ਐੱਸਜੀਪੀਸੀ ਵੱਲੋਂ ਸੇਵਾਵਾਂ ਖ਼ਤਮ ਕਰਨ 'ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ, 'ਮੇਰੇ ਨਾਲ ਇਹੋ ਹੋਣਾ ਸੀ', ਜਾਣੋ ਪੂਰਾ ਮਾਮਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ।

ਐੱਸਜੀਪੀਸੀ ਦੇ ਮੀਡੀਆ ਸਕੱਤਰ ਨੇ ਕਿਹਾ ਕਿ ਇਹ ਫ਼ੈਸਲਾ ਐੱਸਜੀਪੀਸੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਸਬ ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ।

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਉੱਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਵੱਲੋਂ ਇੱਕ ਪੁਰਾਣੇ ਮਾਮਲੇ ਵਿੱਚ ਗੰਭੀਰ ਇਲਜ਼ਾਮ ਲਾਏ ਗਏ ਸਨ। ਇਸ ਮਗਰੋਂ ਜਾਂਚ ਕਮੇਟੀ ਬਣਾ ਕੇ ਐੱਸਜੀਪੀਸੀ ਨੇ ਉਨ੍ਹਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਗਰੋਂ ਕਿਹਾ ਸੀ ਕਿ 2 ਦਸੰਬਰ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਜ਼ਾ ਸੁਣਾਏ ਜਾਣ ਵਿੱਚ ਉਨ੍ਹਾਂ ਦੇ ਰੋੋਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਐੱਸਜੀਪੀਸੀ ਦੀ ਕਮੇਟੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਜਥੇਦਾਰਾਂ ਦੀ ਜਾਂਚ ਐਸਜੀਪੀਸੀ ਦਾ ਅਧਿਕਾਰ ਖੇਤਰ ਨਹੀਂ ਹੈ।

ਐੱਸਜੀਪੀਸੀ ਵੱਲੋਂ ਗਿਆਨੀ ਜਗਤਾਰ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਆਏ ਐੱਸਜੀਪੀਸੀ ਦੇ ਮੈਂਬਰਾਂ ਨੇ ਇਸ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

ਗਿਆਨੀ ਹਰਪ੍ਰੀਤ ਸਿੰਘ ਦੇ ਪੱਖ 'ਚ ਆਏ ਮੈਂਬਰਾਂ ਨੇ ਕੀ ਕਿਹਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫੈਸਲੇ 'ਤੇ ਕਮੇਟੀ ਦੇ ਤਿੰਨ ਮੈਂਬਰਾਂ ਨੇ ਮੀਟਿੰਗ 'ਚ ਆਪਣਾ ਵਿਰੋਧ ਦਰਜ ਕਰਵਾਇਆ।

ਉਨ੍ਹਾਂ 'ਚੋ ਜਸਵੰਤ ਸਿੰਘ ਪੁੜੈਣ ਨੇ ਕਿਹਾ, "ਅੱਜ ਹੋਈ ਮੀਟਿੰਗ ਦੇ ਅੰਤ 'ਚ ਕਮੇਟੀ ਦੇ ਮੈਂਬਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇਹ ਫੈਸਲਾ ਸੁਣਾਇਆ। ਉਨ੍ਹਾਂ 'ਤੇ ਹੋਈ ਜਾਂਚ ਦੀ ਰਿਪੋਰਟ ਸਾਨੂੰ ਨਹੀਂ ਦਿੱਤੀ ਗਈ, ਬਸ ਫ਼ੈਸਲਾ ਪੜ੍ਹ ਕੇ ਸੁਣਾ ਦਿੱਤਾ ਗਿਆ।"

"ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਦੇ ਨਿੱਜੀ ਤੌਰ 'ਤੇ ਨਹੀਂ ਮਿਲਿਆ ਪਰ ਜਥੇਦਾਰਾਂ ਵਲੋਂ ਇਹ ਫ਼ੈਸਲਾ ਸਿਆਸੀ ਐਨਕਾਂ ਲੱਗਾ ਕੇ ਲਿਆ ਗਿਆ ਹੈ।"

"ਜਿੰਨੀ ਦੇਰ ਉਹ (ਗਿਆਨੀ ਹਰਪ੍ਰੀਤ ਸਿੰਘ ) ਇਨ੍ਹਾਂ ਦੇ ਪੱਖ 'ਚ ਬੋਲਦੇ ਰਹੇ, ਉਨ੍ਹੀ ਦੇਰ ਤਾਂ ਸਭ ਠੀਕ ਸੀ। ਹੁਣ ਇਹ ਫ਼ੈਸਲਾ ਕਿਉਂ ?"

ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ

ਗਿਆਨੀ ਹਰਪ੍ਰੀਤ ਸਿੰਘ ਨੇ ਐੱਸਜੀਪੀਸੀ ਦੇ ਫੈਸਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਾ ਕਿਹਾ, ''ਇਹੋ ਹੋਣਾ ਸੀ, ਮੈਨੂੰ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਹੁਣ ਮੇਰੀਆ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਇਸ ਲਈ ਮੈਨੂੰ ਇਸ ਗੱਲ ਦੀ ਕੋਈ ਹੈਰਾਨੀ ਵੀ ਨਹੀਂ ਹੈ।''

ਗਿਆਨੀ ਹਰਪ੍ਰੀਤ ਸਿੰਘ ਨੇ ਅਸਿੱਧੇ ਤੌਰ ਉੱਤੇ ਇਸ ਫੈਸਲੇ ਪਿੱਛੇ ਬਾਦਲ ਪਰਿਵਾਰ ਵੱਲ ਵੀ ਇਸ਼ਾਰਾ ਕੀਤਾ।

ਇਸ ਰਿਪੋਰਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਪਿਛੋਕੜ ਅਤੇ ਹੁਣ ਤੱਕ ਦੇ ਸਫ਼ਰ 'ਤੇ ਇੱਕ ਝਾਤ ਮਾਰਦੇ ਹਾਂ।

ਗਿਆਨੀ ਹਰਪ੍ਰੀਤ ਸਿੰਘ ਦੇ ਧਾਰਮਿਕ ਜੀਵਨ ਦਾ ਸਫ਼ਰ

ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਾਰਮਿਕ ਅਧਿਐਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

ਇਸੇ ਤਰ੍ਹਾਂ ਉਨ੍ਹਾਂ ਨੇ ਧਾਰਮਿਕ ਅਤੇ ਗੁਰਮਤਿ ਦੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਹਾਸਲ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕੋਰਸ ਤਿੰਨ ਸਾਲਾਂ ਦਾ ਸੀ।

ਉਹ ਸਾਲ 1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਪ੍ਰਚਾਰਕ ਭਰਤੀ ਹੋਏ ਸਨ।

ਧਰਮ ਪ੍ਰਚਾਰ ਕਮੇਟੀ ਅਧੀਨ ਦੋ ਸਾਲ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 1999 ਵਿੱਚ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 21 ਅਪਰੈਲ 2017 ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਅੰਤ੍ਰਿੰਗ ਕਮੇਟੀ ਵੱਲੋਂ 22 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਗਿਆਨੀ ਹਰਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਤੁਲਨਾਤਮਕ ਅਧਿਐਨ ਵਿਸ਼ੇ ਉਪਰ ਪੀਐੱਚਡੀ ਕਰ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਬੇਬਾਕ ਟਿੱਪਣੀਆਂ ਕਾਰਨ ਚਰਚਾ ਵਿੱਚ ਰਹੇ

ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਿੱਖ ਮੁੱਦਿਆਂ ਉੱਪਰ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਵੀ ਸਿੱਖ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਹਨ।

ਉਨ੍ਹਾਂ ਨੇ ਅਕਾਲ ਤਖ਼ਤ ਦੇ ਆਪਣੇ ਕਾਰਜਕਾਲ ਦੌਰਾਨ ਸਿੱਖ ਮੁੱਦਿਆਂ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ।

ਸਿੱਖ ਸਿਆਸਤ ਉੱਪਰ ਖੁੱਲ੍ਹ ਕੇ ਬੋਲਣ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਉਨ੍ਹਾਂ ਸਬੰਧੀ ਟਿੱਪਣੀਆਂ ਵੀ ਕਰਦੇ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਸੀਏਏ ਅਤੇ ਐੱਨਆਰਸੀ ਕਾਨੂੰਨ ਲਾਗੂ ਕਰਨ ਦੇ ਖਿਲਾਫ਼ ਉੱਠੇ ਸੰਘਰਸ਼ ਦੀ ਉਨ੍ਹਾਂ ਨੇ ਡਟਵੀਂ ਹਮਾਇਤ ਕੀਤੀ ਸੀ।

ਇੱਕ ਸਮਾਂ ਇਹ ਵੀ ਆਇਆ ਜਦੋਂ ਉਨ੍ਹਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 'ਸਰਮਾਏਦਾਰਾਂ' ਦੀ ਪਾਰਟੀ ਵੀ ਕਹਿ ਦਿੱਤਾ ਸੀ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਆਪਣੇ ਕਾਰਜਕਾਲ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਸਬੰਧੀ ਵੀ ਟਿੱਪਣੀਆਂ ਕੀਤੀਆਂ ਸਨ।

ਅੰਮ੍ਰਿਤਪਾਲ ਦੇ ਮਾਮਲੇ ਉਪਰ ਵੀ ਬੋਲੇ ਸਨ

27 ਮਾਰਚ 2023 ਨੂੰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਇੱਕ ਇਕੱਠ ਦੌਰਾਨ ਪੰਜਾਬ ਸਰਕਾਰ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੀ ਗੱਲ ਵੀ ਕਹੀ ਸੀ।

ਇਹ ਉਹ ਸਮਾਂ ਸੀ, ਜਦੋਂ 'ਵਾਰਿਸ ਪੰਜਾਬ ਦੇ' ਆਗੂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ।

ਇਸੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬਿਆਨ ਵੀ ਚਰਚਾ ਵਿੱਚ ਆਇਆ ਸੀ, ਜਦੋਂ ਉਨ੍ਹਾਂ ਨੇ ਪੰਜਾਬ ਵਿੱਚ 325 ਟੈਸਟ ਟਿਊਬ ਬੇਬੀ ਸੈਂਟਰ ਖੋਲ੍ਹਣ ਦੀ ਗੱਲ ਕਹੀ ਸੀ।

ਉਨ੍ਹਾਂ ਕਿਹਾ ਸੀ, "ਸਾਡੀਆਂ ਨਸਲਾਂ ਅਤੇ ਫਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਗੈਰ ਪੰਜਾਬੀਆਂ ਦਾ ਸੀਮਨ ਪੰਜਾਬ ਵਿੱਚ ਵਰਤਿਆ ਜਾ ਰਿਹਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)