ਕਾਰ ਨਾਲ ਘੜੀਸ ਕੇ ਕੁੜੀ ਦੀ ਮੌਤ ਮਾਮਲੇ 'ਚ ਕੀ ਹਨ ਨਵੇਂ ਤੱਥ ਤੇ ਪੁਲਿਸ 'ਤੇ ਉੱਠਦੇ ਸਵਾਲ

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਰਾਤ 8 ਵੱਜ ਕੇ 29 ਮਿੰਟ ਉੱਤੇ 29 ਸਕਿੰਟ ਦੀ ਫ਼ੋਨ ਕਾਲ ’ਤੇ ਮਾਂ ਨੇ ਧੀ ਨੂੰ ਪੁੱਛਿਆ ਕਿ ‘ਕਦੋਂ ਤੱਕ ਘਰ ਆਵੇਂਗੀ’ ਤਾਂ ਧੀ ਨੇ ਜਵਾਬ ਦਿੱਤਾ ਕਿ ‘ਦੇਰ ਹੋ ਜਾਵੇਗੀ।’
ਇਸ ਤੋਂ ਬਾਅਦ ਮਾਂ ਦੀ ਧੀ ਨਾਲ ਕੋਈ ਗੱਲ ਨਹੀਂ ਹੋਈ। ਅਗਲੀ ਸਵੇਰ ਇੱਕ ਮਹਿਲਾ ਪੁਲਿਸ ਕਰਮੀ ਨੇ ਕਾਲ ਕੀਤੀ ਅਤੇ ਦੱਸਿਆ ਕਿ ‘ਤੁਹਾਡੀ ਸਕੂਟੀ ਦਾ ਐਕਸੀਡੈਂਟ ਹੋ ਗਿਆ ਹੈ, ਥਾਣੇ ਆ ਜਾਓ।’
ਕੰਝਾਵਾਲਾ ਦੀ ਘਟਨਾ ਵਿੱਚ ਜਾਨ ਗੁਆਉਣ ਵਾਲੀ ਕੁੜੀ ਦੀ ਮਾਂ ਰਾਹ ਵਿੱਚ ਹੀ ਸੀ ਕਿ ਉਨ੍ਹਾਂ ਨੂੰ ਪੁਲਿਸ ਦੀ ਗੱਡੀ ਲੈਣ ਆਈ, ਪਹਿਲਾਂ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਅਤੇ ਫ਼ਿਰ ਸੁਲਤਾਨਪੁਰੀ ਥਾਣੇ ਲਿਜਾਇਆ ਗਿਆ।
ਕੁੜੀ ਦੀ ਮਾਂ ਕਹਿੰਦੀ ਹੈ, ‘‘ਮੈਨੂੰ ਨਹੀਂ ਦੱਸਿਆ ਗਿਆ ਮੇਰੀ ਬੇਟੀ ਦੇ ਨਾਲ ਕੀ ਹੋਇਆ ਹੈ। ਮੈਂ ਪੁਲਿਸ ਨੂੰ ਬੇਨਤੀ ਕਰਦੀ ਰਹੀ, ਪਰ ਮੇਰੀ ਬੇਟੀ ਨੂੰ ਮੈਨੂੰ ਨਹੀਂ ਦਿਖਾਇਆ ਗਿਆ।’’
ਉਨ੍ਹਾਂ ਦੀ 20 ਸਾਲ ਦੀ ਧੀ 31 ਦਸੰਬਰ ਦੀ ਰਾਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।
ਉਹ ਘਰ ਵਿੱਚ ਇਕੱਲੀ ਕਮਾਉਣ ਵਾਲੀ ਸੀ। ਘਟਨਾ ਤੋਂ ਦੋ ਦਿਨਾਂ ਬਾਅਦ ਵੀ ਅਜੇ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕਿਆ ਕਿ ਕੁੜੀ ਦੇ ਨਾਲ ਉਸ ਰਾਤ ਕੀ ਹੋਇਆ ਸੀ।
ਕੁੜੀ ਦੀ ਮੌਤ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਇਸ ਨੂੰ ਹਿਟ-ਐਂਡ-ਰਨ ਦਾ ਮਾਮਲਾ ਮੰਨ ਰਹੀ ਹੈ।
ਪੁਲਿਸ ਮੁਤਾਬਕ, ਸੁਲਤਾਨਪੁਰੀ ਦੇ ਕ੍ਰਿਸ਼ਣ ਵਿਹਾਰ ਇਲਾਕੇ ਵਿੱਚ ਸਕੂਟੀ ਸਵਾਰ ਇੱਕ ਕੁੜੀ ਦਾ ਕਾਰ ਨਾਲ ਐਕਸੀਡੈਂਟ ਹੋਇਆ, ਉਨ੍ਹਾਂ ਦਾ ਸਰੀਰ ਕਾਰ ਵਿੱਚ ਹੀ ਫਸਿਆ ਰਹਿ ਗਿਆ ਅਤੇ 12 ਕਿਲੋਮੀਟਰ ਤੱਕ ਘਸੀਟਦਾ ਰਿਹਾ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਰੀਰ ਦਾ ਇੱਕ ਹਿੱਸਾ ਘਿਸ ਗਿਆ ਸੀ।
ਨਵੇਂ ਸਾਲ ਦੀ ਪਹਿਲੀ ਸਵੇਰ ਯਾਨੀ 1 ਜਨਵਰੀ ਨੂੰ ਕੁੜੀ ਦੀ ਲਾਸ਼ ਦਿੱਲੀ ਦੇ ਜੌਂਤੀ ਪਿੰਡ ਇਲਾਕੇ ਵਿੱਚ ਨਗਨ ਹਾਲਾਤ ਵਿੱਚ ਮਿਲੀ ਸੀ। ਅਜਿਹਾ ਖ਼ਦਸ਼ਾ ਹੈ ਕਿ ਉਨ੍ਹਾਂ ਦੇ ਕੱਪੜੇ ਵੀ ਘਿਸ ਕੇ ਫੱਟ ਗਏ ਹੋਣਗੇ।
‘ਇਕੱਲੀ ਕਮਾਉਣ ਵਾਲੀ ਸੀ ਧੀ’

ਤਸਵੀਰ ਸਰੋਤ, ANI
ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ 22 ਗਜ ’ਚ ਬਣੇ ਮਕਾਨ ਵਿੱਚ ਬੇਸੁੱਧ ਬੈਠੀ ਮ੍ਰਿਤਕ ਕੁੜੀ ਦੀ ਮਾਂ ਨੇ ਘਟਨਾ ਤੋਂ ਬਾਅਦ ਕੁਝ ਨਹੀਂ ਖਾਧਾ।
ਕੁੜੀ ਦੀ ਮਾਂ ਕਹਿੰਦੀ ਹੈ, ‘‘ਸਾਡੇ ਕੋਲ 10 ਰੁਪਏ ਵੀ ਨਹੀਂ ਹਨ। ਧੀ ਦਾ ਅੰਤਿਮ ਸਸਕਾਰ ਕਰਾਉਣ ਲਈ ਵੀ ਪੈਸੇ ਨਹੀਂ ਹਨ। ਮੇਰੀ ਧੀ ਹੀ ਘਰ ਦੀ ਇਕੱਲੀ ਕਮਾਉਣ ਵਾਲੀ ਜੀਅ ਸੀ।’’
ਉਨ੍ਹਾਂ ਦੇ ਪਤੀ ਦੀ ਵੀ ਅੱਠ ਸਾਲ ਪਹਿਲਾਂ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਦਾ ਕਤਲ ਹੋਇਆ ਸੀ, ਪਰ ਪੁਲਿਸ ਨੇ ਉਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਸੀ।
ਪਤੀ ਦੀ ਮੌਤ ਤੋਂ ਬਾਅਦ ਉਹ ਇਕੱਲੀ ਹੀ ਆਪਣੇ ਛੇ ਬੱਚਿਆਂ ਨੂੰ ਪਾਲ ਰਹੇ ਸਨ, ਪਰ ਦੋ ਸਾਲ ਪਹਿਲਾਂ ਉਹ ਖ਼ੁਦ ਵੀ ਗੰਭੀਰ ਤੌਰ ਉੱਤੇ ਬਿਮਾਰ ਹੋ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ। ਘਰ ਦੀ ਮੰਦਹਾਲੀ ਕਾਰਨ ਮ੍ਰਿਤਕਾ ਦੀ ਮਾਂ ਨੇ ਆਪਣੀ ਦੋ ਧੀਆਂ ਦਾ ਵਿਆਹ ਵੀ ਘੱਟ ਉਮਰ ਵਿੱਚ ਹੀ ਕਰ ਦਿੱਤਾ ਸੀ।
ਉਹ ਕਹਿੰਦੇ ਹਨ, ‘‘ਮੇਰੀ ਧੀ ਬਹੁਤ ਹੱਸਮੁੱਖ ਸੀ। ਉਸ ਨੂੰ ਰੀਲਜ਼ ਬਣਾਉਣਾ ਪਸੰਦ ਸੀ, ਉਹ ਬਹੁਤ ਖ਼ੁਸ਼ ਰਹਿੰਦੀ ਸੀ।’’
ਪਰਿਵਾਰ ਮੁਤਾਬਕ, ਕੁੜੀ ਇਵੈਂਟ ਵਿੱਚ ਵੈਲਕਮ ਗਰਲ ਦਾ ਕੰਮ ਕਰਦੀ ਸੀ। ਉਹ ਵਿਆਹਾਂ ਵਿੱਚ ਮਹਿਮਾਨਾਂ ਦਾ ਸਵਾਗਤ ਕਰਨ ਲਈ ਜਾਂਦੀ ਸੀ।
ਕੁੜੀ ਦੀ ਮਾਂ ਦਾ ਕਹਿਣਾ ਹੈ, ‘‘ਉਹ ਰੋਜ਼ਾਨਾ 500 ਰੁਪਏ ਕਮਾਉਂਦੀ ਸੀ, ਉਸੇ ਨਾਲ ਸਾਡਾ ਪਰਿਵਾਰ ਚੱਲ ਰਿਹਾ ਸੀ।’’
ਹਾਲਾਂਕਿ ਉਹ ਜਾਂ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਇਵੈਂਟ ਕੰਪਨੀ ਵਿੱਚ ਕੰਮ ਕਰਦੀ ਸੀ। ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ 31 ਦਸੰਬਰ ਦੀ ਰਾਤ ਉਹ ਕਿੱਥੇ ਗਈ ਸੀ।
ਆਪਣੀ ਧੀ ਨਾਲ ਆਖ਼ਰੀ ਗੱਲਬਾਤ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ, ‘‘ਉਸ ਨੇ ਬਸ ਇਹੀ ਕਿਹਾ ਸੀ ਕਿ ਆਉਣ ਵਿੱਚ ਦੇਰੀ ਹੋ ਜਾਵੇਗੀ, ਇਹ ਨਹੀਂ ਦੱਸਿਆ ਕਿ ਇਵੈਂਟ ਕਿੱਥੇ ਹੈ।’’

ਹੁਣ ਤੱਕ ਕੀ ਕੁਝ ਹੋਇਆ
- 31 ਦਸੰਬਰ ਦੀ ਰਾਤ ਸ਼ੱਕੀ ਹਾਲਾਤ ਵਿੱਚ 20 ਸਾਲਾ ਕੁੜੀ ਦੀ ਮੌਤ ਹੋ ਗਈ
- ਦਿੱਲੀ ਦੇ ਕੰਝਾਵਲਾ ਇਲਾਕੇ ਵਿੱਚ ਕਾਰ ਕੁੜੀ ਨੂੰ ਕਈ ਕਿਲੋਮੀਟਰ ਘੜੀਸਦੀ ਲੈ ਗਈ
- ਕੁੜੀ ਦੀ ਮਾਂ ਕਹਿੰਦੀ ਹੈ, ‘‘ਮੈਨੂੰ ਨਹੀਂ ਦੱਸਿਆ ਗਿਆ ਮੇਰੀ ਬੇਟੀ ਦੇ ਨਾਲ ਕੀ ਹੋਇਆ ਹੈ। ਮੈਂ ਪੁਲਿਸ ਨੂੰ ਬੇਨਤੀ ਕਰਦੀ ਰਹੀ, ਪਰ ਮੇਰੀ ਬੇਟੀ ਨੂੰ ਮੈਨੂੰ ਨਹੀਂ ਦਿਖਾਇਆ ਗਿਆ’’
- 1 ਜਨਵਰੀ ਨੂੰ ਕੁੜੀ ਦੀ ਲਾਸ਼ ਦਿੱਲੀ ਦੇ ਜੌਂਤੀ ਪਿੰਡ ਇਲਾਕੇ ਵਿੱਚ ਨਗਨ ਹਾਲਾਤ ਵਿੱਚ ਮਿਲੀ ਸੀ
- ਕੁੜੀ ਦੀ ਮਾਂ ਦਾ ਕਹਿਣਾ ਹੈ, ‘‘ਉਹ ਰੋਜ਼ਾਨਾ 500 ਰੁਪਏ ਕਮਾਉਂਦੀ ਸੀ, ਉਸੇ ਨਾਲ ਸਾਡਾ ਪਰਿਵਾਰ ਚੱਲ ਰਿਹਾ ਸੀ’’
- ਸੋਮਵਾਰ ਨੂੰ ਦਿੱਲੀ ਦੇ ਸੁਲਤਾਨਪੁਰੀ ਪੁਲਿਸ ਥਾਣੇ ਬਾਹਰ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਦੀ ਕਾਰਵਾਈ ਤੋਂ ਨਾਖ਼ੁਸ਼ ਹੋ ਕੇ ਉਸ ਖ਼ਿਲਾਫ਼ ਪ੍ਰਦਰਸ਼ਨ ਕੀਤਾ
- ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਸਾਰੇ ਮੰਗੋਲਪੁਰੀ ਦੇ ਰਹਿਣ ਵਾਲੇ ਹਨ
- ਇਸ ਘਟਨਾ ਨਾਲ ਜੁੜੇ ਕਈ ਚਸ਼ਮਦੀਦ ਵੀ ਸਾਹਮਣੇ ਆਏ ਹਨ ਜੋ ਪੁਲਿਸ ਦੇ ਕੰਮਕਾਜ ਦੇ ਤਰੀਕੇ ਉੱਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ
- ਐਫ਼ਆਈਆਰ ਮੁਤਾਬਕ, ਇਹ ਘਟਨਾ ਰਾਤ ਕਰੀਬ ਦੋ ਵਜੇ ਕ੍ਰਿਸ਼ਣ ਵਿਹਾਰ ਦੇ ਸ਼ਨੀ ਬਾਜ਼ਾਰ ਰੋਡ ਉੱਤੇ ਹੋਈ। ਇਹ ਇਲਾਕਾ ਸੁਲਤਾਨਪੁਰੀ ਪੁਲਿਸ ਥਾਣੇ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਹੈ
- ਸ਼ੱਕੀ ਹਾਲਾਤ ਵਿੱਚ ਜਾਨ ਗੁਆਉਣ ਵਾਲੀ ਕੁੜੀ ਦੇ ਪਰਿਵਾਰ ਅਤੇ ਪ੍ਰਦਰਸ਼ਕਾਰੀਆਂ ਦਾ ਇਲਜ਼ਾਮ ਹੈ ਕਿ ਹੋ ਸਕਦਾ ਹੈ ਕੁੜੀ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੋਵੇ
- ਦਿੱਲੀ ਪੁਲਿਸ ਦੇ ਬੁਲਾਰੇ ਸੁਮਨ ਨਲਵਾ ਨੇ ਬੀਬੀਸੀ ਨੂੰ ਕਿਹਾ, ‘‘ਜਾਂਚ ਅਧਿਕਾਰੀ ਦੀ ਰਿਪੋਰਟ ਮੁਤਾਬਕ, ਪਹਿਲੀ ਨਜ਼ਰ ਵਿੱਚ ਇਹ ਸੜਕ ਹਾਦਸੇ ਦਾ ਮਾਮਲਾ ਲੱਗ ਰਿਹਾ ਹੈ। ਜਾਂਚ ਜਾਰੀ ਹੈ ਅਤੇ ਜੇ ਹੋਰ ਧਾਰਾਵਾਂ ਨੂੰ ਜੋੜਨ ਦੀ ਲੋੜ ਹੋਵੇਗੀ ਤਾਂ ਅੱਗੇ ਜੋੜੀਆਂ ਜਾਣਗੀਆਂ’’

ਪੁਲਿਸ ਖ਼ਿਲਾਫ਼ ਪ੍ਰਦਰਸ਼ਨ

ਤਸਵੀਰ ਸਰੋਤ, ANI
ਸੋਮਵਾਰ ਨੂੰ ਦਿੱਲੀ ਦੇ ਸੁਲਤਾਨਪੁਰੀ ਪੁਲਿਸ ਥਾਣੇ ਬਾਹਰ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀ ਪੀੜਤ ਅਤੇ ਉਸ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ।
ਕੁੜੀ ਦੀ ਦਰਦਨਾਕ ਮੌਤ ਨੇ ਇਸ ਇਲਾਕੇ ਵਿੱਚ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਆਈ ਇੱਕ ਔਰਤ ਓਮਵਤੀ ਨੇ ਕਿਹਾ, ‘‘ਸਾਨੂੰ ਲੱਗ ਰਿਹਾ ਹੈ ਪੁਲਿਸ ਅਪਰਾਧੀਆਂ ਨੂੰ ਬਚਾ ਰਹੀ ਹੈ, ਅਪਰਾਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’
ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਥਾਣੇ ਬਾਹਰ ਲੱਗੇ ਇੱਕ ਕਮਿਸ਼ਨਰ ਦੇ ਪੋਸਟਰ ਵੀ ਫਾੜ ਦਿੱਤੇ।

ਇਹ ਵੀ ਪੜ੍ਹੋ:

ਪੰਜ ਲੋਕ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੰਗੋਲਪੁਰੀ ਦੇ ਰਹਿਣ ਵਾਲੇ ਹਨ।
ਪੁਲਿਸ ਮੁਤਾਬਕ, ਕਾਰ ਨੂੰ ਦੀਪਕ ਖੰਨਾ ਨਾਮ ਦਾ ਮੁੰਡਾ ਚਲਾ ਰਿਹਾ ਸੀ ਜਦਕਿ ਉਸ ਵਿੱਚ ਅਮਿਤ ਖੰਨਾ, ਮਨੋਜ ਮਿੱਤਲ, ਮਿਥੁਨ ਅਤੇ ਕ੍ਰਿਸ਼ਣਾ ਵੀ ਬੈਠੇ ਹੋਏ ਸਨ।

ਤਸਵੀਰ ਸਰੋਤ, Delhi Police
ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਕਾਰ ਦੀ ਪਛਾਣ ਕੀਤੀ ਗਈ ਅਤੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੀਪਕ ਖੰਨਾ ਪੇਸ਼ੇ ਤੋਂ ਡਰਾਈਵਰ ਹਨ, ਅਮਿਤ ਖੰਨਾ ਇੱਕ ਬੈਂਕ ਲਈ ਕੰਮ ਕਰਦੇ ਹਨ। ਕ੍ਰਿਸ਼ਣਾ ਸਪੇਨ ਦੇ ਸੱਭਿਆਚਾਰਕ ਕੇਂਦਰ ਵਿੱਚ ਕੰਮ ਕਰਦੇ ਹਨ।
ਮਿਥੁਨ ਹੇਅਰ ਡ੍ਰੈਸਰ ਹਨ ਅਤੇ ਮਨੋਜ ਮਿੱਤਲ ਸੁਲਤਾਨਪੁਰੀ ਕੇਪੀ ਬਲਾਕ ਵਿੱਚ ਰਾਸ਼ਨ ਦੀ ਦੁਕਾਨ ਚਲਾਉਂਦੇ ਹਨ।
ਸਥਾਨਕ ਲੋਕਾਂ ਮੁਤਾਬਕ, ਮਨੋਜ ਮਿੱਤਲ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹਨ। ਸੁਲਤਾਨਪੁਰੀ ਅਤੇ ਮੰਗੋਲਪੁਰੀ ਵਿੱਚ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਪੋਸਟਰ ਵੀ ਲਗਾਏ ਗਏ ਹਨ।
ਸੁਲਤਾਨਪੁਰੀ ਥਾਣੇ ਬਾਹਰ ਵੀ ਮਨੋਜ ਮਿੱਤਲ ਦੇ ਹੋਰਡਿੰਗ ਲੱਗੇ ਸਨ, ਜਿਨ੍ਹਾਂ ਨੂੰ ਗੁੱਸੇ ਵਿੱਚ ਆਈ ਭੀੜ ਨੇ ਫਾੜ ਦਿੱਤਾ।
ਸਾਰੇ ਪੰਜ ਮੁਲਜ਼ਮ ਮੰਗੋਲਪੁਰੀ ਦੇ ਰਹਿਣਾ ਵੇਲੇ ਹਨ। ਮ੍ਰਿਤਕਾ ਵੀ ਇਸੇ ਇਲਾਕੇ ਵਿੱਚ ਰਹਿੰਦੀ ਸੀ, ਉਨ੍ਹਾਂ ਦੇ ਘਰ ਅਤੇ ਮੁਲਜ਼ਮਾਂ ਦੇ ਘਰ ਵਿਚਾਲੇ ਡੇਢ-ਦੋ ਕਿਲੋਮੀਟਰ ਦਾ ਫ਼ਾਸਲਾ ਹੈ।
ਪੁਲਿਸ ਉੱਤੇ ਉੱਠਦੇ ਗੰਭੀਰ ਸਵਾਲ

ਤਸਵੀਰ ਸਰੋਤ, ANI
ਇਸ ਘਟਨਾ ਨਾਲ ਜੁੜੇ ਕਈ ਚਸ਼ਮਦੀਦ ਵੀ ਸਾਹਮਣੇ ਆਏ ਹਨ ਜੋ ਪੁਲਿਸ ਦੇ ਕੰਮਕਾਜ ਦੇ ਤਰੀਕੇ ਉੱਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ।
ਸੁਲਤਾਨਪੁਰੀ ਇਲਾਕੇ ਦੇ ਹੀ ਰਹਿਣ ਵਾਲੇ ਡਿਲੀਵਰ ਬੁਆਏ ਵਿਕਾਸ ਮਹਿਰਾ ਨੇ 31 ਦਸੰਬਰ ਦੀ ਰਾਤ ਕਾਰ ਦੇ ਹੇਠਾਂ ਕੁੜੀ ਦੀ ਲਾਸ਼ ਦੇਖਣ ਦਾ ਦਾਅਵਾ ਕੀਤਾ ਹੈ।
ਵਿਕਾਸ ਮਹਿਰਾ ਕਹਿੰਦੇ ਹਨ, ‘‘ਰਾਤ ਨੂੰ ਸਵਾ ਦੋ ਵਜੇ ਦਾ ਸਮਾਂ ਹੋਵੇਗਾ, ਮੈਂ ਕੰਝਾਵਲਾ ਰੋਡ ਵੱਲੋਂ ਆ ਰਿਹਾ ਸੀ। ਅੱਗੇ ਪੁਲਿਸ ਚੌਂਕੀ ਦੇਖ ਕੇ ਅਚਾਨਕ ਇੱਕ ਕਾਰ ਤੇਜ਼ੀ ਨਾਲ ਮੁੜੀ ਅਤੇ ਮੈਂ ਟਕਰਾਉਂਦੇ-ਟਕਰਾਉਂਦੇ ਬਚਿਆ, ਉਸ ਦੀ ਕਾਰ ਦੇ ਹੇਠਾਂ ਮੈਨੂੰ ਕੁੜੀ ਦਾ ਸਿਰ ਨਜ਼ਰ ਆਇਆ।’’
ਵਿਕਾਸ ਦਾਅਵਾ ਕਰਦੇ ਹਨ, ‘‘ਮੈਂ ਇਸ ਬਾਰੇ ਪੁਲਿਸ ਚੌਂਕੀ ਵਿੱਚ ਜਾਣਕਾਰੀ ਦਿੱਤੀ, ਪਰ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਮੈਨੂੰ ਇਹ ਕਹਿ ਕੇ ਟਰਕਾ ਦਿੱਤਾ ਕਿ ਤੈਨੂੰ ਸੱਟ ਨਹੀਂ ਲੱਗੀ ਨਾ, ਗੱਡੀ ਨੂੰ ਅਸੀਂ ਦੇਖ ਲਵਾਂਗੇ, ਤੂੰ ਘਰ ਜਾ।’’
ਵਿਕਾਸ ਦੇ ਪਿਤਾ ਇਹ ਦਾਅਵਾ ਕਰਦੇ ਹਨ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਮੀਡੀਆ ਨਾਲ ਗੱਲਬਾਤ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਇੱਕ ਹੋਰ ਚਸ਼ਮਦੀਦ ਦੀਪਕ ਨੇ ਵੀ ਕਾਰ ਹੇਠਾਂ ਕੁੜੀ ਨੂੰ ਦੇਖਣ ਦਾ ਦਾਅਵਾ ਕੀਤਾ ਹੈ।
‘ਕੋਈ ਪੁਲਿਸ ਕਰਮੀ ਨਹੀਂ ਆਇਆ’

ਦੀਪਕ ਦਿੱਲੀ ਦੇ ਲਾਡਪੁਰ ਪਿੰਡ ਵਿੱਚ ਰਹਿੰਦੇ ਹਨ ਅਤੇ ਦੁੱਧ ਦਾ ਕੰਮ ਕਰਦੇ ਹਨ।
ਦੀਪਕ ਦੱਸਦੇ ਹਨ, ‘‘ਰਾਤ ਤਿੰਨ ਵੱਜ ਕੇ 18 ਮਿੰਟ ਉੱਤੇ ਮੈਂ ਆਪਣੀ ਦੁਕਾਨ ਖੋਲ੍ਹੀ ਸੀ। ਠੀਕ ਉਸੇ ਸਮੇਂ ਹੌਲੀ ਰਫ਼ਤਾਰ ਨਾਲ ਬੋਲੇਨੋ ਕਾਰ ਆ ਰਹੀ ਸੀ।‘’
‘’ਕਾਰ ਵਿੱਚੋਂ ਅਜਿਹੀ ਆਵਾਜ਼ ਰਹੀ ਸੀ ਜਿਵੇਂ ਟਾਇਰ ਫਟਣ ਤੋਂ ਬਾਅਦ ਆਉਂਦੀ ਹੈ। ਕੰਝਾਵਲਾ ਵੱਲੋਂ ਆ ਰਹੀ ਉਹ ਗੱਡੀ ਕੁਤੁਬਗੜ੍ਹ ਵੱਲ ਹੌਲੀ-ਹੌਲੀ ਜਾ ਰਹੀ ਸੀ। ਮੈਂ ਦੇਖਿਆ ਉਸ ਦੇ ਅਗਲੇ ਟਾਇਰ ਹੇਠਾਂ ਬੌਡੀ ਫਸੀ ਸੀ।’’
ਦੀਪਕ ਦੱਸਦੇ ਹਨ ਕਿ ਉਨ੍ਹਾਂ ਨੇ ਤੁਰੰਤ 112 ਨੰਬਰ ਉੱਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਦੀਪਕ ਦੱਸਦੇ ਹਨ, ‘‘ਰਾਤ ਤਿੰਨ ਵੱਜ ਕੇ 30 ਮਿੰਟ ਉੱਤੇ ਉਹੀ ਗੱਡੀ ਅੱਗੇ ਤੋਂ ਘੁੰਮ ਕੇ ਦੁਬਾਰਾ ਆਈ। ਮੈਂ ਫ਼ਿਰ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਹੁਣ ਇਹ ਗੱਡੀ ਵਾਪਸ ਕੰਝਾਵਲਾ ਵੱਲ ਜਾ ਰਹੀ ਹੈ। ਗੱਡੀ ਦੀ ਲੋਕੇਸ਼ਨ ਦੱਸਣ ਲਈ ਮੈਂ ਸਕੂਟੀ ਨਾਲ ਉਸ ਦੇ ਪਿੱਛੇ ਲੱਗ ਗਿਆ। ਉਹ ਨਾ ਤਾਂ ਤੇਜ਼ ਚੱਲ ਰਹੀ ਸੀ ਅਤੇ ਨਾ ਹੀ ਰੁੱਕ ਰਹੀ ਸੀ।’’
ਦੀਪਕ ਦਾਅਵਾ ਕਰਦੇ ਹਨ ਕਿ ਉਹ ਫ਼ੋਨ ਉੱਤੇ ਪੁਲਿਸ ਨੂੰ ਗੱਡੀ ਬਾਰੇ ਦੱਸਦੇ ਰਹੇ, ਪਰ ਕੋਈ ਪੁਲਿਸ ਕਰਮੀ ਨਹੀਂ ਆਇਆ। ਦੀਪਕ ਕਹਿੰਦੇ ਹਨ, ‘‘ਮੈਨੂੰ ਕਿਹਾ ਗਿਆ ਕਿ ਪੁਲਿਸ ਅੱਗੇ ਬੈਰੀਕੇਡਿੰਗ ਲਾ ਕੇ ਗੱਡੀ ਨੂੰ ਰੋਕ ਲਵੇਗੀ।’’
ਦੀਪਕ ਮੁਤਾਬਕ, ਗੱਡੀ ਨੇ ਲਾਡਪੁਰ ਅਤੇ ਜੌਂਤੀ ਪਿੰਡ ਵਿਚਾਲੇ ਦੋ ਚੱਕਰ ਕੱਟੇ। ਦੂਜੀ ਵਾਰ ਜਦੋਂ ਗੱਡੀ ਵਾਪਸ ਮੁੜ ਕੇ ਕੰਝਾਵਲਾ ਵੱਲ ਆਈ ਤਾਂ ਉਸ ਦੇ ਹੇਠਾਂ ਬੌਡੀ ਨਹੀਂ ਸੀ।
ਦੀਪਕ ਕਹਿਦੇ ਹਨ, ‘‘ਦੂਜੇ ਚੱਕਰ ਉੱਤੇ ਅਸੀਂ ਆਪਣੀ ਪਿਕ-ਅੱਪ ਕਾਰ ਨਾਲ ਗੱਡੀ ਦਾ ਪਿੱਛਾ ਕੀਤਾ ਅਤੇ ਕੰਝਾਵਲਾ ਵੱਲ ਖੜੀ ਪੀਸੀਆਰ ਨੂੰ ਉਸ ਬਾਰੇ ਜਾਣਕਾਰੀ ਦਿੱਤੀ, ਪਰ ਪੀਸੀਆਰ ਨੇ ਗੱਡੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।’’
ਕੁੜੀ ਦੀ ਲਾਸ਼ ਸਵੇਰੇ ਕੰਮ ਉੱਤੇ ਜਾ ਰਹੇ ਲੋਕਾਂ ਨੂੰ ਜੌਂਤੀ ਪਿੰਡ ਕੋਲ ਸੜਕ ਵਿਚਾਲੇ ਦਿਖੀ ਸੀ। ਉਸ ਦੇ ਕੱਪੜੇ ਪੂਰੀ ਤਰ੍ਹਾਂ ਫੱਟ ਚੁੱਕੇ ਸਨ। ਸਿਰਫ਼ ਪੈਂਟ ਦਾ ਹੀ ਕੁਝ ਹਿੱਸਾ ਬਚਿਆ ਸੀ।
ਕਿੱਥੇ ਹੋਇਆ ਹਾਦਸਾ?

ਐਫ਼ਆਈਆਰ ਮੁਤਾਬਕ, ਇਹ ਘਟਨਾ ਰਾਤ ਕਰੀਬ ਦੋ ਵਜੇ ਕ੍ਰਿਸ਼ਣ ਵਿਹਾਰ ਦੇ ਸ਼ਨੀ ਬਾਜ਼ਾਰ ਰੋਡ ਉੱਤੇ ਹੋਈ। ਇਹ ਇਲਾਕਾ ਸੁਲਤਾਨਪੁਰੀ ਪੁਲਿਸ ਥਾਣੇ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਹੈ।
ਪੁਲਿਸ ਨੇ ਇੱਥੋਂ ਹੀ ਸਕੂਟੀ ਬਰਾਮਦ ਕਰਨ ਦਾ ਦਾਅਵਾ ਐਫ਼ਆਈਆਰ ਵਿੱਚ ਕੀਤਾ ਹੈ।
ਮੌਕੇ ਉੱਤੇ ਮੌਜੂਦ ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ, ‘‘ਸਾਢੇ ਚਾਰ-ਪੌਣੇ ਪੰਜ ਵਜੇ ਮੇਰੀ ਮਾਂ ਨੇ ਕੁਝ ਆਵਾਜ਼ ਸੁਣੀ ਤਾਂ ਬਾਰੀ ਖੋਲ੍ਹ ਕੇ ਦੇਖੀ। ਮੈਂ ਵੀ ਜਾਗ ਗਿਆ, ਪੁਲਿਸ ਕਰਮੀ ਸਕੂਟੀ ਨੂੰ ਇੱਥੋਂ ਲੈ ਕੇ ਜਾ ਰਹੇ ਸਨ। ਸਕੂਟੀ ਤਾਂ ਹੈਂਡਲ ਟੁੱਟਿਆ ਹੋਇਆ ਸੀ।’’
ਚਸ਼ਮਦੀਦ ਮੁਤਾਬਕ, ਸਕੂਟੀ ਉਨ੍ਹਾਂ ਦੇ ਘਰ ਦੇ ਠੀਕ ਪਿਛਲੀ ਗਲੀ ਵਿੱਚ ਖੜੀ ਸੀ, ਇਹ ਗਲੀ ਸ਼ਨੀ ਬਾਜ਼ਾਰ ਮਾਰਗ ਤੋਂ ਹੀ ਨਿਕਲਦੀ ਹੈ।
ਬੀਬੀਸੀ ਨੇ ਕ੍ਰਿਸ਼ਣਾ ਵਿਹਾਰ ਦੇ ਸ਼ਨੀ ਬਾਜ਼ਾਰ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖੀਆਂ ਹਨ ਜਿਨ੍ਹਾਂ ਵਿੱਚ ਹਾਦਸੇ ’ਚ ਸ਼ਾਮਲ ਰਹੀ ਬੋਲੇਨੇ ਕਾਰ ਰਾਤ 1 ਵੱਜ ਕੇ 53 ਮਿੰਟ ਉੱਤੇ ਦਿਖਾਈ ਦਿੰਦੀ ਹੈ।
ਸੀਸੀਟੀਵੀ ਫੁਟੇਜ ਵਿੱਚ ਸਕੂਟੀ ਵੀ ਦਿਖਦੀ ਹੈ, ਹਾਲਾਂਕਿ ਇਸ ਧੁੰਦਲੀ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਇਹ ਪੁਸ਼ਟੀ ਨਹੀਂ ਕੀਤੀ ਸਕਦੀ ਕਿ ਇਹ ਸਕੂਟੀ ਉਹੀ ਹੈ ਜਿਸ ਉੱਤੇ ਪੀੜਤ ਸਵਾਰ ਸੀ।
ਇਸੇ ਰੋਡ ਉੱਤੇ ਰਹਿਣ ਵਾਲੇ ਅੰਕੁਰ ਸ਼ਰਮਾ ਕਹਿੰਦੇ ਹਨ ਕਿ ਇੱਥੇ ਕਿਸੇ ਨੂੰ ਵੀ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਅੰਕੁਰ ਸ਼ਰਮਾ ਕਹਿੰਦੇ ਹਨ, ‘‘ਸਵੇਰੇ ਸਾਢੇ ਚਾਰ – ਪੰਜ ਵਜੇ ਸਕੂਟੀ ਦੇਖੀ ਗਈ। ਰਾਤ 1 ਵੱਜ ਕੇ 54 ਮਿੰਟ ਉੱਤੇ ਉਹ ਸ਼ੱਕੀ ਕਾਰ ਸਾਡੀ ਗਲੀ ਵਿੱਚ ਵੀ ਦੇਖੀ ਗਈ ਹੈ। ਸਾਨੂੰ ਲੱਗਦਾ ਹੈ ਕਿ ਉਸ ਕੁੜੀ ਦੇ ਨਾਲ ਕੁਝ ਗ਼ਲਤ ਹੋਇਆ ਹੈ, ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।’’
ਕ੍ਰਿਸ਼ਣ ਵਿਹਾਰ ਤੋਂ ਜੌਂਤੀ ਪਿੰਡ ਪੂਰੇ 14 ਕਿਲੋਮੀਟਰ ਦੂਰ ਹੈ। ਇੱਥੋਂ ਜੌਂਤੀ ਤੱਕ ਜਾਣ ਵਿੱਚ 35 ਮਿੰਟ ਦਾ ਸਮਾਂ ਲੱਗਦਾ ਹੈ। ਅਸੀਂ ਕ੍ਰਿਸ਼ਣ ਵਿਹਾਰ ਤੋਂ ਜੌਂਤੀ ਪਿੰਡ ਤੱਕ ਕਾਰ ਨਾਲ ਆ ਜਾ ਕੇ ਦੇਖਿਆ, ਦੋਵਾਂ ਪਾਸਿਓਂ ਠੀਕ 35 ਮਿੰਟਾਂ ਦਾ ਸਮਾਂ ਲੱਗਿਆ।
ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਜੋ ਗੱਡੀ ਰਾਤ 1 ਵੱਜ ਕੇ 54 ਮਿੰਟ ਉੱਤੇ ਕ੍ਰਿਸ਼ਣ ਵਿਹਾਰ ਵਿੱਚ ਦਿਖ ਰਹੀ ਹੈ, ਜੇ ਉਸ ਨੂੰ ਚਲਾਉਣ ਵਾਲੇ ਹਾਦਸੇ ਤੋਂ ਬਾਅਦ ਡਰ ਕਾਰਨ ਭੱਜ ਰਹੇ ਸਨ ਤਾਂ ਉਨ੍ਹਾਂ ਨੂੰ ਜੌਂਤੀ ਪਿੰਡ ਤੱਕ ਪਹੁੰਚਣ ਵਿੱਚ ਡੇਢ ਘੰਟਾਂ ਕਿਉਂ ਲੱਗਿਆ?
ਪੁਲਿਸ ਮੁਤਾਬਕ, ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮੁਲਜ਼ਮਾਂ ਨੇ ਮੰਨਿਆ ਸੀ ਕਿ ਕ੍ਰਿਸ਼ਣਾ ਵਿਹਾਰ ਹਾਦਸਾ ਹੋ ਜਾਣ ਤੋਂ ਬਾਅਦ ਉਹ ਡਰ ਕਾਰਨ ਕੰਝਾਵਲਾ ਵੱਲ ਭੱਜ ਗਏ ਸਨ।
‘ਬਲਾਤਕਾਰ ਤੇ ਕਤਲ ਦੇ ਇਲਜ਼ਾਮ’

ਤਸਵੀਰ ਸਰੋਤ, ANI
ਸ਼ੱਕੀ ਹਾਲਾਤ ਵਿੱਚ ਜਾਨ ਗੁਆਉਣ ਵਾਲੀ ਕੁੜੀ ਦੇ ਪਰਿਵਾਰ ਅਤੇ ਪ੍ਰਦਰਸ਼ਕਾਰੀਆਂ ਦਾ ਇਲਜ਼ਾਮ ਹੈ ਕਿ ਹੋ ਸਕਦਾ ਹੈ ਕੁੜੀ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੋਵੇ।
ਕੁੜੀ ਦੀ ਮਾਂ ਕਹਿੰਦੇ ਹਨ, ‘‘ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇ ਪੋਸਟ ਮਾਰਟਮ ਵਿੱਚ ਕੁਝ ਹੋਰ ਸਾਹਮਣੇ ਆਉਂਦਾ ਹੈ ਤਾਂ ਉਹ ਧਾਰਾਵਾਂ ਵੀ ਜੋੜ ਦਿੱਤੀਆਂ ਜਾਣਗੀਆਂ।’’
ਉਹ ਕਹਿੰਦੇ ਹਨ, ‘‘ਪੁਲਿਸ ਨੇ ਕਿਹਾ ਹੈ ਕਿ ਜੇ ਜਾਂਚ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਰੇਪ ਹੋਇਆ ਹੈ ਤਾਂ ਰੇਪ ਅਤੇ ਕਤਲ ਦੀਆਂ ਧਾਰਾਵਾਂ ਵੀ ਜੋੜੀਆਂ ਜਾਣਗੀਆਂ।’’
ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਗ਼ੈਰ ਇਰਾਦਾ ਕਤਲ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੀਆਂ ਧਾਰਾਵਾਂ ਲਗਾਈਆਂ ਹਨ।
ਐੱਫ਼ਐੱਸਐੱਲ ਦੀ ਟੀਮ ਨੇ ਵੀ ਘਟਨਾ ਵਾਲੀ ਥਾਂ ਅਤੇ ਹਾਦਸੇ ਵਿੱਚ ਸ਼ਾਮਲ ਵਾਹਨਾਂ ਦੀ ਜਾਂਚ ਕੀਤੀ ਹੈ ਅਤੇ ਫੋਰੇਂਸਿਕ ਸਬੂਤ ਇਕੱਠੇ ਕੀਤੇ ਹਨ।
ਸਕੂਟੀ ’ਤੇ ਇਕੱਲੀ ਨਹੀਂ ਸੀ ਕੁੜੀ – ਦਿੱਲੀ ਪੁਲਿਸ

ਦਿੱਲੀ ਪੁਲਿਸ ਨੇ ਮੰਗਲਵਾਰ ਸਵੇਰ ਕੰਝਾਵਲਾ ਮਾਮਲੇ ’ਚ ਇੱਕ ਨਵੀਂ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਘਟਨਾ ਵੇਲੇ ਮ੍ਰਿਤਕਾ ਸਕੂਟੀ ਉੱਤੇ ਇਕੱਲੀ ਨਹੀਂ ਸੀ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਨੇ ਦੱਸਿਆ ਕਿ, ‘‘ਜਦੋਂ ਅਸੀਂ ਮ੍ਰਿਤਕਾ ਦੇ ਰੂਟ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਆਪਣੀ ਸਕੂਟੀ ਉੱਤੇ ਇਕੱਲੀ ਨਹੀਂ ਸੀ।’’
ਹਾਦਸੇ ਵੇਲੇ ਉਨ੍ਹਾਂ ਦੇ ਨਾਲ ਇੱਕ ਕੁੜੀ ਮੌਜੂਦ ਸੀ, ਜੋ ਜ਼ਖਮੀਂ ਹੋਣ ਤੋਂ ਬਾਅਦ ਮੌਕੇ ਤੋਂ ਭੱਜ ਗਈ। ਪਰ ਮ੍ਰਿਤਕਾ ਦਾ ਪੈਰ ਗੱਡੀ ਵਿੱਚ ਫੱਸ ਗਿਆ ਜਿਸ ਕਾਰਨ ਉਹ ਗੱਡੀ ਨਾਲ ਘੜੀਸਦੀ ਚਲੀ ਗਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੁਲਿਸ ਨੇ ਇਹ ਵੀ ਦੱਸਿਆ ਕਿ ਕੁੜੀ ਦਾ ਸ਼ਰੀਰ ‘ਕੁਝ ਕਿਲੋਮੀਟਰ’ ਤੱਕ ਗੱਡੀ ਦੇ ਨਾਲ ਘਸੀਟਣ ਕਾਰਨ ਉਸ ਦੇ ਸਿਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਛਿੱਲ ਗਿਆ ਸੀ।
ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਗਰ ਦੀਪ ਹੁੱਡਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ, ‘‘ਕੁੜੀ ਨੂੰ ਲਗਭਗ 10-12 ਕਿਲੋਮੀਟਰ ਤੱਕ ਘੜੀਸਿਆ ਗਿਆ।’’
ਉਨ੍ਹਾਂ ਨੇ ਕਿਹਾ, ‘‘ਹਾਲੇ ਤੱਕ ਦੀ ਜਾਂਚ ਦੇ ਆਧਾਰ ਉੱਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਸਟ ਮਾਰਟਮ ਕਰਨ ਵਾਲੇ ਮੈਡੀਕਲ ਬੌਰਡ ਦੀ ਰਿਪੋਰਟ ਦੇ ਆਧਾਰ ਉੱਤੇ ਅੱਗੇ ਦੀ ਜਾਂਚ ਹੋਵੇਗੀ, ਫੋਰੇਂਸਿਕ ਅਤੇ ਲੀਗਲ ਟੀਮਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।’’
ਉਧਰ ਦਿੱਲੀ ਪੁਲਿਸ ਦੇ ਬੁਲਾਰੇ ਸੁਮਨ ਨਲਵਾ ਨੇ ਬੀਬੀਸੀ ਨੂੰ ਕਿਹਾ, ‘‘ਜਾਂਚ ਅਧਿਕਾਰੀ ਦੀ ਰਿਪੋਰਟ ਮੁਤਾਬਕ, ਪਹਿਲੀ ਨਜ਼ਰ ਵਿੱਚ ਇਹ ਸੜਕ ਹਾਦਸੇ ਦਾ ਮਾਮਲਾ ਲੱਗ ਰਿਹਾ ਹੈ। ਜਾਂਚ ਜਾਰੀ ਹੈ ਅਤੇ ਜੇ ਹੋਰ ਧਾਰਾਵਾਂ ਨੂੰ ਜੋੜਨ ਦੀ ਲੋੜ ਹੋਵੇਗੀ ਤਾਂ ਅੱਗੇ ਜੋੜੀਆਂ ਜਾਣਗੀਆਂ।’’













