You’re viewing a text-only version of this website that uses less data. View the main version of the website including all images and videos.
ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ’ਚ ਇੱਕ ਮੁਲਜ਼ਮ ਨੂੰ ਕੈਨੇਡਾ ਵਿੱਚ 20 ਸਾਲ ਦੀ ਸਜ਼ਾ
- ਲੇਖਕ, ਪੈਟਰਿਕ ਜੈਕਸਨ
- ਰੋਲ, ਬੀਬੀਸੀ ਪੱਤਰਕਾਰ
ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚੋਂ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਦੋ ਹਿੱਟਮੈਨਾਂ ਵਿੱਚੋਂ ਇੱਕ ਨੂੰ ਕੈਨੇਡਾ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅਕਤੂਬਰ, 2024 ਨੂੰ ਟਨਰ ਫੌਕਸ ਅਤੇ ਜੋਸ ਲੋਪੇਜ਼ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਸੈਕੰਡ ਡਿਗਰੀ ਮਰਡਰ ਲਈ ਆਪਣਾ ਜ਼ੁਰਮ ਕਬੂਲ ਕੀਤਾ ਹੈ।
ਬੀਬੀਸੀ ਪੱਤਰਕਾਰ ਜੈਸੀਕਾ ਮਰਫ਼ੀ ਅਤੇ ਨਦੀਨ ਯੂਸਫ਼ ਮੁਤਾਬਕ ਟਨਰ ਫ਼ੋਕਸ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ। ਫ਼ੌਕਸ ਨੂੰ 20 ਸਾਲਾਂ ਤੱਕ ਕੈਨੇਡਾ ਦੀ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਪੈਰੋਲ ਵੀ ਨਹੀਂ ਮਿਲੇਗੀ।
ਲੋਪੇਜ਼ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
ਰਿਪੁਦਮਨ ਦਾ ਸਾਲ 2022 ਵਿੱਚ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਰਿਪੁਦਮਨ ਸਾਲ 1985 ਦੇ ਜੂਨ ਮਹੀਨੇ ਦੀ 23 ਤਰੀਕ ਨੂੰ ਏਅਰ ਇੰਡੀਆ ਦੇ ਹਵਾਈ ਜਹਾਜ਼ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸਨ। ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਮੰਨਿਆ ਸੀ।
ਵੈਸਮਿਨੀਸਟਰ ਦੀ ਅਦਾਲਤ ਵਿੱਚ ਮੌਜੂਦ ਰਿਪੋਰਟਰਾਂ ਮੁਤਾਬਕ ਮਲਿਕ ਦੀ ਨੂੰਹ ਸੰਦੀਪ ਕੌਰ ਧਾਲੀਵਾਲ ਨੇ ਮੁਲਜ਼ਿਮਾਂ ਨੂੰ ਅਪੀਲ ਕੀਤੀ ਸੀ ਕਿ ਉਹ ਰਿਪੁਦਮਨ ਦੇ ਕਤਲ ਲਈ ਪੈਸੇ ਦੇਣ ਵਾਲੇ ਦਾ ਨਾਮ ਜ਼ਾਹਰ ਕਰ ਦੇਣ।
ਰਿਪੁਦਮਨ ਦਾ ਗੋਲੀਆਂ ਮਾਰ ਕੇ ਕਤਲ
ਰਿਪੁਦਮਨ ਮਲਿਕ ਦਾ 14 ਜੁਲਾਈ, 2022 ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸੜਿਆ ਹੋਇਆ ਵਾਹਨ ਵੀ ਮਿਲਿਆ ਸੀ।
ਰਿਪੁਦਮਨ ਸਿੰਘ ਨੂੰ ਸਾਲ 2005 ਵਿੱਚ ਵਿਨਾਸ਼ਕਾਰੀ ਦੋਹਰੇ ਬੰਬ ਧਮਾਕਿਆਂ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
23 ਜੂਨ, 1985 ਨੂੰ ਮੌਂਟਰੀਅਲ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕਨਿਸ਼ਕ ਵਿੱਚ ਟਾਈਮ ਬੰਬ ਰੱਖਿਆ, ਜਿਸ ਕਾਰਨ ਜਹਾਜ਼ ਆਇਰਲੈਂਡ ਦੇ ਤੱਟ 'ਤੇ ਫਟ ਗਿਆ ਅਤੇ 329 ਜਣਿਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਕੈਨੇਡਾ ਦੇ ਨਾਗਰਿਕ ਸਨ, ਜੋ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ।
ਇਸੇ ਹੀ ਵੇਲੇ ਇੱਕ ਹੋਰ ਅਟੈਚੀ ਬੰਬ ਜਪਾਨ ਦੇ ਨਰਿਤਾ ਹਵਾਈ ਅੱਡੇ ਉੱਪਰ ਫਟ ਗਿਆ, ਜਿਸ ਵਿੱਚ ਉਨ੍ਹਾਂ ਦੋ ਜਣਿਆਂ ਦੀ ਵੀ ਮੌਤ ਹੋ ਗਈ, ਜਿਨ੍ਹਾਂ ਨੇ ਅਟੈਚੀ ਫੜ੍ਹਿਆ ਹੋਇਆ ਸੀ।
ਵਿਆਪਕ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਹ ਬੰਬ ਧਮਾਕੇ ਕੈਨੇਡੀਅਨ-ਅਧਾਰਿਤ ਸਿੱਖਾਂ ਵੱਲੋਂ 1984 ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ, ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਕੀਤੀ ਫੌਜੀ ਕਾਰਵਾਈ ਦਾ ਬਦਲਾ ਲੈਣ ਲਈ ਕੀਤੇ ਗਏ ਸਨ।
ਇਹ ਕੈਨੇਡਾ ਦਾ ਸਭ ਤੋਂ ਘਾਤਕ ਅੱਤਵਾਦੀ ਹਮਲੇ ਹੈ।
ਦੋ ਸਾਲਾਂ ਦੇ ਮੁਕੱਦਮੇ ਤੋਂ ਬਾਅਦ, ਮਲਿਕ ਅਤੇ ਉਨ੍ਹਾਂ ਦੇ ਸਹਿ-ਮੁਲਜ਼ਮ, ਅਜੈਬ ਸਿੰਘ ਬਾਗੜੀ, ਦੋਵਾਂ ਨੂੰ ਦੋ ਬੰਬ ਧਮਾਕਿਆਂ ਨਾਲ ਸਬੰਧਤ ਸਮੂਹਿਕ ਕਤਲ ਅਤੇ ਸਾਜ਼ਿਸ਼ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਸੋਮਵਾਰ ਦਰਜ ਹੋਏ ਬਿਆਨਾਂ ਅਨੁਸਾਰ, ਫੌਕਸ ਅਤੇ ਲੋਪੇਜ਼ ਨੂੰ ਮਲਿਕ ਨੂੰ ਮਾਰਨ ਲਈ ਠੇਕਾ ਦਿੱਤਾ ਗਿਆ ਸੀ ਪਰ ਇਸ ਬਾਰੇ ਸਬੂਤ ਨਹੀਂ ਹਨ ਕਿ ਕਿਸ ਨੇ ਉਨ੍ਹਾਂ ਨੂੰ ਇਸ ਕਤਲ ਲਈ ਸੁਪਾਰੀ ਦਿੱਤੀ ਸੀ।
ਵੈਨਕੂਵਰ ਸਨ ਦੀ ਰਿਪੋਰਟ ਅਨੁਸਾਰ, ਪੁਲਿਸ ਨੇ ਇਨ੍ਹਾਂ ਦੋ ਮੁਲਜ਼ਮਾਂ ਨਾਲ ਜੁੜੇ ਨਿਵਾਸ ਸਥਾਨਾਂ ਵਿੱਚ ਹਮਲੇ ਵਿੱਚ ਵਰਤੀਆਂ ਗਈਆਂ ਦੋ ਹੈਂਡਗਨਜ਼ ਅਤੇ ਨਾਲ ਹੀ ਲੋਪੇਜ਼ ਦੇ ਨਿਊ ਵੈਸਟਮਿੰਸਟਰ ਅਪਾਰਟਮੈਂਟ ਵਿੱਚ 16,485 ਕੈਨੇਡੀਅਨ ਡਾਲਰ (ਕਰੀਬ 10 ਲੱਖ ਰੁਪਏ) ਦੀ ਰਕਮ ਬਰਾਮਦ ਕੀਤੀ।
ਰਿਪੁਦਮਨ ਸਿੰਘ ਦੇ ਪਰਿਵਾਰ ਦੀ ਅਪੀਲ
ਮਲਿਕ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਮੁਲਜ਼ਮਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਤਲ ਲਈ ਕਿਸ ਨੇ ਨਿਰਦੇਸ਼ ਦਿੱਤੇ ਸਨ।
ਪਰਿਵਾਰ ਨੇ ਕਿਹਾ, "ਜਦੋਂ ਤੱਕ ਉਨ੍ਹਾਂ ਨੂੰ ਠੇਕਾ ਦੇਣ ਅਤੇ ਇਸ ਕਤਲ ਨੂੰ ਨਿਰਦੇਸ਼ਤ ਕਰਨ ਲਈ ਜ਼ਿੰਮੇਵਾਰ ਧਿਰਾਂ ਨੂੰ ਅਦਾਲਤ ਵੱਲੋਂ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕੰਮ ਅਧੂਰਾ ਹੈ।"
ਜਦੋਂ ਬੀਬੀਸੀ ਨੇ ਫੌਕਸ ਦੇ ਵਕੀਲ ਨਾਲ ਇਸ ਮਾਮਲੇ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਲੋਪੇਜ਼ ਦੇ ਵਕੀਲਾਂ ਨੇ ਕਿਹਾ ਕਿ "ਉਸ ਦੇ ਅੱਗੇ ਲੰਬਾ ਰਾਹ" ਸੀ, "ਅਸੀਂ ਉਸ ਦੀ ਜਵਾਨੀ ਅਤੇ ਉਸ ਦੇ ਪਛਤਾਵੇ ਦੇ ਮੱਦੇਨਜ਼ਰ ਉਸ ਦੇ ਮੁੜ ਵਸੇਬੇ ਦੀਆਂ ਸੰਭਾਵਨਾਵਾਂ ਲਈ ਆਸਵੰਦ ਹਾਂ।"
ਰਿਪੁਦਮਨ ਸਿੰਘ ਕੌਣ ਹਨ
ਬੀਬੀਸੀ ਪੰਜਾਬੀ ਨੇ 2022 ਵਿੱਚ ਰਿਪੁਦਮਨ ਸਿੰਘ ਬਾਰੇ ਰਿਪੋਰਟ ਛਾਪੀ ਸੀ। ਉਸ ਰਿਪੋਰਟ ਵਿੱਚ ਦਿੱਤੇ ਵੇਰਵੇ ਕੁਝ ਇਸ ਪ੍ਰਕਾਰ ਹਨ।
ਸਾਲ 2005 ਵਿੱਚ ਏਅਰ ਇੰਡੀਆ ਧਮਾਕਿਆਂ ਦੇ ਕੇਸ ਤੋਂ ਬਰੀ ਹੋਣ ਤੋਂ ਬਾਅਦ, ਮਲਿਕ ਵੈਨਕੂਵਰ ਤੋਂ ਦੱਖਣੀ ਸਰੀ ਜਾ ਵਸੇ ਸਨ।
ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ, ਉਨ੍ਹਾਂ ਦੇ ਪਿਤਾ ਨੇ ਸਾਲ 1986 ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ।
ਉਨ੍ਹਾਂ ਦੇ ਸਕੂਲ ਵਿੱਚ ਕੈਨੇਡਾਈ ਪਾਠਕ੍ਰਮ ਪੜ੍ਹਾਉਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਹੈ।
ਮਲਿਕ ਕੈਨੇਡਾ ਵਿੱਚ ਸਤਨਾਮ ਐਜੂਕੇਸ਼ਨ ਸੋਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਵੀ ਸਨ।
ਖਾਲਸਾ ਕ੍ਰੇਡਿਟ ਯੂਨੀਅਨ ਅਤੇ ਖਾਲਸਾ ਸਕੂਲ ਚਲਾਉਣ ਦੇ ਨਾਲ-ਨਾਲ ਉਨ੍ਹਾਂ ਨੇ ਇਸ ਦੌਰਾਨ ਹੋਰ ਕਾਰੋਬਾਰ ਵੀ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਕੱਪੜਿਆਂ ਦਾ ਕਾਰੋਬਾਰ ਵੀ ਸ਼ਾਮਿਲ ਹੈ। ਜਿਸ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਦਾ ਕਤਲ਼ ਕੀਤਾ ਗਿਆ।
ਮਲਿਕ ਦੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨੇ ‘ਅਖ਼ਬਾਰ ਵਾਨਕੂਵਰ ਸਨ’ ਦੇ ਰਿਪੋਰਟਰ ਨੂੰ ਦੱਸਿਆ ਸੀ ਕਿ ਮਲਿਕ ਦਾ ਜਨਮ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ, 5 ਫਰਵਰੀ 1947 ਨੂੰ ਲਾਹੌਰ ਵਿੱਚ ਹੋਇਆ ਸੀ।
ਰਿਸ਼ਤੇਦਾਰਾਂ ਅਨੁਸਾਰ, ਮਲਿਕ ਦੇ ਮਾਪੇ ਉਸ ਨੂੰ ਨਿੱਕੇ ਹੁੰਦੇ ਨੂੰ ਲੈ ਕੇ ਭਾਰਤ ਵਾਲੇ ਪਾਸੇ ਪੰਜਾਬ ਦੇ ਫਿਰੋਜ਼ਪੁਰ ਆ ਵਸੇ ਸਨ।
ਬੱਬਰ ਖ਼ਾਲਸਾ ਨਾਲ ਕਥਿਤ ਤੌਰ 'ਤੇ ਸਬੰਧਿਤ
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਿਪੁਦਮਨ ਕਥਿਤ ਤੌਰ 'ਤੇ ਬੱਬਰ ਖ਼ਾਲਸਾ ਨਾਲ ਸਬੰਧਿਤ ਸਨ। ਉਹ ਤਲਵਿੰਦਰ ਸਿੰਘ ਪਰਮਾਰ ਨਾਲ ਵੀ ਕਥਿਤ ਤੌਰ ਉੱਤੇ ਸਬੰਧਿਤ ਸਨ। ਪਰਮਾਰ ਏਅਰ ਇੰਡੀਆ ਬੰਬ ਧਮਾਕੇ ਦਾ ਕਥਿਤ ਤੌਰ ’ਤੇ ਮਾਸਟਰਮਾਇੰਡ ਸੀ।
ਪਰਮਾਰ ਬੱਬਰ ਖ਼ਾਲਸਾ ਦੇ ਇੱਕ ਗੁੱਟ ਦਾ ਮੁਖੀ ਵੀ ਰਿਹਾ ਅਤੇ 1992 ਵਿੱਚ ਉਹ ਪੰਜਾਬ ਪੁਲਿਸ ਦੇ ਕਥਿਤ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ।
ਉਸ ਦੇ ਦੋ ਪਰਿਵਾਰਿਕ ਮੈਂਬਰ ਰਿਪੁਦਮਨ ਦੇ ਇੱਕ ਸਕੂਲ (ਖ਼ਾਲਸਾ ਸਕੂਲ) ਵਿੱਚ ਕੰਮ ਕਰਦੇ ਹਨ।
ਕਿਤਾਬ 'ਬੱਲਡ ਫ਼ਾਰ ਬੱਲਡ ਫ਼ਿਫ਼ਟੀ ਇਅਰਜ਼ ਆਫ਼ ਗਲੋਬਲ ਖਾਲਿਸਤਾਨ ਪ੍ਰੋਜੈਕਟ' ਮੁਤਾਬਕ, ਇਨ੍ਹਾਂ ਬੰਬ ਧਮਾਕਿਆਂ ਬਾਰੇ ਚੱਲ ਮੁਕੱਦਮੇ ਵਿੱਚ, 18 ਸਾਲ ਬਾਅਦ ਮਿਸ ਡੀ (ਇੱਕ ਮਹਿਲਾ) ਨੇ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਸਾਹਮਣੇ ਗਵਾਹੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਬੱਬਰ ਖ਼ਾਲਸਾ ਨੂੰ ਧਨ ਦੇਣ ਵਾਲੇ ਰਿਪੁਦਮਨ ਸਿੰਘ ਮਲਿਕ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ "ਜੇ ਨਰਿਟਾ ਹਵਾਈ ਅੱਡੇ 'ਤੇ ਜਹਾਜ਼ ਸਮੇਂ ਸਿਰ ਉਤਰ ਜਾਂਦਾ ਤਾਂ ਕਿਤੇ ਜ਼ਿਆਦਾ ਨੁਕਸਾਨ ਹੁੰਦਾ।"
ਉਨ੍ਹਾਂ ਅੱਗੇ ਦੱਸਿਆ ਸੀ, "ਕਿਤੇ ਜ਼ਿਆਦਾ ਮੌਤਾਂ ਹੁੰਦੀਆਂ ਅਤੇ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਹਾਂ। ਉਨ੍ਹਾਂ ਨੂੰ ਖ਼ਾਲਿਸਤਾਨ ਦੇ ਮਾਅਨੇ ਪਤਾ ਲੱਗਦੇ ਅਤੇ ਉਨ੍ਹਾਂ ਨੂੰ ਇਹ ਅੰਦਾਜ਼ਾ ਲੱਗ ਜਾਂਦਾ ਕਿ ਅਸੀਂ ਕਿਸ ਦੇ ਲਈ ਲੜ ਰਹੇ ਹਾਂ।"
ਭਾਰਤ ਸਰਕਾਰ ਦੀ ਬਲੈਕਲਿਸਟ 'ਚ ਸ਼ਾਮਿਲ
ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਮਲਿਕ ਦਾ ਨਾਂਅ ਭਾਰਤ ਸਰਕਾਰ ਵੱਲੋਂ 'ਬਲੈਕਲਿਸਟ' ਕੀਤੇ ਸਿੱਖਾਂ ਵਿੱਚ ਵੀ ਸ਼ਾਮਿਲ ਸੀ, ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ। ਹਾਲਾਂਕਿ, ਮੋਦੀ ਸਰਕਾਰ ਨੇ ਸਤੰਬਰ 2019 ਵਿੱਚ ਉਨ੍ਹਾਂ ਸਮੇਤ 312 ਸਿੱਖਾਂ ਦੇ ਨਾਂਅ ਇਸ 35 ਸਾਲ ਪੁਰਾਣੀ ਲਿਸਟ 'ਚੋਂ ਹਟਾ ਦਿੱਤੇ ਸਨ।
ਇਸ ਤੋਂ ਮਗਰੋਂ, ਦਸੰਬਰ 2019 ਵਿੱਚ ਹੀ, 25 ਸਾਲ ਬਾਅਦ ਮਲਿਕ ਭਾਰਤ ਵੀ ਆਏ ਸਨ।
ਮਲਿਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਪ੍ਰਤੀ ਕੀਤੇ ਅਜਿਹੇ ਕੰਮਾਂ ਲਈ ਧੰਨਵਾਦ ਕੀਤਾ ਸੀ ਜੋ 'ਪਹਿਲਾਂ ਕਦੇ ਨਹੀਂ ਕੀਤੇ ਗਏ।'
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ