ਫੈਂਟੇਸੀ ਗੇਮਿੰਗ ਐਪਸ: ਕਰੋੜਾਂ ਰੁਪਏ ਜਿੱਤਣ ਦਾ 'ਮੌਕਾ' ਦੇਣ ਵਾਲੀਆਂ ਇਨ੍ਹਾਂ ਖੇਡਾਂ ਦਾ ਅਸਲ ਸੱਚ ਕੀ, ਇਹ ਕੰਮ ਕਿਵੇਂ ਕਰਦੀਆਂ ਹਨ

    • ਲੇਖਕ, ਸੁਮੇਧਾ ਪਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਜਦੋਂ 17 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੁੜ ਸ਼ੁਰੂ ਹੋਇਆ ਤਾਂ ਦਿੱਲੀ ਦੇ ਧਰਮੇਂਦਰ ਗੌਤਮ ਦੀ ਖੁਸ਼ੀ ਦਾ ਕੋਈ ਟਿਕਣਾ ਨਹੀਂ ਰਿਹਾ।

ਧਰਮੇਂਦਰ ਗੌਤਮ ਕੋਈ ਖਿਡਾਰੀ ਜਾਂ ਖੇਡ ਪ੍ਰੇਮੀ ਨਹੀਂ ਹਨ। ਉਹ ਦਿੱਲੀ ਵਿੱਚ ਇੱਕ ਪਾਰਕਿੰਗ ਲਾਟ ਦੀ ਨਿਗਰਾਨੀ ਕਰਦੇ ਹਨ।

ਪਰ ਫਿਰ ਗੌਤਮ ਦਾ ਲੀਗ ਨਾਲ ਇੰਨਾ ਲਗਾਅ ਕਿਉਂ ?

ਇਹ ਇਸ ਲਈ ਕਿਉਂਕਿ ਆਈਪੀਐੱਲ ਗੌਤਮ ਲਈ ਫੈਂਟੇਸੀ ਕ੍ਰਿਕਟ ਐਪਸ 'ਤੇ ਕਿਸਮਤ ਅਜ਼ਮਾਉਣ ਅਤੇ ਛੇਤੀ ਪੈਸੇ ਬਣਾਉਣ ਦਾ ਇੱਕ ਜ਼ਰੀਆ ਹੈ।

ਉਨ੍ਹਾਂ ਲਈ ਪੈਸੇ ਕਮਾਉਣ ਦਾ ਇਹ ਰਾਹ ਦੋ ਮਹੀਨੇ ਲਈ ਖੁੱਲ੍ਹ ਜਾਂਦਾ ਹੈ।

ਗੌਤਮ ਦਾ ਕਹਿਣਾ ਹੈ, "ਖੇਡ ਦਾ ਰੋਮਾਂਚ ਅਤੇ ਜਿੱਤਣ ਦੀ ਉਮੀਦ ਹੀ ਮੈਨੂੰ ਇਸ ਨਾਲ ਜੋੜੀ ਰੱਖਦੀ ਹਨ।"

ਕਿਵੇਂ ਕੰਮ ਕਰਦੇ ਹਨ ਫੈਂਟੇਸੀ ਕ੍ਰਿਕਟ ਐਪਸ ?

ਆਈਪੀਐੱਲ ਦੁਨੀਆ ਦੀ ਸਭ ਤੋਂ ਮਸ਼ਹੂਰ ਅਤੇ ਅਮੀਰ ਫ੍ਰੈਂਚਾਇਜ਼ੀ ਕ੍ਰਿਕਟ ਲੀਗ ਹੈ।

ਫੈਂਟੇਸੀ ਗੇਮਿੰਗ ਐਪਸ 'ਤੇ ਲੋਕ ਅਸਲੀ ਖਿਡਾਰੀਆਂ ਦੀ ਆਪਣੀ ਟੀਮ ਬਣਾਉਂਦੇ ਹਨ। ਜਿਵੇਂ-ਜਿਵੇਂ ਟੀਮ 'ਚ ਲਏ ਗਏ ਖਿਡਾਰੀ ਅਸਲ ਆਈਪੀਐੱਲ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਦਿੰਦੇ ਹਨ, ਯੂਜ਼ਰਸ ਨੂੰ ਅੰਕ ਮਿਲਦੇ ਜਾਂਦੇ ਹਨ।

ਇਹਨਾਂ ਅੰਕਾਂ ਦੇ ਆਧਾਰ 'ਤੇ ਲੀਡਰਬੋਰਡ ਵਿੱਚ ਉੱਪਰ ਜਾਣ ਵਾਲੇ ਯੂਜ਼ਰਸ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ।

ਇਸ ਗੇਮ ਲਈ ਐਂਟਰੀ ਫੀਸ ਇੱਕ ਰੁਪਏ ਜਿੰਨੀ ਘੱਟ ਹੋ ਸਕਦੀ ਹੈ ਪਰ ਇਸ ਨਾਲ ਯੂਜ਼ਰਸ ਨੂੰ ਲੱਖਾਂ ਰੁਪਏ ਜਿੱਤਣ ਦਾ ਮੌਕਾ ਮਿਲ ਜਾਂਦਾ ਹੈ।

ਅਜਿਹੇ ਵਿੱਚ ਫੈਂਟੇਸੀ ਕ੍ਰਿਕਟ ਐਪਸ ਗੌਤਮ ਵਰਗੇ ਬਹੁਤ ਸਾਰੇ ਭਾਰਤੀਆਂ ਲਈ ਪੈਸੇ ਕਮਾਉਣ ਦਾ ਇੱਕ ਸੁਨਹਿਰੀ ਮੌਕਾ ਬਣ ਗਏ ਹਨ।

ਇੱਕ ਅਜਿਹਾ ਮੌਕਾ ਜਿਸ ਵਿੱਚ ਉਨ੍ਹਾਂ ਨੂੰ ਆਪਣੇ ਮਨਪਸੰਦ ਖੇਡ ਨੂੰ ਦੇਖਦੇ ਹੋਏ ਪੈਸੇ ਕਮਾਉਣ ਦਾ ਮੌਕਾ ਮਿਲਦਾ ਹੈ।

ਭਾਰਤ ਵਿੱਚ ਕ੍ਰਿਕਟ ਦੀ ਅਥਾਹ ਪ੍ਰਸਿੱਧੀ ਕਰਕੇ ਫੈਂਟੇਸੀ ਗੇਮਿੰਗ ਐਪਸ ਨੂੰ ਲੱਖਾਂ ਪ੍ਰਸ਼ੰਸਕਾਂ ਦਾ ਇੱਕ ਵੱਡਾ ਅਧਾਰ ਹਾਸਲ ਹੈ।

2015 ਅਤੇ 2020 ਦੇ ਵਿਚਕਾਰ, ਦੇਸ਼ ਵਿੱਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

ਨਾਲ ਹੀ, ਟੈਲੀਕਾਮ ਕੰਪਨੀਆਂ ਵਿੱਚ ਸਸਤੇ ਪਲਾਨਾਂ ਲਈ ਇੱਕ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਨੇ ਫੈਂਟੇਸੀ ਗੇਮਿੰਗ ਐਪਸ ਨੂੰ ਤੇਜ਼ੀ ਨਾਲ ਫੈਲਣ ਵਿੱਚ ਮਦਦ ਕੀਤੀ।

ਇੰਟਰਨੈੱਟ ਤੱਕ ਆਸਾਨ ਪਹੁੰਚ ਨੇ ਆਮ ਲੋਕਾਂ ਦੇ ਮੋਬਾਈਲ ਸਕ੍ਰੀਨਾਂ 'ਤੇ ਲਾਈਵ ਸਪੋਰਟਸ ਸਟ੍ਰੀਮਿੰਗ ਅਤੇ ਫੈਂਟੇਸੀ ਐਪਸ ਲਈ ਰਾਹ ਪੱਧਰਾ ਕਰ ਦਿੱਤਾ।

ਅਕਾਊਂਟਿੰਗ ਫਰਮ ਕੇਪੀਐੱਮਜੀ ਦੀ 2019 ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਬ੍ਰਾਡਬੈਂਡ ਇੰਟਰਨੈੱਟ ਯੂਜ਼ਰਸ ਦੀ ਗਿਣਤੀ 2016 ਵਿੱਚ 36.8 ਕਰੋੜ ਤੋਂ ਵਧ ਕੇ 2018 ਵਿੱਚ 56 ਕਰੋੜ ਹੋ ਗਈ। ਇਸੇ ਸਮੇਂ ਦੌਰਾਨ, ਫੈਂਟੇਸੀ ਸਪੋਰਟਸ ਆਪਰੇਟਰਾਂ ਦੀ ਗਿਣਤੀ ਵੀ 10 ਤੋਂ ਵਧ ਕੇ 70 ਹੋ ਗਈ।

2019 ਵਿੱਚ 'ਡ੍ਰੀਮ 11' ਯੂਨੀਕੋਰਨ ਦਾ ਦਰਜਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਫੈਂਟੇਸੀ ਗੇਮਿੰਗ ਪਲੇਟਫਾਰਮ ਬਣ ਗਿਆ।

ਯਾਨੀ ਇਸ ਕੰਪਨੀ ਦਾ ਮੁੱਲ ਇੱਕ ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਤੋਂ ਬਾਅਦ 2021 ਵਿੱਚ ਮੋਬਾਈਲ ਪ੍ਰੀਮੀਅਰ ਲੀਗ (ਐੱਮਪੀਐੱਲ) ਅਤੇ 2022 ਵਿੱਚ ਗੇਮਜ਼ 24x7 ਵੀ ਇਸ ਕਲੱਬ ਵਿੱਚ ਸ਼ਾਮਲ ਹੋ ਗਏ।

ਫੈਡਰੇਸ਼ਨ ਆਫ ਇੰਡੀਅਨ ਫੈਂਟੇਸੀ ਸਪੋਰਟਸ (ਫ਼ਿਫ਼ਸ) ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਹੁਣ 22.5 ਕਰੋੜ ਤੋਂ ਵੱਧ ਲੋਕ ਫੈਂਟੇਸੀ ਸਪੋਰਟਸ ਐਪਸ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਨੇ ਇਹ ਅੰਕੜਾ ਅਕਾਊਂਟਿੰਗ ਫਰਮ ਡੇਲੋਇਟ ਦੇ ਸਹਿਯੋਗ ਨਾਲ ਕੀਤੇ ਗਏ ਇੱਕ ਅਧਿਐਨ ਤੋਂ ਲਿਆ ਹੈ।

ਹਾਲਾਂਕਿ ਇਹ ਐਪਸ ਕਈ ਖੇਡਾਂ 'ਤੇ ਸੱਟਾ ਲਗਾਉਣ ਦੀ ਸਹੂਲਤ ਪ੍ਰਦਾਨ ਕਰਦੇ ਹਨ ਪਰ ਫ਼ਿਫ਼ਸ ਦੇ ਅਨੁਸਾਰ 85% ਯੂਜ਼ਰਸ ਦੀ ਦਿਲਚਸਪੀ ਸਿਰਫ ਕ੍ਰਿਕਟ ਤੱਕ ਹੀ ਸੀਮਤ ਹੈ।

ਕਮਾਈ ਦਾ ਸੌਖਾ ਜ਼ਰੀਆ ਪਰ ਜੋਖ਼ਮ ਭਰਿਆ

ਫੈਂਟੇਸੀ ਐਪਸ ਵਿੱਚ ਇੰਨੀ ਦਿਲਚਸਪੀ ਦਾ ਕਾਰਨ ਵੀ ਸਪੱਸ਼ਟ ਹੈ ਜੋ ਹੈ ਇਸ ਰਾਹੀਂ ਜਲਦੀ ਅਤੇ ਸੌਖੇ ਢੰਗ ਨਾਲ ਪੈਸਾ ਕਮਾਉਣ ਦੀ ਉਮੀਦ।

ਦਿੱਲੀ ਅਧਾਰਤ ਖੇਡ ਪੱਤਰਕਾਰ ਸਿਧਾਂਤ ਅਣੇ ਦੱਸਦੇ ਹਨ, "ਇਹ ਖੇਡਾਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ ਕਿ ਜਿੱਤਣ ਦੀ ਉਮੀਦ ਲੋਕਾਂ ਨੂੰ ਆਕਰਸ਼ਿਤ ਕਰਦੀ ਰਹੇ।"

"ਭਾਰਤ ਵਿੱਚ ਇਹਨਾਂ ਐਪਸ ਦੀ ਲੋਕਪ੍ਰਿਯਤਾ ਜ਼ਿਆਦਾਤਰ ਕ੍ਰਿਕਟ ਨਾਲ ਹੀ ਜੁੜੀ ਹੋਈ ਹੈ ਪਰ ਹੁਣ ਇਹ ਤੇਜ਼ੀ ਨਾਲ ਹੋਰ ਖੇਡਾਂ ਵਿੱਚ ਵੀ ਵਧ ਰਹੀ ਹੈ। ਪੈਸੇ ਦਾ ਲਾਲਚ ਇਸਦੀ ਸਭ ਤੋਂ ਵੱਡੀ ਤਾਕਤ ਹੈ।"

3 ਕਰੋੜ ਜਿੱਤਣ ਵਾਲੇ ਕਲਰਕ ਦੀ ਕਹਾਣੀ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਇੱਕ ਸਥਾਨਕ ਅਦਾਲਤ ਵਿੱਚ ਕਲਰਕ ਵਜੋਂ ਕੰਮ ਕਰਨ ਵਾਲੇ ਦਯਾਰਾਮ ਦੀ ਕਹਾਣੀ ਨੇ ਇਹਨਾਂ ਐਪਸ ਦੀ ਖਿੱਚ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਹੈ।

ਦਯਾਰਾਮ ਨੇ ਇਸ ਸਾਲ ਅਪ੍ਰੈਲ ਵਿੱਚ 3 ਕਰੋੜ ਰੁਪਏ ਜਿੱਤੇ ਸਨ। ਉਹ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡੇ ਗਏ ਆਈਪੀਐੱਲ ਮੈਚ ਵਿੱਚ ਡ੍ਰੀਮ 11 ਐਪ ਦੇ ਲੀਡਰਬੋਰਡ ਵਿੱਚ ਸਿਖਰ 'ਤੇ ਰਹੇ ਸਨ।

ਦਯਾਰਾਮ ਨੇ ਬੀਬੀਸੀ ਨੂੰ ਦੱਸਿਆ, "ਮੈਂ ਪਿਛਲੇ ਦੋ ਸਾਲਾਂ ਤੋਂ ਖੇਡ ਰਿਹਾ ਹਾਂ, ਪਰ ਇਹ ਮੇਰੀ ਪਹਿਲੀ ਵੱਡੀ ਜਿੱਤ ਹੈ। ਮੈਂ ਬਹੁਤ ਖੁਸ਼ ਹਾਂ, ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ।"

ਦਯਾਰਾਮ ਨੇ ਅੱਗੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੇ ਪਰਿਵਾਰ ਲਈ ਘਰ ਬਣਾਉਣਾ ਚਾਹੁੰਦੇ ਹਨ।

"ਹੁਣ ਮੇਰਾ ਦੁਬਾਰਾ ਖੇਡਣ ਦਾ ਕੋਈ ਇਰਾਦਾ ਨਹੀਂ ਹੈ। ਅਸੀਂ ਇਹ ਹਾਰ ਵੀ ਸਕਦੇ ਹਾਂ।"

ਹਾਲਾਂਕਿ, ਦਯਾਰਾਮ ਦਾ ਮਾਮਲਾ ਫੈਂਟੇਸੀ ਐਪਸ ਵਿੱਚ ਹੋਣ ਵਾਲੀ ਜਿੱਤ-ਹਾਰ ਦੀ ਆਮ ਤਸਵੀਰ ਨੂੰ ਨਹੀਂ ਦਰਸਾਉਂਦਾ।

ਦਿੱਲੀ ਦੇ ਇੱਕ ਠੇਕਾ ਕਰਮਚਾਰੀ ਮੁਹੰਮਦ ਰਕੀਬ ਦੀ ਕਹਾਣੀ ਇਸ ਅਨੁਭਵ ਨੂੰ ਵਧੇਰੇ ਇਮਾਨਦਾਰੀ ਨਾਲ ਪੇਸ਼ ਕਰਦੀ ਹੈ।

ਉਹ ਕਹਿੰਦੇ ਹਨ, "ਮੈਂ ਹਰ ਆਈਪੀਐੱਲ ਮੈਚ ਲਈ ਫੈਂਟੇਸੀ ਟੀਮਾਂ ਬਣਾਉਂਦਾ ਹਾਂ, ਪਰ ਅੱਜ ਤੱਕ ਕਦੇ ਕੋਈ ਇਨਾਮ ਨਹੀਂ ਜਿੱਤਿਆ।"

ਧਰਮਿੰਦਰ ਗੌਤਮ ਦਾ ਵੀ ਇਹੋ ਮੰਨਣਾ ਹੈ ਕਿ ਫੈਂਟੇਸੀ ਗੇਮਿੰਗ ਐਪਸ 'ਤੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।

ਪਰ ਫਿਰ ਕਿਹੜੀ ਚੀਜ਼ ਉਨ੍ਹਾਂ ਨੂੰ ਇਸ ਨਾਲ ਜੋੜੀ ਰੱਖਦੀ ਹੈ ?

ਧਰਮਿੰਦਰ ਦਾ ਕਹਿਣਾ ਹੈ, "ਇਸ 'ਚ ਉਤਸ਼ਾਹ ਅਤੇ ਉਮੀਦ ਬਹੁਤ ਜ਼ਿਆਦਾ ਹੈ। ਭਾਵੇਂ ਤੁਸੀਂ ਨਹੀਂ ਜਿੱਤਦੇ, ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਅਗਲੀ ਵਾਰ ਜਿੱਤੋਗੇ। ਮੈਂ ਸ਼ਾਇਦ 3 ਕਰੋੜ ਰੁਪਏ ਨਾ ਜਿੱਤਾਂ, ਪਰ ਅਸੀਂ ਲੋਕਾਂ ਨੂੰ 300 ਜਾਂ 500 ਰੁਪਏ ਜਿੱਤਦੇ ਦੇਖਿਆ ਹੈ।"

ਕੇਪੀਐੱਮਜੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਵਿੱਚੋਂ 40% ਹਫ਼ਤੇ ਵਿੱਚ ਪੰਜ ਵਾਰ ਤੋਂ ਵੱਧ ਫੈਂਟੇਸੀ ਖੇਡਾਂ ਖੇਡਦੇ ਹਨ।

ਜਦੋਂ ਕਿ ਜਿਨ੍ਹਾਂ ਲੋਕਾਂ ਦੀ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਵਿੱਚੋਂ ਅਜਿਹੀ ਭਾਗੀਦਾਰੀ ਸਿਰਫ 12% ਦੀ ਦੇਖੀ ਗਈ।

ਦਿਲਚਸਪ ਗੱਲ ਇਹ ਹੈ ਕਿ 3 ਲੱਖ ਰੁਪਏ ਤੋਂ ਘੱਟ ਕਮਾਈ ਕਰਨ ਵਾਲਿਆਂ ਵਿੱਚੋਂ 39% ਨੇ ਕਿਹਾ ਕਿ "ਪੈਸੇ ਜਿੱਤਣ ਦਾ ਮੌਕਾ" ਉਨ੍ਹਾਂ ਲਈ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਦਾ ਸਭ ਤੋਂ ਵੱਡਾ ਕਾਰਨ ਹੈ।

ਇਸ ਦੇ ਉਲਟ, 10 ਲੱਖ ਰੁਪਏ ਤੋਂ ਵੱਧ ਕਮਾਈ ਕਰਨ ਵਾਲਿਆਂ ਵਿੱਚੋਂ ਸਿਰਫ਼ 25% ਲੋਕਾਂ ਨੇ ਪੈਸੇ ਨੂੰ ਆਪਣੀ ਪ੍ਰੇਰਣਾ ਦੱਸਿਆ।

ਹਾਲਾਂਕਿ, ਇਹਨਾਂ ਐਪਸ ਤੋਂ ਪੈਸੇ ਕਮਾਉਣ ਦੀ ਉਮੀਦ ਕਈ ਵਾਰ ਦੁਖਦਾਈ ਮੋੜ ਵੀ ਲੈ ਲੈਂਦੀ ਹੈ।

ਫੈਂਟੇਸੀ ਗੇਮਾਂ ਵਿੱਚ ਭਾਰੀ ਹਾਰ ਤੋਂ ਬਾਅਦ ਖੁਦਕੁਸ਼ੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ।

ਹਾਲ ਹੀ ਵਿੱਚ ਮਾਰਚ ਦੇ ਮਹੀਨੇ ਬਿਹਾਰ ਵਿੱਚ ਇੱਕ 38 ਸਾਲਾ ਵਿਅਕਤੀ ਨੇ 2 ਕਰੋੜ ਰੁਪਏ ਗੁਆਉਣ ਤੋਂ ਬਾਅਦ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ।

ਘਟਨਾ ਵਾਲੀ ਥਾਂ ਤੋਂ ਮਿਲੇ ਇੱਕ ਨੋਟ ਵਿੱਚ ਉਨ੍ਹਾਂ ਨੇ ਆਪਣੀ ਕੋਵਿਡ-19 ਮਹਾਂਮਾਰੀ ਦੌਰਾਨ ਸ਼ੁਰੂ ਹੋਈ ਲਤ ਲਈ ਫੈਂਟੇਸੀ ਕ੍ਰਿਕਟ ਨੂੰ ਜ਼ਿੰਮੇਵਾਰ ਠਹਿਰਾਇਆ।

ਡਾਕਟਰ ਮਨੋਜ ਕੁਮਾਰ ਸ਼ਰਮਾ, ਜੋ ਐੱਸਐੱਚਯੂਟੀ (ਸਰਵਿਸ ਫਾਰ ਹੈਲਥੀ ਯੂਸ ਆਫ਼ ਟੈਕਨੋਲੋਜੀ) ਨਾਮਕ ਇੱਕ ਮਾਨਸਿਕ ਸਿਹਤ ਕਲੀਨਿਕ ਚਲਾਉਂਦੇ ਹਨ, ਦਾ ਕਹਿਣਾ ਹਨ ਕਿ ਮਹਾਂਮਾਰੀ ਤੋਂ ਬਾਅਦ ਲੋਕਾਂ ਦੀ ਫੈਂਟੇਸੀ ਖੇਡਾਂ ਵਿੱਚ ਦਿਲਚਸਪੀ ਤੇਜ਼ੀ ਨਾਲ ਵਧੀ ਹੈ।

ਮਨੋਜ ਕਹਿੰਦੇ ਹਨ, "ਇਹ ਇੱਕ ਭਰਮ ਹੈ ਕਿ ਸਭ ਕੁਝ ਕਾਬੂ ਵਿੱਚ ਹੈ।"

"ਲੋਕ ਸੋਚਦੇ ਹਨ ਕਿ ਉਹ ਜਿੱਤ ਸਕਦੇ ਹਨ ਪਰ ਵਾਰ-ਵਾਰ ਹਾਰਨ ਨਾਲ ਮਾਨਸਿਕ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।"

ਗੇਮਿੰਗ ਐਪਸ ਨਾਲ ਸਬੰਧਤ ਖੁਦਕੁਸ਼ੀਆਂ ਨੇ ਕੁਝ ਸੂਬਾ ਸਰਕਾਰਾਂ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ।

2022 ਵਿੱਚ, ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਸ ਮੁੱਦੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ।

ਉਸੇ ਸਾਲ, ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਔਨਲਾਈਨ ਗੇਮਿੰਗ ਨੂੰ ਨਿਯਮਤ ਕਰਨ ਲਈ ਇੱਕ ਕਾਨੂੰਨ ਬਣਾਏਗੀ।

ਮਾਹਿਰਾਂ ਦਾ ਮੰਨਣਾ ਹੈ ਕਿ ਫੈਂਟੇਸੀ ਗੇਮਿੰਗ ਨੂੰ ਜੋਖਮ ਭਰਿਆ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਇਸ ਦੇ ਸਹੀ ਨਿਯਮ ਦੀ ਘਾਟ ਹੈ।

ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਰੈਗੂਲੇਸ਼ਨ ਬਾਰੇ ਸਥਿਤੀ ਅਜੇ ਵੀ ਸਪੱਸ਼ਟ ਨਹੀਂ

ਪਿਛਲੇ ਕੁਝ ਸਾਲਾਂ ਤੋਂ ਫੈਂਟੇਸੀ ਖੇਡਾਂ ਨੂੰ ਨਿਯਮਤ ਕਰਨਾ ਬਹਿਸ ਦਾ ਵਿਸ਼ਾ ਰਿਹਾ ਹੈ।

ਓਡੀਸ਼ਾ, ਅਸਾਮ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਉਹ ਸੂਬੇ ਹਨ ਜਿਨ੍ਹਾਂ ਨੇ ਜੂਆ ਵਿਰੋਧੀ ਕਾਨੂੰਨਾਂ ਦੇ ਤਹਿਤ ਇਨ੍ਹਾਂ ਐਪਸ 'ਤੇ ਪਾਬੰਦੀ ਲਗਾਈ ਹੈ।

ਪਰ ਇਹਨਾਂ ਪਾਬੰਦੀਆਂ ਦੀ ਵੈਧਤਾ ਸਵਾਲ ਇਸ ਕਰਕੇ ਉੱਠਦਾ ਹੈ ਕਿਉਂਕਿ ਇਹ ਅਜੇ ਵੀ ਬਹਿਸਯੋਗ ਹੈ ਕਿ ਫੈਂਟੇਸੀ ਖੇਡਾਂ ਹੁਨਰ ਦੀ ਖੇਡ ਹਨ ਜਾਂ ਕਿਸਮਤ ਦੀ।

ਹੁਨਰ-ਅਧਾਰਤ ਖੇਡਾਂ ਵਿੱਚ ਰਣਨੀਤਕ ਫੈਸਲੇ ਲੈਣ, ਪ੍ਰਤਿਭਾ ਅਤੇ ਗਿਆਨ ਸ਼ਾਮਲ ਹੁੰਦਾ ਹੈ।

ਇਸ ਦੇ ਉਲਟ, ਕਿਸਮਤ-ਅਧਾਰਤ ਖੇਡਾਂ ਪੂਰੀ ਤਰ੍ਹਾਂ ਨਸੀਬ 'ਤੇ ਨਿਰਭਰ ਕਰਦੀਆਂ ਹਨ।

ਤਕਨਾਲੋਜੀ ਅਤੇ ਗੇਮਿੰਗ ਦੇ ਵਕੀਲ ਜੈ ਸੇਠਾ ਕਹਿੰਦੇ ਹਨ, "ਕਈ ਹਾਈ ਕੋਰਟਾਂ ਨੇ ਫੈਸਲਾ ਸੁਣਾਇਆ ਹੈ ਕਿ ਫੈਂਟੇਸੀ ਖੇਡਾਂ ਹੁਨਰ 'ਤੇ ਆਧਾਰਿਤ ਖੇਡਾਂ ਹਨ ਅਤੇ ਇਹਨਾਂ ਨੂੰ ਜੂਏ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਵੀ ਇਹਨਾਂ ਵਿੱਚੋਂ ਕੁਝ ਫੈਸਲਿਆਂ ਨੂੰ ਬਰਕਰਾਰ ਰੱਖਿਆ ਹੈ। ਅਜਿਹੀ ਸਥਿਤੀ ਵਿੱਚ, ਰਾਜ ਅਤੇ ਕੇਂਦਰ ਸਰਕਾਰਾਂ ਇਹਨਾਂ ਐਪਸ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾ ਸਕਦੀਆਂ।"

ਇਸ ਤਰਕ ਦੇ ਆਧਾਰ 'ਤੇ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਸੂਬਾ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਫੈਂਟੇਸੀ ਗੇਮਿੰਗ ਪਾਬੰਦੀਆਂ ਨੂੰ ਅਦਾਲਤਾਂ ਨੇ ਉਲਟਾ ਦਿੱਤਾ।

ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੇ ਫੈਂਟੇਸੀ ਗੇਮਿੰਗ ਐਪਸ ਦੀ ਵਰਤੋਂ ਨੂੰ ਘਟਾਉਣ ਲਈ 2023 ਵਿੱਚ ਇਨਾਮਾਂ 'ਤੇ 28% ਜੀਐਸਟੀ ਲਗਾਈ।

ਇਹ ਟੈਕਸ ਦਰ ਸ਼ਰਾਬ ਅਤੇ ਤੰਬਾਕੂ ਵਰਗੀਆਂ ਚੀਜ਼ਾਂ ਦੇ ਬਰਾਬਰ ਹੈ।

ਪਰ ਇਸ ਫੈਸਲੇ ਨੂੰ ਵੀ ਸੁਪਰੀਮ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ।

ਪਟੀਸ਼ਨਕਰਤਾ, ਜਿਨ੍ਹਾਂ ਵਿੱਚ ਫੈਂਟੇਸੀ ਗੇਮਿੰਗ ਕੰਪਨੀਆਂ ਵੀ ਸ਼ਾਮਲ ਹਨ, ਦਲੀਲ ਦਿੰਦੇ ਹਨ ਕਿ ਇਹ ਟੈਕਸ ਧਾਰਾ 14 (ਕਾਨੂੰਨ ਸਾਹਮਣੇ ਸਮਾਨਤਾ) ਅਤੇ ਧਾਰਾ 19(1)(ਜੀ) (ਕਿਸੇ ਵੀ ਪੇਸ਼ੇ ਦਾ ਅਭਿਆਸ ਕਰਨ ਦੀ ਆਜ਼ਾਦੀ) ਦੀ ਉਲੰਘਣਾ ਕਰਦਾ ਹੈ।

2023 ਵਿੱਚ ਹੀ ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਵਿਭਾਗ ਨੇ ਔਨਲਾਈਨ ਗੇਮਿੰਗ ਉਦਯੋਗ ਲਈ ਇੱਕ ਰਾਸ਼ਟਰੀ ਰੈਗੂਲੇਟਰੀ ਢਾਂਚੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ।

ਪਰ ਇਸ ਢਾਂਚੇ ਅਧੀਨ ਬਣਨ ਵਾਲੀਆਂ ਸੈਲਫ਼-ਰੈਗੂਲੇਟਰੀ ਸੰਸਥਾਵਾਂ ਅਜੇ ਹੋਂਦ ਵਿੱਚ ਨਹੀਂ ਆਈਆਂ ਹਨ।

ਫ਼ਿਫ਼ਸ ਨੇ ਬੀਬੀਸੀ ਨੂੰ ਦੱਸਿਆ ਕਿ ਫੈਂਟੇਸੀ ਗੇਮਿੰਗ ਪਲੇਟਫਾਰਮਾਂ ਨੇ "ਜ਼ਿੰਮੇਵਾਰ ਗੇਮਿੰਗ" ਵੱਲ ਕਈ ਮਜ਼ਬੂਤ ​​ਕਦਮ ਚੁੱਕੇ ਹਨ।

ਇਹ ਯੂਜ਼ਰਸ ਨੂੰ "ਆਪਣੇ ਖਰਚ ਅਤੇ ਸਮੇਂ ਨੂੰ ਕੰਟਰੋਲ ਕਰਨ ਦਾ ਵਿਕਲਪ" ਦਿੰਦੇ ਹਨ, ਜਿਸ ਨਾਲ ਉਹ ਸੂਚਿਤ ਫੈਸਲੇ ਲੈ ਸਕਦੇ ਹਨ।

ਫ਼ਿਫ਼ਸ ਇਹ ਵੀ ਦਾਅਵਾ ਕਰਦਾ ਹੈ ਕਿ ਫੈਂਟੇਸੀ ਸਪੋਰਟਸ ਇੰਡਸਟਰੀ ਭਾਰਤ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

ਭਾਵੇਂ ਇਨ੍ਹਾਂ ਐਪਸ 'ਤੇ ਬਹਿਸ ਜਾਰੀ ਹੈ, ਪਰ ਯੂਜ਼ਰਸ ਦੀ ਭਾਗੀਦਾਰੀ ਲਗਾਤਾਰ ਜਾਰੀ ਹੈ। ਧਰਮਿੰਦਰ ਗੌਤਮ ਵਰਗੇ ਬਹੁਤ ਸਾਰੇ ਲੋਕਾਂ ਲਈ, ਇਹ ਇੱਕ "ਨਸ਼ਾ" ਬਣ ਗਿਆ ਹੈ।

ਗੌਤਮ ਕਹਿੰਦੇ ਹਨ, "ਮੈਂ ਇਹ ਇਸ ਲਈ ਖੇਡਦਾ ਹਾਂ ਕਿਉਂਕਿ ਮੇਰੇ ਆਲੇ ਦੁਆਲੇ ਹਰ ਕੋਈ ਲੋਕ ਇਹ ਗੇਮਜ਼ ਖੇਡਦੇ ਹਨ। ਸਾਨੂ ਸਾਰਿਆ ਨੂੰ ਉਮੀਦ ਕਰਦੇ ਹਾਂ ਕਿ ਅਸੀਂ ਜਿੱਤ ਸਕਦੇ ਹਾਂ। ਇਸ ਲਈ ਇਸ ਨੂੰ ਛੱਡਣਾ ਸਾਡੇ ਲਈ ਮੁਸ਼ਕਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)