You’re viewing a text-only version of this website that uses less data. View the main version of the website including all images and videos.
ਕੀ ਪੰਜਾਬ ਦੇ ਉਦਯੋਗਾਂ 'ਤੇ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਦਾ ਅਸਰ ਪਵੇਗਾ, ਪੰਜਾਬ ਅਮਰੀਕਾ ਨੂੰ ਕੀ-ਕੀ ਬਰਾਮਦ ਕਰਦਾ ਹੈ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਨੀਆਂ ਭਰ ਦੇ ਕਈ ਦੇਸ਼ਾਂ ਉੱਤੇ ਵੱਖ-ਵੱਖ ਦਰਾਂ 'ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ।
ਅਮਰੀਕਾ ਨੇ ਭਾਰਤ ਉੱਤੇ 27 ਫ਼ੀਸਦੀ ਟੈਰਿਫ਼ ਲਗਾਇਆ ਹੈ ।
ਭਾਰਤ ਬਾਰੇ ਬੋਲਦਿਆਂ ਟਰੰਪ ਨੇ ਕਿਹਾ, "ਭਾਰਤ ਸਾਡੇ 'ਤੇ 52 ਫ਼ੀਸਦੀ ਟੈਰਿਫ਼ ਲਗਾ ਰਿਹਾ ਹੈ, ਜਿਸ 'ਤੇ ਅਸੀਂ ਦਹਾਕਿਆਂ ਤੱਕ ਨਾ ਦੇ ਬਰਾਬਰ ਹੀ ਟੈਰਿਫ਼ ਲਗਾਇਆ। ਪਰ ਹੁਣ ਜੋ ਦੇਸ਼ ਜਿੰਨਾ ਟੈਰਿਫ਼ ਸਾਡੇ 'ਤੇ ਲਗਾਵੇਗਾ, ਅਸੀਂ ਉਨ੍ਹਾਂ 'ਤੇ ਵੀ ਓਨਾ ਹੀ ਲਗਾਵਾਂਗੇ।"
ਟਰੰਪ ਦੇ ਇਸ ਐਲਾਨ ਤੋਂ ਬਾਅਦ ਹਰ ਪਾਸੇ ਟੈਰਿਫ਼ ਬਾਰੇ ਚਰਚਾ ਹੋ ਰਹੀ ਹੈ, ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਇਸ ਐਲਾਨ ਦੇ ਨਤੀਜੇ ਵਜੋਂ ਭਾਰਤ ਦੀ ਅਰਥ-ਵਿਵਸਥਾ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਭਾਰਤ ਉੱਤੇ ਪ੍ਰਭਾਵ ਪਵੇਗਾ ਤਾਂ ਸੁਭਾਵਿਕ ਹੈ ਕਿ ਪੰਜਾਬ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇਗਾ, ਕਿਉਕਿ ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਤੋਂ ਕਾਫ਼ੀ ਸਮਾਨ ਅਮਰੀਕਾ ਬਰਾਮਦ ਕੀਤਾ ਜਾਂਦਾ ਹੈ।
ਅਸੀ ਪੰਜਾਬ ਦੇ ਉਦਯੋਗਪਤੀਆਂ ਅਤੇ ਮਾਹਰਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਨਾਲ ਪੰਜਾਬ ਦੇ ਅਰਥਚਾਰੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ?
ਟੈਰਿਫ਼ ਕੀ ਹੈ?
ਪਹਿਲਾਂ ਸਮਝਦੇ ਹਾਂ ਕਿ ਟੈਰਿਫ਼ ਕੀ ਹੈ?
ਟੈਰਿਫ਼ ਇੱਕ ਟੈਕਸ ਹੈ ਜੋ ਕਿਸੇ ਦੇਸ਼ ਵੱਲੋਂ ਕੌਮਾਂਤਰੀ ਸਰਹੱਦ ਪਾਰੋਂ ਦਰਾਮਦ ਹੋਣ ਵਾਲੇ ਸਮਾਨ ਉੱਤੇ ਲਗਾਇਆ ਜਾਂਦਾ ਹੈ।
ਅਮਰੀਕਾ ਵੱਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫ਼ ਦਾ ਮਤਲਬ ਹੈ ਕਿ ਜਿਹੜਾ ਦੇਸ਼ ਅਮਰੀਕਾ ਉੱਤੇ ਜਿੰਨਾ ਟੈਕਸ ਲਾਵੇਗਾ ਅਮਰੀਕਾ ਵੀ ਉਸ ਉੱਤੇ ਓਨਾ ਹੀ ਟੈਕਸ ਲਾਵੇਗਾ।
ਪੰਜਾਬ ਤੋਂ ਕੀ ਕੁਝ ਅਮਰੀਕਾ ਜਾਂਦਾ ਹੈ
ਪੰਜਾਬ ਦੇ ਉਦਯੋਗ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਪੰਜਾਬ ਤੋਂ ਕਿਹੜੀਆਂ ਚੀਜ਼ਾਂ ਅਮਰੀਕਾ ਭੇਜੀਆਂ ਜਾ ਰਹੀਆਂ ਹਨ।
ਵਿਸ਼ਵ ਐੱਮਐੱਸਈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਭਾਰਤ ਇਸ ਵੇਲੇ ਕਈ ਤਰ੍ਹਾਂ ਦਾ ਸਮਾਨ ਅਮਰੀਕਾ ਭੇਜ ਰਿਹਾ ਹੈ। ਜਿਵੇਂ ਕਿ
- ਬਿਜਲੀ ਉਪਕਰਨ
- ਗਹਿਣੇ
- ਦਵਾਈਆਂ
- ਮਸ਼ੀਨ ਅਤੇ ਔਜ਼ਾਰ
- ਸਟੀਲ ਉਪਕਰਨ
- ਆਟੋ ਪਾਰਟਸ
- ਖਣਿਜ
- ਆਰਗੈਨਿਕ ਕੈਮੀਕਲ
- ਪਲਾਸਟਿਕ ਦਾ ਸਮਾਨ
- ਰਬੜ
- ਕੱਪੜਾ ਤੇ ਟੈਕਸਟਾਈਲ
- ਸ਼ਰਾਬ, ਮੀਟ ਤੇ ਸੀਫ਼ੂਡ
- ਚਮੜੇ ਦੇ ਜੁੱਤੇ
ਭਾਰਤ ਦੇ ਹੀਰਾ ਉਦਯੋਗ ਦਾ ਵੱਡਾ ਹਿੱਸਾ ਅਮਰੀਕਾ ਦੇ ਬਾਜ਼ਾਰਾਂ ਵਿੱਚ ਬਰਾਮਦ ਕੀਤਾ ਜਾਂਦਾ ਹੈ। ਇੱਥੋਂ ਦੀਆਂ ਲੈਬਾਂ ਵਿੱਚ ਤਿਆਰ ਹੋਣ ਵਾਲੇ ਜ਼ਿਆਦਾਤਰ ਹੀਰੇ ਅਮਰੀਕਾ ਨੂੰ ਵੇਚੇ ਜਾਂਦੇ ਹਨ।
ਟਰੰਪ ਨੇ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਕਾਰਾਂ ਅਤੇ ਉਨ੍ਹਾਂ ਦੇ ਕੱਚੇ ਮਾਲ 'ਤੇ ਵੀ ਟੈਰਿਫ ਦਾ ਐਲਾਨ ਕੀਤਾ ਹੈ।
ਭਾਰਤ ਅਮਰੀਕਾ ਨੂੰ 4.93 ਬਿਲੀਅਨ ਡਾਲਰ ਦਾ ਕੱਪੜਾ ਵੀ ਨਿਰਯਾਤ ਕਰਦਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਅਮਰੀਕਾ ਨੂੰ ਕਈ ਤਰ੍ਹਾਂ ਦੀਆਂ ਵਸਤਾਂ ਦੀ ਬਰਾਮਦ ਕਰਦਾ ਹੈ, ਜਿਸ ਵਿੱਚ ਬਾਸਮਤੀ ਚੌਲ, ਕੱਪੜਾ, ਖੇਡਾਂ ਦਾ ਸਾਮਾਨ, ਡੇਅਰੀ ਉਤਪਾਦ, ਫਾਰਮਾਸਿਊਟੀਕਲ ਅਤੇ ਆਈਟੀ ਦਾ ਸਮਾਨ ਸ਼ਾਮਲ ਹਨ।
ਇਸ ਵਪਾਰ ਵਿੱਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਮੁੱਖ ਯੋਗਦਾਨ ਪਾਉਂਦੇ ਹਨ।
ਬਦੀਸ਼ ਜਿੰਦਲ ਲੁਧਿਆਣਾ ਰਹਿੰਦੇ ਹਨ ਅਤੇ ਉਹ ਵਿਸ਼ਵ ਐੱਮਐੱਸਈ ਫੋਰਮ ਦੇ ਪ੍ਰਧਾਨ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਦੇ ਇਸ ਕਦਮ ਨਾਲ ਗ਼ੈਰ ਜ਼ਰੂਰੀ ਚੀਜ਼ਾਂ ਉੱਤੇ ਤੁਰੰਤ ਅਸਰ ਪਵੇਗਾ ਪਰ ਜਿਹੜੀਆਂ ਵਸਤਾਂ ਜ਼ਰੂਰੀ ਹਨ ਉਹਨਾਂ ਉੱਤੇ ਸਮੇਂ ਦੇ ਨਾਲ ਅਸਰ ਪਵੇਗਾ।
ਉਹ ਉਦਾਹਰਣ ਦਿੰਦਿਆਂ ਕਹਿੰਦੇ ਹਨ, "ਟਰੰਪ ਦੇ ਇਸ ਕਦਮ ਨਾਲ ਭਾਰਤ ਵਿੱਚ ਕੱਪੜਿਆਂ, ਚਮੜੇ ਦੇ ਉਤਪਾਦਾਂ, ਗਹਿਣਿਆਂ, ਮੱਛੀਆਂ ਅਤੇ ਹੋਰ ਭੋਜਨ ਉਤਪਾਦਾਂ ਦੇ ਨਿਰਯਾਤ ਵਿੱਚ ਤੁਰੰਤ ਗਿਰਾਵਟ ਆ ਸਕਦੀ ਹੈ ਕਿਉਂਕਿ ਜ਼ਿਆਦਾ ਟੈਰਿਫ ਨਾਲ ਅਮਰੀਕਾ ਵਿੱਚ ਇਨ੍ਹਾਂ ਦੀ ਕੀਮਤ ਵੱਧ ਜਾਵੇਗੀ।"
ਅੱਗੇ ਉਹ ਕਹਿੰਦੇ ਹਨ, "ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲੋਹਾ ਅਤੇ ਸਟੀਲ ਉਤਪਾਦਾਂ, ਕੱਪੜੇ, ਆਟੋਪਾਰਟਸ, ਚਮੜੇ ਦੇ ਸਾਮਾਨ, ਪਲਾਸਟਿਕ ਅਤੇ ਰਬੜ ਉਦਯੋਗ ਪ੍ਰਭਾਵਿਤ ਹੋਣਗੇ।"
ਜਿੰਦਲ ਕਹਿੰਦੇ ਹਨ, "ਇਨ੍ਹਾਂ ਟੈਰਿਫਜ਼ ਦੇ ਪ੍ਰਭਾਵ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਨਾਲ ਅਮਰੀਕਾ ਨੂੰ ਆਪਣੇ ਉਦਯੋਗਾਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਅਮਰੀਕਾ ਦੀ ਹੋਰ ਦੇਸ਼ਾਂ ਤੋਂ ਦਰਾਮਦ 'ਤੇ ਨਿਰਭਰਤਾ ਘੱਟ ਜਾਵੇਗੀ।"
ਅਮਰੀਕਾ ਤੋਂ ਉੱਚ ਟੈਰਿਫਾਂ ਦੇ ਪ੍ਰਭਾਵ ਕਾਰਨ, ਭਾਰਤ ਨੂੰ ਚੀਨ ਅਤੇ ਹੋਰ ਦੇਸ਼ਾਂ ਤੋਂ ਡੰਪਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਦੀਸ਼ ਜਿੰਦਲ ਕਹਿੰਦੇ ਹਨ, "ਲੁਧਿਆਣਾ ਵਿੱਚ ਆਟੋ ਪਾਰਟਸ ਦੀ ਵੱਡੀ ਇੰਡਸਟਰੀ ਹੈ। ਸੀਰੀਆ, ਈਰਾਨ, ਇਰਾਕ ਅਤੇ ਮੋਰੋਕੋ ਵਰਗੇ ਦੇਸ਼ ਪਹਿਲਾਂ ਹੀ ਸਾਡੇ ਤੋਂ ਸਮਾਨ ਖਰੀਦਣਾ ਬੰਦ ਕਰ ਚੁੱਕੇ ਹਨ, ਜਿਸ ਕਾਰਨ ਸਾਡਾ ਕਾਰੋਬਾਰ ਪਹਿਲਾਂ ਹੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੁਣ ਅਮਰੀਕਾ ਵਲੋਂ ਟੈਰਿਫ ਲਗਾਉਣ ਨਾਲ, ਕਾਰੋਬਾਰ ਹੋਰ ਪ੍ਰਭਾਵਿਤ ਹੋਵੇਗਾ।"
ਫਾਰਮਾ ਇੰਡਸਟਰੀ ਉੱਤੇ ਅਸਰ ਦੇ ਅਸਾਰ
ਡਾਕਟਰ ਦਿਨੇਸ਼ ਦੂਆ ਫਾਰਮਾਸੂਟੀਕਲ ਐਕਸਪੋਰਟ ਪ੍ਰੋਮੋਸ਼ਨ ਕਾਉਂਸਿਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਇਸ ਟੈਰਿਫ ਦਾ ਅਸਰ ਭਾਰਤ ਉੱਤੇ ਥੋੜੇ ਸਮੇਂ ਲਈ ਹੀ ਹੈ, ਜ਼ਿਆਦਾ ਲੰਬੇ ਸਮੇਂ ਤੱਕ ਇਸਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲੇਗਾ।"
"ਅਮਰੀਕਾ ਨੇ ਟੈਰਿਫ ਮਾਮਲੇ ਵਿੱਚ ਫਾਰਮਾਸੂਟੀਕਲ ਇੰਡਸਟਰੀ ਨੂੰ ਬਾਹਰ ਰੱਖਿਆ ਹੈ। ਕਿਉਂਕਿ ਅਮਰੀਕਾ, ਫਾਰਮਾ ਦੀ ਜੈਨੇਰਿਕ ਇੰਡਸਟਰੀ ਤੋਂ ਬਿਨ੍ਹਾਂ ਨਹੀਂ ਚਲ ਸਕਦਾ।"
"ਜੈਨੇਰਿਕ ਦਵਾਈਆਂ ਦਾ 45 ਫ਼ੀਸਦ ਹਿੱਸਾ ਅਮਰੀਕਾ ਨੂੰ ਭਾਰਤ ਤੋਂ ਜਾਂਦਾ ਹੈ। ਹੋਰ ਕੋਈ ਵੀ ਦੇਸ਼ ਜੈਨੇਰਿਕ ਦਵਾਈਆਂ ਦੀ ਏਨੀ ਵੱਡੀ ਖੇਪ ਪੈਦਾ ਹੀ ਨਹੀਂ ਕਰਦਾ।"
"ਇਸ ਕਰਕੇ ਅਮਰੀਕਾ ਵੱਲੋਂ ਲਗਾਏ ਜਾ ਰਹੇ ਰੈਸੀਪਰੋਕਲ ਟੈਰਿਫ਼ ਦਾ ਪੰਜਾਬ ਦੀ ਫਾਰਮਾ ਇੰਡਸਟਰੀ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਦਿਖਾਈ ਦੇਵੇਗਾ।"
ਉਹ ਦੱਸਦੇ ਹਨ, "ਨਵੇਂ ਟੈਰਿਫ਼ ਰੂਲ ਨਾਲ ਸਪੋਰਟਸ ਮੈਨੂਫੈਕਚਰਿੰਗ ਇੰਡਸਟਰੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਉਹ ਨਵੇਂ ਟੈਰਿਫ ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ।"
ਡਾਕਟਰ ਦਿਨੇਸ਼ ਦੂਆ ਟੈਰਿਫ ਬਾਰੇ ਵਿਸਥਾਰ ਨਾਲ ਦੱਸਦੇ ਕਹਿੰਦੇ ਹਨ, "ਭਾਰਤ ਨੇ ਟੈਰਿਫ਼ ਦੇ ਮਾਮਲੇ ਵਿੱਚ ਚੰਗੀ ਰਣਨੀਤੀ ਬਣਾਈ ਹੈ, ਜਿਸ ਤਰੀਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮਿਲ ਕੇ ਆਏ ਹਨ ਅਤੇ ਹੁਣ ਦੁਵੱਲੀ ਗੱਲਬਾਤ ਕੀਤੀ ਜਾ ਰਹੀ ਹੈ।"
"ਉਸਦੇ ਮੁਤਾਬਕ ਅਸੀਂ ਇਹ ਕਹਿ ਸਕਦੇ ਹਾਂ ਕਿ ਅਮਰੀਕਾ ਨੇ ਭਾਰਤ ਨਾਲ ਬਹੁਤ ਜ਼ਿਆਦਾ ਸਖ਼ਤੀ ਨਹੀਂ ਕੀਤੀ। ਕਿਉਂਕਿ ਇੱਕੋ ਸਮੇਂ ਉੱਤੇ ਚੀਨ ਉੱਤੇ 34% ਟੈਰਿਫ ਲਗਾਇਆ ਗਿਆ ਹੈ ਜਦਕਿ ਭਾਰਤ ਉੱਤੇ 27 ਫ਼ੀਸਦ ਲਗਾਇਆ ਗਿਆ ਹੈ।"
"ਭਾਰਤ ਅਤੇ ਚੀਨ ਮੁਕਾਬਲੇ ਵਾਲੇ ਮੁਲਕ ਹਨ, ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਦਾ ਨੁਕਸਾਨ ਚੀਨ ਨੂੰ ਜ਼ਿਆਦਾ ਹੋਵੇਗਾ ਜਦਕਿ ਭਾਰਤ ਨੂੰ ਘੱਟ ਹੋਵੇਗਾ। "
ਐੱਸਡੀ ਕਾਲਜ ਚੰਡੀਗੜ੍ਹ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਮਧੁਰ ਮਹਾਜਨ ਕਹਿੰਦੇ ਹਨ,"ਭਾਰਤ ਇੱਕ ਉਭਰਦੀ ਅਰਥਵਿਵਸਥਾ ਵਾਲਾ ਦੇਸ਼ ਹੈ ਜਦਕਿ ਅਮਰੀਕਾ ਇੱਕ ਵਿਕਸਤ ਦੇਸ਼ ਹੈ। ਦੋਵਾਂ ਦੇਸ਼ਾਂ ਦੇ ਬਹੁਤ ਚੰਗੇ ਵਪਾਰਕ ਸੰਬੰਧ ਹਨ।"
ਉਹ ਕਹਿੰਦੇ ਹਨ,"ਮਸਲਾ ਉਦੋਂ ਪੈਦਾ ਹੁੰਦਾ ਜਦੋਂ ਅਮਰੀਕਾ ਕਹਿੰਦਾ ਕਿ ਇੱਕੋ ਜਿਹਾ ਵਪਾਰ ਕੀਤਾ ਜਾਵੇ, ਜਦਕਿ ਭਾਰਤ ਕਹਿੰਦਾ ਹੈ ਕਿ ਅਮਰੀਕਾ ਦਾ ਭਾਰਤ ਨਾਲ ਮੁਕਾਬਲਾ ਨਹੀਂ ਹੋ ਸਕਦਾ ਕਿਉਂਕਿ ਭਾਰਤ ਵਿਕਾਸਸ਼ੀਲ ਦੇਸ਼ ਹੈ। ਇਸ ਲਈ ਭਾਰਤ ਨੂੰ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਹੈ।"
ਡਾਕਟਰ ਮਧੁਰ ਆਪਣੀ ਇਸ ਦਲੀਲ ਨੂੰ ਅੱਗੇ ਵਧਾਉਂਦੇ ਕਹਿੰਦੇ ਹਨ ਕਿ ਭਾਰਤ ਦਾ 90 ਫ਼ੀਸਦ ਉਦਯੋਗ ਸਰਕਾਰੀ ਸਹਾਇਤਾ ਤੋਂ ਬਿਨ੍ਹਾਂ ਚਲਦਾ ਹੈ, ਮਤਲਬ ਉਹ ਅਸਥਿਰ ਉਦਯੋਗ ਹੈ ਜਦਕਿ ਅਮਰੀਕਾ ਦੇ ਉਦਯੋਗ ਨੂੰ ਸਬਸਿਡੀ ਦਾ ਸਹਾਰਾ ਹੈ ਇਸ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਇਕਸਾਰਤਾ ਨਹੀਂ ਆ ਸਕਦੀ"
ਖੇਤੀਬਾੜੀ ਖੇਤਰ ਵਿੱਚ ਕੀ ਪ੍ਰਭਾਵ ਪਵੇਗਾ?
ਅਮਰੀਕਾ ਵੱਲੋਂ ਵਧਾਏ ਗਏ ਟੈਰਿਫ ਦੇ ਨਾਲ ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਖੁਸ਼ ਨਜ਼ਰ ਆਏ। ਆਪਣੀ ਖੁਸ਼ੀ ਦਾ ਕਾਰਨ ਦੱਸਦਿਆਂ ਉਹ ਕਹਿੰਦੇ ਹਨ, "ਚੰਗਾ ਹੈ ਅਮਰੀਕਾ ਟੈਰਿਫ ਵਧਾ ਰਿਹਾ ਹੈ, ਇਸਦੇ ਨਾਲ ਹਰ ਦੇਸ਼ ਆਪਣੇ ਖੁਦ ਦੇ ਦੇਸ਼ ਲਈ ਉਤਪਾਦਨ ਕਰੇਗਾ।"
ਉਹ ਕਹਿੰਦੇ ਹਨ, "ਦੇਸ਼ ਦੇ ਅਰਥ ਸ਼ਾਸਤਰੀ ਕਹਿ ਰਹੇ ਹਨ ਕਿ ਟੈਰਿਫ ਵਧਣ ਨਾਲ ਭਾਰਤ ਨੂੰ ਨੁਕਸਾਨ ਹੋਵੇਗਾ ਪਰ ਮੈਂ ਕਹਿੰਦਾ ਹਾਂ ਕਿ ਇਹ ਭਾਰਤ ਲਈ ਇੱਕ ਚੰਗਾ ਮੌਕਾ ਹੈ।"
"ਭਾਰਤ ਕਪਾਹ, ਮੱਕੀ ਵਰਗੀਆਂ ਫਸਲਾਂ ਆਪਣੇ ਦੇਸ਼ ਵਿੱਚ ਉਗਾਉਂਦਾ ਹੈ ਤਾਂ ਆਪਣੇ ਹੀ ਦੇਸ਼ ਵਿੱਚ ਚੰਗੀ ਕੀਮਤ ਉੱਤੇ ਵੇਚੇ। ਇਸਦੇ ਨਾਲ ਭਾਰਤੀ ਕਿਸਾਨ ਖ਼ਾਸ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਚੰਗਾ ਫ਼ਾਇਦਾ ਹੋ ਸਕਦਾ ਹੈ।"
ਦਵਿੰਦਰ ਸ਼ਰਮਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨ ਬਾਰੇ ਬੋਲਦਿਆਂ ਕਹਿੰਦੇ ਹਨ ਕਿ ਕੱਲ੍ਹ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਤੁਸੀਂ ਆਪਣੇ ਲਈ ਫਸਲ ਪੈਦਾ ਕਰੋ, ਅਸੀਂ ਆਪਣਾ ਖੇਤੀਬਾੜੀ ਖੇਤਰ ਮਜਬੂਤ ਕਰਾਂਗੇ ਤਾਂ ਭਾਰਤੀ ਕਿਸਾਨ ਆਪਣੇ ਆਪ ਨੂੰ ਮਜਬੂਤ ਕਿਉਂ ਨਹੀਂ ਕਰ ਸਕਦੇ।"
"ਇਸ ਲਈ ਇਹ ਮੌਕਾ ਇੱਕ ਅਸ਼ੀਰਵਾਦ ਦੀ ਤਰ੍ਹਾਂ ਹੈ, ਭਾਰਤੀ ਕਿਸਾਨਾਂ ਨੂੰ ਆਪਣੀ ਫ਼ਸਲ ਆਪਣੇ ਲਈ ਹੀ ਉਗਾਉਣੀ ਚਾਹੀਦੀ ਹੈ ਤੇ ਭਾਰਤ ਸਰਕਾਰ ਨੂੰ ਉਹ ਫਸਲ ਚੰਗੀ ਕੀਮਤ ਉੱਤੇ ਖਰੀਦਣੀ ਚਾਹੀਦੀ ਹੈ।"
ਭਾਰਤ ਨੇ ਕੀ ਪ੍ਰਤੀਕਿਰਿਆ ਦਿੱਤੀ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਭਾਰਤ 'ਤੇ 27% ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਨੇ ਜਵਾਬ ਦਿੱਤਾ ਹੈ।
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਨਵੇਂ ਘਟਨਾਕ੍ਰਮ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਸਾਰੀਆਂ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।"
ਮੰਤਰਾਲੇ ਨੇ ਕਿਹਾ ਹੈ, ''ਅਮਰੀਕੀ ਵਪਾਰ ਨੀਤੀ ਵਿੱਚ ਹੋਏ ਨਵੇਂ ਬਦਲਾਵਾਂ ਕਾਰਨ ਪੈਦਾ ਹੋਣ ਵਾਲੇ ਨਵੇਂ ਮੌਕਿਆਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ।''
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਦੇ ਮੁਤਾਬਕ, "13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਕੇ 500 ਅਰਬ ਡਾਲਰ ਤੱਕ ਪਹੁੰਚਾਉਣ ਦੇ ਸੰਕਲਪ ਦਾ ਐਲਾਨ ਕੀਤਾ ਸੀ।"
ਬਿਆਨ ਵਿੱਚ ਕਿਹਾ ਗਿਆ ਹੈ ''ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਲਾਭਕਾਰੀ ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਚੱਲ ਰਹੀ ਹੈ। ਵਪਾਰ ਅਤੇ ਨਿਵੇਸ਼ ਵਧਾਉਣ, ਤਕਨਾਲੋਜੀ ਟਰਾਂਸਫਰ ਵਰਗੇ ਮੁੱਦਿਆਂ 'ਤੇ ਵੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ 'ਤੇ ਅੱਗੇ ਵਧਾਂਗੇ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ