ਰਾਜਸਥਾਨ: ਦਲਿਤ ਮਜ਼ਦੂਰ ਦੇ ਆਈਆਈਟੀ ਤੋਂ ਪੜ੍ਹੇ ਅਧਿਕਾਰੀ ਪੁੱਤਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ…

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਸਹਿਯੋਗੀ, ਨੀਮਕਾਥਾਨਾ ਰਾਜਸਥਾਨ

ਸਾਲ 2019 ’ਚ ਆਈਆਈਟੀ ਕਾਨਪੁਰ ਤੋਂ ਅਰਥ ਸ਼ਾਸਤਰ ’ਚ ਬੀਐੱਸਸੀ ਗ੍ਰੈਜੂਏਟ। ਸਾਲ 2021 ’ਚ ਰਾਜਸਥਾਨ ਲੋਕ ਸੇਵਾ ਕਮਿਸ਼ਨ, ਆਰਪੀਐੱਸਸੀ ਦੀ ਆਰਏਐੱਸ ਭਰਤੀ ਲਈ ਮੁੱਖ ਪ੍ਰੀਖਿਆ ਦਿੱਤੀ।

ਸਾਲ 2022 ’ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਯੂਪੀਐੱਸਸੀ ਦੀ ਆਈਏਐੱਸ ਭਰਤੀ ਦੀ ਮੁੱਖ ਪ੍ਰੀਖਿਆ ਦਿੱਤੀ। ਸਾਲ 2023 ’ਚ ਰਾਜਸਥਾਨ ਸਰਕਾਰ ’ਚ ਗ੍ਰਾਮ ਵਿਕਾਸ ਅਧਿਕਾਰੀ ਦੇ ਅਹੁਦੇ ਲਈ ਚੋਣ।

ਸਾਲ 2023 ’ਚ ਲਗਾਤਾਰ ਦੂਜੀ ਵਾਰ ਯੂਪੀਐੱਸਸੀ ਸਿਵਲ ਸਰਵਿਸਿਜ਼ ਦੀ ਮੁੱਖ ਪ੍ਰੀਖਿਆ ਦਿੱਤੀ।

ਇਹ ਪ੍ਰਾਪਤੀ ਹੈ ਮਨਰੇਗਾ ਮਜ਼ਦੂਰ ਅਤੇ ਇੱਟਾਂ ਦੇ ਭੱਠਿਆਂ ’ਤੇ ਕੰਮ ਕਰਨ ਵਾਲੇ ਮਾਤਾ-ਪਿਤਾ ਦੇ ਪੁੱਤਰ ਅਤੇ ਤਿੰਨ ਭੈਣਾਂ ਦੇ ਵੱਡੇ ਭਰਾ 25 ਸਾਲਾ ਲਲਿਤ ਬੇਨੀਵਾਲ ਦੀ, ਜਿਨ੍ਹਾਂ ਦੀ ਮ੍ਰਿਤਕ ਦੇਹ ਬੀਤੀ 18 ਫਰਵਰੀ ਨੂੰ ਉਨ੍ਹਾਂ ਦੇ ਘਰੋਂ ਬਰਾਮਦ ਹੋਈ ਹੈ।

22 ਫਰਵਰੀ ਦੀ ਦੁਪਹਿਰ ਦਾ ਸਮਾਂ ਹੈ। ਨੀਮਕਾਥਾਨਾ-ਅਜੀਤਗੜ੍ਹ ਰੋਡ ’ਤੇ ਬਣੇ ਥੋਈ ਪੁਲਿਸ ਸਟੇਸ਼ਨ ’ਚ ਘੁੰਡ ਕੱਢੇ ਇੱਕ ਔਰਤ ਨੂੰ ਤਿੰਨ ਕੁੜੀਆਂ ਸਹਾਰਾ ਦਿੰਦੇ ਹੋਏ ਥਾਣੇ ਦੇ ਅੰਦਰ ਆਉਂਦੀਆ ਹਨ।

ਭਾਵਹੀਣ ਚਿਹਰੇ, ਹੌਲੀ-ਹੌਲੀ ਅੱਗੇ ਵੱਲ ਨੂੰ ਵਧਦੇ ਕਦਮ ਅਤੇ ਖਾਮੋਸ਼ ਅੱਖਾਂ ਤੋਂ ਹੀ ਉਨ੍ਹਾਂ ਦੀ ਦਿਲ ਦਾ ਹਾਲ ਬਿਆਨ ਹੋ ਰਿਹਾ ਸੀ।

ਇਹ ਔਰਤ ਲਲਿਤ ਬੇਨੀਵਾਲ ਦੀ ਮਾਂ ਆਂਚੀ ਦੇਵੀ ਹੈ ਅਤੇ ਉਨ੍ਹਾਂ ਦੇ ਨਾਲ ਤੁਰਦੀਆਂ ਕੁੜੀਆਂ ਪੂਜਾ, ਅੰਨੂ ਅਤੇ ਅਨੀਤਾ ਲਲਿਤ ਦੀਆਂ ਭੈਣਾਂ ਹਨ।

ਇਹ ਚਾਰੇ ਲਲਿਤ ਬੇਨੀਵਾਲ ਦੀ ਖੁਦਕੁਸ਼ੀ ਮਾਮਲੇ ’ਚ ਦਰਜ ਹੋਈ ਐੱਫਆਈਆਰ ਦੇ ਪੰਜਵੇਂ ਦਿਨ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਆਏ ਹਨ।

ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਤਣਾਅ ਦਾ ਸ਼ਿਕਾਰ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ’ਤੇ ਸੰਪਰਕ ਕਰ ਕੇ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।

ਘੁਟਾਲੇ ਦੀ ਐੱਫਆਈਆਰ

ਥੋਈ ਥਾਣੇ ਤੋਂ ਤਕਰੀਬਨ 12 ਕਿਲੋਮੀਟਰ ਦੂਰ ਚੀਪਲਾਟਾ ਗ੍ਰਾਮ ਪੰਚਾਇਤ ਹੈ। ਪਿੰਡ ਦੀ ਮੁੱਖ ਸੜਕ ਦੇ ਖੱਬੇ ਪਾਸੇ ਪੰਚਾਇਤ ਦਫ਼ਤਰ ਮੌਜੂਦ ਹੈ।

ਇਸੇ ਗ੍ਰਾਮ ਪੰਚਾਇਤ ’ਚ ਲਲਿਤ ਬੇਨੀਵਾਲ ਬਤੌਰ ਗ੍ਰਾਮ ਵਿਕਾਸ ਅਧਿਕਾਰੀ (ਵੀਡੀਓ) ਦੇ ਅਹੁਦੇ ’ਤੇ 19 ਅਪ੍ਰੈਲ, 2023 ਤੋਂ ਭਾਵ ਪਿਛਲੇ 10 ਮਹੀਨਿਆਂ ਤੋਂ ਸੇਵਾਵਾਂ ਨਿਭਾ ਰਹੇ ਸਨ।

ਅਜੀਤਗੜ੍ਹ ਪੰਚਾਇਤ ਕਮੇਟੀ ਦੇ ਅਧੀਨ ਇਸ ਪੰਚਾਇਤ ’ਚ ਵਿੱਤੀ ਸਾਲ 2021-2022 ਅਤੇ 2022-2023 ਦੇ ਦੌਰਾਨ ਹੋਏ ਲੈਣ-ਦੇਣ ਅਤੇ ਕੰਮਾਂ ਦਾ ਹਾਲ ਹੀ ’ਚ ਲੇਖਾ-ਜੋਖਾ ਲਿਆ ਗਿਆ ਹੈ।

ਇਸ ਆਡਿਟ ਦੌਰਾਨ ਪੰਜ ਲੱਖ ਵੀਹ ਹਜ਼ਾਰ ਗਿਆਰਾਂ ਰੁਪਏ ਦੇ ਸਰਕਾਰੀ ਪੈਸੇ ਦੀ ਬੇਨਿਯਮੀ ਸਾਹਮਣੇ ਆਈ ਹੈ।

ਆਡਿਟ ਰਿਪੋਰਟ ਦੇ ਆਧਾਰ ’ਤੇ ਅਜੀਤਗੜ੍ਹ ਦੇ ਬਲਾਕ ਵਿਕਾਸ ਅਧਿਕਾਰੀ, ਬੀਡੀਓ ਅਜੈ ਸਿੰਘ ਦੇ ਮੌਖਿਕ ਹੁਕਮ ’ਤੇ ਲਲਿਤ ਬੇਨੀਵਾਲ ਨੇ ਥੋਈ ਥਾਣੇ ’ਚ 15 ਫਰਵਰੀ ਨੂੰ ਚੀਪਲਾਟਾ ਸਰਪੰਚ ਮਨੋਜ ਗੁਰਜਰ ਅਤੇ ਸਾਬਕਾ ਸਰਪੰਚ ਬੀਰਬਲ ਗੁਰਜਰ ਦੇ ਖ਼ਿਲਾਫ ਸਰਕਾਰੀ ਪੈਸੇ ਦੇ ਗਬਨ ਦੀ ਐੱਫਆਈਆਰ ਦਰਜ ਕਰਵਾਈ ਸੀ।

ਕਿਹਾ ਜਾ ਰਿਹਾ ਹੈ ਕਿ ਐੱਫਆਈਆਰ ਦਰਜ ਹੋਣ ਦੀ ਸੂਚਨਾ ਤੋਂ ਬਾਅਦ ਸਰਪੰਚ ਬੀਰਬਲ ਅਤੇ ਹੋਰਨਾਂ ਲੋਕਾਂ ਨੇ ਲਲਿਤ ਬੇਨੀਵਾਲ ਨੂੰ ਡਰਾਇਆ-ਧਮਕਾਇਆ ਅਤੇ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ।

ਐੱਫਆਈਆਰ ਦਰਜ ਹੋਣ ਤੋਂ ਬਾਅਦ 18 ਫਰਵਰੀ ਦੀ ਸਵੇਰ ਨੂੰ ਲਲਿਤ ਬੇਨੀਵਾਲ ਦੇ ਘਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ।

ਪੁਲਿਸ ਨੂੰ ਮੌਕੇ ਵਾਲੀ ਥਾਂ ਤੋਂ 9 ਪੰਨਿਆਂ ਦਾ ਇੱਕ ਸੁਸਾਈਡ ਨੋਟ ਹਾਸਲ ਹੋਇਆ ਹੈ।

ਜਿਸ ’ਚ ਡਰਾਉਣ-ਧਮਕਾਉਣ, ਗ਼ਲਤ ਢੰਗ ਨਾਲ ਕੰਮ ਕਰਨ ਦਾ ਦਬਾਅ ਪਾਉਣ, ਸਰਕਾਰੀ ਆਈਡੀ ਤੋਂ ਓਟੀਪੀ ਲੈ ਕੇ ਲੱਖਾਂ ਰੁਪਏ ਕਢਵਾਉਣ ਦੇ ਨਾਲ-ਨਾਲ ਸਰਕਾਰੀ ਪੈਸੇ ਦੇ ਗਬਨ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ।

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਕਰਨ ’ਤੇ ਥਾਣਾ ਥੋਈ ਵਿਖੇ ਪੰਚਾਇਤ ਕਲਰਕ ਜਗਦੇਵ, ਠੇਕੇਦਾਰ ਪੋਖਰ, ਸਰਪੰਚ ਮਨੋਜ ਗੁਰਜਰ, ਸਾਬਕਾ ਸਰਪੰਚ ਬੀਰਬਲ ਗੁਰਜਰ, ਸਾਬਕਾ ਗ੍ਰਾਮ ਸੇਵਕ ਨਰਿੰਦਰ ਪ੍ਰਤਾਪ, ਅਜੀਤਗੜ੍ਹ ਵਿਕਾਸ ਅਧਿਕਾਰੀ ਅਤੇ ਮੰਗਲ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

‘ਸਾਨੂੰ ਲੱਗਿਆ ਪੜ੍ਹ ਰਿਹਾ ਹੈ’

ਥੋਈ ਥਾਣੇ ਤੋਂ ਤਕਰੀਬਨ 8 ਕਿਲੋਮੀਟਰ ਦੂਰ ਝਾੜਲੀ ਪਿੰਡ ਦੀਆਂ ਤੰਗ ਕੱਚੀਆਂ-ਪੱਕੀਆਂ ਅਤੇ ਸ਼ਾਂਤ ਗਲੀਆਂ ’ਚੋਂ ਹੁੰਦੇ ਹੋਏ ਅਸੀਂ ਪਿੰਡ ਦੇ ਅੰਦਰ ਪਹੁੰਚੇ।

ਮੁੱਖ ਸੜਕ ਦੇ ਸੱਜੇ ਪਾਸੇ ਬੀਤੇ ਪੰਜ ਦਿਨਾਂ ਤੋਂ ਕੁਝ ਲੋਕ ਟੈਂਟ ਲਗਾ ਕੇ ਸ਼ੋਕ ਸਭਾ ’ਚ ਬੈਠੇ ਹੋਏ ਹਨ। ਇੱਕ ਮੇਜ਼ ’ਤੇ ਲਲਿਤ ਬੇਨੀਵਾਲ ਦੀ ਤਸਵੀਰ ’ਤੇ ਫੁੱਲਾਂ ਦਾ ਹਾਰ ਚੜਾਇਆ ਹੋਇਆ ਹੈ।

ਸ਼ੋਕ ਸਭਾ ਦੇ ਬਿਲਕੁਲ ਪਿੱਛੇ ਪੱਕੇ ਬਣੇ ਛੋਟੇ-ਛੋਟੇ ਘਰਾਂ ’ਚ ਦੋ ਕਮਰਿਆਂ ਦਾ ਇੱਕ ਘਰ ਹੈ, ਲਲਿਤ ਬੇਨੀਵਾਲ ਦਾ।

ਰਸੋਈ ਨਾਲ ਲੱਗਦੇ ਛੋਟੇ ਜਿਹੇ ਕਮਰੇ ਦੀ ਸੀਮਿੰਟ ਨਾਲ ਬਣੀ ਖਿੜਕੀ ਟੁੱਟੀ ਹੋਈ ਹੈ। ਲਲਿਤ ਬੇਨੀਵਾਲ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਇਸੇ ਕਮਰੇ ’ਚੋਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਮਿਲੀ ਹੈ।

ਸ਼ੋਕ ਸਭਾ ’ਚ ਬੈਠੀਆਂ ਲਲਿਤ ਦੀਆਂ ਤਿੰਨੇ ਭੈਣਾਂ ’ਚੋਂ ਸਭ ਤੋਂ ਵੱਡੀ ਭੈਣ ਪੂਜਾ ਹੇਠਾਂ ਵੱਲ ਵੇਖਦੇ ਹੋਏ ਕਹਿੰਦੇ ਹਨ, "17 ਫਰਵਰੀ ਦੀ ਸ਼ਾਮ ਨੂੰ ਲਲਿਤ ਵੀਰ ਜੀ ਮੈਨੂੰ ਲਾਇਬ੍ਰੇਰੀ ਤੋਂ ਘਰ ਲੈ ਕੇ ਆਏ ਸਨ, ਉਸ ਵੇਲੇ ਉਹ ਬਹੁਤ ਪਰੇਸ਼ਾਨ ਸਨ। ਮੈਂ ਉਨ੍ਹਾਂ ਨੂੰ ਕਿਹਾ ਵੀ ਕਿ ਤੁਸੀਂ ਨੌਕਰੀ ਛੱਡ ਦਿਓ, ਸਾਨੂੰ ਤਾਂ ਤੁਸੀਂ ਖੁਸ਼ ਚਾਹੀਦੀ ਹੋ।”

“ਰਾਤ ਨੂੰ ਮੈਂ ਕਿਹਾ ਕਿ ਵੀਰ ਜੀ ਅਸੀਂ ਤੁਹਾਨੂੰ ਇੱਕਲਾ ਨਹੀਂ ਛੱਡਾਂਗੇ, ਅਸੀਂ ਇਸੇ ਕਮਰੇ ’ਚ ਸੌਵਾਂਗੇ। ਪਰ ਉਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਿਲਾਸਾ ਦਿੱਤਾ ਜਿਵੇਂ ਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਤਣਾਅ ਮੁਕਤ ਹੋਣ।"

"ਅਸੀਂ ਸਾਰੇ ਸੌਂ ਗਏ। ਜਦੋਂ ਮੰਮੀ ਦੇਰ ਰਾਤ ਉੱਠੇ ਤਾਂ ਲਲਿਤ ਕੁਝ ਲਿਖ ਰਹੇ ਸਨ। ਮੰਮੀ ਨੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੈਂ ਪੜ੍ਹ ਰਿਹਾ ਹਾਂ, ਤੁਸੀਂ ਜਾ ਕੇ ਸੌਂ ਜਾਓ। ਇਹ ਸਵੇਰੇ ਚਾਰ ਵਜੇ ਦੀ ਗੱਲ ਹੈ।”

ਲਲਿਤ ਦੀ ਮਾਂ ਆਂਚੀ ਦੇਵੀ ਦਾ ਕਹਿਣਾ ਹੈ, “ਮੈਂ 4-5 ਵਜੇ ਉੱਠ ਜਾਂਦੀ ਹਾਂ। ਜਦੋਂ ਮੈਂ ਤਿੰਨ ਵਜੇ ਉੱਠੀ ਤਾਂ ਉਹ ਸ਼ਾਇਦ ਫੋਨ ’ਤੇ ਗੱਲ ਕਰ ਰਿਹਾ ਸੀ। ਮੈਂ ਜਦੋਂ ਚਾਰ ਵਜੇ ਉੱਠੀ ਤਾਂ ਉਹ ਕਮਰੇ ’ਚ ਮੇਜ਼ ’ਤੇ ਬੈਠਾ ਕੁਝ ਲਿਖ ਰਿਹਾ ਸੀ।”

“ਮੈਂ ਲਲਿਤ ਨੂੰ ਬਾਬੂ ਕਹਿ ਕੇ ਬਲਾਉਂਦੀ ਹਾਂ। ਜਦੋਂ ਮੈਂ ਕਿਹਾ ਕਿ ਸੌਂ ਜਾ ਤਾਂ ਉਸ ਨੇ ਕਿਹਾ ਕਿ ਠੀਕ ਹੈ ਸੌਂ ਜਾਂਦਾ ਹਾਂ। ਇਹੀ ਆਖ਼ਰੀ ਗੱਲਬਾਤ ਸੀ ਸਾਡੀ। ਮੈਨੂੰ ਲੱਗਿਆ ਕਿ ਉਹ ਪੜ੍ਹ ਰਿਹਾ ਹੈ, ਪਰ ਉਹ ਤਾਂ ਸੁਸਾਈਡ ਨੋਟ ਲਿਖ ਰਿਹਾ ਸੀ।”

ਭੈਣ ਪੂਜਾ ਦਾ ਕਹਿਣਾ ਹੈ, “ਮੈਂ ਜਦੋਂ ਸਵੇਰੇ ਉੱਠੀ ਤਾਂ ਵੇਖਿਆ ਕਿ ਕਮਰੇ ’ਚ ਲਾਈਟ ਜਗ ਰਹੀ ਸੀ। ਮੈਂ ਜਦੋਂ ਦਰਵਾਜ਼ਾ ਖਟਖਟਾਇਆ ਤਾਂ ਉਨ੍ਹਾਂ ਨੇ ਦਰਵਾਜ਼ਾ ਨਾ ਖੋਲ੍ਹਿਆ। ਫਿਰ ਮੰਮੀ ਆਏ ਅਤੇ ਉਨ੍ਹਾਂ ਨੇ ਖਿੜਕੀ ’ਚੋਂ ਵੇਖਿਆ ਤਾਂ ਉਹ ਲਟਕੇ ਹੋਏ ਸਨ।”

“ਸਾਨੂੰ ਕੁਝ ਸਮਝ ਨਹੀਂ ਆਇਆ ਅਤੇ ਅਸੀਂ ਦਰਵਾਜ਼ਾ ਅਤੇ ਖਿੜਕੀ ਤੋੜਨ ਦਾ ਯਤਨ ਕੀਤਾ ਕਿ ਇੰਨ੍ਹੇ ਨੂੰ ਪਿੰਡ ਵਾਲੇ ਵੀ ਇੱਕਠੇ ਹੋ ਗਏ। ਵੀਰੇ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਪਰ ਉੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।”

ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ

“ਵੀਰ ਜੀ ਸਾਨੂੰ ਵੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਦਿੰਦੇ ਸਨ। ਉਨ੍ਹਾਂ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਉਸ ਦਾ ਨਤੀਜਾ ਇਹ ਨਿਕਲ ਕੇ ਆਇਆ ਹੈ।”

ਇਹ ਕਹਿੰਦੇ ਹੋਏ ਅੰਨੂ ਰੋਣ-ਹਾਕੀ ਹੋ ਜਾਂਦੀ ਹੈ। ਅੰਨੂ ਦਾ ਕਹਿਣਾ ਹੈ, “ਐੱਫਆਈਆਰ ਹੋਣ ਤੋਂ ਬਾਅਦ ਹੀ ਉਹ ਬਹੁਤ ਤਣਾਅ ’ਚ ਰਹਿਣ ਲੱਗ ਪਏ ਸਨ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ, ਜਿਸ ਕਰਕੇ ਉਹ ਤਣਾਅ ਦਾ ਸ਼ਿਕਾਰ ਹੋ ਰਹੇ ਸਨ।"

"ਉਸ ਰਾਤ ਉਨ੍ਹਾਂ ਨੇ ਰੋਟੀ ਵੀ ਨਹੀਂ ਖਾਧੀ। ਉਹ ਖੁਦਕੁਸ਼ੀ ਨਹੀਂ ਕਰ ਸਕਦੇ ਸਨ, ਉਨ੍ਹਾਂ ਨੂੰ ਇਹ ਕਾਰਾ ਕਰਨ ਲਈ ਮਜਬੂਰ ਕੀਤਾ ਗਿਆ ਹੈ। ਉਹ ਸਿਰਫ਼ ਸਾਡੇ ਭਰਾ ਨਹੀਂ ਬਲਕਿ ਪੂਰੀ ਦੁਨੀਆ ਸਨ। ਸਾਡੇ ਤੋਂ ਸਾਡਾ ਰੱਬ ਖੋਹ ਲਿਆ ਹੈ।”

ਦੂਜੇ ਪਾਸੇ ਮਾਂ ਆਂਚੀ ਦੇਵੀ ਦਾ ਕਹਿਣਾ ਹੈ, “ਪਿਛਲੇ ਇੱਕ ਮਹੀਨੇ ਤੋਂ ਉਹ ਬਹੁਤ ਪਰੇਸ਼ਾਨ ਸੀ, ਪਰ ਉਹ ਸਾਡੇ ਤੋਂ ਲੁਕਾਉਂਦਾ ਸੀ।”

“ਇੱਕ ਦਿਨ ਤਾਂ ਮੇਰੇ ਗਲ ਲੱਗ ਕੇ ਰੋਇਆ ਵੀ ਸੀ। ਕਹਿੰਦਾ ਕਿ ਮੈਂ ਨੌਕਰੀ ਛੱਡ ਦੇਵਾਂਗਾ, ਬਹੁਤ ਪਰੇਸ਼ਾਨ ਹੋ ਗਿਆ ਹਾਂ। ਉਹ ਵਾਰ-ਵਾਰ ਕਹਿੰਦਾ ਸੀ ਕਿ ਨੌਕਰੀ ਛੱਡਣ ਦੀ ਇੱਛਾ ਹੋ ਰਹੀ ਹੈ। ਉਹ ਗ਼ਲਤ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਂਦੇ ਹਨ ਅਤੇ ਭ੍ਰਿਸ਼ਟਾਚਾਰ ਕਰਦੇ ਹਨ।”

ਲਲਿਤ ਦੀ ਭੈਣ ਅੰਨੂ ਦਾ ਕਹਿਣਾ ਹੈ, “ਮੇਰੇ ਭਰਾ ਨੂੰ ਮਾਨਸਿਕ ਤੌਰ ’ਤੇ ਬਹੁਤ ਤੰਗ-ਪਰੇਸ਼ਾਨ ਕੀਤਾ ਗਿਆ ਹੈ। ਸਾਬਕਾ ਸਰਪੰਚ ਬੀਰਬਲ ਗੁਰਜਰ, ਮੌਜੂਦਾ ਸਰਪੰਚ ਮਨੋਜ ਕੁਮਾਰ ਅਤੇ ਅਜੀਤਗੜ੍ਹ ਵਿਕਾਸ ਅਧਿਕਾਰੀ ਨੇ ਬਹੁਤ ਤੰਗ-ਪਰੇਸ਼ਾਨ ਕੀਤਾ ਹੈ।”

“ਵੀਰ ਨੂੰ ਛੁੱਟੀ ਨਹੀਂ ਦਿੱਤੀ। ਅਸਤੀਫ਼ਾ ਦੇਣ ਗਏ ਤਾਂ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ। ਕੁਝ ਦਿਨਾਂ ਲਈ ਮੈਡੀਕਲ ਛੁਟੀ ਲਈ ਸੀ, ਉਸ ਦੌਰਾਨ ਵੀ ਉਨ੍ਹਾਂ ਨੂੰ ਕੰਮ ਕਰਨ ਲਈ ਬੁਲਾ ਲਿਆ ਜਾਂਦਾ ਸੀ।”

‘ਇਲਜ਼ਾਮ ਬੇਬੁਨਿਆਦ’

ਚੀਪਲਾਟਾ ਸਰਪੰਚ, ਸਾਬਕਾ ਸਰਪੰਚ, ਪੰਚਾਇਤ ਕਰਮਚਾਰੀ ਸਮੇਤ ਸਾਰੇ ਹੀ ਐੱਫਆਈਆਰ ਹੋਣ ਤੋਂ ਬਾਅਦ ਫਰਾਰ ਹਨ।

ਚੀਪਲਾਟਾ ਪਿੰਡ ਦੇ ਸਾਬਕਾ ਸਰਪੰਚ ਬੀਰਬਲ ਗੁਰਜਰ ਦੇ ਬੇਟੇ ਮਨੋਜ ਗੁਰਜਰ ਮੌਜੂਦਾ ਸਰਪੰਚ ਹਨ। ਦੋਵੇਂ ਹੀ ਆਪਣੇ ਘਰ ਨਹੀਂ ਸਨ, ਪਰ ਮਨੋਜ ਦੇ ਛੋਟੇ ਭਰਾ ਰਾਹੁਲ ਗੁਰਜਰ ਨੇ ਇਸ ਮਾਮਲੇ ’ਚ ਆਪਣਾ ਪੱਖ ਰੱਖਦਿਆ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

ਰਾਹੁਲ ਨੇ ਸਰਕਾਰੀ ਪੈਸਿਆਂ ਦੇ ਘਪਲੇ ਦੇ ਇਲਜ਼ਾਮਾਂ ’ਤੇ ਕਿਹਾ ਹੈ, “ਸਾਲ 2021-22 ਅਤੇ 2022-23 ਦੇ ਆਡਿਟ ’ਚ ਪਾਈਆਂ ਗਈਆਂ ਕੁਝ ਕਮੀਆਂ ਨੂੰ ਗਬਨ ਦਾ ਨਾਮ ਦਿੱਤਾ ਗਿਆ ਹੈ। ਜਦਕਿ ਉਹ ਗਬਨ ਨਹੀਂ ਹੈ। ਸਾਡੇ ਕੋਲ ਇਸ ਦੇ ਬਿੱਲ ਹਨ।”

“ਬਿੱਲ ਨੂੰ ਰਿਕਾਰਡ ’ਚ ਲਿਆਉਣ ਦਾ ਕੰਮ ਤਤਕਾਲੀ ਬੀਡੀਓ ਨਰਿੰਦਰ ਪ੍ਰਤਾਪ ਸਿੰਘ ਨੇ ਕੀਤਾ ਸੀ ਅਤੇ ਉਨ੍ਹਾਂ ਦੇ ਇੱਥੋਂ ਤਬਾਦਲੇ ਤੋਂ ਬਾਅਦ ਉਨ੍ਹਾਂ ਨੇ ਸਾਰਾ ਡਾਟਾ ਪੰਚਾਇਤ ਕਮੇਟੀ ’ਚ ਜਮ੍ਹਾ ਕਰਵਾ ਦਿੱਤਾ ਸੀ।”

“ਨਰਿੰਦਰ ਦੇ ਤਬਾਦਲੇ ਤੋਂ ਬਾਅਦ ਲਲਿਤ ਬੇਨੀਵਾਲ ਨੇ ਇੱਥੇ ਜੁਆਇਨ ਕੀਤਾ ਸੀ। ਅਜੀਤਗੜ੍ਹ ਦੇ ਬੀਡੀਓ ਨੇ ਦਬਾਅ ਪਾ ਕੇ ਲਲਿਤ ਤੋਂ ਐੱਫਆਈਆਰ ਦਰਜ ਕਰਵਾਈ।"

"ਜਦਕਿ ਉਨ੍ਹਾਂ ਨੂੰ ਬਾਅਦ ’ਚ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹ ਕੋਈ ਘਪਲਾ ਨਹੀਂ ਸੀ। ਸਾਡੇ ਕੋਲ ਬਿੱਲ ਹਨ। ਅਸੀਂ ਖ਼ੁਦ ਚਾਹੁੰਦੇ ਹਾਂ ਕਿ ਇਸ ਦੀ ਨਿਰਪੱਖ ਜਾਂਚ ਹੋਵੇ। ਜੇਕਰ ਅਸੀਂ ਗ਼ਲਤ ਪਾਏ ਜਾਂਦੇ ਹਾਂ ਤਾਂ ਬਿਲਕੁਲ ਸਾਡੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।”

ਓਟੀਪੀ ਮੰਗ ਕੇ ਸਰਕਾਰੀ ਖ਼ਾਤੇ ’ਚੋਂ 11 ਲੱਖ ਰੁਪਏ ਕੱਢਵਾਏ ਗਏ। ਇਸ ਇਲਜ਼ਾਮ ’ਤੇ ਰਾਹੁਲ ਕਹਿੰਦੇ ਹਨ, “ਬਿਲਕੁਲ ਸਕਾਰਾਤਮਕ ਪ੍ਰਕਿਰਿਆ ਦੇ ਤਹਿਤ ਹੀ ਓਟੀਪੀ ਮੰਗਿਆ ਗਿਆ ਸੀ। ਜਿਸ ਕੰਮ ਦੇ ਭੁਗਤਾਨ ਲਈ ਓਟੀਪੀ ਮੰਗਿਆ ਗਿਆ ਸੀ, ਉਹ ਕੰਮ ਤਿੰਨ ਮਹੀਨੇ ਪਹਿਲਾਂ ਹੀ ਜ਼ਮੀਨੀ ਪੱਧਰ ’ਤੇ ਹੋ ਚੁੱਕਿਆ ਹੈ।”

ਮੁਲਜ਼ਮ ਵਿਕਾਸ ਅਧਿਕਾਰੀ ਕੀ ਬੋਲੇ

ਲਲਿਤ ਦੇ ਖੁਦਕੁਸ਼ੀ ਮਾਮਲੇ ’ਚ ਐੱਫਆਈਆਰ ’ਚ ਅਜੀਤਗੜ੍ਹ ਦੇ ਵੀਡੀਓ ਦਾ ਨਾਮ ਵੀ ਦਰਜ ਹੈ।

ਐੱਫਆਈਆਰ ਤੋਂ ਬਾਅਦ ਸਰਕਾਰ ਨੇ ਅਜੀਤਗੜ੍ਹ ਦੇ ਬੀਡੀਓ ਅਜੈ ਸਿੰਘ ਨੂੰ ਏਪੀਓ (ਫੀਲਡ ਪੋਸਟਿੰਗ ਤੋਂ ਹਟਾ ਦਿੱਤਾ ਹੈ) ਬਣਾ ਦਿੱਤਾ ਹੈ।

ਅਜੈ ਸਿੰਘ ’ਤੇ ਇਲਜ਼ਾਮ ਹੈ ਕਿ ਸਰਪੰਚ ਵੱਲੋਂ ਪਰੇਸ਼ਾਨ ਕਰਨ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਲਲਿਤ ਦਾ ਤਬਾਦਲਾ ਨਹੀਂ ਕੀਤਾ। ਉਸ ’ਤੇ ਕੰਮ ਦਾ ਦਬਾਅ ਬਣਾਉਂਦੇ ਸਨ ਅਤੇ ਅਸਤੀਫ਼ਾ ਵੀ ਸਵੀਕਾਰ ਨਹੀਂ ਕਰਦੇ ਸਨ।

ਅਜੈ ਸਿੰਘ ਆਪਣੇ ’ਤੇ ਲੱਗੇ ਇਲਜ਼ਾਮਾਂ ਬਾਰੇ ਸਫਾਈ ਦਿੰਦੇ ਹੋਏ ਕਹਿੰਦੇ ਹਨ, “ਲਲਿਤ ਨੇ ਅਕਤੂਬਰ ’ਚ ਹੀ ਅਸਤੀਫ਼ਾ ਦੇ ਦਿੱਤਾ ਸੀ, ਪਰ ਅਸਤੀਫ਼ਾ ਮਨਜ਼ੂਰ ਕਰਨ ਦਾ ਅਧਿਕਾਰ ਸੀਈਓ ਜ਼ਿਲ੍ਹਾ ਕੌਂਸਲ ਦਾ ਹੁੰਦਾ ਹੈ।"

"ਇਸ ਲਈ ਮੈਂ ਰਿਪੋਰਟ ਬਣਾ ਕੇ ਸੀਈਓ ਨੂੰ ਭੇਜ ਦਿੱਤੀ ਸੀ। ਸੀਈਓ ਨੇ ਲਲਿਤ ਨੂੰ ਬੁਲਾਇਆ ਅਤੇ ਉਸ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਲਲਿਤ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ।”

“ਦੂਜੀ ਵਾਰ ਉਨ੍ਹਾਂ ਨੇ 15 ਤਰੀਕ ਨੂੰ ਜ਼ੁਬਾਨੀ ਕਿਹਾ ਕਿ ਮੈਂ ਅਸਤੀਫ਼ਾ ਦੇਣਾ ਚਾਹੁੰਦਾ ਹਾਂ, ਕਿਉਂਕਿ ਸਰਪੰਚ ਮੈਨੂੰ ਬਹੁਤ ਪਰੇਸ਼ਾਨ ਕਰਦੇ ਹਨ। ਪਰ ਲਲਿਤ ਨੇ ਮੈਨੂੰ ਕਦੇ ਵੀ ਲਿਖਤੀ ਨਹੀਂ ਦਿੱਤਾ ਕਿ ਸਰਪੰਚ ਅਤੇ ਸਾਬਕਾ ਸਰਪੰਚ ਕਿਸ ਤਰ੍ਹਾਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ।”

ਤਬਾਦਲਾ ਨਾ ਕਰਨ ਦੇ ਇਲਜ਼ਾਮ ’ਤੇ ਉਨ੍ਹਾਂ ਦਾ ਕਹਿਣਾ ਹੈ, “ਪੰਚਾਇਤੀ ਰਾਜ ਵਿਭਾਗ ਦੇ ਨਿਯਮਾਂ ਦੇ ਅਨੁਸਾਰ ਬਲਾਕ ਵਿਕਾਸ ਅਧਿਕਾਰੀ ਦੇ ਕੋਲ ਗ੍ਰਾਮ ਵਿਕਾਸ ਅਫ਼ਸਰ ਦਾ ਤਬਾਦਲਾ ਕਰਨ ਦਾ ਅਧਿਕਾਰ ਨਹੀਂ ਹੁੰਦਾ ਹੈ।"

"ਪ੍ਰਧਾਨ ਦੀ ਅਗਵਾਈ ਹੇਠ 10 ਮੈਂਬਰਾਂ ਦੀ ਸਥਾਈ ਕਮੇਟੀ ਤਬਾਦਲਾ ਕਰਦੀ ਹੈ। 19 ਫਰਵਰੀ ਨੂੰ ਸਥਾਈ ਕਮੇਟੀ ਨੇ ਬੈਠਕ ਸੱਦੀ ਸੀ। ਮੈਂ ਕਿਹਾ ਸੀ ਕਿ ਲਲਿਤ ਮੈਂ ਪ੍ਰਧਾਨ ਨੂੰ ਕਹਿ ਦੇਵਾਂਗਾ ਕਿ ਤਬਾਦਲਾ ਕਰਵਾ ਦਿਓ।”

ਛੁੱਟੀਆਂ ਨਾ ਦੇਣ ਦੇ ਇਲਜ਼ਾਮ ’ਤੇ ਅਜੈ ਸਿੰਘ ਕਹਿੰਦੇ ਹਨ, “ਛੁੱਟੀਆਂ ਉਨ੍ਹਾਂ ਨੇ ਮੰਗੀਆਂ ਅਤੇ ਉਨ੍ਹਾਂ ਨੂੰ ਛੁੱਟੀਆਂ ਦਿੱਤੀਆਂ ਵੀ ਗਈਆਂ। 10 ਜੁਲਾਈ ਤੋਂ 25 ਸਤੰਬਰ ਤੱਕ 78 ਦਿਨਾਂ ਤੱਕ ਉਹ ਛੁੱਟੀ ’ਤੇ ਹੀ ਸਨ।”

“ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਬਤੌਰ ਪਹਿਲੀ ਪੋਸਟਿੰਗ 19 ਅਪ੍ਰੈਲ, 2023 ਨੂੰ ਚੀਪਲਾਟਾ ਪੰਚਾਇਤ ’ਚ ਗ੍ਰਾਮ ਵਿਕਾਸ ਅਧਿਕਾਰੀ ਦੇ ਅਹੁਦੇ ’ਤੇ ਜੁਆਇਨ ਕਰ ਲਿਆ।"

"ਜਿਸ ਤੋਂ ਬਾਅਦ ਉਹ 10 ਜੁਲਾਈ ਤੋਂ 25 ਸਤੰਬਰ ਤੱਕ 78 ਦਿਨਾਂ ਤੱਕ ਯੂਪੀਐੱਸਸੀ ਦੀ ਮੁੱਖ ਪ੍ਰੀਖਿਆ ਦੀ ਤਿਆਰੀ ਦੇ ਲਈ ਛੁੱਟੀ ’ਤੇ ਚਲੇ ਗਏ।”

“19 ਅਪ੍ਰੈਲ ਤੋਂ 18 ਫਰਵਰੀ ਤੱਕ 10 ਮਹੀਨਿਆਂ ਭਾਵ 300 ਦਿਨਾਂ ਦੀ ਨੌਕਰੀ ’ਚ ਉਨ੍ਹਾਂ ਨੇ 101 ਦਿਨ ਤਾਂ ਛੁੱਟੀ ਹੀ ਲਈ ਹੈ। ਜਦਕਿ ਸ਼ਨੀਵਾਰ, ਐਤਵਾਰ ਅਤੇ ਸਰਕਾਰੀ ਛੁੱਟੀਆ ਇਸ ਤੋਂ ਵੱਖਰੀਆਂ ਸਨ।”

ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਕੱਢਵਾਏ ਜਾਣ ’ਤੇ ਅਜੈ ਸਿੰਘ ਦਾ ਕਹਿਣਾ ਹੈ, “ਮੈਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਵੀ ਸੀ ਕਿ ਪੰਚਾਇਤ ਦੇ ਆਡਿਟ ’ਚ ਵਿੱਤੀ ਮੁਸ਼ਕਲਾਂ ਆ ਰਹੀਆਂ ਹਨ। ਇਸ ਲਈ ਕੋਈ ਵੀ ਲੈਣ-ਦੇਣ ਨਾ ਕਰਨਾ। ਪਰ ਮੇਰੇ ਵੱਲੋਂ ਮਨ੍ਹਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਟ੍ਰਾਂਜੈਕਸ਼ਨ ਓਟੀਪੀ ਦੱਸਿਆ।”

ਹੁਣ ਤੱਕ ਕੀ ਕਾਰਵਾਈ ਹੋਈ ਹੈ

ਲਲਿਤ ਦੇ ਖੁਦਕੁਸ਼ੀ ਮਾਮਲੇ ’ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਪੀੜਤ ਪਰਿਵਾਰ ਦੇ ਬਿਆਨ ਦਰਜ ਹੋ ਗਏ ਹਨ, ਪਰ ਸਾਰੇ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਅਜੀਤਗੜ੍ਹ ਦੇ ਡਿਪਟੀ ਐੱਸਪੀ ਰਾਜੇਂਦਰ ਸਿੰਘ ਥੋਈ ਥਾਣੇ ’ਚ ਬੀਬੀਸੀ ਨੂੰ ਦੱਸਦੇ ਹਨ, “18 ਫਰਵਰੀ ਨੂੰ 7 ਨਾਮਜ਼ਦ ਮੁਲਜ਼ਮਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।"

"ਮੌਕੇ ਵਾਲੀ ਥਾ ਤੋਂ ਸੁਸਾਈਡ ਨੋਟ ਵੀ ਹਾਸਲ ਹੋਇਆ ਹੈ, ਇਸ ਦੇ ਨਾਲ ਹੀ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਹੈ। ਪੀੜਤ ਪਰਿਵਾਰ ਦੇ ਬਿਆਨ ਲਏ ਗਏ ਹਨ।”

ਉਨ੍ਹਾਂ ਦਾ ਕਹਿਣਾ ਹੈ, “ਸਬੂਤ ਇੱਕਠੇ ਕਰ ਰਹੇ ਹਾਂ। ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਜਾਵੇਗਾ।"

"ਸੁਸਾਈਡ ਨੋਟ ਅਤੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਮੁਲਜ਼ਮਾਂ ਵੱਲੋਂ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਸੀ, ਗ਼ਲਤ ਤਰ੍ਹਾਂ ਨਾਲ ਉਨ੍ਹਾਂ ਤੋਂ ਓਟੀਪੀ ਲੈ ਕੇ ਪੈਸਿਆਂ ਦੀ ਟ੍ਰਾਂਜੈਕਸ਼ਨ ਕੀਤੀ ਗਈ। ਜਾਂਚ ਜਾਰੀ ਹੈ ਅਤੇ ਜੋ ਵੀ ਇਸ ’ਚ ਹੋਰ ਦੋਸ਼ੀ ਪਾਏ ਜਾਣਗੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।”

15 ਤਰੀਕ ਨੂੰ ਲਲਿਤ ਨੇ ਸਰਪੰਚ ਅਤੇ ਸਾਬਕਾ ਸਰਪੰਚ ਦੇ ਖ਼ਿਲਾਫ਼ ਸਰਕਾਰੀ ਪੈਸਿਆਂ ਦੇ ਘਪਲੇ ਦੇ ਮੱਦੇਨਜ਼ਰ ਇੱਕ ਐੱਫਆਈਆਰ ਦਰਜ ਕਰਵਾਈ ਸੀ। ਉਸ ਜਾਂਚ ਦਾ ਕੀ ਬਣਿਆ?

ਬੀਬੀਸੀ ਵੱਲੋਂ ਕੀਤੇ ਗਏ ਇਸ ਸਵਾਲ ਦੇ ਜਵਾਬ ’ਚ ਡਿਪਟੀ ਐਸਪੀ ਨੇ ਕਿਹਾ, “ਆਡਿਟ ਦੇ ਦੌਰਾਨ 5 ਲੱਖ ਰੁਪਏ ਦੇ ਗਬਨ ਦੀ ਐੱਫਆਈਆਰ ਦਰਜ ਕਰਵਾਈ ਗਈ ਸੀ। ਲਲਿਤ ਦਾ ਬਿਆਨ ਦਰਜ ਹੋ ਗਿਆ ਸੀ। ਉਸ ਮਾਮਲੇ ’ਚ ਵੀ ਰਿਕਾਰਡ ਖੰਗਾਲੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ।”

ਸਮਾਜ ਸੇਵੀ ਗੀਗਰਾਜ ਜਾਡੋਲੀ ਇਸ ਸਾਰੀ ਘਟਨਾ ’ਚ ਪੀੜਤ ਪਰਿਵਾਰ ਦੇ ਨਾਲ ਕਾਗਜ਼ੀ ਕਾਰਵਾਈ ’ਚ ਸਾਥ ਦੇ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਇਹ ਖੁਦਕੁਸ਼ੀ ਨਹੀਂ ਹੈ। ਇਹ ਤਾਂ ਯੋਜਨਾਬਧ ਕਤਲ ਹੈ। ਪੁਲਿਸ ਪ੍ਰਸ਼ਾਸਨ ਨੇ 7 ਦਿਨਾਂ ’ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।”

“ਜੇਕਰ ਠੀਕ ਢੰਗ ਨਾਲ ਕਾਰਵਾਈ ਨਹੀਂ ਹੁੰਦੀ ਹੈ ਤਾਂ ਸੱਤ ਦਿਨਾਂ ਤੋਂ ਬਾਅਦ ਸੂਬੇ ਭਰ ’ਚ ਅੰਦੋਲਨ ਕੀਤਾ ਜਾਵੇਗਾ। ਐਟ੍ਰੋਸਿਟੀ ਐਕਟ ਦੇ ਤਹਿਤ ਐੱਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਦੀ ਪਹਿਲੀ ਤਰਜੀਹ ਬਣਦੀ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਜਾਵੇ, ਪਰ ਇਹ ਅਜੇ ਤੱਕ ਨਹੀਂ ਹੋਇਆ ਹੈ।”

“ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਹੈ। ਸਰਕਾਰ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ, 50 ਲੱਖ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ।"

"ਅਸੀਂ 23 ਫਰਵਰੀ ਨੂੰ ਕੁਲੈਕਟਰ ਅਤੇ ਐੱਸਪੀ ਨੂੰ ਵੀ ਮੰਗ ਪੱਤਰ ਸੌਂਪ ਕੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।”

ਪਰਿਵਾਰ ਦੀ ਸਥਿਤੀ ਕਿਵੇਂ ਦੀ ਹੈ

ਲਲਿਤ ਦਾ ਦੋ ਕਮਰਿਆਂ ਦਾ ਛੋਟਾ ਜਿਹਾ ਘਰ ਹੈ। ਘਰ ’ਚ ਜ਼ਰੂਰੀ ਸਮਾਨ ਦੇ ਨਾਮ ’ਤੇ ਸਿਰਫ ਦੋ ਮੰਜੇ, ਰਸੋਈ ਦਾ ਸਮਾਨ ਅਤੇ ਕੱਪੜੇ-ਲੱਤੇ ਹੀ ਹਨ। ਪਰ ਕੰਧਾਂ ’ਚ ਬਣੀਆਂ ਅਲਮਾਰੀਆਂ ’ਚ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਹਨ।

ਲਲਿਤ ਦੀ ਭੈਣ ਅੰਨੂ ਦਾ ਕਹਿਣਾ ਹੈ, “ਵੀਰ ਜੀ ਇਸ ਨੌਕਰੀ ਤੋਂ ਖੁਸ਼ ਨਹੀਂ ਸਨ, ਪਰ ਪਰਿਵਾਰਕ ਸਥਿਤੀਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਜੁਆਇਨ ਕਰ ਲਿਆ ਸੀ। ਉਹ ਤਾਂ ਯੂਪੀਐੱਸਸੀ ਤੋਂ ਆਈਏਐੱਸ ਬਣਨਾ ਚਾਹੁੰਦੇ ਸਨ।”

ਲਲਿਤ ਆਪਣੇ 6 ਮੈਂਬਰਾਂ ਵਾਲੇ ਪਰਿਵਾਰ ਨੂੰ ਸੰਭਾਲ ਰਹੇ ਸਨ।

ਲਲਿਤ ਦੀ ਮਾਂ ਆਂਚੀ ਦੇਵੀ ਮਨਰੇਗਾ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਪਿਤਾ ਹੀਰਾਲਾਲ ਬੇਨੀਵਾਲ ਪੰਜ ਸਾਲ ਪਹਿਲਾਂ ਅਧਰੰਗ ਦਾ ਸ਼ਿਕਾਰ ਹੋ ਗਏ ਸਨ।

ਬੀਤੇ ਸਾਲ ਜਦੋਂ ਉਨ੍ਹਾਂ ਦੀ ਸਿਹਤ ’ਚ ਕੁਝ ਸੁਧਾਰ ਹੋਇਆ ਤਾਂ ਉਹ ਪੰਜਾਬ ’ਚ ਇੱਟਾਂ ਦੇ ਭੱਠਿਆਂ ’ਤੇ ਛੋਟਾ-ਮੋਟਾ ਕੰਮ ਕਰ ਰਹੇ ਹਨ। ਲਲਿਤ ਦੀਆਂ ਤਿੰਨੇ ਭੈਣਾਂ ਪੜ੍ਹਾਈ ਕਰ ਰਹੀਆਂ ਹਨ। ਲਲਿਤ ’ਤੇ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ।

ਲਲਿਤ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ, "ਲਲਿਤ ਇਸ ਵਾਰ ਯੂਪੀਐਸਸੀ ਕਲੀਅਰ ਕਰ ਲੈਂਦੇ। ਸਾਡੇ ਪਿੰਡ ਇੱਕ ਆਈਏਐਸ ਤੋਂ ਵਾਂਝਾ ਰਹਿ ਗਿਆ ਹੈ।”

ਉਨ੍ਹਾਂ ਦੀਆਂ ਤਿੰਨੇ ਭੈਣਾਂ ਸਰਕਾਰੀ ਸਕੂਲ ਤੋਂ ਪੜ੍ਹਾਈਆਂ ਹਨ ਅਤੇ ਨਾਲ ਹੀ ਸਕੂਲ ਟਾਪਰ ਵੀ ਰਹੀਆਂ ਹਨ।

ਲਲਿਤ ਦੀ ਸਭ ਤੋਂ ਛੋਟੀ ਭੈਣ ਅਨੀਤਾ ਸੀਕਰ ਤੋਂ ਨੀਟ ਦੀ ਤਿਆਰੀ ਕਰ ਰਹੀ ਹੈ।

ਦੂਜੀ ਭੈਣ ਅੰਨੂ ਨੇ ਰਾਜਸਥਾਨ ਯੂਨੀਵਰਸਿਟੀ ਦੇ ਮਹਾਰਾਣੀ ਕਾਲਜ ਤੋਂ ਪਹਿਲੇ ਦਰਜੇ ਦੇ ਨਾਲ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਹੁਣ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ।

ਸਭ ਤੋਂ ਵੱਡੀ ਭੈਣ ਪੂਜਾ ਨੇ ਬੀਐੱਸੀ ਕੀਤੀ ਹੈ ਅਤੇ ਹੁਣ ਉਹ ਬੀਐੱਡ ਕਰ ਰਹੀ ਹੈ।

ਝਾਂਡਲੀ ਪਿੰਡ ਦੇ ਹੀ ਪ੍ਰਮੋਦ ਇੱਕ ਨਿੱਜੀ ਸਕੂਲ ’ਚ ਅਧਿਆਪਕ ਹਨ। ਉਹ ਦਹਾਕਿਆਂ ਤੋਂ ਲਲਿਤ ਦੇ ਪਰਿਵਾਰ ਨੂੰ ਜਾਣਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਬਹੁਤ ਹੀ ਮੁਸ਼ਕਲਾਂ ਨਾਲ ਮਾਤਾ-ਪਿਤਾ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ। ਆਰਥਿਕ ਪਰੇਸ਼ਾਨੀ ਨੂੰ ਕਦੇ ਵੀ ਪੜ੍ਹਾਈ ਦੀ ਰਾਹ ’ਚ ਅੜਿੱਕਾ ਨਹੀਂ ਬਣਨ ਦਿੱਤਾ।”

“ਲਲਿਤ ਪਿੰਡ ਦੇ ਨੌਜਵਾਨਾਂ ਲਈ ਆਦਰਸ਼ ਸਨ ਅਤੇ ਉਨ੍ਹਾ ਤੋਂ ਪ੍ਰੇਰਨਾ ਲੈਂਦੇ ਸਨ। ਲਲਿਤ ਨੂੰ ਹਰ ਕੋਈ ਭਵਿੱਖ ਦੇ ਆਈਏਐੱਸ ਵੱਜੋਂ ਵੇਖਦਾ ਸੀ। ਅਸੀਂ ਇੱਕ ਇਮਾਨਦਾਰ ਆਈਏਐੱਸ ਨੂੰ ਗੁਆ ਲਿਆ ਹੈ।”

ਘਟਨਾ ਤੋਂ ਬਾਅਦ ਚੀਪਲਾਟਾ ਦਾ ਮਾਹੌਲ

ਥੋਈ ਥਾਣੇ ਤੋਂ ਕਰੀਬ 12 ਕਿਲੋਮੀਟਰ ਦੂਰ ਚੀਪਲਾਟਾ ਪੰਚਾਇਤ ਦਫ਼ਤਰ ਨੂੰ ਹੁਣ ਤਾਲਾ ਲੱਗਿਆ ਹੋਇਆ ਹੈ। ਇਸ ਘਟਨਾ ਦੀ ਚਰਚਾ ਪਿੰਡ ਦੇ ਹਰ ਵਸਨੀਕ ਦੀ ਜ਼ੁਬਾਨ ’ਤੇ ਹੈ।

ਲਗਭਗ 800 ਘਰਾਂ ਵਾਲੇ ਇਸ ਚੀਪਲਾਟਾ ਪਿੰਡ ’ਚ ਇੱਕ ਰੁੱਖ ਹੇਠ ਬੈਠੇ ਬਜ਼ੁਰਗ ਤਾਸ਼ ਖੇਡ ਰਹੇ ਸਨ। ਉਹ ਇਸ ਘਟਨਾ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਪਰ ਇਸ ਘਟਨਾ ਨੂੰ ਉਹ ਦੁਖਦਾਈ ਜ਼ਰੂਰ ਦੱਸਦੇ ਹਨ।

ਪੰਚਾਇਤ ਦਫ਼ਤਰ ਦੇ ਨਜ਼ਦੀਕ ਇੱਕ ਸਰਕਾਰੀ ਸਕੂਲ ਹੈ। ਇਸ ਸਕੂਲ ਦੇ ਸਾਹਮਣੇ ਸੜਕ ਕੰਢੇ ਇੱਕ ਰੇਹੜੀ ’ਤੇ ਆਪਣੀ ਦੁਕਾਨ ਚਲਾਉਣ ਵਾਲੇ 62 ਸਾਲਾ ਪੂਰਨ ਸਿੰਘ ਦਾ ਕਹਿਣਾ ਹੈ, “ਉਸ ਬੱਚੇ ਦੇ ਨਾਲ ਬਹੁਤ ਹੀ ਗ਼ਲਤ ਹੋਇਆ ਹੈ। ਪਿੰਡ ’ਚ ਚਾਰੇ ਪਾਸੇ ਇਹੀ ਚਰਚਾ ਹੈ ਕਿ ਸਰਪੰਚ ਅਤੇ ਇਨ੍ਹਾਂ ਸਾਰਿਆਂ ਨੇ ਇੱਥੇ ਭ੍ਰਿਸ਼ਟਾਚਾਰ ਕੀਤਾ ਹੈ।”

“ਉਸ ਘਟਨਾ ਤੋਂ ਬਾਅਦ ਹੀ ਪੰਚਾਇਤ ਦਫ਼ਤਰ ਬੰਦ ਹੈ। ਉਦੋਂ ਤੋਂ ਹੀ ਇੱਥੇ ਕਿਸੇ ਨੂੰ ਵੀ ਨਹੀਂ ਵੇਖਿਆ ਗਿਆ ਹੈ। ਪਰ ਪੁਲਿਸ ਵਾਲੇ ਜ਼ਰੂਰ ਰੋਜ਼ਾਨਾ ਆ-ਜਾ ਰਹੇ ਹਨ।”

ਚੀਪਲਾਟਾ ਪਿੰਡ ਦੇ ਬਜ਼ਾਰ ’ਚ ਇੱਕ ਚਾਹ ਦੀ ਦੁਕਾਨ ’ਤੇ ਕੁਝ ਲੋਕ ਬੈਠੇ ਹੋਏ ਸਨ। ਉਨ੍ਹਾਂ ’ਚ ਹੀ ਇੱਕ ਸਾਬਕਾ ਸਰਪੰਚ ਮਹਾਵੀਰ ਪ੍ਰਸਾਦ ਮੀਣਾ ਸਨ।

ਉਨ੍ਹਾਂ ਦਾ ਕਹਿਣਾ ਹੈ, “ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਲੋਕਾਂ ’ਚ ਇਸ ਗੱਲ ਦਾ ਗੁਸਾ ਹੈ ਕਿ ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਪਰੇਸ਼ਾਨ ਕੀਤਾ ਗਿਆ।”

‘ਮੈਂ ਕੋਈ ਗ਼ਲਤੀ ਨਹੀਂ ਕੀਤੀ ਅੱਜ ਤੱਕ’

ਲ਼ਲਿਤ ਨੇ ਆਪਣੇ 9 ਪੰਨਿਆ ਦੇ ਸੁਸਾਈਡ ਨੋਟ ’ਚ ਲਿਖਿਆ ਹੈ, “ਮੈਂ 15 ਤਰੀਕ ਨੂੰ ਪੰਚਾਇਤ ਕਮੇਟੀ ਅਜੀਤਗੜ੍ਹ ’ਚ ਅਸਤੀਫ਼ਾ ਦੇਣ ਗਿਆ ਸੀ। ਕਿਉਂਕਿ ਮੈਂ ਚੀਪਲਾਟਾ ਪੰਚਾਇਤ ’ਚ ਇਸ ਨੌਕਰੀ ਕਰਕੇ ਬਹੁਤ ਹੀ ਤਣਾਅ ’ਚ ਰਹਿੰਦਾ ਹਾਂ।"

"ਉਨ੍ਹਾਂ ਨੇ ਕਿਹਾ ਕਿ ਪਹਿਲਾਂ ਐੱਫਆਈਆਰ ਕਰਵਾਓ, ਫਿਰ ਪ੍ਰਧਾਨ ਨਾਲ ਤਬਾਦਲੇ ਦੀ ਗੱਲ ਕਰਦਾ ਹਾਂ। ਮੈਂ ਪਹਿਲਾਂ ਹੀ ਬਹੁਤ ਡਰਿਆ ਹੋਇਆ ਸੀ ਅਤੇ ਤਣਾਅ ’ਚ ਸੀ।”

“ਮੈਂ ਆਡਿਟ ਰਿਪੋਰਟ ਦੇ ਅਧਾਰ ’ਤੇ 5,20,011 ਰੁਪਏ ਦੇ ਭ੍ਰਿਸ਼ਟਾਚਾਰ ਦੀ ਰਿਪੋਰਟ ਦਰਜ ਕਰਵਾ ਦਿੱਤੀ। ਸਾਬਕਾ ਸਰਪੰਚ ਬੀਰਬਲ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਮੈਂ ਮਾਣਹਾਨੀ ਦਾ ਕੇਸ ਕਰਾਂਗਾ। ਪਰ ਮੈਂ ਕੋਰਟ, ਕਚਿਹਰੀ ਜਾਂ ਪੁਲਿਸ ਦੇ ਚੱਕਰਾਂ ’ਚ ਨਹੀਂ ਪੈਣਾ ਚਾਹੁੰਦਾ ਹਾਂ।”

“ਸਾਬਕਾ ਸਰਪੰਚ, ਕਲਰਕ ਅਤੇ ਪੋਕਰ ਠੇਕੇਦਾਰ ਨੇ ਓਟੀਪੀ ਦੇ ਜ਼ਰੀਏ ਭੁਗਤਾਨ ਕਰ ਦਿੱਤਾ। ਕੰਮ ਤਾਂ ਗ੍ਰਾਊਂਡ ’ਤੇ ਹੋ ਗਿਆ ਸੀ, ਪਰ ਉਸ ਦੀ ਫਾਈਲ ਤਿਆਰ ਨਹੀਂ ਕੀਤੀ ਸੀ, ਸਾਰੀਆਂ ਫਾਈਲਾਂ ਮੈਨੂੰ ਬਣਾਉਣੀਆਂ ਪੈ ਰਹੀਆਂ ਹਨ।”

“ਜਲਦਬਾਜ਼ੀ ’ਚ ਭੁਗਤਾਨ ਕਰਵਾਇਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਆਡਿਟ ਦੇ ਚੱਕਰ ’ਚ ਅਕਾਊਂਟ ਫ੍ਰੀਜ਼ ਹੋਣ ਵਾਲਾ ਹੈ। ਜਦੋਂ ਕਿ ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਮੈਂ ਲਾਲਚ ’ਚ ਭੁਗਤਾਨ ਕਰਵਾਇਆ ਹੈ। ਪਰ ਹਰ ਥਾਂ ’ਤੇ ਮੈਨੂੰ ਹੀ ਬਦਨਾਮ ਕੀਤਾ ਗਿਆ ਹੈ।”

“ਹੁਣ ਮੈਂ ਇਸ ਦਬਾਅ ਨੂੰ ਹੈਂਡਲ ਨਹੀਂ ਕਰ ਪਾ ਰਿਹਾ ਹਾਂ। ਮੈਂ ਬੀਡੀਓ ਨੂੰ ਵੀ ਕਿਹਾ ਹੈ ਕਿ ਤਬਾਦਲਾ ਕਰਵਾ ਦਿਓ ਜਾਂ ਅਸਤੀਫਾ ਲੈ ਲਓ।”

“ਮੈਂ ਆਈਆਈਟੀ ਗ੍ਰੈਜੂਏਟ ਹਾਂ, ਯੂਪੀਐੱਸਸੀ ਦੀ ਤਿਆਰੀ ਕਰਦੇ ਕਰਦੇ ਗ੍ਰਾਮ ਵਿਕਾਸ ਅਧਿਕਾਰੀ ਦੀ ਨੌਕਰੀ ’ਚ ਫਸ ਗਿਆ ਹਾਂ ਅਤੇ ਹੁਣ ਨਾ ਹੀ ਮੇਰੇ ਤੋਂ ਯੂਪੀਐੱਸਸੀ ਹੋ ਰਹੀ ਹੈ।”

ਲਲਿਤ ਨੇ ਆਪਣੇ ਸੁਸਾਈਡ ਨੋਟ ਦੇ ਅੰਤ ’ਚ ਆਪਣੀਆਂ ਭੈਣਾਂ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ ਕਿ “ਜੋ ਮੈਂ ਨਹੀਂ ਕਰ ਸਕਿਆ, ਤੁਸੀਂ ਤਿੰਨੇ ਉਹ ਕਰਕੇ ਦੁਨੀਆ ਨੂੰ ਦਿਖਾਉਣਾ। ਮੈਂ ਲੜ ਨਹੀਂ ਸਕਿਆ, ਤੁਸੀਂ ਖੂਬ ਲੜਨਾ, ਬਹੁਤ ਤਰੱਕੀਆਂ ਕਰਨਾ…”

ਮਹੱਤਵਪੂਰਨ ਜਾਣਕਾਰੀ

ਜੇਕਰ ਤੁਹਾਨੂੰ ਖੁਦਕੁਸ਼ੀ ਦੇ ਵਿਚਾਰ ਆ ਰਹੇ ਹਨ ਜਾਂ ਤੁਹਾਡੀ ਜਾਣਕਾਰੀ ’ਚ ਕੋਈ ਹੋਰ ਅਜਿਹਾ ਹੈ , ਜੋ ਤਣਾਅ ਨਾਲ ਪੀੜਤ ਹੈ ਤਾਂ ਤੁਸੀਂ ਭਾਰਤ ’ਚ ਆਸਰਾ ਵੈੱਬਸਾਈਟ ਜਾਂ ਆਲਮੀ ਪੱਧਰ ’ਤੇ ਬੀਫ੍ਰੈਂਡਜ਼ ਵਰਲਡ ਵਾਈਡ ਦੇ ਜ਼ਰੀਏ ਮਦਦ ਲੈ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)