ਵਿਸ਼ਵ ਕੱਪ 2023: ਆਸਟ੍ਰੇਲੀਆ ਬਣਿਆ ਵਿਸ਼ਵ ਚੈਂਪੀਅਨ, ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ ਵਨਡੇਅ ਕ੍ਰਿਕਟ ਦਾ ਚੈਂਪੀਅਨ ਬਣ ਗਿਆ ਹੈ। ਆਸਟ੍ਰੇਲੀਆ ਨੇ ਭਾਰਤ ਨੂੰ ਫਾਈਨਲ ਮੁਕਾਬਲੇ ਵਿੱਚ ਵਿੱਚ 6 ਵਿਕਟਾਂ ਨਾਲ ਹਰਾ ਦਿੱਤਾ ਹੈ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ ਜੋ ਸਹੀ ਸਾਬਿਤ ਹੋਇਆ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 240 ਦੌੜਾਂ ਬਣਾਈਆਂ। ਪੰਜਾਬੀ ਸਟਾਰ ਸ਼ੁਭਮਨ ਗਿੱਲ ਇਸ ਮੈਚ ਵਿੱਚ ਕੁਝ ਖ਼ਾਸ ਨਹੀਂ ਕਰ ਸਕੇ। ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੌਟਸ ਲਾਏ।

ਫਾਈਨਲ ਮੈਚ ਵਿੱਚ ਰੋਹਿਤ ਸ਼ਰਮਾ ਦਾ ਬੇਖੌਫ ਹੋ ਕੇ ਖੇਡਣਾ ਕੰਮ ਨਹੀਂ ਆਇਆ। ਗਲੇਨ ਮੈਕਸਵੈਲ ਨੇ ਰੋਹਿਤ ਸ਼ਰਮਾ ਨੂੰ ਉਸ ਓਵਰ ਵਿੱਚ ਆਊਟ ਕੀਤਾ ਜਿਸ ਵਿੱਚ ਉਹ ਪਹਿਲਾਂ ਹੀ ਇੱਕ ਛਿੱਕਾ ਤੇ ਇੱਕ ਚੌਕਾ ਰੋਹਿਤ ਸ਼ਰਮਾ ਤੋਂ ਖਾ ਚੁੱਕੇ ਸੀ।

ਇਸ ਮਗਰੋਂ ਸ਼੍ਰੇਅਸ ਅਈਰ ਵੀ ਛੇਤੀ ਹੀ ਪਵੇਲੀਅਨ ਪਰਤ ਗਏ।

ਫਿਰ ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਨੇ ਪਾਰੀ ਨੂੰ ਸਾਂਭਿਆ। ਇਸ ਪੂਰੇ ਮੈਚ ਵਿੱਚ ਆਸਟ੍ਰੇਲੀਆ ਨੇ ਪਕੜ ਪੂਰੇ ਤਰੀਕੇ ਨਾਲ ਬਣਾ ਕੇ ਰੱਖੀ।

ਆਸਟ੍ਰੇਲੀਆ ਨੇ ਸ਼ਾਨਦਾਰ ਪਾਰੀ ਫਿਲਡਿੰਗ ਕੀਤੀ। ਭਾਰਤ ਦੇ ਕਈ ਚੌਕੇ ਆਸਟ੍ਰੇਲੀਆ ਵੱਲੋਂ ਰੋਕੇ ਗਏ। ਇਹੀ ਕਾਰਨ ਸੀ ਕਿ ਭਾਰਤ ਦੀ ਪਾਰੀ ਵਿੱਚ ਕਈ ਓਵਰਾਂ ਤੱਕ ਕੋਈ ਚੌਕਾ ਹੀ ਨਹੀਂ ਪਿਆ।

ਵਿਰਾਟ ਕੋਹਲੀ ਦਾ ਅਰਧ ਸੈਂਕੜਾ

ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ ਪਰ ਉਹ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਨਜ਼ ਦੀ ਗੇਂਦ ਉੱਤੇ ਆਊਟ ਹੋ ਗਏ।

ਇਸ ਮਗਰੋਂ ਰਵਿੰਦਰ ਜਡੇਜਾ ਮੈਦਾਨ ਉੱਤੇ ਉਤਰੇ ਪਰ ਉਹ ਵੀ ਖਾਸ ਨਹੀਂ ਕਰ ਸਕੇ। ਕੇ ਐੱਲ ਰਾਹੁਲ ਨੇ ਇੱਕ ਪਾਸੇ ਪਾਰੀ ਨੂੰ ਸਾਂਭੇ ਰੱਖਿਆ ਪਰ ਫਿਰ ਵੀ ਉਹ ਭਾਰਤ ਦੇ ਸਕੋਰਿੰਗ ਵਿੱਚ ਤੇਜ਼ੀ ਨਹੀਂ ਲਿਆ ਸਕੇ।

ਭਾਰਤ ਨੇ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ। ਇਸ ਮਗਰੋਂ ਭਾਰਤ ਨੇ ਵੀ ਚੰਗੀ ਗੇਂਦਬਾਜ਼ੀ ਨਾਲ ਸ਼ੁਰੂਆਤ ਕੀਤੀ। ਮੁਹੰਮਦ ਸ਼ਮੀ ਨੇ ਪਹਿਲਾ ਵਿਕਟ ਛੇਤੀ ਹੀ ਲਿਆ। ਬੁਮਰਾਹ ਨੇ ਵੀ ਫਿਰ ਦੋ ਵਿਕਟਾਂ ਲਈਆਂ। ਆਸਟ੍ਰੇਲੀਆ ਦਾ ਸਕੋਰ 47 ਸੀ ਜਦੋਂ ਉਨ੍ਹਾਂ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ ਸਨ।

ਬਸ ਉਸ ਮਗਰੋਂ ਭਾਰਤ ਲਈ ਵਿਕਟਾਂ ਦਾ ਸੋਕਾ ਹੀ ਪੈ ਗਿਆ। ਮਾਰਕਸ ਲੈਬੂਸ਼ੇਨ ਤੇ ਟ੍ਰੇਵਿਸ ਹੈੱਡ ਨੇ ਆਸਟ੍ਰੇਲੀਆ ਨੂੰ ਜਿੱਤ ਤੱਕ ਪਹੁੰਚਾਇਆ। ਟ੍ਰੇਵਿਸ ਹੈੱਡ ਨੇ ਸ਼ਾਨਦਾਰ ਸੈਂਕੜਾ ਲਾਇਆ। ਜਦਕਿ ਲੈਬੂਸ਼ੇਨ ਨੇ ਅਰਧ ਸੈਂਕੜਾ ਲਗਾਇਆ।

ਭਾਰਤ ਨੇ ਜਿਸ ਤਰੀਕੇ ਨਾਲ ਇਸ ਫਾਈਨਲ ਮੈਚ ਤੋਂ ਪਹਿਲਾਂ ਵਿਸ਼ਵ ਕੱਪ ਦੀਆਂ ਸਾਰੀਆਂ ਟੀਮਾਂ ਨੂੰ ਹਰਾਇਆ ਸੀ ਤਾਂ ਫੈਨਜ਼ ਦੀਆਂ ਊਮੀਦਾਂ ਬਹੁਤ ਸਨ ਜੋ ਇਸ ਫਾਈਨਲ ਮੈਚ ਤੋਂ ਬਾਅਦ ਟੁੱਟ ਗਈਆਂ।

ਇਹ ਵਿਸ਼ਵ ਕੱਪ ਕਈ ਵੱਡੇ ਸਿਤਾਰਿਆਂ ਦਾ ਆਖ਼ਰੀ ਵਿਸ਼ਵ ਮੰਨਿਆ ਜਾ ਰਿਹਾ ਹੈ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਵਰਗੇ ਸਿਤਾਰਿਆਂ ਤੋਂ ਇਹ ਵਿਸ਼ਵ ਕੱਪ ਜਿਤਾਉਣ ਦੀ ਉਮੀਦ ਸੀ ਜੋ ਇਸ ਵਾਰ ਪੂਰੀ ਨਹੀਂ ਹੋ ਸਕੀ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟ੍ਰੇਲੀਆ ਦੀਆਂ ਤਿੰਨਾਂ ਵਿਕਟਾਂ ਲੈ ਲਈਆਂ ਹਨ।

ਮੁਹੰਮਦ ਸ਼ਮੀ ਨੇ ਸਭ ਤੋਂ ਪਹਿਲਾਂ ਡੇਵਿਡ ਵਾਰਨਰ ਦਾ ਵਿਕਟ ਲਿਆ ਅਤੇ ਜਸਪ੍ਰੀਤ ਬੁਮਰਾਹ ਨੇ ਪਹਿਲਾਂ ਮਿਸ਼ੇਲ ਮਾਰਸ਼ ਦਾ ਤੇ ਦੂਜਾ ਸਟੀਵ ਸਮਿਥ ਦਾ ਵੀ ਲਿਆ।

ਹਾਲਾਂਕਿ, ਇਸ ਤੋਂ ਬਾਅਦ ਮਾਰਨਸ ਲਾਬੂਸ਼ੇਨ ਅਤੇ ਟ੍ਰੈਵਿਸ ਹੈੱਡ ਨੇ ਪਿੱਚ 'ਤੇ ਟਿਕ ਕੇ ਚੌਥੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ।

ਇਸ ਦੌਰਾਨ ਟ੍ਰੈਵਿਸ ਹੈੱਡ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ 35 ਓਵਰਾਂ ਤੱਕ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਆਸਟ੍ਰੇਲੀਆ ਦੇ ਸਕੋਰ ਨੂੰ 192 ਦੌੜਾਂ ਤੱਕ ਪਹੁੰਚ ਦਿੱਤਾ।

ਸ਼ਮੀ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਸਫ਼ਲ ਬੱਲੇਬਾਜ਼ ਡੇਵਿਡ ਵਾਰਨਰ ਨੂੰ ਆਊਟ ਕੀਤਾ ਸੀ।

ਵਾਰਨਰ ਸ਼ਮੀ ਦੀ ਗੁੱਡ ਲੈਂਥ ਗੇਂਦ ਨੂੰ ਖੇਡਣਾ ਚਾਹੁੰਦੇ ਸੀ ਪਰ ਉਸ ਦੇ ਬੱਲੇ ਦਾ ਬਾਹਰੀ ਕਿਨਾਰਾ ਲੈਂਦਿਆਂ ਇਹ ਸਲਿਪ ਵਿੱਚ ਖੜ੍ਹੇ ਵਿਰਾਟ ਦੇ ਹੱਥਾਂ ਵਿੱਚ ਚਲੀ ਗਈ ਅਤੇ ਕੋਹਲੀ ਨੇ ਕੋਈ ਗ਼ਲਤੀ ਨਹੀਂ ਕੀਤੀ। ਵਾਰਨਰ ਨੇ ਸੱਤ ਦੌੜਾਂ ਬਣਾਈਆਂ।

ਮੈਚ ਦੇ ਪੰਜਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਮਿਸ਼ੇਲ ਮਾਰਸ਼ ਨੂੰ ਵਿਕਟ ਦੇ ਪਿੱਛੇ ਆਊਟ ਕਰਕੇ ਆਸਟ੍ਰੇਲੀਆ ਨੂੰ ਦੂਜਾ ਝਟਕਾ ਦਿੱਤਾ। ਮਾਰਸ਼ ਨੇ 15 ਦੌੜਾਂ ਦਾ ਯੋਗਦਾਨ ਦਿੱਤਾ।

7ਵੇਂ ਓਵਰ 'ਚ ਬੁਮਰਾਹ ਨੇ ਸਟੀਵ ਸਮਿਥ ਨੂੰ ਐੱਲਬੀਡਬਲਿਯੂ ਆਊਟ ਕਰਵਾ ਕੇ ਆਸਟ੍ਰੇਲੀਆਈ ਟੀਮ ਨੂੰ ਤੀਜਾ ਝਟਕਾ ਦਿੱਤਾ।

ਭਾਰਤ ਨੇ ਦਿੱਤਾ 241 ਦੌੜਾਂ ਦਾ ਟੀਚਾ

ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤਣ ਲਈ 241 ਦੌੜਾਂ ਦਾ ਟੀਚਾ ਦਿੱਤਾ ਹੈ।

ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ 240 ਦੌੜਾਂ ਦਾ ਸਕੋਰ ਖੜ੍ਹਾ ਕਰ ਸਕਿਆ।

ਆਸਟ੍ਰੇਲੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਨੇ ਪੂਰੇ ਓਵਰਾਂ ਵਿੱਚ 10 ਵਿਕਟਾਂ ਗੁਆ ਲਈਆਂ ਸਨ।

ਵਿਰਾਟ ਕੋਹਲੀ ਅਰਧ ਸੈਂਕੜਾ ਮਾਰਨ ਤੋਂ ਬਾਅਦ ਆਊਟ ਹੋ ਗਏ ਹਨ। ਉਨ੍ਹਾਂ ਨੇ 63 ਗੇਂਦਾਂ 'ਤੇ 54 ਦੌੜਾਂ ਬਣਾਈਆਂ।

ਸ਼੍ਰੇਅਸ ਅਈਅਰ 3 ਗੇਂਦਾਂ ਉੱਤੇ 4 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਨ। ਉੱਥੇ ਹੀ ਸੂਰਿਆ ਕੁਮਾਰ ਯਾਦਵ 28 ਗੇਂਦਾਂ 18 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਜਸਪ੍ਰੀਤ ਬੁਮਰਾਹ ਇੱਕ ਦੌੜ ਬਣਾ ਕੇ ਅਤੇ ਮੁੰਹਮਦ ਸ਼ਮੀ 6 ਦੌੜਾਂ ਬਣਾ ਕੇ ਵਾਪਸ ਪਵੇਲੀਅਨ ਪਰਤ ਗਏ।

ਭਾਰਤ ਦੇ ਛੇਵੇਂ ਵਿਕਟ ਵਜੋਂ ਕੇਐੱਲ ਰਾਹੁਲ ਵੀ ਆਊਟ ਹੋ ਗਏ ਹਨ, ਉਨ੍ਹਾਂ ਨੇ 107 ਗੇਂਦਾਂ 'ਤੇ 66 ਦੌੜਾਂ ਬਣਾਈਆਂ ਹਨ। ਉਧਰ 22 ਗੇਂਦਾਂ 'ਤੇ 9 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਕੈਚ ਆਊਟ ਹੋਏ।

ਭਾਰਤ ਨੇ 40 ਓਵਰਾਂ ਤੱਕ 4 ਵਿਕਟਾਂ ਗੁਆ ਕੇ 211 ਦੌੜਾਂ ਬਣਾ ਲਈਆਂ ਹਨ।

31 ਗੇਂਦਾਂ 'ਤੇ 47 ਦੌੜਾਂ ਬਣਾ ਕੇ ਕਪਤਾਨ ਰੋਹਿਤ ਸ਼ਰਮਾ ਵੀ ਆਊਟ ਹੋ ਗਏ ਸਨ।

ਸ਼ੁਭਮਨ ਗਿੱਲ 7 ਗੇਂਦਾਂ 'ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਉਨ੍ਹਾਂ ਦੀ ਵਿਕਟ ਮਿਚੇਲ ਸਟਾਰਕ ਨੇ ਲਈ ਹੈ।

'ਫ੍ਰੀ ਫਲਸਤੀਨ' ਟੀ-ਸ਼ਰਟ ਪਹਿਨ ਕੇ ਸਟੇਡੀਅਮ 'ਚ ਵੜ੍ਹੇ ਵਿਅਕਤੀ ਨੇ ਕਿਹਾ- ਮੇਰਾ ਨਾਮ ਜੌਨਸਨ ਹੈ ਅਤੇ ਮੈਂ...

ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਸਟੇਡੀਅਮ ਵਿੱਚ ਦਾਖ਼ਲ ਹੋਏ ਵਿਅਕਤੀ ਨੂੰ ਅਹਿਮਦਾਬਾਦ ਦੇ ਚਾਂਦਖੇੜਾ ਥਾਣੇ ਲਿਆਂਦਾ ਗਿਆ ਹੈ।

'ਫ੍ਰੀ ਫਲਸਤੀਨ' ਦੀ ਟੀ-ਸ਼ਰਟ ਪਹਿਨ ਕੇ ਅਤੇ ਝੰਡਾ ਚੁੱਕੀ ਇਹ ਦਰਸ਼ਕ ਮੈਦਾਨ 'ਤੇ ਵਿਰਾਟ ਕੋਹਲੀ ਦੇ ਨੇੜੇ ਪਹੁੰਚ ਗਿਆ ਸੀ, ਜਿੱਥੇ ਥੋੜ੍ਹੀ ਦੇਰ ਵਿੱਚ ਉਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ੍ਹ ਲਿਆ।

ਨਿਊਜ਼ ਏਜੰਸੀ ਏਐੱਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਇਸ ਵਿਅਕਤੀ ਨੂੰ ਪੁਲਿਸ ਲੈ ਕੇ ਜਾ ਰਹੀ ਹੈ।

ਇਸ ਵੀਡੀਓ 'ਚ ਇਹ ਵਿਅਕਤੀ ਆਪਣਾ ਨਾਂ ਜੌਨਸਨ ਦੱਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਅਤੇ ਉਹ ਮੈਦਾਨ 'ਤੇ ਵਿਰਾਟ ਕੋਹਲੀ ਨੂੰ ਮਿਲਣ ਗਿਆ ਸੀ।

ਉਸ ਨੇ ਕਿਹਾ ਕਿ ਉਹ ਫ਼ਲਸਤੀਨ ਦਾ ਸਮਰਥਕ ਹੈ।

ਮੈਦਾਨ 'ਚ ਆਇਆ ਪ੍ਰਸ਼ੰਸ਼ਕ

ਮੈਚ ਵਿਚਾਲੇ ਇੱਕ ਪ੍ਰਸ਼ੰਸ਼ਕ ਅਚਾਨਕ ਮੈਦਾਨ ਵਿੱਚ ਆ ਗਿਆ ਅਤੇ ਉਸ ਨੇ ਆ ਕੇ ਵਿਰਾਟ ਕੋਹਲੀ ਨੂੰ ਪਿੱਛੋ ਦੀ ਫੜ੍ਹ ਲਿਆ।

ਪ੍ਰਸ਼ੰਸ਼ਕ ਦੀ ਟੀ-ਸ਼ਰਟ ਉੱਤੇ ਲਿਖਿਆ ਸੀ, 'ਫਰੀ ਫਲਸਤੀਨ' ਅਤੇ ਅਗਲੇ ਪਾਸੇ ਲਿਖਿਆ ਸੀ, ਫਲਸਤੀਨ ਦੇ ਬੰਬਾਰੀ ਬੰਦ ਕਰੋ।'

ਹਾਲਾਂਕਿ, ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਪ੍ਰਸ਼ੰਸ਼ਕ ਨੂੰ ਮੈਦਾਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਕ੍ਰਿਕਟ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਇੱਕ-ਦੂਜੇ 'ਤੇ ਵਿਸ਼ਵਾਸ਼ ਜਤਾਉਂਦੇ ਨਜ਼ਰ ਆਏ।

ਭਾਰਤ ਨੇ ਹੁਣ ਤੱਕ ਖੇਡੇ ਗਏ 10 ਮੁਕਾਬਲਿਆਂ ਵਿੱਚ ਬਿਨਾ ਕੋਈ ਮੈਚ ਹਾਰੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਪਹੁੰਚੇ ਹਨ।

ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 12 ਸਾਲ ਪਹਿਲਾਂ ਸ਼੍ਰੀਲੰਕਾ ਨੂੰ ਹਰਾ ਕੇ ਆਖ਼ਰੀ ਵਾਰੀ ਵਿਸ਼ਵ ਕੱਪ ਜਿੱਤਿਆ ਸੀ।

ਦੂਜੇ ਪਾਸੇ ਪਹਿਲੀ ਵਾਰੀ ਇਸ ਕੱਪ ਨੂੰ ਭਾਰਤੀ ਟੀਮ ਨੇ ਕਪਿਲ ਦੇਵ ਦੀ ਅਗਵਾਈ ਵਿੱਚ 1983 ਵਿੱਚ ਜਿੱਤਿਆ ਸੀ।

ਭਾਰਤੀ ਖਿਡਾਰੀਆਂ ਨੇ ਕਿਹੜੇ ਨਵੇਂ ਰਿਕਾਰਡ ਬਣਾਏ

ਵਿਰਾਟ ਕੋਹਲੀ ਨੇ ਹੁਣ ਤੱਕ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 10 ਮੈਚਾਂ ਵਿੱਚ 711 ਦੌੜਾਂ ਬਣਾਈਆਂ ਹਨ।

ਵਿਰਾਟ ਕੋਹਲੀ ਨੇ ਇੱਕ ਦਿਨਾ ਮੈਚਾਂ ਵਿੱਚ 50 ਸੈਂਕੜੇ ਬਣਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।

ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਹੁਣ ਤੱਕ 23 (ਸਭ ਤੋਂ ਵੱਧ) ਵਿਕਟਾਂ ਲੈ ਚੁੱਕੇ ਹਨ। ਉਹ ਇੱਕ ਦਿਨਾ ਵਿਸ਼ਵ ਕੱਪ ਵਿੱਚ 50 ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਹਨ।

ਟਾਸ ਹੋਵੇਗਾ ਅਹਿਮ

ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ ਮੁਤਾਬਕ ਟਾਸ ਜਿੱਤਣ ਵਾਲੀ ਟੀਮ ਕੀ ਫ਼ੈਸਲਾ ਲੈਂਦੀ ਹੈ ਇਹ ਬਹੁਤ ਅਹਿਮ ਹੋਵੇਗਾ।

ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ, ਕਿਉਂਕਿ ਉਹ ਟੀਮ ਵੱਡੇ ਸਕੋਰ ਦਾ ਪਿੱਛਾ ਕਰਨ ਦਾ ਦਬਾਅ ਨਹੀਂ ਝੱਲਣਾ ਚਾਹੇਗੀ।

ਅਹਿਮਦਾਬਾਦ ਦੀ ਪਿੱਚ ਉੱਤੇ ਘਾਹ ਨਹੀਂ ਹੈ ਅਤੇ ਇਹ ਪੱਧਰੀ ਹੈ।

ਇਸ ਨਾਲ ਬੱਲੇਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ ਪਰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਵਿਸ਼ਵ ਕੱਪ ਦੇ ਪਿਛਲੇ ਤਿੰਨ ਮੈਚ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ।

ਆਸਟ੍ਰੇਲੀਆ ਦੇ ਕਿਹੜੇ ਖਿਡਾਰੀ ਖੇਡ ਵਿਗਾੜ ਸਕਦੇ ਹਨ

ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਇਸ ਮੈਚ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।

ਚਾਹੇ ਉਹ ਗਲੈਨ ਮੈਕਸਵੈੱਲ ਹੋਣ ਜਾਂ ਡੇਵਿਡ ਵਾਰਨਰ।

ਗਲੈਨ ਮੈਕਸਵੈੱਲ ਨੇ ਆਪਣੀ ਬੱਲੇਬਾਜ਼ੀ ਦੇ ਜ਼ੋਰ 'ਤੇ ਆਸਟ੍ਰੇਲੀਆ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਮੁਕਾਬਲੇ ਵਿੱਚ ਜਿੱਤ ਹਾਸਲ ਕਰਵਾਈ ਸੀ।

ਡੇਵਿਡ ਵਾਰਨਰ ਆਪਣੀ ਹਮਲਾਵਰ ਬੱਲੇਬਾਜ਼ੀ ਦੇ ਲਈ ਜਾਣੇ ਜਾਂਦੇ ਹਨ।

ਆਸਟ੍ਰੇਲੀਆਈ ਬੱਲੇਬਾਜ਼ ਜਿੱਥੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਦਬਾਅ ਨੂੰ ਝੱਲ ਸਕਦੇ ਹਨ, ਉੱਥੇ ਹੀ ਉਨ੍ਹਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਕੇ ਵੱਡਾ ਸਕੋਰ ਬਣਾਉਣ ਦੀ ਵੀ ਤਾਕਤ ਹੈ।

ਡੇਵਿਡ ਵਾਰਨਰ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਛੇਵੇਂ ਨੰਬਰ ਉੱਤੇ ਹਨ।

ਇਸ ਤੋਂ ਇਲਾਵਾ ਮਿਸ਼ੇਲ ਮਾਰਸ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਉਨ੍ਹਾਂ ਨੇ 9 ਮੈਚਾਂ ਵਿੱਚ 53.25 ਦੀ ਔਸਤ ਨਾਲ 426 ਦੌੜਾ ਬਣਾਈਆਂ ਹਨ।

ਗਲੈਨ ਮੈਕਸਵੈੱਲ ਵੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ 12ਵੇਂ ਨੰਬਰ 'ਤੇ ਹਨ।

ਅੰਕੜੇ ਕੀ ਕਹਿੰਦੇ ਹਨ

ਵਨਡੇ ਕ੍ਰਿਕਟ ਵਿੱਚ ਆਸਟ੍ਰੇਲੀਆ ਖ਼ਿਲਾਫ਼ ਭਾਰਤ ਦਾ ਰਿਕਾਰਡ ਬਹੁਤ ਉਤਸ਼ਾਹ ਵਾਲਾ ਨਹੀਂ ਹੈ।

ਦੋਵੇਂ ਟੀਮਾਂ ਹੁਣ ਤੱਕ 150 ਵਨਡੇ ਵਿੱਚ ਭਿੜ ਚੁੱਕੀਆਂ ਹਨ ਅਤੇ ਆਸਟ੍ਰੇਲੀਆ 83 ਵਾਰੀ ਭਾਰਤ ਤੋਂ ਜਿੱਤ ਚੁੱਕਿਆ ਹੈ, ਭਾਰਤ ਨੇ 57 ਵਾਰੀ ਆਸਟ੍ਰੇਲੀਆ ਨੂੰ ਹਰਾਇਆ ਹੈ।

ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਆਪਸ ਵਿੱਚ 13 ਮੈਚ ਖੇਡ ਚੁੱਕੀਆਂ ਹਨ ਅਤੇ ਇੱਥੇ ਵੀ ਆਸਟ੍ਰੇਲੀਆਂ 8-5 ਤੋਂ ਅੱਗੇ ਹੈ।

ਪਰ ਭਾਰਤੀ ਜ਼ਮੀਨ ਉੱਤੇ ਦੋਵੇਂ ਟੀਮਾਂ ਦੇ ਵਿੱਚ ਸਖ਼ਤ ਟੱਕਰ ਹੁੰਦੀ ਹੈ।

ਇੱਥੇ ਖੇਡੇ ਗਏ 71 ਵਨਡੇ ਮੁਕਾਬਲਿਆਂ ਵਿੱਚ ਦੋਵੇਂ ਟੀਮਾਂ ਨੇ ਬਰਾਬਰ – 33 ਮੈਚ ਜਿੱਤੇ ਹਨ।

ਨਾਲ ਹੀ ਜੇਕਰ ਦੋਵੇਂ ਟੀਮਾਂ ਦੇ ਵਿਚਲੇ ਇਸ ਸਾਲ ਖੇਡੇ ਗਏ 7 ਮੁਕਾਬਲਿਆਂ ਦੇ ਨਤੀਜੇ ਦੇਖੀਏ ਤਾਂ ਚਾਰ ਮੈਚ ਜਿੱਤ ਕੇ ਭਾਰਤ ਦਾ ਪ੍ਰਦਰਸ਼ਨ ਥੋੜਾ ਬਿਹਤਰ ਰਿਹਾ ਹੈ।

ਇਸ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਦੇ ਸਾਰੇ ਬੱਲੇਬਾਜ਼ ਚੰਗਾ ਖੇਡ ਰਹੇ ਹਨ।

ਵਿਰਾਟ ਕੋਹਲੀ ਕਿਸੇ ਵੀ ਹੋਰ ਟੀਮ ਦੇ ਬੱਲੇਬਾਜ਼ਾਂ ਦੇ ਮੁਕਾਬਲੇ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਹੁਣ ਤੱਕ 711 ਦੌੜਾਂ ਬਣਾਈਆਂ ਹਨ।

ਰੋਹਿਤ ਸ਼ਰਮਾ ਨੇ 550 ਜਦਕਿ ਸ਼੍ਰੇਅਸ ਅਈਅਰ ਨੇ 526 ਦੌੜਾਂ ਬਣਾਈਆਂ ਹਨ।

ਦੂਜੇ ਪਾਸੇ ਆਸਟ੍ਰੇਲੀਆ ਦੇ ਵੱਲੋਂ ਵੱਧ ਦੌੜਾਂ ਬਣਾਉਣ ਵਾਲੇ ਡੇਵਿਡ ਵਾਰਨਰ ਨੇ 528 ਦੌੜਾਂ ਬਣਾਈਆਂ ਹਨ ਤਾਂ ਉਨ੍ਹਾਂ ਦੇ ਨਾਲ-ਨਾਲ ਗਲੈੱਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੇ ਦੋ-ਦੋ ਸੈਂਕੜੇ ਬਣਾਏ ਹਨ।

ਗੇਂਦਬਾਜ਼ੀ ਵਿੱਚ ਸਭ ਤੋਂ ਅੱਗੇ ਚੱਲ ਰਹੇ ਮੁਹੰਮਦ ਸ਼ਮੀ ਨੇ ਸਿਰਫ਼ ਛੇ ਮੈਚਾਂ ਵਿੱਚ 23 ਵਿਕਟਾਂ ਲਈਆਂ ਹਨ ਜਦਕਿ ਆਸਟ੍ਰੇਲੀਆਈ ਸਪਿੰਨਰ ਐਡਮ ਜ਼ੈਂਪਾ ਉਨ੍ਹਾਂ ਤੋਂ ਇੱਕ ਕਦਮ ਪਿੱਛੇ ਹਨ।

ਜਸਪ੍ਰੀਤ ਬੁਮਰਾਹ ਨੇ 18, ਰਵਿੰਦਰ ਜਡੇਜਾ ਨੇ 16, ਕੁਲਦੀਪ ਯਾਦਵ ਨੇ 15 ਅਤੇ ਮੁਹੰਮਦ ਸਿਰਾਜ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਉਂਦਿਆਂ 13 ਵਿਕਟਾਂ ਲਈਆਂ ਹਨ।

ਆਸਟ੍ਰੇਲੀਆਈ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ 14 ਅਤੇ ਮਿਸ਼ੇਲ ਸਟਾਰਕ ਨੇ 13 ਵਿਕਟਾਂ ਲਈਆਂ ਹਨ, ਉਹ ਆਪਣੀ ਟੀਮ ਦੇ ਲਈ ਹਰ ਸਥਿਤੀ ਵਿੱਚ ਵਿਕਟਾਂ ਲੈਂਦੇ ਹਨ।

ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਸਖ਼ਤ ਮੁਕਾਬਲਾ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ।

20 ਸਾਲ ਬਾਅਦ ਕੀ ਕੁਝ ਬਦਲੇਗਾ?

ਖੇਡ ਪੱਤਰਕਾਰ ਸੰਜੈ ਕਿਸ਼ੋਰ ਬੀਬੀਸੀ ਲਈ ਆਪਣੀ ਰਿਪੋਰਟ ਵਿੱਚ ਲਿਖਦੇ ਹਨ ਇਸ ਵਾਰੀ ਹਾਲਾਤ ਅਲੱਗ ਹਨ।

ਉਹ ਲਿਖਦੇ ਹਨ ਉਸ ਵੇਲੇ ਫਾਈਨਲ ਮੈਚ ਦੱਖਣੀ ਅਫਰੀਕਾ ਵਿੱਚ ਖੇਡਿਆ ਗਿਆ ਸੀ। ਉਸ ਮੈਚ ਵਿੱਚ 32 ਹਜ਼ਾਰ ਦੇ ਕਰੀਬ ਦਰਸ਼ਕ ਸਨ ਜਿਹੜੇ ਦੋਵਾਂ ਟੀਮਾਂ ਨੂੰ ਉਤਸ਼ਾਹ ਦੇ ਰਹੇ ਸਨ ਜਦਕਿ ਇਸ ਵਾਰ ਭਾਰਤ ਇਸ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰੀ ਇਤਿਹਾਸ ਬਦਲ ਗਿਆ ਹੈ। ਭਾਰਤ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਵੀ ਆਸਟ੍ਰੇਲੀਆ ਨੂੰ ਹਰਾ ਚੁੱਕਾ ਹੈ।

2003 ਵਾਲੇ ਫਾਈਨਲ ਵਿੱਚ ਆਸਟ੍ਰੇਲੀਆ ਨੇ 359 ਦੌੜਾਂ ਬਣਾਈਆਂ ਸਨ। ਰਿੱਕੀ ਪੌਂਟਿੰਗ ਨੇ 121 ਗੇਂਦਾਂ ਉੱਤੇ 141 ਦੌੜਾਂ ਬਣਾਈਆਂ ਸਨ।

ਉਸ ਵੇਲੇ ਆਸਟ੍ਰੇਲੀਆਈ ਟੀਮ ਦੇ ਕਪਤਾਨ ਰਿੱਕੀ ਪੌਂਟਿੰਗ ਸਨ ਅਤੇ ਭਾਰਤ ਦੀ ਕਪਤਾਨੀ ਸੌਰਵ ਗਾਂਗੁਲੀ ਕਰ ਰਹੇ ਸਨ।

ਉਸ ਮੈਚ ਵਿੱਚ ਸਚਿਨ ਤੇਂਦੁਲਕਰ ਨੇ ਚਾਰ, ਸੌਰਵ ਗਾਂਗੁਲੀ ਨੇ 24, ਵਿਰੇਂਦਰ ਸਹਿਵਾਗ ਨੇ 82 ਅਤੇ ਰਾਹੁਲ ਦ੍ਰਾਵਿੜ ਨੇ 47 ਦੌੜਾਂ ਬਣਾਈਆਂ ਸਨ।

ਆਸਟ੍ਰੇਲੀਆਂ ਨੇ 125 ਦੌੜਾਂ ਦੇ ਫ਼ਰਕ ਨਾਲ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਤੀਜੀ ਵਾਰੀ ਆਪਣੇ ਨਾਂਅ ਕਰ ਲਿਆ ਸੀ।

ਉਹ ਲਿਖਦੇ ਹਨ ਕਿ ਇਸ ਵਾਰੀ ਭਾਰਤ ਦਾ ਪਲੜਾ ਭਾਰੀ ਲੱਗ ਰਿਹਾ ਹੈ, ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)