ਵਿੰਬਲਡਨ: ਖਿਡਾਰਨਾਂ ਦਾ 146 ਸਾਲ ਪੁਰਾਣਾ ਡਰੈੱਸ ਕੋਡ ਕਿਉਂ ਬਦਲ ਦਿੱਤਾ ਗਿਆ

ਟੈਨਿਸ

ਤਸਵੀਰ ਸਰੋਤ, Getty Images

    • ਲੇਖਕ, ਅਲੀ ਵਾਇਲੇਟ ਬਰੈਮਲੇ
    • ਰੋਲ, ਬੀਬੀਸੀ ਕਲਚਰ

ਵਿੰਬਲਡਨ ਨੇ ਆਪਣੇ 146 ਸਾਲਾਂ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਟੈਨਿਸ ਖਿਡਾਰਨਾਂ ਲਈ ਡਰੈੱਸ ਕੋਡ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਇਹ ਕੋਈ ਕ੍ਰਾਂਤੀਕਾਰੀ ਤਬਦੀਲੀ ਨਹੀਂ ਬਲਕਿ ਸਿਰਫ਼ ਸੰਕੇਤਕ ਹੀ ਹੈ।

2 ਹਫਤੇ ਪਹਿਲਾਂ ਵਿੰਬਲਡਨ ਨੇ ਮਹਿਲਾ ਖਿਡਾਰੀਆਂ ਨੂੰ ਗੂੜ੍ਹੇ ਰੰਗ ਦੇ ਅੰਡਰਸ਼ਾਰਟ ਜਾਂ ਅੰਡਰਪੈਂਟ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਉਨ੍ਹਾਂ ਖਿਡਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ, ਜਿਨ੍ਹਾਂ ਦੇ ਪੀਰੀਅਡਜ਼ ਟੂਰਨਾਮੈਂਟ ਦੌਰਾਨ ਚੱਲ ਰਹੇ ਹੁੰਦੇ ਹਨ।

ਇਸ ਐਲਾਨ ਹੋਣ ਤੋਂ ਬਾਅਦ ਆਲ ਇੰਗਲੈਂਡ ਕਲੱਬ ਦੇ ਸੀਈਓ, ਸੈਲੀ ਬੋਲਟਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਵੇਂ ਨਿਯਮ ਨਾਲ "ਖਿਡਾਰੀਆਂ ਨੂੰ ਚਿੰਤਾ ਦੇ ਇੱਕ ਕਾਰਨ ਤੋਂ ਰਾਹਤ ਮਿਲੇਗੀ ਅਤੇ ਉਹ ਪੂਰੀ ਤਰ੍ਹਾਂ ਆਪਣੀ ਖੇਡ 'ਤੇ ਧਿਆਨ ਦੇ ਸਕਣਗੀਆਂ।''

ਕਈ ਖਿਡਾਰੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਯੂਐੱਸ ਟੈਨਿਸ ਸਟਾਰ ਕੋਕੋ ਗੌਫ ਨੇ ਪਿਛਲੇ ਹਫ਼ਤੇ ਸਕਾਈ ਨਿਊਜ਼ ਨੂੰ ਕਿਹਾ, "ਮੈਨੂੰ ਲਗਦਾ ਹੈ ਕਿ ਇਸ ਨਾਲ ਯਕੀਨੀ ਤੌਰ 'ਤੇ ਮੇਰੇ ਅਤੇ ਲਾਕਰ ਰੂਮ ਵਿੱਚ ਹੋਰ ਕੁੜੀਆਂ ਦਾ ਤਣਾਅ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗਾ।''

ਮਹਿਲਾ ਖਿਡਾਰੀਆਂ ਨੂੰ ਮਾਮੂਲੀ ਛੋਟ

ਟੈਨਿਸ ਇਤਿਹਾਸਕਾਰ ਕ੍ਰਿਸ ਬੋਵਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਨਿਸ ਇਤਿਹਾਸਕਾਰ ਕ੍ਰਿਸ ਬੋਵਰਸ

ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੀ ਜੀਵਨੀ ਲਿਖਣ ਵਾਲੇ ਟੈਨਿਸ ਇਤਿਹਾਸਕਾਰ ਕ੍ਰਿਸ ਬੋਵਰਸ ਦੀ ਨਜ਼ਰ ਵਿੱਚ ਵਿੰਬਲਡਨ ਨੇ ਸਮਾਜਿਕ ਦਬਾਅ ਦੇ ਚੱਲਦਿਆਂ ਆਪਣੇ ਨਿਯਮਾਂ ਵਿੱਚ ਇਹ ਬਦਲਾਅ ਕੀਤਾ ਹੈ।

ਬੀਬੀਸੀ ਕਲਚਰ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, “ਵਿੰਬਲਡਨ ਬਹੁਤ ਅਸਹਿਜ ਸਥਿਤੀ ਵਿੱਚ ਸੀ। ਮੇਰਾ ਮੰਨਣਾ ਹੈ ਕਿ ਕਈ ਮਾਅਨਿਆਂ ਵਿੱਚ ਉਨ੍ਹਾਂ ਕੋਲ ਇਹ ਤਬਦੀਲੀਆਂ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਸੀ।"

ਮਹਿਲਾ ਖਿਡਾਰਨਾਂ ਨੂੰ ਉਨ੍ਹਾਂ ਦੀ ਸਹੂਲਤ ਅਤੇ ਲੋੜ ਅਨੁਸਾਰ ਕੱਪੜੇ ਪਹਿਨਣ ਦੀ ਇਜਾਜ਼ਤ ਦੇਣ ਦੀ ਬਜਾਏ ਟੈਨਿਸ ਕੋਰਟ 'ਤੇ ਉਨ੍ਹਾਂ ਨੂੰ ਖਾਸ ਕਿਸਮ ਦੇ ਕੱਪੜੇ ਪਹਿਨਣ ਲਈ ਮਜਬੂਰ ਕਰਨਾ ਨਾ ਸਿਰਫ਼ ਅਜੀਬ ਅਤੇ ਪੁਰਾਣਾ ਜਾਪਦਾ ਹੈ, ਸਗੋਂ ਇਹ ਇੱਕ ਪੁਰਾਤਨਪੰਥੀ ਅਤੇ ਲਿੰਗ-ਭੇਦ ਕਰਨ ਵਾਲਾ ਵਿਚਾਰ ਵੀ ਹੈ।

ਵਿੰਬਲਡਨ ਨੇ ਭਾਵੇਂ ਹੀ ਮਹਿਲਾ ਖਿਡਾਰਨਾਂ ਨੂੰ ਥੋੜ੍ਹੀ ਛੋਟ ਦਿੱਤੀ ਹੋਵੇ ਪਰ ਬਾਕੀ ਡਰੈੱਸ ਕੋਡ ਪਹਿਲਾਂ ਵਾਂਗ ਹੀ ਹਨ।

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ‘ਉਨ੍ਹਾਂ ਨੂੰ ਟੈਨਿਸ ਖੇਡਣ ਵਾਲੀ ਅਜਿਹੀ ਡਰੈੱਸ ਪਹਿਨਣੀ ਪਵੇਗੀ, ਜੋ ਲਗਭਗ ਸਫੇਦ ਹੋਵੇ।’

ਇਸ ਦੇ ਨਾਲ ਇਹ ਸ਼ਰਤ ਵੀ ਲਗਾਈ ਗਈ ਹੈ, ‘ਚਿੱਟੇ ਰੰਗ ਵਿੱਚ ਆਫ-ਵਾਈਟ ਜਾਂ ਕਰੀਮ ਕਲਰ ਸ਼ਾਮਲ ਨਹੀਂ ਹੈ।’

ਟੈਨਿਸ

ਤਸਵੀਰ ਸਰੋਤ, Getty Images

ਟੈਨਿਸ ਪਹਿਰਾਵੇ ਵਿੱਚ ਉਂਝ ਹੋਰ ਰੰਗਾਂ ਦੀਆਂ ਧਾਰੀਆਂ ਹੋਣ ਦੀ ਇਜਾਜ਼ਤ ਹੈ, ਜਿਵੇਂ ਕਿ ਨੇਕਲਾਈਨ, ਕਫ਼, ਟੋਪੀ, ਹੈੱਡਬੈਂਡ, ਸਕਾਰਫ਼, ਗੁੱਟ ਦਾ ਕਵਰ, ਜੁਰਾਬਾਂ, ਸ਼ਾਰਟਸ, ਸਕਰਟ ਜਾਂ ਅੰਡਰਗਾਰਮੈਂਟ ਆਦਿ 'ਤੇ।

ਹਾਲਾਂਕਿ, ਕੋਈ ਖਿਡਾਰੀ ਰੰਗੀਨ ਕੱਪੜੇ ਪਹਿਨਣ ਬਾਰੇ ਸੋਚੇ, ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਹ ਸ਼ਰਤ ਦੱਸ ਦਿੱਤੀ ਜਾਂਦੀ ਹੈ ਕਿ ਚਿੱਟੇ ਕੱਪੜਿਆਂ 'ਤੇ ਹੋਰ ਰੰਗਾਂ ਦੀਆਂ ਧਾਰੀਆਂ ਦੀ ਚੌੜਾਈ ਇੱਕ ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਤੋਂ ਪਹਿਲਾਂ ਕਿ ਖਿਡਾਰੀ ਡਰੈੱਸ ਕੋਡ ਤੋਂ ਹਟ ਕੇ ਕੁਝ ਕਰਨ, ਉਨ੍ਹਾਂ ਨੂੰ ਯਾਦ ਕਰਵਾ ਦਿੱਤਾ ਜਾਂਦਾ ਹੈ ਕਿ 'ਪੈਟਰਨ ਦੇ ਦਾਇਰੇ 'ਚ ਦਿਖਾਈ ਦੇਣ ਵਾਲੀ ਰੰਗੀਨ ਪੱਟੀ ਨੂੰ ਇਸ ਤਰ੍ਹਾਂ ਮਾਪਿਆ ਜਾਵੇਗਾ ਕਿ ਇਹ ਗਹਿਰਾ (ਠੋਸ) ਰੰਗ ਹੈ ਅਤੇ ਇਸ ਨੂੰ ਇੱਕ ਸੈਂਟੀਮੀਟਰ ਵਾਲੇ ਨਿਯਮ ਦੇ ਦਾਇਰੇ ਅੰਦਰ ਹੋਣਾ ਚਾਹੀਦਾ ਹੈ।'

ਇਸ ਦੇ ਨਾਲ ਹੀ 'ਖਿਡਾਰੀ ਦੇ ਪਹਿਰਾਵੇ 'ਤੇ ਕੱਪੜੇ ਦੇ ਮੈਟੀਰੀਅਲ ਜਾਂ ਪੈਟਰਨ ਤੋਂ ਵੱਖਰੇ ਰੰਗ ਦੇ ਲੋਗੋ ਮਨਜ਼ੂਰ ਨਹੀਂ ਕੀਤੇ ਜਾਣਗੇ।'

ਟੈਨਿਸ

ਤਸਵੀਰ ਸਰੋਤ, Getty Images

ਲਾਈਨ

ਸਮੇਂ ਦੇ ਨਾਲ ਆਏ ਬਦਲਾਅ

ਏ ਸੋਸ਼ਲ ਹਿਸਟਰੀ ਆਫ਼ ਟੈਨਿਸ ਇਨ ਬ੍ਰਿਟੇਨ ਦੇ ਲੇਖਕ ਰੌਬਰਟ ਲੇਕ ਨੇ ਬੀਬੀਸੀ ਕਲਚਰ ਨੂੰ ਦੱਸਿਆ, "ਵਿੰਬਲਡਨ ਵਿੱਚ ਇਹ ਆਲ-ਵਾਈਟ ਡਰੈੱਸ ਕੋਡ ਹਮੇਸ਼ਾ ਇਸੇ ਤਰ੍ਹਾਂ ਰਿਹਾ ਹੈ।"

ਉਹ ਕਹਿੰਦੇ ਹਨ, ''ਚਿੱਟੇ ਵਿੱਚ ਪਸੀਨਾ ਸਭ ਤੋਂ ਵਧੀਆ ਲੁਕਿਆ ਹੁੰਦਾ ਹੈ। ਇਹ ਸਾਫ਼-ਸੁਥਰਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ ਅਤੇ ਦੇਖਣ ਵਿੱਚ ਵੀ ਚੰਗਾ ਮੰਨਿਆ ਜਾਂਦਾ ਹੈ। ਕਿਉਂਕਿ ਟੈਨਿਸ ਦਾ ਵੀ ਕ੍ਰਿਕਟ ਨਾਲ ਸਬੰਧ ਰਿਹਾ ਹੈ, ਇਸ ਲਈ ਇਹ ਇਤਿਹਾਸਕ ਤੌਰ 'ਤੇ ਉੱਚ-ਮੱਧ ਵਰਗ ਦੇ ਆਰਾਮ ਨੂੰ ਦਰਸਾਉਂਦਾ ਹੈ।''

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਵਿੰਬਲਡਨ ਦੇ ਟੈਨਿਸ ਪਹਿਰਾਵੇ 'ਚ ਕੁਝ ਬਦਲਾਅ ਆਇਆ ਹੈ।

ਵਿਕਟੋਰੀਅਨ ਯੁੱਗ ਦੇ ਅਖੀਰ ਵਿੱਚ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ 'ਸੱਭਿਆਚਾਰਕ ਉਮੀਦਾਂ ਦੇ ਅਨੁਸਾਰ ਢੁਕਵੇਂ ਪਹਿਰਾਵੇ ਪਹਿਨਣ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਉਨ੍ਹਾਂ ਤੋਂ ਲਾਜ-ਲੱਜਾ ਦਾ ਧਿਆਨ ਰੱਖਣ ਦੀ ਉਮੀਦ ਕੀਤੀ ਜਾਂਦੀ ਸੀ।'

ਰੌਬਰਟ ਕਹਿੰਦੇ ਹਨ ਕਿ ਦੋ ਵਿਸ਼ਵ ਯੁੱਧਾਂ ਦੇ ਵਿਚਕਾਰ ਦੇ ਦੌਰ 'ਚ, ਟੈਨਿਸ ਕੋਰਟ ਦੇ ਪਹਿਰਾਵੇ ਵਿੱਚ ਫੈਸ਼ਨ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ।

1950 ਦੇ ਦਹਾਕੇ ਵਿੱਚ ਟੈਨਿਸ ਕੋਰਟ ਦੇ ਪਹਿਰਾਵੇ ਵਿੱਚ, 'ਉਪਯੋਗਤਾ, ਆਰਾਮ ਅਤੇ ਸਹਿਜਤਾ' ਨੂੰ ਤਰਜੀਹ ਦਿੱਤੀ ਜਾਣ ਲੱਗੀ, ਅਤੇ ਖੁੱਲੇਪਣ ਦੇ ਯੁੱਗ ਵਿੱਚ, ਮਹਿਲਾਵਾਂ ਦੇ ਦਿਲਕਸ਼ ਹੋਣ ਦੇ ਰਿਵਾਇਤੀ ਮਾਪਦੰਡਾਂ ਜਾਂ ਫਿਰ ਸੈਕਸੀ ਦਿਖਣ ਦੀ ਇੱਛਾ ਖਿਡਾਰੀਆਂ ਦੇ ਪਹਿਨਾਵੇ ਤੈਅ ਕਰਨ ਲੱਗੀ।

ਅਜਿਹਾ ਨਹੀਂ ਹੈ ਕਿ ਡਰੈੱਸ ਕੋਡ ਸਿਰਫ਼ ਵਿੰਬਲਡਨ ਵਿੱਚ ਹੀ ਲਾਗੂ ਹੁੰਦਾ ਹੈ।

ਸੇਰੇਨਾ ਵਿਲੀਅਮਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਰੇਨਾ ਵਿਲੀਅਮਜ਼

ਇੱਕ ਵੱਡੇ ਖਿਡਾਰੀ ਦੇ ਨਿਯਮ ਤੋੜਨ ਦੀ ਮਿਸਾਲ 2018 ਵਿੱਚ ਦੇਖਣ ਨੂੰ ਮਿਲੀ ਸੀ। ਉਸ ਵੇਲੇ ਅਮਰੀਕਾ ਦੀ ਟੈਨਿਸ ਸੁਪਰਸਟਾਰ ਸੇਰੇਨਾ ਵਿਲੀਅਮਜ਼ ਨੇ ਵਾਕਾਂਡਾ ਤੋਂ ਪ੍ਰੇਰਿਤ ਕੈਟਸੂਟ ਪਹਿਨ ਕੇ ਫਰੈਂਚ ਓਪਨ ਜਿੱਤਿਆ ਸੀ।

ਮਾਂ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਗ੍ਰੈਂਡ ਸਲੈਮ ਮੁਕਾਬਲਾ ਸੀ। ਹਾਲਾਂਕਿ, ਭਵਿੱਖ ਦੇ ਟੂਰਨਾਮੈਂਟਾਂ 'ਚ ਸੇਰੇਨਾ 'ਤੇ ਅਜਿਹਾ ਪਹਿਰਾਵਾ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਉਸ ਵੇਲੇ ਇੱਕ ਸਮੀਖਿਅਕ ਨੇ ਇਸ ਬਾਰੇ ਲਿਖਿਆ ਸੀ: “ਅਸਲ ਵਿੱਚ ਇਹ ਮਾਮਲਾ ਔਰਤਾਂ ਦੇ ਸਰੀਰ 'ਤੇ ਨਜ਼ਰ ਰੱਖਣ ਦਾ ਹੈ। ਖਾਸ ਤੌਰ 'ਤੇ ਸਿਆਹਫਾਮ ਔਰਤਾਂ ਦੇ ਸਰੀਰ ਨੂੰ ਗੈਰ-ਮਨੁੱਖੀ, ਯੌਨ ਅਤੇ ਦੂਜੀ ਨਜ਼ਰ ਨਾਲ ਦੇਖਣ ਦਾ ਉਦਾਹਰਣ ਹੈ।''

ਹੋਰ ਟੂਰਨਾਮੈਂਟਾਂ ਵਿੱਚ ਭਾਵੇਂ ਡਰੈੱਸ ਕੋਡ ਲਾਗੂ ਹੁੰਦਾ ਹੋਵੇ, ਪਰ ਨਿਯਮਾਂ ਦੀ ਸਖ਼ਤੀ ਦੇ ਮਾਮਲੇ ਵਿੱਚ ਵਿੰਬਲਡਨ ਇੱਕਦਮ ਵੱਖਰਾ ਖੜ੍ਹਾ ਦਿਖਾਈ ਦਿੰਦਾ ਹੈ।

ਫੈਸ਼ਨ ਇਤਿਹਾਸਕਾਰ ਅਤੇ 'ਸ਼ੀ ਹੈਜ਼ ਗੌਟ ਲੈਗਜ਼: ਏ ਹਿਸਟਰੀ ਆਫ਼ ਹੈਮਲਾਈਨਜ਼ ਐਂਡ ਫੈਸ਼ਨ' ਦੀ ਸਹਿ-ਲੇਖਕਾ ਕੈਰਨ ਬੇਨ-ਹੋਰਿਨ ਨੇ ਬੀਬੀਸੀ ਕਲਚਰ ਨੂੰ ਦੱਸਿਆ, "ਟੈਨਿਸ ਕੋਰਟ ਹਮੇਸ਼ਾ ਇੱਕ ਅਜਿਹਾ ਅਖਾੜਾ ਰਿਹਾ ਹੈ ਜਿੱਥੇ ਮਹਿਲਾਵਾਂ ਨੇ ਸਮਾਜ ਦੀਆਂ ਪਾਬੰਦੀਆਂ ਅਤੇ ਉਨ੍ਹਾਂ ਦੁਆਰਾ ਤੈਅ ਹੱਦਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਉਨ੍ਹਾਂ ਦਾ ਦਾਇਰਾ ਵਧਾਇਆ ਹੈ।''

''ਕਿਉਂਕਿ ਵਿੰਬਲਡਨ ਹਮੇਸ਼ਾ ਯੂਐਸ ਜਾਂ ਫਰੈਂਚ ਓਪਨ ਨਾਲੋਂ ਵਧੇਰੇ ਰਵਾਇਤੀ ਅਤੇ ਰੂੜੀਵਾਦੀ ਟੂਰਨਾਮੈਂਟ ਰਿਹਾ ਹੈ, ਇਸ ਲਈ ਇੱਥੇ ਕਿਸੇ ਵਿਅਕਤੀ ਦੀ ਨਿੱਕੀ-ਨਿੱਕੀ ਗੱਲ ਨੂੰ ਵੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ।''

ਲਾਈਨ

ਵਿੰਬਲਡਨ ਦਾ ਇਤਿਹਾਸ

  • ਜੁਲਾਈ 1877 ਵਿੱਚ ਪਹਿਲਾ ਮੁਕਾਬਲਾ
  • ਉਸ ਵੇਲੇ ਔਰਤਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ
  • 1884 ਵਿੱਚ ਮਹਿਲਾ ਸਿੰਗਲਜ਼ ਮੈਚ ਸ਼ੁਰੂ ਹੋਏ
  • ਮੌਡ ਵਾਟਸਨ, ਆਪਣੀ ਭੈਣ ਨੂੰ ਹਰਾ ਕੇ ਪਹਿਲੀ ਮਹਿਲਾ ਚੈਂਪੀਅਨ ਬਣੀ
  • 1913 ਵਿੱਚ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਦੀ ਸ਼ੁਰੂਆਤ
ਲਾਈਨ

ਨਿਯਮ ਤੋੜਨ ਵਾਲੇ

ਸਟੇਫੀ ਗ੍ਰਾਫ ਅਤੇ ਬੋਰਿਸ ਬੇਕਰ

ਤਸਵੀਰ ਸਰੋਤ, Getty Images

ਕ੍ਰਿਸ ਬੋਵਰਸ ਕਹਿੰਦੇ ਹਨ, "ਜੋ ਗੱਲ ਪਸੰਦ ਨਹੀਂ ਕੀਤੀ ਜਾਂਦੀ, ਉਹ ਇਹ ਹੈ ਕਿ 80 ਦੇ ਦਹਾਕੇ ਤੋਂ ਸਿਰਫ਼ ਮਹਿਲਾ ਹੀ ਨਹੀਂ ਬਲਕਿ ਪੁਰਸ਼ ਖਿਡਾਰੀਆਂ 'ਤੇ ਵੀ ਪਾਬੰਦੀਆਂ ਬਹੁਤ ਸਖ਼ਤ ਹੁੰਦੀਆਂ ਗਈਆਂ।''

ਕ੍ਰਿਸ ਮੁਤਾਬਕ, "ਡਰੈੱਸ ਕੋਡ ਨੂੰ 'ਮੁੱਖ ਤੌਰ 'ਤੇ ਚਿੱਟੇ ਤੋਂ ਬਦਲ ਕੇ ਸਾਰੇ-ਚਿੱਟੇ ਕੱਪੜਿਆਂ ਵਾਲਾ ਕੀਤਾ ਗਿਆ... 90 ਦੇ ਦਹਾਕੇ ਵਿੱਚ ਆਯੋਜਕ ਹੋਰ ਵੀ ਸਖ਼ਤ ਹੋ ਗਏ ਅਤੇ ਇਹ ਸਿਲਸਿਲਾ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ।''

"ਪਹਿਲਾਂ ਸਟੇਫੀ ਗ੍ਰਾਫ ਅਤੇ ਬੋਰਿਸ ਬੇਕਰ ਵਰਗੇ ਖਿਡਾਰੀ ਸੈਂਟਰ ਕੋਰਟ 'ਤੇ ਜਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ, ਅੱਜ ਉਸ ਦੀ ਇਜਾਜ਼ਤ ਬਿਲਕੁਲ ਨਹੀਂ ਮਿਲ ਸਕਦੀ।"

ਤਾਂ ਫਿਰ, ਕੀ ਕਾਰਨ ਹੈ ਕਿ ਵਿੰਬਲਡਨ ਸਮੇਂ ਦੇ ਨਾਲ ਅੱਗੇ ਵਧਣ ਦੀ ਬਜਾਏ ਉਲਟ ਦਿਸ਼ਾ ਵੱਲ ਵਧ ਰਿਹਾ ਹੈ?

ਕ੍ਰਿਸ ਬੋਵਰਸ ਮੰਨਦੇ ਹਨ ਕਿ "ਇਹ ਸਾਰਾ ਮਾਮਲਾ ਇਸ ਗੱਲ ਦਾ ਹੈ ਕਿ ਵਿੰਬਲਡਨ ਆਪਣੇ ਬ੍ਰਾਂਡ ਨੂੰ ਲੈ ਕੇ ਕੁਝ ਜ਼ਿਆਦਾ ਹੀ ਸਜਗ ਹੈ। ਵਿੰਬਲਡਨ ਨੂੰ ਇਸ ਗੱਲ 'ਤੇ ਜ਼ੋਰ ਦੇਣ ਦੀ ਬਿਲਕੁਲ ਲੋੜ ਨਹੀਂ ਹੈ ਕਿ ਤੁਸੀਂ ਇੱਕ ਜੈਕਟ ਅਤੇ ਟਾਈ ਪਹਿਨ ਕੇ ਹੀ ਰਾਇਲ ਬਾਕਸ ਵਿੱਚ ਬੈਠੋ। ਪਰ, ਉਹ ਅਜਿਹਾ ਕਰਦੇ ਹਨ।"

ਕ੍ਰਿਸ ਬੋਵਰਸ, ਸੈਂਟਰ ਕੋਰਟ ਵਿੱਚ ਘਾਹ ਦੀ ਬਾਰੀਕੀ ਨਾਲ ਤਿਆਰ ਕੀਤੀ ਪਰਤ ਵੱਲ ਵੀ ਇਸ਼ਾਰਾ ਕਰਦੇ ਹਨ।

ਉਹ ਕਹਿੰਦੇ ਹਨ, “ਇਹ ਚਿੱਟੇ ਪਹਿਰਾਵੇ ਦਾ ਸਖ਼ਤ ਨਿਯਮ ਵਿੰਬਲਡਨ ਬ੍ਰਾਂਡ ਦਾ ਹਿੱਸਾ ਹੈ, ਜਿਸ 'ਤੇ ਅਸੀਂ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇਸ ਨੂੰ ਟੈਨਿਸ ਦਾ ਇੱਕ ਵੱਡਾ ਬ੍ਰਾਂਡ ਮੰਨਦੇ ਹਾਂ, ਉਸੇ ਤਰ੍ਹਾਂ ਉੱਥੇ ਦੀ ਸਟ੍ਰਾਬੇਰੀ ਅਤੇ ਕ੍ਰੀਮ ਨੂੰ ਵੀ ਉਸੇ ਬ੍ਰਾਂਡ ਦਾ ਹਿੱਸਾ ਮੰਨਦੇ ਹਾਂ।''

ਹਾਲਾਂਕਿ, ਅਜਿਹਾ ਨਹੀਂ ਹੈ ਕਿ ਇਸ ਰੂੜ੍ਹੀਵਾਦੀ ਵਿਵਸਥਾ ਨੂੰ ਚੁਣੌਤੀ ਨਹੀਂ ਦਿੱਤੀ ਗਈ।

ਮੇਅ ਸਟਨ

ਤਸਵੀਰ ਸਰੋਤ, Getty Images

ਬੋਵਰਸ, ਮੇਅ ਸਟਨ ਨਾਂ ਦੇ ਖਿਡਾਰੀ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਉਨ੍ਹਾਂ ਨੇ 1905 ਵਿੱਚ ਆਪਣੇ ਸਰੀਰ ਦੀ ਥੋੜ੍ਹੀ ਜਿਹੀ ਨੁਮਾਇਸ਼ ਕੀ ਕੀਤੀ ਕਿ ਲੋਕ ਬੇਹੋਸ਼ ਹੋਣ ਲੱਗ ਪਏ ਸਨ।"

1919 ਵਿੱਚ, ਇੱਕ ਫਰਾਂਸੀਸੀ ਖਿਡਾਰਨ ਸੁਜ਼ੈਨ ਲੇਂਗਲੇਨ ਨੇ ਆਪਣੇ 'ਅਸ਼ਲੀਲ' ਪਹਿਰਾਵੇ ਨਾਲ ਪ੍ਰੈੱਸ ਵਿੱਚ ਹੰਗਾਮਾ ਮਚਾ ਦਿੱਤਾ ਸੀ।

ਸੁਜ਼ੈਨ ਬਿਨਾਂ ਬ੍ਰਾ ਅਤੇ ਬਿਨਾਂ ਪੇਟੀਕੋਟ ਦੇ ਡਰੈੱਸ ਪਾ ਕੇ ਕੋਰਟ 'ਚ ਆਏ ਸਨ। ਉਨ੍ਹਾਂ ਦਾ ਪਹਿਰਾਵਾ ਖੁੱਲ੍ਹੇ ਗਰਦਨ ਵਾਲਾ ਅਤੇ ਛੋਟੀਆਂ ਬਾਹਾਂ ਵਾਲਾ ਸੀ। ਉਨ੍ਹਾਂ ਦੀ ਸਕਰਟ 'ਚੋਂ ਉਨ੍ਹਾਂ ਦੀਆਂ ਅੱਧੀਆਂ ਲੱਤਾਂ ਨਜ਼ਰ ਆ ਰਹੀਆਂ ਸਨ ਅਤੇ ਉਨ੍ਹਾਂ ਦੀਆਂ ਰੇਸ਼ਮੀ ਜੁਰਾਬਾਂ ਗੋਡਿਆਂ ਤੋਂ ਬੱਸ ਜ਼ਰਾ ਜਿੰਨੀਆਂ ਉੱਪਰ ਸਨ।

ਸੁਜ਼ੈਨ ਨੇ ਉਸ ਸਾਲ ਵਿੰਬਲਡਨ ਖਿਤਾਬ ਵੀ ਜਿੱਤਿਆ ਸੀ।

1934 ਵਿੱਚ, ਜਦੋਂ ਆਇਲੀਨ ਬੇਨੇਟ ਸੈਂਟਰ ਕੋਰਟ 'ਤੇ ਸ਼ਾਰਟਸ ਪਹਿਨਣ ਵਾਲੀ ਪਹਿਲੀ ਖਿਡਾਰਨ ਬਣੀ, ਤਾਂ ਹੰਗਾਮਾ ਮਚ ਗਿਆ।

1949 ਵਿੱਚ, ਗੇਰਟਰੂਡ 'ਗਸੀ' ਮੋਰੈਨ ਨੇ ਡਿਜ਼ਾਈਨਰ ਟੇਡ ਟਿੰਗਲਿੰਗ ਦੁਆਰਾ ਜ਼ਿੱਦੀਨ ਕੀਤੀ ਡਰੈੱਸ ਪਹਿਨ ਕੇ ਟੈਨਿਸ ਕੋਰਟ ਵਿੱਚ ਕਦਮ ਰੱਖਿਆ। ਟਿੰਗਲਿੰਗ 1920 ਦੇ ਦਹਾਕੇ ਵਿੱਚ ਵਿੰਬਲਡਨ ਵਿੱਚ ਕੰਮ ਕਰਦੇ ਸਨ।

ਕੇਰੇਨ ਬੇਨ-ਹੋਰਿਨ ਦੱਸਦੇ ਹਨ, "ਅਮਰੀਕਾ ਵਿੱਚ, ਮੋਰੈਨ ਸ਼ਾਰਟਸ ਪਹਿਨ ਕੇ ਖੇਡਦੇ ਸਨ ਅਤੇ ਉਨ੍ਹਾਂ ਨੂੰ ਭੜਕੀਲੇ ਰੰਗ ਪਸੰਦ ਸਨ।''

ਹਾਲ ਹੀ ਵਿੱਚ, ਕੇਰੇਨ ਦੀ ਨਿਗਰਾਨੀ ਹੇਠ ਟਿੰਗਲਿੰਗ 'ਤੇ ਇੱਕ ਵਿਸ਼ੇਸ਼ ਲੜੀ ਪ੍ਰਕਾਸ਼ਿਤ ਕੀਤੀ ਗਈ ਸੀ।

ਸੁਜ਼ੈਨ ਲੇਂਗਲੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਜ਼ੈਨ ਲੇਂਗਲੇਨ

ਉਹ ਕਹਿੰਦੇ ਹਨ, “ਟਿੰਗਲਿੰਗ ਨੂੰ ਪਤਾ ਸੀ ਕਿ ਵਿੰਬਲਡਨ ਵਿੱਚ ਰੰਗਦਾਰ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਉਨ੍ਹਾਂ ਨੇ ਮੋਰੈਨ ਦੇ ਅੰਡਰਗਾਰਮੈਂਟ ਵਿੱਚ ਇੱਕ ਕਿਨਾਰੀ ਲਗਾ ਦਿੱਤੀ, ਜੋ ਇੱਕ ਵੱਡਾ ਸਕੈਂਡਲ ਬਣ ਗਿਆ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਟਿੰਗਲਿੰਗ ਨੂੰ ਬਰਖਾਸਤ ਕਰ ਦਿੱਤਾ।"

ਕੇਰੇਨ ਦੱਸਦੇ ਹਨ, "ਟਿੰਗਲਿੰਗ ਆਪਣੇ ਮੈਮੇਓਰ (ਇੱਕ ਪ੍ਰਕਾਰ ਦਾ ਯਾਦ ਪੱਤਰ ਜਾਂ ਲੇਖ) ਵਿੱਚ ਲਿਖਦੇ ਹਨ ਕਿ ਉਨ੍ਹਾਂ ਦੀ ਬਰਖਾਸਤਗੀ ਦਾ ਕਾਰਨ ਇਹ ਸਕੈਂਡਲ ਨਹੀਂ, ਬਲਕਿ ਉਨ੍ਹਾਂ ਦਾ ਆਪਣਾ ਰੰਗੀਨ-ਮਿਜਾਜ਼ ਵਿਹਾਰ ਸੀ, ਜਿਸ ਨਾਲ ਆਯੋਜਕ ਨਾਰਾਜ਼ ਹੋ ਗਏ ਸਨ।''

1985 ਵਿੱਚ, ਅਮਰੀਕੀ ਖਿਡਾਰੀ ਐਨ ਵ੍ਹਾਈਟ ਨੇ ਆਪਣੇ ਬਿਲਕੁਲ ਚਿੱਟੇ ਕੈਟਸੂਟ ਨਾਲ ਹੰਗਾਮਾ ਮਚਾ ਦਿੱਤਾ। ਉਨ੍ਹਾਂ ਨੂੰ ਕਹਿਣਾ ਪਿਆ ਸੀ ਕਿ ਉਹ ਇਸ ਨੂੰ ਦੁਬਾਰਾ ਨਾ ਪਹਿਨਣ।

2017 ਵਿੱਚ, ਵੀਨਸ ਵਿਲੀਅਮਸ ਨੂੰ ਗੁਲਾਬੀ ਪੱਟੀਆਂ ਵਾਲੀ ਬ੍ਰਾ ਕਾਰਨ, ਮੀਂਹ ਪੈਣ ਕਰਕੇ ਮੈਚ ਰੋਕੇ ਜਾਣ ਦੌਰਾਨ ਕੱਪੜੇ ਬਦਲਣ ਲਈ ਕਿਹਾ ਗਿਆ ਸੀ।

ਇੱਕ ਸਮੇਂ ਵਿੰਬਲਡਨ ਦਾ ਸਖ਼ਤ ਡਰੈੱਸ ਕੋਡ ਤੋੜਨ ਵਾਲੇ ਐਨ ਵ੍ਹਾਈਟ ਹੁਣ ਕਿਸੇ ਦੂਜੇ ਰੰਗ ਦੇ ਸ਼ਾਰਟਸ ਪਹਿਨਣ ਦੀ ਇਜਾਜ਼ਤ ਦਿੱਤੇ ਜਾਣ ਬਾਰੇ ਕੀ ਸੋਚਦੇ ਹਨ?

ਐਨ ਵ੍ਹਾਈ ਕਹਿੰਦੇ ਹਨ, ''ਇਹ ਸਾਰਾ ਮਾਮਲਾ ਖਿਡਾਰੀ ਦੀ ਡਰੈੱਸ ਅਤੇ ਵਿੰਬਲਡਨ ਬ੍ਰਾਂਡ ਵਿਚਕਾਰ ਰਿਸ਼ਤੇ ਦਾ ਹੈ।''

ਉਹ ਕਹਿੰਦੇ ਹਨ, ''ਵਿੰਬਲਡਨ ਦੇ ਇਹ ਸਾਰੇ ਨਿਯਮ ਹੀ ਤਾਂ ਇਸ ਨੂੰ ਪੇਸ਼ੇਵਰ ਖਿਡਾਰੀਆਂ ਲਈ ਖਾਸ ਅਤੇ ਚੁਣੌਤੀਪੂਰਨ ਟੂਰਨਾਮੈਂਟ ਬਣਾਉਂਦੇ ਹਨ। ਮੈਂ ਤਾਂ ਸਦਮੇ 'ਚ ਹਾਂ ਕਿ ਆਲ ਇੰਗਲੈਂਡ ਕਲੱਬ ਨੇ ਮਹਿਲਾ ਖਿਡਾਰੀਆਂ ਦੇ ਪਹਿਰਾਵੇ ਵਿੱਚ ਕੁਝ ਰੰਗ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੈਂ ਸੋਚ ਰਹੀ ਹਾਂ ਕਿ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)