ਤਰਨ ਤਾਰਨ ਜ਼ਿਮਨੀ ਚੋਣ: ਪੰਜਾਬ 'ਚ ਮੁੱਖ ਵਿਰੋਧੀ ਧਿਰ ਤੇ ਸੱਤ ਲੋਕ ਸਭਾ ਮੈਂਬਰਾਂ ਵਾਲੀ ਕਾਂਗਰਸ ਲਈ 2027 ਦਾ ਰਾਹ ਕਿੰਨਾ ਔਖਾ

ਕਾਂਗਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਰਨ ਤਾਰਨ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ, 'ਆਪਸੀ ਫੁੱਟ', ਚੋਣ ਪ੍ਰਚਾਰ ਦੌਰਾਨ ਬਿਆਨਬਾਜ਼ੀ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਅਤੇ 7 ਲੋਕ ਸਭਾ ਮੈਂਬਰਾਂ ਵਾਲੀ ਕਾਂਗਰਸ ਪਾਰਟੀ ਦੇ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਚੌਥੇ ਨੰਬਰ 'ਤੇ ਆਉਣ ਨਾਲ ਪਾਰਟੀ ਦੀ ਲੀਡਰਸ਼ਿਪ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

14 ਨਵੰਬਰ ਨੂੰ ਆਏ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਪਰ ਕਾਂਗਰਸ ਦੇ ਉਮੀਦਵਾਰ ਕਾਂਗਰਸ ਕਰਨਬੀਰ ਸਿੰਘ ਨੂੰ 15,078 ਵੋਟਾਂ ਹੀ ਮਿਲੀਆਂ ਅਤੇ ਉਨ੍ਹਾਂ ਦੀ ਜ਼ਮਾਨਤ ਜਬਤ ਹੋ ਗਈ।

ਹਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30, 558 ਵੋਟਾਂ ਮਿਲੀਆ ਜਿਸ ਨਾਲ ਉਹ ਦੂਜੇ ਸਥਾਨ ਉੱਪਰ ਰਹੇ।

ਇਸ ਦੇ ਨਾਲ ਹੀ ਤੀਜੇ ਸਥਾਨ 'ਤੇ ਆਉਣ ਵਾਲੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਨੂੰ 19,620 ਵੋਟਾਂ ਮਿਲੀਆਂ। ਪਰ ਕਦੇ ਅਕਾਲੀ ਦਲ ਅਤੇ ਕਦੇ ਕਾਂਗਰਸ ਦੇ ਹਿੱਸੇ ਆਉਣ ਵਾਲੀ ਇਸ ਸੀਟ 'ਤੇ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ 'ਨਿਰਾਸ਼ਾਜਨਕ' ਮੰਨਿਆ ਜਾ ਰਿਹਾ ਹੈ।

ਸਾਲ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਵਿੱਚ ਹੋਈਆਂ ਹੁਣ ਤੱਕ ਵਿਧਾਨ ਸਭਾ ਦੀਆਂ ਸੱਤ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਸਿਰਫ਼ ਇੱਕ ਬਰਨਾਲਾ ਸੀਟ ਹੀ ਜਿੱਤ ਸਕੀ ਹੈ ਜਿੱਥੋਂ ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਸੀ।

ਤਰਨ ਤਾਰਨ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ, 'ਆਪਸੀ ਫੁੱਟ', ਚੋਣ ਪ੍ਰਚਾਰ ਦੌਰਾਨ ਬਿਆਨਬਾਜ਼ੀ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਸਵਾਲ ਉੱਠ ਰਹੇ ਹਨ।

ਹਰਜੇਸ਼ਵਰ ਪਾਲ

ਤਰਨ ਤਾਰਨ 'ਚ ਕਾਂਗਰਸ ਦੀਆਂ ਕੀ ਕਮੀਆਂ ਰਹੀਆਂ?

ਕਾਂਗਰਸ ਉਮੀਦਵਾਰ ਕਰਨਬੀਰ ਸਿੰਘ

ਤਸਵੀਰ ਸਰੋਤ, Amarinder Singh Raja Warring/FB

ਤਸਵੀਰ ਕੈਪਸ਼ਨ, ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ ਅਤੇ ਉਹ ਆਪਣੇ ਪੰਥਕ ਪਰਿਵਾਰ ਨਾਲ ਸਬੰਧਤ ਹੋਣ ਦਾ ਹਵਾਲਾ ਵੀ ਦਿੰਦੇ ਸਨ

ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਇਤਿਹਾਸ ਦੇ ਸਹਾਇਕ ਪ੍ਰੋਫ਼ੈਸਰ ਹਰਜੇਸ਼ਵਰ ਪਾਲ ਕਹਿੰਦੇ ਹਨ ਕਿ ਪੰਜਾਬ ਵਿੱਚ ਜਦੋਂ ਕਾਂਗਰਸ ਮੁੱਖ ਵਿਰੋਧੀ ਧਿਰ ਹੈ ਅਤੇ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਹੈ ਤਾਂ ਇਹ ਹਾਰ ਬਹੁਤ ਨਿਰਾਸ਼ ਕਰਨ ਵਾਲੀ ਹੈ।

ਹਰਜੇਸ਼ਵਰ ਪਾਲ ਅਤੇ ਤਰਨ ਤਾਰਨ ਇਲਾਕੇ ਨਾਲ ਸਬੰਧਤ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਿੱਲੀ ਦੇ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਮੰਨਦੇ ਹਨ ਕਿ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਉਮੀਦਵਾਰ ਦੀ ਚੋਣ ਠੀਕ ਨਹੀਂ ਸੀ।

ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ ਅਤੇ ਉਹ ਆਪਣੇ ਪੰਥਕ ਪਰਿਵਾਰ ਨਾਲ ਸਬੰਧਤ ਹੋਣ ਦਾ ਹਵਾਲਾ ਵੀ ਦਿੰਦੇ ਸਨ।

ਅਮਨਪ੍ਰੀਤ ਸਿੰਘ ਗਿੱਲ ਮੁਤਾਬਕ, "ਟਿਕਟ ਦੇਣ ਸਮੇਂ ਸਥਾਨਕ ਮਜ਼ਬੂਤ ਦਾਅਵੇਦਾਰ ਲੋਕਾਂ ਨੂੰ ਅਣ-ਦੇਖਿਆ ਕੀਤਾ ਗਿਆ। ਸਾਲ 2017 ਵਿੱਚ ਚੁਣੇ ਗਏ ਧਰਮਬੀਰ ਅਗਨੀਹੋਤਰੀ ਦਾ ਇਲਾਕੇ ਵਿੱਚ ਨਾਮ ਸੀ ਅਤੇ ਉਨ੍ਹਾਂ ਨੇ ਸਮਾਜ ਸੇਵਾ ਦੇ ਕੰਮ ਕੀਤੇ ਸਨ। ਇਸ ਕਾਰਨ ਹੀ ਉਹ ਜਿੱਤੇ ਸਨ ਪਰ ਇਸ ਵਾਰ ਉਮੀਦਵਾਰ ਦਾ ਸਮਾਜਿਕ ਚਿਹਰਾ ਨਹੀਂ ਦੇਖਿਆ ਗਿਆ।"

ਹਰਜੇਸ਼ਵਰ ਪਾਲ ਕਹਿੰਦੇ ਹਨ, "ਪਾਰਟੀ ਦੇ ਉਮੀਦਵਾਰ ਦੀ ਗਲਤ ਚੋਣ ਤੋਂ ਇਲਾਵਾ ਪਾਰਟੀ ਦੀ ਆਪਸੀ ਫੁੱਟ ਵੱਡੇ ਪੱਧਰ ਉੱਪਰ ਹੈ, ਇਸ ਦੇ ਨਾਲ ਹੀ ਚੋਣ ਪ੍ਰਚਾਰ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ 'ਖ਼ਾਲਿਸਤਾਨ ਵਰਸਿਸ ਹਿੰਦੋਸਤਾਨ' ਬਾਰੇ ਦਿੱਤੇ ਬਿਆਨਾਂ ਨੇ ਕਾਂਗਰਸ ਖ਼ਿਲਾਫ਼ ਨਕਾਰਾਤਮਕ ਬਿਰਤਾਂਤ ਸਿਰਜਿਆ ਹੈ। "

ਇਹ ਵੀ ਪੜ੍ਹੋ-

ਰਾਜਾ ਵੜਿੰਗ ਦੇ ਬਿਆਨ ਅਤੇ ਹਾਰ ਤੋਂ ਬਾਅਦ ਦਾ ਪ੍ਰਤੀਕਰਮ

ਵੜਿੰਗ

ਤਸਵੀਰ ਸਰੋਤ, Amarinder Singh Raja Warring/FB

ਤਸਵੀਰ ਕੈਪਸ਼ਨ, ਵੜਿੰਗ ਦਲਿਤ ਆਗੂ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਗ੍ਰਹਿ ਮੰਤਰੀ ਬਣਾਏ ਜਾਣ ਦਾ ਹਵਾਲਾ ਦੇ ਰਹੇ ਸਨ ਤਾਂ ਉਸੇ ਦੌਰਾਨ ਵਰਤੇ ਗਏ ਸ਼ਬਦਾਂ ਉੱਪਰ ਵਿਰੋਧੀਆਂ ਪਾਰਟੀਆਂ ਨੇ ਇਤਰਾਜ਼ ਪ੍ਰਗਟ ਕੀਤਾ ਸੀ।

ਕਿਸੇ ਸਮੇਂ ਸਿੱਖ ਗਰਮ ਖਿਆਲੀਆਂ ਦੇ ਪ੍ਰਭਾਵ ਹੇਠ ਰਹੇ ਤਰਨ ਤਾਰਨ ਵਿੱਚ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬਿਆਨਬਾਜ਼ੀ ਕਾਫ਼ੀ ਚਰਚਾ ਦਾ ਵਿਸ਼ਾ ਰਹੀ ਸੀ।

ਵੜਿੰਗ ਵੱਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਬੂਟਾ ਸਿੰਘ ਬਾਰੇ ਕਹੇ ਗਏ ਕੁਝ ਸ਼ਬਦਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਵੜਿੰਗ ਨੂੰ ਐੱਸਸੀ ਕਮਿਸ਼ਨ, ਪੰਜਾਬ ਨੇ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹੋਇਆ।

ਹਾਲਾਂਕਿ, ਵੜਿੰਗ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਬੂਟਾ ਸਿੰਘ ਉਨ੍ਹਾਂ ਲਈ ਬਹੁਤ ਸਤਿਕਾਰਯੋਗ ਹਨ। ਉਨ੍ਹਾਂ ਆਪਣੇ ਬਿਆਨ ਬਾਰੇ ਕਿਹਾ, 'ਜੇ ਕਿਸੇ ਵੀ ਵਿਅਕਤੀ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ।'

ਦਰਅਸਲ, ਚੋਣ ਪ੍ਰਚਾਰ ਦੌਰਾਨ ਆਪਣੇ ਇੱਕ ਭਾਸ਼ਣ ਦੌਰਾਨ ਵੜਿੰਗ ਦਲਿਤ ਆਗੂ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਗ੍ਰਹਿ ਮੰਤਰੀ ਬਣਾਏ ਜਾਣ ਦਾ ਹਵਾਲਾ ਦੇ ਰਹੇ ਸਨ, ਉਸੇ ਦੌਰਾਨ ਵਰਤੇ ਗਏ ਸ਼ਬਦਾਂ ਉੱਪਰ ਵਿਰੋਧੀਆਂ ਪਾਰਟੀਆਂ ਨੇ ਇਤਰਾਜ਼ ਪ੍ਰਗਟ ਕੀਤਾ ਸੀ।

ਸ਼ੁੱਕਰਵਾਰ ਦੇ ਨਤੀਜਿਆਂ ਮਗਰੋਂ ਅਮਰਿੰਦਰ ਸਿੰਘ ਰਾਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਉੱਤੇ ਲਿਖਿਆ, "ਜਿੱਤ ਅਤੇ ਹਾਰ ਸਿਆਸਤ ਦਾ ਹਿੱਸਾ ਹੈ - ਕਦੇ ਤੁਸੀਂ ਜਿੱਤਦੇ ਹੋ, ਕਦੇ ਤੁਸੀਂ ਨਹੀਂ ਜਿੱਤਦੇ। ਪਰ ਇਹ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ। ਅਸੀਂ 2027 ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਪੂਰਨ ਭਰੋਸਾ ਹੈ। ਇਹ ਹਾਰ ਸਾਨੂੰ ਨਹੀਂ ਰੋਕੇਗੀ। ਇਹ ਸਾਨੂੰ ਸਿਰਫ਼ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਅਸੀਂ ਮਜ਼ਬੂਤੀ ਨਾਲ ਵਾਪਸ ਆਵਾਂਗੇ - ਲੋਕਾਂ ਦੇ ਸਾਥ ਨਾਲ, ਪੰਜਾਬ ਦੇ ਲੋਕਾਂ ਲਈ!"

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਾਹ ਕਿੰਨੀ ਔਖੀ?

ਵੜਿੰਗ

ਤਸਵੀਰ ਸਰੋਤ, Amarinder Singh Raja Warring/FB

ਤਸਵੀਰ ਕੈਪਸ਼ਨ, ਸਿਆਸੀ ਮਾਹਰ ਅਮਨਪ੍ਰੀਤ ਸਿੰਘ ਗਿੱਲ ਮੁਤਾਬਕ, "ਜੇਕਰ ਕਾਂਗਰਸ ਗਰਾਊਂਡ ਤੋਂ ਆ ਰਹੀ ਆਵਾਜ਼ ਨੂੰ ਨਹੀਂ ਸੁਣਦੀ ਤਾਂ ਉਹ ਅਗਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਰਾਹ ਪੱਧਰਾ ਕਰੇਗੀ।"

ਇਸ ਸਾਲ ਜੂਨ ਮਹੀਨੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਉੱਥੋਂ ਉਮੀਦਵਾਰ ਭਰਤ ਭੂਸ਼ਣ ਆਸ਼ੂ ਅਤੇ ਖੁਸ਼ਹਾਲਦੀਪ ਢਿੱਲੋਂ ਨੇ ਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਤਿਆਰੀ ਬਾਰੇ ਹਰਜੇਸ਼ਵਰ ਪਾਲ ਕਹਿੰਦੇ ਹਨ, "ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਫ਼ੇਲ੍ਹ ਰਹੀ ਹੈ ਜਿਸ ਨੂੰ ਹਟਾਉਣ ਦੀ ਲੋੜ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਆਪਣਾ ਤਰੀਕਾ ਬਦਲਣ ਦੀ ਤੁਰੰਤ ਲੋੜ ਹੈ। "

ਅਮਨਪ੍ਰੀਤ ਸਿੰਘ ਗਿੱਲ ਮੁਤਾਬਕ, "ਜੇਕਰ ਕਾਂਗਰਸ ਗਰਾਉਂਡ ਤੋਂ ਆ ਰਹੀ ਆਵਾਜ਼ ਨੂੰ ਨਹੀਂ ਸੁਣਦੀ ਤਾਂ ਉਹ ਅਗਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਰਾਹ ਪੱਧਰਾ ਕਰੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)