ਸਨਸਕ੍ਰੀਨ : ਗਰਮੀ ਤੇ ਤੇਜ਼ ਧੁੱਪ ਤੋਂ ਚਮੜੀ ਨੂੰ ਬਚਾਉਣ ਦਾ ਕੀ ਹੈ ਸਭ ਤੋਂ ਵਧੀਆ ਤਰੀਕਾ, ਕਦੋਂ ਤੇ ਕਿਵੇਂ ਕਰੀਏ ਕਰੀਮ ਦੀ ਵਰਤੋਂ

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਬ੍ਰੈਡਲੇ
- ਰੋਲ, ਬੀਬੀਸੀ ਪੱਤਰਕਾਰ
ਸਨਸਕ੍ਰੀਨ ਲਗਾਉਣਾ ਵਿਆਪਕ ਤੌਰ 'ਤੇ ਸਾਡੀ ਸਿਹਤ ਲਈ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮੇਲਾਨੋਮਾ ਚਮੜੀ ਦੇ ਕੈਂਸਰ ਦੇ 80 ਫੀਸਦ ਤੋਂ ਵੱਧ ਮਾਮਲੇ ਸਨਬਰਨ ਕਾਰਨ ਹੁੰਦੇ ਹਨ ਅਤੇ ਇਹ ਗਿਣਤੀ ਸਾਲ ਦਰ ਸਾਲ ਵਧ ਰਹੀ ਹੈ।
ਮਾਹਰਾਂ ਮੁਤਾਬਕ, ਸੂਰਜ ਦੀਆਂ ਕਿਰਨਾਂ ਕਾਰਸੀਨੋਜਨਿਕ ਹੁੰਦੀਆਂ ਹਨ, ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ ਅਤੇ ਆਪਣੇ-ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ, ਇਸ ਲੇਖ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ।

ਹਰ ਸਾਲ ਵਿਸ਼ਵ ਪੱਧਰ 'ਤੇ ਚਮੜੀ ਦੇ ਕੈਂਸਰ ਦੇ ਅੰਦਾਜ਼ਨ 15 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਵਿੱਚ 2040 ਤੱਕ ਇਹ ਅੰਕੜਾ 50 ਫੀਸਦ ਵਧਣ ਦੀ ਉਮੀਦ ਹੈ।
ਇਨ੍ਹਾਂ ਸਪੱਸ਼ਟ ਤੱਥਾਂ ਅਤੇ ਸੂਰਜ ਦੇ ਸੰਪਰਕ ਦੇ ਜੋਖ਼ਮਾਂ ਬਾਰੇ ਵਾਰ-ਵਾਰ ਜਨਤਕ ਸਿਹਤ ਚੇਤਾਵਨੀਆਂ ਦੇ ਬਾਵਜੂਦ, ਸਨਸਕ੍ਰੀਨ ਕਿਵੇਂ ਅਤੇ ਕਦੋਂ ਲਗਾਉਣੀ ਹੈ, ਇਸ ਬਾਰੇ ਬਹੁਤ ਉਲਝਣ ਹੈ।

ਤਸਵੀਰ ਸਰੋਤ, Getty Images
ਚਮੜੀ ਨੂੰ ਸੂਰਜ ਤੋਂ ਬਚਾਉਣ ਦੀ ਲੋੜ ਕਿਉਂ ਹੈ?
ਕੈਲੀਫੋਰਨੀਆ ਯੂਨੀਵਰਸਿਟੀ ਦੇ ਮੈਡੀਸਨ ਦੇ ਪ੍ਰੋਫੈਸਰ ਰਿਚਰਡ ਗੈਲੋ ਕਹਿੰਦੇ ਹਨ ਕਿ ਜਦੋਂ ਅਸੀਂ ਸੂਰਜ ਦੇ ਸੰਪਰਕ ਵਿੱਚ ਆਉਂਦੇ ਹਾਂ, ਤਾਂ ਯੂਵੀ ਰੇਡੀਏਸ਼ਨ ਸਾਡੀ ਚਮੜੀ ਦੇ ਸੈੱਲਾਂ ਦੇ ਅੰਦਰ ਪਾਏ ਜਾਣ ਵਾਲੇ ਡੀਐੱਨਏ, ਪ੍ਰੋਟੀਨ ਅਤੇ ਹੋਰ ਅਣੂਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਮੱਧਮ ਮਾਤਰਾ ਵਿੱਚ ਸੂਰਜ ਦੀ ਰੌਸ਼ਨੀ ਤੋਂ ਯੂਵੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਨਾਲ ਸਾਡੀ ਚਮੜੀ ਦੇ ਸੈੱਲਾਂ ਨੂੰ ਵਿਟਾਮਿਨ ਡੀ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ।

ਗੈਲੋ ਦਾ ਮੁਤਾਬਕ, ਪਰ ਜਿਵੇਂ ਹੀ ਅਸੀਂ ਆਪਣੀ ਚਮੜੀ ਨੂੰ ਜ਼ਿਆਦਾ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਲਿਆਉਂਦੇ ਹਾਂ, ਇਹ ਮੇਲਾਨਿਨ ਬਣਾ ਕੇ ਟੈਨਿੰਗ ( ਚਮੜੀ ਦਾ ਕਾਲਾ ਹੋਣਾ) ਤੋਂ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਜੇਕਰ ਐਕਸਪੋਜ਼ਰ (ਸੂਰਜ ਦੀ ਰੌਸ਼ਨੀ ਦਾ ਸੰਪਰਕ) ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਚਮੜੀ ਆਪਣੇ ਆਪ ਨੂੰ ਨਹੀਂ ਬਚਾ ਸਕਦੀ ਅਤੇ ਤੁਹਾਨੂੰ ਜਲਣ ਹੋ ਜਾਂਦੀ ਹੈ।"
ਗੈਲੋ ਦਾ ਕਹਿਣਾ ਹੈ ਕਿ ਇਸ ਨਾਲ ਸਾਡੇ ਸੈੱਲਾਂ ਵਿੱਚ ਡੀਐੱਨਏ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜੋ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣ ਸਕਦਾ ਹੈ ਅਤੇ ਚਮੜੀ ਦੇ ਕੈਂਸਰ ਦੇ ਵਿਕਾਸ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਯੂਵੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣਾ ਚਮੜੀ ਦੇ ਕੈਂਸਰ ਦੇ ਆਮ ਰੂਪਾਂ ਦਾ ਮੁੱਖ ਕਾਰਨ ਹੈ।
ਗੈਲੋ ਕਹਿੰਦੇ ਹਨ, "ਘੱਟ ਐੱਸਪੀਐੱਫ ਵਾਲਾ ਸਨਸਕ੍ਰੀਨ ਸੂਰਜ ਤੋਂ ਆਉਣ ਵਾਲੀ ਰੇਡੀਏਸ਼ਨ ਦੇ ਸੰਪਰਕ ਨੂੰ ਥੋੜ੍ਹਾ ਘਟਾਉਂਦੀ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਾਰੇ ਨੁਕਸਾਨਦੇਹ ਪ੍ਰਭਾਵਾਂ ਨੂੰ ਹੋਣ ਦਿੰਦਾ ਹੈ। ਸੂਰਜ ਤੋਂ ਰੇਡੀਏਸ਼ਨ, ਬੇਸ਼ੱਕ ਥੋੜ੍ਹੀ ਹੀ ਮਾਤਰਾ ਵਿੱਚ ਕਿਉਂ ਨਾ ਹੋਵੇ, ਕੈਂਸਰਕਾਰੀ ਤੱਤ ਹੈ।"

ਤਸਵੀਰ ਸਰੋਤ, Getty Images
ਐੱਸਪੀਐੱਫ ਕੀ ਹੈ, ਇਸ ਦੀ ਕਿੰਨੀ ਲੋੜ
ਐੱਸਪੀਐੱਫ ਦਾ ਅਰਥ ਹੈ "ਸੰਨ ਪ੍ਰੋਟੈਕਸ਼ਨ ਫੈਕਟਰ" ਅਤੇ ਸਨਸਕ੍ਰੀਨ ਦੀਆਂ ਬੋਤਲਾਂ 'ਤੇ ਇਸ ਨਾਲ ਜੁੜੀ ਸੰਖਿਆ ਦਰਸਾਉਂਦੀ ਹੈ ਕਿ ਸੂਰਜ ਤੋਂ ਆਉਣ ਵਾਲੀ ਯੂਵੀ ਰੇਡੀਏਸ਼ਨ ਦੀ ਕਿੰਨੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਹ ਬੇਅਸਰ ਹੋ ਜਾਵੇ।
ਇਸ ਲਈ ਐੱਸਪੀਐੱਫ ਜਿੰਨਾ ਜ਼ਿਆਦਾ ਹੋਵੇਗਾ ਤੁਹਾਡੀ ਚਮੜੀ ਓਨੀ ਹੀ ਜ਼ਿਆਦਾ ਸੁਰੱਖਿਅਤ ਹੋਵੇਗੀ ਹੈ।
ਹਾਲਾਂਕਿ, ਐੱਸਪੀਐੱਫ ਸਿਰਫ਼ ਯੂਵੀਏ ਕਿਰਨਾਂ ਤੋਂ ਸੁਰੱਖਿਆ ਦੇ ਪੱਧਰ ਨੂੰ ਦਰਸਾਉਂਦਾ ਹੈ। ਯੂਵੀਏ ਸੁਰੱਖਿਆ ਦੀ ਮਾਤਰਾ ਇੱਕ ਵੱਖਰੀ ਰੇਟਿੰਗ ਰਾਹੀਂ ਨਿਰਧਾਰਤ ਕੀਤੀ ਗਈ ਹੈ।
ਦਿਨ ਭਰ ਅਸੀਂ ਯੂਵੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦੇ ਹਾਂ, ਉਸ ਦੀ ਮਾਤਰਾ ਬਦਲਦੀ ਰਹਿੰਦੀ ਹੈ, ਜਿਵੇਂ-ਜਿਵੇਂ ਸੂਰਜ ਦੀਆਂ ਕਿਰਨਾਂ ਤੇਜ਼ ਹੁੰਦੀਆਂ ਜਾਂਦੀਆਂ ਹਨ, ਅਸੀਂ ਹੋਰ ਸੂਰਜੀ ਊਰਜਾ ਦੇ ਸੰਪਰਕ ਵਿੱਚ ਆਉਂਦੇ ਜਾਂਦੇ ਹਾਂ। ਸੂਰਜ ਦੀਆਂ ਕਿਰਨਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਸਭ ਤੋਂ ਤੇਜ਼ ਹੁੰਦੀਆਂ ਹਨ।

ਤਸਵੀਰ ਸਰੋਤ, Getty Images
ਸਨਸਕ੍ਰੀਨ ਲਾਉਣ ਦਾ ਚੰਗਾ ਤਰੀਕਾ ਕੀ ਹੈ
2018 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਸਨਸਕ੍ਰੀਨ ਲਗਾਉਣ ਤੋਂ ਬਾਅਦ, ਕੁਝ ਯੂਵੀ ਸੁਰੱਖਿਆ ਤੁਰੰਤ ਕੰਮ ਕਰਨ ਲੱਗਦੀ ਹੈ।
ਹਾਲਾਂਕਿ ਇਸ ਨੂੰ ਸਥਿਰ ਹੋਣ ਵਿੱਚ ਲਗਭਗ 10 ਮਿੰਟ ਲੱਗਦੇ ਹਨ। ਮਾਹਰ ਆਮ ਤੌਰ 'ਤੇ ਲੋਕਾਂ ਨੂੰ ਸੂਰਜ ਦੇ ਸੰਪਰਕ ਤੋਂ 20-30 ਮਿੰਟ ਪਹਿਲਾਂ ਸਨਸਕ੍ਰੀਨ ਲਗਾਉਣ ਦੀ ਸਿਫਾਰਸ਼ ਕਰਦੇ ਹਨ ਤਾਂ ਜੋ ਇਸ ਨੂੰ ਚਮੜੀ ਵਿੱਚ ਜਜ਼ਬ ਹੋਣ ਲਈ ਸਮਾਂ ਮਿਲ ਸਕੇ।
ਇਸ ਨੂੰ ਦੋ ਵਾਰ ਲਗਾਉਣਾ ਸਮਝਦਾਰੀ ਹੋ ਸਕਦੀ ਹੈ, ਕਿਉਂਕਿ ਅਧਿਐਨ ਦਰਸਾਉਂਦੇ ਹਨ ਕਿ ਜ਼ਿਆਦਾਤਰ ਲੋਕ ਸਨਸਕ੍ਰੀਨ ਨੂੰ ਘੱਟ ਲਗਾਉਂਦੇ ਹਨ।
ਇੱਕ ਅਧਿਐਨ ਵਿੱਚ ਖੋਜਕਾਰਾਂ ਨੇ 31 ਭਾਗੀਦਾਰਾਂ ਨੂੰ ਕਾਲੀ ਰੌਸ਼ਨੀ ਹੇਠ ਇੱਕ ਪ੍ਰਯੋਗਸ਼ਾਲਾ ਵਿੱਚ ਸਨਸਕ੍ਰੀਨ ਲਗਾਉਣ ਲਈ ਕਿਹਾ ਅਤੇ ਦੇਖਿਆ ਕਿ ਇਸ ਨੂੰ ਦੋ ਵਾਰ ਲਗਾਉਣ ਨਾਲ ਚਮੜੀ ਦਾ ਸਤਹ ਖੇਤਰ ਘੱਟ ਹੋ ਜਾਂਦਾ ਹੈ ਜੋ ਉਹ ਪਹਿਲੀ ਵਾਰ ਰਹਿ ਗਿਆ ਸੀ।
ਵਿਗਿਆਨੀ ਪਸੀਨੇ ਆਉਣ, ਪਾਣੀ ਵਿੱਚ ਭਿੱਜਣ, ਜਾਂ ਜੇ ਸਾਡੀ ਚਮੜੀ ਕੱਪੜਿਆਂ ਜਾਂ ਰੇਤ ਨਾਲ ਰਗੜੀ ਗਈ ਹੋਵੇ ਤਾਂ ਸਨਸਕ੍ਰੀਨ ਨੂੰ ਦੁਬਾਰਾ ਲਗਾਉਣ ਦੀ ਸਲਾਹ ਵੀ ਦਿੰਦੇ ਹਨ।
ਲੀਡਜ਼ ਯੂਨੀਵਰਸਿਟੀ ਦੇ ਸਕੂਲ ਆਫ਼ ਡਿਜ਼ਾਈਨ ਵਿੱਚ ਸਸਟੇਨੇਬਲ ਮੈਟੀਰੀਅਲ ਦੇ ਪ੍ਰੋਫੈਸਰ ਰਿਚਰਡ ਬਲੈਕਬਰਨ ਕਹਿੰਦੇ ਹਨ ਕਿ ਸਨਸਕ੍ਰੀਨ ਨੂੰ ਹੋਰ ਚਮੜੀ ਉਤਪਾਦਾਂ, ਜਿਵੇਂ ਕਿ ਮਾਇਸਚਰਾਈਜ਼ਰ ਨਾਲ ਮਿਲਾ ਨਹੀਂ ਲਗਾਉਣਾ ਚਾਹੀਦਾ।
ਇਹ ਇਸ ਲਈ ਹੈ ਕਿਉਂਕਿ ਬਹੁਤ ਸਾਰੀਆਂ ਸਨਸਕ੍ਰੀਨਾਂ ਜਿਨ੍ਹਾਂ ਵਿੱਚ ਜ਼ਿੰਕ ਆਕਸਾਈਡ ਵਰਗੇ ਧਾਤ ਦੇ ਨੈਨੋਪਾਰਟਿਕਲ ਹੁੰਦੇ ਹਨ ਜੋ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ ਕਿਉਂਕਿ ਇਹ ਸਮੱਗਰੀ ਦੂਜੀਆਂ ਸਮੱਗਰੀਆਂ ਨਾਲ ਕਿਵੇਂ ਪ੍ਰਤੀਕਿਰਿਆ ਕਰਦੀ ਹੈ।
ਬਲੈਕਬਰਨ ਆਖਦੇ ਹਨ, "ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਨੂੰ ਸਨਸਕ੍ਰੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਭ ਤੋਂ ਮਹੱਤਵਪੂਰਨ ਸੰਦੇਸ਼ ਅਪ੍ਰੈਲ ਤੋਂ ਸਤੰਬਰ ਤੱਕ ਹਰ ਰੋਜ਼ ਸਨਸਕ੍ਰੀਨ ਦੀ ਵਰਤੋਂ ਕਰਨਾ ਹੈ।"

ਤਸਵੀਰ ਸਰੋਤ, Getty Images
ਕੀ ਮੈਨੂੰ ਸ਼ੀਸ਼ੇ ਰਾਹੀਂ ਸੰਨਬਰਨ ਹੋ ਸਕਦਾ ਹੈ
ਗੈਲੋ ਕਹਿੰਦੇ ਹਨ ਕਿ ਸ਼ੀਸ਼ਾ ਸੂਰਜ ਤੋਂ ਆਉਣ ਵਾਲੀਆਂ ਸਭ ਤੋਂ ਖ਼ਤਰਨਾਕ ਰੇਡੀਏਸ਼ਨ (ਯੂਵੀਬੀ ਕਿਰਨਾਂ) ਨੂੰ ਫਿਲਟਰ ਕਰਦਾ ਹੈ, ਪਰ ਇਹ ਅਜੇ ਵੀ ਰੇਡੀਏਸ਼ਨ ਨੂੰ ਅੰਦਰ ਆਉਣ ਦਿੰਦਾ ਹੈ ਜਿਸ ਨਾਲ ਨੁਕਸਾਨ ਘੱਟ ਪੱਧਰ ਉੱਤੇ ਹੁੰਦਾ ਹੈ।
ਸੂਰਜ ਦੇ ਵਾਰ-ਵਾਰ ਸੰਪਰਕ, ਭਾਵੇਂ ਸ਼ੀਸ਼ੇ ਦੀ ਖਿੜਕੀ ਰਾਹੀਂ ਹੀ ਕਿਉਂ ਨਾ ਹੋਵੇ, ਚਮੜੀ ਨੂੰ ਨੁਕਸਾਨ ਪਹੁੰਚਾਏਗਾ।
ਯੂਵੀਏ ਦੇ ਸੰਪਰਕ ਵਿੱਚ ਆਉਣਾ, ਜਿਸ ਨੂੰ ਉਮਰ ਵਧਣ ਦੇ ਨਾਲ ਚਮੜੀ ਵਿੱਚ ਦਿਖਾਈ ਦੇਣ ਵਾਲੀਆਂ 90 ਫੀਸਦ ਤਬਦੀਲੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਅਜੇ ਵੀ ਸ਼ੀਸ਼ੇ ਰਾਹੀਂ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਕੀ ਸਨਸਕ੍ਰੀਨ ਦੀ ਮਿਆਦ ਖ਼ਤਮ ਹੁੰਦੀ ਹੈ
ਮਾਹਰਾਂ ਦਾ ਕਹਿਣਾ ਹੈ ਕਿ ਸਨਸਕ੍ਰੀਨ ਸਮੇਂ ਦੇ ਨਾਲ ਘੱਟ ਪ੍ਰਭਾਵਸ਼ਾਲੀ ਹੋ ਜਾਂਦੀ ਹੈ, ਪਰ ਆਮ ਤੌਰ 'ਤੇ, ਇਸ ਨੂੰ ਖਰੀਦਣ ਦੀ ਮਿਤੀ ਤੋਂ ਤਿੰਨ ਸਾਲਾਂ ਤੱਕ ਕੰਮ ਕਰਨਾ ਚਾਹੀਦਾ ਹੈ।
ਯੂਕੇ ਵਿੱਚ ਜ਼ਿਆਦਾਤਰ ਸਨਸਕ੍ਰੀਨ ਬੋਤਲਾਂ ਵਿੱਚ ਇੱਕ ਜਾਰ ਦਾ ਚਿੰਨ੍ਹ ਹੁੰਦਾ ਹੈ ਜੋ ਦਰਸਾਉਂਦਾ ਹੈ ਕਿ ਉਤਪਾਦ ਇੱਕ ਵਾਰ ਖੋਲ੍ਹਣ ਤੋਂ ਬਾਅਦ ਕਿੰਨੇ ਮਹੀਨਿਆਂ ਤੱਕ ਚੱਲੇਗਾ।
ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਸਾਰੇ ਸਨਸਕ੍ਰੀਨ ਉਤਪਾਦਾਂ ਨੂੰ ਖਰੀਦਣ ਤੋਂ ਬਾਅਦ ਘੱਟੋ-ਘੱਟ ਤਿੰਨ ਸਾਲਾਂ ਦੀ ਸ਼ੈਲਫ-ਲਾਈਫ ਰੱਖਣ ਦੀ ਮੰਗ ਕਰਦਾ ਹੈ ਜਦੋਂ ਤੱਕ ਕਿ ਇਸ ਦੀ ਮਿਆਦ ਪੁੱਗਣ ਦੀ ਤਾਰੀਖ਼ ਨਾ ਹੋਵੇ ਅਤੇ ਬਸ਼ਰਤੇ ਇਸ ਨੂੰ ਸਿੱਧੀ ਧੁੱਪ ਜਾਂ ਬਹੁਤ ਜ਼ਿਆਦਾ ਗਰਮੀ ਵਿੱਚ ਸਟੋਰ ਨਾ ਕੀਤਾ ਗਿਆ ਹੋਵੇ।

ਤਸਵੀਰ ਸਰੋਤ, Getty Images
ਕੀ ਸਨਸਕ੍ਰੀਨ ਵਿਟਾਮਿਨ ਡੀ ਨੂੰ ਪੈਦਾ ਰੋਕਦੀ ਹੈ
ਵਿਟਾਮਿਨ ਡੀ ਕੈਲਸ਼ੀਅਮ ਦੇ ਸੋਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਬਣੀਆਂ ਰਹਿੰਦੀਆਂ ਹਨ ਅਤੇ ਸਾਡੀ ਇਮਿਊਨ ਸਿਸਟਮ ਕਾਇਮ ਰਹਿੰਦੀ ਹੈ।
ਕੁਝ ਚਿੰਤਾਵਾਂ ਹਨ ਕਿ ਸਨਸਕ੍ਰੀਨ ਲਗਾਉਣ ਨਾਲ ਵਿਟਾਮਿਨ ਡੀ ਦੇ ਸੋਖਣ ਵਿੱਚ ਰੁਕਾਵਟ ਪੈ ਸਕਦੀ ਹੈ ਪਰ ਅਧਿਐਨਾਂ ਦੀ ਸਮੀਖਿਆ ਨੇ ਸਿੱਟਾ ਕੱਢਿਆ ਹੈ ਕਿ, ਕੁੱਲ ਮਿਲਾ ਕੇ ਸਨਸ੍ਰੀਨ ਕਾਰਨ ਸਾਡੇ ਵੱਲੋਂ ਸੰਤੁਲਨ 'ਤੇ, ਸਨਸਕ੍ਰੀਨ ਕਾਰਨ ਸਾਡੇ ਵੱਲੋਂ ਸੋਖੇ ਵਿਟਾਮਿਨ ਡੀ ਮਾਤਰਾ ਉੱਤੇ ਅਸਰ ਦੇ ਜੋਖ਼ਮ ਨੂੰ ਘਟਾ ਸਕਦਾ ਹੈ।
ਕੀ ਸਨਸਕ੍ਰੀਨ ਵਿੱਚ ਜ਼ਹਿਰੀਲੇ ਪਦਾਰਥ ਹੁੰਦੇ ਹਨ
ਕੁਝ ਚਿੰਤਾਵਾਂ ਹਨ ਕਿ ਸਨਸਕ੍ਰੀਨ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਵਿੱਚ ਜਾ ਕੇ ਨੁਕਸਾਨ ਪਹੁੰਚਾ ਸਕਦੇ ਹਨ।
ਸਬੂਤ ਸੁਝਾਅ ਦਿੰਦੇ ਹਨ ਕਿ ਯੂਕੇ, ਈਯੂ ਜਾਂ ਯੂਐੱਸ-ਪ੍ਰਵਾਨਿਤ ਸਨਕ੍ਰੀਮਾਂ ਵਿੱਚ ਵਰਤੇ ਜਾਣ ਵਾਲੇ ਤੱਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ਅਤੇ ਲੋਕਾਂ ਨੂੰ ਯੂਵੀ ਰੇਡੀਏਸ਼ਨ ਤੋਂ ਬਚਾਉਣ ਵਿੱਚ ਉਨ੍ਹਾਂ ਦੇ ਫਾਇਦਿਆਂ ਦੇ ਸਾਹਮਣੇ ਕੋਈ ਵੀ ਸੰਭਾਵੀ ਨੁਕਸਾਨ ਭਾਰੀ ਪੈ ਜਾਂਦਾ ਹੈ।
ਗੈਲੋ ਕਹਿੰਦੇ ਹਨ ਕਿ ਸਨਸਕ੍ਰੀਨ ਨਾਲ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕੀ ਤੁਸੀਂ ਕਿਸੇ ਖ਼ਾਸ ਸਨਸਕ੍ਰੀਨ ਦੇ ਕਿਸੇ ਵੀ ਤੱਤ ਪ੍ਰਤੀ ਸੰਵੇਦਨਸ਼ੀਲ ਜਾਂ ਤੁਹਾਨੂੰ ਐਲਰਜੀ ਤਾਂ ਨਹੀਂ ਹੁੰਦੀ ਕਿਉਂਕਿ ਇਸ ਨਾਲ ਧੱਫੜ ਪੈ ਸਕਦੇ ਹਨ।
ਗੈਲੋ ਮੁਤਾਬਕ, "ਸਨਸਕ੍ਰੀਨ ਵਿੱਚ ਜ਼ਹਿਰੀਲੇ ਪਦਾਰਥਾਂ ਬਾਰੇ ਮਿੱਥਾਂ ਇੱਕ ਸਨਸਨੀਖੇਜ਼ ਅਤਿਕਥਨੀ ਹਨ ਅਤੇ ਸੂਰਜੀ ਕਿਰਨਾਂ ਦੇ ਜ਼ਹਿਰੀਲੇ ਪ੍ਰਭਾਵਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਜੇਕਰ ਨਿਰਦੇਸ਼ ਅਨੁਸਾਰ ਵਰਤੀਆਂ ਜਾਣ ਤਾਂ ਸਨਸਕ੍ਰੀਨ ਸੁਰੱਖਿਅਤ ਹੁੰਦੀਆਂ ਹਨ।"

ਤਸਵੀਰ ਸਰੋਤ, Getty Images
ਬਾਲਗ਼ਾਂ ਨੂੰ ਕਿੰਨੀ ਸਨਸਕ੍ਰੀਨ ਵਰਤਣੀ ਚਾਹੀਦੀ ਹੈ
ਐੱਫਡੀਏ ਸਲਾਹ ਦਿੰਦਾ ਹੈ ਕਿ ਜਾਂਚ ਲਈ ਚਮੜੀ 'ਤੇ 2 mg/cm2 (0.16in2) ਸਨਸਕ੍ਰੀਨ ਲਗਾਉਣੀ ਚਾਹੀਦੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਅਸੀਂ ਇਸ ਤੋਂ ਘੱਟ ਲਗਾਉਂਦੇ ਹਾਂ, ਤਾਂ ਇਹ ਲੇਬਲ 'ਤੇ ਦੱਸੀ ਗਈ ਸੁਰੱਖਿਆ ਦੀ ਮਾਤਰਾ ਪ੍ਰਦਾਨ ਨਹੀਂ ਕਰੇਗਾ।
ਇਸ ਮਾਤਰਾ ਦੀ ਤੁਲਨਾ ਅਕਸਰ ਇੱਕ ਔਸਤ ਆਕਾਰ ਦੇ ਬਾਲਗ਼ 'ਤੇ ਚਿਹਰੇ ਅਤੇ ਸਰੀਰ ਲਈ ਲਗਭਗ ਛੇ ਚਮਚਿਆਂ ਨਾਲ ਕੀਤੀ ਜਾਂਦੀ ਹੈ।
ਹਾਲਾਂਕਿ, ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਆਮ ਤੌਰ 'ਤੇ ਲੋੜ ਤੋਂ ਬਹੁਤ ਘੱਟ ਸਨਸਕ੍ਰੀਨ ਲਗਾਉਂਦੇ ਹਨ ਅਤੇ ਇਸ ਲਈ ਉਹ ਓਨੇ ਸੁਰੱਖਿਅਤ ਨਹੀਂ ਹੁੰਦੇ ਜਿੰਨੇ ਉਹ ਸੋਚਦੇ ਹਨ।
ਛੋਟੇ ਬੱਚਿਆਂ ਨੂੰ ਕਿੰਨੀ ਸਨਸਕ੍ਰੀਨ ਵਰਤਣੀ ਚਾਹੀਦੀ ਹੈ?
ਛੋਟੇ ਬੱਚਿਆਂ ਦੀ ਚਮੜੀ ਯੂਵੀ ਰੇਡੀਏਸ਼ਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਇਹ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ ਕਿ ਉਹ ਸੂਰਜ ਤੋਂ ਸੁਰੱਖਿਅਤ ਰਹਿਣ।
ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਨਸਕ੍ਰੀਨ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਨੂੰ ਸਿੱਧੇ ਸੂਰਜ ਦੇ ਸੰਪਰਕ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ, ਸਗੋਂ ਢਿੱਲੇ ਕੱਪੜਿਆਂ ਅਤੇ ਛਾਂ ਵਿੱਚ ਸੁਰੱਖਿਅਤ ਰੱਖਣਾ ਚਾਹੀਦਾ ਹੈ।
ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਦੋ ਸਾਲ ਦੇ ਬੱਚਿਆਂ ਨੂੰ ਸਨਸਕ੍ਰੀਨ ਦੇ ਦੋ ਚਮਚੇ, ਪੰਜ ਸਾਲ ਦੇ ਬੱਚਿਆਂ ਲਈ ਤਿੰਨ ਚਮਚੇ, ਨੌਂ ਸਾਲ ਦੇ ਬੱਚਿਆਂ ਲਈ ਚਾਰ ਚਮਚੇ ਅਤੇ 13 ਸਾਲ ਦੇ ਬੱਚਿਆਂ ਲਈ ਪੰਜ ਚਮਚੇ ਲਗਾਈ ਜਾਵੇ।
ਵਿਗਿਆਨੀ ਸੁਝਾਉਂਦੇ ਹਨ ਕਿ ਵੱਡੇ ਬੱਚਿਆਂ ਹਰੇਕ ਦੋ ਘੰਟਿਆਂ ਵਿੱਚ ਸਨਸਕ੍ਰੀਨ ਦੁਬਾਰਾ ਲਗਾਉਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਕਿਸ ਕਿਸਮ ਦੀ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ?
ਇਹ ਮਹੱਤਵਪੂਰਨ ਹੈ ਕਿ ਇੱਕ ਉੱਚ-ਐੱਸਪੀਐੱਫ ਸਨਸਕ੍ਰੀਨ ਦੀ ਵਰਤੋਂ ਕੀਤੀ ਜਾਵੇ, ਜਿਸ ਉੱਤੇ ਲੇਬਲ 'ਤੇ "ਬ੍ਰਾਂਡ ਸਪੈਕਟ੍ਰਮ" ਲਿਖਿਆ ਹੋਵੇ ਕਿਉਂਕਿ ਇਸਦਾ ਮਤਲਬ ਹੈ ਕਿ ਇਹ ਯੂਵੀਏ ਅਤੇ ਯੂਵੀਬੀ ਕਿਰਨਾਂ ਦੋਵਾਂ ਤੋਂ ਬਚਾਉਂਦੀ ਹੈ।
ਸਨਸਕ੍ਰੀਮ ਦੇ ਯੂਵੀਏ ਸੁਰੱਖਿਆ ਪੱਧਰ ਨੂੰ ਦਰਸਾਉਣ ਦੇ ਦੋ ਮੁੱਖ ਤਰੀਕੇ ਹਨ ਅਤੇ ਕਿਹੜਾ ਵਰਤਿਆ ਜਾਂਦਾ ਹੈ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ।
ਇੱਕ ਪ੍ਰੋਟੈਕਸ਼ਨ ਗ੍ਰੇਡ (ਪੀਏ) ਸਿਸਟਮ, ਜਿਸਨੂੰ ਕਦੇ-ਕਦੇ ਗ੍ਰੇਡ ਦਾ ਮੁਲਾਂਕਣ ਕਰਨ ਲਈ ਵਰਤੀ ਜਾਣ ਵਾਲੀ ਵਿਧੀ ਦੇ ਆਧਾਰ ਉੱਤੇ ਸਨਸਕ੍ਰੀਮ 'ਤੇ ਯੂਵੀਏ-ਪੀਐੱਫ ਜਾਂ ਪੀਪੀਡੀ ਵਜੋਂ ਲੇਬਲ ਕੀਤਾ ਜਾਂਦਾ ਹੈ।
ਇਸ ਸਿਸਟਮ ਲਈ, ਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ ਪੀਏ**** ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਸਨਸਕ੍ਰੀਮ ਲਗਾਉਣ ਉੱਤੇ ਤੁਸੀਂ 16 ਗੁਣਾ ਜ਼ਿਆਦਾ ਸੁਰੱਖਿਅਤ ਰਹਿੰਦੇ ਹਨ, ਘੱਟ ਤਾਰੇ ਸੁਰੱਖਿਆ ਦੇ ਹੇਠਲੇ ਪੱਧਰ ਨੂੰ ਦਰਸਾਉਂਦੇ ਹਨ। ਇਹ ਰੇਟਿੰਗ ਸਿਸਟਮ ਅਕਸਰ ਅਮਰੀਕਾ ਅਤੇ ਜਾਪਾਨ ਵਿੱਚ ਵੇਚੀਆਂ ਜਾਣ ਵਾਲੀਆਂ ਸਨਸਕ੍ਰੀਨਾਂ 'ਤੇ ਦੇਖਿਆ ਜਾਂਦਾ ਹੈ।
ਸਨਸਕ੍ਰੀਮ ਰਾਹੀਂ ਪ੍ਰਦਾਨ ਕੀਤੀ ਗਈ ਯੂਵੀਏ ਸੁਰੱਖਿਆ ਦੇ ਪੱਧਰ ਦਾ ਮੁਲਾਂਕਣ ਕਰਨ ਦਾ ਇੱਕ ਹੋਰ ਆਮ ਤਰੀਕਾ ਯੂਵੀਏ ਸਟਾਰ ਰੇਟਿੰਗ ਹੈ, ਜਿਸਨੂੰ "ਯੂਵੀਏ" ਸ਼ਬਦ ਵਾਲੇ ਇੱਕ ਗੋਲਾਕਾਰ ਚਿੰਨ੍ਹ ਦੁਆਰਾ ਦਰਸਾਇਆ ਜਾਂਦਾ ਹੈ, ਜਿਸ ਤੋਂ ਬਾਅਦ ਪੰਜ ਤਾਰੇ (ਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ) ਹੁੰਦੇ ਹਨ।
ਯੂਵੀਏ ਸਟਾਰ ਰੇਟਿੰਗ ਯੂਵੀਬੀ ਸੁਰੱਖਿਆ ਦੀ ਮਾਤਰਾ ਦੇ ਅਨੁਪਾਤ ਵਿੱਚ ਯੂਵੀਏ ਦੇ ਖ਼ਿਲਾਫ਼ ਸੁਰੱਖਿਆ ਦੇ ਪੱਧਰ ਨੂੰ ਦਰਸਾਉਂਦੀ ਹੈ। ਇਸ ਲਈ ਪੰਜ ਦੀ ਯੂਵੀਏ ਰੇਟਿੰਗ ਵਾਲੀ SPF50 ਸਨਕ੍ਰੀਮ ਵਿੱਚ ਇੱਕੋ ਯੂਵੀਏ ਰੇਟਿੰਗ ਵਾਲੀ SPF30 ਸਨਕ੍ਰੀਮ ਨਾਲੋਂ ਵੱਧ ਸੁਰੱਖਿਅਤ ਹੁੰਦੀ ਹੈ। ਇਹ ਤਰੀਕਾ ਯੂਕੇ ਅਤੇ ਯੂਰਪ ਵਿੱਚ ਆਮ ਹੈ।
ਬਲੈਕਬਰਨ ਘੱਟੋ-ਘੱਟ 30 ਐੱਸਪੀਐੱਫ ਦੀ ਪੰਜ ਤਾਰਾ ਰੇਟਿੰਗ ਵਾਲੀ ਸਨਸਕ੍ਰੀਨ ਦੀ ਵਰਤੋਂ ਕਰਨ ਅਤੇ ਚਮੜੀ ਨੂੰ ਕੱਪੜਿਆਂ ਨਾਲ ਢੱਕਣ ਦੀ ਵੀ ਸਲਾਹ ਦਿੰਦੇ ਹਨ।
ਚਮੜੀ ਦੇ ਕੈਂਸਰ ਦੇ ਚੈਰਿਟੀ ਸਾਲ ਦੇ ਹਰ ਦਿਨ ਬਾਹਰ ਨਿਕਲਦੇ ਸਮੇਂ ਸਾਰੀ ਖੁੱਲ੍ਹੀ ਚਮੜੀ 'ਤੇ ਸਨਕ੍ਰੀਮ ਲਗਾਉਣ ਦੀ ਸਿਫਾਰਸ਼ ਕਰਦੇ ਹਨ ਅਤੇ ਸੂਰਜ ਵਿੱਚ ਆਪਣੇ ਸਮੇਂ ਨੂੰ ਸੀਮਤ ਕਰਨ ਦੀ ਅਹਿਮ ਜ਼ੋਰ ਦਿੰਦੇ ਹਨ, ਭਾਵੇਂ ਤੁਸੀਂ ਸਨਕ੍ਰੀਮ ਲਗਾਈ ਹੋਵੇ।
ਸਨਸਕ੍ਰੀਨ ਅਤੇ ਸਨਬਲਾਕ ਵਿੱਚ ਕੀ ਅੰਤਰ ਹੈ?
ਸਨਸਕ੍ਰੀਨ ਤੁਹਾਡੇ ਅਤੇ ਸੂਰਜ ਦੇ ਵਿਚਕਾਰ ਇੱਕ ਰਸਾਇਣਕ ਰੁਕਾਵਟ ਵਜੋਂ ਕੰਮ ਕਰਦੀ ਹੈ। ਇਹ ਸੂਰਜ ਤੋਂ ਆਉਣ ਵਾਲੀਆਂ ਯੂਵੀ ਕਿਰਨਾਂ ਨੂੰ ਸਾਡੀ ਚਮੜੀ ਤੱਕ ਆਉਣ ਤੋਂ ਪਹਿਲਾਂ ਸੋਖ ਲੈਂਦੀ ਹੈ।
ਦੂਜੇ ਪਾਸੇ, ਸਨਬਲਾਕ, ਸੂਰਜ ਤੋਂ ਇੱਕ ਭੌਤਿਕ ਰੁਕਾਵਟ ਬਣਾਉਂਦਾ ਹੈ ਜਿਸ ਵਿੱਚੋਂ ਯੂਵੀ ਕਿਰਨਾਂ ਨਹੀਂ ਲੰਘ ਸਕਦੀਆਂ।
ਡਿਸਕਲੇਮਰ: ਇਸ ਲੇਖ ਦੀ ਸਾਰੀ ਸਮੱਗਰੀ ਸਿਰਫ਼ ਆਮ ਜਾਣਕਾਰੀ ਲਈ ਪ੍ਰਦਾਨ ਕੀਤੀ ਗਈ ਹੈ ਅਤੇ ਇਸ ਨੂੰ ਤੁਹਾਡੇ ਆਪਣੇ ਡਾਕਟਰ ਜਾਂ ਕਿਸੇ ਹੋਰ ਸਿਹਤ ਸੰਭਾਲ ਪੇਸ਼ੇਵਰ ਦੀ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ।
ਬੀਬੀਸੀ ਇਸ ਸਾਈਟ ਦੀ ਸਮੱਗਰੀ ਦੇ ਆਧਾਰ 'ਤੇ ਕਿਸੇ ਉਪਭੋਗਤਾ ਵੱਲੋਂ ਕੀਤੇ ਗਏ ਕਿਸੇ ਵੀ ਨਿਦਾਨ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ।
ਬੀਬੀਸੀ ਸੂਚੀਬੱਧ ਕਿਸੇ ਵੀ ਬਾਹਰੀ ਇੰਟਰਨੈੱਟ ਸਾਈਟ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਵੀ ਸਾਈਟ 'ਤੇ ਜ਼ਿਕਰ ਕੀਤੇ ਜਾਂ ਸਲਾਹ ਦਿੱਤੇ ਗਏ ਕਿਸੇ ਵਪਾਰਕ ਉਤਪਾਦ ਜਾਂ ਸੇਵਾ ਦਾ ਸਮਰਥਨ ਕਰਦਾ ਹੈ। ਜੇਕਰ ਤੁਸੀਂ ਆਪਣੇ-ਆਪ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਚਿੰਤਤ ਹੋ ਤਾਂ ਹਮੇਸ਼ਾ ਆਪਣੇ ਜੀਪੀ (ਜੈਨੇਰਲ ਪ੍ਰੈਕਟੀਸ਼ੀਅਨ) ਨਾਲ ਸਲਾਹ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












