ਭਾਰਤ-ਕੈਨੇਡਾ ਸੰਕਟ ਦੌਰਾਨ ਟਰੰਪ ਦੀ ਜਿੱਤ ਮਗਰੋਂ ਟਰੂਡੋ ਸਰਕਾਰ ਨੇ ਪੁਲਿਸ ਨੂੰ ਸਰਹੱਦ ’ਤੇ ਕੀਤਾ 'ਹਾਈ ਅਲਰਟ', ਕੀ ਹੈ ਮਸਲਾ

ਤਸਵੀਰ ਸਰੋਤ, Getty Images
ਭਾਰਤ ਨਾਲ ਕੂਟਨੀਤਿਕ ਮੋਰਚੇ ਉੱਤੇ ਜੂਝ ਰਹੀ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਅਮਰੀਕਾ ਵਿੱਚ ਡੌਨਲਡ ਟਰੰਪ ਦੀ ਜਿੱਤ ਨਾਲ ਨਵੀਂ ਚਿੰਤਾ ਖੜੀ ਹੋ ਗਈ ਹੈ।
ਕੈਨੇਡਾ ਪਿਛਲੇ ਕੁਝ ਸਮੇਂ ਤੋਂ ਮੁਲਕ ਵਿੱਚ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਸਖ਼ਤ ਨੀਤੀਆਂ ਆਪਣਾ ਰਿਹਾ ਹੈ।
ਟਰੂਡੋ ਸਰਕਾਰ ਦੀਆਂ ਪਿਛਲੇ ਸਮੇਂ ਵਿੱਚ ਅਪਣਾਈਆਂ ਉਦਾਰਵਾਦੀ ਪਰਵਾਸ ਨੀਤੀਆਂ ਤੋਂ ਮੁਲਕ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਹੁਣ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ।
ਪਿਛਲੇ ਸਮੇਂ ਦੌਰਾਨ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਸਿੱਧਾ ਤੇ ਫੌਰੀ ਵੀਜ਼ਾ ਦੇਣ, ਉਨ੍ਹਾਂ ਦੇ ਵਰਕ ਪਰਮਿਟ ਵਿੱਚ ਨਿਯਮ ਬਦਲਣ, ਪਤੀ ਜਾਂ ਪਤਨੀ ਨੂੰ ਕੈਨੇਡਾ ਲਿਆਉਣ ਦੇ ਕੇਸਾਂ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ।
ਪਰ ਹਾਲ ਹੀ ਵਿੱਚ ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਚੋਣ ਨਤੀਜਿਆਂ ਨੇ ਕੈਨੇਡਾ 'ਚ ਇੱਕ ਨਵਾਂ ਡਰ ਪੈਦਾ ਕਰ ਦਿੱਤਾ ਹੈ।
ਅਮਰੀਕਾ ਵਿੱਚ ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਟਰੂਡੋ ਸਰਕਾਰ ਨੂੰ ਇੱਕ ਅਜਿਹਾ ਸੰਭਾਵਿਤ ਖ਼ਤਰਾ ਦਿਖਣ ਲੱਗਾ ਹੈ, ਜਿਸ ਨੇ ਮੁਲਕ ਚੌਕਸ ਕਰ ਦਿੱਤਾ ਹੈ।
ਖ਼ਬਰ ਏਜੰਸੀ ਰਾਇਟਰਜ਼ ਕੈਨੇਡਾ ਨੇ ਆਪਣੀ ਸਰਹੱਦ 'ਤੇ ਚੌਕਸੀ ਤੇ ਪ੍ਰਬੰਧਕੀ ਕਰਵਾਈ ਨੂੰ ਤੇਜ਼ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਦਰਅਸਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਹਫ਼ਤੇ 'ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ' ਨੂੰ ਲਾਗੂ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਵਾਪਸੀ ਕੀਤੀ ਹੈ।
ਟਰੰਪ ਨੇ ਐਲਾਨ ਕੀਤਾ ਨਾਲ ਤਾਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਅਮਰੀਕੀ ਕਾਰਵਾਈ ਨਾਲ 18 ਲੱਖ ਪਰਵਾਸੀਆਂ ਨੂੰ ਮੁਲਕ ਤੋਂ ਬਾਹਰ ਭੇਜਿਆ ਜਾ ਸਕਦਾ ਹੈ।
ਦੂਜੇ ਪਾਸੇ ਸ਼ਰਨਾਰਥੀ ਦਾਅਵੇਦਾਰਾਂ ਦੀ ਵਧਦੀ ਆਬਾਦੀ ਨਾਲ ਜੂਝ ਰਹੇ ਕੈਨੇਡਾ ਨੂੰ ਖ਼ਦਸ਼ਾ ਹੈ ਕਿ ਟਰੰਪ ਦੇ ਇਸ ਫੈਸਲੇ ਨਾਲ ਪ੍ਰਭਾਵਿਤ ਅਮਰੀਕੀ ਲੋਕ ਹੁਣ ਕੈਨੇਡਾ ਦਾ ਰੁਖ਼ ਕਰਨਗੇ, ਜਿਸ ਨਾਲ ਦੇਸ਼ 'ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧੇਗੀ ਅਤੇ ਸ਼ਰਨਾਰਥੀਆਂ ਦੀ ਆਮਦ ਤੇਜ਼ ਹੋ ਜਾਵੇਗੀ।

ਕੈਨੇਡੀਅਨ ਪੁਲਿਸ 'ਸਭ ਤੋਂ ਮਾੜੇ ਹਾਲਾਤਾਂ' ਲਈ ਤਿਆਰ

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਰੌਇਲ ਕੈਨੇਡਾ ਮਾਊਂਟਡ ਪੁਲਿਸ ਦੇ ਸਾਰਜੈਂਟ ਚਾਰਲਸ ਪੋਇਰੀਅਰ ਨੇ ਵੀਰਵਾਰ ਨੂੰ ਦੱਸਿਆ ਕਿ ਕੈਨੇਡੀਅਨ ਪੁਲਿਸ ਮਹੀਨਿਆਂ ਤੋਂ ਇਸ ਨਾਲ ਨਜਿੱਠਣ ਦੀਆਂ ਤਿਆਰੀ ਕਰ ਰਹੀ ਹੈ।
ਉਹਨਾਂ ਕਿਹਾ, "ਸਾਨੂੰ ਕੁਝ ਮਹੀਨੇ ਪਹਿਲਾਂ ਤੋਂ ਪਤਾ ਸੀ ਕਿ ਸਾਨੂੰ ਇੱਕ ਅਚਨਚੇਤੀ ਹਾਲਾਤ ਲਈ ਯੋਜਨਾ ਤਿਆਰ ਕਰਨੀ ਸ਼ੁਰੂ ਕਰਨੀ ਪਵੇਗੀ...ਕਿਉਂਕਿ ਜੇਕਰ ਉਹ (ਟਰੰਪ) ਸੱਤਾ ਵਿੱਚ ਆਉਂਦੇ ਹਨ, ਜੋ ਹੁਣ ਉਹ ਕੁਝ ਮਹੀਨਿਆਂ ਵਿੱਚ ਆ ਜਾਣਗੇ, ਤਾਂ ਇਹ ਤਬਦੀਲੀ ਕਿਊਬਿਕ ਅਤੇ ਕੈਨੇਡਾ ਵਿੱਚ ਗੈਰ-ਕਾਨੂੰਨੀ ਪਰਵਾਸ ਅਤੇ ਅਨਿਯਮਿਤ ਪਰਵਾਸ ਨੂੰ ਵਧਾ ਸਕਦਾ ਹੈ।"
ਪੁਲਿਸ ਦੇ ਸਾਰਜੈਂਟ ਮੁਤਾਬਕ, "ਸਭ ਤੋਂ ਮਾੜੇ ਹਾਲਾਤ 'ਚ ਲੋਕ ਵੱਡੀ ਗਿਣਤੀ ਵਿੱਚ ਸਰਹੱਦ ਪਾਰ ਕਰਕੇ ਇਲਾਕੇ 'ਚ ਦਾਖ਼ਲ ਹੋਣੇਗੇ। ....ਮੰਨ ਲਓ ਕਿ ਜੇਕਰ ਸਾਡੇ ਕੋਲ ਪ੍ਰਤੀ ਦਿਨ 100 ਲੋਕ ਵੀ ਸਰਹੱਦ ਪਾਰ ਤੋਂ ਦਾਖ਼ਲ ਹੁੰਦੇ ਹਨ, ਤਾਂ ਇਹ ਮੁਸ਼ਕਲ ਹੋਣ ਵਾਲਾ ਹੈ... ਕਿਉਂਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੇ ਅਫਸਰਾਂ ਨੂੰ ਵੱਡੀਆਂ ਦੂਰੀਆਂ ਤੈਅ ਕਰਨੀਆਂ ਪੈਣਗੀਆਂ।"
2017 'ਚ ਸ਼ਰਨਾਰਥੀਆਂ ਵਲੋਂ ਅਪਣਾਏ ਗਏ ਰਾਹ ਬੰਦ

ਤਸਵੀਰ ਸਰੋਤ, Getty Images
ਜਦੋਂ ਟਰੰਪ ਪਹਿਲੀ ਵਾਰ 2017 ਵਿੱਚ ਸੱਤਾ ਵਿੱਚ ਆਏ, ਤਾਂ ਸ਼ਰਨਾਰਥੀ ਕਿਊਬੈਕ-ਨਿਊਯਾਰਕ ਸਰਹੱਦ ਦੇ ਨੇੜੇ, ਰੌਕਸਹੈਮ ਰੋਡ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰਸਮੀ ਸ਼ਰਨਾਰਥੀ ਦਾਅਵਾ ਦਾਇਰ ਕਰਨ ਲਈ ਜਮ੍ਹਾ ਹੋ ਗਏ ਸਨ।
ਪਰ ਹੁਣ ਰੌਕਸਹੈਮ ਰੋਡ ਦਾ ਵਿਕਲਪ ਮੌਜੂਦ ਨਹੀਂ ਹੈ।
ਕੈਨੇਡਾ ਅਤੇ ਯੂਐਸ ਨੇ ਇੱਕ ਦੁਵੱਲੇ ਸਮਝੌਤੇ ਉੱਤੇ ਸਹੀ ਪਾਈ ਹੋਈ ਹੈ, ਜਿਸ ਤਹਿਤ ਲੋਕਾਂ ਦੀ ਆਮਦ ਲਈ ਰਾਹ ਤੈਅ ਕੀਤੇ ਗਏ ਹਨ।
ਹੁਣ ਇਸ 4,000-ਮੀਲ ਦੀ ਸਰਹੱਦ ਨੂੰ ਪਾਰ ਕਰਕੇ ਸ਼ਰਨ ਮੰਗਣ ਆਉਣ ਵਾਲੇ ਜੇਕਰ ਚੋਣਵੇਂ ਰਸਮੀ ਕਰਾਸਿੰਗਾਂ ਦੀ ਬਜਾਏ ਕੋਈ ਹੋਰ ਰਾਹ ਤੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ।
ਪਰਵਾਸੀ ਵਕੀਲਾਂ ਦੀ ਚੇਤਾਵਨੀ
ਪਰਵਾਸੀ ਵਕੀਲਾਂ ਦਾ ਕਹਿਣਾ ਹੈ ਕਿ ਸ਼ਰਨਾਰਥੀ ਦਾਅਵੇ ਦਾਇਰ ਕਰਨ ਲਈ ਅਮਰੀਕਾ ਤੋਂ ਪਾਰ ਆਉਣ ਵਾਲੇ ਲੋਕਾਂ ਨੂੰ ਪਨਾਹ ਮੰਗਣ ਤੋਂ ਪਹਿਲਾਂ ਇਕ ਤਾਂ ਅਣਪਛਾਤੇ ਤਰੀਕੇ ਨਾਲ ਸਰਹੱਦ ਪਾਰ ਕਰਕੇ ਦਾਖ਼ਲ ਹੋਣਾ ਪੈਂਦਾ ਹੈ।
ਫਿਰ ਦੋ ਹਫ਼ਤਿਆਂ ਲਈ ਦੇਸ਼ 'ਚ ਲੁਕੇ ਰਹਿਣਾ ਪੈਂਦਾ ਹੈ ਅਤੇ ਅਜਿਹਾ ਕਰਨਾ ਹੀ ਆਪਣੇ ਆਪ ਵਿੱਚ ਇੱਕ ਖ਼ਤਰਨਾਕ ਸੰਭਾਵਨਾ ਨੂੰ ਜਨਮ ਦਿੰਦਾ ਹੈ।
ਪਰ ਉਹ ਅੱਗੇ ਕਹਿੰਦੇ ਹਨ ਕਿ ਲੋਕ ਪਹਿਲਾਂ ਹੀ ਇਹ ਕਰ ਰਹੇ ਹਨ।
ਮਾਂਟਰੀਆਲ ਦੇ ਇਕ ਸ਼ਰਨਾਰਥੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਦੇ ਨਿਰਦੇਸ਼ਕ ਅਬਦੁੱਲਾ ਦਾਉਦ ਦਾ ਕਹਿਣਾ ਹੈ, "ਜਦੋਂ ਤੁਸੀਂ ਜਾਇਜ਼ ਰਸਤੇ ਨਹੀਂ ਬਣਾਉਂਦੇ, ਜਾਂ ਜਦੋਂ ਤੁਸੀਂ ਸਿਰਫ਼ ਉਹ ਰਸਤੇ ਬਣਾਉਂਦੇ ਹੋ, ਜਿੱਥੇ ਲੋਕਾਂ ਨੂੰ ਸੁਰੱਖਿਆ ਪ੍ਰਾਪਤ ਕਰਨ ਲਈ ਅਸੰਭਵ ਕੰਮ ਕਰਨਾ ਪਵੇ, ਤਾਂ ਫਿਰ ਤੁਸੀਂ ਜਾਣਦੇ ਹੋ, ਬਦਕਿਸਮਤੀ ਨਾਲ ਲੋਕਾਂ ਨੂੰ ਉਹੀ ਰਾਹ ਅਖ਼ਤਿਆਰ ਕਰਨੇ ਪੈਂਦੇ ਹਨ। ਇਨ੍ਹਾਂ ਹਾਲਤਾਂ ਨਾਲ ਲੋਕਾਂ ਦੀ ਗਿਣਤੀ ਵਧਣ ਦੀ ਉਮੀਦ ਹੈ।''

ਤਸਵੀਰ ਸਰੋਤ, Getty Images
ਕੈਨੇਡਾ-ਅਮਰੀਕਾ ਸਰਹੱਦ 'ਤੇ ਸਖ਼ਤ ਇੰਤਜ਼ਾਮ
ਪੋਇਰੀਅਰ ਦਾ ਕਹਿਣਾ ਹੈ ਕਿ ਪੁਲਿਸ "ਹਾਈ ਅਲਰਟ" 'ਤੇ ਹੈ, ਸਰਹੱਦ 'ਤੇ ਗਸ਼ਤ ਕਰਨ ਲਈ ਵਾਧੂ ਫੋਰਸ ਤੈਨਾਤੀ ਲਈ ਤਿਆਰ ਹੈ।
ਉਹ ਕਹਿੰਦੇ ਹਨ, "ਹਾਲਾਤ 'ਤੇ ਨਿਰਭਰ ਕਰਦਾ ਹੈ ਕਿ ਅੱਗੇ ਕੀ ਹੋਵੇਗਾ... ਇਸਦਾ ਮਤਲਬ ਸੈਂਕੜੇ ਹੋਰ ਅਧਿਕਾਰੀਆਂ ਦੀ ਤੈਨਾਤੀ ਹੋ ਸਕਦੀ ਹੈ। ਇਸਦਾ ਮਤਲਬ ਹੋਰ ਕਰੂਜ਼ਰ, ਚਾਰਟਰਿੰਗ ਬੱਸਾਂ, ਟ੍ਰੇਲਰ ਬਣਾਉਣਾ ਅਤੇ ਜ਼ਮੀਨ ਕਿਰਾਏ 'ਤੇ ਦੇਣਾ ਵੀ ਹੋ ਸਕਦਾ ਹੈ।"
"ਸਭ ਦੀਆਂ ਨਜ਼ਰਾਂ ਇਸ ਸਮੇਂ ਸਰਹੱਦ 'ਤੇ ਹਨ। ... ਮੈਂ ਤੁਹਾਨੂੰ ਦੱਸ ਸਕਦਾ ਹਾਂ, ਚੋਣਾਂ ਤੋਂ ਕੁਝ ਦਿਨ ਪਹਿਲਾਂ ਤੋਂ ਅਸੀਂ ਹਾਈ ਅਲਰਟ 'ਤੇ ਸੀ, ਅਤੇ ਅਸੀਂ ਅਗਲੇ ਆਉਣ ਵਾਲੇ ਹਫ਼ਤਿਆਂ ਤੱਕ ਅਲਰਟ 'ਤੇ ਰਹਾਂਗੇ।"
ਕੈਨੇਡਾ ਦੀਆਂ ਪਰਵਾਸ ਸਬੰਧੀ ਮੁਸ਼ਕਲਾਂ
ਕੈਨੇਡਾ ਪਹਿਲਾਂ ਹੀ ਸ਼ਰਨਾਰਥੀ ਦਾਅਵੇਦਾਰਾਂ ਦੀ ਰਿਕਾਰਡ ਸੰਖਿਆ ਨਾਲ ਨਜਿੱਠ ਰਿਹਾ ਹੈ।
ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਦੇ ਅੰਕੜਿਆਂ ਦੇ ਅਨੁਸਾਰ, ਜੁਲਾਈ ਵਿੱਚ, ਲਗਭਗ 20,000 ਲੋਕਾਂ ਨੇ ਸ਼ਰਨਾਰਥੀ ਦਾਅਵੇ ਦਾਇਰ ਕੀਤੇ ਹਨ।
ਵਕੀਲਾਂ ਅਤੇ ਮਾਹਰਾਂ ਨੇ ਰਾਇਟਰਜ਼ ਨੂੰ ਦੱਸਿਆ ਕਿ ਇਹ ਮਹੀਨਾਵਾਰ ਗਿਣਤੀ ਗਲੋਬਲ ਵਿਸਥਾਪਨ ਦਾ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ।
ਹਾਲਾਂਕਿ, ਸਤੰਬਰ ਵਿੱਚ ਇਹ ਗਿਣਤੀ ਘਟ ਕੇ ਲਗਭਗ 16,400 ਹੋ ਗਈ ਪਰ ਫਿਰ ਵੀ ਇਤਿਹਾਸਕ ਤੌਰ 'ਤੇ ਇਹ ਇੱਕ ਵੱਡੀ ਗਿਣਤੀ ਹੈ।
ਬੋਰਡ ਦੇ ਅਨੁਸਾਰ, 250,000 ਤੋਂ ਵੱਧ ਦਾਅਵੇ ਬਕਾਇਆ ਹਨ।
ਕੈਨੇਡਾ ਦੀ ਸਰਕਾਰ ਨੇ ਸਥਾਈ ਅਤੇ ਅਸਥਾਈ ਪਰਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਹੈ ਪਰ ਇਸ ਗੱਲ 'ਤੇ ਘੱਟ ਨਿਯੰਤਰਣ ਹੈ ਕਿ ਕਿੰਨੇ ਲੋਕ ਸ਼ਰਨ ਦਾ ਦਾਅਵਾ ਕਰ ਸਕਦੇ ਹਨ।
ਰਫਿਊਜੀ ਸੈਂਟਰਾਂ ਦਾ ਕੀ ਕਹਿਣਾ ਹੈ
ਟੋਰਾਂਟੋ ਦਾ ਐਫਸੀਜੇ ਰਫਿਊਜੀ ਸੈਂਟਰ ਹਫ਼ਤੇ ਵਿੱਚ ਦਰਜਨਾਂ ਨਵੇਂ ਪਨਾਹ ਮੰਗਣ ਵਾਲਿਆਂ ਦੀ ਸੇਵਾ ਕਰਦਾ ਹੈ।
ਇਸਦੇ ਸੰਸਥਾਪਕ ਲੋਲੀ ਰੀਕੋ ਨੇ ਦੱਸਿਆ ਕਿ ਟਰੰਪ ਦੀ ਚੋਣ 'ਕੈਨੇਡਾ ਨੂੰ ਪ੍ਰਭਾਵਤ ਕਰਨ ਜਾ ਰਹੀ ਹੈ'।
ਉਨ੍ਹਾਂ ਕਿਹਾ "ਅਸੀਂ ਵੱਡੀ ਗਿਣਤੀ 'ਚ ਲੋਕਾਂ ਨੂੰ ਸਰਹੱਦ ਪਾਰ ਕਰਦੇ, ਸ਼ਹਿਰਾਂ ਵਿੱਚ ਆਉਂਦੇ ਅਤੇ ਸਹਾਇਤਾ ਦੀ ਭਾਲ ਕਰਦਿਆਂ ਵੇਖਾਂਗੇ।"
ਰੀਕੋ ਨੂੰ ਚਿੰਤਾ ਹੈ ਕਿ ਸਰਦੀਆਂ ਵਿੱਚ ਕੀ ਹੋਵੇਗਾ।
2022 ਵਿੱਚ, ਚਾਰ ਲੋਕਾਂ ਦਾ ਇੱਕ ਪਰਿਵਾਰ ਐਮਰਸਨ, ਮੈਨੀਟੋਬਾ ਨੇੜੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਠੰਢ ਕਰਕੇ ਮੌਤ ਦੀ ਲਪੇਟ 'ਚ ਗਿਆ ਸੀ।
"ਜਦੋ ਅਮਰੀਕਾ 'ਚ ਰਹਿ ਰਹੇ ਸ਼ਰਨਾਰਥੀਆਂ ਨੂੰ ਉੱਥੇ ਰਹਿਣ 'ਚ ਔਖ ਆਈ, ਤਾਂ ਉਹ ਉਨ੍ਹਾਂ ਦੇਸ਼ਾਂ ਦਾ ਰੁਖ਼ ਕਰਨਗੇ, ਜੋ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ।"
ਕੈਨੇਡਾ ਦੀਆਂ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ ਦੀਆਂ ਕੋਸ਼ਿਸ਼ਾਂ ਤਸਕਰਾਂ ਲਈ ਵਰਦਾਨ ਸਾਬਤ ਹੋਈਆਂ ਹਨ।
ਪਹਿਲਾਂ ਲੋਕ ਅਮਰੀਕਾ ਜਾਣ ਲਈ ਮਦਦ ਲਈ ਭੁਗਤਾਨ ਕਰਦੇ ਸਨ ਅਤੇ ਆਪਣੇ ਤੌਰ 'ਤੇ ਕੈਨੇਡਾ ਵਾਪਸੀ ਦਾ ਰਸਤਾ ਬਣਾਉਂਦੇ ਸਨ, ਪਰ ਹੁਣ ਉਹ ਓਵਰਲੈਂਡ ਜਾਂ ਹਵਾਈ ਰਾਹੀਂ ਕੈਨੇਡਾ ਆਉਣ ਲਈ ਤਸਕਰਾਂ ਵਾਧੂ ਭੁਗਤਾਨ ਕਰਦੇ ਹਨ।
ਕੀ ਨੀਤੀਆਂ 'ਚ ਆਉਣਗੇ ਹੋਰ ਬਦਲਾਵ ?
ਦਾਊਦ ਨੇ ਅੱਗੇ ਕਿਹਾ ਕਿ ਸੰਭਾਵਿਤ ਆਮਦ ਤੋਂ ਪਹਿਲਾਂ, ਹੁਣ ਕੈਨੇਡਾ ਲਈ ਆਪਣੇ ਸ਼ਰਨ ਦੇਣ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦਾ ਸਮਾਂ ਆ ਗਿਆ ਹੈ ਤਾਂ ਜੋ ਉੱਥੇ ਸ਼ਰਨਾਰਥੀ ਦਾਅਵੇ ਕਰਨ ਵਾਲੇ ਲੋਕਾਂ ਦੀ ਬਿਹਤਰ ਸਹਾਇਤਾ ਅਤੇ ਪ੍ਰਕਿਰਿਆ ਕੀਤੀ ਜਾ ਸਕੇ।
ਉਨ੍ਹਾਂ ਕਿਹਾ "ਬਦਕਿਸਮਤੀ ਨਾਲ, ਜਦੋਂ ਤੱਕ ਸਰਕਾਰ ਦੀ ਨੀਤੀ ਵਿੱਚ ਤਬਦੀਲੀ ਨਹੀਂ ਹੁੰਦੀ ਕਿ ਉਹ ਇਸ ਖਾਸ ਮੁੱਦੇ ਨੂੰ ਕਿਵੇਂ ਦੇਖਦੇ ਹਨ, ਅਜਿਹੇ ਮਾਮਲੇ ਹੋਰ ਵਧਣਗੇ। ਅਸੀਂ ਤਿਆਰ ਨਹੀਂ ਹੋਵਾਂਗੇ, ਅਤੇ ਇਸਦਾ ਦੁਬਾਰਾ ਰਾਜਨੀਤੀਕਰਨ ਕੀਤਾ ਜਾਵੇਗਾ।"
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਲ ਪਨਾਹ ਮੰਗਣ ਵਾਲਿਆਂ ਦੀ ਆਮਦ ਨਾਲ ਨਜਿੱਠਣ ਦੀ ਯੋਜਨਾ ਹੈ ਪਰ ਉਹ ਇਸ ਦੇ ਵੇਰਵੇ ਨਹੀਂ ਦੇਣਗੇ।
ਮਿਲਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਲਿਖਿਆ, "ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਹਰ ਸੰਭਵ ਸਥਿਤੀਆਂ ਨੂੰ ਲੈ ਕੇ ਤਿਆਰੀ ਅਤੇ ਅਨੁਮਾਨ ਲਗਾਉਣਾ ਜਾਰੀ ਰੱਖੇਗਾ। ਵਿਭਾਗ ਦੀ ਹਰ ਪਹੁੰਚ ਕੈਨੇਡਾ ਅਤੇ ਇੱਥੇ ਰਹਿਣ ਵਾਲੇ ਸਾਰੇ ਲੋਕਾਂ ਦੇ ਹਿੱਤ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਹ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












