ਕੀ ਡੌਨਲਡ ਟਰੰਪ ਤੀਜੀ ਵਾਰ ਬਣ ਸਕਦੇ ਹਨ ਅਮਰੀਕਾ ਦੇ ਰਾਸ਼ਟਰਪਤੀ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਤੀਜਾ ਕਾਰਜਕਾਲ ਵੀ ਚਾਹੁੰਦੇ ਹਨ ਅਤੇ ਉਹ ֲ'ਮਜ਼ਾਕ ਨਹੀਂ ਕਰ ਰਹੇ ਹਨ'।

ਅਮਰੀਕੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਇਸ ਦਫ਼ਤਰ ਲਈ ਦੋ ਵਾਰ ਤੋਂ ਵੱਧ ਚੁਣਿਆ ਨਹੀਂ ਜਾਵੇਗਾ, ਪਰ ਟਰੰਪ ਦੇ ਕੁਝ ਸਮਰਥਕਾਂ ਨੇ ਸੁਝਾਅ ਦਿੱਤਾ ਹੈ ਕਿ ਇਸ ਦੇ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ।

ਜਦੋਂ ਟਰੰਪ ਨੂੰ ਐੱਨਬੀਸੀ ਨਾਲ ਇੱਕ ਇੰਟਰਵਿਊ ਵਿੱਚ ਤੀਜੇ ਕਾਰਜਕਾਲ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਨੇ ਕਿਹਾ ਸੀ, "ਇੱਥੇ ਅਜਿਹੇ ਤਰੀਕੇ ਹਨ ਜਿਨ੍ਹਾਂ ਜ਼ਰੀਏ ਤੁਸੀਂ ਅਜਿਹਾ ਕਰ ਸਕਦੇ ਹੋ।"

ਉਨ੍ਹਾਂ ਨੇ ਕਿਹਾ, "ਮੈਂ ਮਜ਼ਾਕ ਨਹੀਂ ਕਰ ਰਿਹਾ... ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਮੈਂ ਅਜਿਹਾ ਕਰਾਂ। ਪਰ, ਮੈਂ ਮੂਲ ਰੂਪ ਵਿੱਚ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਅਸੀਂ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।"

"ਤੁਸੀਂ ਜਾਣਦੇ ਹੋ ਕਿ ਪ੍ਰਸ਼ਾਸਨ ਅਜੇ ਵੀ ਬਹੁਤ ਸ਼ੁਰੂਆਤੀ ਪੜਾਅ ਵਿੱਚ ਹੈ।"

ਟਰੰਪ ਤੀਜੇ ਕਾਰਜਕਾਲ ਦੀ ਗੱਲ ਕਿਉਂ ਕਰ ਰਹੇ ਹਨ?

ਟਰੰਪ ਆਪਣੇ ਦੂਜੇ ਕਾਰਜਕਾਲ ਦੇ ਅੰਤ ਤੱਕ 82 ਸਾਲ ਦੇ ਹੋ ਜਾਣਗੇ।

ਉਨ੍ਹਾਂ ਨੂੰ ਇੰਟਰਵਿਊ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਹ 'ਦੇਸ਼ ਦੀ ਸਭ ਤੋਂ ਔਖੇ ਕੰਮ' ਵਿੱਚ ਸੇਵਾ ਨਿਭਾਉਣਾ ਜਾਰੀ ਰੱਖਣਾ ਚਾਹੁਣਗੇ।

ਉਨ੍ਹਾਂ ਨੇ ਜਵਾਬ ਦਿੱਤਾ, "ਮੈਨੂੰ ਕੰਮ ਕਰਨਾ ਪਸੰਦ ਹੈ।"

ਇਸ ਮਾਮਲੇ 'ਤੇ ਇਹ ਉਨ੍ਹਾਂ ਦੀ ਪਹਿਲੀ ਟਿੱਪਣੀ ਨਹੀਂ ਸੀ।

ਉਨ੍ਹਾਂ ਨੇ ਜਨਵਰੀ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ ਸੀ, "ਇੱਕ ਵਾਰ ਨਹੀਂ, ਬਲਕਿ ਦੋ ਜਾਂ ਤਿੰਨ ਜਾਂ ਚਾਰ ਵਾਰ ਸੇਵਾ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ।"

ਹਾਲਾਂਕਿ ਉਨਾਂ ਨੇ ਉਸ ਸਮੇਂ ਕਿਹਾ ਸੀ ਕਿ ਇਹ 'ਜਾਅਲੀ ਨਿਊਜ਼ ਮੀਡੀਆ' ਲਈ ਇੱਕ ਮਜ਼ਾਕ ਸੀ।

ਅਮਰੀਕੀ ਸੰਵਿਧਾਨ ਕੀ ਕਹਿੰਦਾ ਹੈ?

ਪਹਿਲੀ ਨਜ਼ਰੇ, ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਦੱਸਦੀ ਹੈ ਕਿ ਸੰਵਿਧਾਨਿਕ ਤੌਰ 'ਤੇ ਕਿਸੇ ਵੀ ਵਿਅਕਤੀ ਨੂੰ ਤੀਜਾ ਕਾਰਜਕਾਲ ਨਹੀਂ ਦਿੱਤਾ ਗਿਆ ਹੈ।

ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਦੇ ਅਹੁਦੇ ਲਈ ਨਹੀਂ ਚੁਣਿਆ ਜਾਵੇਗਾ।

ਸੰਵਿਧਾਨ ਕਹਿੰਦਾ ਹੈ, "ਕੋਈ ਵੀ ਵਿਅਕਤੀ ਜਿਸ ਨੇ ਦੋ ਸਾਲਾਂ ਤੋਂ ਵੱਧ ਸਮੇਂ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਜਾਂ ਜਿਸ ਨੇ ਰਾਸ਼ਟਰਪਤੀ ਦੇ ਤੌਰ 'ਤੇ ਕਿਸੇ ਹੋਰ ਵਿਅਕਤੀ ਦੀ ਚੋਣ ਦੀ ਪ੍ਰਕਿਰਿਆ ਦੌਰਾਨ ਦੋ ਸਾਲਾਂ ਤੋਂ ਵੱਧ ਸਮੇਂ ਲਈ ਉਸ ਅਹੁਦੇ ਨੂੰ ਸੰਭਾਲਿਆ ਹੈ, ਉਹ ਇੱਕ ਵਾਰ ਤੋਂ ਵੱਧ ਰਾਸ਼ਟਰਪਤੀ ਦੇ ਅਹੁਦੇ ਲਈ ਨਹੀਂ ਚੁਣਿਆ ਜਾਵੇਗਾ।"

ਸੰਵਿਧਾਨ ਵਿੱਚ ਬਦਲਾਅ ਲਈ ਸੈਨੇਟ ਅਤੇ ਪ੍ਰਤੀਨਿਧੀ ਸਭਾ ਦੇ ਦੋ-ਤਿਹਾਈ ਮੈਂਬਰਾਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ।

ਇਸ ਦੇ ਨਾਲ ਹੀ ਇਸ ਬਦਲਾਅ ਲਈ ਅਮਰੀਕਾ ਦੇ 50 ਸੂਬਿਆਂ ਦੀਆਂ ਤਿੰਨ-ਚੌਥਾਈ ਸੂਬਾ ਸਰਕਾਰਾਂ ਦੀ ਮਨਜ਼ੂਰੀ ਵੀ ਜ਼ਰੂਰੀ ਹੋਵੇਗੀ।

ਟਰੰਪ ਦੀ ਰਿਪਬਲਿਕਨ ਪਾਰਟੀ ਦਾ ਕਾਂਗਰਸ ਦੇ ਦੋਵਾਂ ਸਦਨਾਂ (ਅਮਰੀਕੀ ਸੰਸਦ) 'ਤੇ ਕੰਟਰੋਲ ਹੈ, ਪਰ ਇਸ ਸੰਵਿਧਾਨਕ ਸੋਧ ਲਈ ਉਨ੍ਹਾਂ ਕੋਲ ਜ਼ਰੂਰੀ ਬਹੁਮਤ ਨਹੀਂ ਹੈ।

ਇਸ ਤੋਂ ਇਲਾਵਾ ਅਮਰੀਕਾ ਦੇ 50 ਵਿੱਚੋਂ 18 ਸੂਬਿਆਂ ਵਿੱਚ ਡੈਮੋਕ੍ਰੇਟਿਕ ਪਾਰਟੀ ਸੱਤਾ ਵਿੱਚ ਹੈ।

ਟਰੰਪ ਤੀਜੀ ਵਾਰ ਰਾਸ਼ਟਰਪਤੀ ਕਿਵੇਂ ਬਣ ਸਕਦੇ ਹਨ?

ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅਮਰੀਕੀ ਸੰਵਿਧਾਨ ਵਿੱਚ ਖ਼ਾਮੀਆਂ ਹਨ, ਜਿਨ੍ਹਾਂ ਦੀ ਅਦਾਲਤੀ ਜਾਂਚ ਨਹੀਂ ਕੀਤੀ ਗਈ।

ਉਹ ਦਲੀਲ ਦਿੰਦੇ ਹਨ ਕਿ 22 ਵੀਂ ਸੰਸ਼ੋਧਨ ਸਿਰਫ ਇੱਕ ਵਿਅਕਤੀ ਨੂੰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਲਈ 'ਚੋਣ' ਕੀਤੇ ਜਾਣ 'ਤੇ ਸਪੱਸ਼ਟ ਤੌਰ 'ਤੇ ਮਨਾਹੀ ਦਾ ਜ਼ਿਕਰ ਕਰਦੀ ਹੈ ਅਤੇ 'ਉਤਰਾਧਿਕਾਰੀ' ਬਾਰੇ ਕੁਝ ਨਹੀਂ ਕਹਿੰਦੀ ਹੈ।

ਇਸ ਸਿਧਾਂਤ ਮੁਤਾਬਕ, ਟਰੰਪ 2028 ਦੀਆਂ ਚੋਣਾਂ ਵਿੱਚ ਇੱਕ ਹੋਰ ਉਮੀਦਵਾਰ, ਸੰਭਾਵਤ ਤੌਰ 'ਤੇ ਮੌਜੂਦਾ ਉਪ ਰਾਸ਼ਟਰਪਤੀ ਜੇਡੀ ਵੈਨਸ ਦੇ ਨਾਲ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਸਕਦੇ ਹਨ।

ਯਾਨੀ ਜੇਡੀ ਵਾਂਸ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੋਣ ਲੜਨੀ ਚਾਹੀਦੀ ਹੈ ਅਤੇ ਟਰੰਪ ਨੂੰ ਉਪ-ਰਾਸ਼ਟਰਪਤੀ ਉਮੀਦਵਾਰ ਵਜੋਂ ਉਨ੍ਹਾਂ ਦੇ ਨਾਲ ਚੋਣ ਲੜਨੀ ਚਾਹੀਦੀ ਹੈ।

ਜੇਕਰ ਉਹ ਜਿੱਤ ਜਾਂਦੇ ਹਨ, ਤਾਂ ਵੈਨਸ ਨੂੰ ਵ੍ਹਾਈਟ ਹਾਊਸ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।

ਜੇਕਰ ਇਸ ਤੋਂ ਤੁਰੰਤ ਬਾਅਦ ਵੈਨਸ ਅਸਤੀਫ਼ਾ ਦੇ ਦਿੰਦੇ ਹਨ ਤਾਂ ਟਰੰਪ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦਾ ਮੌਕਾ ਮਿਲੇਗਾ।

ਪੌਡਕਾਸਟਰ ਅਤੇ ਟਰੰਪ ਦੇ ਸਾਬਕਾ ਸਲਾਹਕਾਰ ਸਟੀਵ ਬੈਨਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਮੁੜ ਚੋਣ ਲੜਨਗੇ ਅਤੇ ਜਿੱਤਣਗੇ।

ਉਹ ਦਾਅਵਾ ਕਰਦੇ ਹਨ ਕਿ ਇਸ ਨੂੰ ਯਕੀਨੀ ਬਣਾਉਣ ਲਈ ਕੁਝ ਵਿਕਲਪ ਮੌਜੂਦ ਹਨ।

ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿੱਚ, ਟੈਨੇਸੀ ਰਿਪਬਲਿਕਨ ਕਾਂਗਰਸਮੈਨ ਐਂਡੀ ਓਗਲਜ਼ ਨੇ ਜਨਵਰੀ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਵਿੱਚ ਰਾਸ਼ਟਰਪਤੀ ਨੂੰ ਤਿੰਨ ਵਾਰ ਚੁਣੇ ਜਾਣ ਦੀ ਇਜਾਜ਼ਤ ਦੇਣ ਲਈ ਸੰਵਿਧਾਨਕ ਸੋਧ ਦੀ ਮੰਗ ਕੀਤੀ ਗਈ ਸੀ, ਬਸ਼ਰਤੇ ਉਹ ਲਗਾਤਾਰ ਨਾ ਹੋਣ।

ਇਸ ਦਾ ਮਤਲਬ ਇਹ ਹੋਵੇਗਾ ਕਿ ਸਾਰੇ ਸਾਬਕਾ ਰਾਸ਼ਟਰਪਤੀਆਂ ਵਿੱਚੋਂ ਸਿਰਫ਼ ਟਰੰਪ ਹੀ ਯੋਗ ਹੋਣਗੇ।

ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਜਾਰਜ ਡਬਲਯੂ ਬੁਸ਼ ਨੇ ਲਗਾਤਾਰ ਦੋ ਵਾਰ ਸੇਵਾਵਾਂ ਨਿਭਾਈਆਂ ਹਨ, ਜਦੋਂ ਕਿ ਟਰੰਪ ਨੇ 2016 ਵਿੱਚ ਜਿੱਤ ਪ੍ਰਾਪਤ ਕੀਤੀ, 2020 ਦੀ ਚੋਣ ਉਹ ਹਾਰ ਗਏ ਸਨ ਅਤੇ 2024 ਵਿੱਚ ਟਰੰਪ ਨੇ ਮੁੜ ਜਿੱਤ ਦਰਜ ਕਰਵਾਈ ਸੀ।

ਹਾਲਾਂਕਿ, ਸੰਵਿਧਾਨ ਵਿੱਚ ਸੋਧਾਂ ਲਈ ਵਿਆਪਕ ਲੋੜਾਂ ਨੇ ਓਗਲਜ਼ ਦੇ ਪ੍ਰਸਤਾਵ ਨੂੰ ਇੱਕ ਕਾਲਪਨਿਕ ਸੁਪਨਾ ਬਣਾ ਦਿੱਤਾ ਹੈ, ਭਾਵੇਂ ਕਿ ਲੋਕਾਂ ਨੇ ਇਸ ਸੰਭਾਵਨਾ 'ਤੇ ਬਹਿਸ ਜ਼ਰੂਰ ਕੀਤੀ।

ਟਰੰਪ ਦੇ ਤੀਜੇ ਕਾਰਜਕਾਲ ਦਾ ਵਿਰੋਧ ਕੌਣ ਕਰ ਰਿਹਾ ਹੈ?

ਟਰੰਪ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੂੰ ਅਜਿਹੀਆਂ ਗੱਲਾਂ 'ਤੇ ਗੰਭੀਰ ਇਤਰਾਜ਼ ਹੈ।

ਨਿਊਯਾਰਕ ਦੇ ਨੁਮਾਇੰਦੇ ਡੈਨੀਅਲ ਗੋਲਡਮੈਨ, ਜਿਨ੍ਹਾਂ ਨੇ ਟਰੰਪ ਦੇ ਪਹਿਲੇ ਮਹਾਂਦੋਸ਼ ਵਿੱਚ ਮੁੱਖ ਵਕੀਲ ਵਜੋਂ ਕੰਮ ਕੀਤਾ ਸੀ ਨੇ ਕਿਹਾ, "ਇਸ ਗੱਲ ਨਾਲ ਸਰਕਾਰ 'ਤੇ ਕਬਜਾ ਕਰਨ ਅਤੇ ਸਾਡੇ ਲੋਕਤੰਤਰ ਨੂੰ ਖ਼ਤਮ ਕਰਨ ਦੀਆਂ ਉਨ੍ਹਾਂ ਦੀਆਂ ਸਪੱਸ਼ਟ ਕੋਸ਼ਿਸ਼ਾਂ ਵਿੱਚ ਇੱਕ ਹੋਰ ਇਜ਼ਾਫ਼ਾ ਹੋਇਆ ਹੈ।"

ਉਹ ਕਹਿੰਦੇ ਹਨ, "ਜੇਕਰ ਅਮਰੀਕੀ ਸੰਸਦ ਦੇ ਰਿਪਬਲਿਕਨ ਮੈਂਬਰ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ, ਤਾਂ ਉਹ ਟਰੰਪ ਦੀ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਇੱਛਾ ਦਾ ਖੁੱਲ੍ਹ ਕੇ ਵਿਰੋਧ ਕਰਨਗੇ।"

ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕੁਝ ਲੋਕ ਵੀ ਇਸ ਨੂੰ ਇੱਕ ਮਾਰਾ ਵਿਚਾਰ ਮੰਨਦੇ ਹਨ।

ਓਕਲਾਹੋਮਾ ਦੇ ਰਿਪਬਲਿਕਨ ਸੈਨੇਟਰ ਮਾਰਕਵੇ ਮੁਲਿਨ ਨੇ ਫ਼ਰਵਰੀ ਵਿੱਚ ਕਿਹਾ ਸੀ ਕਿ ਉਹ ਟਰੰਪ ਨੂੰ ਵ੍ਹਾਈਟ ਹਾਊਸ ਵਿੱਚ ਵਾਪਸ ਲਿਉਣ ਦੀ ਕੋਸ਼ਿਸ਼ ਦਾ ਸਮਰਥਨ ਨਹੀਂ ਕਰਨਗੇ।

ਮੁਲਿਨ ਨੇ ਐੱਨਬੀਸੀ ਨੂੰ ਕਿਹਾ,"ਸਭ ਤੋਂ ਪਹਿਲਾਂ, ਮੈਂ ਸੰਵਿਧਾਨ ਵਿੱਚ ਕੋਈ ਬਦਲਾਅ ਨਹੀਂ ਕਰ ਰਿਹਾ ਹਾਂ, ਜਦੋਂ ਤੱਕ ਅਮਰੀਕੀ ਲੋਕ ਅਜਿਹਾ ਕਰਨ ਦਾ ਫ਼ੈਸਲਾ ਨਹੀਂ ਕਰਦੇ।"

ਕੀ ਕਹਿੰਦੇ ਹਨ ਕਾਨੂੰਨੀ ਮਾਹਰ?

ਨੋਟਰੇ ਡੇਮ ਯੂਨੀਵਰਸਿਟੀ ਦੇ ਚੋਣਾਵੀ ਕਾਨੂੰਨ ਦੇ ਪ੍ਰੋਫ਼ੈਸਰ ਡੇਰੇਕ ਮੂਲਰ ਨੇ ਦੱਸਿਆ ਕਿ ਸੰਵਿਧਾਨ ਦੀ 12ਵੀਂ ਸੋਧ ਕਹਿੰਦੀ ਹੈ ਕਿ ਕੋਈ ਵੀ ਵਿਅਕਤੀ ਜੋ ਸੰਵਿਧਾਨਕ ਤੌਰ 'ਤੇ ਰਾਸ਼ਟਰਪਤੀ ਦੇ ਅਹੁਦੇ ਲਈ ਅਯੋਗ ਹੈ, ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵੀ ਯੋਗ ਨਹੀਂ ਹੋਵੇਗਾ।

ਇਸਦਾ ਮਤਲਬ ਇਹ ਹੈ ਕਿ ਕੋਈ ਵੀ ਵਿਅਕਤੀ ਜੋ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ 'ਤੇ ਰਿਹਾ ਹੋਵੇ, ਉਪ-ਰਾਸ਼ਟਰਪਤੀ ਉਮੀਦਵਾਰ ਵਜੋਂ ਵੀ ਚੋਣ ਲੜਨ ਦੀ ਯੋਗਤਾ ਗੁਆ ਦਿੰਦਾ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਰਾਸ਼ਟਰਪਤੀ ਦੇ ਕਾਰਜਕਾਲ ਦੀਆਂ ਸੀਮਾ ਤੋਂ ਬਚਣ ਲਈ ਕੋਈ ਖ਼ਾਸ ਉਪਾਅ ਮੌਜੂਦ ਹੈ।"

ਬੋਸਟਨ ਵਿੱਚ ਉੱਤਰ-ਪੂਰਬੀ ਯੂਨੀਵਰਸਿਟੀ ਵਿੱਚ ਸੰਵਿਧਾਨਕ ਕਾਨੂੰਨ ਦੇ ਪ੍ਰੋਫ਼ੈਸਰ ਜੇਰੇਮੀ ਪਾਲ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਤੀਜੇ ਕਾਰਜਕਾਲ ਲਈ ਕੋਈ ਭਰੋਸੇਯੋਗ ਕਾਨੂੰਨੀ ਦਲੀਲ ਮੌਜੂਦ ਨਹੀਂ ਹੈ।

ਕੀ ਕਿਸੇ ਨੇ ਪਹਿਲਾਂ ਦੋ ਤੋਂ ਵੱਧ ਵਾਰ ਕਾਰਜਕਾਲ ਪੂਰਾ ਕੀਤਾ ਹੈ?

ਫ਼ਰੈਂਕਲਿਨ ਡੀ ਰੂਜ਼ਵੈਲਟ ਚਾਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ।

ਚੌਥੇ ਕਾਰਜਕਾਲ ਦੇ ਤਿੰਨ ਮਹੀਨੇ ਬਾਅਦ ਅਪ੍ਰੈਲ 1945 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਵਿਸ਼ਵਵਿਆਪੀ ਮੰਦੀ ਅਤੇ ਦੂਜੀ ਵਿਸ਼ਵ ਜੰਗ ਦਾ ਰੂਜ਼ਵੈਲਟ ਦੇ ਕਾਰਜਕਾਲ 'ਤੇ ਵੱਡਾ ਪ੍ਰਭਾਵ ਪਿਆ ਸੀ ਅਤੇ ਅਕਸਰ ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਦੇ ਵਧੇ ਹੋਏ ਕਾਰਜਕਾਲ ਦਾ ਕਾਰਨ ਦੱਸਿਆ ਜਾਂਦਾ ਹੈ।

ਉਸ ਸਮੇਂ, ਅਮਰੀਕੀ ਰਾਸ਼ਟਰਪਤੀਆਂ ਲਈ ਦੋ ਕਾਰਜਕਾਲ ਦੀ ਸੀਮਾ ਕਾਨੂੰਨ ਵਿੱਚ ਨਹੀਂ ਲਿਖੀ ਗਈ ਸੀ, ਸਗੋਂ ਇਹ ਇੱਕ ਅਭਿਆਸ ਸੀ ਜੋ ਜਾਰਜ ਵਾਸ਼ਿੰਗਟਨ ਨੇ 1796 ਵਿੱਚ ਤੀਜੇ ਕਾਰਜਕਾਲ ਦੀ ਮੰਗ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕੀਤਾ ਗਿਆ ਸੀ।

ਰੂਜ਼ਵੈਲਟ ਦੀ ਲੰਮੀ ਅਗਵਾਈ ਤੋਂ ਬਾਅਦ, ਇਸ ਪਰੰਪਰਾ ਨੂੰ ਸਾਲ 1951 ਵਿੱਚ 22ਵੀਂ ਸੋਧ ਦੇ ਤਹਿਤ ਕਾਨੂੰਨ ਦੇ ਰੂਪ ਵਿੱਚ ਲਿਖਤੀ ਰੂਪ ਵਿੱਚ ਦਰਜ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)