ਵਿੰਬਲਡਨ: ਪੀਰੀਅਡ, ਮਹਿਲਾ ਖਿਡਾਰੀ ਅਤੇ ਚਿੱਟੇ ਕੱਪੜੇ ਪਾਉਣ ਬਾਰੇ ਤਣਾਅ

ਤਸਵੀਰ ਸਰੋਤ, Reuteres
- ਲੇਖਕ, ਵੰਦਨਾ
- ਰੋਲ, ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ
''ਵਿੰਬਲਡਨ ਖੇਡਦੇ ਹੋਏ ਮਹਿਲਾ ਖਿਡਾਰੀਆਂ ਦਾ ਚਿੱਟੇ ਕੱਪੜੇ ਪਾਉਣਾ ਤੇ ਇਹੀ ਸੋਚਦੇ ਰਹਿਣਾ ਕਿ ਉਨ੍ਹਾਂ ਦੋ ਹਫ਼ਤਿਆਂ ਦੌਰਾਨ ਪੀਰੀਅਡ ਨਾ ਆਉਣ, ਇਹ ਇੱਕ ਵੱਖਰੇ ਕਿਸਮ ਦਾ ਮਾਨਸਿਕ ਤਣਾਅ ਹੈ।''
ਸਾਬਕਾ ਟੈਨਿਸ ਓਲੰਪਿਕ ਚੈਂਪੀਅਨ ਮੋਨਿਕਾ ਪੁਈਗ ਨੇ ਹਾਲ ਹੀ 'ਚ ਇਸ ਬਾਰੇ ਟਵੀਟ ਕਰਕੇ ਇਹ ਮੁੱਦਾ ਚੁੱਕਿਆ ਹੈ।
ਵਿੰਬਲਡਨ ਇੱਕ ਮਹੱਤਵਪੂਰਨ ਮੁਕਾਬਲਾ ਹੈ ਜੋ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਦੇਖਿਆ ਜਾਂਦਾ ਹੈ ਅਤੇ ਇੱਥੇ ਚਿੱਟੇ ਕੱਪੜੇ ਪਹਿਨਣ ਦੀ ਪੁਰਾਣੀ ਪਰੰਪਰਾ ਰਹੀ ਹੈ।
ਵਿੰਬਲਡਨ ਨਿਯਮਾਂ ਦੇ ਅਨੁਸਾਰ, ਇੱਕ ਪਤਲੀ ਜਿਹੀ ਪੱਟੀ ਨੂੰ ਛੱਡ ਕੇ (ਜੋ ਕਿ 1 ਸੈਂਟੀਮੀਟਰ ਤੋਂ ਵੱਧ ਚੌੜੀ ਨਹੀਂ ਹੋ ਸਕਦੀ) ਸਕਰਟ, ਸ਼ਾਰਟਸ ਅਤੇ ਟਰੈਕਸੂਟ ਪੂਰੀ ਤਰ੍ਹਾਂ ਚਿੱਟੇ ਹੋਣੇ ਚਾਹੀਦੇ ਹਨ ਅਤੇ ਚਿੱਟੇ ਦਾ ਮਤਲਬ ਚਿੱਟਾ ਹੈ, ਆਫ਼ ਵ੍ਹਾਈਟ ਜਾਂ ਕਰੀਮ ਨਹੀਂ।
ਮੋਨਿਕਾ ਪੁਇਗ ਦੇ ਇਸ ਟਵੀਟ ਨੇ ਇੱਕ ਵਾਰ ਫਿਰ ਉਹੀ ਬਹਿਸ ਛੇੜ ਦਿੱਤੀ ਹੈ ਕਿ ਕੀ ਟੈਨਿਸ ਅਤੇ ਹੋਰ ਖੇਡਾਂ ਵਿੱਚ ਕੁੱਝ ਨਿਯਮ ਮਹਿਲਾ ਖਿਡਾਰੀਆਂ ਦੇ ਵਿਰੁੱਧ ਹਨ, ਜਿਵੇਂ ਕਿ ਚਿੱਟੇ ਕੱਪੜੇ ਪਹਿਨਣ ਦੀ ਬੰਦਿਸ਼।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਾਬਕਾ ਭਾਰਤੀ ਟੈਨਿਸ ਖਿਡਾਰੀ ਤਾਰੁਕਾ ਸ਼੍ਰੀਵਾਸਤਵ ਦਾ ਕੀ ਕਹਿਣਾ ਹੈ?
ਸੋਚੋ ਕਿ ਇੱਕ ਤਾਂ ਮਹਿਲਾ ਖਿਡਾਰਨਾਂ ਪੀਰੀਅਡਸ ਦੇ ਦੌਰਾਨ ਦਰਦ ਝੱਲ ਰਹੀਆਂ ਹੁੰਦੀਆਂ ਹਨ ਅਤੇ ਉੱਪਰ ਦੀ ਇਹ ਡਰ ਕਿ ਕੀਤੇ ਚਿੱਟੇ ਕੱਪੜਿਆਂ 'ਤੇ ਮਾਹਵਾਰੀ ਦੇ ਦਾਗ ਨਾ ਪੈ ਜਾਣ।
ਕਈ ਮਹਿਲਾ ਟੈਨਿਸ ਖਿਡਾਰਨਾਂ ਇਸ ਗੱਲ ਨੂੰ ਲੈ ਕੇ ਆਵਾਜ਼ ਚੁੱਕ ਰਹੀਆਂ ਹਨ ਕਿ ਪੀਰੀਅਡਸ ਦੌਰਾਨ ਚਿੱਟੇ ਕੱਪੜਿਆਂ 'ਚ ਖੇਡਣਾ ਉਨ੍ਹਾਂ ਨੂੰ ਅਸਹਿਜ ਕਰਦਾ ਹੈ। ਉਨ੍ਹਾਂ ਦਾ ਤਰਕ ਬਿਲਕੁਲ ਸਹੀ ਹੈ।
ਬਹੁਤ ਸਾਰੇ ਲੋਕ ਇਹ ਤਰਕ ਦਿੰਦੇ ਹਨ ਕਿ ਵਿੰਬਲਡਨ ਵਿੱਚ ਚਿੱਟੇ ਕੱਪੜੇ ਪਹਿਨਣਾ ਪਰੰਪਰਾ ਦਾ ਹਿੱਸਾ ਹੈ। ਪਰ ਜੋ ਸਵਾਲ ਸਾਨੂੰ ਪੁੱਛਣਾ ਚਾਹੀਦਾ ਹੈ ਉਹ ਇਹ ਹੈ ਕਿ ਕੀ ਪਰੰਪਰਾ ਕਿਸੇ ਮਹਿਲਾ ਖਿਡਾਰਨ ਦੀ ਸਹਿਜਤਾ ਨਾਲੋਂ ਵੱਡੀ ਹੈ, ਉਹ ਖਿਡਾਰਨ ਜੋ ਕਿ ਕੋਰਟ (ਟੈਨਿਸ ਗਰਾਉਂਡ) 'ਤੇ ਜਾ ਕੇ ਖੇਡ ਰਹੀ ਹੈ।

ਤਸਵੀਰ ਸਰੋਤ, AFP/Getty Images

ਵਿੰਬਲਡਨ ਵਿੱਚ ਡਰੈੱਸ ਕੋਡ
ਖਿਡਾਰੀਆਂ ਲਈ ਚਿੱਟੇ ਕੱਪੜੇ ਪਾਉਣੇ ਲਾਜ਼ਮੀ
ਚਿੱਟੇ ਵਿੱਚ ਆਫ਼ ਵ੍ਹਾਈਟ ਜਾਂ ਕਰੀਮ ਸ਼ਾਮਲ ਨਹੀਂ
ਜੁੱਤੇ, ਜੁਰਾਬਾਂ, ਟੋਪੀ ਸਭ ਚਿੱਟੇ ਹੋਣੇ ਚਾਹੀਦੇ ਹਨ
ਜੇਕਰ ਪਸੀਨੇ ਜਾਂ ਕਿਸੇ ਹੋਰ ਕਾਰਨ ਕਰਕੇ ਅੰਡਰਗਾਰਮੈਂਟ ਦਿੱਸ ਰਹੇ ਹੋਣ ਤਾਂ ਉਨ੍ਹਾਂ ਦਾ ਰੰਗ ਵੀ ਚਿੱਟਾ ਹੋਣਾ ਚਾਹੀਦਾ ਹੈ, ਸਿਵਾਏ ਇੱਕ ਸੈਂਟੀਮੀਟਰ ਦੀ ਪੱਟੀ ਦੇ

ਟੈਨਿਸ ਹੋਵੇ ਜਾਂ ਹੋਰ ਖੇਡਾਂ, ਹੁਣ ਬਹੁਤ ਸਾਰੀਆਂ ਭਾਰਤੀ ਅਤੇ ਅੰਤਰਰਾਸ਼ਟਰੀ ਖਿਡਾਰਨਾਂ ਚਿੱਟੇ ਕੱਪੜਿਆਂ ਨੂੰ ਲੈ ਕੇ ਬਣੇ ਨਿਯਮਾਂ 'ਤੇ ਸਵਾਲ ਪੁੱਛ ਰਹੀਆਂ ਹਨ।
ਸਿੱਕੀ ਰੈੱਡੀ ਇੱਕ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਹਨ ਅਤੇ 2009 ਤੋਂ ਭਾਰਤ ਲਈ ਖੇਡ ਰਹੇ ਹਨ।
ਉਹ ਕਹਿੰਦੇ ਹਨ, "ਕਿਸੇ ਵੀ ਖਿਡਾਰੀ ਲਈ ਚੰਗਾ ਪ੍ਰਦਰਸ਼ਨ ਕਰਨਾ ਹੀ ਸਭ ਤੋਂ ਮਹੱਤਵਪੂਰਨ ਗੱਲ ਹੋਣੀ ਚਾਹੀਦੀ ਹੈ, ਪਰ ਉਹ ਤਾਂ ਹੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਜੇਕਰ ਉਹ ਸਹਿਜ ਮਹਿਸੂਸ ਕਰ ਰਹੀ ਹੋਵੇ।''
''ਉਨ੍ਹਾਂ ਨੂੰ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਹਿਨਣ ਲਈ ਕਹਿਣ ਨਾਲ ਮਹਿਲਾ ਖਿਡਾਰੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਸ 'ਚ ਸਹੀ ਜਾਂ ਗਲਤ ਵਾਲੀ ਕੋਈ ਗੱਲ ਨਹੀਂ ਹੈ। ਇਹ ਨਿੱਜੀ ਪਸੰਦ ਦਾ ਮਾਮਲਾ ਹੈ। ਕਿਸੇ ਨੂੰ ਵੀ ਇਸ ਦੇ ਲਈ ਜੱਜ ਨਹੀਂ ਕੀਤਾ ਜਾਣਾ ਚਾਹੀਦਾ।
ਮੈਂ ਕਿਹੋ ਜਿਹੇ ਕੱਪੜੇ ਪਾਉਂਦੀ ਹਾਂ ਇਹ ਬਾਅਦ ਦੀ ਗੱਲ ਹੈ। ਸਿਰਫ਼ ਮੇਰਾ ਪ੍ਰਦਰਸ਼ਨ ਹੀ ਅਹਿਮ ਹੋਣਾ ਚਾਹੀਦਾ ਹੈ। ਮੈਂ ਜੋ ਵੀ ਪਹਿਨਾਂ, ਉਹ ਅਜਿਹਾ ਪਹਿਰਾਵਾ ਹੋਣਾ ਚਾਹੀਦਾ ਹੈ ਜਿਸ ਵਿੱਚ ਮੈਂ ਆਰਾਮਦਾਇਕ ਮਹਿਸੂਸ ਕਰਦੀ ਹਾਂ ਅਤੇ ਜੋ ਮੈਨੂੰ ਵਧੀਆ ਖੇਡਣ ਵਿੱਚ ਮਦਦ ਕਰੇ।
ਆਪਣੇ ਕੱਪੜਿਆਂ ਲਈ ਜੱਜ ਕੀਤਾ ਜਾਣਾ ਖੇਡ ਤੋਂ ਧਿਆਨ ਤਾਂ ਭਟਕਾਉਂਦਾ ਹੀ ਹੈ, ਇਹ ਬੇਲੋੜਾ ਤਣਾਅ ਹੈ।

ਤਸਵੀਰ ਸਰੋਤ, Getty Images
ਮੈਂ ਸੋਚਿਆ ਸੀ ਕਿ ਗੋਲੀ ਖਾ ਲਵਾਂ ਤਾਂ ਜੋ ਮਹਾਵਾਰੀ ਦੇਰੀ ਨਾਲ ਹੋਵੇ
ਪੀਰੀਅਡਜ਼ ਜਾਂ ਮਹਾਮਾਰੀ ਇੱਕ ਅਜਿਹਾ ਮੁੱਦਾ ਹੈ ਜਿਸ 'ਤੇ ਜ਼ਿਆਦਾਤਰ ਖਿਡਾਰਨਾਂ ਹੁਣ ਤੱਕ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਸਨ ਅਤੇ ਇਹ ਗੱਲ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ੀ ਖਿਡਾਰਨਾਂ 'ਤੇ ਵੀ ਲਾਗੂ ਹੈ।
ਬ੍ਰਿਟੇਨ ਦੀ ਹੈਦਰ ਵਾਟਸਨ, ਮਿਸ਼ਰਤ ਵਰਗ ਵਿੱਚ ਵਿੰਬਲਡਨ ਦੀ ਸਾਬਕਾ ਚੈਂਪੀਅਨ ਰਹਿ ਚੁੱਕੀ ਹੈ। ਬੀਬੀਸੀ ਸਪੋਰਟ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ, "ਮਾਹਵਾਰੀ ਦੇ ਦੌਰਾਨ ਚਿੱਟੇ ਕੱਪੜੇ ਪਹਿਨਣ ਕਾਰਨ ਖਿਡਾਰਨਾਂ ਇਸ ਗੱਲ ਬਾਰੇ ਗੱਲਾਂ ਕਰਦੀਆਂ ਹਨ।''
''ਖਿਡਾਰਨਾਂ ਮੀਡੀਆ ਨਾਲ ਗੱਲ ਨਹੀਂ ਕਰ ਪਾਉਂਦੀਆਂ ਪਰ ਉਹ ਆਪਸ ਵਿੱਚ ਗੱਲਾਂ ਜ਼ਰੂਰ ਕਰਦੀਆਂ ਹਨ। ਪੀਰੀਅਡਜ਼ ਤੋਂ ਬਚਨ ਲਈ ਇੱਕ ਵਾਰ ਤਾਂ ਮੈਂ ਸੋਚਿਆ ਸੀ ਕਿ ਗੋਲ਼ੀ ਖਾ ਲਵਾਂ ਤਾਂ ਜੋ ਵਿੰਬਲਡਨ ਦੇ ਦੌਰਾਨ ਮਹਾਵਾਰੀ ਨਾ ਹੋਵੇ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਮਹਿਲਾ ਖਿਡਾਰੀਆਂ ਵਿੱਚ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ।''

ਵਿੰਬਲਡਨ ਦਾ ਇਤਿਹਾਸ
ਜੁਲਾਈ 1877 ਵਿੱਚ ਪਹਿਲਾ ਮੁਕਾਬਲਾ
ਉਸ ਵੇਲੇ ਔਰਤਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ
1884 ਵਿੱਚ ਮਹਿਲਾ ਸਿੰਗਲਜ਼ ਮੈਚ ਸ਼ੁਰੂ ਹੋਏ
ਮੌਡ ਵਾਟਸਨ, ਆਪਣੀ ਭੈਣ ਨੂੰ ਹਰਾ ਕੇ ਪਹਿਲੀ ਮਹਿਲਾ ਚੈਂਪੀਅਨ ਬਣੀ
1913 ਵਿੱਚ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਦੀ ਸ਼ੁਰੂਆਤ

ਔਰਤਾਂ ਲਈ ਟਾਇਲਟ ਬਰੇਕ
ਚਿੱਟੇ ਕੱਪੜੇ ਅਤੇ ਪੀਰੀਅਡਜ਼ 'ਚ ਦਾਗ ਲੱਗਣ ਦਾ ਡਰ ਹੀ ਇਕਲੌਤਾ ਮੁੱਦਾ ਨਹੀਂ ਹੈ, ਮਹਿਲਾ ਖਿਡਾਰਨਾਂ ਨਾਲ ਜੁੜੇ ਹੋਰ ਮੁੱਦਿਆਂ 'ਤੇ ਵੀ ਬਹਿਸ ਹੋ ਰਹੀ ਹੈ।
ਵਿੰਬਲਡਨ ਵਰਗੇ ਕਿਸੇ ਵੀ ਖੇਡ ਮੁਕਾਬਲੇ ਵਿੱਚ ਮੈਚ ਦੌਰਾਨ ਟਾਇਲਟ ਬ੍ਰੇਕ ਲੈਣਾ ਉਂਝ ਤਾਂ ਆਮ ਜਿਹੀ ਗੱਲ ਹੈ, ਪਰ ਕਈ ਮਹਿਲਾ ਖਿਡਾਰਨਾਂ ਦਾ ਕਹਿਣਾ ਹੈ ਕਿ ਪੁਰਸ਼ ਅਤੇ ਮਹਿਲਾ ਖਿਡਾਰੀਆਂ ਲਈ ਨਿਯਮ ਇੱਕੋ ਜਿਹੇ ਨਹੀਂ ਹੋ ਸਕਦੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਅਸਰ ਪੈਂਦਾ ਹੈ।
ਉਂਝ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਚਾਹੇ ਪੁਰਸ਼ ਹੋਣ ਜਾਂ ਔਰਤਾਂ, ਟੈਨਿਸ ਗ੍ਰੈਂਡ ਸਲੈਮ ਮੈਚਾਂ ਵਿੱਚ ਟਾਇਲਟ ਬਰੇਕ ਹੋਰ ਵੀ ਘੱਟ ਕਰ ਦਿੱਤੇ ਜਾਣੇ ਚਾਹੀਦੇ ਹਨ। ਤਰਕ ਇਹ ਹੈ ਕਿ ਇਸ ਬਰੇਕ ਨੂੰ ਖਿਡਾਰੀ ਆਪਣੇ ਲਈ ਵਾਧੂ ਸਮਾਂ ਪਾਉਣ ਲਈ ਇੱਕ ਪੈਂਤਰੇ ਵਜੋਂ ਇਸਤੇਮਾਲ ਕਰਦੇ ਹਨ।
ਪਰ ਇੱਕ ਮਹਿਲਾ ਟੈਨਿਸ ਖਿਡਾਰਨ ਹੋਣ ਦੇ ਨਾਤੇ ਤਾਰੁਕਾ ਦੀ ਰਾਏ ਵੱਖਰੀ ਹੈ।
ਉਹ ਕਹਿੰਦੇ ਹਨ, "ਮੰਨ ਲਓ ਕਿ ਕਿਸੇ ਮਹਿਲਾ ਖਿਡਾਰਨ ਦੀ ਮਾਹਵਾਰੀ ਦਾ ਪਹਿਲਾ ਦਿਨ ਹੈ ਅਤੇ ਉਹ ਇੱਕ ਮੈਚ ਖੇਡ ਰਹੀ ਹੈ। ਆਪਣਾ ਸੈਨੇਟਰੀ ਪੈਡ ਬਦਲਣ ਲਈ ਪੂਰੇ ਸੈੱਟ (ਮੈਚ ਦਾ ਇੱਕ ਹਿੱਸਾ) ਖ਼ਤਮ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਿਉਂਕਿ ਟਾਇਲਟ ਬਰੇਕ ਤਾਂ ਸੀਮਿਤ ਹੁੰਦੇ ਹਨ।''
''ਮਹਿਲਾ ਖਿਡਾਰਨਾਂ ਇਹ ਬਹੁਤ ਹੀ ਮਾੜੀ ਸਥਿਤੀ ਬਣ ਜਾਂਦੀ ਹੈ। ਔਰਤਾਂ ਦੀਆਂ ਜ਼ਰੂਰਤਾਂ ਪੁਰਸ਼ ਖਿਡਾਰੀਆਂ ਤੋਂ ਵੱਖ ਹੁੰਦੀਆਂ ਹਨ। ਵਿੰਬਲਡਨ ਦੇ ਨਿਯਮਾਂ 'ਚ ਬਦਲਾਅ ਦੀ ਲੋੜ ਹੈ।''
ਇਹ ਵੀ ਪੜ੍ਹੋ:
ਮਹਿਲਾ ਖਿਡਾਰੀਆਂ ਦੀਆਂ ਜ਼ਰੂਰਤਾਂ ਪੁਰਸ਼ਾਂ ਨਾਲੋਂ ਵੱਖ
ਨਿਯਮਾਂ ਦੇ ਅਨੁਸਾਰ, ਮੈਚ ਦੇ ਦੌਰਾਨ ਇੱਕ ਮਹਿਲਾ ਖਿਡਾਰਨ ਕੋਲ ਤਿੰਨ ਮਿੰਟ ਤੱਕ ਦਾ ਟਾਇਲਟ ਬ੍ਰੇਕ ਲੈਣ ਦਾ ਸਿਰਫ ਇੱਕ ਮੌਕਾ ਹੁੰਦਾ ਹੈ - ਜਾਂ ਫਿਰ ਜੇ ਉਸ ਨੇ ਪੈਡ ਜਾਂ ਕੱਪੜੇ ਬਦਲਣੇ ਹੋਣ ਤਾਂ ਪੰਜ ਮਿੰਟ ਤੱਕ ਦਾ ਬ੍ਰੇਕ।
ਗਰੈਂਡ ਸਲੈਮ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਮਹਿਲਾ ਖਿਡਾਰੀ ਜ਼ਿਆਦਾ ਸਮਾਂ ਲੈਂਦੀ ਹੈ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ।
ਮੰਨ ਲਓ ਕਿ ਜੇਕਰ ਕੋਈ ਮਹਿਲਾ ਖਿਡਾਰਨ ਪੀਰੀਅਡਜ਼ ਕਾਰਨ ਅੰਪਾਇਰ ਤੋਂ ਇੱਕ ਹੋਰ (ਦੂਜੇ) ਟਾਇਲਟ ਬ੍ਰੇਕ ਲਈ ਇਜਾਜ਼ਤ ਲੈਂਦੀ ਹੈ, ਤਾਂ ਉਸ ਨੂੰ ਅਜਿਹਾ ਸਭ ਦੇ ਸਾਹਮਣੇ ਕਰਨਾ ਪੈਂਦਾ ਹੈ, ਅੰਪਾਇਰ ਦਾ ਮਾਈਕ੍ਰੋਫੋਨ ਚਾਲੂ ਹੋਵੇ ਜਾਂ ਕੈਮਰਾ ਚੱਲ ਰਿਹਾ ਹੋਵੇ।
ਇੱਕ ਮਹਿਲਾ ਖਿਡਾਰੀ ਸ਼ਾਇਦ ਸਾਰਿਆਂ ਦੇ ਸਾਹਮਣੇ ਗੱਲ ਕਰਨ ਵਿੱਚ ਸਹਿਜ ਮਹਿਸੂਸ ਨਾ ਕਰੇ।

ਤਸਵੀਰ ਸਰੋਤ, Getty Images
'ਕਾਸ਼! ਸਿਰਫ਼ ਟੈਨਿਸ ਕੋਰਟ 'ਤੇ ਮੈਂ ਪੁਰਸ਼ ਹੁੰਦੀ'
ਡਰੈਸ ਕੋਡ ਅਤੇ ਬਰੇਕ ਵਰਗੇ ਮੁੱਦਿਆਂ ਤੋਂ ਇਲਾਵਾ ਵੀ ਵੱਖ-ਵੱਖ ਖੇਡਾਂ ਦੀਆਂ ਮਹਿਲਾ ਖਿਡਾਰਨਾਂ ਇਸ ਬਾਰੇ ਗੱਲ ਕਰ ਰਹੀਆਂ ਹਨ ਕਿ ਪੀਰੀਅਡਜ਼ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।
2022 ਫ੍ਰੈਂਚ ਓਪਨ ਦੇ ਮਹੱਤਵਪੂਰਨ ਮੈਚ ਵਿੱਚ 19 ਸਾਲਾ ਟੈਨਿਸ ਖਿਡਾਰੀ ਯਾਂਗ ਚਿਨਵਿਨ ਦਾ ਮੈਚ ਸ਼ਾਇਦ ਲੋਕਾਂ ਨੂੰ ਯਾਦ ਹੋਵੇਗਾ। ਦੁਨੀਆ ਦੀ ਨੰਬਰ ਇੱਕ ਖਿਡਾਰਨ ਦੇ ਖ਼ਿਲਾਫ਼ ਮੈਚ ਦੌਰਾਨ ਉਨ੍ਹਾਂ ਨੂੰ ਕ੍ਰੈਮਪਸ (ਮਰੋੜ) ਉੱਠ ਗਏ।
ਦਰਦ ਨਾਲ ਪੀੜਤ ਯਾਂਗ ਚਿਨਵਿਨ ਨੇ ਹਾਰਨ ਤੋਂ ਬਾਅਦ ਦੱਸਿਆ ਸੀ ਕਿ ਇਹ ਮਰੋੜ ਉਨ੍ਹਾਂ ਨੂੰ ਮਾਹਵਾਰੀ ਕਾਰਨ ਹੋਏ ਸਨ।
'ਕਾਸ਼ ਸਿਰਫ਼ ਟੈਨਿਸ ਕੋਰਟ 'ਤੇ ਮੈਂ ਪੁਰਸ਼ ਹੁੰਦੀ', ਮੈਚ ਤੋਂ ਬਾਅਦ ਦਿੱਤਾ ਯੇਂਗ ਚਿਨਵਿਨ ਦਾ ਇਹ ਬਿਆਨ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ।
ਨਾਲੇ ਸਿਰਫ਼ ਟੈਨਿਸ ਹੀ ਨਹੀਂ, ਉਹ ਖੇਡ 'ਚ ਮਹਿਲਾ ਖਿਡਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵੇਟਲਿਫਟਰ ਮੀਰਾਬਾਈ ਚਾਨੂ ਨੇ ਪਿਛਲੇ ਸਾਲ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ 2021 ਵਿੱਚ ਉਹ ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਵੀ ਚੁਣੀ ਗਈ ਸੀ।
ਮੈਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੀਰਾਬਾਈ ਨੇ ਦੱਸਿਆ ਸੀ ਕਿ ਓਲੰਪਿਕ ਮੈਚ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਪੀਰੀਅਡਜ਼ ਸ਼ੁਰੂ ਹੋ ਗਏ ਸਨ ਅਤੇ ਕਿਵੇਂ ਉਨ੍ਹਾਂ ਨੇ ਉਸ ਵੱਡੇ ਓਲੰਪਿਕ ਮੈਚ ਲਈ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰ ਕੀਤਾ ਸੀ।

ਤਸਵੀਰ ਸਰੋਤ, Getty Images
ਕੀ ਪਰੰਪਰਾ ਮਹਿਲਾ ਖਿਡਾਰੀ ਦੇ ਆਰਾਮ ਤੋਂ ਵੱਡੀ ਹੈ?
'ਦਿ ਟੈਲੀਗ੍ਰਾਫ' ਅਖ਼ਬਾਰ ਨੇ ਪਿਛਲੇ ਸਾਲ ਭਾਰਤ-ਇੰਗਲੈਂਡ ਮਹਿਲਾ ਕ੍ਰਿਕਟ ਸੀਰੀਜ਼ 'ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।
ਰਿਪੋਰਟ ਮੁਤਾਬਕ, "ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਇਸ ਮੈਚ 'ਚ ਇੰਗਲੈਂਡ ਦੀ ਟੈਸਟ ਟੀਮ ਦੀਆਂ ਲਗਭਗ ਅੱਧੀਆਂ ਖਿਡਾਰਨਾਂ ਦੀ ਮਾਹਵਾਰੀ ਚੱਲ ਰਹੀ ਸੀ ਅਤੇ ਇੱਕ ਭਾਰਤੀ ਖਿਡਾਰਨ ਦੀ ਵੀ।''
''ਇੰਗਲੈਂਡ ਦੀ ਖਿਡਾਰਨ ਟੈਮੀ ਬਿਊਮੋਂਟ ਦੇ ਪੀਰੀਅਡ ਦਾ ਪਹਿਲਾ ਦਿਨ ਸੀ। ਉਨ੍ਹਾਂ ਨੂੰ ਇਸੇ ਗੱਲ ਦਾ ਡਰ ਸੀ ਕਿ ਟੈਸਟ ਮੈਚ ਲਈ ਪਹਿਨੇ ਰਵਾਇਤੀ ਚਿੱਟੇ ਕੱਪੜਿਆਂ 'ਤੇ ਕਿਤੇ ਦਾਗ ਨਾ ਪੈ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਵਾਰ-ਵਾਰ ਟਾਇਲਟ ਜਾਣਾ ਪਿਆ ਤਾਂ ਇਹ ਕਿਵੇਂ ਹੋਵੇਗਾ।''
''ਜੇ ਟੀਵੀ 'ਤੇ ਲਾਈਵ ਕਵਰੇਜ ਦੌਰਾਨ ਉਨ੍ਹਾਂ ਦੇ ਕੱਪੜਿਆਂ 'ਤੇ ਦਾਗ ਪੈ ਗਿਆ ਤਾਂ ਫਿਰ। ਸੱਤ ਸਾਲ 'ਚ ਆਪਣੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇਹ ਸਭ ਤਾਂ ਨਹੀਂ ਸੋਚਣਾ ਚਾਹੁੰਦੀ ਸੀ।''
ਬੀਬੀਸੀ ਦੇ ਮਹਿਲਾ ਖੇਡ ਸਰਵੇਖਣ 2020 ਦੇ ਅਨੁਸਾਰ, 60 ਫੀਸਦੀ ਖਿਡਾਰਨਾਂ ਨੇ ਕਿਹਾ ਸੀ ਕਿ ਪੀਰੀਅਡਜ਼ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਹੈ ਅਤੇ 40 ਫੀਸਦੀ ਖਿਡਾਰਨਾਂ ਇਸ ਬਾਰੇ ਆਪਣੇ ਕੋਚ ਨਾਲ ਗੱਲ ਨਹੀਂ ਕਰ ਪਾਉਂਦੀਆਂ।
ਖੇਡ ਨਾਲ ਜੁੜੀਆਂ ਕੰਪਨੀਆਂ ਕੀ ਕਰ ਰਹੀਆਂ ਹਨ?
ਹਾਲਾਂਕਿ ਖੇਡ ਨਾਲ ਜੁੜੀਆਂ ਕੁਝ ਕੰਪਨੀਆਂ ਇਸ 'ਤੇ ਕੰਮ ਕਰ ਰਹੀਆਂ ਹਨ। ਐਡੀਡਾਸ ਦੀ ਸਾਈਟ 'ਤੇ ਖਿਡਾਰੀਆਂ ਲਈ ਪੀਰੀਅਡ-ਪਰੂਫ਼ ਕੱਪੜੇ ਉਪਲੱਬਧ ਹਨ।

ਤਸਵੀਰ ਸਰੋਤ, AFP
ਸਾਈਟ 'ਤੇ ਲਿਖੀ ਜਾਣਕਾਰੀ ਅਨੁਸਾਰ, ਅਜਿਹੇ ਕੱਪੜਿਆਂ 'ਚ ਐਬਸੋਰਬੈਂਟ ਲੇਅਰ ਅਤੇ ਲੀਕਪਰੂਫ਼ ਮੇਂਬਰੇਨ ਦਾ ਇਸਤੇਮਾਲ ਹੁੰਦਾ ਹੈ ਤਾਂ ਜੋ ਲੀਕੇਜ ਨਾ ਹੋਵੇ।
ਬੀਬੀਸੀ ਸਪੋਰਟਸ ਨਾਲ ਗੱਲਬਾਤ ਵਿੱਚ ਐਡੀਡਾਸ ਨੇ ਦੱਸਿਆ ਕਿ ਉਹ ਔਰਤਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਉਤਪਾਦ ਬਣਾ ਰਹੀ ਹੈ।
ਵਿੰਬਲਡਨ ਦਾ ਬਿਆਨ
ਵਿੰਬਲਡਨ ਦੀ ਹੀ ਗੱਲ ਕਰੀਏ ਤਾਂ ਮਹਿਲਾ ਖਿਡਾਰਨਾਂ ਦੇ ਬਹੁਤ ਸਾਰੇ ਮੁੱਦੇ ਹਨ ਪਰ ਸਾਰੀਆਂ ਖਿਡਾਰਨਾਂ ਖੁੱਲ੍ਹ ਕੇ ਗੱਲ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਦੀਆਂ।
ਕੁੱਝ ਇਸ ਲਈ ਕਿਉਂਕਿ ਸਮਾਜ ਦੇ ਬਹੁਤ ਸਾਰੇ ਵਰਗਾਂ ਵਿੱਚ ਪੀਰੀਅਡਜ਼ ਵਰਗੇ ਮੁੱਦੇ ਅਜੇ ਵੀ ਚਰਚਾ ਦੇ ਦਾਇਰੇ ਤੋਂ ਬਾਹਰ ਹਨ ਅਤੇ ਕੁੱਝ ਇਸ ਲਈ ਕਿਉਂਕਿ ਉਨ੍ਹਾਂ 'ਤੇ ਪੀਰੀਅਡਜ਼ ਦਾ ਬਹਾਨਾ ਬਣਾਉਣ ਦਾ ਇਲਜ਼ਾਮ ਨਾ ਲੱਗ ਜਾਵੇ।
ਹਾਲਾਂਕਿ, ਵਿੰਬਲਡਨ ਨੇ ਆਪਣੀ ਤਰਫੋਂ ਬਿਆਨ ਦਿੰਦੇ ਹੋਏ ਕਿਹਾ ਹੈ, "ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਔਰਤਾਂ ਦੀ ਸਿਹਤ ਨੂੰ ਪਹਿਲ ਦਿੱਤੀ ਜਾਵੇ ਅਤੇ ਮਹਿਲਾ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਦੇ ਹਿਸਾਬ ਨਾਲ ਸਹੂਲਤਾਂ ਦਿੱਤੀਆਂ ਜਾਣ।''
''ਵਿੰਬਲਡਨ ਵਿੱਚ ਖੇਡ ਰਹੇ ਖਿਡਾਰੀਆਂ ਦੀ ਸਿਹਤ ਦਾ ਖਿਆਲ ਰੱਖਣਾ ਅਤੇ ਦੇਖਭਾਲ ਕਰਨਾ ਸਾਡੇ ਲਈ ਅਹਿਮ ਹੈ।"
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਟੈਨਿਸ ਖੇਡ ਚੁੱਕੇ ਤਾਰੁਕਾ ਸ਼੍ਰੀਵਾਸਤਵ ਨੇ ਇਸ ਸਾਰੀ ਬਹਿਸ ਨੂੰ ਕੁੱਝ ਇਸ ਤਰ੍ਹਾਂ ਸਮੇਟਿਆ, ''ਬਹੁਤ ਸਾਰੇ ਲੋਕਾਂ ਦਾ ਤਰਕ ਇਹ ਕਿ ਵਿੰਬਲਡਨ 'ਚ ਚਿੱਟੇ ਕੱਪੜੇ ਪਾਉਣਾ ਪਰੰਪਰਾ ਦਾ ਹਿੱਸਾ ਹੈ ਪਰ ਸਾਨੂੰ ਜੋ ਸਵਾਲ ਪੁੱਛਣਾ ਚਾਹੀਦਾ ਹੈ ਉਹ ਇਹ ਹੈ ਕਿ ਕੀ ਪਰੰਪਰਾ ਇੱਕ ਮਹਿਲਾ ਖਿਡਾਰੀ ਦੇ ਆਰਾਮ ਤੋਂ ਵੱਡੀ ਹੈ, ਉਹ ਖਿਡਾਰੀ ਜੋ ਕੋਰਟ 'ਤੇ ਖੇਡ ਰਹੀ ਹੈ।
(ਤਾਰੁਕਾ ਸ਼੍ਰੀਵਾਸਤਵ ਦੇ ਇਨਪੁਟਸ ਨਾਲ)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












