ਵਿਸ਼ਵ ਕ੍ਰਿਕਟ ਕੱਪ: ਅਰਸ਼ਦੀਪ ਭਾਰਤੀ ਟੀਮ ਲਈ ਕਿਵੇਂ ਸਾਬਿਤ ਹੋ ਸਕਦਾ ਹੈ ‘ਹੁਕਮ ਦਾ ਇੱਕਾ’

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਸ਼ਦੀਪ ਸਿੰਘ ਅਤੇ ਰੋਹਿਤ ਸ਼ਰਮਾ
    • ਲੇਖਕ, ਵਿਧਾਂਸ਼ੂ ਕੁਮਾਰ
    • ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ

2011 ਦੇ ਵਿਸ਼ਵ ਕੱਪ ਦੇ ਸਭ ਤੋਂ ਯਾਦਗਾਰ ਪਲਾਂ ਵਿੱਚੋਂ ਇੱਕ ਸੀ, ਜਦੋਂ ਟਰਾਫ਼ੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੇ ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਮੈਦਾਨ ਦਾ ਚੱਕਰ ਲਗਾਇਆ।

ਦੋ ਦਹਾਕਿਆਂ ਤੋਂ ਭਾਰਤੀ ਕ੍ਰਿਕਟ ਦੇ ਦਿੱਗਜ ਰਹੇ ਸਚਿਨ ਤੇਂਦੁਲਕਰ ਕੋਲ ਵਿਸ਼ਵ ਕੱਪ ਨੂੰ ਛੱਡ ਕੇ ਸਾਰੀਆਂ ਟਰਾਫੀਆਂ ਸਨ।

ਇਸ ਲਈ ਜਦੋਂ ਉਨ੍ਹਾਂ ਨੂੰ ਆਪਣੇ ਆਖ਼ਰੀ ਵਿਸ਼ਵ ਕੱਪ ਟੂਰਨਾਮੈਂਟ 'ਤੇ ਵਿਸ਼ਵ ਕੱਪ ਦਾ ਤੋਹਫਾ ਮਿਲਿਆ ਤਾਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ।

ਹੱਥਾਂ 'ਚ ਭਾਰਤੀ ਤਿਰੰਗਾ ਅਤੇ ਮੋਢਿਆਂ 'ਤੇ ਸਚਿਨ ਨੂੰ ਲੈ ਕੇ ਜਿਸ ਖਿਡਾਰੀ ਨੇ ਮੈਦਾਨ ਦਾ ਵੱਧ ਤੋਂ ਵੱਧ ਹਿੱਸਾ ਪੂਰਾ ਕੀਤਾ, ਉਹ ਕੋਈ ਹੋਰ ਨਹੀਂ ਸਗੋਂ ਨੌਜਵਾਨ ਖਿਡਾਰੀ ਵਿਰਾਟ ਕੋਹਲੀ ਹੀ ਸਨ।

2011 ਦੀ ਵਿਸ਼ਵ ਕੱਪ ਜੇਤੂ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2011 ਦੀ ਵਿਸ਼ਵ ਕੱਪ ਜੇਤੂ ਟੀਮ

ਜਦੋਂ ਕੁਮੈਂਟੇਟਰ ਨਾਸਿਰ ਹੁਸੈਨ ਨੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਵਿਰਾਟ ਨੇ ਜਵਾਬ ਦਿੱਤਾ ਕਿ ਦਹਾਕਿਆਂ ਤੋਂ ਸਚਿਨ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕ ਰਹੇ ਸਨ, ਅੱਜ ਭਾਰਤੀ ਕ੍ਰਿਕਟ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਹੈ।

ਇੱਕ ਮਹਾਨ ਖਿਡਾਰੀ ਨੂੰ ਦੂਜੇ ਮਹਾਨ ਖਿਡਰੀ ਤੋਂ ਇਸ ਤੋਂ ਵਧੀਆ ਸਨਮਾਨ ਸ਼ਾਇਦ ਹੀ ਮਿਲ ਸਕਦਾ ਸੀ।

ਹੁਣ ਘੜੀ ਦੀ ਸੂਈ ਪੂਰੀ ਘੁੰਮ ਚੁੱਕੀ ਹੈ। ਵਿਰਾਟ ਕੋਹਲੀ ਖੁਦ ਆਪਣੇ ਕਰੀਅਰ ਦੇ ਉਸ ਮੁਕਾਮ 'ਤੇ ਖੜ੍ਹੇ ਹਨ, ਜਿੱਥੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਭਾਰਤ 'ਚ ਹੀ ਖੇਡਿਆ ਵਾਲਾ ਵੰਨਡੇ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ।

ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸਚਿਨ ਤੇਂਦੁਲਕਰ ਨੇ ਆਪਣੇ ਛੇਵੇਂ ਅਤੇ ਆਖਰੀ ਵਿਸ਼ਵ ਕੱਪ 'ਚ ਟਰਾਫੀ ਜਿੱਤੀ ਸੀ, ਕੀ ਮੌਜੂਦਾ ਭਾਰਤੀ ਟੀਮ ਕੋਹਲੀ ਨੂੰ ਇਸੇ ਤਰ੍ਹਾਂ ਦਾ ਤੋਹਫ਼ਾ ਦੇਣ 'ਚ ਸਮਰੱਥ ਹੈ।

ਸਹਿਵਾਗ ਨੂੰ ਹੈ ਭਰੋਸਾ

ਸਚਿਨ ਅਤੇ ਸਹਿਵਾਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਚਿਨ ਅਤੇ ਸਹਿਵਾਗ

ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਹਾਲ ਹੀ 'ਚ ਇਕ ਸਮਾਗਮ 'ਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ 2011 ਦੀ ਟੀਮ ਨੇ ਸਚਿਨ ਲਈ ਵਿਸ਼ਵ ਕੱਪ ਖੇਡਿਆ ਸੀ, ਮੌਜੂਦਾ ਟੀਮ ਵੀ ਉਸੇ ਤਰ੍ਹਾਂ ਦਾ ਜਜ਼ਬਾ ਦਿਖਾਵੇਗੀ।

ਉਨ੍ਹਾਂ ਕਿਹਾ, ''ਅਸੀਂ 2011 ਦਾ ਵਿਸ਼ਵ ਕੱਪ ਤੇਂਦੁਲਕਰ ਲਈ ਖੇਡਿਆ ਸੀ। ਜੇਕਰ ਅਸੀਂ ਵਿਸ਼ਵ ਕੱਪ ਜਿੱਤ ਲਿਆ ਹੁੰਦਾ, ਤਾਂ ਇਹ ਸਚਿਨ ਭਾਜੀ ਲਈ ਸ਼ਾਨਦਾਰ ਵਿਦਾਈ ਹੁੰਦੀ। ਵਿਰਾਟ ਕੋਹਲੀ ਹੁਣ ਉਸੇ ਮੁਕਾਮ 'ਤੇ ਹਨ, ਭਾਰਤੀ ਟੀਮ ਦਾ ਹਰ ਖਿਡਾਰੀ ਉਨ੍ਹਾਂ ਲਈ ਵਿਸ਼ਵ ਕੱਪ ਜਿੱਤਣਾ ਚਾਹੇਗਾ।

ਸਹਿਵਾਗ ਨੇ ਕਿਹਾ, ''ਕੋਹਲੀ ਖੁਦ ਹਮੇਸ਼ਾ 100 ਫੀਸਦੀ ਤੋਂ ਜ਼ਿਆਦਾ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਦੀ ਵੀ ਇਸ ਵਿਸ਼ਵ ਕੱਪ 'ਤੇ ਨਜ਼ਰ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਗਭਗ 100,000 ਲੋਕ ਤੁਹਾਨੂੰ ਖੇਡਦੇ ਹੋਏ ਦੇਖਣ ਲਈ ਆਉਣਗੇ, ਵਿਰਾਟ ਜਾਣਦੇ ਹਨ ਕਿ ਪਿੱਚਾਂ ਦਾ ਵਿਵਹਾਰ ਕਿਵੇਂ ਰਹੇਗਾ। ਮੈਨੂੰ ਯਕੀਨ ਹੈ ਕਿ ਖ਼ੂਬ ਦੌੜਾਂ ਬਣਾਉਣਗੇ ਅਤੇ ਭਾਰਤ ਲਈ ਕੱਪ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੇ।''

ਪਰ ਆਉਣ ਵਾਲੇ ਵਿਸ਼ਵ ਕੱਪ ਲਈ ਮਜ਼ਬੂਤ ਦਾਅਵੇਦਾਰ ਬਣਨ ਲਈ ਭਾਰਤੀ ਟੀਮ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਖੱਬੇ ਹੱਥ ਦੇ ਬੱਲੇਬਾਜ਼ ਦੀ ਤਲਾਸ਼

ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ

ਭਾਰਤੀ ਟੀਮ ਦੀ ਵਿਸ਼ਵ ਕੱਪ ਦੀ ਦਾਅਵੇਦਾਰੀ 'ਤੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਰੋਹਿਤ ਸ਼ਰਮਾ ਦੀ ਟੀਮ ਦੀ ਵੱਡੀ ਕਮਜ਼ੋਰੀ ਦੱਸੀ ਹੈ।

ਸ਼ਾਸਤਰੀ ਮੁਤਾਬਕ, ਭਾਰਤੀ ਟੌਪ ਆਰਡਰ ਵਿੱਚ ਕਿਸੇ ਵੀ ਖੱਬੇ ਹੱਥ ਦੇ ਬੱਲੇਬਾਜ਼ ਦੇ ਨਾ ਹੋਣ ਕਾਰਨ ਟੀਮ ਦੇ ਸੰਤੁਲਨ ਵਿੱਚ ਸਮੱਸਿਆ ਆਉਂਦੀ ਹੈ।

2011 ਦੀ ਵਿਸ਼ਵ ਕੱਪ ਜੇਤੂ ਟੀਮ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਸ ਟੀਮ 'ਚ ਗੌਤਮ ਗੰਭੀਰ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵਰਗੇ ਖੱਬੇ ਹੱਥ ਦੇ ਤਜਰਬੇਕਾਰ ਬੱਲੇਬਾਜ਼ ਸਨ।

ਇਸ ਕਾਰਨ ਟੀਮ ਦੀ ਬੱਲੇਬਾਜ਼ੀ ਲਾਈਨਅੱਪ ਵਿੱਚ ਸੱਜੇ-ਖੱਬੇ ਹੱਥ ਦੇ ਬੱਲੇਬਾਜ਼ਾਂ ਦਾ ਚੰਗਾ ਮਿਸ਼ਰਣ ਸੀ।

ਖੱਬੇ-ਸੱਜੇ ਸੁਮੇਲ ਕਾਰਨ ਗੇਂਦਬਾਜ਼ਾਂ ਨੂੰ ਆਪਣੀ ਲਾਈਨ ਅਤੇ ਲੈਂਥ ਨੂੰ ਲਗਾਤਾਰ ਬਦਲਣ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ, ਹਰ ਦੌੜ ਦੇ ਨਾਲ ਫੀਲਡਿੰਗ ਤੈਨਾਤੀ ਨੂੰ ਵੀ ਬਦਲਣਾ ਪੈਂਦਾ ਹੈ।

ਜੇਕਰ ਆਸਟ੍ਰੇਲੀਆ ਦੀਆਂ ਜੇਤੂ ਟੀਮਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਬੱਲੇਬਾਜ਼ੀ ਕ੍ਰਮ ਦੇ ਪਹਿਲੇ ਛੇ 'ਚ ਦੋ ਜਾਂ ਤਿੰਨ ਖੱਬੇ ਹੱਥ ਦੇ ਬੱਲੇਬਾਜ਼ ਜ਼ਰੂਰ ਸਨ।

ਸ਼ਾਸਤਰੀ ਮੁਤਾਬਕ, ਇਸ ਫਾਰਮੂਲੇ ਨੂੰ ਅਜ਼ਮਾਉਂਦੇ ਹੋਏ ਟੀਮ ਇੰਡੀਆ ਨੂੰ ਓਪਨਿੰਗ ਜੋੜੀ 'ਚ ਵੀ ਬਦਲਾਅ ਕਰਨੇ ਚਾਹੀਦੇ ਹਨ।

ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਓਪਨਿੰਗ ਕਰਨ ਦੀ ਬਜਾਏ, ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਥਾਂ ਖੱਬੇ ਹੱਥ ਦੇ ਬੱਲੇਬਾਜ਼ ਨੂੰ ਖੇਡਣਾ ਚਾਹੀਦਾ ਹੈ।

ਲਾਈਨ

ਇਨ੍ਹਾਂ ਖਿਡਾਰੀਆਂ ਨੂੰ ਮਿਲੇ ਮੌਕਾ

ਯਸ਼ਸਵੀ ਜੈਸਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯਸ਼ਸਵੀ ਜੈਸਵਾਲ

ਪਰ ਸਮੱਸਿਆ ਇਹ ਹੈ ਕਿ ਭਾਰਤੀ ਕ੍ਰਿਕਟ ਵਿੱਚ ਖੱਬੇ ਹੱਥ ਦੇ ਬੱਲੇਬਾਜ਼ਾਂ ਦਾ ਸੋਕਾ ਜਿਹਾ ਪਿਆ ਹੋਇਆ ਹੈ।

ਜੇਕਰ ਚੋਣਕਾਰ ਥੋੜ੍ਹਾ ਹਟ ਕੇ ਸੋਚਦੇ ਹਨ ਤਾਂ ਹੋ ਸਕਦਾ ਹੈ ਕਿ ਰਿਸ਼ਭ ਪੰਤ ਨੂੰ ਟੌਪ 3 ਜਾਂ ਓਪਨਿੰਗ ਵਿੱਚ ਹੀ ਅਜ਼ਮਾਇਆ ਜਾ ਸਕਦਾ ਹੈ।

ਪਰ ਕਾਰ ਹਾਦਸੇ ਤੋਂ ਬਾਅਦ ਉਹ ਅਜੇ ਦੁਬਾਰਾ ਨਹੀਂ ਖੇਡ ਸਕੇ ਹਨ ਅਤੇ ਅਕਤੂਬਰ ਤੋਂ ਪਹਿਲਾਂ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।

ਦੋ ਖੱਬੇ ਹੱਥ ਦੇ ਆਲਰਾਊਂਡਰ - ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਕੋਲ ਟੌਪ ਆਰਡਰ ਵਿੱਚ ਬੱਲੇਬਾਜ਼ੀ ਦਾ ਤਜਰਬਾ ਨਹੀਂ ਹੈ।

ਚੋਣਕਾਰਾਂ ਨੂੰ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦੇਖਣਾ ਹੋਵੇਗਾ ਅਤੇ ਉਨ੍ਹਾਂ ਕੋਲ ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਵਰਗੇ ਖਿਡਾਰੀ ਦਿਖਾਈ ਦੇਣਗੇ।

ਇਹ ਤਿੰਨੋਂ ਬਹੁਤ ਪ੍ਰਤਿਭਾਸ਼ਾਲੀ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਟੀਮ ਨਵੀਂ ਜਾਨ ਪਾਉਣ ਲਈ ਇਨ੍ਹਾਂ ਨੂੰ ਵਿਸ਼ਵ ਕੱਪ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਆਉਣ ਵਾਲਿਆਂ ਸੀਰੀਜ਼ਾਂ 'ਚ ਇਨ੍ਹਾਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਸ਼ਾਸਤਰੀ ਦੇ ਟੌਪ ਦੇ 6 'ਚ ਘੱਟੋ-ਘੱਟ 2 ਖੱਬੇ ਹੱਥ ਦੇ ਬੱਲੇਬਾਜ਼ ਰੱਖਣ ਦਾ ਸੁਪਨਾ ਪੂਰਾ ਹੋ ਸਕੇ।

ਰੋਹਿਤ ਸ਼ਰਮਾ ਦਾ ਫਾਰਮ 'ਚ ਆਉਣਾ ਬੇਹੱਦ ਜ਼ਰੂਰੀ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਹਿਤ ਸ਼ਰਮਾ

ਬੱਲੇਬਾਜ਼ੀ ਦੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਟੀਮ ਦੇ ਕਪਤਾਨ ਪੁਰਾਣੀ ਲੈਅ ਅਤੇ ਫਾਰਮ 'ਚ ਨਜ਼ਰ ਆਉਣ।

ਇੰਗਲੈਂਡ ਵਿੱਚ ਖੇਡੇ ਗਏ ਪਿਛਲੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਤਿੰਨ ਸ਼ਾਨਦਾਰ ਸੈਂਕੜੇ ਜੜ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ।

50 ਓਵਰਾਂ ਦੀ ਕ੍ਰਿਕਟ 'ਚ ਟੀਮ 'ਚ ਆਤਮ-ਵਿਸ਼ਵਾਸ ਬਣਾਏ ਰੱਖਣ ਲਈ ਰੋਹਿਤ ਨੂੰ ਵੱਡੀਆਂ ਪਾਰੀਆਂ ਖੇਡਣੀਆਂ ਪੈਣਗੀਆਂ, ਜਿਸ ਦੇ ਲਈ ਉਹ ਜਾਣੇ ਜਾਂਦੇ ਰਹੇ ਹਨ।

ਪਿਛਲੇ ਵਿਸ਼ਵ ਕੱਪ ਤੋਂ ਬਾਅਦ ਦੇ ਕ੍ਰਿਕਟ 'ਚ ਉਨ੍ਹਾਂ ਦੀ ਬੱਲੇਬਾਜ਼ੀ 'ਚ ਉਹ ਗਹਿਰਾਈ ਘੱਟ ਹੀ ਦੇਖਣ ਨੂੰ ਮਿਲੀ ਹੈ ਅਤੇ ਇਨ੍ਹੀਂ ਦਿਨੀਂ ਚਾਹੇ ਵਨਡੇ ਹੋਵੇ ਜਾਂ ਟੀ-20, ਉਨ੍ਹਾਂ ਦੀ ਔਸਤ ਵਧਣ ਦੀ ਬਜਾਏ ਘਟੀ ਹੈ।

ਰੋਹਿਤ ਸ਼ਰਮਾ ਨੇ ਇਸੇ ਸਾਲ ਨਿਊਜ਼ੀਲੈਂਡ 'ਚ ਆਪਣਾ ਆਖਰੀ ਵਨਡੇ ਸੈਂਕੜਾ ਲਗਾਇਆ ਸੀ। ਵਨਡੇ 'ਚ 30 ਸੈਂਕੜੇ ਜੜ ਕੇ ਉਹ ਸੂਚੀ 'ਚ ਤੀਜੇ ਸਥਾਨ 'ਤੇ ਹਨ ਅਤੇ ਵਨਡੇ 'ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਉਹ ਇਕਲੌਤੇ ਖਿਡਾਰੀ ਹਨ।

ਕੋਹਲੀ ਦੀ ਹੀ ਤਰ੍ਹਾਂ ਇਹ ਰੋਹਿਤ ਦਾ ਵੀ ਆਖਰੀ ਇੱਕ ਦਿਨਾਂ ਵਿਸ਼ਵ ਕੱਪ ਹੋ ਸਕਦਾ ਹੈ।

ਭਾਰਤੀ ਕ੍ਰਿਕਟ ਵਿੱਚ ਕੋਹਲੀ ਅਤੇ ਰੋਹਿਤ ਦੀ ਜੋੜੀ ਫਿਲਮ ਸ਼ੋਲੇ ਦੀ ਜੈ-ਵੀਰੂ ਦੀ ਜੋੜੀ ਵਰਗੀ ਹੈ, ਜੋ ਟੀਮ ਵਰਕ ਵਿੱਚ ਨੰਬਰ ਇੱਕ ਹੈ ਅਤੇ ਕਿਸੇ ਵੀ ਸ਼ਕਤੀਸ਼ਾਲੀ ਵਿਰੋਧੀ ਨੂੰ ਹਰਾਉਣ 'ਚ ਸਮਰੱਥ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਹਲੀ ਨੂੰ ਵਿਸ਼ਵ ਕੱਪ ਦੀ ਜਿੱਤ ਦਾ ਤੋਹਫ਼ਾ ਦੇਣ ਵਿੱਚ ਮੁੱਖ ਕਿਰਦਾਰ ਰੋਹਿਤ ਸ਼ਰਮਾ ਦਾ ਹੋਵੇਗਾ।

ਸਪਿਨਰਾਂ ਤੋਂ ਦੋਹਰੀ ਭੂਮਿਕਾ ਨਿਭਾਉਣ ਦੀ ਉਮੀਦ

ਰਵੀ ਅਸ਼ਵਿਨ ਅਤੇ ਰਵਿੰਦਰ ਜਡੇਜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਵੀ ਅਸ਼ਵਿਨ ਅਤੇ ਰਵਿੰਦਰ ਜਡੇਜਾ

ਭਾਰਤੀ ਹਾਲਾਤ 'ਚ ਸਪਿਨਰਾਂ ਦੀ ਭੂਮਿਕਾ ਅਹਿਮ ਹੋਵੇਗੀ। ਭਾਰਤੀ ਟੀਮ ਤਜਰਬੇਕਾਰ ਰਵੀ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਵਿੱਚੋਂ ਕਿਸੇ ਤਿੰਨ ਨੂੰ ਚੁਣਨਾ ਚਾਹੇਗੀ।

ਹਾਲਾਂਕਿ, ਆਧੁਨਿਕ ਕ੍ਰਿਕਟ ਵਿੱਚ, ਸਪਿਨਰਾਂ ਤੋਂ ਸਿਰਫ਼ ਵਿਕਟਾਂ ਲੈਣ ਦੀ ਉਮੀਦ ਨਹੀਂ ਕੀਤੀ ਜਾਂਦੀ, ਸਗੋਂ ਲੋੜ ਪੈਣ 'ਤੇ ਉਨ੍ਹਾਂ ਕੋਲੋਂ ਦੌੜਾਂ ਬਣਾਉਣ ਦੀ ਵੀ ਉਮੀਦ ਕੀਤੀ ਜਾਂਦੀ ਹੈ।

ਇਸ ਲਿਹਾਜ਼ ਨਾਲ ਅਸ਼ਵਿਨ, ਜਡੇਜਾ ਅਤੇ ਪਟੇਲ ਤਾਂ ਫਿੱਟ ਬੈਠਦੇ ਹਨ ਪਰ ਧੋਨੀ ਦੇ ਪਸੰਦੀਦਾ 'ਕੁਲ-ਚਾ' ਦੀ ਜੋੜੀ ਕਮਜ਼ੋਰ ਪੈ ਜਾਂਦੀ ਹੈ।

ਮੌਜੂਦਾ ਫਾਰਮ ਨੂੰ ਦੇਖਦੇ ਹੋਏ ਸ਼ਾਇਦ ਟੀਮ 'ਚ ਅਸ਼ਵਿਨ, ਜਡੇਜਾ, ਚਾਹਲ ਅਤੇ ਪਟੇਲ 'ਚੋਂ ਤਿੰਨ ਦੀ ਜਗ੍ਹਾ ਟੀਮ 'ਚ ਬਣ ਸਕਦੀ ਹੈ।

ਤੇਜ਼ ਗੇਂਦਬਾਜ਼ੀ ਦਾ ਸਿਰਦਰਦ

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਰਾਟ ਕੋਹਲੀ

ਆਗਾਮੀ ਵਿਸ਼ਵ ਕੱਪ 'ਚ ਭਾਰਤੀ ਮੈਨੇਜਮੈਂਟ ਲਈ ਤੇਜ਼ ਗੇਂਦਬਾਜ਼ੀ ਲਾਈਨ-ਅੱਪ ਨੂੰ ਤਿਆਰ ਕਰਨਾ ਸਭ ਤੋਂ ਵੱਡੀ ਸਿਰਦਰਦੀ ਹੋਵੇਗੀ।

ਜਸਪ੍ਰੀਤ ਬੁਮਰਾਹ ਦੇ ਖੇਡਣ 'ਤੇ ਅਜੇ ਖਦਸ਼ਾ ਹੈ, ਅਜਿਹੇ 'ਚ ਤੇਜ਼ ਗੇਂਦਬਾਜ਼ੀ ਕਮਜ਼ੋਰ ਨਜ਼ਰ ਆਉਣ ਲੱਗਦੀ ਹੈ।

ਮੁਹੰਮਦ ਸਿਰਾਜ ਨੇ ਆਪਣੀ ਗੇਂਦਬਾਜ਼ੀ 'ਚ ਕਾਫੀ ਸੁਧਾਰ ਕੀਤਾ ਹੈ ਪਰ ਸ਼ਮੀ ਉਮਰ ਦੇ ਉਸ ਪੜਾਅ 'ਤੇ ਹੈ ਜਿੱਥੇ ਦਸ ਓਵਰਾਂ ਦੀ ਗੇਂਦਬਾਜ਼ੀ 'ਚ ਉਨ੍ਹਾਂ ਤੋਂ ਗਲਤੀਆਂ ਹੋ ਸਕਦੀਆਂ ਹਨ।

ਤੀਜਾ ਤੇਜ਼ ਗੇਂਦਬਾਜ਼ ਕੌਣ ਹੋਵੇਗਾ ਇਸ 'ਤੇ ਵੱਡੀ ਬਹਿਸ ਹੋਵੇਗੀ। ਕੀ ਨੌਜਵਾਨ ਅਰਸ਼ਦੀਪ ਸਿੰਘ ਵਨਡੇ ਲਈ ਤਿਆਰ ਹਨ ਜਾਂ ਫਿਰ ਹੁਣ ਬੱਲੇਬਾਜ਼ਾਂ ਨੇ ਆਈਪੀਐੱਲ ਵਿੱਚ ਉਨ੍ਹਾਂ ਦੀ ਗੇਂਦਬਾਜ਼ੀ ਦਾ ਰਾਜ਼ ਜਾਣ ਲਿਆ ਹੈ?

ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਕਰੀਅਰ ਦੀ ਢਲਾਣ 'ਤੇ ਹਨ। ਉੱਥੇ ਹੀ, ਨਵਦੀਪ ਸੈਣੀ ਨੇ ਜੋ ਪ੍ਰਾਮਿਸ ਦਿਖਾਇਆ ਸੀ, ਉਸ 'ਤੇ ਉਹ ਖਰੇ ਨਹੀਂ ਉਤਰੇ ਹਨ।

ਭਾਰਤੀ ਪਿਚ 'ਤੇ ਦੁਪਹਿਰ ਬਾਅਦ ਰਿਵਰਸ ਸਵਿੰਗ ਦੀ ਵੀ ਚੰਗੀ ਗੁੰਜਾਇਸ਼ ਰਹਿੰਦੀ ਹੈ।

ਕੀ ਭਾਰਤੀ ਤੇਜ਼ ਗੇਂਦਬਾਜ਼ ਇਸ ਦਾ ਫਾਇਦਾ ਲੈ ਸਕਣਗੇ?

ਅਰਸ਼ਦੀਪ ਸਿੰਘ ਤੋਂ ਕਿੰਨੀਆਂ ਉਮੀਦਾਂ

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਹਾਲ ਹੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਅਰਸ਼ਦੀਪ ਸਿੰਘ ਬਾਰੇ ਕਿਹਾ ਹੈ ਕਿ ਉਹ ਭਾਰਤੀ ਟੀਮ ਦਾ ਭਵਿੱਖ ਹਨ।

ਸਪੋਰਟਸਕੀੜਾ ਦੀ ਵੈੱਬਸਾਈਟ ਮੁਤਾਬਕ, ਗਾਵਸਕਰ ਨੇ ਕਿਹਾ ਕਿ ਅਰਸ਼ਦੀਪ ਕ੍ਰਿਕੇਟ ਦੇ ਹਰ ਫਾਰਮੈਟ ਲਈ ਜ਼ਬਰਦਸਤ ਖਿਡਾਰੀ ਹਨ।

ਉਨ੍ਹਾਂ ਕਿਹਾ, ''ਕਾਊਂਟੀ ਕ੍ਰਿਕਟ ਵਿੱਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸਹਿਯੋਗ ਮਿਲਣਾ ਚਾਹੀਦਾ ਹੈ।''

ਦਰਅਸਲ ਗਾਵਸਕਰ ਟੀਮ ਇੰਡੀਆ ਦੇ ਵੇਸਟਇੰਡੀਜ਼ ਦੌਰੇ ਲਈ ਅਰਸ਼ਦੀਪ ਦੀ ਚੋਣ ਨਾ ਹੋਣ ਨੂੰ ਲੈ ਕੇ ਨਿਰਾਸ਼ ਸਨ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਹਾਲਾਂਕਿ ਕਈ ਵਾਰ ਟੀਮ 'ਚ ਨਾ ਚੁਣਿਆ ਜਾਣਾ ਵੀ ਤੁਹਾਡੇ ਲਈ ਚੰਗਾ ਸਾਬਤ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ 'ਚ ਘਰੇਲੂ ਕ੍ਰਿਕਟ 'ਚ ਵਧੇਰੇ ਵਿਕਟਾਂ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਰਸ਼ਦੀਪ ਨੂੰ ਨਿਯਮਿਤ ਰੂਪ ਨਾ 5 ਵਿਕਟਾਂ ਲੈਣ ਦੀ ਲੋੜ ਹੈ।

ਇਸ ਦੇ ਨਾਲ ਹੀ ਅਰਸ਼ਦੀਪ ਨੇ ਪਿਛਲੇ ਆਈਪੀਐਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।

ਵਰਕ ਇਨ ਪ੍ਰਾਗਰੇਸ

ਕੋਹਲੀ

ਤਸਵੀਰ ਸਰੋਤ, Getty Images

ਕੁੱਲ ਮਿਲਾ ਕੇ ਕੋਹਲੀ ਨੂੰ ਟਰਾਫੀ ਦਿਵਾਉਣ ਵਾਲੀ ਟੀਮ ਨੂੰ ਅਜੇ ਵਰਕ ਇਨ ਪ੍ਰਾਗਰੇਸ ਹੀ ਕਿਹਾ ਜਾ ਸਕਦਾ ਹੈ। ਇਸ ਟੀਮ ਦੇ ਕਈ ਸੀਨੀਅਰ ਖਿਡਾਰੀਆਂ ਦਾ ਇਹ ਆਖਰੀ ਵਿਸ਼ਵ ਕੱਪ ਹੋਵੇਗਾ ਅਤੇ ਯਕੀਨੀ ਤੌਰ 'ਤੇ ਉਹ ਸਾਰੇ ਜਿੱਤ ਦੇ ਨਾਲ ਹੀ ਇਸ ਨੂੰ ਪੂਰਾ ਕਰਨਾ ਚਾਹੁਣਗੇ।

ਸਾਲ 2017 'ਚ ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ, ਭਾਰਤ ਕੋਲ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦਾ ਇਹ ਚੰਗਾ ਮੌਕਾ ਹੈ।

ਪਰ ਭਾਰਤੀ ਟੀਮ ਨੂੰ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਅਤੇ ਪਾਕਿਸਤਾਨ ਵਰਗੀਆਂ ਟੀਮਾਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਭਾਰਤੀ ਟੀਮ ਲਈ ਜਿੱਤ ਤਾਂ ਹੀ ਸੰਭਵ ਹੋ ਸਕੇਗੀ ਜਦੋਂ ਇੱਕ ਜਾਂ ਦੋ ਖਿਡਾਰੀਆਂ ਦੀ ਬਜਾਏ ਪੂਰੀ ਟੀਮ ਇੱਕ ਹੋ ਕੇ ਖੇਡੇ।

ਲਾਈਨ

ਵਿਸ਼ਵ ਕੱਪ ਦੇ ਮੈਚ ਕਦੋਂ ਤੇ ਕਿੱਥੇ ਹੋਣਗੇ

  • 05 ਅਕਤੂਬਰ - ਇੰਗਲੈਂਡ ਅਤੇ ਨਿਊਜ਼ੀਲੈਂਡ - ਅਹਿਮਦਾਬਾਦ
  • 06 ਅਕਤੂਬਰ - ਪਾਕਿਸਤਾਨ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 1 - ਹੈਦਰਾਬਾਦ
  • 07 ਅਕਤੂਬਰ - ਬੰਗਲਾਦੇਸ਼ ਅਤੇ ਅਫਗਾਨਿਸਤਾਨ - ਧਰਮਸ਼ਾਲਾ
  • 07 ਅਕਤੂਬਰ - ਦੱਖਣੀ ਅਫਰੀਕਾ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 - ਦਿੱਲੀ
  • 08 ਅਕਤੂਬਰ - ਭਾਰਤ ਅਤੇ ਆਸਟ੍ਰੇਲੀਆ - ਚੇਨਈ
  • 09 ਅਕਤੂਬਰ - ਨਿਊਜ਼ੀਲੈਂਡ ਅਤੇ ਕੁਆਲੀਫਾਇੰਗ ਟੀਮ 1 - ਹੈਦਰਾਬਾਦ
  • 10 ਅਕਤੂਬਰ - ਇੰਗਲੈਂਡ ਅਤੇ ਬੰਗਲਾਦੇਸ਼ - ਧਰਮਸ਼ਾਲਾ
  • 11 ਅਕਤੂਬਰ - ਭਾਰਤ ਅਤੇ ਅਫ਼ਗਾਨਿਸਤਾਨ - ਦਿੱਲੀ
  • 12 ਅਕਤੂਬਰ – ਪਾਕਿਸਤਾਨ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 – ਹੈਦਰਾਬਾਦ
  • 13 ਅਕਤੂਬਰ - ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ - ਲਖਨਊ
  • 14 ਅਕਤੂਬਰ - ਨਿਊਜ਼ੀਲੈਂਡ ਅਤੇ ਬੰਗਲਾਦੇਸ਼ - ਚੇਨਈ
  • 14 ਅਕਤੂਬਰ - ਇੰਗਲੈਂਡ ਅਤੇ ਅਫਗਾਨਿਸਤਾਨ - ਦਿੱਲੀ
  • 15 ਅਕਤੂਬਰ – ਭਾਰਤ ਅਤੇ ਪਾਕਿਸਤਾਨ, ਅਹਿਮਦਾਬਾਦ
  • 16 ਅਕਤੂਬਰ – ਆਸਟ੍ਰੇਲੀਆ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 2 – ਲਖਨਊ
  • 17 ਅਕਤੂਬਰ - ਦੱਖਣੀ ਅਫਰੀਕਾ ਅਤੇ ਕੁਆਲੀਫਾਇੰਗ ਕਰਨ ਵਾਲੀ ਟੀਮ 1 - ਧਰਮਸ਼ਾਲਾ
  • 18 ਅਕਤੂਬਰ - ਨਿਊਜ਼ੀਲੈਂਡ ਅਤੇ ਅਫਗਾਨਿਸਤਾਨ - ਚੇਨਈ
  • 19 ਅਕਤੂਬਰ - ਭਾਰਤ ਅਤੇ ਬੰਗਲਾਦੇਸ਼ - ਪੁਣੇ
  • 20 ਅਕਤੂਬਰ - ਪਾਕਿਸਤਾਨ ਅਤੇ ਆਸਟ੍ਰੇਲੀਆ - ਬੈਂਗਲੁਰੂ
  • 21 ਅਕਤੂਬਰ - ਕੁਆਲੀਫਾਇੰਗ ਟੀਮ 1 ਅਤੇ ਕੁਆਲੀਫਾਇੰਗ ਟੀਮ 2 - ਲਖਨਊ
  • 21 ਅਕਤੂਬਰ - ਇੰਗਲੈਂਡ ਅਤੇ ਦੱਖਣੀ ਅਫਰੀਕਾ - ਮੁੰਬਈ
  • 22 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ - ਧਰਮਸ਼ਾਲਾ
  • 23 ਅਕਤੂਬਰ - ਪਾਕਿਸਤਾਨ ਅਤੇ ਅਫਗਾਨਿਸਤਾਨ - ਚੇਨਈ
  • 24 ਅਕਤੂਬਰ - ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ - ਮੁੰਬਈ
  • 25 ਅਕਤੂਬਰ – ਆਸਟ੍ਰੇਲੀਆ ਅਤੇ ਕੁਆਲੀਫਾਇੰਗ ਟੀਮ 1 – ਦਿੱਲੀ
  • 26 ਅਕਤੂਬਰ – ਇੰਗਲੈਂਡ ਅਤੇ ਕੁਆਲੀਫਾਇੰਗ ਟੀਮ 2 – ਬੈਂਗਲੁਰੂ
  • 27 ਅਕਤੂਬਰ - ਪਾਕਿਸਤਾਨ ਅਤੇ ਦੱਖਣੀ ਅਫਰੀਕਾ - ਚੇਨਈ
  • 28 ਅਕਤੂਬਰ – ਬੰਗਲਾਦੇਸ਼ ਅਤੇ ਕੁਆਲੀਫਾਇੰਗ ਟੀਮ 1 – ਕੋਲਕਾਤਾ
  • 29 ਅਕਤੂਬਰ - ਭਾਰਤ ਅਤੇ ਇੰਗਲੈਂਡ - ਲਖਨਊ
  • 30 ਅਕਤੂਬਰ - ਅਫਗਾਨਿਸਤਾਨ ਅਤੇ ਕੁਆਲੀਫਾਇੰਗ ਟੀਮ 2 - ਪੁਣੇ
  • 31 ਅਕਤੂਬਰ - ਪਾਕਿਸਤਾਨ ਅਤੇ ਬੰਗਲਾਦੇਸ਼ - ਕੋਲਕਾਤਾ
  • 01 ਨਵੰਬਰ - ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ - ਪੁਣੇ
  • 02 ਨਵੰਬਰ – ਭਾਰਤ ਅਤੇ ਕੁਆਲੀਫਾਇੰਗ ਟੀਮ 2 – ਮੁੰਬਈ
  • 03 ਨਵੰਬਰ – ਅਫਗਾਨਿਸਤਾਨ ਅਤੇ ਕੁਆਲੀਫਾਇੰਗ ਟੀਮ 1 – ਲਖਨਊ
  • 04 ਨਵੰਬਰ - ਨਿਊਜ਼ੀਲੈਂਡ ਅਤੇ ਪਾਕਿਸਤਾਨ - ਬੈਂਗਲੁਰੂ
  • 04 ਨਵੰਬਰ - ਇੰਗਲੈਂਡ ਅਤੇ ਆਸਟ੍ਰੇਲੀਆ - ਅਹਿਮਦਾਬਾਦ
  • 05 ਨਵੰਬਰ - ਭਾਰਤ ਅਤੇ ਦੱਖਣੀ ਅਫਰੀਕਾ - ਕੋਲਕਾਤਾ
  • 06 ਨਵੰਬਰ - ਬੰਗਲਾਦੇਸ਼ ਅਤੇ ਕੁਆਲੀਫਾਇੰਗ ਟੀਮ 2 - ਦਿੱਲੀ
  • 07 ਨਵੰਬਰ - ਆਸਟ੍ਰੇਲੀਆ ਅਤੇ ਅਫਗਾਨਿਸਤਾਨ - ਮੁੰਬਈ
  • 08 ਨਵੰਬਰ – ਇੰਗਲੈਂਡ ਅਤੇ ਕੁਆਲੀਫਾਇੰਗ ਟੀਮ 1 – ਪੁਣੇ
  • 09 ਨਵੰਬਰ - ਨਿਊਜ਼ੀਲੈਂਡ ਅਤੇ ਕੁਆਲੀਫਾਇੰਗ ਟੀਮ 2 - ਬੈਂਗਲੁਰੂ
  • 10 ਨਵੰਬਰ - ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ - ਅਹਿਮਦਾਬਾਦ
  • 11 ਨਵੰਬਰ – ਭਾਰਤ ਅਤੇ ਕੁਆਲੀਫਾਇੰਗ ਟੀਮ 1 – ਬੈਂਗਲੁਰੂ
  • 12 ਨਵੰਬਰ - ਆਸਟ੍ਰੇਲੀਆ ਅਤੇ ਬੰਗਲਾਦੇਸ਼ - ਪੁਣੇ
  • 12 ਨਵੰਬਰ - ਇੰਗਲੈਂਡ ਅਤੇ ਪਾਕਿਸਤਾਨ - ਕੋਲਕਾਤਾ
  • 14 ਨਵੰਬਰ - ਪਹਿਲਾ ਸੈਮੀਫਾਈਨਲ (ਟੀਮ 1 ਅਤੇ ਟੀਮ 4) - ਮੁੰਬਈ
  • 16 ਨਵੰਬਰ - ਦੂਜਾ ਸੈਮੀਫਾਈਨਲ (ਟੀਮ 3 ਅਤੇ ਟੀਮ 2) - ਕੋਲਕਾਤਾ
  • 19 ਨਵੰਬਰ - ਫਾਈਨਲ - ਅਹਿਮਦਾਬਾਦ
ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)