ਬਿਹਾਰ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਇੱਕ ਵੀ ਸੀਟ ਕਿਉਂ ਨਹੀਂ ਜਿੱਤ ਸਕੇ, ਕਿਹੜੇ ਕਾਰਨਾਂ ਕਰਕੇ ਉਨ੍ਹਾਂ ਦੇ ਦਾਅਵੇ ਹਵਾ ਹੋ ਗਏ

ਪ੍ਰਸ਼ਾਂਤ ਕਿਸ਼ੋਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਸ਼ਾਂਤ ਕਿਸ਼ੋਰ ਕਈ ਵਾਰ ਦੂਜੀਆਂ ਧਿਰਾਂ ਦੀ ਜਿੱਤ ਵਿੱਚ ਆਪਣੀ ਭੂਮਿਕਾ ਦੇ ਦਾਅਵੇ ਕਰਦੇ ਰਹੇ ਹਨ
    • ਲੇਖਕ, ਚੰਦਨ ਕੁਮਾਰ ਜਜਵਾੜੇ
    • ਰੋਲ, ਬੀਬੀਸੀ ਪੱਤਰਕਾਰ

ਚੋਣ ਰਣਨੀਤੀਕਾਰ ਤੋਂ ਰਾਜਨੀਤੀ ਦੇ ਖੇਤਰ 'ਚ ਨਿਤਰੇ ਪ੍ਰਸ਼ਾਂਤ ਕਿਸ਼ੋਰ ਦੇ ਲਈ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਇੱਕ ਮਾੜੇ ਸੁਪਨੇ ਤੋਂ ਘੱਟ ਨਹੀਂ ਹਨ।

ਲਗਭਗ ਪਿਛਲੇ ਤਿੰਨ ਸਾਲਾਂ ਤੋਂ ਬਿਹਾਰ 'ਚ ਲਗਾਤਾਰ ਸਿਆਸੀ ਦੌਰੇ ਅਤੇ ਬੈਠਕਾਂ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੂੰ ਇਨ੍ਹਾਂ ਚੋਣਾਂ 'ਚ ਵੱਡਾ ਝਟਕਾ ਲੱਗਿਆ ਹੈ। ਅਜਿਹਾ ਉਦੋਂ ਹੋਇਆ ਹੈ ਜਦੋਂ ਪ੍ਰਸ਼ਾਂਤ ਕਿਸ਼ੋਰ ਭਾਜਪਾ ਤੋਂ ਲੈ ਕੇ ਜੇਡੀਯੂ ਅਤੇ ਟੀਐਮਸੀ ਵਰਗੀਆਂ ਕਈ ਪਾਰਟੀਆਂ ਨੂੰ ਸੱਤਾ 'ਚ ਲਿਆਉਣ ਦਾ ਦਾਅਵਾ ਠੋਕਦੇ ਰਹੇ ਹਨ।

ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਖੁਦ ਆਪਣੀ ਜਨ ਸੁਰਾਜ ਪਾਰਟੀ ਲਈ ਜ਼ਿਆਦਾ ਕੁਝ ਨਹੀਂ ਕਰ ਪਾਏ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਈ ਮੌਕਿਆਂ 'ਤੇ ਦਾਅਵਾ ਕੀਤਾ ਸੀ ਕਿ ਇਸ ਵਾਰ ਬਿਹਾਰ 'ਚ ਬਦਲਾਅ ਹੋਵੇਗਾ ਅਤੇ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਗੇ।

ਉਨ੍ਹਾਂ ਨੇ ਬਿਹਾਰ 'ਚ ਸਿੱਖਿਆ, ਰੁਜ਼ਗਾਰ ਅਤੇ ਪਰਵਾਸ ਨੂੰ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਜਨ ਸੁਰਾਜ ਪਾਰਟੀ ਦਾ ਚੋਣ ਨਿਸ਼ਾਨ ਵੀ ਸਕੂਲ ਬੈਗ ਹੈ।

ਉਨ੍ਹਾਂ ਦੇ ਜਨ ਸੁਰਾਜ ਮੁਹਿੰਮ ਦਾ ਨਾਅਰਾ ਵੀ ਰਿਹਾ ਹੈ, "ਜਨਤਾ ਦੇ ਸੁੰਦਰ ਰਾਜ ਦੇ ਲਈ, ਬਿਹਾਰ ਦੇ ਬਦਲਾਅ ਦੇ ਲਈ।"

ਬਿਹਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਮਾੜਾ ਰਿਹਾ ਹੈ। ਪਾਰਟੀ ਨੇ ਬਿਹਾਰ ਦੀਆਂ ਸਾਰੀਆਂ 243 ਸੀਟਾਂ 'ਤੇ ਚੋਣ ਲੜਨ ਦੀ ਯੋਜਨਾ ਬਣਾਈ, ਪਰ ਵੋਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਸਨ।

ਜਨ ਸੁਰਾਜ ਪਾਰਟੀ ਦੇ ਕਈ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਨਾਲ ਪ੍ਰਸ਼ਾਂਤ ਕਿਸ਼ੋਰ ਲਈ ਸਥਿਤੀ ਬਹੁਤ ਨਾਜ਼ੁਕ ਬਣ ਗਈ।

ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਆਪਣੇ ਨਾਮ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਹੈ।

ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਪ੍ਰਦਰਸ਼ਨ

ਜਨ ਸੁਰਾਜ ਪਾਰਟੀ

ਤਸਵੀਰ ਸਰੋਤ, @jansuraajonline

ਤਸਵੀਰ ਕੈਪਸ਼ਨ, ਜਨ ਸੁਰਾਜ ਪਾਰਟੀ ਨੇ ਬਿਹਾਰ ਵਿੱਚ ਸਿੱਖਿਆ ਉੱਤੇ ਕਾਫੀ ਜ਼ੋਰ ਦਿੱਤਾ ਸੀ

ਪ੍ਰਸ਼ਾਂਤ ਕਿਸ਼ੋਰ ਨੇ ਬੀਬੀਸੀ ਨਿਊਜ਼ ਹਿੰਦੀ ਦੇ ਪ੍ਰੋਗਰਾਮ 'ਦ ਲੈਂਸ' 'ਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜਾਂ ਤਾਂ ਅਰਸ਼ 'ਤੇ ਹੋਵੇਗੀ ਜਾਂ ਫਿਰ ਫਰਸ਼ 'ਤੇ ਹੋਵੇਗੀ। ਉਨ੍ਹਾਂ ਇਸ 'ਚ ਆਪਣੀ ਪਾਰਟੀ ਦੇ ਲਈ 10 ਤੋਂ ਵੀ ਘੱਟ ਜਾਂ 170 ਤੋਂ ਵੀ ਜ਼ਿਆਦਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ।

ਸੀਨੀਅਰ ਪੱਤਰਕਾਰ ਨਚੀਕੇਤਾ ਨਾਰਾਇਣ ਦਾ ਕਹਿਣਾ ਹੈ, "ਹਾਲ ਹੀ ਦੇ ਸਮੇਂ 'ਚ ਜੇਕਰ ਝਾਤ ਮਾਰੀ ਜਾਵੇ ਤਾਂ ਪ੍ਰਸ਼ਾਂਤ ਕਿਸ਼ੋਰ ਆਪਣੇ ਹਰ ਮੁਲਾਂਕਣ 'ਚ ਗਲਤ ਸਾਬਤ ਹੋਏ ਹਨ। ਉਨ੍ਹਾਂ ਨੇ ਸਾਲ 2024 ਦੀਆਂ ਚੋਣਾਂ ਬਾਰੇ ਦਾਅਵਾ ਕੀਤਾ ਸੀ ਕਿ ਭਾਜਪਾ ਨੂੰ 300 ਤੋਂ ਵੱਧ ਸੀਟਾਂ ਮਿਲਣਗੀਆਂ, ਜੋ ਸਹੀ ਸਾਬਤ ਨਹੀਂ ਹੋਇਆ।"

ਉਨ੍ਹਾਂ ਦਾ ਮੰਨਣਾ ਹੈ, "ਅਜਿਹਾ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਆਪਣੇ ਮੁਲਾਂਕਣ ਜ਼ਰੀਏ ਨਿਤੀਸ਼ ਕੁਮਾਰ ਤੋਂ ਕੋਈ ਨਿੱਜੀ ਨਾਰਾਜ਼ਗੀ ਕੱਢ ਰਹੇ ਹਨ, ਕਿਉਂਕਿ ਪਹਿਲਾਂ ਉਹ ਨਿਤੀਸ਼ ਦੀ ਪਾਰਟੀ ਦਾ ਹੀ ਹਿੱਸਾ ਸਨ।"

ਪ੍ਰਸ਼ਾਂਤ ਕਿਸ਼ੋਰ

ਹਾਲਾਂਕਿ ਸਿਆਸੀ ਮਾਹਰ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੇ ਸਾਬਕਾ ਪ੍ਰੋਫੈਸਰ ਪੁਸ਼ਪੇਂਦਰ ਕੁਮਾਰ ਇਸ ਨਤੀਜੇ ਨੂੰ ਵੱਖਰੇ ਤਰੀਕੇ ਨਾਲ ਵੇਖਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਤੋਂ ਕਿਸੇ ਨੇ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਹੋਵੇਗੀ, ਆਪ ਪ੍ਰਸ਼ਾਂਤ ਕਿਸ਼ੋਰ ਨੇ ਵੀ ਅਜਿਹੀ ਉਮੀਦ ਨਹੀਂ ਕੀਤੀ ਹੋਵੇਗੀ, ਪਰ ਇਨ੍ਹਾਂ ਚੋਣਾਂ ਨੇ ਘੱਟੋ-ਘੱਟ ਉਨ੍ਹਾਂ ਦੀ ਪਾਰਟੀ ਨੂੰ ਬਿਹਾਰ 'ਚ ਆਪਣਾ ਅਕਸ ਸਥਾਪਿਤ ਕਰਨ ਦਾ ਮੌਕਾ ਜ਼ਰੂਰ ਦਿੱਤਾ ਹੈ।"

ਪੁਸ਼ਪੇਂਦਰ ਕੁਮਾਰ ਦਾ ਕਹਿਣਾ ਹੈ, " ਇਸ ਚੋਣ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਾਜ ਪਾਰਟੀ ਲਈ ਇੱਕ ਲਾਂਚਿੰਗ ਪੈਡ ਵਜੋਂ ਵੇਖਿਆ ਜਾਣਾ ਚਾਹੀਦਾ ਹੈ ਅਤੇ ਇਹ ਉਨ੍ਹਾਂ ਲਈ ਆਪਣੇ ਵਰਕਰਾਂ 'ਚ ਉਤਸ਼ਾਹ ਵਧਾਉਣ ਦਾ ਸੁਨਿਹਰੀ ਮੌਕਾ ਸੀ।"

ਕੀ ਕੇਜਰੀਵਾਲ ਦੀ ਨਕਲ ਕਰ ਰਹੇ ਸਨ ਪ੍ਰਸ਼ਾਂਤ ਕਿਸ਼ੋਰ

ਤੇਜਸਵੀ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਜੇਡੀ ਅਤੇ ਤੇਜਸਵੀ ਯਾਦਵ ਨੂੰ ਲੱਗਾ ਝਟਕਾ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਉਮੀਦ ਦੇ ਸਕਦਾ ਹੈ।

ਪ੍ਰਸ਼ਾਂਤ ਕਿਸ਼ੋਰ ਸ਼ੁਰੂ 'ਚ ਦਾਅਵਾ ਕਰ ਰਹੇ ਸਨ ਕਿ ਬਿਹਾਰ ਵਿਧਾਨ ਸਭਾ ਚੋਣਾਂ 'ਚ ਉਹ ਰਾਘੋਪੁਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਬਣਨਗੇ। ਇਹ ਉਹੀ ਸੀਟ ਹੈ ਜਿੱਥੋਂ ਆਰਜੇਡੀ ਦੇ ਤੇਜਸਵੀ ਯਾਦਵ ਚੋਣ ਲੜ ਰਹੇ ਸਨ।

ਪ੍ਰਸ਼ਾਂਤ ਕਿਸ਼ੋਰ ਦੇ ਇਸ ਕਦਮ ਨੂੰ ਇੱਕ ਸਾਹਸੀ ਕਦਮ ਦੱਸਿਆ ਜਾ ਰਿਹਾ ਸੀ। ਦਿੱਲੀ 'ਚ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਤਿੰਨ ਵਾਰ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਸ਼ੀਲਾ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਕੁਝ ਇਸੇ ਤਰ੍ਹਾਂ ਹੀ ਚੁਣੌਤੀ ਦਿੱਤੀ ਸੀ।

ਕੇਜਰੀਵਾਲ ਨੇ ਨਾ ਸਿਰਫ ਸ਼ੀਲਾ ਦੀਕਸ਼ਿਤ ਨੂੰ ਮਾਤ ਦਿੱਤੀ ਸਗੋਂ ਦਿੱਲੀ 'ਚ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਇੱਕ ਅਹਿਮ ਬਦਲ ਵਜੋਂ ਸਥਾਪਿਤ ਵੀ ਹੋਈ।

ਜਦਕਿ ਤੇਜਸਵੀ ਯਾਦਵ ਨਾ ਤਾਂ ਬਿਹਾਰ ਦੀ ਸੱਤਾ 'ਚ ਕਾਬਜ਼ ਸਨ ਅਤੇ ਨਾ ਹੀ ਉਨ੍ਹਾਂ ਦੇ ਕੋਲ ਕੋਈ ਬਹੁਤਾ ਰਾਜਨੀਤਿਕ ਤਜਰਬਾ ਹੀ ਸੀ, ਫਿਰ ਪ੍ਰਸ਼ਾਂਤ ਕਿਸ਼ੋਰ ਨੇ ਆਖਰੀ ਸਮੇਂ 'ਚ ਚੋਣ ਲੜਨ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ।

ਪੀਕੇ ਨੇ ਦੱਸਿਆ ਕਿ ਹੋਰ ਸੀਟਾਂ 'ਤੇ ਧਿਆਨ ਦੇਣ ਦੇ ਲਈ ਉਨ੍ਹਾਂ ਨੇ ਪਾਰਟੀ ਵਰਕਰਾਂ ਦੀ ਮੰਗ 'ਤੇ ਚੋਣ ਨਹੀਂ ਲੜੀ।

ਪ੍ਰਸ਼ਾਂਤ ਕਿਸ਼ੋਰ

ਸੀਨੀਅਰ ਪੱਤਰਕਾਰ ਮਾਧੁਰੀ ਕੁਮਾਰ ਦਾ ਕਹਿਣਾ ਹੈ, "ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਸਫਲ ਨਹੀਂ ਹੋਈ, ਉਨ੍ਹਾਂ ਨੇ ਕੇਜਰੀਵਾਲ ਪੈਟਰਨ 'ਤੇ ਸਿਆਸਤ ਕਰਨ ਬਾਰੇ ਸੋਚਿਆ ਸੀ। ਪਰ ਉਨ੍ਹਾਂ ਦਾ ਇਹ ਵਿਚਾਰ ਗਲਤ ਸੀ। ਬਿਹਾਰ ਇੱਕ ਵੱਡਾ ਸੂਬਾ ਹੈ ਅਤੇ ਸਿਰਫ ਇੱਕ ਸਾਲ ਦੀ ਮਿਹਨਤ ਦੇ ਆਧਾਰ 'ਤੇ ਕੋਈ ਸਿਆਸਤ 'ਚ ਆਪਣਾ ਦਬਦਬਾ ਕਾਇਮ ਨਹੀਂ ਕਰ ਸਕਦਾ ਹੈ।"

ਮਾਧੁਰੀ ਕੁਮਾਰ ਦਾ ਕਹਿਣਾ ਹੈ, "ਜੇਨ ਜ਼ੀ ਹੋਵੇ, ਜੇਨ ਐਕਸ ਹੋਵੇ ਜਾਂ ਫਿਰ ਜੇਨ ਵਾਈ, ਮਤਲਬ ਕਿ ਹਰ ਉਮਰ ਦੇ ਲੋਕ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਨ। ਪ੍ਰਸ਼ਾਂਤ ਕਿਸ਼ੋਰ ਦੂਜੀਆਂ ਸਥਾਪਤ ਪਾਰਟੀਆਂ ਲਈ ਰਣਨੀਤੀ ਬਣਾ ਸਕਦੇ ਹਨ। ਪੀਕੇ ਜਿਨ੍ਹਾਂ ਨੂੰ ਜਿਤਾਉਣ ਦਾ ਦਾਅਵਾ ਕਰਦੇ ਹਨ ਉਨ੍ਹਾਂ ਦੇ ਪੈਰ ਪਹਿਲਾਂ ਤੋਂ ਹੀ ਜਮੇ ਹੋਏ ਸਨ। ਰਾਜਨੀਤੀ 'ਚ ਸਫਲਤਾ ਹਾਸਲ ਕਰਨ ਲਈ ਸਾਲਾਂ ਦੀ ਮਿਹਨਤ ਅਤੇ ਲਗਨ ਜ਼ਰੂਰੀ ਹੈ।"

ਕਿੱਥੋਂ ਪੈਦਾ ਹੋਈ ਉਮੀਦ

ਨਿਤੀਸ਼ ਕੁਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਤੀਸ਼ ਕੁਮਾਰ ਦੀ ਪਾਰਟੀ ਲਗਾਤਾਰ 20 ਸਾਲਾਂ ਤੋਂ ਬਿਹਾਰ ਦੀ ਸੱਤਾ ਵਿੱਚ ਹੈ ਅਤੇ ਇਸ ਵਾਰ ਵੀ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ

ਠੀਕ ਇੱਕ ਸਾਲ ਪਹਿਲਾਂ ਬਿਹਾਰ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਈਆਂ ਸਨ। ਬਿਹਾਰ 'ਚ ਇਹ ਉਪ ਚੋਣਾਂ ਇੱਕ ਪੱਖ ਤੋਂ ਬਹੁਤ ਹੀ ਅਹਿਮ ਸਨ, ਕਿਉਂਕਿ ਇਸ 'ਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਾਜ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ ਨਿਤਰੀ ਸੀ।

ਉਸ ਸਮੇਂ ਤਰਾੜੀ ਅਤੇ ਰਾਮਗੜ ਦੀ ਸੀਟ ਭਾਜਪਾ ਦੀ ਝੋਲੀ ਪਈ ਸੀ। ਇਮਾਮਗੰਜ ਸੀਟ 'ਤੇ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨੀ ਆਵਾਮ ਮੋਰਚਾ ਭਾਵ ਐਚਏਐਨ (ਸੈਕੁਲਰ) ਨੇ ਕਿੱਤ ਦਰਜ ਕੀਤੀ ਸੀ, ਜਦੋਂ ਕਿ ਬੇਲਾਗੰਜ ਸੀਟ 'ਤੇ ਜੇਡੀਯੂ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ।

ਭਾਵ ਪੀਕੇ ਦੀ ਪਾਰਟੀ ਦਾ ਖਾਤਾ ਹੀ ਨਹੀਂ ਖੁੱਲ੍ਹਿਆ ਸੀ। ਉਨ੍ਹਾਂ ਦੀ ਪਾਰਟੀ ਨੇ ਕਿਸੇ ਵੀ ਸੀਟ 'ਤੇ ਦੂਜੀ ਪਾਰਟੀ ਨੂੰ ਮੁਕਾਬਲਾ ਵੀ ਨਹੀਂ ਦਿੱਤਾ। ਪਰ ਪੀਕੇ ਦੀ ਪਾਰਟੀ ਨੇ ਘੱਟੋ-ਘੱਟ ਦੋ ਸੀਟਾਂ 'ਤੇ ਵਿਰੋਧੀ ਉਮੀਦਵਾਰਾਂ ਦੀ ਹਾਰ 'ਚ ਅਹਿਮ ਭੂਮਿਕਾ ਅਦਾ ਕੀਤੀ।

ਉਨ੍ਹਾਂ ਨਤੀਜਿਆਂ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਪੱਤਰਕਾਰਾਂ ਨੂੰ ਕਿਹਾ, " ਜਿੱਥੇ ਪਿਛਲੇ 50 ਸਾਲਾਂ ਤੋਂ ਜਾਤੀ ਦੀ ਸਿਆਸਤ ਦਾ ਦਬਦਬਾ ਹੋਵੇ, ਉੱਥੇ ਪਹਿਲੇ ਹੀ ਯਤਨ 'ਚ 10% ਵੋਟਾਂ ਆਪਣੇ ਪੱਖ 'ਚ ਕਰਨਾ ਸਾਡਾ ਜਾਦੂ ਹੈ ਜਾਂ ਫਿਰ ਕੀ ਹੈ, ਇਹ ਤਾਂ ਤੁਸੀਂ ਤੈਅ ਕਰੋ।"

ਪ੍ਰਸ਼ਾਂਤ ਕਿਸ਼ੋਰ ਨੇ ਅੱਗੇ ਕਿਹਾ, " ਜੇਕਰ ਸਾਡੀ ਪਾਰਟੀ ਦੇ ਹਿੱਸੇ 10% ਵੋਟਾਂ ਆਈਆਂ ਹਨ ਤਾਂ ਇਹ ਸਾਡੀ ਜ਼ਿੰਮੇਵਾਰੀ ਹੈ। ਭਾਵੇਂ ਇਹ ਮੇਰੇ ਇੱਕਲੇ ਦੀ ਜ਼ਿੰਮੇਵਾਰੀ ਨਹੀਂ ਹੈ ਪਰ ਮੈਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ ਹਾਂ। ਇਸ 10% ਨੂੰ 40% 'ਚ ਤਬਦੀਲ ਕਰਨਾ ਹੈ। ਫਿਰ ਇਹ ਇੱਕ ਸਾਲ 'ਚ ਹੋਵੇ ਜਾਂ ਫਿਰ ਪੰਜ ਸਾਲਾਂ 'ਚ।"

ਉਸ ਤੋਂ ਬਾਅਦ ਪੀਕੇ ਇੱਕ ਸਾਲ ਤੱਕ ਲਗਾਤਾਰ ਬਿਹਾਰ 'ਚ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ, ਪਰ ਇਸ ਦਾ ਨਤੀਜਾ ਉਨ੍ਹਾਂ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਸੀ।

ਜਨ ਸੁਰਾਜ ਪਾਰਟੀ ਇਨ੍ਹਾਂ ਚੋਣਾਂ 'ਚ 10 ਫੀਸਦੀ ਵੋਟਾਂ ਦੇ ਅੰਕੜੇ ਨੂੰ ਅੱਗੇ ਵਧਾਉਣ 'ਚ ਨਾਕਾਮ ਤਾਂ ਰਹੀ ਹੀ ਹੈ (ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਚੋਣਾਵੀ ਨਤੀਜਿਆਂ ਦੇ ਅੰਤਿਮ ਅੰਕੜੇ ਸਾਹਮਣੇ ਨਹੀਂ ਆਏ ਹਨ) ਪਰ ਅਜਿਹਾ ਲੱਗ ਰਿਹਾ ਹੈ ਕਿ ਉਹ 5 ਫੀਸਦੀ ਵੋਟਾਂ ਵੀ ਬਟੋਰ ਨਹੀਂ ਪਾਈ ਹੈ।

ਮਾਧੁਰੀ ਕੁਮਾਰ ਦਾ ਕਹਿਣਾ ਹੈ, " ਹਵਾ 'ਚ ਗੱਲਾਂ ਕਰਨਾ ਕਈ ਵਾਰ ਫਾਇਦੇਮੰਦ ਹੁੰਦਾ ਹੈ। ਜਨਤਾ ਸਮਝ ਚੁੱਕੀ ਹੈ ਕਿ ਵਿਕਾਸ ਕੀ ਹੁੰਦਾ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ। ਜਨਤਾ ਨੇ ਵੇਖਿਆ ਹੈ ਕਿ ਨਿਤੀਸ਼ ਕੁਮਾਰ ਨੇ ਪਿਛਲੇ 20 ਸਲਾਂ 'ਚ ਬਿਹਾਰ 'ਚ ਲਗਾਤਾਰ ਯੋਜਨਾਬੱਧ ਤਰੀਕੇ ਨਾਲ ਵਿਕਾਸ ਦੇ ਕੰਮ ਨੂੰ ਨੇਪਰੇ ਚਾੜਿਆ ਹੈ।"

ਪੀਕੇ ਦਾ ਭਵਿੱਖ

ਪ੍ਰਸ਼ਾਂਤ ਕਿਸ਼ੋਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ

ਨਚੀਕੇਤਾ ਨਾਰਾਇਣ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਜੇਡੀਯੂ ਨੂੰ 25 ਤੋਂ ਘੱਟ ਸੀਟਾਂ ਮਿਲਣਗੀਆਂ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਹਾਲਾਂਕਿ ਨਿਤੀਸ਼ ਦੀ ਪਾਰਟੀ ਨੂੰ ਇਸ ਤੋਂ ਕਿਤੇ ਜ਼ਿਆਦਾ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਮਤਲਬ ਪੀਕੇ ਦੀ ਇਹ ਭਵਿੱਖਬਾਣੀ ਵੀ ਗਲਤ ਹੋ ਗਈ।

ਤਾਂ ਕੀ ਉਹ ਹੁਣ ਸਿਆਸਤ ਨੂੰ ਅਲਵਿਦਾ ਕਹਿਣਗੇ?

ਪੁਸ਼ਪੇਂਦਰ ਕੁਮਾਰ ਦਾ ਕਹਿਣਾ ਹੈ, " ਮੈਨੂੰ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਰਾਜਨੀਤੀ ਛੱਡ ਕੇ ਭੱਜਣਗੇ ਤਾਂ ਨਹੀਂ। ਉਹ ਲੰਮੀ ਰੇਸ ਦੇ ਘੋੜੇ ਹਨ। ਉਨ੍ਹਾਂ ਨੇ ਪੜ੍ਹੇ-ਲਿਖੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।"

"ਇਨ੍ਹਾਂ ਚੋਣਾਂ 'ਚ ਉਨ੍ਹਾਂ ਲਈ ਇੱਕ ਚੰਗੀ ਖ਼ਬਰ ਇਹ ਹੈ ਕਿ ਬਿਹਾਰ ਦੀ ਮੁੱਖ ਵਿਰੋਧੀ ਧਿਰ ਆਰਜੇਡੀ ਬਹੁਤ ਕਮਜ਼ੋਰ ਹੋ ਗਈ ਹੈ। ਇਸ ਲਈ ਪੀਕੇ ਲਈ ਪਹਿਲਾਂ ਵਿਰੋਧੀ ਧਿਰ ਦੀ ਥਾਂ 'ਤੇ ਕਬਜਾ ਕਰਨਾ ਮੁੱਖ ਟੀਚਾ ਹੋਵੇਗਾ, ਜੋ ਕਿ ਥੋੜ੍ਹਾ ਆਸਾਨ ਵੀ ਵਿਖਾਈ ਦਿੰਦਾ ਹੈ।"

ਹਾਲਾਂਕਿ ਪੁਸ਼ਪੇਂਦਰ ਕੁਮਾਰ ਦਾ ਮੰਨਣਾ ਹੈ ਕਿ ਆਰਜੇਡੀ ਦੇ ਕੋਰ ਵੋਟਰ ਅੱਜ ਵੀ ਪਾਰਟੀ ਨਾਲ ਜੁੜੇ ਹੋਏ ਹਨ, ਜੋ ਕਿ ਇਨ੍ਹਾਂ ਚੋਣਾਂ 'ਚ ਪਾਰਟੀ ਨੂੰ ਮਿਲੀਆਂ ਵੋਟਾਂ ਤੋਂ ਨਜ਼ਰ ਆਉਂਦਾ ਹੈ।

ਇਸ ਦੇ ਮੁਕਾਬਲੇ ਪੀਕੇ ਲਈ ਭਾਜਪਾ, ਜੇਡੀਯੂ ਨਾਲ ਸੱਤਾ ਧਿਰ ਨਾਲ ਜੁੜੀਆਂ ਵੋਟਾਂ 'ਚ ਸੇਂਧ ਲਗਾਉਣਾ ਕੁਝ ਆਸਾਨ ਹੋ ਸਕਦਾ ਹੈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਦੇ ਲਈ ਭਵਿੱਖ 'ਚ ਕੁਝ ਵੀ ਕਰਨਾ ਚੁਣੌਤੀਆਂ ਭਰਿਆ ਹੋਵੇਗਾ।

ਦੂਜੇ ਪਾਸੇ ਨਚੀਕੇਤਾ ਨਾਰਾਇਣ ਦਾ ਮੰਨਣਾ ਹੈ ਕਿ ਬਿਹਾਰ 'ਚ ਵਿਰੋਧੀ ਧਿਰ ਦੇ ਕਮਜ਼ੋਰ ਹੋਣ ਦੇ ਕਰਕੇ ਵਿਰੋਧੀ ਪਾਰਟੀਆਂ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਮੌਜੂਦਾ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਨਾਲ ਤਾਲਮੇਲ ਕਾਇਮ ਕਰਨਾ ਆਸਾਨ ਹੋਵੇਗਾ।

ਉਨ੍ਹਾਂ ਦਾ ਕਹਿਣਾ ਹੈ, " ਮੌਜੂਦਾ ਨਤੀਜੇ ਪੀਕੇ ਦੇ ਨਜ਼ਰੀਏ ਤੋਂ ਬਹੁਤੇ ਹੈਰਾਨ ਕਰਨ ਵਾਲੇ ਨਹੀਂ ਹਨ। ਹਾਂ, ਸੱਤਾਧਿਰ ਨੂੰ ਇੰਨੀਆਂ ਸੀਟਾਂ ਮਿਲਣਾ ਯਕੀਨੀ ਤੌਰ 'ਤੇ ਹੈਰਾਨ ਕਰਨ ਵਾਲਾ ਹੈ।

ਇਨ੍ਹਾਂ ਸਾਰੇ ਐਂਟੀ ਇਨਕੰਬੈਂਸੀ ਤੋਂ ਬਾਅਦ ਵੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਹਰਿਆਣਾ ਵਰਗੇ ਨਤੀਜੇ ਹਨ।"

"ਪੀਕੇ ਅਜਿਹੀ ਸਥਿਤੀ 'ਚ ਕੀ ਕਰਨਗੇ, ਇਸ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਦੇ ਬਾਰੇ ਅਸੀਂ ਪਿਛਲੇ 3-4 ਸਾਲਾਂ ਤੋਂ ਜਾਣਨ ਲੱਗੇ ਹਾਂ। ਇਸ ਤੋਂ ਪਹਿਲਾਂ ਉਹ ਕੀ ਕਰਦੇ ਸਨ , ਇਸ ਬਾਰੇ ਘੱਟ ਤੋਂ ਘੱਟ ਬਿਹਾਰ ਦੇ ਲੋਕਾਂ ਨੂੰ ਨਾ ਦੇ ਬਰਾਬਰ ਹੀ ਜਾਣਕਾਰੀ ਹੈ। ਇਸ ਲਈ ਉਹ ਅੱਗੇ ਕੀ ਕਰਨਗੇ ਇਸ ਬਾਰੇ ਕੁਝ ਵੀ ਕਹਿਣਾ ਆਸਾਨ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)