You’re viewing a text-only version of this website that uses less data. View the main version of the website including all images and videos.
ਸਿੱਖ ਬਜ਼ੁਰਗ ਦੀ ਦਾੜੀ ਹਸਪਤਾਲ ਦੇ ਸਟਾਫ਼ ਨੇ ਬਿਨਾਂ ਇਜਾਜ਼ਤ ਕੱਟੀ, ਰੋਸ ਵਿੱਚ ਪਰਿਵਾਰ ਹੁਣ ਕੀ ਕਹਿ ਰਿਹਾ
- ਲੇਖਕ, ਸਿਮਰਨ ਸੋਹਲ
- ਰੋਲ, ਬੀਬੀਸੀ ਨਿਊਜ਼
ਬ੍ਰਿਟੇਨ ਵਿੱਚ ਇੱਕ ਹਸਪਤਾਲ ਨੇ 91 ਸਾਲਾ ਸਿੱਖ ਬਜ਼ੁਰਗ ਦੀ ਦਾੜ੍ਹੀ ਉਸ ਦੀ ਇਜਾਜ਼ਤ ਲਏ ਬਿਨਾਂ ਕੱਟ ਕੇ ਧਾਰਮਿਕ ਵਿਸ਼ਵਾਸ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਪਰਿਵਾਰ ਹੁਣ ਨਿਰਾਸ਼ਾ ਦੇ ਆਲਮ ਵਿੱਚ ਹੈ।
ਇਹ ਘਟਨਾ ਮੰਗਲਵਾਰ ਸਵੇਰ ਦੇ ਸਮੇਂ ਪੱਛਮੀ ਲੰਡਨ ਦੇ ਇੱਕ ਵੱਡੇ ਹਸਪਤਾਲ ਵਿੱਚ ਵਾਪਰੀ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਨੂੰ ਮਿਨੀ ਸਟੋਰਕ ਆਇਆ ਸੀ, ਜਿਸ ਕਾਰਨ ਉਹ ਬੋਲਣ ਤੋਂ ਅਸਮਰਥ ਸੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਛਾਣ ਵੀ ਨਹੀਂ ਰਹੇ ਸਨ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਦਾ ਨਾਮ ਨਹੀਂ ਲਿਆ ਗਿਆ। ਇੱਕ ਬਿਆਨ ਵਿੱਚ ਹਸਪਤਾਲ ਕਿਹਾ, "ਸਾਨੂੰ ਇਸ ਘਟਨਾ ਦਾ ਬਹੁਤ ਅਫ਼ਸੋਸ ਹੈ ਅਤੇ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ, ਇਹ ਅਸਲ ਵਿੱਚ ਗਲਤੀ ਹੋਈ ਹੈ ਅਤੇ ਹੁਣ ਅਸੀਂ ਮਰੀਜ਼ ਦੇ ਪਰਿਵਾਰ ਦੀ ਨੇੜੇ ਤੋਂ ਮਦਦ ਕਰ ਰਹੇ ਹਾਂ।"
ਬਜ਼ੁਰਗ ਨੂੰ ਦੇਖਣ ਮਗਰੋਂ ਪਰਿਵਾਰ ਨੇ ਕੀ ਕਿਹਾ
ਸਿੱਖ ਧਰਮ ਵਿੱਚ ਵਾਲਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਦੇ ਸਿਧਾਂਤਾਂ ਜਾਂ ਰਹਿਤ ਮਰਿਆਦਾ ਅਨੁਸਾਰ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਾਲ ਕਟਵਾਉਣਾ ਜਾਂ ਕੱਟਣ ਦੀ ਪੂਰੀ ਤਰ੍ਹਾਂ ਮਨਾਹੀ ਹੁੰਦੀ ਹੈ।
ਪੱਛਮੀ ਲੰਡਨ ਤੋਂ ਮਰੀਜ਼ ਦੇ ਪਰਿਵਾਰਕ ਮੈਂਬਰ ਕੈਸ਼ਾ ਸੇਠੀ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਦਾਦਾ ਜੀ ਨੂੰ ਦੇਖਿਆ ਤਾਂ ਉਸ ਨੂੰ ਵੱਡਾ ਸਦਮਾ ਲੱਗਿਆ।
ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਾਸੀ ਦੇ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਦੇ ਪਿਤਾ ਬਹੁਤ ਜ਼ਿਆਦਾ ਗੁੱਸੇ ਵਿੱਚ ਸਨ।
ਉਨ੍ਹਾਂ ਕਿਹਾ ਕਿ ਜੇ ਉਸ ਦੇ ਦਾਦਾ ਜੀ ਕੋਈ ਹਿਲਜੁੱਲ ਕਰ ਸਕਦੇ ਹੁੰਦੇ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦੇ।
ਇਹ ਮਰੀਜ਼ ਇਸ ਹਸਪਤਾਲ ਵਿੱਚ ਪਿਛਲੇ ਚਾਰ ਹਫ਼ਤਿਆਂ ਤੋਂ ਦਾਖਲ ਹੈ ਅਤੇ ਪਰਿਵਾਰ ਹਰ ਰੋਜ਼ ਉਸ ਨੂੰ ਮਿਲਣ ਲਈ ਆਉਂਦਾ ਹੈ।
ਸੇਠੀ ਕਹਿੰਦੇ ਹਨ ਕਿ ਉਹ ਬਹੁਤ ਲਾਚਾਰ ਮਹਿਸੂਸ ਕਰ ਰਹੇ ਹਨ ਅਤੇ ਉਹ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ ਕਿ ਹਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸੇ ਪੱਧਰ ਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ ਭਾਵੇਂ ਉਹ ਵਿਅਕਤੀ ਦਾ ਪਿਛੋਕੜ ਕੋਈ ਵੀ ਹੋਵੇ।
ਸਟਾਫ ਨੂੰ ਘੱਟ ਗਿਣਤੀਆਂ ਬਾਰੇ ਸਿਖਲਾਈ ਦੇਣ ਦੀ ਜ਼ਰੂਰਤ
ਸੇਠੀ ਨੇ ਅੱਗੇ ਕਿਹਾ ਕਿ ਇਹ ਇਲਾਕਾ ਨਸਲੀ ਤੌਰ ਉਪਰ ਵਿਭਿੰਨ ਸੀ ਅਤੇ ਉਹ ਆਸ ਕਰਦੇ ਹਨ ਕਿ ਹਸਪਤਾਲ ਦੇ ਸਟਾਫ ਨੂੰ ਹਰ ਧਰਮ ਦੀਆਂ ਭਾਵਨਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਕਿਹਾ ਕਿ ਜਿਸ ਵਿਅਕਤੀ ਨੇ 90 ਸਾਲਾਂ ਤੋਂ ਆਪਣੇ ਵਾਲ ਰੱਖੇ ਹੋਏ ਸਨ, ਉਨ੍ਹਾਂ ਨਾਲ ਇਹ ਸਭ ਹੋਣ ਬਾਰੇ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਦੁੱਖ ਪਹੁੰਚਿਆ।
ਜਦੋਂ ਨਰਸਾਂ ਨੇ ਪਹਿਲਾਂ ਵੀ ਵਾਲ ਕੱਟਣ ਲਈ ਕਿਹਾ ਸੀ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਨਾਂ ਕੀਤਾ ਗਿਆ ਸੀ।
ਜਦੋਂ ਇਹ ਘਟਨਾ ਵਾਪਰੀ ਤਾਂ ਪਰਿਵਾਰ ਉਸ ਕਮਰੇ ਦੇ ਬਾਹਰ ਖੜ੍ਹਾ ਸੀ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਇਹ ਦੱਸਿਆ ਗਿਆ ਕਿ ਦਾੜ੍ਹੀ ਵਿੱਚ ਖਾਣਾ ਫਸਣ ਕਾਰਨ ਉਸ ਨੂੰ ਕੱਟ ਦਿੱਤਾ ਗਿਆ ਸੀ।
ਡਾਕਟਰਾਂ ਅਤੇ ਸਟਾਫ ਨੇ ਪਰਿਵਾਰ ਤੋਂ ਇਸ ਲਈ ਮੁਆਫ਼ੀ ਵੀ ਮੰਗੀ ਹੈ।
ਪਰਿਵਾਰ ਇਹ ਸਮਝਦਾ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ ਇਲਾਜ ਦੌਰਾਨ ਸਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ "ਸਾਡੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਮੁਤਾਬਕ ਇਹ ਸਭ ਤੋਂ ਮਾੜਾ ਕੰਮ ਸੀ, ਜੋ ਉਨ੍ਹਾਂ ਨੇ ਕੀਤਾ।"
ਪਰਿਵਾਰ ਨੇ ਅੱਗੇ ਕਿਹਾ, "ਇਥੇ ਜਾਗਰੂਕਤਾ ਦੀ ਲੋੜ ਹੈ ਅਤੇ ਸਟਾਫ ਨੂੰ ਇਥੇ ਰੱਖਣ ਤੋਂ ਪਹਿਲਾਂ ਘੱਟ ਗਿਣਤੀਆਂ ਨਾਲ ਵਿਚਰਨ ਲਈ ਸਿਖਲਾਈ ਦੇਣ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ