ਸਮਰਾਟ ਹਰਸ਼ਵਰਧਨ: 60,000 ਹਾਥੀਆਂ ਅਤੇ ਇੱਕ ਲੱਖ ਘੋੜਿਆਂ ਨਾਲ ਦੱਖਣੀ ਰਾਜੇ ਤੋਂ ਹਾਰਨ ਦੇ ਬਾਵਜੂਦ ਕਿਵੇਂ 'ਮਹਾਨ ਜੇਤੂ' ਕਹਾਇਆ

ਤਸਵੀਰ ਸਰੋਤ, NCERT
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਹਿਯੋਗੀ
ਹਰਸ਼ਵਰਧਨ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਛੋਟੇ-ਛੋਟੇ ਸੂਬਿਆਂ ਵਿੱਚ ਵੰਡੇ ਗਏ ਉੱਤਰੀ ਭਾਰਤ ਨੂੰ ਇਕਜੁੱਟ ਕਰਨ ਦਾ ਅਹਿਮ ਕੰਮ ਕੀਤਾ ਸੀ।
ਰਾਜਿਆਂ ਵਿੱਚ ਅਜਿਹੇ ਗੁਣ ਦੇਖਣ ਨੂੰ ਬਹੁਤ ਘੱਟ ਮਿਲਦੇ ਹਨ ਕਿ ਉਹ ਨਾ ਸਿਰਫ਼ ਮਹਾਨ ਜੇਤੂ ਹੋਣ, ਸਗੋਂ ਸਫ਼ਲ ਪ੍ਰਸ਼ਾਸਕ ਅਤੇ ਸਾਹਿਤਕਾਰ ਵੀ ਹੋਣ।
ਸੰਨ 590 ਵਿੱਚ ਜਨਮੇ ਹਰਸ਼ ਦੀ ਜੀਵਨੀ ਹਰਸ਼ਚਰਿਤਮ ਵਿੱਚ ਬਾਣਭੱਟ ਲਿਖਦੇ ਹਨ, "ਹਥਿਆਰਾਂ ਦੀ ਵਰਤੋਂ ਦੇ ਲਗਾਤਾਰ ਅਭਿਆਸ ਕਾਰਨ ਉਨ੍ਹਾਂ ਦੇ ਹੱਥ ਕਾਲੇ ਹੋ ਗਏ ਸਨ, ਜਿਵੇਂ ਕਿ ਉਹ ਸਾਰੇ ਰਾਜਿਆਂ ਦੀ ਮਹਿਮਾ ਦੀ ਅੱਗ ਨੂੰ ਸ਼ਾਂਤ ਕਰਨ ਵਿੱਚ ਮੈਲੇ ਹੋ ਗਏ ਹੋਣ।"
16 ਸਾਲ ਦੀ ਉਮਰ ਵਿੱਚ ਥਾਨੇਸ਼ਵਰ ਦੇ ਸਿੰਘਾਸਣ 'ਤੇ ਬੈਠਣ ਵੇਲੇ ਹਰਸ਼ ਸਾਹਮਣੇ ਕਈ ਔਖੀਆਂ ਚੁਣੌਤੀਆਂ ਸਨ, ਪਰ ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਤੋਂ ਡਰੇ ਬਿਨ੍ਹਾਂ ਆਪਣਾ ਰਾਹ ਬਣਾਇਆ।
ਵਿਜੇ ਨਾਹਰ ਆਪਣੀ ਕਿਤਾਬ 'ਸ਼ੀਲਾਦਿੱਤਿਆ ਸਮਰਾਟ ਹਰਸ਼ਵਰਧਨ ਅਤੇ ਉਨ੍ਹਾਂ ਦਾ ਯੁੱਗ' ਵਿੱਚ ਲਿਖਦੇ ਹਨ, "ਹਰਸ਼ ਦੇ ਜੀਵਨ ਵਿੱਚ ਬਹੁਤ ਸਾਰੀਆਂ ਭਿਆਨਕ ਅਤੇ ਔਖੀਆਂ ਘਟਨਾਵਾਂ ਵਾਪਰੀਆਂ ਜਿਵੇਂ ਕਿ ਉਨ੍ਹਾਂ ਦੇ ਪਿਤਾ ਪ੍ਰਭਾਕਰਵਰਧਨ ਦੀ ਮੌਤ, ਮਾਂ ਦਾ ਸਤੀ ਹੋ ਜਾਣਾ।"
"ਉਨ੍ਹਾਂ ਦੇ ਵੱਡੇ ਭਰਾ ਰਾਜਵਰਧਨ ਦੀ ਇੱਕ ਸਾਜ਼ਿਸ਼ ਵਿੱਚ ਮੌਤ ਹੋਣਾ, ਸਾਲੇ ਮੌਖਰੀ ਰਾਜਾ ਗ੍ਰਹਿਵਰਮਾ ਅਤੇ ਉਨ੍ਹਾਂ ਦੀ ਭੈਣ ਰਾਜਸ਼੍ਰੀ ਦਾ ਰਾਜ ਛੱਡ ਕੇ ਵਿੰਧਿਆਚਲ ਦੇ ਜੰਗਲਾਂ ਵਿੱਚ ਚਲੇ ਜਾਣਾ, ਪਰ ਆਪਣੀ ਛੋਟੀ ਉਮਰ ਅਤੇ ਤਜਰਬੇ ਦੀ ਘਾਟ ਦੇ ਬਾਵਜੂਦ, ਉਨ੍ਹਾਂ ਨੇ ਇਸ ਸਭ ਦਾ ਬਹੁਤ ਬਹਾਦਰੀ ਨਾਲ ਸਾਹਮਣਾ ਕੀਤਾ।"
ਹਰਸ਼ ਕਨੌਜ ਦਾ ਰਾਜਾ ਬਣੇ

ਤਸਵੀਰ ਸਰੋਤ, Aavishkar Publishers
ਪ੍ਰਭਾਕਰਵਰਧਨ ਦੀ ਮੌਤ ਦੇ ਸਮੇਂ ਹਰਸ਼ਵਰਧਨ ਉੱਥੇ ਮੌਜੂਦ ਸਨ ਜਦੋਂ ਉਨ੍ਹਾਂ ਦੇ ਵੱਡੇ ਪੁੱਤਰ ਰਾਜਵਰਧਨ ਹੂਨਾਂ ਵਿਰੁੱਧ ਲੜ ਰਹੇ ਸਨ।
ਜਦੋਂ ਰਾਜਵਰਧਨ ਹੂਨਾਂ ਵਿਰੁੱਧ ਇੱਕ ਜੇਤੂ ਲੜਾਈ ਤੋਂ ਵਾਪਸ ਆਏ, ਤਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਬਾਰੇ ਪਤਾ ਲੱਗਿਆ। ਉਹ ਇਸ ਤੋਂ ਇੰਨਾ ਦੁਖੀ ਸੀ ਕਿ ਉਹ ਸੰਨਿਆਸ ਲੈਣਾ ਚਾਹੁੰਦੇ ਸੀ, ਪਰ ਹਰਸ਼ ਨੇ ਆਪਣੇ ਵੱਡੇ ਭਰਾ ਨੂੰ ਗੱਦੀ 'ਤੇ ਬੈਠਣ ਲਈ ਮਨਾ ਲਿਆ।
ਇਸ ਦੌਰਾਨ ਰਾਜਵਰਧਨ ਨੂੰ ਆਪਣੇ ਭਣੋਈਏ ਮੌਖਰੀ ਗ੍ਰਹਿਵਰਮਾ ਦੇ ਕਤਲ ਦੀ ਖ਼ਬਰ ਮਿਲੀ। ਉਹ ਆਪਣੇ ਭਣੋਈਏ ਦੇ ਕਤਲ ਦਾ ਬਦਲਾ ਲੈਣ ਲਈ ਆਪਣੀ ਫ਼ੌਜ ਨਾਲ ਨਿਕਲ ਪਏ।
ਉਨ੍ਹਾਂ ਨੇ ਮਾਲਵੇ ਦੇ ਰਾਜਾ ਦੀ ਫ਼ੌਜ ਨੂੰ ਹਰਾਇਆ, ਕੰਨੌਜ ਉੱਤੇ ਕਬਜ਼ਾ ਕੀਤਾ ਅਤੇ ਗੌੜ ਰਾਜਾ ਸ਼ਸ਼ਾਂਕ ਦੇ ਕੈਂਪ ਨੂੰ ਘੇਰਾ ਪਾਇਆ, ਪਰ ਸ਼ਸ਼ਾਂਕ ਨੇ ਸਾਜ਼ਿਸ਼ ਰਚੀ ਅਤੇ ਰਾਜਵਰਧਨ ਦਾ ਕਤਲ ਕਰਵਾ ਦਿੱਤਾ।
ਬਾਣਭੱਟ ਲਿਖਦੇ ਹਨ, "ਸ਼ਸ਼ਾਂਕ ਨੇ ਰਾਜਵਰਧਨ ਦੀ ਸਰਦਾਰੀ ਸਵੀਕਾਰ ਕਰ ਲਈ ਸੀ ਅਤੇ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਦਾ ਪ੍ਰਸਤਾਵ ਰੱਖਣ ਦੀ ਗੱਲ ਆਖੀ ਸੀ। ਜਦੋਂ ਉਹ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਕੈਂਪ ਵਿੱਚ ਗਏ ਤਾਂ, ਸ਼ਸ਼ਾਂਕ ਨੇ ਉਨ੍ਹਾਂ ਦਾ ਕਤਲ ਕਰਵਾ ਦਿੱਤਾ।"
ਜਦੋਂ ਚੀਨੀ ਯਾਤਰੀ ਹਿਊਨ ਸਾਂਗ ਨੇ ਭਾਰਤ ਦਾ ਦੌਰਾ ਕੀਤਾ ਤਾਂ ਹਰਸ਼ਵਰਧਨ ਦਾ ਯੁੱਗ ਸ਼ੁਰੂ ਹੋਣ ਵਾਲਾ ਸੀ।
ਉਹ ਲਿਖਦੇ ਹਨ, "ਜਦੋਂ ਰਾਜਵਰਧਨ ਦੀ ਮੌਤ ਤੋਂ ਬਾਅਦ ਕੰਨੌਜ ਦਾ ਤਖ਼ਤ ਖਾਲੀ ਹੋ ਗਿਆ ਤਾਂ ਕੰਨੌਜ ਦੇ ਦਰਬਾਰੀਆਂ ਨੇ ਰਾਜਵਰਧਨ ਦੇ ਛੋਟੇ ਭਰਾ ਹਰਸ਼ਵਰਧਨ ਨੂੰ ਤਖਤ ਸੰਭਾਲਣ ਦੀ ਬੇਨਤੀ ਕੀਤੀ।"
"ਸ਼ੁਰੂਆਤ ਵਿੱਚ ਹਰਸ਼ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ, ਪਰ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਰਾਜਾ ਬਣਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਿੰਘਾਸਣ 'ਤੇ ਨਾ ਬੈਠਣ ਜਾਂ ਆਪਣੇ ਲਈ 'ਮਹਾਰਾਜਾ' ਦੀ ਉਪਾਧੀ ਦੀ ਵਰਤੋਂ ਨਾ ਕਰਨ।"
"ਇਸ ਤਰ੍ਹਾਂ,ਹਰਸ਼ ਕੰਨੌਜ ਦਾ ਰਾਜਾ ਬਣ ਗਏ। ਉਨ੍ਹਾਂ ਨੇ ਆਪਣੇ ਲਈ 'ਰਾਜਪੁਤਰ' ਦੀ ਉਪਾਧੀ ਦੀ ਵਰਤੋਂ ਕੀਤੀ।"
'ਮਹਾਨ ਯੋਧਾ'

ਤਸਵੀਰ ਸਰੋਤ, bloomsbury publishing
ਹਰਸ਼ ਨੂੰ ਰਸਮੀ ਤੌਰ 'ਤੇ 612 ਈਸਵੀ ਵਿੱਚ ਤਾਜ ਪਹਿਨਾਇਆ ਗਿਆ ਸੀ।
16 ਸਾਲ ਦੀ ਛੋਟੀ ਉਮਰ ਵਿੱਚ ਹਰਸ਼ ਆਪਣੇ ਭਰਾ ਅਤੇ ਭਰਜਾਈ ਦੇ ਕਤਲ ਦਾ ਬਦਲਾ ਲੈਣ ਲਈ ਪੰਜ ਹਜ਼ਾਰ ਹਾਥੀਆਂ, ਵੀਹ ਹਜ਼ਾਰ ਘੋੜਿਆਂ ਅਤੇ ਇੰਨੀ ਹੀ ਗਿਣਤੀ ਵਿੱਚ ਪੈਦਲ ਫ਼ੌਜਾਂ ਦੀ ਫ਼ੌਜ ਨਾਲ ਨਿਕਲ ਪਏ ਸਨ।
ਹਿਊਨ ਸਾਂਗ ਨੇ ਲਿਖਿਆ, "ਗੁਪਤ ਸਮਰਾਟ ਸਮੁੰਦਰਗੁਪਤ ਵਾਂਗ ਹਰਸ਼ ਵੀ ਇੱਕ ਮਹਾਨ ਯੋਧਾ ਸੀ। ਛੇ ਸਾਲਾਂ ਦੇ ਅੰਦਰ ਉਨ੍ਹਾਂ ਨੇ ਆਪਣੀ ਭੈਣ ਨੂੰ ਲੱਭ ਲਿਆ ਅਤੇ ਉਸ ਨੂੰ ਕੰਨੌਜ ਵਿੱਚ ਰੱਖਿਆ ਅਤੇ ਕੰਨੌਜ ਦੇ ਨਾਲ ਉਨ੍ਹਾਂ ਨੇ ਪੰਚਭਾਰਤ ਯਾਨੀ ਸਾਰਸਵਤ, ਕੰਨਿਆਕੁਬਜ, ਗੌਡ, ਮਿਥਿਲਾ ਅਤੇ ਉਤਕਲ (ਓਡੀਸ਼ਾ) ਉੱਤੇ ਕਬਜ਼ਾ ਕਰ ਲਿਆ।"
"ਇਸ ਸਮੇਂ ਤੱਕ ਹਰਸ਼ ਦੀ ਫ਼ੌਜ ਬਹੁਤ ਵੱਡੀ ਹੋ ਗਈ ਸੀ। ਉਨ੍ਹਾਂ ਦੀ ਫ਼ੌਜ ਵਿੱਚ ਸੱਠ ਹਜ਼ਾਰ ਹਾਥੀ, ਇੱਕ ਲੱਖ ਘੋੜੇ ਅਤੇ ਬਰਾਬਰ ਗਿਣਤੀ ਵਿੱਚ ਪੈਦਲ ਫ਼ੌਜੀ ਸਨ।"
"ਇੰਨੀ ਵੱਡੀ ਫੌਜ ਦੇ ਨਾਲ ਉਨ੍ਹਾਂ ਨੇ ਜਲਦੀ ਹੀ ਵੱਲਭੀ, ਭਰੂਚ ਅਤੇ ਸਿੰਧ ਨੂੰ ਜਿੱਤ ਲਿਆ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਨੂੰ ਪੱਛਮੀ ਸਮੁੰਦਰ ਤੱਕ ਵਧਾ ਦਿੱਤਾ।"
ਬਾਨਭੱਟ ਮੁਤਾਬਕ, ਹਰਸ਼ ਦੀ ਫ਼ੌਜ ਹਰ ਰੋਜ਼ ਤਕਰੀਬਨ16 ਮੀਲ ਦੀ ਦੂਰੀ ਤੈਅ ਕਰਦੀ ਸੀ।
ਹਰਸ਼ ਦੇ ਰਾਜ ਦੀ ਇੱਕ ਅਹਿਮ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਨੇ ਹਾਰੇ ਹੋਏ ਰਾਜਿਆਂ ਦੇ ਰਾਜਾਂ ਨੂੰ ਬਹਾਲ ਕੀਤਾ ਅਤੇ ਉਨ੍ਹਾਂ ਤੋਂ ਟੈਕਸ ਇਕੱਠਾ ਕਰਨਾ ਜਾਰੀ ਰੱਖਿਆ।
ਇਹ ਹਰਸ਼ ਦਾ ਸੰਘਵਾਦੀ ਦ੍ਰਿਸ਼ਟੀਕੋਣ ਸੀ। ਗੁਪਤ ਸ਼ਾਸਕਾਂ ਨੇ ਵੀ ਇਸ ਨੀਤੀ ਨੂੰ ਅਪਣਾਇਆ।
ਸੰਨ 634 ਵਿੱਚ ਹਰਸ਼ ਨੇ ਦੱਖਣ ਦੇ ਚਾਲੂਕਿਆ ਸਮਰਾਟ ਪੁਲਕੇਸ਼ੀਨ ਦੂਜੇ ਨਾਲ ਜੰਗੀ ਕੀਤੀ, ਪਰ ਹਾਰ ਗਏ ਅਤੇ ਦੱਖਣ ਵੱਲ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਵਿੱਚ ਅਸਫ਼ਲ ਰਹੇ।
ਵਿਜੇ ਨਾਹਰ ਲਿਖਦੇ ਹਨ, "ਇਸ ਹਾਰ ਦੇ ਬਾਵਜੂਦ ਹਰਸ਼ ਨੂੰ ਲਗਾਇਆ ਗਿਆ 'ਮਹਾਨ ਜੇਤੂ' ਦਾ ਉਪਨਾਮ ਗ਼ਲਤ ਸਾਬਤ ਨਹੀਂ ਹੁੰਦਾ। ਦੁਨੀਆ ਦੇ ਇਤਿਹਾਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਦੋਂ ਮਹਾਨ ਯੋਧੇ ਵੀ ਜੰਗਾਂ ਹਾਰ ਗਏ ਸਨ, ਜਿਵੇਂ ਕਿ ਫਰਾਂਸ ਦੇ ਨੈਪੋਲੀਅਨ ਬੋਨਾਪਾਰਟ।"
ਮਿਹਨਤੀ ਅਤੇ ਕੁਸ਼ਲ ਪ੍ਰਸ਼ਾਸਕ

ਤਸਵੀਰ ਸਰੋਤ, NCERT
ਅਸ਼ੋਕ ਵਾਂਗ ਹਰਸ਼ ਨੂੰ ਵੀ ਆਪਣੇ ਰਾਜ ਵਿੱਚ ਘੁੰਮਣ-ਫਿਰਨ ਦੀ ਆਦਤ ਸੀ ਤਾਂ ਜੋ ਉਹ ਲੋਕਾਂ ਦੇ ਹਾਲਾਤ ਦਾ ਜਾਇਜ਼ਾ ਲੈ ਸਕਣ। ਹਰਸ਼ ਹਮੇਸ਼ਾ ਆਪਣੇ ਲੋਕਾਂ ਦੇ ਦੁੱਖਾਂ ਤੋਂ ਜਾਣੂ ਰਹਿੰਦੇ ਸਨ।
ਏਐੱਲ ਬਾਸ਼ਮ ਆਪਣੀ ਕਿਤਾਬ 'ਦਿ ਵੰਡਰ ਦੈਟ ਵਾਜ਼ ਇੰਡੀਆ' ਵਿੱਚ ਲਿਖਦੇ ਹਨ, "ਹਰਸ਼ ਆਪਣੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਆਪਣੇ ਦਰਬਾਰ ਵਿੱਚ ਨਹੀਂ ਸਗੋਂ ਸੜਕਾਂ 'ਤੇ ਸੁਣਦੇ ਸਨ। ਉਹ ਆਪਣੇ ਦੋਸਤਾਂ ਪ੍ਰਤੀ ਬਹੁਤ ਵਫ਼ਾਦਾਰ ਸਨ।"
"ਦੂਰ-ਦੁਰਾਡੇ ਸੂਬੇ ਅਸਾਮ ਦਾ ਰਾਜਾ ਭਾਸਕਰਵਰਮਨ ਉਨ੍ਹਾਂ ਦੇ ਦਰਬਾਰ ਵਿੱਚ ਆਉਂਦੇ ਸਨ। ਉਨ੍ਹਾਂ ਨੇ ਸ਼ਸ਼ਾਂਕ ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ।"
ਹਿਊਨ ਸਾਂਗ ਲਿਖਦੇ ਹਨ, "ਹਰਸ਼ ਇੱਕ ਬਹੁਤ ਮਿਹਨਤੀ ਰਾਜਾ ਸੀ। ਉਨ੍ਹਾਂ ਦਾ ਦਿਨ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੁੰਦਾ ਸੀ।"
"ਪਹਿਲੇ ਹਿੱਸੇ ਵਿੱਚ ਉਨ੍ਹਾਂ ਨੇ ਆਪਣਾ ਸਾਰਾ ਸਮਾਂ ਰਾਜ ਦੇ ਕੰਮਾਂ ਵਿੱਚ ਸਮਰਪਿਤ ਕੀਤਾ। ਦੂਜੇ ਦੋ ਹਿੱਸਿਆਂ ਵਿੱਚ ਉਹ ਧਾਰਮਿਕ ਗਤੀਵਿਧੀਆਂ ਕਰਦੇ ਸਨ। ਉਹ ਕਦੇ ਥੱਕਦੇ ਨਹੀਂ ਸਨ ਅਤੇ ਕਈ ਵਾਰ ਆਪਣੇ ਲੋਕਾਂ ਲਈ ਕੰਮ ਕਰਦੇ ਹੋਏ ਸੌਣਾ ਜਾਂ ਖਾਣਾ ਵੀ ਭੁੱਲ ਜਾਂਦੇ ਸਨ।"
"ਉਨ੍ਹਾਂ ਦੇ ਸਮੇਂ ਟੈਕਸ ਦੀਆਂ ਦਰਾਂ ਬਹੁਤ ਘੱਟ ਸਨ। ਹਰਸ਼ ਦੇ ਸਮੇਂ, ਮੰਤਰੀਆਂ ਅਤੇ ਅਧਿਕਾਰੀਆਂ ਨੂੰ ਨਕਦੀ ਦੇ ਰੂਪ ਵਿੱਚ ਨਹੀਂ, ਸਗੋਂ ਜ਼ਮੀਨ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਸੀ।"
ਉਹ ਲਿਖਦੇ ਹਨ, "ਉਨ੍ਹਾਂ ਨੂੰ ਉਸ ਜ਼ਮੀਨ ਦੀ ਦੇਖਭਾਲ ਕਰਨੀ ਪੈਂਦੀ ਸੀ ਅਤੇ ਇਸ ਤੋਂ ਹੋਣ ਵਾਲੀ ਆਮਦਨ ਉਨ੍ਹਾਂ ਦੀ ਹੁੰਦੀ ਸੀ।"
"ਹਰਸ਼ ਨੇ ਰਾਜ ਦੀ ਕੁੱਲ ਜ਼ਮੀਨ ਦਾ ਇੱਕ ਚੌਥਾਈ ਹਿੱਸਾ ਆਪਣੇ ਅਧਿਕਾਰੀਆਂ ਨੂੰ ਅਲਾਟ ਕਰ ਦਿੱਤਾ ਸੀ। ਦੂਜਾ ਹਿੱਸਾ ਰਾਜ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਸੀ। ਕਣਕ ਅਤੇ ਚੌਲ ਆਮ ਲੋਕਾਂ ਦਾ ਭੋਜਨ ਸਨ।"
ਹਰਸ਼ਵਰਧਨ ਮੌਤ ਦੀ ਸਜ਼ਾ ਦੇ ਖ਼ਿਲਾਫ਼ ਸਨ

ਤਸਵੀਰ ਸਰੋਤ, NCERT
ਦਿਲਚਸਪ ਗੱਲ ਇਹ ਹੈ ਕਿ ਹਰਸ਼ ਦੇ ਸਮੇਂ ਦੌਰਾਨ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਲੋਕਾਂ ਵਿੱਚ ਬਹੁਤ ਸਦਭਾਵਨਾ ਸੀ, ਇਸ ਲਈ ਅਪਰਾਧ ਬਹੁਤ ਘੱਟ ਹੁੰਦੇ ਸਨ।
ਪ੍ਰਸਿੱਧ ਇਤਿਹਾਸਕਾਰ ਰਾਧਾ ਕੁਮੁਦ ਮੁਖਰਜੀ ਆਪਣੀ ਕਿਤਾਬ 'ਹਰਸ਼ਾ' ਵਿੱਚ ਲਿਖਦੇ ਹਨ, "ਦੇਸ਼ਧ੍ਰੋਹ ਦੀ ਸਜ਼ਾ ਮੌਤ ਦੀ ਸਜ਼ਾ ਦੀ ਬਜਾਇ ਉਮਰ ਕੈਦ ਸੀ।"
"ਨੈਤਿਕਤਾ ਵਿਰੁੱਧ ਅਪਰਾਧਾਂ ਲਈ ਅਪਰਾਧੀ ਦੇ ਅੰਗ ਕੱਟ ਦਿੱਤੇ ਜਾਂਦੇ ਸਨ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਸੀ ਜਾਂ ਜੰਗਲਾਂ ਵਿੱਚ ਭੇਜ ਦਿੱਤਾ ਜਾਂਦਾ ਸੀ।"
"ਕਈ ਵਾਰ ਉਨ੍ਹਾਂ ਨੂੰ ਸਮਾਜ ਤੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਸੀ, ਲੋਕ ਬੁਰਾਈ ਤੋਂ ਦੂਰ ਰਹਿੰਦੇ ਸਨ ਅਤੇ ਪਾਪ ਕਰਨ ਤੋਂ ਡਰਦੇ ਸਨ।"
ਸਮਰਾਟ ਹਰਸ਼ਵਰਧਨ ਦੀ ਰਾਜਧਾਨੀ ਬਣਨ ਤੋਂ ਬਾਅਦ, ਕੰਨੌਜ ਦੀ ਸ਼ਾਨ ਦੁੱਗਣੀ ਹੋ ਗਈ।

ਹਿਊਨ ਸਾਂਗ ਨੇ ਲਿਖਿਆ, "ਕਨੌਜ ਵਿੱਚ ਹਰ ਪਾਸੇ ਆਰਥਿਕ ਖੁਸ਼ਹਾਲੀ ਸੀ। ਲੋਕ ਸੱਭਿਅਕ ਸਨ। ਸ਼ਹਿਰ ਕਾਰੋਬਾਰ ਅਤੇ ਵਪਾਰ ਦਾ ਕੇਂਦਰ ਬਣ ਗਿਆ ਸੀ।"
"ਇਹ ਸ਼ਹਿਰ ਪੰਜ ਮੀਲ ਲੰਬੇ ਅਤੇ ਡੇਢ ਮੀਲ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉੱਥੇ ਬਣੇ ਘਰ ਸਾਫ਼ ਅਤੇ ਸੁੰਦਰ ਸਨ। ਉਨ੍ਹਾਂ ਦੀਆਂ ਕੰਧਾਂ ਉੱਚੀਆਂ ਅਤੇ ਮੋਟੀਆਂ ਸਨ। ਬਹੁਤ ਸਾਰੇ ਸੁੰਦਰ ਬਾਗ਼, ਸਾਫ਼ ਪਾਣੀ ਦੇ ਤਲਾਅ ਅਤੇ ਇੱਕ ਅਜਾਇਬ ਘਰ ਸਨ।"
"ਉੱਥੋਂ ਦੇ ਲੋਕ ਨਿਰਵਿਘਨ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ। ਉਨ੍ਹਾਂ ਦੀ ਭਾਸ਼ਾ ਸ਼ੁੱਧ ਅਤੇ ਮਿੱਠੀ ਸੀ। ਕਸਾਈ, ਮਛੇਰੇ, ਨ੍ਰਿਤਕ ਅਤੇ ਜੱਲਾਦ ਸ਼ਹਿਰ ਤੋਂ ਬਾਹਰ ਰਹਿੰਦੇ ਸਨ। ਫ਼ੌਜ ਰਾਤ ਨੂੰ ਮਹਿਲ ਦੇ ਆਲੇ-ਦੁਆਲੇ ਪਹਿਰਾ ਦਿੰਦੀ ਸੀ।"
ਭਾਰਤੀ ਇਤਿਹਾਸ ਵਿੱਚ ਹਰਸ਼ ਜਿੰਨੇ ਉਦਾਰ ਲੋਕ ਬਹੁਤ ਘੱਟ ਹੋਏ ਹਨ।
ਵਿਜੇ ਨਾਹਰ ਲਿਖਦੇ ਹਨ, "ਪ੍ਰਯਾਗ ਵਿੱਚ ਮਹਾਮੋਕਸ਼ ਪ੍ਰੀਸ਼ਦ ਵਿੱਚ ਜੋ ਕਿ ਹਰ ਪੰਜ ਸਾਲਾਂ ਵਿੱਚ ਇੱਕ ਵਾਰ ਹੁੰਦੀ ਸੀ, ਹਰਸ਼ ਆਪਣੀ ਸਾਰੀ ਮਲਕੀਅਤ ਦਾਨ ਕਰ ਦਿੰਦੇ ਸਨ, ਸਿਵਾਏ ਆਪਣੇ ਫ਼ੌਜੀ ਉਪਕਰਣਾਂ ਦੇ। ਉਹ ਆਪਣੇ ਪੁਰਾਣੇ ਕੱਪੜੇ ਵੀ ਦਾਨ ਕਰ ਦਿੰਦੇ ਸਨ। ਇਸ ਤੋਂ ਬਾਅਦ ਉਹ ਆਪਣੀ ਭੈਣ ਤੋਂ ਪੁਰਾਣੇ ਕੱਪੜੇ ਉਧਾਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਪਹਿਨਦੇ ਸਨ।"
ਨਾਲੰਦਾ ਯੂਨੀਵਰਸਿਟੀ ਦੇ ਸਰਪ੍ਰਸਤ

ਤਸਵੀਰ ਸਰੋਤ, Motilal Banarasidass Publishers
ਸਮਰਾਟ ਹਰਸ਼ ਇੱਕ ਨਾਇਕ ਹੋਣ ਦੇ ਨਾਲ-ਨਾਲ ਇੱਕ ਵਿਦਵਾਨ ਅਤੇ ਵਿਦਵਾਨਾਂ ਦਾ ਸਰਪ੍ਰਸਤ ਵੀ ਸਨ।
ਉਨ੍ਹਾਂ ਨੇ ਮਹਾਨ ਕਵੀ ਬਾਣਭੱਟ ਨੂੰ ਦਰਬਾਰੀ ਵਿਦਵਾਨ ਨਿਯੁਕਤ ਕੀਤਾ ਸੀ।
ਹਰਸ਼ ਖ਼ੁਦ ਸੰਸਕ੍ਰਿਤ ਭਾਸ਼ਾ ਦਾ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਨੇ ਤਿੰਨ ਸੰਸਕ੍ਰਿਤ ਨਾਟਕ ਲਿਖੇ ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਨੰਦ ਲਿਖੇ ਸਨ।
ਜੈਦੇਵ ਨੇ ਹਰਸ਼ ਦੀ ਤੁਲਨਾ ਭਾਸ ਅਤੇ ਕਾਲੀਦਾਸ ਨਾਲ ਵੀ ਕੀਤੀ। ਸਮਰਾਟ ਹਰਸ਼ ਦੇ ਦਰਬਾਰ ਵਿੱਚ ਬਾਣਭੱਟ, ਮਯੂਰ, ਜੈਦੇਵ, ਦਿਵਾਕਰ ਅਤੇ ਭਰਤਹਰੀ ਵਰਗੇ ਉੱਘੇ ਵਿਦਵਾਨ ਮੌਜੂਦ ਸਨ।
ਮਸ਼ਹੂਰ ਇਤਿਹਾਸਕਾਰ ਈਬੀ ਹੈਵਲ ਆਪਣੀ ਕਿਤਾਬ 'ਦਿ ਹਿਸਟਰੀ ਆਫ਼ ਆਰੀਅਨ ਰੂਲ ਇਨ ਇੰਡੀਆ ਫਰਾਮ ਦਿ ਅਰਲੀਐਸਟ ਟਾਈਮਜ਼ ਟੂ ਦਿ ਡੈਥ ਆਫ਼ ਅਕਬਰ' ਵਿੱਚ ਲਿਖਦੇ ਹਨ, "ਸਮਰਾਟ ਹਰਸ਼ ਕਲਮ ਦੀ ਵਰਤੋਂ ਵਿੱਚ ਓਨੇਂ ਹੀ ਮਾਹਰ ਸਨ ਜਿੰਨੇ ਉਹ ਤਲਵਾਰ ਦੀ ਵਰਤੋਂ ਵਿੱਚ ਸਨ।"
ਡਾਕਟਰ ਹੇਮਚੰਦਰ ਰਾਏਚੌਧਰੀ ਨੇ ਲਿਖਿਆ, "ਹਰਸ਼ ਇੱਕ ਮਹਾਨ ਜਰਨੈਲ ਅਤੇ ਪ੍ਰਬੰਧਕ ਸੀ। ਇਸ ਤੋਂ ਵੱਧ ਉਹ ਸਾਹਿਤ ਅਤੇ ਧਰਮ ਦੇ ਇੱਕ ਮਹਾਨ ਸਰਪ੍ਰਸਤ ਵੀ ਸਨ।"
ਡਾਕਟਰ ਆਰਸੀ ਮਜੂਮਦਾਰ ਆਪਣੀ ਕਿਤਾਬ 'ਦਿ ਕਲਾਸੀਕਲ ਏਜ' ਵਿੱਚ ਲਿਖਦੇ ਹਨ, "ਹਰਸ਼ ਇੱਕ ਸ਼ਾਨਦਾਰ ਸਾਹਿਤਕਾਰ ਅਤੇ ਸਿੱਖਣ ਦਾ ਪ੍ਰੇਮੀ ਸੀ।"
"ਹਰਸ਼ ਨੇ ਆਪਣੀ ਰਚਨਾ 'ਨਾਗਨੰਦ' ਵਿੱਚ ਰੋਮਾਂਸ ਦੇ ਨਾਲ-ਨਾਲ ਮਨੁੱਖਤਾ, ਭਾਈਚਾਰੇ, ਦਯਾ ਅਤੇ ਪਿਆਰ ਦਾ ਜੋ ਸੁਨੇਹਾ ਦਿੱਤਾ ਹੈ, ਉਨ੍ਹਾਂ ਨੇ ਹਰਸ਼ ਨੂੰ ਇੱਕ ਸਾਹਿਤਕਾਰ ਵਜੋਂ ਅਮਰ ਕਰ ਦਿੱਤਾ ਹੈ।"
ਹਰਸ਼ ਦੇ ਸਮੇਂ ਦੌਰਾਨ ਨਾਲੰਦਾ ਯੂਨੀਵਰਸਿਟੀ ਦੁਨੀਆ ਦੇ ਸਭ ਤੋਂ ਵਧੀਆ ਵਿੱਦਿਅਕ ਅਦਾਰਿਆਂ ਵਿੱਚੋਂ ਇੱਕ ਸੀ। ਹਰਸ਼ ਇਸਦੇ ਸਰਪ੍ਰਸਤ ਸਨ।
ਉਨ੍ਹਾਂ ਨੇ ਇਸਦੀ ਦੇਖਭਾਲ ਲਈ 100 ਪਿੰਡ ਦਾਨ ਕੀਤਾ ਅਤੇ ਉੱਥੇ 100 ਫੁੱਟ ਉੱਚਾ ਕਾਂਸੀ ਦਾ ਸਤੂਪ ਵੀ ਬਣਾਇਆ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵਿਦਵਾਨਾਂ ਅਤੇ ਵਿੱਦਿਅਕ ਸੰਸਥਾਵਾਂ ਦੀ ਸਰਪ੍ਰਸਤੀ ਦੇ ਕਾਰਨ ਹਰਸ਼ ਨੇ ਸਾਹਿਤਕ ਪ੍ਰਾਪਤੀ ਵਿੱਚ ਅਸ਼ੋਕ ਨੂੰ ਪਛਾੜ ਦਿੱਤਾ ਸੀ।
ਬਾਅਦ ਵਿੱਚ ਬੁੱਧ ਧਰਮ ਅਪਣਾ ਲਿਆ

ਤਸਵੀਰ ਸਰੋਤ, Getty Images
ਸਮਰਾਟ ਹਰਸ਼ ਦੇ ਧਰਮ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ।
ਬਾਣਭੱਟ ਮੁਤਾਬਕ ਹਰਸ਼ ਦੇ ਪੂਰਵਜਾਂ ਦਾ ਧਰਮ ਸ਼ੈਵ ਧਰਮ ਸੀ।
ਹਰਸ਼ ਦੇ ਜਨਮ ਸਮੇਂ ਕੀਤੇ ਗਏ ਯੱਗ, ਹਵਨ ਅਤੇ ਵੈਦਿਕ ਮੰਤਰਾਂ ਦੇ ਪਾਠ ਤੋਂ ਪਤਾ ਲੱਗਦਾ ਹੈ ਕਿ ਵਰਧਨ ਰਾਜਵੰਸ਼ ਵੈਦਿਕ ਧਰਮ ਦਾ ਪਾਲਣ ਕਰਦਾ ਸੀ। ਇਸ ਤੋਂ ਇਲਾਵਾ ਹਰਸ਼ ਦੇ ਸਿੱਕਿਆਂ 'ਤੇ ਸ਼ਿਵ ਅਤੇ ਨੰਦੀ ਦੇ ਚਿੰਨ੍ਹਾਂ ਦੀ ਮੌਜੂਦਗੀ ਉਨ੍ਹਾਂ ਦੇ ਸ਼ੈਵ ਧਰਮ ਦਾ ਅਨੁਯਾਈ ਹੋਣ ਵੱਲ ਇਸ਼ਾਰਾ ਕਰਦੀ ਹੈ।
ਬਾਂਸਖੇੜਾ ਅਤੇ ਮਧੂਬਨ ਸ਼ਿਲਾਲੇਖਾਂ ਵਿੱਚ ਉਨ੍ਹਾਂ ਦੇ ਨਾਮ ਦੇ ਨਾਲ 'ਪਰਮ ਪਰਮੇਸ਼ਵਰ' ਉਪਨਾਮ ਵਰਤਿਆ ਗਿਆ ਹੈ, ਜੋ ਉਸ ਯੁੱਗ ਵਿੱਚ ਸ਼ੈਵ ਧਰਮ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਸੀ।
ਪਰ ਬਾਣਭੱਟ ਅਤੇ ਹਿਊਨ ਸਾਂਗ ਦੋਵੇਂ ਲਿਖਦੇ ਹਨ ਕਿ ਆਪਣੇ ਜੀਵਨ ਦੇ ਅਖੀਰਲੇ ਹਿੱਸੇ ਵਿੱਚ ਹਰਸ਼ ਬੁੱਧ ਧਰਮ ਦਾ ਅਨੁਯਾਈ ਬਣ ਗਏ ਅਤੇ ਭਗਵਾਨ ਬੁੱਧ ਵਿੱਚ ਅਥਾਹ ਵਿਸ਼ਵਾਸ ਰੱਖਦੇ ਸਨ।
ਹਰਸ਼ ਦੇ ਦੋ ਨਾਟਕ 'ਰਤਨਵਲੀ' ਅਤੇ 'ਪ੍ਰਿਯਦਰਸ਼ਿਕਾ' ਵਿੱਚ ਜਿਨ੍ਹਾਂ ਦੇਵਤਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ, ਉਹ ਸਾਰੇ ਵੈਦਿਕ ਧਰਮ ਦੇ ਹਨ ਪਰ ਹਰਸ਼ ਦੇ ਤੀਜੇ ਨਾਟਕ 'ਨਾਗਨੰਦ' ਵਿੱਚ ਉਨ੍ਹਾਂ ਨੇ ਬੁੱਧ ਨੂੰ ਦੇਵਤਾ ਮੰਨ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ, ਪਰ ਇਸ ਦੇ ਨਾਲ ਹੀ ਗਰੁੜ ਅਤੇ ਗੌਰੀ ਦੀ ਵੀ ਪ੍ਰਸ਼ੰਸਾ ਹੈ।
ਰਾਧਾ ਕੁਮੁਦ ਮੁਖਰਜੀ ਲਿਖਦੇ ਹਨ, "ਸਮਰਾਟ ਹਰਸ਼ ਸ਼ੁਰੂ ਵਿੱਚ ਬੁੱਧ ਧਰਮ ਦੇ ਪੈਰੋਕਾਰ ਨਹੀਂ ਸਨ, ਪਰ ਬਾਅਦ ਵਿੱਚ ਬੁੱਧ ਧਰਮ ਅਪਣਾਉਣ ਤੋਂ ਬਾਅਦ ਵੀ, ਉਨ੍ਹਾਂ ਨੇ ਦੂਜੇ ਧਰਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ।"
"ਅਸ਼ੋਕ ਅਤੇ ਕਨਿਸ਼ਕ ਦੇ ਉਲਟ ਹਰਸ਼ ਨੇ ਬੁੱਧ ਧਰਮ ਦਾ ਪ੍ਰਚਾਰ ਨਹੀਂ ਕੀਤਾ, ਪਰ ਉਨ੍ਹਾਂ ਨੂੰ ਪਤਨ ਵੱਲ ਵਧ ਰਹੇ ਬੁੱਧ ਧਰਮ ਦੀ ਰੱਖਿਆ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।"
"ਉਨ੍ਹਾਂ ਨੇ ਕੰਨੌਜ ਦੀ ਧਾਰਮਿਕ ਸਭਾ ਅਤੇ ਪ੍ਰਯਾਗ ਦੀ ਮਹਾਮੋਕਸ਼ ਪ੍ਰੀਸ਼ਦ ਵਿੱਚ ਪਹਿਲੀ ਵਾਰ ਭਗਵਾਨ ਬੁੱਧ ਦੀ ਪੂਜਾ ਕਰਕੇ ਬੁੱਧ ਧਰਮ ਦੀ ਅਹਿਮੀਅਤ ਨੂੰ ਵਧਾਇਆ।"
ਹਰਸ਼ ਦੇ ਦਰਬਾਰ ਵਿੱਚ ਹਿਊਨ ਸਾਂਗ

ਤਸਵੀਰ ਸਰੋਤ, Getty Images
ਚੀਨ ਵਾਪਸ ਜਾਣ ਤੋਂ ਹਿਊਨ ਸਾਂਗ ਨੂੰ ਸਮਰਾਟ ਹਰਸ਼ ਨੇ ਆਪਣੇ ਦਰਬਾਰ ਵਿੱਚ ਵਿਚਾਰ-ਚਰਚਾ ਲਈ ਬੁਲਾਇਆ। ਉਸ ਸਮੇਂ ਹਰਸ਼ ਦਾ ਰਾਜ ਆਪਣੇ ਸਿਖ਼ਰ 'ਤੇ ਸੀ। ਦੋਵੇਂ ਪਹਿਲਾਂ ਵੀ ਮਿਲੇ ਸਨ ਅਤੇ ਦੋਸਤ ਬਣ ਗਏ ਸਨ।
ਸੰਨ 643 ਵਿੱਚ ਹਿਊਨ ਸਾਂਗ ਹਰਸ਼ਵਰਧਨ ਦੇ ਦਰਬਾਰ ਵਿੱਚ ਆਏ। ਉਸ ਸਮੇਂ ਹਰਸ਼ਵਰਧਨ 37 ਸਾਲਾਂ ਤੋਂ ਰਾਜ ਕਰ ਰਹੇ ਸਨ, ਜਦੋਂ ਕਿ ਹਰਸ਼ 40 ਤੋਂ ਵੱਧ ਸਮੇਂ ਤੋਂ ਗੱਦੀ 'ਤੇ ਸੀ।"
"ਇਸ ਮੁਲਾਕਾਤ ਦੌਰਾਨ ਹਰਸ਼ ਨੇ ਹਿਊਨ ਸਾਂਗ ਨੂੰ ਚੀਨ ਅਤੇ ਇਸਦੇ ਸ਼ਾਸਕ ਨੂੰ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਅਤੇ ਚੀਨ ਬਾਰੇ ਆਪਣੇ ਗਿਆਨ ਨਾਲ ਹਿਊਨ ਸਾਂਗ ਨੂੰ ਹੈਰਾਨ ਕਰ ਦਿੱਤਾ ਸੀ।"
ਇਸ ਦੌਰਾਨ ਹਰਸ਼ ਨੇ ਆਪਣੇ ਰਾਜਦੂਤਾਂ ਰਾਹੀਂ ਚੀਨ ਦੇ ਸਮਰਾਟ ਤਾਈਜ਼ੋਂਗ ਨੂੰ ਤੋਹਫ਼ੇ ਵਜੋਂ ਬੋਧ ਗਯਾ ਵਿਚਲੇ ਬੋਧੀ ਰੁੱਖ ਦਾ ਇੱਕ ਪੌਦਾ ਅਤੇ ਬੋਧੀ ਡਾਕਟਰੀ ਅਤੇ ਖਗੋਲ-ਵਿਗਿਆਨਕ ਗ੍ਰੰਥ ਭੇਜੇ। ਹਿਊਨ ਸਾਂਗ ਨੇ ਹਰਸ਼ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨਾਂ ਨਾਲ ਵਿਚਾਰ-ਚਰਚਾ ਕੀਤੀ।
ਵਿਲੀਅਮ ਡੈਲਰਿੰਪਿਲ ਆਪਣੀ ਕਿਤਾਬ 'ਦਿ ਗੋਲਡਨ ਰੋਡ' ਵਿੱਚ ਲਿਖਦੇ ਹਨ, "ਹਿਊਨ ਸਾਂਗ ਨੇ ਹਰਸ਼ ਵੱਲੋਂ ਦਿੱਤੇ ਗਏ ਹਾਥੀ 'ਤੇ ਚੀਨ ਵਾਪਸ ਜਾਣ ਦੀ ਆਪਣੀ ਯਾਤਰਾ ਸ਼ੁਰੂ ਕੀਤੀ। ਹਰਸ਼ ਨੇ ਆਪਣੇ ਚਾਰ ਅਧਿਕਾਰੀਆਂ ਨੂੰ ਵੀ ਉਨ੍ਹਾਂ ਨਾਲ ਚੀਨ ਭੇਜਿਆ।"
"ਉਨ੍ਹਾਂ ਅਧਿਕਾਰੀਆਂ ਕੋਲ ਹਰਸ਼ ਵੱਲੋਂ ਲਿਖੇ ਗਏ ਪੱਤਰ ਸਨ ਜਿਨ੍ਹਾਂ ਵਿੱਚ ਰਾਹ ਵਿੱਚ ਪੈਣ ਵਾਲੇ ਸੂਬਿਆਂ ਦੇ ਰਾਜਿਆਂ ਨੂੰ ਹਿਊਨ ਸਾਂਗ ਦੇ ਦਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਘੋੜੇ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ।"
ਮੌਤ ਤੋਂ ਬਾਅਦ ਸਾਮਰਾਜ ਖਿੰਡ ਗਿਆ

ਤਸਵੀਰ ਸਰੋਤ, bloomsbury publishing
ਹਰਸ਼ ਨੂੰ ਪ੍ਰਾਚੀਨ ਭਾਰਤ ਦੇ ਇਤਿਹਾਸ ਦੇ ਸਭ ਤੋਂ ਮਹਾਨ ਸਮਰਾਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕੇਐੱਮ ਪਣੀਕਰ ਆਪਣੀ ਕਿਤਾਬ 'ਕੰਨੌਜ ਦਾ ਸ਼੍ਰੀਹਰਸ਼ਾ' ਵਿੱਚ ਲਿਖਦੇ ਹਨ, "ਹਰਸ਼ ਚੰਦਰਗੁਪਤ ਮੌਰਿਆ ਤੋਂ ਸ਼ੁਰੂ ਹੋ ਕੇ ਸ਼ਾਸਕਾਂ ਦੀ ਇੱਕ ਲੰਬੀ ਕਤਾਰ ਵਿੱਚੋਂ ਆਖਰੀ ਸਨ, ਜਿਨ੍ਹਾਂ ਦੇ ਸਮੇਂ ਦੌਰਾਨ ਦੁਨੀਆ ਨੇ ਭਾਰਤ ਨੂੰ ਨਾ ਸਿਰਫ਼ ਇੱਕ ਪ੍ਰਾਚੀਨ ਅਤੇ ਮਹਾਨ ਸੱਭਿਅਤਾ ਵਜੋਂ ਦੇਖਿਆ, ਸਗੋਂ ਮਨੁੱਖਤਾ ਦੀ ਤਰੱਕੀ ਲਈ ਕੰਮ ਕਰਨ ਵਾਲੇ ਇੱਕ ਸੁਸੰਗਠਿਤ ਅਤੇ ਸ਼ਕਤੀਸ਼ਾਲੀ ਰਾਜ ਵਜੋਂ ਵੀ ਦੇਖਿਆ।"
"ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸ਼ਾਸਕ, ਕਲਾ ਦੇ ਸਰਪ੍ਰਸਤ ਅਤੇ ਇੱਕ ਸਾਹਿਤਕਾਰ ਦੇ ਰੂਪ ਵਿੱਚ ਹਰਸ਼ ਨੂੰ ਭਾਰਤੀ ਇਤਿਹਾਸ ਵਿੱਚ ਇੱਕ ਉੱਚ ਸਥਾਨ ਪ੍ਰਾਪਤ ਹੋਵੇਗਾ।"
ਉਨ੍ਹਾਂ ਨੇ ਸੰਨ 655 ਵਿੱਚ ਆਖਰੀ ਸਾਹ ਲਏ ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਹਰਸ਼ ਚੰਦਰਗੁਪਤ ਮੌਰਿਆ ਅਤੇ ਸਮੁੰਦਰਗੁਪਤ ਵਰਗਾ ਸਾਮਰਾਜ ਸਥਾਪਤ ਕਰਨ ਵਿੱਚ ਅਸਮਰੱਥ ਸਨ, ਜੋ ਉਨ੍ਹਾਂ ਦੇ ਬਾਅਦ ਵੀ ਸਾਲਾਂ ਤੱਕ ਚੱਲ ਸਕਦਾ ਸੀ।
ਉਨ੍ਹਾਂ ਦੀ ਮੌਤ ਤੋਂ ਫ਼ੌਰਨ ਬਾਅਦ ਉਨ੍ਹਾਂ ਦਾ ਸਾਮਰਾਜ ਟੁੱਟ ਗਿਆ। ਇਹ ਸ਼ਾਇਦ ਇਸ ਤੱਥ ਦੇ ਕਾਰਨ ਸੀ ਕਿ ਹਰਸ਼ ਦੇ ਕੋਈ ਔਲਾਦ ਨਹੀਂ ਸੀ ਅਤੇ ਉਨ੍ਹਾਂ ਨੇ ਇੱਕ ਯੋਗ ਉੱਤਰਾਧਿਕਾਰੀ ਦਾ ਨਾਮ ਨਹੀਂ ਐਲਾਨਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












