਵ ਹੋ ਜਾਵੇਗਾ।
ਹਾਲਾਂਕਿ ਪ੍ਰੋ. ਟਿੰਗ ਦਾ ਮੰਨਣਾ ਹੈ ਕਿ ਸਿੰਗਾਪੁਰ ਲਾਗਤ ਦੀ ਬੱਚਤ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ ਕਿਉਂਕਿ ਇਸ ਕੋਲ ਪਹਿਲਾਂ ਹੀ ਡਾਇਬੀਟਿਕ ਰੈਟੀਨੋਪੈਥੀ ਸਕ੍ਰੀਨਿੰਗ ਲਈ ਮਜ਼ਬੂਤ ਬੁਨਿਆਦੀ ਢਾਂਚਾ ਸੀ।
ਇਸ ਲਈ ਲਾਗਤ-ਪ੍ਰਭਾਵਸ਼ਾਲੀ ਵਿੱਚ ਬਹੁਤ ਭਿੰਨਤਾ ਦੀ ਸੰਭਾਵਨਾ ਹੈ।
ਸਿਹਤ ਐੱਨਜੀਓ ਪਾਥ (ਪੀਏਟੀਐੱਚ) ਦੇ ਮੁੱਖ ਏਆਈ ਅਧਿਕਾਰੀ ਬਿਲਾਲ ਮਤੀਨ ਦਾ ਕਹਿਣਾ ਹੈ ਕਿ ਅੱਖਾਂ ਦੀ ਰੌਸ਼ਨੀ ਨੂੰ ਸੁਰੱਖਿਅਤ ਰੱਖਣ ਲਈ ਏਆਈ ਟੂਲਸ ਦੇ ਆਲੇ ਦੁਆਲੇ ਲਾਗਤ-ਪ੍ਰਭਾਵ ਡੇਟਾ ਯੂਕੇ ਵਰਗੇ ਅਮੀਰ ਦੇਸ਼ਾਂ ਜਾਂ ਚੀਨ ਵਰਗੇ ਕੁਝ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਕਾਫ਼ੀ ਮਜ਼ਬੂਤ ਹੈ। ਪਰ ਬਾਕੀ ਦੁਨੀਆਂ ਲਈ ਅਜਿਹਾ ਨਹੀਂ ਹੈ।
ਡਾ. ਮਤੀਨ ਕਹਿੰਦੇ ਹਨ, "ਤੇਜ਼ੀ ਨਾਲ ਤਰੱਕੀ ਦੇ ਨਾਲ ਏਆਈ ਕੀ ਕੁਝ ਕਰਨ ਦੇ ਸਮਰੱਥ ਹੈ, ਇਸ ਬਾਰੇ ਸਾਨੂੰ ਜ਼ਿਆਦਾ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਇਹ ਸੰਭਵ ਹੈ, ਪਰ ਕੀ ਅਸੀਂ ਇਹ ਵੱਧ ਤੋਂ ਵੱਧ ਹਰ ਕਿਸੇ ਲਈ ਬਣਾ ਰਹੇ ਹਾਂ ਜਾਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਲਈ।"
ਡਾ. ਚੰਨਾ ਅਮਰੀਕਾ ਦੇ ਅੰਦਰ ਵੀ ਹੈਲਥ ਅਸਮਾਨਤਾ ਦੇ ਪਾੜੇ ਵੱਲ ਇਸ਼ਾਰਾ ਕਰਦੇ ਹੋਏ ਉਮੀਦ ਕਰਦੇ ਹਨ ਇਹ ਤਕਨੀਕ ਇਕ ਪੁਲ ਦਾ ਕੰਮ ਕਰਨ ਵਿੱਚ ਮਦਦ ਕਰੇਗੀ। "ਸਾਨੂੰ ਇਸ ਨੂੰ ਉਨ੍ਹਾਂ ਥਾਵਾਂ 'ਤੇ ਫੈਲਾਉਣ ਦੀ ਜ਼ਰੂਰਤ ਹੈ, ਜਿੱਥੇ ਅੱਖਾਂ ਦੀ ਦੇਖਭਾਲ ਲਈ ਹੋਰ ਵੀ ਸੀਮਤ ਪਹੁੰਚ ਹੈ।"
ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹਨ ਕਿ ਬਜ਼ੁਰਗ ਅਤੇ ਅੱਖਾਂ ਦੀ ਰੋਸ਼ਨੀ ਤੋਂ ਪੀੜਤ ਲੋਕਾਂ ਨੂੰ ਅੱਖਾਂ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਸ਼ੂਗਰ ਕਾਰਨ ਅੱਖਾਂ ਦੀ ਬਿਮਾਰੀ ਦਾ ਪੱਕੇ ਤੌਰ 'ਤੇ ਪਤਾ ਲਗਾਉਣ ਲਈ ਏਆਈ ਦੀ ਸਹੂਲਤ ਨੂੰ ਅੱਖਾਂ ਦੀਆਂ ਹੋਰ ਬਿਮਾਰੀਆਂ ਵੱਲ ਨਹੀਂ ਲਗਾਉਣਾ ਚਾਹੀਦਾ।
ਅੱਖਾਂ ਦੀਆਂ ਹੋਰ ਦਿੱਕਤਾਂ ਜਿਵੇਂ ਦੂਰ ਦੀ ਕਮਜ਼ੋਰ ਨਜ਼ਰ ਅਤੇ ਗਲਾਕੋਮਾ ਦਾ ਪਤਾ ਲਗਾਉਣ ਲਈ ਏਆਈ ਐਲਗੋਰਿਦਮ ਸਹੀ ਸਾਬਤ ਨਹੀਂ ਹੋਇਆ ਹੈ।
ਡਾਕਟਰ ਚੰਨਾ ਨੇ ਚਿਤਾਵਨੀਆਂ ਦੇ ਨਾਲ-ਨਾਲ ਕਿਹਾ, "ਇਹ ਤਕਨਾਲੋਜੀ ਬਹੁਤ ਰੋਮਾਂਚਕ ਹੈ।"
ਉਨ੍ਹਾਂ ਅੱਗੇ ਕਿਹਾ, "ਮੈਂ ਆਪਣੇ ਸਾਰੇ ਸ਼ੂਗਰ ਦੇ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਕਰਨਾ ਪਸੰਦ ਕਰਾਂਗਾ। ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਸ਼ੂਗਰ ਦੇ ਮਰੀਜ਼ ਵੱਧ ਰਹੇ ਹਨ, ਉਸ ਲਈ ਇਹ ਅਸਲ ਵਿੱਚ ਇੱਕ ਸੰਭਾਵੀ ਤੌਰ 'ਤੇ ਵਧੀਆ ਹੱਲ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ