You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਨਸ਼ਟ ਕੀਤੀ ਗਈ ਭਾਰਤੀ ਅੰਬਾਂ ਦੀ ਵੱਡੀ ਖੇਪ, ਅਮਰੀਕੀ ਅਧਿਕਾਰੀਆਂ ਨੇ ਕਿਉਂ ਕੀਤਾ ਰਿਜੈਕਟ ਜਿਸ ਕਾਰਨ ਕਰੋੜਾਂ ਦਾ ਹੋਇਆ ਨੁਕਸਾਨ
- ਲੇਖਕ, ਸੰਦੀਪ ਰਾਏ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਅੰਬਾਂ ਦੀ ਖੇਪ ਅਮਰੀਕਾ ਪਹੁੰਚਣ ਤੋਂ ਬਾਅਦ ਰਿਜੈਕਟ ਕਰ ਦਿੱਤੀ ਗਈ, ਜਿਸ ਕਾਰਨ ਭਾਰਤ ਦੇ ਅੰਬ ਐਕਸਪੋਰਟਰਸ ਨੂੰ ਭਾਰੀ ਨੁਕਸਾਨ ਹੋਇਆ ਹੈ।
ਐਕਸਪੋਰਟਰਸ ਦਾ ਕਹਿਣਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸਬੰਧਤ ਐਕਸਪੋਰਟਰਸ ਨੂੰ ਇਨ੍ਹਾਂ ਅੰਬਾਂ ਨੂੰ ਵਾਪਸ ਲਿਜਾਣ ਜਾਂ ਨਸ਼ਟ ਕਰਨ ਬਾਰੇ ਸੂਚਿਤ ਕੀਤਾ ਸੀ।
ਕਿਉਂਕਿ ਅੰਬ ਜਲਦੀ ਖ਼ਰਾਬ ਹੋਣ ਵਾਲਾ ਫ਼ਲ ਹੈ ਅਤੇ ਅਮਰੀਕਾ ਤੋਂ ਖੇਪ ਵਾਪਸ ਮੰਗਵਾਉਣ ਦੀ ਉੱਚ ਲਾਗਤ ਦੇ ਮੱਦੇਨਜ਼ਰ ਭਾਰਤੀ ਐਕਸਪੋਰਟਰਸ ਨੇ ਇਨ੍ਹਾਂ ਨੂੰ ਨਸ਼ਟ ਕਰਵਾਏ ਜਾਣ ਦੀ ਚੋਣ ਕੀਤੀ।
ਇਸ ਘਟਨਾ ਬਾਰੇ ਜਾਣਨ ਲਈ, ਬੀਬੀਸੀ ਨੇ ਕਈ ਐਕਸਪੋਰਟਰਸ ਨਾਲ ਗੱਲ ਕੀਤੀ, ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਘਟਨਾ ਬਾਰੇ ਦੱਸਿਆ।
ਇੱਕ ਐਕਸਪੋਰਟਰ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਸਭ ਨੂੰ ਲਗਭਗ ਪੰਜ ਲੱਖ ਡਾਲਰ ਯਾਨਿ ਲਗਭਗ 4.2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਹਾਲਾਂਕਿ, ਫਰੈਸ਼ ਵੈਜੀਟੇਬਲਜ਼ ਐਂਡ ਫਰੂਟ ਐਕਸਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ (ਵਾਫ਼ਾ) ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਅੰਬਾਂ ਦੀ ਬਰਾਮਦਗੀ ਜਾਰੀ ਰਹੇਗੀ।
ਇੰਨਾ ਹੀ ਨਹੀਂ ਉਨ੍ਹਾਂ ਦਾ ਕਹਿਣਾ ਹੈ ਕਿਸ ਇਸ ਸਾਲ ਉਨ੍ਹਾਂ ਨੂੰ ਪਿਛਲੇ ਸਾਲ ਨਾਲੋਂ ਬਿਹਤਰ ਕਾਰੋਬਾਰ ਹੋਣ ਦੀ ਉਮੀਦ ਹੈ।
ਵਾਫ਼ਾ ਨਾਲ ਜੁੜੇ ਇੱਕ ਐਕਸਪੋਰਟਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਪ ਦੇ ਰਿਜੈਕਟ ਹੋਣ ਤੋਂ ਬਾਅਦ ਵੀ ਹਰ ਰੋਜ਼ 10 ਤੋਂ 12 ਹਜ਼ਾਰ ਅੰਬਾਂ ਦੇ ਡੱਬੇ ਬਰਾਮਦ ਕੀਤਾ ਜਾ ਰਹੇ ਹਨ।
ਕੀ ਹੈ ਪੂਰਾ ਮਾਮਲਾ?
8 ਅਤੇ 9 ਮਈ ਨੂੰ ਮੁੰਬਈ ਤੋਂ ਅਮਰੀਕਾ ਅੰਬਾਂ ਦੀ ਇੱਕ ਵੱਡੀ ਖੇਪ ਭੇਜੀ ਗਈ ਸੀ।
ਇਹ ਖੇਪ ਉੱਥੇ ਪਹੁੰਚਣ 'ਤੇ ਭੋਜਨ ਅਤੇ ਸੁਰੱਖਿਆ ਮਾਮਲਿਆਂ ਨੂੰ ਦੇਖਣ ਵਾਲੇ ਅਮਰੀਕੀ ਅਧਿਕਾਰੀਆਂ ਨੇ ਖੇਪ ਨੂੰ ਰਿਜੈਕਟ ਕਰ ਦਿੱਤਾ।
ਐਕਸਪੋਰਟਰਸ ਨੇ ਬੀਬੀਸੀ ਨੂੰ ਦੱਸਿਆ ਕਿ ਲਗਭਗ 15 ਤੋਂ 17 ਟਨ ਅੰਬਾਂ ਦੀ ਬਰਾਮਦ ਰਿਜੈਕਟ ਕਰ ਦਿੱਤੀ ਗਈ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਇਸ ਕਰਕੇ ਨਸ਼ਟ ਕਰਵਾ ਦਿੱਤਾ ਗਿਆ ਕਿਉਂਕਿ ਇਸ ਖੇਪ ਨੂੰ ਵਾਪਸ ਮੰਗਵਾਉਣ 'ਤੇ ਵਧੇਰੇ ਖਰਚਾ ਆਉਣਾ ਸੀ।
ਅੰਬਾਂ ਦੀ ਇਹ ਖੇਪ ਅਮਰੀਕਾ ਦੇ ਲਾਸ ਏਂਜਲਸ, ਸੈਨ ਫਰਾਂਸਿਸਕੋ ਅਤੇ ਅਟਲਾਂਟਾ ਹਵਾਈ ਅੱਡਿਆਂ 'ਤੇ ਉਤਾਰੀ ਗਈ ਸੀ।
ਇੱਕ ਐਕਸਪੋਰਟਰ ਨੇ ਦੱਸਿਆ ਕਿ ਮੁੰਬਈ ਤੋਂ ਅੰਬਾਂ ਨੂੰ ਬਰਾਮਦ ਕਰਨ ਤੋਂ ਪਹਿਲਾਂ, ਕੀੜਿਆਂ ਨੂੰ ਮਾਰਨ ਅਤੇ ਅੰਬਾਂ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਅਮਰੀਕੀ ਖੇਤੀਬਾੜੀ ਵਿਭਾਗ (ਯੂਐੱਸਡੀਏ) ਦੇ ਅਧਿਕਾਰੀ ਦੀ ਨਿਗਰਾਨੀ ਹੇਠ ਨਵੀਂ ਮੁੰਬਈ ਦੇ ਇੱਕ ਸੁਵਿਧਾ ਵਿੱਚ ਰੇਡੀਏਸ਼ਨ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਐਕਸਪੋਰਟਰਸ ਨੂੰ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਪਰ ਐਕਸਪੋਰਟਰਸ ਦਾ ਕਹਿਣਾ ਹੈ ਕਿ ਅਮਰੀਕਾ ਪਹੁੰਚਣ 'ਤੇ, ਦਸਤਾਵੇਜ਼ਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ, ਇਨ੍ਹਾਂ ਅੰਬਾਂ ਨੂੰ ਵਾਪਸ ਬੁਲਾਉਣ ਜਾਂ ਨਸ਼ਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।
ਪ੍ਰਭਾਵਿਤ ਐਕਸਪੋਰਟਰਸ ਨੇ ਕਿਹਾ ਕਿ ਨੋਟਿਸ ਵਿੱਚ ਕਿਹਾ ਗਿਆ ਹੈ ਕਿ "ਇਸ ਸ਼ਿਪਮੈਂਟ 'ਤੇ ਅੱਗੇ ਹੋਣ ਵਾਲਾ ਕੋਈ ਵੀ ਹੋਰ ਖ਼ਰਚ ਅਮਰੀਕੀ ਸਰਕਾਰ ਦੁਆਰਾ ਨਹੀਂ ਕੀਤਾ ਜਾਵੇਗਾ।"
ਐਕਸਪੋਰਟਰਸ ਕਹਿੰਦੇ ਹਨ ਕਿ ਯੂਐੱਸਡੀਏ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ ਐਕਸਪੋਰਟਰਸ ਕੋਲ ਉਪਲਬਧ ਸੀ।
ਪਰ ਭਾਰਤ ਵਿੱਚ ਮੌਜੂਦ ਯੂਐੱਸਡੀਏ ਅਧਿਕਾਰੀਆਂ ਨੂੰ ਅੰਬਾਂ ਦੀ ਗੁਣਵੱਤਾ ਬਾਰੇ ਕੁਝ ਸ਼ੱਕ ਸੀ, ਜਿਸ ਕਾਰਨ ਅਮਰੀਕਾ ਵਿੱਚ ਇਹ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ।
ਇੱਕ ਐਕਸਪੋਰਟਰ ਨੇ ਕਿਹਾ, "ਜੋ ਰੇਡੀਏਸ਼ਨ ਦੀ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਸੀ ਉਹ ਕੀਤੀ ਗਈ। ਪਰ ਅਮਰੀਕੀ ਅਧਿਕਾਰੀਆਂ ਨੂੰ ਰੇਡੀਏਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਦਿੱਤੇ ਜਾਣ ਵਾਲੇ ਸਰਟੀਫਿਕੇਟ ਵਿੱਚ ਕੁਝ ਕਮੀ ਲੱਗੀ, ਕਿਉਂਕਿ ਭਾਰਤ ਵਿੱਚ ਮੌਜੂਦ ਯੂਐੱਸਡੀਏ ਅਧਿਕਾਰੀ ਨੇ ਇਸ ਬਾਰੇ ਸ਼ੱਕ ਪ੍ਰਗਟ ਕੀਤਾ ਸੀ।"
ਭਾਰਤੀ ਅਧਿਕਾਰੀ ਕੀ ਕਹਿੰਦੇ ਹਨ?
ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੀਡਾ) ਦੇ ਇੱਕ ਅਧਿਕਾਰੀ ਪੀਬੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਰੇਡੀਏਸ਼ਨ ਪ੍ਰਕਿਰਿਆ ਮੁੰਬਈ ਵਿੱਚ ਮਹਾਰਾਸ਼ਟਰ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (ਐੱਮਐੱਸਏਐੱਮਬੀ) ਅਤੇ ਯੂਐੱਸਡੀਏ ਦੀ ਪਸ਼ੂ ਅਤੇ ਪੌਦੇ ਸਿਹਤ ਨਿਰੀਖਣ ਸੇਵਾ (ਏਪੀਐੱਚਆਈਐੱਸ) ਦੀ ਨਿਗਰਾਨੀ ਹੇਠ ਹੁੰਦੀ ਹੈ।
ਅੰਬਾਂ ਨੂੰ ਅਮਰੀਕਾ ਵਿੱਚ ਬਰਾਮਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਨਿਰੀਖਣ ਦੌਰਾਨ ਯੂਐੱਸਡੀਏ ਨਿਰੀਖਕ ਮੌਜੂਦ ਹੁੰਦੇ ਹਨ ਅਤੇ ਉਹ ਹੀ ਐਕਸਪੋਰਟਰਸ ਨੂੰ ਸਰਟੀਫਿਕੇਟ ਜਾਰੀ ਕਰਦੇ ਹਨ।
ਇਹ ਅਧਿਕਾਰੀ ਅੰਬਾਂ ਦੇ ਪੂਰੇ ਸੀਜ਼ਨ ਦੌਰਾਨ ਯਾ ਅਪ੍ਰੈਲ ਤੋਂ ਅਗਸਤ ਤੱਕ ਇੱਥੇ ਮੌਜੂਦ ਰਹਿੰਦੇ ਹਨ।
ਐੱਮਐੱਸਏਐੱਮਬੀ ਨੇ ਇਸ ਹਫ਼ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ "ਸਬੰਧਤ ਏਜੰਸੀਆਂ ਜਾਂ ਸਹੂਲਤ ਨੂੰ ਇਸ ਮੁੱਦੇ ਬਾਰੇ ਪਹਿਲਾਂ ਤੋਂ ਸੂਚਿਤ ਕਰਨ ਦੀ ਬਜਾਏ, ਉਨ੍ਹਾਂ (ਨਿਰੀਖਕਾਂ) ਨੇ ਅਮਰੀਕਾ ਵਿੱਚ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਅੰਬਾਂ ਦੀ ਖੇਪ ਨੂੰ ਰਿਜੈਕਟ ਕਰ ਦਿੱਤਾ ਗਿਆ।"
ਭਾਰਤ ਵਿੱਚ ਰੇਡੀਏਸ਼ਨ ਸਹੂਲਤਾਂ ਵਾਸੀ (ਨਵੀਂ ਮੁੰਬਈ), ਨਾਸਿਕ, ਬੰਗਲੁਰੂ ਅਤੇ ਅਹਿਮਦਾਬਾਦ ਵਿਖੇ ਸਥਿਤ ਹਨ।
ਅਪੀਡਾ ਅਧਿਕਾਰੀ ਦੇ ਅਨੁਸਾਰ, "ਐੱਮਐੱਸਏਐੱਮਬੀ ਆਪਣੇ ਪੱਧਰ 'ਤੇ ਇਸ ਪ੍ਰਕਿਰਿਆ ਦੌਰਾਨ ਕੀ ਹੋਇਆ ਇਸ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀ ਜਾਂਚ ਕਰ ਰਹੇ ਹਨ ਕਿ ਗਲਤੀ ਕਿੱਥੇ ਹੋਈ ਅਤੇ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਨੂੰ ਰੋਕਣ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ।"
ਇਸ ਸਬੰਧ ਵਿੱਚ, ਬੀਬੀਸੀ ਨੇ ਵਣਜ ਅਤੇ ਉਦਯੋਗ ਰਾਜ ਮੰਤਰੀ ਜਤਿਨ ਪ੍ਰਸਾਦ ਤੋਂ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਜਵਾਬ ਮਿਲਣ 'ਤੇ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।
ਬਰਾਮਦਗੀ ਵਿੱਚ ਕੀ ਮੁਸ਼ਕਲਾਂ ਹਨ, ਕੀ ਕਹਿੰਦੇ ਹਨ ਐਕਸਪੋਰਟਰਸ
ਇੱਕ ਐਕਸਪੋਰਟਰ ਜਿਸ ਦੇ ਅੰਬ ਰਿਜੈਕਟ ਹੋਏ ਹਨ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ "ਉਨ੍ਹਾਂ ਨੂੰ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।"
ਉਨ੍ਹਾਂ ਕਿਹਾ, "ਅਮਰੀਕੀ ਅਧਿਕਾਰੀਆਂ ਨੇ ਮੁੰਬਈ ਵਿੱਚ ਰੇਡੀਏਸ਼ਨ ਪ੍ਰਕਿਰਿਆ ਦੇ ਸਰਟੀਫਿਕੇਟ ਵਿੱਚ ਕੁਝ ਕਮੀਆਂ ਵੱਲ ਇਸ਼ਾਰਾ ਕੀਤਾ ਅਤੇ ਪੂਰੀ ਖੇਪ ਨੂੰ ਵਾਪਸ ਬੁਲਾਉਣ ਲਈ ਕਿਹਾ। ਬਾਅਦ ਵਿੱਚ, ਐਕਸਪੋਰਟਰਸ ਨੇ ਉੱਥੇ ਪੂਰੀ ਖੇਪ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਅਤੇ ਇਸ ਨੂੰ ਉੱਥੇ ਹੀ ਬਾਇਓ-ਸੁਰੱਖਿਆ ਰਹਿੰਦ-ਖੂੰਹਦ ਸਹੂਲਤ 'ਤੇ ਨਸ਼ਟ ਕਰ ਦਿੱਤਾ ਗਿਆ।"
ਹਾਲਾਂਕਿ, ਉਨ੍ਹਾਂ ਕਿਹਾ, "ਇਹ ਘਟਨਾ ਵਪਾਰ ਯੁੱਧ ਨਾਲ ਸਬੰਧਤ ਨਹੀਂ ਹੈ ਅਤੇ ਇਹ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਹੈ ਜੋ ਨਾਸ਼ਵਾਨ ਉਤਪਾਦਾਂ ਸਮੇਤ ਸਾਰੇ ਉਤਪਾਦਾਂ 'ਤੇ ਲਾਗੂ ਹੁੰਦੀ ਹੈ।"
ਇਸ ਦੇ ਨਾਲ ਹੀ, ਅੰਬ ਐਕਸਪੋਰਟਰਸ ਕਹਿੰਦੇ ਹਨ ਕਿ "ਭਾਰਤ ਸਰਕਾਰ ਕਈ ਪੱਧਰਾਂ 'ਤੇ ਐਕਸਪੋਰਟਰਸ ਦੀ ਮਦਦ ਕਰਨ ਵਿੱਚ ਅਸਫ਼ਲ ਰਹੀ ਹੈ।"
ਉਨ੍ਹਾਂ ਕਿਹਾ, "ਐਕਸਪੋਰਟਰਸ ਨੂੰ ਅੰਬਾਂ ਵਰਗੇ ਨਾਸ਼ਵਾਨ ਉਤਪਾਦਾਂ ਵਿੱਚ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਉਪਾਅ ਨਹੀਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਖਾਸ ਕਰਕੇ 2016 ਅਤੇ 2020 ਦੇ ਵਿਚਕਾਰ, ਐਕਸਪੋਰਟਰਸ ਨੂੰ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਹੌਲੀ-ਹੌਲੀ ਖ਼ਤਮ ਕਰ ਦਿੱਤੇ ਗਏ ਹਨ।"
ਉਹ ਕਹਿੰਦੇ ਹਨ, "ਜਿਵੇਂ ਕਿਸਾਨਾਂ ਲਈ ਫਸਲ ਬੀਮੇ ਦਾ ਪ੍ਰਬੰਧ ਹੈ, ਐਕਸਪੋਰਟਰਸ ਲਈ ਅਜਿਹੀ ਕੋਈ ਸਹੂਲਤ ਨਹੀਂ ਹੈ। ਲੌਜਿਸਟਿਕਸ ਦੀ ਵੀ ਵੱਡੀ ਘਾਟ ਹੈ।"
ਉਨ੍ਹਾਂ ਕਿਹਾ ਕਿ ਐਕਸਪੋਰਟਰਸ ਨੂੰ ਹਵਾਈ ਕਿਰਾਏ ਵਿੱਚ ਕੋਈ ਰਾਹਤ ਨਹੀਂ ਮਿਲਦੀ, ਜਦਕਿ ਏਅਰਲਾਈਨਾਂ ਸੀਜ਼ਨ ਦੌਰਾਨ ਕਿਰਾਏ ਵਧਾਉਂਦੀਆਂ ਹਨ ਅਤੇ ਪੂਰਾ ਕਿਰਾਇਆ ਵਸੂਲਦੀਆਂ ਹਨ ਭਾਵੇਂ ਸ਼ਿਪਮੈਂਟ ਸਮੇਂ ਸਿਰ ਪਹੁੰਚੇ ਜਾਂ ਨਾ।
ਉਨ੍ਹਾਂ ਅਨੁਸਾਰ, "ਸਭ ਤੋਂ ਵੱਡੀ ਸਮੱਸਿਆ ਹਵਾਈ ਭਾੜੇ 'ਤੇ ਲਾਗੂ ਜੀਐੱਸਟੀ ਹੈ। ਮੰਨ ਲਓ ਕਿ ਅਮਰੀਕਾ ਵਿੱਚ ਅੰਬ 2000 ਰੁਪਏ ਦੀ ਦਰ ਨਾਲ ਵਿਕਦਾ ਹੈ, ਜਿਸਦਾ ਹਵਾਈ ਕਿਰਾਇਆ ਸਿਰਫ਼ 1200 ਰੁਪਏ ਹੈ। ਸਰਕਾਰ ਇਸ ਕਿਰਾਏ 'ਤੇ 18 ਫੀਸਦ ਜੀਐੱਸਟੀ ਵਸੂਲਦੀ ਹੈ। ਇਹ ਵਾਪਸੀਯੋਗ ਹੈ ਪਰ ਇਸ ਨੂੰ ਵਾਪਸ ਪ੍ਰਾਪਤ ਕਰਨ ਵਿੱਚ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨ। ਵਿੱਤ ਮੰਤਰੀ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।"
ਉਹ ਕਹਿੰਦੇ ਹਨ, "ਆਮ ਤੌਰ 'ਤੇ ਜੀਐਸਟੀ ਦੇਸ਼ ਦੇ ਅੰਦਰ ਵਸਤੂਆਂ ਅਤੇ ਸੇਵਾਵਾਂ 'ਤੇ ਲਗਾਇਆ ਜਾਂਦਾ ਹੈ ਪਰ ਇਹ ਦੂਜੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਅੰਬਾਂ 'ਤੇ ਵੀ ਲਗਾਇਆ ਜਾ ਰਿਹਾ ਹੈ। ਇਸ ਕਾਰਨ, ਐਕਸਪੋਰਟਰਸ ਦਾ ਬਹੁਤ ਸਾਰਾ ਪੈਸਾ ਫਸ ਜਾਂਦਾ ਹੈ।"
ਖ਼ਰਾਬ ਮੌਸਮ ਦਾ ਅੰਬਾਂ ਦੀ ਬਰਾਮਦਗੀ 'ਤੇ ਅਸਰ
ਇਸ ਵਾਰ ਐਕਸਪੋਰਟਰਸ ਨੂੰ ਵੀ ਆਪਣੇ ਟੀਚਿਆਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਹਾਰਾਸ਼ਟਰ ਦੇ ਇੱਕ ਅੰਬ ਐਕਸਪੋਰਟਰ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਅੰਬ ਆਉਣ ਦਾ ਸਮਾਂ ਹੈ, ਜੋ ਆਮ ਤੌਰ 'ਤੇ 5 ਜੂਨ ਤੱਕ ਜਾਰੀ ਰਹਿੰਦਾ ਹੈ। ਇਸ ਸਮੇਂ ਦੌਰਾਨ, ਅਲਫੋਂਸੋ, ਕੇਸਰ, ਬੰਗਨਾਪੱਲੇ, ਲੰਗੜਾ, ਦੁਸਹਿਰੀ ਸਮੇਤ 10-12 ਕਿਸਮਾਂ ਦੇ ਅੰਬ ਬਰਾਮਦ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ, "ਅਲਫੋਂਸੋ ਆਮ ਤੌਰ 'ਤੇ ਮਹਾਰਾਸ਼ਟਰ ਦੇ ਰਤਨਾਗਿਰੀ ਅਤੇ ਕੋਂਕਣ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ ਅਤੇ ਭਾਰੀ ਮੀਂਹ ਕਾਰਨ ਇਸ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।"
ਉਨ੍ਹਾਂ ਕਿਹਾ, "ਲੋਕ ਕਹਿ ਰਹੇ ਹਨ ਕਿ ਇਸ ਵਾਰ ਅੰਬ ਦੀ ਫ਼ਸਲ ਪਿਛਲੇ ਸਾਲ ਜਿੰਨੀ ਚੰਗੀ ਨਹੀਂ ਹੈ। ਇਸ ਤੋਂ ਇਲਾਵਾ ਮੌਸਮ ਵੀ ਖਰਾਬ ਹੈ। ਪਿਛਲੇ ਇੱਕ ਹਫ਼ਤੇ ਤੋਂ ਮਹਾਰਾਸ਼ਟਰ ਖੇਤਰ ਵਿੱਚ ਬੇਮੌਸਮੀ ਬਾਰਿਸ਼ ਕਾਰਨ ਸਾਡੇ ਲਈ ਚੰਗੀ ਗੁਣਵੱਤਾ ਵਾਲੇ ਅੰਬ ਪ੍ਰਾਪਤ ਕਰਨਾ ਇੱਕ ਸੰਘਰਸ਼ ਬਣ ਗਿਆ ਹੈ।"
ਉਨ੍ਹਾਂ ਅਨੁਸਾਰ, "ਮਹਾਰਾਸ਼ਟਰ ਵਿੱਚ ਅੰਬਾਂ ਦਾ ਸੀਜ਼ਨ ਮਈ ਦੇ ਅੰਤ ਜਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਚੱਲਦਾ ਸੀ। ਪਰ ਲੰਬੇ ਸਮੇਂ ਤੱਕ ਖਰਾਬ ਮੌਸਮ ਕਾਰਨ, ਅੰਬਾਂ ਦਾ ਸੀਜ਼ਨ 20 ਮਈ ਤੱਕ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਗੁਣਵੱਤਾ ਵਾਲੇ ਅੰਬ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ।"
ਉਨ੍ਹਾਂ ਕਿਹਾ ਕਿ 50 ਤੋਂ 60 ਹਜ਼ਾਰ ਤੋਂ ਵੱਧ ਅੰਬ ਉਤਪਾਦਕ ਕਿਸਾਨ ਬਰਾਮਦ ਪ੍ਰਣਾਲੀ ਨਾਲ ਜੁੜੇ ਹੋਏ ਹਨ ਅਤੇ ਰਜਿਸਟਰਡ ਹਨ, ਯਾਨਿ ਕਿ ਐਕਸਪੋਰਟਰਸ ਇਨ੍ਹਾਂ ਕਿਸਾਨਾਂ ਤੋਂ ਅੰਬ ਖਰੀਦ ਸਕਦੇ ਹਨ। ਇਹ ਕਿਸਾਨ ਵੀ ਖਰਾਬ ਮੌਸਮ ਕਾਰਨ ਪ੍ਰਭਾਵਿਤ ਹੋਣਗੇ।
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਨੁਸਾਰ , ਵਿੱਤੀ ਸਾਲ 2023-24 ਵਿੱਚ, ਭਾਰਤ ਨੇ ਕੁੱਲ 27,330 ਮੀਟ੍ਰਿਕ ਟਨ ਅੰਬ ਬਰਾਮਦ ਕੀਤੇ ਜਿਸ ਦੀ ਕੀਮਤ 48 ਮਿਲੀਅਨ ਡਾਲਰ ਸੀ।
ਪਿਛਲੇ ਸਾਲ, ਪੂਰੇ ਅੰਬਾਂ ਦੇ ਸੀਜ਼ਨ ਦੌਰਾਨ, 2.43 ਮੀਟ੍ਰਿਕ ਟਨ ਭਾਰਤੀ ਅੰਬ ਅਮਰੀਕਾ ਨੂੰ ਬਰਾਮਦ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਯਾਨਿ 2022-23 ਨਾਲੋਂ 19 ਫ਼ੀਸਦ ਵੱਧ ਸੀ।
2007 ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਅੰਬ ਬਰਾਮਦ ਪ੍ਰੋਗਰਾਮ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਅੰਬ ਦੀ ਬਰਾਮਦਗੀ ਲਈ ਨਿਯਮ ਬਣਾਏ ਗਏ ਸਨ।
ਇਸ ਤੋਂ ਇਲਾਵਾ, ਭਾਰਤੀ ਅੰਬ ਜਪਾਨ, ਨਿਊਜ਼ੀਲੈਂਡ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਖਾੜੀ ਦੇਸ਼ਾਂ ਨੂੰ ਵੀ ਬਰਾਮਦ ਕੀਤੇ ਜਾਂਦੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਮਹੀਨੇ ਭਾਰਤ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।
ਭਾਵੇਂ ਇਸ 'ਤੇ 90 ਦਿਨਾਂ ਦੀ ਅਸਥਾਈ ਪਾਬੰਦੀ ਲਗਾਈ ਗਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਅੰਬਾਂ ਦੀ ਬਰਾਮਦ 'ਤੇ ਵੀ ਅਸਰ ਪੈ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ