ਬਦਾਯੂੰ 'ਚ ਮਰਨ ਵਾਲੇ ਬੱਚਿਆਂ ਦੇ ਪਿਤਾ ਤੇ ਕਤਲ ਦੇ ਮੁਲਜ਼ਮ ਦੀ ਮਾਂ ਨੇ ਕੀ ਕਿਹਾ, ਪੂਰੀ ਖ਼ਬਰ

ਬੱਚਿਆਂ ਦੇ ਪਿਤਾ ਅਤੇ ਮੁਲਜ਼ਮਾਂ ਦੀ ਮਾਂ
ਤਸਵੀਰ ਕੈਪਸ਼ਨ, ਬਦਾਯੂੰ 'ਚ ਮਾਰੇ ਗਏ ਦੋ ਬੱਚਿਆਂ ਦਾ ਪਿਤਾ ਵਿਨੋਦ ਕੁਮਾਰ ਅਤੇ 'ਮੁਕਾਬਲੇ' ਵਿੱਚ ਮਾਰੇ ਗਏ ਮੁਲਜ਼ਮ ਸਾਜਿਦ ਦੀ ਮਾਂ ਨਜ਼ਰੀਨ
    • ਲੇਖਕ, ਅਨੰਤ ਝਣਾਣੇ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਦੋ ਬੱਚਿਆਂ ਦੇ ਕਤਲ ਅਤੇ ਮਗਰੋਂ ਕਥਿਤ ਮੁਕਾਬਲੇ ਵਿੱਚ ਮੁਲਜ਼ਮ ਸਾਜਿਦ ਦੀ ਮੌਤ ਨੇ ਹਲਚਲ ਮਚਾ ਦਿੱਤੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਸਾਜਿਦ ਅਤੇ ਜਾਵੇਦ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ।

ਬੀਬੀਸੀ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਦੋਵਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਸਮਝਣ ਦੀ ਕੋਸ਼ਿਸ਼ ਕੀਤੀ।

ਇੱਕ ਪਾਸੇ ਪੀੜਤ ਆਪਣੇ ਲਈ ਸੁਰੱਖਿਆ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਜਾਵੇਦ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦਾ ਅਸਲ ਇਰਾਦਾ ਸਪੱਸ਼ਟ ਹੋ ਸਕੇ।

ਪੀੜਤ ਕੀ ਕਹਿੰਦੇ ਹਨ?

ਮਾਰੇ ਗਏ ਬੱਚਿਆਂ ਦਾ ਪਿਤਾ ਵਿਨੋਦ ਕੁਮਾਰ
ਤਸਵੀਰ ਕੈਪਸ਼ਨ, ਮਾਰੇ ਗਏ ਬੱਚਿਆਂ ਦਾ ਪਿਤਾ ਵਿਨੋਦ ਕੁਮਾਰ

ਬੀਬੀਸੀ ਨੇ ਇਸ ਹੱਤਿਆਕਾਂਡ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਿਤਾ ਵਿਨੋਦ ਕੁਮਾਰ ਨਾਲ ਗੱਲ ਕੀਤੀ ਹੈ, ਜੋ ਇਸ ਘਟਨਾ ਤੋਂ ਬਾਅਦ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕਰ ਰਹੇ ਹਨ।

ਉਹ ਕਹਿੰਦੇ ਹਨ, "ਜੇ ਸਾਨੂੰ ਸੁਰੱਖਿਆ ਨਹੀਂ ਮਿਲਦੀ ਹੈ। ਜਾਂ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਨੂੰ ਕਿਉਂ ਮਾਰਿਆ ਗਿਆ ਹੈ, ਤਾਂ ਅਸੀਂ ਉੱਥੇ ਜਾ ਕੇ ਖੁਦਕੁਸ਼ੀ ਕਰ ਲਵਾਂਗੇ। ਸਾਰਿਆਂ ਨੂੰ ਲੈ ਜਾਵਾਂਗਾ। ਮੈਂ ਇਹ ਤਾਂ ਕਹਿ ਰਿਹਾ ਹਾਂ ਕਿਉਂਕਿ ਜਦੋਂ ਕੋਈ ਆ ਕੇ ਬੱਚਿਆਂ ਨੂੰ ਮਾਰ ਸਕਦਾ ਹੈ, ਤਾਂ ਕੋਈ ਸਾਨੂੰ ਵੀ ਮਾਰ ਸਕਦਾ ਹੈ।"

"ਜਦੋਂ ਉਸਨੇ ਸਾਡੇ ਘਰ ਵਿੱਚ ਦਾਖਲ ਹੋਕੇ ਅਤੇ ਬੱਚਿਆਂ ਨੂੰ ਮਾਰ ਦਿੱਤਾ ਤਾਂ ਇਸ ਦੀ ਕੋਈ ਸਾਜ਼ਿਸ਼ ਤਾਂ ਹੋਵੇਗੀ। ਮੇਰੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੇਰਾ ਉਸ ਨਾਲ ਕੋਈ ਲੈਣ-ਦੇਣ ਨਹੀਂ ਸੀ। ਜਦੋਂ ਵੀ ਮੈਂ ਉਸ ਨੂੰ ਮਿਲਦਾ ਸੀ, ਮੈਂ ਉਸ ਨੂੰ ਵੀਰੇ ਨਮਸਤੇ ਕਹਿੰਦਾ ਸੀ। ਇੱਥੇ ਕੋਈ ਅਜਿਹਾ ਲੜਕਾ ਨਹੀਂ ਹੈ ਜੋ ਉਸ ਨੂੰ ਨਾ ਜਾਣਦਾ ਹੋਵੇ।"

"ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਵਿੱਚ ਪੂਰੀ ਕਾਰਵਾਈ ਹੋਵੇ। ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸ ਦੇ ਘਰ-ਪਰਿਵਾਰ ਨੂੰ ਫੜਿਆ ਜਾਵੇ। ਰਿਸ਼ਤੇਦਾਰ ਫੜੇ ਜਾਣ। ਜਦੋਂ ਉਸ 'ਤੇ ਲਾਠੀਚਾਰਜ ਹੋਵੇਗਾ ਤਾਂ ਉਹ ਆਪਣੇ-ਆਪ ਕਬੂਲ ਕਰ ਲਵੇਗਾ।"

ਕੀ ਕਹਿਣਾ ਹੈ ਮੁਲਜ਼ਮ ਦੀ ਮਾਂ ਦਾ?

ਸਾਜਿਦ ਅਤੇ ਜਾਵੇਦ ਦੀ ਮਾਂ ਨਜ਼ਰੀਨ
ਤਸਵੀਰ ਕੈਪਸ਼ਨ, ਸਾਜਿਦ ਅਤੇ ਜਾਵੇਦ ਦੀ ਮਾਂ ਨਜ਼ਰੀਨ

ਬੀਬੀਸੀ ਨੇ ਇਸ ਕਤਲ ਕਾਂਡ ਦੀ ਦੂਜੀ ਧਿਰ ਮੁਲਜ਼ਮ ਦੀ ਮਾਂ ਨਾਜ਼ਨੀਨ ਨਾਲ ਵੀ ਗੱਲ ਕੀਤੀ ਹੈ, ਜਿਸ ਨੇ ਹੁਣ ਤੱਕ ਸਾਹਮਣੇ ਆਈਆਂ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ।

ਸਾਜਿਦ ਅਤੇ ਜਾਵੇਦ ਦੀ ਮਾਂ ਨਾਜ਼ਨੀਨ ਨੇ ਦੱਸਿਆ ਕਿ ਉਸ ਦੇ ਬੇਟੇ ਸਾਜਿਦ ਅਤੇ ਜਾਵੇਦ ਪਿਛਲੇ ਦਸ ਸਾਲਾਂ ਤੋਂ ਇਸ ਇਲਾਕੇ ਵਿੱਚ ਦੁਕਾਨ ਚਲਾ ਰਹੇ ਸਨ।

ਉਹ ਸਾਜਿਦ ਦੀ ਉਮਰ 28 ਸਾਲ ਅਤੇ ਜਾਵੇਦ ਦੀ ਉਮਰ 24 ਸਾਲ ਦੱਸਦੇ ਹਨ। ਜਦਕਿ ਹੁਣ ਤੱਕ ਸਾਜਿਦ ਦੀ ਉਮਰ 22 ਸਾਲ ਦੱਸੀ ਜਾ ਰਹੀ ਸੀ।

ਨਜ਼ਰੀਨ ਮੁਤਾਬਕ, "ਜਦੋਂ ਪੁਲਿਸ ਸਾਜਿਦ ਨੂੰ ਲੱਭਦੀ ਹੋਈ ਘਰ ਪਹੁੰਚੀ ਤਾਂ ਸਾਨੂੰ ਇਸ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਕਿਹਾ, 'ਸਾਜਿਦ ਨੇ ਇਨ੍ਹਾਂ ਬੱਚਿਆਂ ਨੂੰ ਮਾਰ ਦਿੱਤਾ ਹੈ, ਹੁਣ ਤੁਸੀਂ ਸਵੇਰ ਤੱਕ ਕਫ਼ਨ ਦਾ ਇੰਤਜ਼ਾਮ ਕਰ ਲਓ। ਉਹ ਵੀ ਮਾਰ ਦਿੱਤਾ ਜਾਵੇਗਾ। ਫਿਰ ਪੁਲਿਸ ਆਖਣ ਆਈ ਕਿ ਤੁਹਾਡਾ ਬੇਟਾ ਸਾਜਿਦ ਵੀ ਗੋਲੀ ਨਾਲ ਮਾਰਿਆ ਗਿਆ ਹੈ।

ਇਸ ਮਾਮਲੇ ਵਿੱਚ ਦਰਜ ਐੱਫਆਈਆਰ ਮੁਤਾਬਕ ਸਾਜਿਦ ਆਪਣੀ ਪਤਨੀ ਦੀ ਡਿਲੀਵਰੀ ਲਈ ਪੰਜ ਹਜ਼ਾਰ ਰੁਪਏ ਲੈਣ ਵਿਨੋਦ ਕੁਮਾਰ ਦੇ ਘਰ ਗਿਆ ਸੀ।

ਇਸ ਸਵਾਲ 'ਤੇ ਨਾਜ਼ਰੀਨ ਦਾ ਕਹਿਣਾ ਹੈ, "ਇਹ ਗਲਤ ਖ਼ਬਰ ਹੈ। ਉਹ ਗਰਭਵਤੀ ਨਹੀਂ ਹੈ। ਉਹ ਆਪਣੇ ਪੇਕੇ ਗਈ ਹੈ। ਉਹ ਸਵੇਰੇ ਜਾਂਦੇ ਸਨ ਅਤੇ ਸ਼ਾਮ ਤੱਕ ਵਾਪਸ ਆ ਜਾਂਦੇ ਸਨ। ਕੱਲ੍ਹ ਵੀ ਦੋਵੇਂ ਘਰ ਵਾਪਸ ਆ ਗਏ ਸਨ। ਫਿਰ ਮੈਨੂੰ ਕਿਸੇ ਦਾ ਫੋਨ ਆਇਆ। ਤਾਂ ਸਾਜਿਦ ਮੋਟਰਸਾਈਕਲ ਉੱਤੇ ਚਲਾ ਗਿਆ। ਜਾਵਿਦ ਘਰ ਵਿੱਚ ਹੀ ਮਿੱਟੀ ਪਾ ਰਿਹਾ ਸੀ। ਉਸ (ਜਾਵੇਦ) ਨੂੰ ਫਸਾਇਆ ਜਾ ਰਿਹਾ ਹੈ।"

ਬਦਾਯੂੰ 'ਚ ਦੋ ਬੱਚਿਆਂ ਦਾ ਕਤਲ, ਫਿਰ 'ਮੁਕਾਬਲਾ', ਹੁਣ ਤੱਕ ਕੀ ਕੁਝ ਪਤਾ ਹੈ

ਮੌਕੇ ਤੋਂ ਬਾਹਰ ਨਿਕਲਦੀ ਹੋਈ ਪੁਲੀਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੌਕੇ ਤੋਂ ਬਾਹਰ ਨਿਕਲਦੀ ਹੋਈ ਪੁਲੀਸ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਵਿੱਚ ਮੰਗਲਵਾਰ ਰਾਤ ਨੂੰ ਦੋ ਬੱਚਿਆਂ ਦੇ ਕਤਲ ਤੋਂ ਬਾਅਦ ਹੋਏ ਕਥਿਤ ਮੁਕਾਬਲੇ ਵਿੱਚ ਮੁਲਜ਼ਮ ਦੀ ਮੌਤ ਹੋ ਗਈ ਹੈ।

ਉਦੋਂ ਤੋਂ ਹੀ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਕੁਝ ਦੁਕਾਨਾਂ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਅਮਨ-ਕਨੂੰਨ ਕਾਇਮ ਰੱਖਣ ਲਈ ਇਲਾਕੇ ਵਿੱਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਹਨ।

ਇਸ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਮੁਲਜ਼ਮ ਸਾਜਿਦ ਅਤੇ ਉਸ ਦੇ ਭਰਾ ਜਾਵੇਦ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਕਤਲਕਾਂਡ ਅਤੇ ਉਸ ਤੋਂ ਬਾਅਦ ਹੋਏ ਕਥਿਤ ਮੁਕਾਬਲੇ ਉੱਤੇ ਲਗਾਤਾਰ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਇੱਕ-ਦੂਜੇ 'ਤੇ ਇਲਜ਼ਾਮ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਤੀਸਰਾ ਬੱਚਾ ਹਮਲੇ ਤੋਂ ਬਚ ਗਿਆ

ਹਮਲੇ ਵਿੱਚ ਬਚਿਆ ਬੱਚਾ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਮਲੇ ਵਿੱਚ ਬਚਿਆ ਬੱਚਾ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ

ਖ਼ਬਰ ਏਜੰਸੀ ਪੀਟੀਆਈ ਨੇ ਇਸ ਮਾਮਲੇ 'ਚ ਦਰਜ ਐੱਫਆਈਆਰ ਦੇ ਆਧਾਰ 'ਤੇ ਨਵੀਂ ਜਾਣਕਾਰੀ ਦਿੱਤੀ ਹੈ।

ਇਸ ਐੱਫਆਈਆਰ ਅਨੁਸਾਰ ਇਸ ਕਤਲ ਕੇਸ ਵਿੱਚ ਮਰਨ ਵਾਲੇ ਬੱਚੇ ਹਨੀ ਅਤੇ ਆਯੂਸ਼ ਸਨ, ਜਿਨ੍ਹਾਂ ਦੀ ਉਮਰ ਕ੍ਰਮਵਾਰ ਅੱਠ ਅਤੇ 12 ਸਾਲ ਸੀ।

ਇਸ ਦੇ ਨਾਲ ਹੀ ਇਸ ਹਮਲੇ 'ਚ ਬਚੇ ਯੁਵਰਾਜ ਦੀ ਉਮਰ ਦਸ ਸਾਲ ਦੱਸੀ ਜਾ ਰਹੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੁਵਰਾਜ ਨੇ ਕਿਹਾ, "ਇਹ ਸਲੂਨ ਵਾਲੇ ਵੀਰੇ ਸੀ। ਉਹ ਲੋਕ ਆਏ। ਫਿਰ ਉਹ ਮੇਰੇ ਛੋਟੇ ਅਤੇ ਵੱਡੇ ਭਰਾ ਨੂੰ ਉੱਪਰ ਲੈ ਗਏ। ਪਤਾ ਨਹੀਂ ਕਿਉਂ ਮਾਰਿਆ। ਫਿਰ ਮੈਨੂੰ ਵੀ ਮਾਰਨ ਲੱਗ ਪਏ। ਮੈਂ ਉਨ੍ਹਾਂ ਦਾ ਚਾਕੂ ਹਟਾ ਦਿੱਤਾ ਅਤੇ ਧੱਕਾ ਮਾਰ ਕੇ ਭੱਜਿਆ।"

ਬੱਚਿਆਂ ਦੇ ਪਿਤਾ ਵਿਨੋਦ ਕੁਮਾਰ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਈ ਹੈ।

ਇਸ ਐੱਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ "ਮੁਲਜ਼ਮ ਸਾਜਿਦ ਨੇ ਆਪਣੀ ਪਤਨੀ ਦੀ ਡਿਲੀਵਰੀ ਲਈ ਮੇਰੀ ਪਤਨੀ ਸੰਗੀਤਾ ਤੋਂ ਪੰਜ ਹਜ਼ਾਰ ਰੁਪਏ ਮੰਗੇ। ਜਦੋਂ ਮੇਰੀ ਪਤਨੀ ਪੈਸੇ ਲੈਣ ਲਈ ਅੰਦਰ ਗਈ ਤਾਂ ਸਾਜਿਦ ਛੱਤ 'ਤੇ ਚਲਾ ਗਿਆ। ਕੁਝ ਦੇਰ ਬਾਅਦ ਜਾਵੇਦ ਵੀ ਉਥੇ ਪਹੁੰਚ ਗਿਆ। ਗਿਆ ਅਤੇ ਉਸਨੇ ਮੇਰੇ ਬੇਟਿਆਂ ਆਯੂਸ਼ ਅਤੇ ਹਨੀ ਨੂੰ ਛੱਤ 'ਤੇ ਬੁਲਾਇਆ।

"ਜਦੋਂ ਮੇਰੀ ਪਤਨੀ ਪੈਸੇ ਲੈ ਕੇ ਬਾਹਰ ਆਈ ਤਾਂ ਉਸਨੇ ਸਾਜਿਦ ਅਤੇ ਜਾਵੇਦ ਨੂੰ ਚਾਕੂ ਨਾਲ ਥੱਲੇ ਆਉਂਦੇ ਦੇਖਿਆ। ਮੇਰੀ ਪਤਨੀ ਨੂੰ ਇਹ ਦੇਖ ਕੇ ਉਨ੍ਹਾਂ ਨੇ ਕਿਹਾ - 'ਮੈਂ ਅੱਜ ਆਪਣਾ ਕੰਮ ਕਰ ਦਿੱਤਾ ਹੈ।' ਇਸ ਤੋਂ ਬਾਅਦ ਉਸ ਨੇ ਮੌਕਾ-ਏ-ਵਾਰਦਾਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।"

ਮੁਲਜ਼ਮਾਂ ਨੇ ਪਾਣੀ ਲੈਣ ਗਏ ਬੱਚੇ ਯੁਵਰਾਜ 'ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ਦੇ ਸਮੇਂ ਬੱਚਿਆਂ ਦੀ ਦਾਦੀ ਵੀ ਘਰ ਵਿੱਚ ਮੌਜੂਦ ਸੀ।

ਪੁਲਿਸ ਨੇ ਅਜੇ ਤੱਕ ਇਸ ਕਤਲ ਦੇ ਕਾਰਨ ਅਤੇ ਦੂਜੇ ਮੁਲਜ਼ਮ ਜਾਵੇਦ ਦੇ ਟਿਕਾਣੇ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਹਾਲਾਂਕਿ ਪੁਲਿਸ ਨੇ ਸਾਜਿਦ ਦੇ ਪਿਤਾ ਅਤੇ ਚਾਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਪੁਲਿਸ ਨੇ ਦੱਸਿਆ ਕਿ ਕਤਲ ਕਿਵੇਂ ਹੋਇਆ

ਪੁਲਿਸ ਮੌਕੇ 'ਤੇ ਪਹੁੰਚ ਗਈ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਮੌਕੇ 'ਤੇ ਪਹੁੰਚ ਗਈ

ਬਦਾਯੂੰ ਦੇ ਐੱਸਐੱਸਪੀ ਆਲੋਕ ਪ੍ਰਿਯਾਦਰਸ਼ੀ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਇਸ ਕਤਲ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ।

ਪ੍ਰਿਯਦਰਸ਼ੀ ਦਾ ਕਹਿਣਾ ਹੈ, "ਸਾਜਿਦ ਨਾਮ ਦਾ ਇਹ ਮੁਲਜ਼ਮ ਇਸ ਘਰ ਵਿੱਚ ਆਉਂਦਾ-ਜਾਂਦਾ ਰਹਿੰਦਾ ਸੀ। ਕੱਲ੍ਹ ਸ਼ਾਮ 7.30 ਵਜੇ ਦੱਸਿਆ ਜਾਂਦਾ ਹੈ ਕਿ ਉਹ ਪੌੜੀਆਂ ਤੋਂ ਘਰ ਵਿੱਚ ਆਇਆ। ਇਸ ਤੋਂ ਬਾਅਦ ਉਹ ਸਿੱਧਾ ਛੱਤ ਉੱਤੇ ਗਿਆ। ਉੱਥੇ ਪਹੁੰਚ ਕੇ ਉਸ ਨੇ ਦੋ ਬੱਚੇ ਜੋ ਖੇਡ ਰਹੇ ਸਨ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।

"ਉਹ ਉਥੋਂ ਹੇਠਾਂ ਆ ਗਿਆ। ਜਦੋਂ ਉਹ ਜਾਣ ਲੱਗਾ ਤਾਂ ਭੀੜ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਉਹ ਭੀੜ ਤੋਂ ਬਚ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਸਥਿਤੀ ਨੂੰ ਸੰਭਾਲ ਲਿਆ।"

ਇਸ ਕਤਲਕਾਂਡ ਦੇ ਕੁਝ ਘੰਟਿਆਂ ਬਾਅਦ ਸਾਜਿਦ ਦੀ ਇੱਕ ਕਥਿਤ ਮੁਕਾਬਲੇ ਵਿੱਚ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਹੈ।

ਮੁਕਾਬਲਾ ਕਿਵੇਂ ਹੋਇਆ?

ਬਦਾਯੂੰ ਦੇ ਐੱਸਐੱਸਪੀ ਆਲੋਕ ਪ੍ਰਿਯਦਰਸ਼ੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬਦਾਯੂੰ ਦੇ ਐੱਸਐੱਸਪੀ ਆਲੋਕ ਪ੍ਰਿਯਦਰਸ਼ੀ

ਆਲੋਕ ਪ੍ਰਿਯਾਦਰਸ਼ੀ ਨੇ ਕਿਹਾ, "ਜਦੋਂ ਪਤਾ ਲੱਗਾ ਕਿ ਉਹ (ਮੁਲਜ਼ਮ) ਭੱਜ ਗਿਆ ਹੈ ਤਾਂ ਉਸ ਦੀ ਭਾਲ ਲਈ ਟੀਮਾਂ ਭੇਜੀਆਂ ਗਈਆਂ। ਕੁਝ ਹੀ ਸਮੇਂ ਵਿੱਚ ਪਤਾ ਲੱਗਾ ਕਿ ਖੂਨ ਨਾਲ ਲੱਥਪੱਥ ਕੱਪੜਿਆਂ ਵਿੱਚ ਕੋਈ ਵਿਅਕਤੀ ਜੰਗਲ ਵਿੱਚ ਭੱਜ ਰਿਹਾ ਹੈ। ਪੁਲਿਸ ਨੇ ਘੇਰਾਬੰਦੀ ਕੀਤੀ। ਉਸ ਨੇ ਪੁਲਿਸ ਪਾਰਟੀ ਉੱਤੇ ਗੋਲੀ ਚਲਾਈ, ਜਵਾਬੀ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ।"

ਪ੍ਰਿਯਾਦਰਸ਼ੀ ਨੇ ਦੱਸਿਆ ਕਿ ਇਸ "ਕਤਲਕਾਂਡ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਅਤੇ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।"

ਸਿਆਸੀ ਬਿਆਨਬਾਜ਼ੀ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਇੱਕ-ਦੂਜੇ ਉੱਤੇ ਦੂਸ਼ਣ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੋਂ ਲੈ ਕੇ ਸ਼ਿਵਪਾਲ ਯਾਦਵ ਅਤੇ ਰਾਮ ਗੋਪਾਲ ਯਾਦਵ ਤੱਕ ਨੇ ਇਸ ਘਟਨਾ 'ਤੇ ਟਿੱਪਣੀ ਕਰਦੇ ਹੋਏ ਭਾਜਪਾ ਨੂੰ ਘੇਰ ਲਿਆ ਗਿਆ ਹੈ।

ਅਖਿਲੇਸ਼ ਯਾਦਵ ਨੇ ਕਿਹਾ, "ਦੋ ਭਰਾਵਾਂ ਦੀ ਜਾਨ ਚਲੀ ਗਈ ਹੈ। ਜੇਕਰ ਪੁਲਿਸ ਪਹਿਲਾਂ ਕਾਰਵਾਈ ਕਰਦੀ ਤਾਂ ਕੀ ਉਨ੍ਹਾਂ ਦੀ ਜਾਨ ਨਹੀਂ ਬਚ ਸਕਦੀ ਸੀ?"

ਇਸ ਦੇ ਨਾਲ ਹੀ ਸਪਾ ਦੀ ਟਿਕਟ 'ਤੇ ਬਦਾਯੂੰ ਲੋਕ ਸਭਾ ਸੀਟ ਤੋਂ ਚੋਣ ਲੜਨ ਜਾ ਰਹੇ ਸ਼ਿਵਪਾਲ ਯਾਦਵ ਨੇ ਕਿਹਾ ਹੈ ਕਿ 'ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਇਸ ਸਰਕਾਰ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਐਨਕਾਊਂਟਰ ਹੋ ਗਿਆ ਹੈ, ਹੁਣ ਇਸ ਮਾਮਲੇ ਤੋਂ ਪਰਦਾ ਕਿਵੇਂ ਹਟੇਗਾ।'

ਨਾਲ ਹੀ ਸਪਾ ਸੰਸਦ ਰਾਮ ਗੋਪਾਲ ਯਾਦਵ ਨੇ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ 'ਭਾਜਪਾ ਵਾਲੇ ਹਮੇਸ਼ਾ ਚੋਣਾਂ ਦੌਰਾਨ ਹਿੰਸਾ ਪੈਦਾ ਕਰਦੇ ਹਨ।'

ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਨੇ ਕਿਹਾ ਹੈ ਕਿ "ਪੂਰੇ ਸੂਬੇ ਵਿੱਚ ਜੰਗਲ ਰਾਜ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਘਟਨਾਵਾਂ ਵਾਪਰਦੀਆਂ ਰਹੀਆਂ ਹਨ।"

ਉਨ੍ਹਾਂ ਨੇ ਕਿਹਾ, "ਕਤਲ ਮੰਤਰੀ ਦੇ ਘਰ ਦੇ ਅੰਦਰ ਹੁੰਦਾ ਹੈ। ਉਹ ਮੋਹਨ ਲਾਲ ਗੰਜ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦੇ ਘਰ ਵਿੱਚ ਇੱਕ ਲੜਕੇ ਦਾ ਪਿਸਤੌਲ ਨਾਲ ਕਤਲ ਕੀਤਾ ਗਿਆ ਹੈ। ਉਸ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸ ਨੂੰ ਫਿਰ ਮੋਹਨਲਾਲ ਗੰਜ ਤੋਂ ਟਿਕਟ ਵੀ ਦੇ ਦਿੱਤੀ ਗਈ ਹੈ। ਜਿਸ ਦੇ ਮੁੰਡੇ ਨੇ ਕਿਸਾਨਾਂ ਨੂੰ ਕਾਰ ਚੜ੍ਹਾ ਕੇ ਮਾਰ ਦਿੱਤਾ, ਉਸ ਨੂੰ ਲਖੀਮਪੁਰ ਖੇੜੀ ਤੋਂ ਮੁੜ ਟਿਕਟ ਦੇ ਦਿੱਤੀ ਗਈ। ਅਜੇ ਮਿਸ਼ਰਾ ਟੇਨੀ ਨੂੰ।"

ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਿਰੀਰਾਜ ਸਿੰਘ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਲਈ ਯੋਗੀ ਸਰਕਾਰ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਕਿਹਾ, 'ਯੋਗੀ ਜੀ ਦੇ ਉੱਤਰ ਪ੍ਰਦੇਸ਼ ਵਿੱਚ ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਜਿਸ ਕਿਸੇ ਨੇ ਵੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਬਖਸ਼ਿਆ ਨਹੀਂ ਗਿਆ।'

ਭਾਜਪਾ ਨੇਤਾ ਸਿਧਾਰਥ ਨਾਥ ਸਿੰਘ ਵਲੋਂ ਵੀ ਸਮਾਜਵਾਦੀ ਪਾਰਟੀ 'ਤੇ ਪਲਟਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ, "ਇਹ ਮੰਦਭਾਗਾ ਹੈ। ਸਮਾਜਵਾਦੀ ਪਾਰਟੀ ਨੂੰ ਪੀੜਤ ਪਰਿਵਾਰ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ ਅਤੇ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਤੇ ਉਹ ਫਿਰਕਾਪ੍ਰਸਤੀ ਦੀ ਰਾਜਨੀਤੀ ਵੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਵੋਟ ਬੈਂਕ ਹੈ।"