'ਖੱਬਲ' ਤੇ 'ਧਰਤੀ ਹੇਠਲਾ ਬੌਲਦ' ਦੇ ਲੇਖਕ ਕੁਲਵੰਤ ਸਿੰਘ ਵਿਰਕ ਨੇ ਕਿਵੇਂ ਵੰਡ ਦੇ ਰੋਣੇ ਤੋਂ ਅੱਗੇ ਉਮੀਦ ਦੀਆਂ ਕਹਾਣੀਆਂ ਲਿਖੀਆਂ

ਮਰਹੂਮ ਕਹਾਣੀਕਾਰ ਕੁਲਵੰਤ ਸਿੰਘ ਵਿਰਕ

ਤਸਵੀਰ ਸਰੋਤ, Puneet Barnala

ਤਸਵੀਰ ਕੈਪਸ਼ਨ, ਕਹਾਣੀਕਾਰ ਕੁਲਵੰਤ ਸਿੰਘ ਵਿਰਕ ਆਪਣੀਆਂ ਕਹਾਣੀਆਂ ਵਿੱਚ ਆਖ਼ਰੀ ਲਾਈਨ ਨਾਲ 'ਕੀਲਣ' ਲਈ ਜਾਣੇ ਜਾਂਦੇ ਹਨ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ, ਜਦੋਂ ਵਾਹੀ ਦੀ ਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ। ਸਾਰਾ ਜੜ੍ਹੋਂ ਪੁੱਟ ਕੇ ਪੈਲੀਉਂ ਬਾਹਰ ਸੁੱਟ ਦੇਈ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤਿੜ ਫੁੱਟ ਆਉਂਦੀ ਹੈ।"

ਪੰਜਾਬੀ ਦੇ ਮਰਹੂਮ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜਦੋਂ ਇਸ ਸਤਰ ਨਾਲ ਆਪਣੀ ਖੱਬਲ ਕਹਾਣੀ ਨੂੰ ਖ਼ਤਮ ਕਰਦੇ ਹਨ ਤਾਂ ਮਨੁੱਖ ਦੇ ਟੁੱਟਣ ਅਤੇ ਉਸ ਦੀ ਮੁੜ ਜ਼ਿੰਦਗੀ ਸ਼ੁਰੂ ਕਰਨ ਦੀ ਆਦਤ ਨੂੰ ਉਹ ਇੱਕ ਸਿੱਖ ਔਰਤ ਦੀ ਕਹਾਣੀ ਨਾਲ ਪੇਸ਼ ਕਰਦੇ ਹਨ ਜੋ ਵੰਡ ਸਮੇਂ ਪਾਕਿਸਤਾਨ ਵਿੱਚ ਮੁਸਲਮਾਨ ਬਣ ਗਈ ਸੀ ਅਤੇ ਆਪਣੀ ਨਿੱਕੀ ਨਨਾਣ ਦਾ ਹਾਲੇ ਵੀ ਹੱਥੀ ਵਿਆਹ ਕਰਨ ਦੀ ਖੁਆਇਸ਼ ਰੱਖਦੀ ਹੈ ਤਾਂ ਜੋ ਉਸ ਦੇ ਨਵੇਂ ਰਿਸ਼ਤੇ ਬਣ ਜਾਣ।

ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਆਪਣੀਆਂ ਕਹਾਣੀਆਂ ਵਿੱਚ ਆਖ਼ਰੀ ਲਾਈਨ ਨਾਲ 'ਕੀਲਣ' ਲਈ ਜਾਣੇ ਜਾਂਦੇ ਹਨ।

ਪੰਜਾਬੀ ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਦੀ ਪੀੜ, ਪੇਂਡੂ ਜੀਵਨ ਦੇ ਕਿਰਸਾਨੀ ਪਾਤਰਾਂ ਅਤੇ 'ਨਵੇਂ ਭਾਰਤ ਦੇ ਨਵੇਂ ਲੋਕਾਂ' ਦੀਆਂ ਕਹਾਣੀਆਂ ਲਿਖਣ ਵਾਲੇ ਕੁਲਵੰਤ ਸਿੰਘ ਵਿਰਕ ਦਾ ਜਨਮ 20 ਮਈ, 1921 ਨੂੰ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿੱਚ ਹੋਇਆ ਅਤੇ ਉਹਨਾਂ ਦਾ ਦਿਹਾਂਤ 24 ਦਸੰਬਰ 1987 ਨੂੰ ਕੈਨੇਡਾ ਵਿੱਚ ਹੋਇਆ।

ਵਿਰਕ ਨੇ ਅੰਗਰੇਜ਼ੀ ਦੀ ਐਮ.ਏ. ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐੱਲ.ਐੱਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ ਅਤੇ ਆਜ਼ਾਦ ਭਾਰਤ ਵਿੱਚ ਪੰਜਾਬ ਸਰਕਾਰ ਦੇ ਕਈ ਅਹੁਦਿਆਂ 'ਤੇ ਰਹੇ।

'ਮਾਨਵਤਾ ਦਾ ਕਹਾਣੀਕਾਰ'

'ਧਰਤੀ ਹੇਠਲਾ ਬੌਲਦ' ਕਹਾਣੀ ਦਾ ਇੱਕ ਦ੍ਰਿਸ਼

ਤਸਵੀਰ ਸਰੋਤ, DD Punjabi

ਤਸਵੀਰ ਕੈਪਸ਼ਨ, ਦੂਰਦਰਸ਼ਨ 'ਤੇ ਆਈ 'ਧਰਤੀ ਹੇਠਲਾ ਬੌਲਦ' ਕਹਾਣੀ ਦਾ ਇੱਕ ਦ੍ਰਿਸ਼, ਜਦੋਂ ਪਰਿਵਾਰ ਨੂੰ ਮਿਲਣ ਆਏ ਫੌਜੀ ਦੇ ਦੋਸਤ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਮਿਲਦੀ ਹੈ।

ਪਦਮ ਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕਹਾਣੀਕਾਰ ਅਜੀਤ ਕੌਰ ਆਪਣੀ ਹਾਲ ਹੀ ਵਿੱਚ ਆਈ ਕਿਤਾਬ 'ਨੀਲਾ ਘੁਮਿਆਰ' ਵਿੱਚ ਕੁਲਵੰਤ ਸਿੰਘ ਵਿਰਕ ਬਾਰੇ ਲਿਖਦਿਆਂ ਉਹਨਾਂ ਨੂੰ 'ਨਿੱਕੀ ਕਹਾਣੀ ਦਾ ਬਾਦਸ਼ਾਹ' ਕਹਿੰਦੇ ਹਨ।

ਅਜੀਤ ਕੌਰ ਲਿਖਦੇ ਹਨ, "ਚੈਖ਼ੋਵ ਵਾਂਗ ਛੋਟੀਆਂ-ਛੋਟੀਆਂ ਗੱਲਾਂ ਤੇ ਛੋਟੀਆਂ-ਛੋਟੀਆਂ ਘਟਨਾਵਾਂ ਦੇ ਦੁਆਲੇ ਉਹ ਆਪਣੀ ਕਹਾਣੀ ਬੁਣਦਾ ਹੈ। ਪਰ ਤੁਹਾਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿ ਉਹ ਕਹਾਣੀ ਉਣ ਰਿਹਾ ਹੈ।"

ਕੁਲਵੰਤ ਸਿੰਘ ਵਿਰਕ ਨੇ ਉਂਝ ਤਾਂ ਸੈਂਕੜੇ ਕਹਾਣੀਆਂ ਲਿਖੀਆਂ ਹਨ ਪਰ ਉਹਨਾਂ ਦੀਆਂ ਮਸ਼ਹੂਰ ਕਾਹਣੀਆਂ ਵਿੱਚ ਧਰਤੀ ਹੇਠਲਾ ਬੌਲਦ, ਖੱਬਲ, ਦੁੱਧ ਦਾ ਛੱਪੜ, ਓਪਰੀ ਧਰਤੀ, ਤੂੜੀ ਦੀ ਪੰਡ, ਛਾਹ ਵੇਲਾ, ਧਰਤੀ ਤੇ ਆਕਾਸ਼, ਅਤੇ ਨਮਸਕਾਰ ਵਰਗੀਆਂ ਕਹਾਣੀਆਂ ਹਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਬਲਦੇਵ ਸਿੰਘ ਧਾਲੀਵਾਲ ਕਹਿੰਦੇ ਹਨ, "ਵਿਰਕ ਦੁੱਖੜੇ ਰੋਣ ਵਾਲਾ ਕਹਾਣੀਕਾਰ ਨਹੀਂ ਹੈ ਜੋ ਇਹ ਲਿਖੇ ਕਿ 1947 ਵਿੱਚ ਵੱਢ-ਟੁੱਕ ਹੋਈ ਸਗੋਂ ਉਹ ਇਸ ਤਰ੍ਹਾਂ ਦਾ ਕਹਾਣੀਕਾਰ ਹੈ ਜੋ ਲਿਖਦਾ ਹੈ ਕਿ ਇੰਨੇ ਕਤਲੇਆਮ ਦੇ ਬਾਵਜੂਦ ਵੀ ਜਿੱਥੇ ਮਾਨਵਤਾ ਬਚੀ ਰਹਿ ਜਾਂਦੀ ਹੈ।''

''ਅਸਲ ਵਿੱਚ ਉਹ ਉਸ ਮਾਨਵਤਾ ਦਾ ਕਹਾਣੀਕਾਰ ਹੈ। ਜਿਵੇਂ ਖੱਬਲ ਕਹਾਣੀ ਵਿੱਚ ਵੰਡ ਦੀ ਪੀੜਤ ਔਰਤ ਕਹਿੰਦੀ ਹੈ ਕਿ ਮੇਰੀ ਨਨਾਣ ਨੂੰ ਲਿਆ ਦਿਓ, ਮੈਂ ਉਸ ਦਾ ਵਿਆਹ ਕਰਾਂਗੀ, ਮੇਰੀਆਂ ਜੜ੍ਹਾਂ ਲੱਗ ਜਾਣਗੀਆਂ। ਉਹ ਕਹਿੰਦਾ ਹੈ ਕਿ ਮੈਨੂੰ ਇਹ ਖੱਬਲ ਵਰਗੀ ਗੱਲ ਲੱਗੀ।"

ਬਲਦੇਵ ਧਾਲੀਵਾਲ

ਪੰਜਾਬੀ ਦੇ ਨਾਵਲਕਾਰ ਅਤੇ ਕਹਾਣੀਕਾਰ ਬਲਦੇਵ ਸੜਕਨਾਮਾ ਕਹਿੰਦੇ ਹਨ, "ਜਿਵੇਂ ਵਿਰਕ ਦੀਆਂ 'ਤੂੜੀ ਦੀ ਪੰਡ' ਅਤੇ 'ਧਰਤੀ ਹੇਠਲਾ ਬੌਲਦ' ਕਹਾਣੀਆਂ ਹਨ, ਇਹ ਕਹਾਣੀਆਂ ਇੱਕ ਤਰ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ। ਅਜਿਹੀਆਂ ਕਹਾਣੀਆਂ ਸਾਨੂੰ ਪੰਜਾਬੀ ਵਿੱਚ ਨਹੀਂ ਲੱਭਦੀਆਂ ਜਿਸ ਕਰਕੇ ਤੁਸੀਂ ਲੇਖਕ ਨੂੰ ਯਾਦ ਕਰਦੇ ਹੋ।"

ਸੜਕਨਾਮਾ ਅੱਗੇ ਕਹਿੰਦੇ ਹਨ, "ਵਿਰਕ ਦੀਆਂ ਕਹਾਣੀਆਂ ਵਿੱਚ ਮਨੁੱਖਤਾਵਾਦ ਸੀ। 'ਧਰਤੀ ਹੇਠਲਾ ਬੌਲਦ' ਕਹਾਣੀ ਦੇਖੋ, ਇੱਕ ਬੰਦੇ ਦੇ ਫੌਜੀ ਪੁੱਤਰ ਦੀ ਮੌਤ ਹੋ ਚੁੱਕੀ ਹੈ, ਪਰ ਪੁੱਤਰ ਦਾ ਇੱਕ ਫੌਜੀ ਦੋਸਤ ਪਰਿਵਾਰ ਨੂੰ ਮਿਲਣ ਆਉਂਦਾ ਹੈ।''

''ਉਹ ਬੰਦਾ ਫੌਜੀ ਨੂੰ ਦੱਸਦਾ ਵੀ ਨਹੀਂ ਕਿ ਉਸ ਦਾ ਦੋਸਤ ਯਾਨੀ 'ਧਰਤੀ ਹੇਠਲੇ ਬੌਲਦ' ਉਸ ਬੰਦੇ ਦਾ ਪੁੱਤਰ ਮਰ ਚੁੱਕਾ ਹੈ। ਦੋਵਾਂ ਧਿਰਾਂ ਦੀਆਂ ਮਨੋਭਾਵਨਾਵਾਂ ਨੂੰ ਜਿਸ ਤਰ੍ਹਾਂ ਵਿਰਕ ਨੇ ਪੇਸ਼ ਕੀਤਾ, ਉਹ ਕਮਾਲ ਹੈ।"

ਇਹ ਵੀ ਪੜ੍ਹੋ

ਵਿਰਕ ਦੀ ਲੇਖਣੀ ਦਾ ਹੁਨਰ

ਕੁਲਵੰਤ ਸਿੰਘ ਵਿਰਕ ਆਪਣੀ ਕਹਾਣੀ ਕਹਿਣ ਦੀ ਕਲਾ ਅਤੇ ਕਹਾਣੀ ਦੇ ਅੰਤ ਵਿੱਚ ਝੰਜੋੜਨ ਲਈ ਜਾਣੇ ਜਾਂਦੇ ਹਨ।

ਅਜੀਤ ਕੌਰ ਲਿਖਦੇ ਹਨ, "ਕਹਾਣੀਕਾਰ ਤਾਂ ਹੋਰ ਵੀ ਬਥੇਰੇ ਹਨ, ਪਰ ਵਿਰਕ ਦਾ 'ਅੰਦਾਜ਼ੇ-ਬਿਆਨ' ਬੱਸ 'ਹੋਰ' ਹੀ ਹੈ, ਨਿਰੋਲ ਵਿਰਕਈ!"

ਬਲਦੇਵ ਸੜਕਨਾਮਾ ਕਹਿੰਦੇ ਹਨ, "ਅਸੀਂ ਉਹਨਾਂ ਦੀਆਂ ਕਹਾਣੀਆਂ ਪੜ੍ਹ-ਪੜ੍ਹ ਕੇ ਹੀ ਲਿਖਣਾ ਸਿੱਖਿਆ ਹੈ। ਮੈਨੂੰ ਲੱਗਦਾ ਹੈ ਕਿ ਕੁਲਵੰਤ ਸਿੰਘ ਵਿਰਕ ਤੋਂ ਬਾਅਦ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਅਤੇ ਬਹੁਤ ਸਾਰੇ ਲੇਖਕ ਆਏ ਹਨ ਪਰ ਜਿਸ ਤਰ੍ਹਾਂ ਅਖਰੀਲੀ ਲਾਇਨ ਵਿੱਚ ਅਰਥ ਹੀ ਬਦਲ ਜਾਂਦੇ ਹਨ, ਉਹ ਹੁਨਰ ਸ਼ਾਇਦ ਕਿਸੇ ਨੂੰ ਨਹੀਂ ਆਇਆ।"

ਉਹ ਕਹਿੰਦੇ ਹਨ, "ਵਿਰਕ ਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ। ਅਸਲ ਵਿੱਚ ਉਹਨਾਂ ਦੀਆਂ ਕਹਾਣੀਆਂ ਦੇ ਬਹੁਤ ਢੂੰਘੇ ਅਰਥ ਹੁੰਦੇ ਸਨ। ਉਹ ਕਹਾਣੀਆਂ ਪਾਠਕਾਂ ਦੇ ਦੂਰ ਤੱਕ ਚੇਤਿਆਂ ਵਿੱਚ ਰਹਿੰਦੀਆਂ ਸਨ।"

ਬਲਦੇਵ ਸੜਕਨਾਮਾ

ਪੰਜਾਬੀ ਯੂਨੀਵਰਿਸਟੀ ਵਿੱਚ ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਹਰਵੀਰ ਸਿੰਘ ਮੁਤਾਬਕ, "ਸਰਲ ਭਾਸ਼ਾ, ਆਮ ਪਾਤਰ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਉਹ ਪੱਖ ਕਹਾਣੀਆਂ ਵਿੱਚ ਪੇਸ਼ ਕੀਤੇ ਗਏ ਹਨ, ਜਿੰਨ੍ਹਾ ਨੂੰ ਇੱਕ ਸਧਾਰਣ ਬੰਦਾ ਆਪਣੇ ਨੇੜੇ ਹੋਣ ਦੇ ਬਾਵਜੂਦ ਵੀ ਦੇਖ ਨਹੀਂ ਪਾਉਂਦਾ। ਉਹਨਾਂ ਨੇ ਮਹਿਜ ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵਾਂ ਨੂੰ ਹੀ ਆਪਣੀਆਂ ਕਹਾਣੀਆਂ ਦਾ ਵਿਸ਼ਾ ਨਹੀਂ ਬਣਾਇਆ ਸਗੋਂ ਉਹਨਾਂ ਨੇ ਬੰਦੇ ਦੇ ਅਸਤਿਤਵ ਦੀ ਹੋਣੀ ਦੀ ਵੀ ਗੱਲ ਕੀਤੀ ਹੈ।"

ਨਵੇਂ ਲੋਕਾਂ ਦੀਆਂ ਕਹਾਣੀਆਂ

ਕੁਲਵੰਤ ਸਿੰਘ ਵਿਰਕ ਨੂੰ ਆਪਣੀ ਪੁਸਤਕ 'ਨਵੇਂ ਲੋਕ' ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।

ਵਿਰਕ ਨੇ ਜਗੀਰਦਾਰੀ ਵਾਲੇ ਪੰਜਾਬ ਦੇ ਪੇਂਡੂ ਪਾਤਰਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਨ ਪਰ ਉਹਨਾਂ ਨੇ ਨੌਜਵਾਨਾਂ, ਔਰਤਾਂ ਅਤੇ ਨਵੇਂ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਮਿਸ਼ਰਣ ਬਾਰੇ ਵੀ ਕਹਾਣੀਆਂ ਬੁਣੀਆਂ।

ਵਿਰਕ ਨੇ ਆਪਣੀਆਂ ਕਹਾਣੀਆਂ ਵਿੱਚ ਔਰਤਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੀ 'ਸ਼ੇਰਨੀਆਂ' ਕਹਾਣੀ ਵਿੱਚ ਕੁੜੀਆਂ ਰਾਤ ਨੂੰ ਸਾਇਕਲ ਚਲਾਉਣਾ ਸਿੱਖਦੀਆਂ ਹਨ ਅਤੇ 'ਨਮਸਕਾਰ' ਕਹਾਣੀ ਵਿੱਚ ਮਹਿਲਾ ਡਾਕਟਰ ਸ਼ਹਿਰ ਛੱਡ ਦੇ ਪਿੰਡਾਂ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ।

ਸਾਬਕਾ ਪ੍ਰੋਫੈਸਰ ਬਲਦੇਵ ਸਿੰਘ ਧਾਲੀਵਾਲ ਕਹਿੰਦੇ ਹਨ ਕਿ ਵਿਰਕ ਨੇ ਉਹਨਾਂ ਲੋਕਾਂ ਬਾਰੇ ਵੀ ਕਹਾਣੀਆਂ ਲਿਖੀਆਂ ਜੋ ਪੜ੍ਹ-ਲਿਖ ਗਏ, ਜਿੰਨਾ ਨੂੰ ਪੇਂਡੂ ਅਤੇ ਸ਼ਹਿਰੀ ਦੋਵਾਂ ਜ਼ਿੰਦਗੀਆਂ ਦਾ ਤਜ਼ਰਬਾ ਸੀ।

ਧਾਲੀਵਾਲ ਅਨੁਸਾਰ, "ਨਮਸਕਾਰ ਕਹਾਣੀ ਵਿੱਚ ਇੱਕ ਅੰਗਰੇਜ਼ ਅਫ਼ਸਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਦੇਖਣ ਲਈ ਆਉਂਦਾ ਹੈ। ਉਸ ਦਾ ਪੁਰਾਣਾ ਇੱਕ ਭਾਰਤੀ ਸਾਥੀ ਉਸ ਨੂੰ ਚੰਡੀਗੜ੍ਹ ਅਤੇ ਭਾਖੜਾ ਡੈਮ ਦਿਖਾਉਂਦਾ ਹੈ ਪਰ ਉਹ ਆਜ਼ਾਦ ਭਾਰਤ ਦੇਖਣਾ ਚਾਹੁੰਦਾ ਹੈ।

ਫਿਰ ਉਹ ਸਾਂਝੇ ਪੰਜਾਬ ਦੇ ਕਿਸੇ ਚੌਕ ਵਿੱਚ ਇੱਕ ਮਹਿਲਾ ਡਾਕਟਰ ਨੂੰ ਮਿਲਦੇ ਹਨ, ਜੋ ਪੜ੍ਹ-ਲਿਖ ਕੇ ਪਿੰਡ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ, ਉਸ ਨੂੰ ਆਪਣੇ ਕੰਮ ਉਪਰ ਮਾਣ ਹੈ ਅਤੇ ਸਤੁੰਸ਼ਟੀ ਹੈ।

ਲੋਕ ਉਸ ਨੂੰ ਇੱਜਤ ਦਿੰਦੇ ਹਨ। ਉਹ ਅੰਗਰੇਜ਼ ਇਸ ਔਰਤ ਨੂੰ ਨਮਸਕਾਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹੋ ਹੀ ਨਵਾਂ ਭਾਰਤ ਹੈ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)