ਭਾਰਤ 'ਚ ਸੜਕ ਹਾਦਸਿਆਂ ਕਾਰਨ ਹਰ ਤਿੰਨ ਮਿੰਟਾਂ ਵਿੱਚ ਇੱਕ ਮੌਤ: ਭਾਰਤ ਦੀਆਂ ਸੜਕਾਂ ਦੁਨੀਆਂ ਦੀਆਂ ਸਭ ਤੋਂ ਘਾਤਕ ਸੜਕਾਂ ਵਿੱਚੋਂ ਕਿਉਂ ਹਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਹਰ ਸਵੇਰ, ਭਾਰਤ ਦੇ ਅਖ਼ਬਾਰ ਸੜਕ ਹਾਦਸਿਆਂ ਦੀਆਂ ਰਿਪੋਰਟਾਂ ਨਾਲ ਭਰੇ ਹੁੰਦੇ ਹਨ।

ਯਾਤਰੀ ਬੱਸਾਂ ਦਾ ਪਹਾੜਾਂ ਦੀਆਂ ਖੱਡਾਂ ਵਿੱਚ ਡਿੱਗਣਾ, ਸ਼ਰਾਬੀ ਡਰਾਈਵਰਾਂ ਦੁਆਰਾ ਪੈਦਲ ਚੱਲਣ ਵਾਲਿਆਂ ਨੂੰ ਕੁਚਲਣਾ, ਕਾਰਾਂ ਦੀ ਖੜ੍ਹੇ ਟਰੱਕਾਂ ਨਾਲ ਟੱਕਰ ਅਤੇ ਵੱਡੇ ਵਾਹਨਾਂ ਦੁਆਰਾ ਦੁਪਹੀਆ ਵਾਹਨਾਂ ਨੂੰ ਟੱਕਰ ਮਾਰਨਾ.. ਅਜਿਹੀਆਂ ਬਹੁਤ ਸਾਰੀਆਂ ਖਬਰਾਂ ਰੋਜ਼ ਹੀ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ।

ਹਰ ਰੋਜ਼ ਵਾਪਰਨ ਵਾਲੀਆਂ ਇਹ ਦੁਖਦ ਘਟਨਾਵਾਂ ਇੱਕ ਵੱਡੇ ਸੰਕਟ ਨੂੰ ਪੇਸ਼ ਕਰਦੀਆਂ ਹਨ।

ਸਿਰਫ਼ 2023 ਵਿੱਚ ਹੀ, ਭਾਰਤੀ ਸੜਕਾਂ 'ਤੇ 172,000 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਜਿਸ ਦਾ ਮਤਲਬ ਹੈ - ਹਰ ਰੋਜ਼ ਔਸਤਨ 474 ਮੌਤਾਂ ਜਾਂ ਹਰ ਤਿੰਨ ਮਿੰਟ ਵਿੱਚ ਲਗਭਗ ਇੱਕ ਮੌਤ।

ਭਿਆਨਕ ਤਸਵੀਰ ਪੇਸ਼ ਕਰਦੇ ਅੰਕੜੇ

ਹਾਲਾਂਕਿ 2023 ਲਈ ਅਧਿਕਾਰਤ ਕਰੈਸ਼ ਰਿਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਹੈ, ਪਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਸਾਲ ਦਸੰਬਰ ਵਿੱਚ ਇੱਕ ਸੜਕ ਸੁਰੱਖਿਆ ਸਮਾਗਮ ਦੌਰਾਨ ਇੱਕ ਭਿਆਨਕ ਤਸਵੀਰ ਪੇਸ਼ ਕਰਦਿਆਂ ਅੰਕੜਿਆਂ ਦਾ ਹਵਾਲਾ ਦਿੱਤਾ ਸੀ।

ਉਸ ਸਾਲ ਮਰਨ ਵਾਲਿਆਂ ਵਿੱਚ 10,000 ਤਾਂ ਸਿਰਫ਼ ਬੱਚੇ ਹੀ ਸਨ। ਸਕੂਲਾਂ ਅਤੇ ਕਾਲਜਾਂ ਦੇ ਨੇੜੇ ਹੋਏ ਹਾਦਸਿਆਂ ਵਿੱਚ 10,000 ਹੋਰ ਮੌਤਾਂ ਹੋਈਆਂ, ਜਦਕਿ 35,000 ਪੈਦਲ ਯਾਤਰੀਆਂ ਦੀ ਜਾਨ ਗਈ।

ਦੁਪਹੀਆ ਵਾਹਨ ਚਾਲਕਾਂ ਨੂੰ ਵੀ ਜਾਨਾਂ ਗੁਆਉਣੀਆਂ ਪਈਆਂ।

ਕੀ ਹਨ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ

ਇਨ੍ਹਾਂ ਸੜਕ ਹਾਦਸਿਆਂ ਦਾ ਇੱਕ ਮੁੱਖ ਕਾਰਨ ਜੋ ਸਾਹਮਣੇ ਆਇਆ ਹੈ, ਉਹ ਹੈ - ਤੇਜ਼ ਰਫ਼ਤਾਰ।

ਇਸ ਦੇ ਨਾਲ ਹੀ ਬੁਨਿਆਦੀ ਸੁਰੱਖਿਆ ਸਾਵਧਾਨੀਆਂ ਦੀ ਘਾਟ ਵੀ ਘਾਤਕ ਸਾਬਤ ਹੋਈ ਹੈ। ਜਿਸ ਕਾਰਨ 54,000 ਲੋਕਾਂ ਦੀ ਮੌਤ ਹੈਲਮੇਟ ਨਾ ਪਹਿਨਣ ਕਾਰਨ ਹੋਈ ਅਤੇ 16,000 ਲੋਕ ਸੀਟਬੈਲਟ ਨਾ ਪਹਿਨਣ ਕਾਰਨ ਮਾਰੇ ਗਏ।

ਹੋਰ ਮੁੱਖ ਕਾਰਨਾਂ ਵਿੱਚ ਓਵਰਲੋਡਿੰਗ ਸ਼ਾਮਲ ਸੀ, ਜਿਸ ਕਾਰਨ 12,000 ਮੌਤਾਂ ਹੋਈਆਂ। ਉਸੇ ਸਾਲ, ਵੈਧ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਜਿਸ ਕਾਰਨ 34,000 ਹਾਦਸੇ ਹੋਏ। ਗਲਤ ਪਾਸੇ ਗੱਡੀ ਚਲਾਉਣ ਕਾਰਨ ਵੀ ਸੜਕ ਹੱਸਦੇ ਹੋਏ ਅਤੇ ਜਾਨਾਂ ਗਈਆਂ।

ਸਾਲ 2021 ਵਿੱਚ, 13 ਫੀਸਦੀ ਹਾਦਸੇ ਅਜਿਹੇ ਸਨ ਜਿਨ੍ਹਾਂ ਵਿੱਚ ਡਰਾਈਵਰ ਕੋਲ ਲਰਨਿੰਗ ਲਾਇਸੈਂਸ ਸੀ ਜਾਂ ਉਸ ਦਾ ਉਸਦਾ ਲਾਇਸੈਂਸ ਵੈਧ ਹੀ ਨਹੀਂ ਸੀ। ਅਜੇ ਵੀ ਸੜਕਾਂ 'ਤੇ ਚੱਲਣ ਵਾਲੇ ਬਹੁਤ ਸਾਰੇ ਵਾਹਨ ਇੰਨੇ ਪੁਰਾਣੇ ਹਨ ਕਿ ਉਨ੍ਹਾਂ 'ਚ ਸੀਟਬੈਲਟਾਂ ਵਰਗੀਆਂ ਬੁਨਿਆਦੀ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਘਾਟ ਹੈ - ਏਅਰਬੈਗ ਆਦਿ ਦੀ ਗੱਲ ਤਾਂ ਛੱਡ ਹੀ ਦਿਓ।

ਭਾਰਤੀ ਸੜਕਾਂ 'ਤੇ ਵਾਹਨਾਂ ਦੀ ਭੀੜ

ਇਹ ਸਾਰੀ ਸਥਿਤੀ, ਭਾਰਤ ਦੀਆਂ ਸੜਕਾਂ 'ਤੇ ਚੱਲਣ ਵਾਲੇ ਅਰਾਜਕ ਟ੍ਰੈਫ਼ਿਕ ਕਾਰਨ ਹੋਰ ਵੀ ਮਾੜੀ ਹੋ ਜਾਂਦੀ ਹੈ।

ਭਾਰਤ ਦੀਆਂ ਸੜਕਾਂ 'ਤੇ ਵਾਹਨਾਂ ਦੀ ਹੈਰਾਨ ਕਾਰਨ ਵਾਲੀ ਭੀੜ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚੋਂ ਹਰ ਕੋਈ ਸੜਕ 'ਤੇ ਆਪਣੀ ਜਗ੍ਹਾ ਬਣਾਉਣ ਲਈ ਸ਼ੰਘਰਸ਼ ਕਰਦਾ ਹੈ।

ਕਾਰਾਂ, ਬੱਸਾਂ ਅਤੇ ਮੋਟਰਸਾਈਕਲਾਂ ਵਰਗੇ ਮੋਟਰਾਈਜ਼ਡ ਵਾਹਨ ਗੈਰ-ਮੋਟਰਾਈਜ਼ਡ ਵਾਹਨਾਂ ਜਿਵੇਂ ਕਿ ਸਾਈਕਲ, ਸਾਈਕਲ ਰਿਕਸ਼ਾ ਅਤੇ ਹੱਥ-ਗੱਡੀਆਂ, ਜਾਨਵਰਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਗੱਡੀਆਂ, ਪੈਦਲ ਚੱਲਣ ਵਾਲੇ ਯਾਤਰੀਆਂ ਅਤੇ ਅਵਾਰਾ ਜਾਨਵਰਾਂ ਨਾਲ ਮੁਕਾਬਲਾ ਕਰਦੇ ਹਨ ਤਾਂ ਜੋ ਸੜਕ 'ਤੇ ਆਪਣੇ ਲਈ ਥਾਂ ਬਣਾ ਕੇ ਲੰਘ ਸਕਣ।

ਹੋਕਾ ਲਾਉਣ ਵਾਲੇ, ਆਪਣਾ ਸਮਾਨ ਵੇਚਣ ਲਈ ਸੜਕਾਂ ਅਤੇ ਫੁੱਟਪਾਥਾਂ 'ਤੇ ਕਬਜ਼ਾ ਕਰ ਲੈਂਦੇ ਹਨ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਵਾਹਨਾਂ ਨਾਲ ਭਰੀਆਂ ਸੜਕਾਂ 'ਤੇ ਤੁਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਨਾਲ ਵਾਹਨਾਂ ਦੀ ਆਵਾਜਾਈ ਵੀ ਔਖੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਜੋਖਿਮ ਚੁੱਕਣਾ ਪੈਂਦਾ ਹੈ।

ਭਾਰਤ ਦੀਆਂ ਸੜਕਾਂ ਦੁਨੀਆਂ ਦੀਆਂ ਸਭ ਤੋਂ ਅਸੁਰੱਖਿਅਤ ਸੜਕਾਂ ਵਿੱਚ ਸ਼ਾਮਲ

ਸਰਕਾਰ ਵੱਲੋਂ ਕੀਤੇ ਯਤਨਾਂ ਅਤੇ ਨਿਵੇਸ਼ਾਂ ਦੇ ਬਾਵਜੂਦ, ਭਾਰਤ ਦੀਆਂ ਸੜਕਾਂ ਦੁਨੀਆਂ ਦੀਆਂ ਸਭ ਤੋਂ ਅਸੁਰੱਖਿਅਤ ਸੜਕਾਂ ਵਿੱਚੋਂ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਇੱਕ ਸੰਕਟ ਹੈ ਜਿਸ ਦੀਆਂ ਜੜਾਂ ਸਿਰਫ਼ ਬੁਨਿਆਦੀ ਢਾਂਚੇ ਵਿੱਚ ਹੀ ਨਹੀਂ, ਸਗੋਂ ਮਨੁੱਖੀ ਵਿਵਹਾਰ, ਨਿਯਮਾਂ ਨੂੰ ਲਾਗੂ ਕਰਨ 'ਚ ਕਮੀ ਅਤੇ ਸਿਸਟਮ ਪ੍ਰਤੀ ਅਣਗਹਿਲੀ ਵਿੱਚ ਵੀ ਸਮੋਈਆਂ ਹੋਈਆਂ ਹਨ।

ਜਾਨੀ ਨੁਕਸਾਨ ਦੇ ਨਾਲ-ਨਾਲ ਇਹ ਸੜਕ ਹਾਦਸੇ ਆਰਥਿਕ ਤੌਰ 'ਤੇ ਵੀ ਦੇਸ਼ 'ਤੇ ਬਹੁਤ ਬੋਝ ਪਾਉਂਦੇ ਹਨ, ਜਿਸ ਕਾਰਨ ਭਾਰਤ ਨੂੰ ਇਸਦੇ ਸਾਲਾਨਾ ਜੀਡੀਪੀ ਦਾ 3 ਫੀਸਦੀ ਖਰਚ ਕਰਨਾ ਪੈਂਦਾ ਹੈ।

ਭਾਰਤ ਕੋਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ, ਜੋ ਕਿ ਅਮਰੀਕਾ ਤੋਂ ਬਾਅਦ 6.6 ਮਿਲੀਅਨ ਕਿਲੋਮੀਟਰ (4.1 ਮਿਲੀਅਨ ਮੀਲ) ਵਿੱਚ ਫੈਲਿਆ ਹੋਇਆ ਹੈ। ਸਿਰਫ਼ ਕੌਮੀ ਅਤੇ ਰਾਜ ਮਾਰਗ ਇਕੱਠੇ ਕੁੱਲ ਨੈੱਟਵਰਕ ਦਾ ਲਗਭਗ 5 ਫੀਸਦੀ ਬਣਾਉਂਦੇ ਹਨ, ਜਦੋਂ ਕਿ ਐਕਸਪ੍ਰੈਸਵੇਅ ਸਮੇਤ ਹੋਰ ਸੜਕਾਂ ਬਾਕੀ ਦਾ ਹਿੱਸਾ ਹਨ। ਦੇਸ਼ ਵਿੱਚ ਅੰਦਾਜ਼ਨ 350 ਮਿਲੀਅਨ ਰਜਿਸਟਰਡ ਵਾਹਨ ਹਨ।

ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਮੀਟਿੰਗ ਵਿੱਚ ਦੱਸਿਆ ਕਿ ਬਹੁਤ ਸਾਰੇ ਸੜਕ ਹਾਦਸੇ ਇਸ ਲਈ ਹੁੰਦੇ ਹਨ ਕਿਉਂਕਿ ਲੋਕਾਂ ਵਿੱਚ ਕਾਨੂੰਨ ਪ੍ਰਤੀ ਸਤਿਕਾਰ ਅਤੇ ਡਰ ਦੀ ਘਾਟ ਹੈ।

ਉਨ੍ਹਾਂ ਕਿਹਾ, "ਹਾਦਸਿਆਂ ਦੇ ਕਈ ਕਾਰਨ ਹਨ, ਪਰ ਸਭ ਤੋਂ ਵੱਡਾ ਕਾਰਨ ਮਨੁੱਖੀ ਵਿਵਹਾਰ ਹੈ।

'ਸਭ ਤੋਂ ਮੁੱਖ ਦੋਸ਼ੀ ਸਿਵਲ ਇੰਜੀਨੀਅਰ'

ਫਿਰ ਵੀ, ਇਹ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹੈ। ਪਿਛਲੇ ਮਹੀਨੇ ਹੀ, ਗਡਕਰੀ ਨੇ ਮਾੜੇ ਸਿਵਲ ਇੰਜੀਨੀਅਰਿੰਗ ਅਭਿਆਸਾਂ - ਦੋਸ਼ਪੂਰਨ ਸੜਕ ਡਿਜ਼ਾਈਨ, ਘਟੀਆ ਨਿਰਮਾਣ ਅਤੇ ਕਮਜ਼ੋਰ ਪ੍ਰਬੰਧਨ ਦੇ ਨਾਲ-ਨਾਲ ਨਾਕਾਫ਼ੀ ਸੰਕੇਤਾਂ ਅਤੇ ਨਿਸ਼ਾਨਾਂ ਦਾ ਜ਼ਿਕਰ ਕੀਤਾ, ਜੋ ਕਿ ਚਿੰਤਾਜਨਕ ਤੌਰ 'ਤੇ ਉੱਚ ਸੜਕ ਦੁਰਘਟਨਾ ਦਰ 'ਚ ਮੁੱਖ ਯੋਗਦਾਨ ਪਾਉਂਦੇ ਹਨ।

ਉਨ੍ਹਾਂ ਕਿਹਾ ਸੀ, "ਸਭ ਤੋਂ ਮੁੱਖ ਦੋਸ਼ੀ ਸਿਵਲ ਇੰਜੀਨੀਅਰ ਹਨ... ਦੇਸ਼ ਵਿੱਚ ਸੜਕ ਦੇ ਸੰਕੇਤ ਅਤੇ ਨਿਸ਼ਾਨ ਪ੍ਰਣਾਲੀ ਵਰਗੀਆਂ ਛੋਟੀਆਂ ਚੀਜ਼ਾਂ ਵੀ ਬਹੁਤ ਮਾੜੀਆਂ ਹਨ।''

ਗਡਕਰੀ ਨੇ ਪਿਛਲੇ ਮਹੀਨੇ ਸੰਸਦ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਮੰਤਰਾਲੇ ਨੇ ਸਾਲ 2019 ਤੋਂ ਕੌਮੀ ਰਾਜਮਾਰਗਾਂ ਵਿੱਚ 59 ਵੱਡੀਆਂ ਕਮੀਆਂ ਦੀ ਰਿਪੋਰਟ ਕੀਤੀ, ਜਿਨ੍ਹਾਂ ਵਿੱਚ ਖੱਡਾਂ ਵੀ ਸ਼ਾਮਲ ਹਨ। 13,795 ਪਛਾਣੇ ਗਏ ਹਾਦਸੇ-ਸੰਭਾਵੀ "ਸਥਾਨਾਂ" ਵਿੱਚੋਂ, ਸਿਰਫ 5,036 ਵਿੱਚ ਹੀ ਲੰਬੇ ਸਮੇਂ ਲਈ ਸੁਧਾਰ ਕੀਤਾ ਗਿਆ ਹੈ।

ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਗੰਭੀਰ ਖਾਮੀਆਂ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਵਿਖੇ ਟਰਾਂਸਪੋਰਟੇਸ਼ਨ ਰਿਸਰਚ ਐਂਡ ਇੰਜਰੀ ਪ੍ਰੀਵੈਂਸ਼ਨ ਸੈਂਟਰ (ਟੀਆਰਆਈਪੀਪੀ) ਦੁਆਰਾ ਸਾਲਾਂ ਤੋਂ ਕਰਵਾਏ ਗਏ ਸੜਕ ਸੁਰੱਖਿਆ ਆਡਿਟ ਨੇ ਭਾਰਤ ਦੇ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਗੰਭੀਰ ਖਾਮੀਆਂ ਦਾ ਪਰਦਾਫਾਸ਼ ਕੀਤਾ ਹੈ।

ਕਰੈਸ਼ ਬੈਰੀਅਰ

ਮਿਸਾਲ ਵਜੋਂ, ਕਰੈਸ਼ ਬੈਰੀਅਰਾਂ ਨੂੰ ਹੀ ਦੇਖੋ। ਇਹ ਸੜਕ ਤੋਂ ਭਟਕਣ ਵਾਲੇ ਵਾਹਨਾਂ ਨੂੰ ਬਿਨਾਂ ਪਲਟੇ, ਸੁਰੱਖਿਅਤ ਢੰਗ ਨਾਲ ਰੋਕਣ ਲਈ ਹੁੰਦੇ ਹਨ। ਪਰ ਬਹੁਤ ਸਾਰੀਆਂ ਥਾਵਾਂ 'ਤੇ, ਉਹ ਇਸਦੇ ਉਲਟ ਕਰ ਰਹੇ ਹਨ।

ਉਚਾਈ, ਦੂਰੀ ਅਤੇ ਇਨ੍ਹਾਂ ਨੂੰ ਲਗਾਏ ਜਾਣ ਲਈ ਸਪਸ਼ਟ ਮਾਪਦੰਡਾਂ ਦੇ ਬਾਵਜੂਦ, ਜ਼ਮੀਨੀ ਹਕੀਕਤ ਅਕਸਰ ਇੱਕ ਵੱਖਰੀ ਕਹਾਣੀ ਦੱਸਦੀ ਹੈ: ਗਲਤ ਉਚਾਈ 'ਤੇ ਅਤੇ ਕੰਕਰੀਟ ਨਾਲ ਬਣੇ ਅਧਾਰਾਂ 'ਤੇ ਮਾਊਂਟ ਕੀਤੇ ਗਏ ਲੱਗੇ ਧਾਤੂ ਦੇ ਬੈਰੀਅਰ ਠੀਕ ਤਰੀਕੇ ਨਾਲ ਨਹੀਂ ਲਗਾਏ ਹੁੰਦੇ।

ਇਨ੍ਹਾਂ ਖਾਮੀਆਂ ਕਾਰਨ ਇਹ ਕਿਸੇ ਵਾਹਨ, ਖਾਸ ਕਰਕੇ ਇੱਕ ਟਰੱਕ ਜਾਂ ਬੱਸ ਨੂੰ ਸੁਰੱਖਿਅਤ ਢੰਗ ਨਾਲ ਰੋਕਣ ਦੀ ਬਜਾਏ ਉਸ ਦੇ ਪਲਟਣ ਦਾ ਕਾਰਨ ਬਣ ਸਕਦੀਆਂ ਹਨ।

ਆਈਆਈਟੀ ਦਿੱਲੀ ਵਿੱਚ ਸਿਵਲ ਇੰਜੀਨੀਅਰਿੰਗ ਦੇ ਐਮਰੀਟਸ ਪ੍ਰੋਫੈਸਰ ਗੀਤਮ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਤੱਕ ਕਰੈਸ਼ ਬੈਰੀਅਰ ਬਿਲਕੁਲ ਉਸੇ ਤਰ੍ਹਾਂ ਸਥਾਪਿਤ ਨਹੀਂ ਕੀਤਾ ਜਾਂਦਾ ਜਿਵੇਂ ਨਿਰਧਾਰਿਤ ਕੀਤਾ ਗਿਆ ਹੈ, ਉਦੋਂ ਤੱਕ ਕਰੈਸ਼ ਬੈਰੀਅਰ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਸਕਦੇ ਹਨ।''

ਉੱਚੇ ਬਣੇ ਹੋਏ ਮੀਡੀਅਨ ਜਾਂ ਡਿਵਾਈਡਰ

ਫਿਰ ਆਉਂਦੇ ਹਨ ਉੱਚੇ ਬਣੇ ਹੋਏ ਮੀਡੀਅਨ ਜਾਂ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਸੜਕ 'ਤੇ ਬਣੇ ਡਿਵਾਈਡਰ। ਇਨ੍ਹਾਂ ਮੀਡੀਅਨਜ਼ ਹਾਈਵੇਅ ਜਾਂ ਤੇਜ਼ ਰਫਤਾਰ ਵਾਲੀ ਸੜਕ 'ਤੇ ਇੱਕ ਪ੍ਰਕਾਰ ਨਾਲ ਟ੍ਰੈਫ਼ਿਕ ਨੂੰ ਵੱਖ ਕਰਨ ਦਾ ਕੰਮ ਕਰਦੇ ਹਨ ਤਾਂ ਜੋ ਦੋਵੇਂ ਪਾਸਿਓਂ ਆਉਂਦੇ ਵਾਹਨਾਂ ਦੀ ਇੱਕ-ਦੂਜੇ ਨਾਲ ਟੱਕਰ ਨਾ ਹੋਵੇ ਅਤੇ ਕੋਈ ਹੋਰ ਰੁਕਾਵਟ ਨਾ ਆਵੇ।

ਇਹ ਮੀਡੀਅਨ ਜਾਂ ਡਿਵਾਈਡਰ 10 ਸੈਂਟੀਮੀਟਰ (3.9 ਇੰਚ) ਤੋਂ ਉੱਚੇ ਨਹੀਂ ਹੋਣੇ ਚਾਹੀਦੇ ਪਰ, ਆਡਿਟ ਦਿਖਾਉਂਦੇ ਹਨ ਕਿ ਅਜਿਹੇ ਬਹੁਤ ਸਾਰੇ ਡਿਵਾਈਡਰ ਹਨ ਜੋ ਇਸ ਉਚਾਈ ਸੀਮਾ ਤੋਂ ਉੱਚੇ ਹਨ।

ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਦਾ ਟਾਇਰ ਇੱਕ ਵਰਟਿਕਲ ਮੀਡੀਅਨ ਨਾਲ ਟਕਰਾਉਂਦਾ ਹੈ, ਤਾਂ ਇਹ ਗਰਮੀ ਪੈਦਾ ਕਰਦਾ ਹੈ, ਜਿਸ ਨਾਲ ਟਾਇਰ ਫਟ ਸਕਦਾ ਹੈ ਜਾਂ ਫਿਰ ਹੋ ਸਕਦਾ ਹੈ ਕਿ ਵਾਹਨ ਉੱਛਲ ਕੇ ਪਲਟ ਜਾਵੇ।

ਭਾਰਤ ਵਿੱਚ ਬਹੁਤ ਸਾਰੇ ਮੀਡੀਅਨ ਅਜਿਹੇ ਹਨ, ਜੋ ਇਸ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਨਹੀਂ ਕੀਤੇ ਗਏ ਹਨ।

ਰਾਜਧਾਨੀ ਦਿੱਲੀ ਦੇ ਨੇੜੇ ਇੱਕ ਹਾਈਵੇਅ ਦਾ ਇੱਕ ਹਿੱਸਾ ਇਸ ਦੀ ਸਪਸ਼ਟ ਉਦਾਹਰਣ ਹੈ - ਜਿੱਥੇ ਇਹ ਸੜਕ ਇੱਕ ਸੰਘਣੀ ਆਬਾਦੀ ਵਾਲੀ ਬਸਤੀ ਵਿੱਚੋਂ ਲੰਘਦੀ ਹੈ ਪਰ ਨਿਵਾਸੀਆਂ ਦੀ ਸੁਰੱਖਿਆ ਲਈ ਇੱਥੇ ਕੋਈ ਉਪਾਅ ਨਹੀਂ ਕੀਤੇ ਗਏ ਹਨ।

ਸਥਿਤੀ ਇਹ ਹੈ ਕਿ ਤੇਜ਼ ਟ੍ਰੈਫ਼ਿਕ ਲੰਘਣ ਦੇ ਬਾਵਜੂਦ ਵੀ ਲੋਕ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਭੀੜ ਲਗਾਈ ਰੱਖਦੇ ਹਨ ਅਤੇ ਹਾਦਸੇ ਦਾ ਜੋਖਮ ਬਣਿਆ ਰਹਿੰਦਾ ਹੈ।

ਉੱਚੇ ਕੈਰੇਜਵੇਅਜ਼

ਫਿਰ ਦਿੱਕਤ ਉੱਚੇ ਕੈਰੇਜਵੇਅਜ਼ ਦੀ ਆਉਂਦੀ ਹੈ। ਕਈ ਪੇਂਡੂ ਸੜਕਾਂ 'ਤੇ, ਵਾਰ-ਵਾਰ ਪਰਤਾਂ ਪਾਉਣ ਕਾਰਨ ਮੁੱਖ ਸੜਕ ਮੋਢੇ ਤੋਂ ਛੇ ਤੋਂ ਅੱਠ ਇੰਚ ਉੱਚੀ ਹੋ ਜਾਂਦੀ ਹੈ।

ਸੜਕ ਦਾ ਇਸ ਤਰ੍ਹਾਂ ਉੱਚਾ-ਨੀਵਾਂ ਹੋਣਾ ਹਾਦਸੇ ਨੂੰ ਸੱਦਾ ਦਿੰਦਾ ਹੈ। ਜੋ ਡਰਾਈਵਰ ਰਸਤੇ ਤੋਂ ਅਨਜਾਣ ਹੁੰਦਾ ਹੈ ਜਾਂ ਕਿਸੇ ਵਜ੍ਹਾ ਕਾਰਨ ਇੱਕਦਮ ਵਾਹਨ ਨੂੰ ਉਰ੍ਹਾਂ-ਪਰ੍ਹਾਂ ਕਰਦਾ ਹੈ, ਉਹ ਇਸ ਉੱਚੀ-ਨੀਵੀਂ ਸੜਕ ਕਾਰਨ ਡਿੱਗ ਸਕਦਾ ਹੈ।

ਅਜਿਹੇ ਮਾਮਲੇ ਵਿੱਚ ਦੋਪਹੀਆ ਵਾਹਨ ਸਭ ਤੋਂ ਵੱਧ ਜੋਖਮ ਵਿੱਚ ਰਹਿੰਦੇ ਹਨ, ਪਰ ਕਾਰਾਂ ਵੀ ਫਿਸਲ ਸਕਦੀਆਂ ਹਨ, ਉੱਛਲ ਸਕਦੀਆਂ ਹਨ ਜਾਂ ਪਲਟ ਸਕਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਰ ਨਵੀਂ ਪਰਤ ਜੋੜਨ ਨਾਲ, ਇਹ ਖ਼ਤਰਾ ਵਧਦਾ ਹੀ ਰਹਿੰਦਾ ਹੈ।

ਸਪਸ਼ਟ ਤੌਰ 'ਤੇ, ਭਾਰਤ ਦੇ ਸੜਕ ਡਿਜ਼ਾਈਨ ਮਾਪਦੰਡ ਕਾਗਜ਼ 'ਤੇ ਤਾਂ ਠੋਸ ਨਜ਼ਰ ਆਉਂਦੇ ਹਨ ਪਰ ਜ਼ਮੀਨ 'ਤੇ ਲਾਗੂ ਕਰਨ ਸਮੇਂ ਉਹੋ ਜਿਹੇ ਨਹੀਂ ਰਹਿੰਦੇ।

ਪ੍ਰੋਫੈਸਰ ਤਿਵਾਰੀ ਕਹਿੰਦੇ ਹਨ, "ਇੱਕ ਮੁੱਖ ਮੁੱਦਾ ਇਹ ਹੈ ਕਿ - ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਕਰਨ 'ਤੇ ਲੱਗਣ ਵਾਲੇ ਜੁਰਮਾਨੇ ਵੀ ਘੱਟੋ-ਘੱਟ ਹੁੰਦੇ ਹਨ। ਇਕਰਾਰਨਾਮੇ ਵਿੱਚ ਅਕਸਰ ਇਨ੍ਹਾਂ ਜ਼ਰੂਰਤਾਂ ਨੂੰ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਜਾਂਦਾ, ਅਤੇ ਭੁਗਤਾਨ ਆਮ ਤੌਰ 'ਤੇ ਬਣਾਏ ਗਏ ਕਿਲੋਮੀਟਰਾਂ ਦੇ ਹਿਸਾਬ ਨਾਲ ਹੁੰਦੇ ਹਨ, ਨਾ ਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਦੇ ਹਿਸਾਬ ਨਾਲ।''

(ਇਸ ਦਾ ਮਤਲਬ ਹੈ ਕਿ ਸੜਕ ਬਣਾਉਣ ਸਮੇਂ ਭੁਗਤਾਨ ਇਸ ਹਿਸਾਬ ਨਾਲ ਕੀਤਾ ਜਾਂਦਾ ਕਿ ਕਿੰਨੇ ਕਿਲੋਮੀਟਰ ਤੱਕ ਦੀ ਸੜਕ ਬਣਾਈ ਗਈ ਹੈ ਨਾ ਕਿ ਇਸ ਹਿਸਾਬ ਨਾਲ ਕਿ ਸੜਕ ਬਣਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਿੰਨੇ ਚੰਗੇ ਢੰਗ ਨਾਲ ਹੋਈ ਹੈ। ਅਤੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਕੰਮ ਸਬੰਧੀ ਜੋ ਕਾਂਟਰੈਕਟ ਤਿਆਰ ਹੁੰਦੇ ਹਨ, ਉਸ ਵਿੱਚ ਵੀ ਵਧੇਰੇ ਸਪਸ਼ਟ ਤੌਰ 'ਤੇ ਕੁਝ ਨਹੀਂ ਦੱਸਿਆ ਜਾਂਦਾ।)

'ਵਿਦੇਸ਼ੀ ਸੜਕਾਂ ਦੀ ਨਕਲ ਪਰ...'

ਨਿਤਿਨ ਗਡਕਰੀ ਨੇ ਹਾਲ ਹੀ ਵਿੱਚ 25,000 ਕਿਲੋਮੀਟਰ ਦੋ-ਮਾਰਗੀ ਹਾਈਵੇਅ ਨੂੰ ਚਾਰ ਲੇਨ ਵਿੱਚ ਅਪਗ੍ਰੇਡ ਕਰਨ ਦੀ ਇੱਕ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਉਨ੍ਹਾਂ ਕਿਹਾ, "ਇਹ ਸੜਕਾਂ 'ਤੇ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਦਦ ਕਰੇਗਾ।''

ਪਰ ਸ਼ਿਕਾਗੋ ਯੂਨੀਵਰਸਿਟੀ ਦੇ ਕਵੀ ਭੱਲਾ ਵਰਗੇ ਮਾਹਰ ਇਸ ਬਾਰੇ ਆਪਣੇ ਖਦਸ਼ੇ ਪ੍ਰਗਟਾਉਂਦੇ ਹਨ।

ਕਵੀ ਭੱਲਾ, ਘੱਟ ਅਤੇ ਦਰਮਿਆਨੀ-ਆਮਦਨ ਵਾਲੇ ਦੇਸ਼ਾਂ ਵਿੱਚ ਸੜਕ ਸੁਰੱਖਿਆ 'ਤੇ ਕੰਮ ਕਰਦੇ ਹਨ ਅਤੇ ਤਰਕ ਦਿੰਦੇ ਕਿ ਭਾਰਤ ਦੀਆਂ ਸੜਕਾਂ ਦੇ ਡਿਜ਼ਾਈਨ, ਦੇਸ਼ ਦੀਆਂ ਵਿਲੱਖਣ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਕਸਰ ਪੱਛਮੀ ਮਾਡਲਾਂ ਦੀ ਨਕਲ ਕਰਦੇ ਹਨ।

ਉਹ ਕਹਿੰਦੇ ਹਨ, "ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਸੜਕ ਚੌੜੀ ਕਰਨ ਨਾਲ ਸੜਕ 'ਤੇ ਹੋਣ ਵਾਲੀਆਂ ਮੌਤਾਂ ਘੱਟ ਹੋ ਜਾਣਗੀਆਂ। ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਭਾਰਤ ਵਿੱਚ ਸੜਕਾਂ ਦੇ ਨਵੀਨੀਕਰਨ ਨਾਲ ਆਵਾਜਾਈ ਦੀ ਗਤੀ ਵਧ ਜਾਂਦੀ ਹੈ, ਜੋ ਕਿ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਮੋਟਰਸਾਈਕਲ ਸਵਾਰਾਂ ਲਈ ਘਾਤਕ ਹੈ।''

ਭੱਲਾ ਮੁਤਾਬਕ, "ਇੱਕ ਮੁੱਖ ਮੁੱਦਾ ਇਹ ਹੈ ਕਿ ਭਾਰਤ ਵਿੱਚ ਨਵੀਆਂ ਸੜਕਾਂ ਸਿਰਫ਼ ਅਮਰੀਕਾ ਅਤੇ ਯੂਰਪ ਵਿੱਚ ਵਰਤੇ ਜਾਂਦੇ ਸੜਕ ਡਿਜ਼ਾਈਨਾਂ ਦੀ ਨਕਲ ਕਰਦੀਆਂ ਹਨ, ਜਿੱਥੇ ਆਵਾਜਾਈ ਬਹੁਤ ਵੱਖਰੀ ਹੈ। ਭਾਰਤ, ਅਮਰੀਕੀ ਸ਼ੈਲੀ ਦੇ ਹਾਈਵੇਅ ਬਣਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਪਰ ਅਮਰੀਕੀ ਸ਼ੈਲੀ ਦੀ ਹਾਈਵੇਅ ਸੁਰੱਖਿਆ ਇੰਜੀਨੀਅਰਿੰਗ ਖੋਜ ਅਤੇ ਕਰੈਸ਼ ਡੇਟਾ ਪ੍ਰਣਾਲੀਆਂ ਵਿੱਚ ਅਜੇ ਵੀ ਨਿਵੇਸ਼ ਨਹੀਂ ਕਰ ਰਿਹਾ।''

ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਕੀ ਉਪਾਅ

ਅੰਤਰਰਾਸ਼ਟਰੀ ਸੜਕ ਫੈਡਰੇਸ਼ਨ ਦੇ ਕੇ.ਕੇ. ਕਪਿਲਾ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ ਇਸ ਵਧਦੇ ਹੋਏ ਸੰਕਟ ਨਾਲ ਨਜਿੱਠਣ ਲਈ, ਸਰਕਾਰ "5Es" ਰਣਨੀਤੀ ਨੂੰ "ਲਾਗੂ" ਕਰ ਰਹੀ ਹੈ।

5Es ਦਾ ਮਤਲਬ ਹੈ - ਸੜਕਾਂ ਦੀ ਇੰਜੀਨੀਅਰਿੰਗ, ਵਾਹਨਾਂ ਦੀ ਇੰਜੀਨੀਅਰਿੰਗ, ਸਿੱਖਿਆ, ਲਾਗੂਕਰਨ ਅਤੇ ਐਮਰਜੈਂਸੀ ਦੇਖਭਾਲ। (ਭਾਰਤ ਦੇ ਕਾਨੂੰਨ ਕਮਿਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ, ਸਮੇਂ ਸਿਰ ਮਿਲਣ ਵਾਲੀ ਐਮਰਜੈਂਸੀ ਡਾਕਟਰੀ ਦੇਖਭਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਤੋਂ 50 ਫੀਸਦੀ ਲੋਕਾਂ ਨੂੰ ਬਚਾ ਸਕਦੀ ਹੈ।)

ਕੇ.ਕੇ. ਕਪਿਲਾ, ਸਰਕਾਰ ਨੂੰ ਸੜਕ ਸੁਰੱਖਿਆ ਯੋਜਨਾ ਵਿੱਚ ਮਦਦ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਸੱਤ ਮੁੱਖ ਸੂਬਿਆਂ ਨੂੰ ਉਨ੍ਹਾਂ ਦੇ ਸਭ ਤੋਂ ਵੱਧ ਹਾਦਸੇ-ਸੰਭਾਵੀ ਹਿੱਸਿਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ। ਫਿਰ 5Es ਢਾਂਚੇ ਦੇ ਅਧਾਰ ਤੇ ਨਿਸ਼ਾਨਾਬੱਧ ਦਖਲਅੰਦਾਜ਼ੀ ਲਾਗੂ ਕਰਨ ਤੋਂ ਬਾਅਦ, ਇਹ ਖੇਤਰ ਉਨ੍ਹਾਂ ਦੇ ਸੂਬਿਆਂ ਵਿੱਚ "ਸਭ ਤੋਂ ਸੁਰੱਖਿਅਤ" ਬਣ ਗਏ ਹਨ।

ਜ਼ਿਆਦਾਤਰ ਅਰਥਸ਼ਾਸਤਰੀ ਇਸ ਗੱਲ ਨਾਲ ਸਹਿਮਤ ਹਨ ਕਿ ਹੋਰ ਸੜਕਾਂ ਬਣਾਉਣਾ ਭਾਰਤ ਦੇ ਵਿਕਾਸ ਦੀ ਕੁੰਜੀ ਹੈ, ਪਰ ਇਹ ਟਿਕਾਊ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਬਣਾਉਂਦੇ ਸਮੇਂ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੇ ਜੀਵਨ ਤੇ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਕਵੀ ਭੱਲਾ ਕਹਿੰਦੇ ਹਨ, "ਵਿਕਾਸ ਦੀ ਕੀਮਤ ਸਮਾਜ ਦਾ ਸਭ ਤੋਂ ਗਰੀਬ ਵਰਗ ਝੱਲੇ, ਅਜਿਹਾ ਨਹੀਂ ਹੋਣਾ ਚਾਹੀਦਾ। ਅਜਿਹੀਆਂ ਚੰਗੀਆਂ ਸੜਕਾਂ ਕਿਵੇਂ ਬਣਾਉਣੀਆਂ ਹਨ, ਇਹ ਸਿੱਖਣ ਦਾ ਇੱਕੋ-ਇੱਕ ਤਰੀਕਾ ਹੈ ਕਿ ਲਗਾਤਾਰ ਇਹ ਮੁਲਾਂਕਣ ਕੀਤਾ ਜਾਵੇ ਕਿ ਕੀ ਉਨ੍ਹਾਂ (ਸੜਕਾਂ) ਨਾਲ ਸੁਰੱਖਿਆ ਵਿੱਚ ਸੁਧਾਰ ਹੋਇਆ ਹੈ ਅਤੇ, ਜੇਕਰ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਠੀਕ ਕੀਤਾ ਜਾਵੇ ਅਤੇ ਮੁੜ ਮੁਲਾਂਕਣ ਕੀਤਾ ਜਾਵੇ।''

ਉਹ ਕਹਿੰਦੇ ਹਨ ਕਿ ''ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਸੜਕਾਂ ਹੋਰ ਫਰਾਟੇਦਾਰ ਹੋ ਜਾਣਗੀਆਂ, ਕਾਰਾਂ ਹੋਰ ਤੇਜ਼ ਹੋ ਜਾਣਗੀਆਂ ਅਤੇ ਲੋਕ ਵੀ ਹੋਰ ਜ਼ਿਆਦਾ ਮਰਨਗੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)