ਵਿਛੋੜਾ ਦੇ ਗਏ ਲੋਕਾਂ ਦੀ ਯਾਦ ਨੂੰ ਤੁਸੀਂ ਤਕਨੀਕ ਰਾਹੀਂ ਇੰਝ ਸਾਂਭ ਸਕਦੇ ਹੋ

ਤਸਵੀਰ ਸਰੋਤ, Getty Images
ਸਾਲ 2016 ਵਿੱਚ ਜੇਮਜ਼ ਵਲਾਹੋਸ ਨੂੰ ਇੱਕ ਬੁਰੀ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਤਾ ਨੂੰ ਟਰਮੀਨਲ ਕੈਂਸਰ ਹੈ।
ਜੇਮਜ਼ ਕੈਲੀਫੋਰਨੀਆ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ, "ਮੈਂ ਆਪਣੇ ਪਿਤਾ ਨੂੰ ਪਿਆਰ ਕਰਦਾ ਸੀ ਤੇ ਹੁਣ ਬਿਮਾਰੀ ਹੱਥੋਂ ਉਨ੍ਹਾਂ ਨੂੰ ਗੁਆ ਰਿਹਾ ਸੀ।"
ਉਹ ਆਪਣੇ ਪਿਤਾ ਨਾਲ ਬਾਕੀ ਬਚੇ ਸਮੇਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੁੰਦੇ ਸਨ।
"ਮੈਂ ਉਨ੍ਹਾਂ ਨਾਲ ਇੱਕ ਜ਼ਬਾਨੀ ਇਤਿਹਾਸ ਦਾ ਪ੍ਰੋਜੈਕਟ ਕੀਤਾ, ਜਿੱਥੇ ਮੈਂ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਰਿਕਾਰਡ ਕਰਨ ਲਈ ਘੰਟਿਆਂ ਦੇ ਘੰਟੇ ਬਿਤਾਏ।"
ਸੰਯੋਗਵੱਸ ਇਹ ਉਸ ਸਮੇਂ ਹੋਇਆ ਜਦੋਂ ਜੇਮਸ ਏਆਈ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦਾ ਪ੍ਰੋਜੈਕਟ ਜਲਦੀ ਹੀ ਤਿਆਰ ਹੋ ਗਿਆ।
ਉਹ ਕਹਿੰਦੇ ਹਨ,"ਮੈਂ ਸੋਚਿਆ, ਰੱਬਾ ਕੀ ਹੋਵੇਗਾ ਜੇ ਮੈਂ ਇਸ ਵਿੱਚੋਂ ਕੁਝ ਇੰਟਰਐਕਟਿਵ ਬਣਾ ਸਕਾਂ?"
"ਮੈਂ ਉਨ੍ਹਾਂ ਦੀਆਂ ਯਾਦਾਂ ਨੂੰ ਵਧੇਰੇ ਸਾਜ਼ਗਾਰ ਤਰੀਕੇ ਨਾਲ ਰੱਖ ਸਕਾਂਗਾ ਅਤੇ ਉਨ੍ਹਾਂ ਦੀ ਸ਼ਾਨਦਾਰ ਸ਼ਖਸੀਅਤ ਨੁੂੰ ਵੀ ਆਪਣੇ ਆਲੇ-ਦੁਆਲੇ ਮਹਿਸੂਸ ਕਰ ਸਕਾਂਗਾ।"
ਪਿਤਾ ਦੇ ਆਖ਼ਰੀ ਪਲਾਂ ਨੂੰ ਸੰਭਾਲਣਾ
ਜੇਮਸ ਦੇ ਪਿਤਾ ਜੌਨ ਦਾ 2017 ਵਿੱਚ ਦਿਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਜੇਮਸ ਨੇ ਜੋ ਰਿਕਾਰਡ ਕੀਤਾ ਸੀ ਉਸਨੂੰ ਇੱਕ ਏਆਈ ਸੰਚਾਲਿਤ ਚੈਟਬੋਟ ਵਿੱਚ ਬਦਲ ਦਿੱਤਾ। ਇਹ ਚੈਟਬੋਟ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਬਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਸੀ ਅਤੇ ਉਹ ਵੀ ਉਨ੍ਹਾਂ ਦੇ ਪਿਤਾ ਦੀ ਅਵਾਜ਼ ਵਿੱਚ ਹੀ।
ਲੋਕਾਂ ਨੂੰ ਨਕਲੀ ਤੌਰ 'ਤੇ ਜੀਵਨ ਵਿੱਚ ਲਿਆਉਣ ਲਈ ਏਆਈ ਦੀ ਅਜਿਹੀ ਵਰਤੋਂ ਵਿਗਿਆਨ ਦੀ ਦੁਨੀਆਂ ਵਿੱਚ ਲੰਬੇ ਸਮੇਂ ਤੋਂ ਖੋਜ ਕੀਤੀ ਜਾ ਰਹੀ ਹੈ। ਪਰ ਏਆਈ ਤਕਨਾਲੋਜੀ ਦੇ ਵਿਕਾਸ ਨੇ ਹੁਣ ਅਸਲ ਜੀਵਨ ਵਿੱਚ ਇਸ ਨੂੰ ਸੰਭਵ ਬਣਾਇਆ ਹੈ।

ਤਸਵੀਰ ਸਰੋਤ, James Vlahos
ਸਾਲ 2019 ਵਿੱਚ, ਜੇਮਸ ਨੇ ਆਪਣੇ ਚੈਟਬੋਟ ਨੂੰ ਇੱਕ ਐਪ ਅਤੇ ਬਿਜ਼ਨਸ ਵਿੱਚ ਬਦਲ ਦਿੱਤਾ ਜਿਸਨੂੰ ‘ਹੇਅਰ ਆਫ਼ਟਰ ਏਆਈ’ ਦਾ ਨਾਮ ਦੱਤਾ। ਇਸ ਰਾਹੀਂ ਗਾਹਕ ਆਪਣੇ ਮਰ ਚੁੱਕੇ ਪਿਆਰਿਆਂ ਦੇ ਚੈਟਬੋਟ ਬਣਾ ਸਕਦੇ ਹਨ।
ਉਹ ਦੱਸਦੇ ਹਨ ਕਿ ਚੈਟਬੋਟ ਨੇ ਉਨ੍ਹਾਂ ਦੇ ਪਿਤਾ ਦੀ ਮੌਤ ਦੇ ਦਰਦ ਨੂੰ ਦੂਰ ਤਾਂ ਨਹੀਂ ਕੀਤਾ, ਪਰ ਫ਼ਿਰ ਵੀ ਬਹੁਤ ਕੁਝ ਦਿੱਤਾ ਹੈ।
“ਇਹ ਉਨ੍ਹਾਂ ਦੀਆਂ ਧੁੰਦਲੀਆਂ ਯਾਦਾਂ ਵਿੱਚ ਜਾਣਾ ਨਹੀਂ ਹੈ ਸਗੋਂ ਮੇਰੇ ਕੋਲ ਕੁਝ ਅਜਿਹਾ ਹੈ ਜਿਸ ਨਾਲ ਮੈਂ ਗੱਲਬਾਤ ਕਰ ਸਕਦਾ ਹਾਂ।"
ਜਦੋਂ ਕਿ ਹੇਅਰ ਆਫ਼ਟਰ ਏਆਈ ਦੇ ਗਾਹਕ ਐੱਪ ਦੀ ਵਰਤੋਂ ਕਰਦੇ ਸਮੇਂ ਆਪਣੇ ਸਮਾਰਟ ਫੋਨ ਜਾਂ ਕੰਪਿਊਟਰ ਦੀ ਸਕਰੀਨ 'ਤੇ ਆਪਣੇ ਅਜ਼ੀਜ਼ ਦੀਆਂ ਫੋਟੋਆਂ ਅਪਲੋਡ ਕਰ ਸਕਦੇ ਹਨ, ਇੱਕ ਹੋਰ ਫਰਮ ਹੈ ਜੋ ਮਰਹੂਮ ਲੋਕਾਂ ਨੂੰ ਏਆਈ ਚੈਟਬੋਟਸ ਵਿੱਚ ਬਦਲਦੀ ਹੈ, ਇਹ ਸਭ ਇਸ ਤੋਂ ਵੀ ਇੱਕ ਕਦਮ ਅੱਗੇ ਹੈ।
ਦੱਖਣੀ ਕੋਰੀਆ ਦਾ ਡੀਪਬ੍ਰੇਨ ਏਆਈ ਇੱਕ ਵਿਅਕਤੀ ਦਾ ਵੀਡੀਓ-ਅਧਾਰਿਤ ਅਵਤਾਰ ਬਣਾਉਂਦੀ ਹੈ। ਉਨ੍ਹਾਂ ਦੇ ਚਿਹਰੇ, ਆਵਾਜ਼ ਅਤੇ ਵਿਵਹਾਰ ਨੂੰ ਕੈਪਚਰ ਕਰਨ ਲਈ ਕਈ ਘੰਟੇ ਵੀਡੀਓ ਅਤੇ ਆਡੀਓ ਸ਼ੂਟਿੰਗ ਕੀਤੀ ਜਾਂਦੀ ਹੈ।
ਡੀਪਬ੍ਰੇਨ ਦੇ ਮੁੱਖ ਵਿੱਤ ਅਫਸਰ ਮਾਈਕਲ ਜੁੰਗ ਨੇ ਕਿਹਾ, "ਅਸੀਂ 96.5 ਫ਼ੀਸਦ ਤੱਕ ਅਸਲੀ ਵਿਅਕਤੀ ਵਰਗਾ ਕਲੋਨ ਤਿਆਰ ਕਰਦੇ ਹਾਂ।"
"ਇਸ ਲਈ ਜ਼ਿਆਦਾਤਰ ਪਰਿਵਾਰ ਮਰਹੂਮ ਨਾਲ ਗੱਲ ਕਰਨ ਵਿੱਚ ਅਸਹਿਜ ਮਹਿਸੂਸ ਨਹੀਂ ਕਰਦੇ, ਭਾਵੇਂ ਇਹ ਇੱਕ ਏਆਈ ਅਵਤਾਰ ਹੈ।"
ਕੰਪਨੀ ਦਾ ਮੰਨਣਾ ਹੈ ਕਿ ਅਜਿਹੀ ਤਕਨਾਲੋਜੀ ਮਰ ਰਹੇ ਲੋਕਾਂ ਦੀਆਂ ਯਾਦਾਂ ਨੂੰ ਸੰਜੋਈ ਰੱਖਣ ਅਤੇ ਉਨ੍ਹਾਂ ਨੂੰ ਆਪਣੇ ਲਈ ਜੀਵਤ ਰੱਖਣ ਦਾ ਇੱਕ ਅਹਿਮ ਤਰੀਕਾ ਹੈ।
“ਅਸੀਂ ਆਪਣੀ ਮੌਤ ਲਈ ਪਹਿਲਾਂ ਤੋਂ ਤਿਆਰੀ ਕਰਦੇ ਹਾਂ, ਪਰਿਵਾਰਕ ਇਤਿਹਾਸ, ਕਹਾਣੀਆਂ ਅਤੇ ਯਾਦਾਂ ਨੂੰ ‘ਜੀਵਤ ਵਿਰਾਸਤ’ ਦੇ ਰੂਪ ਵਿੱਚ ਸਾਂਭਦੇ ਹਾਂ।”
ਸਾਵਧਾਨ ਰਹਿਣ ਦੀ ਲੋੜ
ਇਹ ਪ੍ਰਕਿਰਿਆ ਹਾਲਾਂਕਿ ਸਸਤੀ ਨਹੀਂ ਹੈ ਅਤੇ ਉਪਭੋਗਤਾ ਆਪਣੇ ਆਪ ਅਵਤਾਰ ਨਹੀਂ ਬਣਾ ਸਕਦੇ ਹਨ। ਉਨ੍ਹਾਂ ਨੂੰ ਫਿਲਮਾਂਕਣ ਅਤੇ ਏਆਈ ਅਵਤਾਰ ਬਣਾਉਣ ਲਈ ਕੰਪਨੀ ਨੂੰ 50 ਹਜ਼ਾਰ ਡਾਲਰ ਦੇਣੇ ਪੈਂਦੇ ਹਨ।
ਇਸ ਉੱਚੀ ਲਾਗਤ ਦੇ ਬਾਵਜੂਦ ਕੁਝ ਨਿਵੇਸ਼ਕਾਂ ਨੂੰ ਭਰੋਸਾ ਹੈ ਕਿ ਇਹ ਪ੍ਰਸਿੱਧ ਹੋਵੇਗਾ ਅਤੇ ਡੀਪਬ੍ਰੇਨ ਨੇ ਆਪਣੇ ਆਖਰੀ ਫੰਡਿੰਗ ਗੇੜ ਵਿੱਚ 44 ਲੱਖ ਡਾਲਰ ਇਕੱਠੇ ਕੀਤੇ ਹਨ।
ਫਿਰ ਵੀ ਮਨੋਵਿਗਿਆਨੀ ਲੇਵਰਨ ਐਂਟਰੋਬਸ ਦਾ ਕਹਿਣਾ ਹੈ ਕਿ ਸੋਗ ਦੇ ਮਾਹੌਲ ਵਿੱਚ ਅਜਿਹੀ "ਸੋਗ ਤਕਨੀਕ" ਦੀ ਵਰਤੋਂ ਕਰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ,"ਘਾਟਾ ਸਾਨੂੰ ਹਰ ਪੱਖ ਤੋਂ ਪ੍ਰਭਾਵਿਤ ਕਰਦਾ ਹੈ। ਤੁਸੀਂ ਉਦਾਸੀ ਵਿੱਚੋਂ ਨਿਕਲਣ ਜਾਂ ਠੀਕ ਹੋਣ ਦੇ ਬਹੁਤ ਨੇੜੇ ਹੁੰਦੇ ਹੋ ਤੇ ਫਿਰ ਕੋਈ ਚੀਜ਼ ਤੁਹਾਨੂੰ ਵਾਪਸ ਲੈ ਜਾ ਸਕਦੀ ਹੈ।”
"ਇਹ ਵਿਚਾਰ ਕਿ ਤੁਹਾਨੂੰ ਫਿਰ ਉਨ੍ਹਾਂ ਦੀ ਆਵਾਜ਼ ਸੁਣਨ ਦਾ ਮੌਕਾ ਮਿਲ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਦੇ ਬੋਲੇ ਗਏ ਸ਼ਬਦਾਂ ਨੂੰ ਸੁਣ ਸਕਦੇ ਹੋ ਸ਼ਾਇਦ ਇਹ ਬਹੁਤ ਪਰੇਸ਼ਾਨ ਕਰਨ ਵਾਲਾ ਵੀ ਹੋ ਸਕਦਾ ਹੈ।"
ਐਂਟਰੋਬਸਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਗੁਆਚੇ ਹੋਏ ਪਿਆਰੇ ਮਰਹੂਮ ਦੇ ਚੈਟਬੋਟ ਦੀ ਵਰਤੋਂ ਕਰਨ ਲਈ ਕਾਹਲੀ ਨਹੀਂ ਕਰਨੀ ਚਾਹੀਦੀ।
"ਇਸ ਤਰ੍ਹਾਂ ਦੀ ਕੋਈ ਚੀਜ਼ ਵਰਤਣ ਤੋਂ ਪਹਿਲਾਂ ਤੁਹਾਨੂੰ ਕਾਫ਼ੀ ਮਜ਼ਬੂਤ ਹੋਣਾ ਚਾਹੀਦਾ ਹੈ। ਸਭ ਕੁਝ ਧੀਰਜ ਨਾਲ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Deepbrain AI
“ਸੋਗ ਮਨਾਉਣ ਦਾ ਤਰੀਕਾ ਹਰ ਕਿਸੇ ਦਾ ਆਪੋ-ਆਪਣਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਵਿੱਚ ਕੋਈ ਸਾਂਝ ਨਹੀਂ ਹੈ।”
ਰੈਡ ਟੇਪ, ਉਨ੍ਹਾਂ ਵਿੱਚੋਂ ਇੱਕ ਹੈ। ਬੈਂਕ, ਕਾਰੋਬਾਰ ਅਤੇ ਸੋਸ਼ਲ ਮੀਡੀਆ ਸਾਈਟਾਂ ਜੋ ਤੁਹਾਡੇ ਅਜ਼ੀਜ਼ ਨੇ ਵਰਤੀਆਂ ਹਨ, ਉਨ੍ਹਾਂ ਖਾਤਿਆਂ ਨੂੰ ਬੰਦ ਕਰਵਾਉਣਾ ਅਤੇ ਸਿੱਧੇ ਡੈਬਿਟ, ਸਬਸਕ੍ਰਿਪਸ਼ਨ ਅਤੇ ਹੋਰ ਚੀਜ਼ਾਂ ਨੂੰ ਬੰਦ ਕਰਵਾਉਣ ਲਈ ਕਾਗਜ਼ੀ ਕਾਰਵਾਈਆਂ ਦੀ ਲੋੜ ਹੁੰਦੀ ਹੈ। ਰੈਡ ਟੇਪ ਇਸ ਵਿੱਚ ਮਦਦ ਕਰਨ ਵਾਲੀ ਸੰਸਥਾ ਹੈ।
ਮਦਦ ਕਰਨ ਵਾਲੀਆਂ ਨਿੱਜੀ ਫ਼ਰਮਾਂ
ਸਾਊਥ ਡੇਵੋਨ ਦੇ ਰਹਿਣ ਵਾਲੇ 41 ਸਾਲਾ ਐਲੇਨੋਰ ਵੁੱਡ ਕਹਿੰਦੇ ਹਨ,"ਦੋ ਦਰਜਨ ਤੋਂ ਵੱਧ ਕੰਪਨੀਆਂ ਸਨ ਅਤੇ ਮੈਨੂੰ ਹਰ ਕਿਸੇ ਨੂੰ ਫ਼ੋਨ ਕਰਕੇ ਆਪਣੇ ਨੁਕਸਾਨ ਬਾਰੇ ਦੱਸਣਾ ਪੈ ਰਿਹਾ ਸੀ।"
ਉਨ੍ਹਾਂ ਦੇ ਪਤੀ ਸਟੀਫਨ ਦੀ ਪਿਛਲੇ ਸਾਲ ਮਾਰਚ ਵਿੱਚ ਗੰਭੀਰ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ।
"ਕੁਝ ਫਰਮਾਂ ਬਹੁਤ ਵਧੀਆ ਅਤੇ ਸਪੱਸ਼ਟ ਸਨ। ਪਰ ਕੁਝ ਨੂੰ ਤਾਂ ਕੋਈ ਰਹਿਮ ਨਹੀਂ ਸੀ। ਉਨ੍ਹਾਂ ਨੇ ਮੇਰੇ ਤਣਾਅ ਵਿੱਚ ਹੋਰ ਵਾਧਾ ਕੀਤਾ ਅਤੇ ਭਾਵਨਾਤਮਕ ਪ੍ਰੇਸ਼ਾਨੀ ਦਿੱਤੀ ਉਹ ਵੀ ਉਸ ਸਮੇਂ ਜਦੋਂ ਮੈਂ ਪਹਿਲਾਂ ਹੀ ਭਾਵੁਕ ਤੌਰ ਉੱਤੇ ਪੂਰੀ ਤਰ੍ਹਾਂ ਉੱਖੜੀ ਹੋਈ ਸਾਂ।"
ਬ੍ਰਿਟੇਨ ਵਿੱਚ ਦੁਖੀ ਪਰਿਵਾਰਾਂ ਦਾ ਪ੍ਰਸ਼ਾਸਕੀ ਬੋਝ ਨੂੰ ਵੰਡਾਉਣ ਲਈ ਇੱਕ ਆਨ ਲਾਈਨ ਪਲੇਟਫਾਰਮ ਸਾਹਮਣੇ ਆਇਆ ਹੈ। ਇਹ ਪਲੇਟਫਾਰਮ ਉਨ੍ਹਾਂ ਲਈ ਨਿੱਜੀ ਖੇਤਰ ਸੰਗਠਨਾਂ ਨਾਲ ਸੰਪਰਕ ਕਰਦਾ ਹੈ।
ਗਾਹਕ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਅਤੇ ਹਰੇਕ ਵਿਅਕਤੀ ਦੀ ਸੂਚੀ ਅਪਲੋਡ ਕਰਦਾ ਹੈ ਜਿਸ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਸੈਟਲਡ ਆਪਣੇ ਆਪ ਈਮੇਲਾਂ ਲਿਖਦਾ ਅਤੇ ਭੇਜਦਾ ਹੈ।
ਤੁਸੀਂ ਕੰਪਨੀ ਦੇ ਜਵਾਬ ਦੇਖ ਸਕਦੇ ਹੋ।
ਇਹ ਬੈਂਕਾਂ, ਸੋਸ਼ਲ ਮੀਡੀਆ ਫਰਮਾਂ, ਉਪਯੋਗਤਾ ਕੰਪਨੀਆਂ ਤੱਕ 1400 ਸੰਸਥਾਵਾਂ ਨਾਲ ਕੰਮ ਕਰਦਾ ਹੈ।
ਸਾਲ 2020 ਵਿੱਚ ਦਾਦੀ ਦੀ ਮੌਤ ਤੋਂ ਬਾਅਦ ਵਿੱਕੀ ਵਿਲਸਨ ਨੇ ਇਸ ਦੀ ਸਹਿ-ਸਥਾਪਨਾ ਕੀਤੀ ਗਈ ਸੀ।
ਉਹ ਕਹਿੰਦੇ ਹਨ,"ਉਸ ਪ੍ਰਸ਼ਾਸਨਿਕ ਬੋਝ ਨੂੰ ਚੁੱਕਣ ਲਈ ਅਸੀਂ ਤਕਨਾਲੋਜੀ ਦੀ ਜਿੰਨੀ ਵਰਤੋਂ ਕਰ ਸਕੀਏ ਬਿਹਤਰ ਹੈ।"
ਜਦੋਂ ਕੋਈ ਮਰਦਾ ਹੈ, ਔਸਤ ਜਾਇਦਾਦ ਨਾਲ ਨਜਿੱਠਣ ਲਈ, ਅਸੀਂ 146 ਕੰਮ ਕਰਨ ਵਿੱਚ ਤਕਰੀਬਨ 300 ਘੰਟੇ ਲੱਗਣ ਦਾ ਅਨੁਮਾਨ ਹੈ।
ਉਹ ਕਹਿੰਦੇ ਹਨ,“ਇਸਨੂੰ ਸਮੇਟਣ ਵਿੱਚ ਆਮ ਤੌਰ 'ਤੇ ਲਗਭਗ ਨੌਂ ਮਹੀਨੇ ਲੱਗਦੇ ਹਨ। ਅਸੀਂ ਮੰਨਦੇ ਹਾਂ ਕਿ ਤਕਰੀਬਨ 70 ਫ਼ੀਸਦ ਕੰਮ ਆਟੋਮੈਟਿਕ ਹੋ ਸਕਦਾ ਹੈ ਅਤੇ ਹੋਣਾ ਚਾਹੀਦਾ ਹੈ।"
ਤਕਨੀਕੀ ਖ਼ਬਰਾਂ ਦੀ ਵੈੱਬਸਾਈਟ ਟੈਕਰਾਉਂਡ ਇੱਕ ਸੋਗ ਤਕਨੀਕੀ ਦਾ ਖੇਤਰ, ਜਿਸ ਨੂੰ ‘ਮੌਤ ਤਕਨੀਕ’ ਵੀ ਕਿਹਾ ਜਾਂਦਾ ਹੈ, ਹੁਣ ਵਿਸ਼ਵ ਪੱਧਰ 'ਤੇ 100 ਕਰੋੜ ਡਾਲਰਾਂ ਤੋਂ ਜ਼ਿਆਦਾ ਦਾ ਕਾਰੋਬਾਰ ਹੈ।

ਤਸਵੀਰ ਸਰੋਤ, Settld
ਟੈਕ ਰਾਊਂਡ ਦੇ ਮੁੱਖ ਸੰਪਾਦਕ ਡੇਵਿਡ ਸੋਫਰ ਦਾ ਕਹਿਣਾ ਹੈ ਕਿ ਇਹ ਵਾਧਾ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਹੋਇਆ ਸੀ।
ਉਨ੍ਹਾਂ ਨੇ ਕਿਹਾ, "ਕੋਵਿਡ ਨੇ ਕੀ ਕੀਤਾ ਕਿ ਲੋਕਾਂ ਨੂੰ ਜ਼ਿੰਦਗੀ ਦੀ ਅਹਿਮੀਅਤ ਦਿਖਾਈ"। ਉਹ ਕਹਿੰਦੇ ਹਨ ਇਸ ਨੇ ਮੌਤ ਬਾਰੇ ਗੱਲ ਕਰਨ ਨਾਲ ਜੁੜੇ ਕਈ ਟੈਬੂ ਤੋੜਨ ਵਿੱਚ ਮਦਦ ਕੀਤੀ।
ਨਤੀਜੇ ਵਜੋਂ ਅਸੀਂ ਸੋਗ ਮਨਾਉਣ ਦੌਰਾਨ ਤਕਨੀਕ ਦੇ ਇਸਤੇਮਾਲ ਪ੍ਰਤੀ ਹੋਰ ਖੁੱਲ੍ਹ ਦਿਲੀ ਦਿਖਾ ਸਕੇ।
ਉਹ ਕਹਿੰਦੇ ਹਨ,"ਇੱਕੋ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੂਚਿਤ ਕਰ ਸਕਣਾ, ਮਰ ਚੁੱਕਿਆਂ ਨੂੰ ਵੌਇਸ ਰਿਕਾਰਡਿੰਗਾਂ ਜਾਂ ਵਿਜ਼ੂਅਲ ਸੰਦੇਸ਼ਾਂ ਨਾਲ ਯਾਦ ਰੱਖ ਸਕਣਾ ਇਹ ਸਭ ਮਹੱਤਵਪੂਰਨ ਹਨ।"
ਸੋਫਰ ਦਾ ਮੰਨਣਾ ਹੈ ਕਿ ਇਸ ਰੁਝਾਨ ਦੇ ਹੋਰ ਵੀ ਡੂੰਘੇ ਅਰਥ ਵੀ ਹਨ। ਸੋਫਰ ਕਹਿੰਦੇ ਹਨ, "ਜਦੋਂ ਤਕਨਾਲੋਜੀ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਕਸਤ ਹੁੰਦੀ ਹੈ, ਤਾਂ ਇਹ ਚੰਗੀ ਗੱਲ ਹੈ।"
"ਲੇਕਿਨ ਜਦੋਂ ਇਹ ਗ਼ੈਰ-ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦੀ ਹੈ, ਜਿਵੇਂ ਕਿ ਸੋਗ ਦੀ ਪ੍ਰਕਿਰਿਆ, ਇਹੀ ਤਕਨਾਲੋਜੀ ਦਾ ਅਸਲ ਉਦੇਸ਼ ਹੈ।"
ਫਿਰ ਵੀ ਐਂਟਰੋਬਸ ਨੇ ਸਾਵਧਾਨ ਕੀਤਾ ਕਿ ਜਦੋਂ ਦੁੱਖ 'ਤੇ ਕਾਬੂ ਪਾਉਣ ਦੀ ਗੱਲ ਆਉਂਦੀ ਹੈ ਤਾਂ ਮਨੁੱਖੀ ਸਾਥ ਦਾ ਕੋਈ ਬਦਲ ਨਹੀਂ ਹੈ।
ਤਕਨੀਕ ਸੋਗ ਮਨਾਉਣ ਦੇ ਰਵਾਇਤੀ ਪਹਿਲੂਆਂ ਉੱਪਰ ਛਾ ਜਾਵੇਗੀ, ਮੈਂ ਇਸਦੀ ਕਲਪਨਾ ਨਹੀਂ ਕਰ ਸਕਦੀ, ਜਿਵੇਂ ਲੋਕਾਂ ਦੇ ਨਾਲ ਮਹਿਸੂਸ ਕਰਨਾ, ਦੇਖਭਾਲ ਅਤੇ ਪ੍ਰੋਤਸਾਹਨ ਮਹਿਸੂਸ ਕਰਨਾ।"















