ਬੱਚਿਆਂ ਨੂੰ ਖਾਂਸੀ ਹੋਣ 'ਤੇ ਕਫ਼ ਸਿਰਪ ਦੇਣ ਬਾਰੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਅਸਲੀ ਦਵਾਈ ਦੀ ਪਛਾਣ ਕਿਵੇਂ ਕੀਤੀ ਜਾਵੇ

ਕਫ ਸਿਰਪ

ਤਸਵੀਰ ਸਰੋਤ, Getty Images

    • ਲੇਖਕ, ਪ੍ਰੇਰਣਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਡਾਕਟਰ ਦੀ ਸਲਾਹ ਦੇ ਬਿਨ੍ਹਾਂ ਸਿੱਧਾ ਕੈਮਿਸਟ ਦੀ ਦੁਕਾਨ ਤੋਂ ਦਵਾਈ ਖਰੀਦਣ ਦਾ ਚਲਣ ਆਮ ਹੈ। ਖ਼ਾਸ ਕਰੇ ਖੰਘ, ਬੁਖ਼ਾਰ ਅਤੇ ਜੁਕਾਮ ਵਰਗੀਆਂ ਸਥਿਤੀਆਂ ਵਿੱਚ।

ਅਜਿਹੇ ਮਾਮਲਿਆਂ ਵਿੱਚ ਲੋਕ ਜ਼ਿਆਦਾਤਰ ਇੰਟਰਨੈੱਟ ਤੋਂ ਪੜ੍ਹ ਕੇ ਜਾਂ ਕਿਸੇ ਤੋਂ ਪੁੱਛ ਕਿ ਸਿੱਧੇ ਦੁਕਾਨ ਉੱਤੇ ਦਵਾਈ ਖਰੀਦਣ ਪਹੁੰਚ ਜਾਂਦੇ ਹਨ ਜਾਂ ਫਿਰ ਦੁਕਾਨ ਉੱਤੇ ਬੈਠੇ ਸ਼ਖ਼ਸ ਤੋਂ ਹੀ ਸਲਾਹ ਲੈ ਕੇ ਦਵਾਈ ਜਾਂ ਸਿਰਪ ਲੈ ਲੈਂਦੇ ਹਨ।

ਜਿਵੇਂ ਹਾਲ ਹੀ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੱਚਿਆਂ ਦੀ ਮੌਤ ਦੇ ਬਾਅਦ ਖੰਘ ਦੀ ਦਵਾਈ ਭਾਵ ਕਫ ਸਿਰਫ ਦੀ ਗੁਣਵੱਤਾ ’ਤੇ ਸਵਾਲ ਵੀ ਉੱਠੇ ਹਨ, ਇੱਥੋਂ ਤੱਕ ਮੱਧ ਪ੍ਰਦੇਸ਼ ਸਣੇ ਪੰਜਾਬ ਨੇ ਵੀ ਕੋਲਡ੍ਰਿਫ ਕਫ ਸਿਰਪ ਉੱਤੇ ਬੈਨ ਲਾ ਦਿੱਤਾ।

ਇਸ ਵਕਤ ਕਫ ਸਿਰਪ ਨੂੰ ਲੈ ਕੇ ਦੇਸ਼ ਵਿੱਚ ਬਹਿਸ ਛਿੜੀ ਹੋਈ ਹੈ। ਦੂਜੇ ਦੇਸ਼ਾਂ ਵਿੱਚ ਐਕਸਪੋਰਟ ਹੋਣ ਵਾਲੇ ਭਾਰਤੀ ਕਫ਼ ਸਿਰਪਾਂ ਨੂੰ ਲੈ ਕੇ ਪਹਿਲਾਂ ਵੀ ਸਮੇਂ-ਸਮੇਂ ਉੱਤੇ ਸਵਾਲ ਉੱਠਦੇ ਰਹੇ ਹਨ।

ਐਡਵਾਇਜ਼ਰੀ

ਤਸਵੀਰ ਸਰੋਤ, Government of India

ਤਸਵੀਰ ਕੈਪਸ਼ਨ, ਸਿਹਤ ਮੰਤਰਾਲੇ ਮੁਤਾਬਕ, ਬੱਚਿਆਂ ਵਿੱਚ ਖੰਘ ਆਮ ਤੌਰ 'ਤੇ ਆਪਣੇ ਆਪ ਠੀਕ ਹੋ ਜਾਂਦੀ ਹੈ ਅਤੇ ਅਕਸਰ ਦਵਾਈ ਦੀ ਲੋੜ ਨਹੀਂ ਹੁੰਦੀ

ਅਫਰੀਕੀ ਦੇਸ਼ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਾਲ 2022 ਵਿੱਚ ਭਾਰਤ ਦੀ ਇੱਕ ਦਵਾਈ ਕੰਪਨੀ ਦੇ ਚਾਰ ਕਫ਼ ਅਤੇ ਕੋਲਡ ਸਿਰਪਾਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਉਦੋਂ ਵੀ ਕਾਫੀ ਰੌਲਾ ਪਿਆ ਸੀ।

ਖੈਰ,ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਹਾਲੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੱਚਿਆਂ ਦੇ ਲਈ ਕਫ਼ ਸਿਰਫ ਦੇ ਇਸਤੇਮਾਲ ਨਾਲ ਸਬੰਧਿਤ ਐਡਵਾਇਜ਼ਰੀ ਜਾਰੀ ਕੀਤੀ ਹੈ।

ਸਲਾਹ ਦਿੰਦੇ ਹੋਏ ਕਿਹਾ ਗਿਆ ਕਿ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਅਤੇ ਕੋਲਡ ਦੀਆਂ ਦਵਾਈਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਪੰਜ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੀ ਆਮ ਤੌਰ ਉੱਤੇ ਅਜਿਹੀਆਂ ਦਵਾਈਆਂ ਦੀ ਸਲਾਹ ਨਹੀਂ ਦਿੱਤੀ ਜਾਂਦੀ ਪਰ ਜੇਕਰ ਦਵਾਈ ਦੇਣੀ ਵੀ ਪਵੇ ਤਾਂ ਡੋਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਇਕੱਠੀਆਂ ਲੈਣ ਤੋਂ ਬਚਣਾ ਚਾਹੀਦਾ ਹੈ।

ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਹੈਲਥ ਸਰਵਸਿਜ ਦੇ ਡਾਇਰੈਕਟਰਾਂ ਨੂੰ ਵੀ ਇਸ ਬਾਰੇ ਚਿੱਠੀ ਲਿਖੀ ਹੈ ਅਤੇ ਕਿਹਾ ਕਿ ਬੱਚਿਆਂ ਦੀ ਖੰਘ ਆਮ ਤੌਰ ’ਤੇ ਖੁਦ ਹੀ ਠੀਕ ਹੋ ਜਾਂਦੀ ਹੈ ਅਤੇ ਇਸਦੇ ਲਈ ਅਕਸਰ ਦਵਾਈਆਂ ਦੀ ਲੋੜ ਨਹੀਂ ਪੈਂਦੀ।

ਖੰਘ ਦੀ ਦਵਾਈ ਕਦੋਂ ਲੈਣੀ ਜ਼ਰੂਰੀ ਹੈ?

ਖੰਘ ਦੀ ਦਵਾਈ ਬਾਰੇ ਡਾਕਟਰ ਧੀਰੇਂਦਰ ਗੁਪਤਾ

ਅਜਿਹੇ ਵਿੱਚ ਇਹ ਜਾਨਣਾ ਅਹਿਮ ਹੋ ਜਾਂਦਾ ਹੈ ਕਿ ਕਫ ਸਿਰਪ ਲੈਣਾ ਕਦੋਂ ਚਾਹੀਦਾ, ਲੈਣਾ ਵੀ ਚਾਹੀਦਾ ਹੈ ਜਾਂ ਨਹੀਂ ਜਦੋਂ ਨਾ ਲੈਣ ਦੀ ਸਲਾਹ ਦਿੱਤੀ ਜਾਵੇ ਤਾਂ ਕਿਹੜਾ ਬਦਲ ਚੁਣਨਾ ਚਾਹੀਦਾ ਹੈ ਅਤੇ ਜੇਕਰ ਸਿਰਪ ਖਰੀਦਣਾ ਹੋਵੇ ਤਾਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਹਨ।

ਸਰ ਗੰਗਾ ਰਾਮ ਹਸਪਤਾਲ ਦਿੱਲੀ ਵਿੱਚ ਡੀਆਟ੍ਰਿਸ਼ਿਅਨ ਡਾ. ਧੀਰੇਂਦਰ ਗੁਪਤਾ ਦੱਸਦੇ ਹਨ ਕਿ "ਜ਼ਿਆਦਾਤਰ ਸਰਦੀ ਅਤੇ ਜੁਕਾਮ ਵਾਲੀ ਖੰਘ ਆਪ ਹੀ ਠੀਕ ਹੋ ਜਾਂਦੀ ਹੈ। ਅਰਾਮ ਕਰੋ, ਕੋਸਾ ਪਾਣੀ ਪਿਓ, ਸਲਾਈਨ ਨੇਜ਼ਲ ਡਰਾਪਸ ਦੇ ਜ਼ਰੀਏ ਵੀ ਖਾਸੀ ਕੰਟਰੋਲ ਕੀਤੀ ਜਾ ਸਕਦੀ ਹੈ।"

ਸਿਰਪ ਦੀ ਲੋੜ ਹਮੇਸ਼ਾ ਨਹੀਂ ਪੈਂਦੀ ਹੈ।

ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਪ੍ਰੋਫੈਸਰ ਅਤੇ ਕਮਿਊਨਿਟੀ ਮੈਡੀਸਨ ਦੀ ਨਿਰਦੇਸ਼ਕ ਡਾਕਟਰ ਸੁਨੀਲਾ ਗਰਗ ਦਾ ਵੀ ਇਹੀ ਮੰਨਣਾ ਹੈ।

ਉਹ ਕਹਿੰਦੇ ਹਨ, "ਬੱਚਿਆਂ ਨੂੰ ਜ਼ਿਆਦਾਤਰ ਖੰਘ ਅਲਰਜੀ ਦੇ ਕਾਰਨ ਹੁੰਦੀ ਹੈ ਅਤੇ ਇਸ ਲਈ ਜ਼ਰੂਰੀ ਨਹੀਂ ਕਿ ਕਫ ਸਿਰਪ ਦਿੱਤਾ ਜਾਏ। ਬਹੁਤ ਸਾਰੇ ਡਾਇਲੈਟਸ ਵੀ ਬਾਜ਼ਾਰ ਵਿੱਚ ਮੌਜੂਦ ਹਨ ਜੋ ਛਾਤੀ ਦੀਆਂ ਨਲੀਆਂ ਨੂੰ ਖੋਲ ਦਿੰਦੇ ਹਨ ਪਰ ਇਸ ਦੇ ਲਈ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।"

"ਉਹ ਸ਼ਾਇਦ ਖੰਘ ਦੀ ਦਵਾਈ ਬਿਲਕੁਲ ਵੀ ਨਾ ਲਿਖਣ ਕਿਉਂਕਿ ਖੰਘ ਦੀ ਦਵਾਈ ਵਿੱਚ ਸੈਡੇਟਿਵ ਸਿਰਫ਼ ਕੁਝ ਰਾਹਤ ਦਿੰਦੇ ਹਨ, ਖੰਘ ਨੂੰ ਠੀਕ ਨਹੀਂ ਕਰਦੇ। ਇਸ ਲਈ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਤੁਹਾਨੂੰ ਇਨਹੇਲਰ, ਕਮਰੇ ਨੂੰ ਨਮੀ ਦੇਣ (ਭਾਵ, ਗਰਮ ਪਾਣੀ ਨਾਲ ਕਮਰੇ ਨੂੰ ਗਰਮ ਰੱਖਣਾ) ਜਾਂ ਕੀ ਤੁਹਾਨੂੰ ਦਵਾਈ ਜਾਂ ਖੰਘ ਦੀ ਦਵਾਈ ਦੀ ਲੋੜ ਹੈ।"

ਡਾ. ਧੀਰੇਂਦਰ ਮੁਤਾਬਕ ਜੇਕਰ ਖਾਸੀ ਦੋ ਹਫਤੇ ਤੋਂ ਵੱਧ ਵੇਲੇ ਲਈ ਰਹਿੰਦੀ ਹੈ, ਨਾਲ ਹੀ ਕੋਈ ਲੱਛਣ ਵੀ ਹਨ , ਜਿਵੇਂ ਕਿ ਸਾਹ ਦਾ ਤੇਜ਼ ਚੱਲਣ, ਤੇਜ਼ ਬੁਖਾਰ , ਡਾਈਟ ਘੱਟ ਹੋ ਜਾਣਾ, ਸੁਸਤੀ ਮਹਿਸੂਸ ਹੋਣਾ ਤਾਂ ਅਜਿਹਾ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਖਾਸ ਕਰਕੇ ਜੇਕਰ ਮਰੀਜ਼ ਬੱਚੇ ਦੀ ਉਮਰ ਤਿੰਨ ਮਹੀਨਿਆਂ ਤੋਂ ਘੱਟ ਹੋਵੇ ਤਾਂ ਡਾਕਟਰ ਨਾਲ ਸੰਪਰਕ ਤੁਰੰਤ ਕਰਨਾ ਚਾਹੀਦਾ ਹੈ।

ਖੰਘ ਲਈ ਕਿਹੜੇ ਘਰੇਲੂ ਉਪਾਅ ਕਾਰਗਰ

ਸ਼ਹਿਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦਾ ਕਹਿਣਾ ਹੈ ਕਿ ਥੋੜੀ ਖੰਘ ਜਾਂ ਵਾਇਰਲ ਹੋਣ ਤੋਂ ਪਹਿਲਾਂ ਘਰੇਲੂ ਉਪਾਅ ਹੀ ਕਰਨੇ ਚਾਹੀਦੇ ਹਨ

ਡਾਕਟਰਾਂ ਦਾ ਕਹਿਣਾ ਹੈ ਕਿ ਥੋੜੀ ਖੰਘ ਜਾਂ ਵਾਇਰਲ ਹੋਣ ਤੋਂ ਪਹਿਲਾਂ ਘਰੇਲੂ ਉਪਾਅ ਹੀ ਕਰਨੇ ਚਾਹੀਦੇ ਹਨ, ਜਿਵੇਂ ਕਿ ਗੁਨਗੁਨਾ ਭਾਵ ਕੋਸਾ ਪਾਣੀ ਪੀਣਾ, ਭਾਫ ਲੈਣਾ ਅਤੇ ਇੱਕ ਸਾਲ ਤੋਂ ਵੱਡੇ ਬੱਚੇ ਨੂੰ ਥੋੜਾ ਸ਼ਹਿਦ ਦੇਣਾ। ਜੇਕਰ ਖੰਘ ਵੱਧ ਹੋਵੇ, ਕਾਰਨ ਐਲਰਜੀ ਹੋਵੇ, ਜਾਂ ਫਿਰ ਐਸਿਡਿਟੀ ਦੇ ਕਾਰਨ ਖੰਘ ਹੋਵੇ ਤਾਂ ਡਾਕਟਰ ਕੋਲ ਜਾਓ ਅਤੇ ਉਨ੍ਹਾਂ ਦੀ ਸਲਾਹ ਨਾਲ ਹੀ ਦਵਾਈ ਲਵੋ।

ਡਾਕਟਰ ਕਫ ਸਿਰਫ ਦੀ ਡੋਜ਼ ਬੱਚੇ ਦੇ ਭਾਰ ਅਤੇ ਉਮਰ ਦੇ ਹਿਸਾਬ ਨਾਲ ਤੈਅ ਕਰਦੇ ਹਨ ਇਸ ਲਈ ਧਿਆਨ ਰੱਖੋ ਕਿ ਚਮਚੇ ਦੀ ਥਾਂ ਦਵਾਈ ਕਪ ਜਾਂ ਡੋਜ਼ਿੰਗ ਚੱਮਚ ਨਾਲ ਹੀ ਦਿੱਤੀ ਜਾਵੇ।

ਕਿਸ ਉਮਰ ਵਿੱਚ ਕਫ ਸਿਰਫ ਦੇਣਾ ਸੁਰੱਖਿਅਤ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਾ ਦੋ ਸਾਲ ਜਾਂ ਉਸ ਤੋਂ ਘੱਟ ਉਮਰ ਦਾ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਗ਼ੈਰ ਕਫ ਸਿਰਪ ਨਾ ਦੇਵੋ

ਡਾਕਟਰ ਧੀਰੇਂਦਰ ਦਾ ਕਹਿਣਾ ਹੈ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓਵਰ ਦੀ ਕਾਊਂਟਰ ਭਾਵ ਬਿਨ੍ਹਾਂ ਪ੍ਰਿਸਕ੍ਰਿਪਸ਼ਨ ਮਿਲਣ ਵਾਲਾ ਸਿਰਪ ਖੁਦ ਨਾ ਦਿਓ।

ਬੱਚਾ ਦੋ ਸਾਲ ਜਾਂ ਉਸ ਤੋਂ ਘੱਟ ਉਮਰ ਦਾ ਹੈ ਤਾਂ ਸਾਵਧਾਨੀ ਹੋਰ ਵੀ ਵਰਤੋਂ। ਡਾਕਟਰ ਦੀ ਜਾਂਚ ਅਤੇ ਸਲਾਹ ਦੇ ਬਿਨ੍ਹਾਂ ਕਿਸੇ ਸਿਰਪ ਦਾ ਇਸਤੇਮਾਲ ਨਾ ਕਰੋ। ਸ਼ਹਿਦ ਇੱਕ ਸਾਲ ਤੋਂ ਉਪਰ ਦੇ ਬੱਚੇ ਨੂੰ ਹੀ ਦਿਓ, ਕਿਉਂਕਿ ਉਸ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।

ਇਹ ਵੀ ਪੜ੍ਹੋ-

ਕਫ਼ ਸਿਰਪ ਖਰੀਦਦੇ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ

ਡਾਕਟਰ ਸੁਨੀਲਾ ਗਰਗ ਦਾ ਕਹਿਣਾ ਹੈ ਕਿ ਖੰਘ ਦੀ ਦਵਾਈ ਬਿਨ੍ਹਾਂ ਡਾਕਟਰ ਦੀ ਪਰਚੀ ਦੇ ਨਹੀਂ ਲੈਣੀ ਚਾਹੀਦੀ ਕਿਉਂਕਿ ਕਈ ਤਰ੍ਹਾਂ ਦੇ ਕਫ ਸੀਰਪ ਹੁੰਦੇ ਹਨ ਅਤੇ ਕੈਮਿਸਟ ਤੁਹਾਨੂੰ ਆਪਣੇ ਮੁਨਾਫ਼ੇ ਅਨੁਸਾਰ ਕੋਈ ਵੀ ਖੰਘ ਦੀ ਦਵਾਈ ਦੇ ਸਕਦੇ ਹਨ, ਇਸ ਲਈ ਨਾ ਤਾਂ ਖ਼ੁਦ ਡਾਕਟਰ ਬਣੋ ਅਤੇ ਨਾ ਹੀ ਫਾਰਮਾਸਿਸਟ (ਡਾਕਟਰ) ਬਣੋ।

ਪਰ ਫਿਰ ਵੀ ਜੇਕਰ ਤੁਸੀਂ ਓਵਰ-ਦਿ- ਕਾਊਂਟਰ ਕਫ ਸਿਰਪ ਲੈਣ ਚਲੇ ਗਏ ਤਾਂ ਹਮੇਸ਼ਾ ਲਾਇਸੈਂਸ ਵਾਲੀ ਫਾਰਮੈਸੀ ਤੇ ਹੀ ਜਾਓ।

ਕਫ ਸਿਰਪ ਦੀ ਬੋਤਲ ਉੱਤੇ ਲਿਖੇ ਗਏ ਇੰਗ੍ਰੇਡੀਐਂਟਸ ਭਾਵ ਸਿਰਪ ਕਿਹੜੀਆਂ ਸਮੱਗਰੀਆਂ ਦਾ ਬਣਿਆ ਇਹ ਧਿਆਨ ਨਾਲ ਪੜ੍ਹ ਲਵੋ।

ਵਿਸ਼ਵ ਸਿਹਤ ਸੰਗਠਨ ਕਈ ਵਾਰ ਚਿਤਾਵਨੀ ਦੇ ਚੁੱਕਿਆ ਹੈ ਕਿ ਡਾਈਇਥਲੀਨ ਗਲਾਈਕੋਲ ਅਤੇ ਇਥੀਲੀਨ ਗਲਾਈਕੋਲ ਨਾਲ ਦੂਸ਼ਿਤ ਸਿਰਪ, ਬੱਚਿਆਂ ਵਿੱਚ ਕਿਡਨੀ ਫੇਲੀਅਰ ਅਤੇ ਮੌਤ ਤੱਕ ਦਾ ਕਾਰਨ ਬਣ ਸਕਦੇ ਹਨ।

ਉਧਰ ਕਲੋਰਫੋਨੇਰਮਾਈਨ ਅਤੇ ਡੇਕਸਟ੍ਰੋਮੇਥੋਫਰੋਨ ਵੀ ਬੱਚਿਆਂ ਉੱਤੇ ਮਾੜਾ ਪ੍ਰਭਾਵ ਪਾ ਸਕਦੇ ਹਨ।

ਡਾ. ਧੀਰੇਂਦਰ ਗੁਪਤਾ ਮੁਤਾਬਕ, "ਕੰਬੀਨੇਸ਼ਨ ਕਫ਼ ਸਿਰਪ ਵਿੱਚ ਕੈਮੀਕਲ ਜਿਵੇਂ ਕਿ ਫ਼ੇਨਿਲੇਫ੍ਰਾਈਨ, ਐਮਬ੍ਰੋਕਸੋਲ,ਲੀਵੋਸਿਟ੍ਰਿਜ਼ਿਨ ਦਾ ਇਸਤੇਮਾਲ ਵੀ ਮਿਲ ਜਾਂਦਾ ਹੈ। ਇਸਦੇ ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਹਨ। ਇਸ ਲਈ ਡਾਕਟਰਾਂ ਦੀ ਸਲਾਹ ਜ਼ਰੂਰੀ ਹੋ ਜਾਂਦੀ ਹੈ "

ਡਾਕਟਰ ਗਰਗ ਕਹਿੰਦੇ ਹਨ ਕਿ ਇੱਕ ਜਾਗਰੂਕ ਖਪਤਕਾਰ ਹੋਣ ਨਾਤੇ, ਤੁਹਾਨੂੰ ਫਾਰਮਾਸਿਸਟ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਖੰਘ ਦੀ ਦਵਾਈ ਦੀ ਗੁਣਵੱਤਾ ਕੰਟਰੋਲ ਕੀਤੀ ਗਈ ਹੈ ਜਾਂ ਨਹੀਂ।

ਜਿਵੇਂ ਅੱਜ ਸਾਰੇ ਪਰਿਵਾਰ ਇਸ ਗੱਲ ਤੋਂ ਜਾਣੂ ਹਨ ਕਿ ਬੱਚਿਆਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਉਸੇ ਤਰ੍ਹਾਂ ਜੇਕਰ ਇਨ੍ਹਾਂ ਦਵਾਈਆਂ ਅਤੇ ਸਿਰਪਜ਼ ਬਾਰੇ ਜਾਗਰੂਕਤਾ ਹੋਵੇਗੀ, ਤਾਂ ਕੰਪਨੀਆਂ ਵੀ ਸੁਚੇਤ ਹੋਣਗੀਆਂ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਸਲਾਹ ਦਿੰਦੇ ਹਨ ਕਿ ਦਵਾਈ ਉੱਤੇ ਡਰੱਗ ਲਾਇਸੈਂਸ ਨੰਬਰ ਲਿਖਿਆ ਹੋਣਾ ਜ਼ਰੂਰੀ ਹੁੰਦਾ ਹੈ ਜੇ ਨਾ ਲਿਖਿਆ ਹੋਵੇ ਤਾਂ ਉਹ ਦਵਾਈ ਨਹੀਂ ਲੈਣੀ ਚਾਹੀਦੀ

ਡਾਕਟਰ ਗੁਪਤਾ ਸਲਾਹ ਦਿੰਦੇ ਹਨ ਕਿ ਦਵਾਈ ਲੈਂਦੇ ਵੇਲੇ ਬਿੱਲ ਜ਼ਰੂਰ ਰੱਖੇ, ਸਿਰਪ ਬਣਾਉਣ ਵਾਲੀ ਕੰਪਨੀ ਦਾ ਨਾਮ, ਬੈਚ ਨੰਬਰ, ਕਦੋਂ ਦਵਾਈ ਬਣੀ ਹੈ ਅਤੇ ਐਕਸਪਾਇਰੀ ਡੇਟ ਨੋਟ ਕਰੋ ਕਿਉਂਕਿ ਜੇਕਰ ਕਿਸੇ ਕਫ ਸਿਰਪ ਦੇ ਬੈਚ ਨੂੰ ਜਾਂਚ ਲਈ ਵਾਪਸ ਮੰਗਵਾਇਆ ਜਾਏਗਾ ਤਾਂ ਇਹ ਜਾਣਕਾਰੀ ਕੰਮ ਆਏਗੀ।

ਸਿਰਪ ਦਾ ਰੰਗ ਠੀਕ ਨਾ ਲੱਗੇ ਜਾਂ ਉਸ ਵਿੱਚ ਕੋਈ ਪਾਰਟੀਕਲ ਭਾਵ ਕੋਈ ਚੀਜ਼ ਨਜ਼ਰ ਆਏ, ਦਵਾਈ ਦਾ ਸਾਲਟ ਹੇਠਾਂ ਬੈਠ ਗਿਆ ਹੋਵੇ, ਅਤੇ ਜੇਕਰ ਬੈਚ ਨੰਬਰ ਨਾਲ ਲਿਖਿਆ ਹੋਵੇ ਜਾਂ ਮਿਟਾ ਦਿੱਤਾ ਗਿਆ ਹੋਵੇ ਤਾਂ ਅਜਿਹੀ ਦਵਾਈ ਨਾ ਖਰੀਦੋ।

ਦਵਾਈ ਉੱਤੇ ਡਰੱਗ ਲਾਇਸੈਂਸ ਨੰਬਰ ਲਿਖਿਆ ਹੋਣਾ ਜ਼ਰੂਰੀ ਹੁੰਦਾ ਹੈ ਜੇ ਨਾ ਲਿਖਿਆ ਹੋਵੇ ਤਾਂ ਉਹ ਦਵਾਈ ਨਹੀਂ ਲੈਣੀ ਚਾਹੀਦੀ।

ਜੇਕਰ ਸੂਬੇ ਦੇ ਸਿਹਤ ਮਹਿਕਮੇ ਜਾਂ ਸੀਡੀਐੱਸਸੀਓ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਕਿਸੇ ਖਾਸ ਸਿਰਪ ਜਾਂ ਬੈਚ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਤਾਂ ਉਸ ਨੂੰ ਕਦੇ ਨਾ ਖਰੀਦੋ।

ਹਰਬਲ ਕਫ਼ ਸਿਰਪ ਕਿੰਨੇ ਸੁਰੱਖਿਅਤ ਹਨ?

ਕਫ ਸਿਰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸਮੇਂ ਦੇਸ਼ ਵਿੱਚ ਖੰਘ ਦੇ ਸਿਰਪ ਦੀ ਗੁਣਵੱਤਾ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਦੂਜੇ ਦੇਸ਼ਾਂ ਨੂੰ ਬਰਾਦਮ ਕੀਤੇ ਜਾਣ ਵਾਲੇ ਭਾਰਤੀ ਖੰਘ ਦੇ ਸਿਰਪਾਂ ਬਾਰੇ ਵੀ ਸਮੇਂ-ਸਮੇਂ 'ਤੇ ਸਵਾਲ ਉਠਾਏ ਜਾਂਦੇ ਰਹੇ ਹਨ

ਕੀ ਹਰਬਲ ਕਫ਼ ਸਿਰਪ ਸੁਰੱਖਿਅਤ ਹੁੰਦੇ ਹਨ ਤਾਂ ਇਸ ਬਾਰੇ ਡਾਕਟਰ ਧੀਰੇਂਦਰ ਦਾ ਕਹਿਣਾ ਹੈ ਕਿ ਹਰਬਲ ਲਿਖੇ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹ ਹਮੇਸ਼ਾ ਸੁਰੱਖਿਅਤ ਹੋਣ ਜਾਂ ਉਨ੍ਹਾਂ ਵਿੱਚ ਹਾਨੀਕਾਰਕ ਪਦਾਰਥ ਦਾ ਇਸਤੇਮਾਲ ਨਾ ਹੋਇਆ ਹੋਵੇ।

ਇਸ ਵਿੱਚ ਵੀ ਦੂਸ਼ਿਤ ਕੈਮੀਕਲਜ਼ ਹੋ ਸਕਦੇ ਹਨ। ਇਸ ਲਈ ਭਰੋਸੇਮੰਦ ਕੰਪਨੀਆਂ ਤੋਂ ਹੀ ਦਵਾਈ ਖਰੀਦੋ।

ਨਕਲੀ ਸਿਰਪ ਲੈਣ ਨਾਲ ਕੀ ਪਰੇਸ਼ਾਨੀਆਂ ਹੋ ਸਕਦੀਆਂ ਹਨ?

ਹੁਣ ਆਖਰੀ ਸਵਾਲ ਜੇਕਰ ਨਕਲੀ ਸਿਰਪ ਲੈ ਲਿਆ ਜਾਂਦਾ ਹੈ ਤਾਂ ਕੀ ਕੀ ਪਰੇਸ਼ਾਨੀਆਂ ਹੋ ਸਕਦੀਆਂ ਹਨ, ਤਾਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ।

ਇਸ ਨਾਲ ਉਲਟੀ, ਬੇਹੋਸ਼ੀ, ਤੇਜ਼ ਸਾਹ, ਦੌਰਾ ਪੈਣਾ, ਪੇਸ਼ਾਬ ਬਹੁਤ ਘੱਟ ਜਾਂ ਨਾ ਹੋਣਾ, ਪੇਟ ਦਰਦ ਹੋਣ, ਦਿਮਾਗ ਉੱਤੇ ਅਸਰ ਹੋ ਸਕਦਾ ਹੈ, ਦਿਲ ਦੀ ਧੜਕਣ ਪ੍ਰਭਾਵਿਤ ਹੋ ਸਕਦੀ ਹੈ, ਅਜਿਹੇ ਵਿੱਚ ਡਾਕਟਰੀ ਸਲਾਹ ਲਾਜ਼ਮੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)