You’re viewing a text-only version of this website that uses less data. View the main version of the website including all images and videos.
ਕੈਥੋਲਿਕ ਚਰਚ ਕੋਲ ਕਿੰਨੀ ਦੌਲਤ ਹੈ ਅਤੇ ਇਹ ਕਿੱਥੋਂ ਆਉਂਦੀ ਹੈ?
- ਲੇਖਕ, ਡੇਬੋਰਾ ਕ੍ਰਿਵੇਲਾਰੋ
- ਰੋਲ, ਬੀਬੀਸੀ ਪੱਤਰਕਾਰ
ਇੱਕ ਕਹਾਵਤ ਹੈ ਕਿ ਕੈਥੋਲਿਕ ਚਰਚ ਦੀਆਂ ਸੰਪਤੀਆਂ ਦੀ ਕੀਮਤ ਸ਼ਰਧਾ ਦੇ ਰਹੱਸਾਂ ਵਿੱਚੋਂ ਇੱਕ ਹੈ ਯਾਨੀ ਇੱਕ ਅਜਿਹਾ ਰਾਜ਼ ਹੈ ਜਿਸ ਨੂੰ ਸੰਸਥਾ ਨੇ ਸਦੀਆਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ।
ਚਰਚ ਕਈ ਸ਼ਾਖਾਵਾਂ ਜਾਂ ਡਾਇਓਸਿਸ (ਬਿਸ਼ਪ ਅਧੀਨ ਆਉਂਦਾ ਕਈ ਚਰਚਾਂ ਦਾ ਖੇਤਰ) ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਵਿੱਚ ਹਰੇਕ ਦਾ ਵਿੱਤੀ ਲੇਖਾ-ਜੋਖਾ ਆਪਣਾ ਹੁੰਦਾ ਹੈ।
ਦੁਨੀਆਂ ਦੇ 1.4 ਅਰਬ ਕੈਥੋਲਿਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਚਰਚ ਦੀ ਸੰਪਤੀ ਦਾ ਸਮੁੱਚਾ ਅੰਕੜਾ ਪ੍ਰਾਪਤ ਕਰਨਾ ਜੇ ਅਸੰਭਵ ਨਹੀਂ ਤਾਂ ਇੱਕ ਔਖਾ ਕੰਮ ਜ਼ਰੂਰ ਹੈ।
ਪਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 'ਹੋਲੀ ਸੀ' ਦੀ ਜੋ ਵੈਟੀਕਨ ਵਿੱਚ ਧਾਰਮਿਕ ਸੰਗਠਨ ਦੇ ਕੇਂਦਰ ਵਿੱਚ ਸਥਿਤ ਅਧਿਆਤਮਿਕ ਅਤੇ ਪ੍ਰਬੰਧਕੀ ਅਥਾਰਟੀ ਹੈ।
'ਹੋਲੀ ਸੀ'
ਚਰਚ ਦੀ ਮਜ਼ਬੂਤ ਅੰਦਰੂਨੀ ਗੁਪਤਤਾ ਦੇ ਕਾਰਨ, ਪਿਛਲੇ ਕੁਝ ਸਾਲਾਂ ਵਿੱਚ 'ਹੋਲੀ ਸੀ' ਦੀ ਸੰਪਤੀ ਬਾਰੇ ਅਟਕਲਾਂ ਵਧਦੀਆਂ ਹੀ ਜਾ ਰਹੀਆਂ ਹਨ।
ਪਰ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਪੋਪ ਫਰਾਂਸਿਸ, ਜਿਨ੍ਹਾਂ ਦਾ 21 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ, ਉਹ ਬਦਲਾਅ ਅਤੇ ਜ਼ਿਆਦਾ ਵਿੱਤੀ ਪਾਰਦਰਸ਼ਤਾ ਲਈ ਜ਼ੋਰ ਦਿੰਦੇ ਰਹੇ।
ਇਸ ਦੀ ਇੱਕ ਉਦਾਹਰਨ 2021 ਵਿੱਚ 'ਐਡਮਿਨਿਸਟ੍ਰੇਸ਼ਨ ਆਫ਼ ਦਿ ਪੈਟਰੀਮੋਨੀ ਆਫ਼ ਦਿ ਅਪੋਸਟੋਲਿਕ ਸੀਜ਼' (ਏਪੀਐੱਸਏ) ਦੇ ਪਿਛਲੇ ਸਾਲ ਦੇ ਵਿੱਤੀ ਵਿਵਰਣ ਦਾ ਪ੍ਰਕਾਸ਼ਨ ਹੈ, ਜੋ ਹੁਣ ਇੱਕ ਸਾਲਾਨਾ ਪ੍ਰਥਾ ਬਣ ਗਿਆ ਹੈ।
1967 ਵਿੱਚ ਏਪੀਐੱਸਏ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਇਹ ਅੰਕੜੇ ਸਾਹਮਣੇ ਆਏ।
ਏਪੀਐੱਸਏ ਦੀ ਤਾਜ਼ਾ ਰਿਪੋਰਟ ਅਨੁਸਾਰ, 2023 ਵਿੱਚ ਵੈਟੀਕਨ ਦੁਆਰਾ ਸੰਚਾਲਿਤ ਚਰਚ ਦੀ ਸ਼ਾਖਾ ਨੂੰ ਕੁੱਲ 52 ਮਿਲੀਅਨ ਡਾਲਰ ਤੋਂ ਵੱਧ ਦਾ ਮੁਨਾਫਾ ਹੋਇਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਜਾਇਦਾਦ ਵਿੱਚ ਲਗਭਗ 8 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਰੋਮ ਸਥਿਤ ਮਾਰਕੀਟ, ਕਲਚਰ ਅਤੇ ਐਥਿਕਸ ਰਿਸਰਚ ਸੈਂਟਰ (ਐੱਮਸੀਈ) ਦੇ ਅਨੁਸਾਰ, ਕੁੱਲ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਤਾਜ਼ਾ ਅਨੁਮਾਨਿਤ ਅੰਕੜਾ ਲਗਭਗ 1 ਬਿਲੀਅਨ ਡਾਲਰ ਹੈ।
ਇਹ ਕੀਮਤ ਧਰਮ ਕਾਰਜ ਸੰਸਥਾਨ (ਇੰਸਟੀਚਿਊਟ ਫਾਰ ਦਿ ਵਰਕਸ ਆਫ਼ ਰਿਲੀਜਨ-ਆਈਓਆਰ) ਜਿਸ ਨੂੰ ਵੈਟੀਕਨ ਬੈਂਕ ਵਜੋਂ ਵੀ ਜਾਣਿਆ ਜਾਂਦਾ ਹੈ, ਦੁਆਰਾ ਪ੍ਰਬੰਧਿਤ ਸਾਰੀਆਂ ਸੰਪਤੀਆਂ ਨੂੰ ਦਰਸਾਉਂਦੀ ਹੈ। ਇਸ ਲਈ ਇਸ ਵਿੱਚ ਬਹੁਤ ਸਾਰੀਆਂ ਇਮਾਰਤਾਂ ਅਤੇ ਬਹੁਤ ਸਾਰੀ ਜ਼ਮੀਨ ਸ਼ਾਮਲ ਨਹੀਂ ਹੈ।
ਏਪੀਐੱਸਏ ਦਾ ਕਹਿਣਾ ਹੈ ਕਿ ਚਰਚ 5,000 ਤੋਂ ਵੱਧ ਸੰਪਤੀਆਂ ਦੇ ਪ੍ਰਬੰਧਨ ਤੋਂ ਵੀ ਆਮਦਨ ਹਾਸਲ ਕਰਦਾ ਹੈ, ਜਿਨ੍ਹਾਂ ਵਿੱਚੋਂ ਪੰਜਵਾਂ ਹਿੱਸਾ ਕਿਰਾਏ 'ਤੇ ਦਿੱਤਾ ਜਾਂਦਾ ਹੈ।
ਏਪੀਐੱਸਏ ਮੁਤਾਬਕ ਇਸ ਨਾਲ 8.4 ਕਰੋੜ ਡਾਲਰ ਦੀ ਸੰਚਾਲਨ ਆਮਦਨ ਅਤੇ ਤਕਰੀਬਨ 4 ਕਰੋੜ ਡਾਲਰ ਦਾ ਸ਼ੁੱਧ ਸਾਲਾਨਾ ਲਾਭ ਪ੍ਰਾਪਤ ਹੁੰਦਾ ਹੈ।
ਇਹ ਸਾਰੇ ਅੰਕੜੇ ਵੈਟੀਕਨ ਦੀ ਵਿੱਤੀ ਪ੍ਰਣਾਲੀ ਨਾਲ ਸਬੰਧਤ ਹਨ ਅਤੇ ਇਸ ਵਿੱਚ ਦੁਨੀਆਂ ਭਰ ਵਿੱਚ ਮੌਜੂਦ ਕੈਥੋਲਿਕ ਚਰਚ ਦੀਆਂ ਹੋਰ ਸ਼ਾਖਾਵਾਂ ਸ਼ਾਮਲ ਨਹੀਂ ਹਨ।
ਕਿਉਂਕਿ ਕੈਥੋਲਿਕ ਚਰਚ ਦੇ ਵਿੱਤ ਵਿਕੇਂਦਰੀਕ੍ਰਿਤ ਹਨ ਅਤੇ ਹਰੇਕ ਡਾਇਓਸਿਸ (ਬਿਸ਼ਪ ਦੇ ਅਧੀਨ ਆਉਣ ਵਾਲਾ ਚਰਚਾਂ ਦਾ ਸਮੂਹ) ਆਪਣੇ ਬਜਟ ਦਾ ਪ੍ਰਬੰਧਨ ਖ਼ੁਦ ਕਰਦਾ ਹੈ, ਇਸ ਲਈ ਦੁਨੀਆਂ ਭਰ ਵਿੱਚ ਕੁੱਲ ਸੰਪਤੀਆਂ ਅਤੇ ਆਮਦਨ ਬਹੁਤ ਜ਼ਿਆਦਾ ਹੈ ਅਤੇ ਸ਼ਾਇਦ ਇਹ ਗਣਨਾ ਤੋਂ ਵੀ ਪਰੇ ਹੈ।
ਸਾਓ ਪਾਓਲੋ ਦੀ ਪੋਂਟੀਫਿਕਲ ਕੈਥੋਲਿਕ ਯੂਨੀਵਰਸਿਟੀ (ਪੀਯੂਸੀ-ਐੱਸਪੀ) ਦੇ ਸਮਾਜਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਫਰਨਾਂਡੋ ਅਲਟੇਮੇਅਰ ਜੂਨੀਅਰ ਕਹਿੰਦੇ ਹਨ, ''ਸੰਪੂਰਨ ਕੈਥੋਲਿਕ ਚਰਚ ਦੀਆਂ ਸੰਪਤੀਆਂ ਦਾ ਅੰਦਾਜ਼ਾ ਲਗਾਉਣਾ ਵਿਵਹਾਰਕ ਤੌਰ 'ਤੇ ਅਸੰਭਵ ਹੈ।''
ਪੈਰਿਸ ਸਥਿਤ ਧਰਮ ਅਤੇ ਨਿਰਪੱਖਤਾ ਅਧਿਐਨ ਸੰਸਥਾਨ (ਇੰਸਟੀਚਿਊਟ ਫਾਰ ਦਿ ਸਟੱਡੀ ਆਫ਼ ਰਿਲੀਜਨਜ਼ ਐਂਡ ਸੈਕੂਲਰਿਜ਼ਮ-ਆਈਆਰਈਐੱਲ) ਦੇ ਮੁਤਾਬਕ ਵਿਸ਼ਵ ਪੱਧਰ 'ਤੇ ਚਰਚ ਦੀਆਂ ਵੱਖ-ਵੱਖ ਸ਼ਾਖਾਵਾਂ ਕੋਲ 71 ਤੋਂ 81 ਮਿਲੀਅਨ ਹੈਕਟੇਅਰ ਜ਼ਮੀਨ ਹੈ, ਇਸ ਲਈ ਚਰਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਜ਼ਮੀਨ ਮਾਲਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਚਰਚ ਦੀਆਂ ਜਾਇਦਾਦਾਂ ਵਿੱਚ ਗਿਰਜਾਘਰ, ਸਕੂਲ, ਹਸਪਤਾਲ, ਮੱਠ ਅਤੇ ਹੋਰ ਜਾਇਦਾਦਾਂ ਸ਼ਾਮਲ ਹਨ।
ਕੈਥੋਲਿਕ ਚਰਚ ਦੀ ਕਿਸਮਤ ਦਾ ਉਦੇ
ਜੇਕਰ ਕੈਥੋਲਿਕ ਚਰਚ ਆਪਣੇ ਹੀ ਕੈਨਨ ਕਾਨੂੰਨ ਦੀ ਪਾਲਣਾ ਕਰਦਾ ਹੈ, ਤਾਂ ਇਹ ਸਥਿਤੀ ਕਿਵੇਂ ਪੈਦਾ ਹੋਈ? ਰੂਲ ਬੁੱਕ ਵਿੱਚ ਇਹ ਕਿਹਾ ਗਿਆ ਹੈ ਕਿ ਚਰਚ ਦਾ ਉਦੇਸ਼ ਦੌਲਤ ਇਕੱਠੀ ਕਰਨਾ ਜਾਂ ਮੁਨਾਫ਼ਾ ਕਮਾਉਣਾ ਨਹੀਂ ਹੋਣਾ ਚਾਹੀਦਾ।
ਜਿਵੇਂ ਡੀ ਸੂਜ਼ਾ ਨੇ 'ਚਰਚ ਦੇ ਇਤਿਹਾਸ' ਵਿੱਚ ਲਿਖਿਆ ਹੈ ਕਿ ਚਰਚ ਨੇ ਚੌਥੀ ਸਦੀ ਵਿੱਚ ਸਮਰਾਟ ਕਾਂਸਟੈਂਟਾਈਨ (272-337 ਈ.) ਨਾਲ ਮਾਲ ਅਤੇ ਦੌਲਤ ਇਕੱਠੀ ਕਰਨੀ ਸ਼ੁਰੂ ਕੀਤੀ, ਜਿਨ੍ਹਾਂ ਨੇ ਕੈਥੋਲਿਕ ਧਰਮ ਨੂੰ ਰੋਮਨ ਸਾਮਰਾਜ ਦਾ ਅਧਿਕਾਰਤ ਧਰਮ ਬਣਾ ਦਿੱਤਾ।
ਇਤਿਹਾਸਕਾਰ ਦਾ ਕਹਿਣਾ ਹੈ ਕਿ ਉਸ ਸਮੇਂ ਈਸਾਈ ਲੋਕ ਨਿਮਰਤਾ ਨਾਲ ਰਹਿੰਦੇ ਸਨ ਅਤੇ ਆਪਣੇ ਘਰਾਂ ਜਾਂ ਕਬਰਸਤਾਨਾਂ ਵਿੱਚ ਹੀ ਸੇਵਾਵਾਂ ਦਿੰਦੇ ਸਨ।
ਡੀ ਸੂਜ਼ਾ ਅੱਗੇ ਕਹਿੰਦੇ ਹਨ, ''ਇਨ੍ਹਾਂ ਘਟਨਾਵਾਂ ਨੇ ਈਸਾਈ ਧਰਮ ਅਤੇ ਰੋਮਨ ਸਾਮਰਾਜ ਦੇ ਇਤਿਹਾਸ ਨੂੰ ਮੌਲਿਕ ਰੂਪ ਤੋਂ ਬਦਲ ਦਿੱਤਾ।''
''ਅੱਤਿਆਚਾਰ ਤੋਂ ਬਾਅਦ, ਚਰਚ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋ ਗਿਆ ਅਤੇ ਅਨੇਕ ਜਾਇਦਾਦਾਂ ਦਾ ਮਾਲਕ ਬਣ ਗਿਆ।''
ਪਰ, ਇਸ ਨਾਲ ਰੋਮਨ ਸਾਮਰਾਜ ਦੇ ਪਤਵੰਤੇ ਵਿਅਕਤੀਆਂ ਦੇ ਬਰਾਬਰ ਧਨ-ਦੌਲਤ ਪ੍ਰਾਪਤ ਹੋਈ।
ਬੇਸ਼ੁਮਾਰ ਦੌਲਤ
ਕਾਂਸਟੈਂਟਾਈਨ ਅਤੇ ਰੋਮਨ ਸਾਮਰਾਜ ਦੇ ਕਈ ਹੋਰ ਆਗੂਆਂ ਨੇ ਚਰਚ ਨੂੰ ਸੋਨੇ ਅਤੇ ਚਾਂਦੀ ਤੋਂ ਇਲਾਵਾ ਮਹਿਲ, ਜਾਇਦਾਦਾਂ, ਜ਼ਮੀਨਾਂ ਅਤੇ ਇੱਥੋਂ ਤੱਕ ਕਿ ਥਰਮਲ ਇਸ਼ਨਾਨ ਗ੍ਰਹਿ ਵੀ ਦਾਨ ਵਿੱਚ ਦਿੱਤੇ।
ਉਸ ਸਮੇਂ ਤੋਂ ਹੀ ਦਾਨ ਦੀ ਵਿਵਸਥਾ ਸਥਾਪਿਤ ਹੋ ਗਈ।
ਅੱਜ, ਚਰਚ ਨੇ ਅਨਮੋਲ ਕਾਰਜਾਂ, ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਵਾਲੇ ਅਜਾਇਬ ਘਰ ਅਤੇ ਵਿੱਤੀ ਬਾਜ਼ਾਰ ਵਿੱਚ ਨਿਵੇਸ਼ ਵਧਾ ਦਿੱਤਾ ਹੈ।
ਕੈਥੋਲਿਕ ਸੱਤਾ ਦੇ ਕੇਂਦਰ ਵਿੱਚ ਵੈਟੀਕਨ ਸਿਟੀ ਹੈ।
ਸਰਕਾਰ ਇੱਕ ਪੂਰਨ ਰਾਜਤੰਤਰ ਹੈ ਜਿਸ ਦਾ ਸੰਚਾਲਨ ਪੋਪ ਵੱਲੋਂ ਕੀਤਾ ਜਾਂਦਾ ਹੈ। 'ਪੋਪ' ਰੋਮ ਦੇ ਬਿਸ਼ਪ ਨੂੰ ਕਿਹਾ ਜਾਂਦਾ ਹੈ।
ਸੈਰ-ਸਪਾਟਾ ਆਮਦਨ ਦਾ ਇੱਕ ਹੋਰ ਸਰੋਤ ਹੈ
- ਧਾਰਮਿਕ ਅਤੇ ਇਤਿਹਾਸਕ ਇਮਾਰਤਾਂ: ਅਪੋਸਟੋਲਿਕ ਪੈਲੇਸ, ਸੇਂਟ ਪੀਟਰਜ਼ ਮਹਿਲ, ਮਹਿਲ ਦੇ ਨਾਲ ਲੱਗਦੀਆਂ ਇਮਾਰਤਾਂ, ਡੋਮਸ ਵੈਟੀਕਾਨੇ (ਪਹਿਲਾਂ ਇਸ ਦਾ ਨਾਂ ਕਾਸਾ ਸੈਂਟਾ ਮਾਰਟਾ ਸੀ)
- ਅਜਾਇਬ ਘਰ ਅਤੇ ਗੈਲਰੀਆਂ: 15 ਅਜਾਇਬ ਘਰ, ਜਿਨ੍ਹਾਂ ਵਿੱਚ ਸਿਸਟਾਈਨ ਚੈਪਲ, ਰਾਫੇਲ ਚੈਪਲ, ਪਿਨਾਕੋਟੇਕਾ ਵੈਟੀਕਾਨਾ, ਮਿਸ਼ਨਰੀ ਐਥਨੋਲੋਜੀਕਲ ਮਿਊਜ਼ੀਅਮ ਅਤੇ ਇਤਿਹਾਸਕ ਮਿਊਜ਼ੀਅਮ ਸ਼ਾਮਲ ਹਨ।
- ਲਾਇਬ੍ਰੇਰੀਆਂ ਅਤੇ ਪੁਰਾਲੇਖ: ਵੈਟੀਕਨ ਅਪੋਸਟੋਲਿਕ ਲਾਇਬ੍ਰੇਰੀ, ਅਪੋਸਟੋਲਿਕ ਪੁਰਾਲੇਖ, ਲਾਇਬ੍ਰੇਰੀਆ ਐਡੀਟਰਿਸ ਵੈਟੀਕਾਨਾ
- ਮੀਡੀਆ ਅਤੇ ਸੰਚਾਰ ਦੇ ਸਾਧਨ: ਵੈਟੀਕਨ ਰੇਡੀਓ, ਲ'ਓਸਰਵੇਟੋਰੇ, ਰੋਮਾਨੋ ਅਖ਼ਬਾਰ, ਵੈਟੀਕਨ ਮੀਡੀਆ, ਵੈਟੀਕਨ ਟੈਲੀਵਿਜ਼ਨ ਸੈਂਟਰ
- ਹੋਰ ਸੰਸਥਾਵਾਂ: ਵੈਟੀਕਨ ਬੈਂਕ, ਵੈਟੀਕਨ ਆਬਜ਼ਰਵੇਟਰੀ
ਵੈਟੀਕਨ ਦੀਆਂ ਮੁੱਖ ਸੰਪਤੀਆਂ
ਵੈਟੀਕਨ ਕੋਲ ਆਪਣੇ ਖੇਤਰ ਤੋਂ ਬਾਹਰ 12 ਮੁੱਖ ਜਾਇਦਾਦਾਂ ਹਨ, ਜਿਨ੍ਹਾਂ ਵਿੱਚ ਸੇਂਟ ਜੌਨ ਲੈਟਰਨ ਦੇ ਮਹਿਲ, ਸੇਂਟ ਪਾਲ ਆਊਟਸਾਈਡ ਦਿ ਵਾਲਜ਼, ਸੇਂਟ ਮੈਰੀ ਮੇਜਰ, ਸੇਂਟ ਐਨ ਦਾ ਪੈਰਿਸ਼, ਵੱਖ-ਵੱਖ ਡਾਇਕਾਸਟ੍ਰੀ ਦਫ਼ਤਰ ਅਤੇ ਕੈਸਟਲ ਗੰਡੋਲਫੋ ਵਿਖੇ ਪੋਪ ਦਾ ਗਰਮੀਆਂ ਦਾ ਨਿਵਾਸ ਸ਼ਾਮਲ ਹਨ।
ਇਹ 'ਪੀਟਰਜ਼ ਪੈਂਸ' ਨਾਮਕ ਪ੍ਰਣਾਲੀ ਰਾਹੀਂ ਵਿਸ਼ਵਵਿਆਪੀ ਸਵੈ-ਇੱਛੁਕ ਦਾਨ ਵੀ ਪ੍ਰਾਪਤ ਕਰਦਾ ਹੈ, ਜੋ ਸਮਾਜਿਕ ਪਹਿਲਕਦਮੀਆਂ, ਵੈਟੀਕਨ ਸੰਚਾਲਨ, ਸੈਰ-ਸਪਾਟਾ ਅਤੇ ਅਜਾਇਬ ਘਰ ਦੀ ਦੇਖਭਾਲ ਕਰਦਾ ਹੈ।
ਮਾਲੀਆ ਸਰੋਤਾਂ ਵਿੱਚ ਵੈਟੀਕਨ ਅਜਾਇਬ ਘਰ, ਸਿਸਟਾਈਨ ਚੈਪਲ, ਯਾਦਗਾਰੀ ਸਟੈਂਪਾਂ ਅਤੇ ਸਿੱਕਿਆਂ ਦੀ ਵਿਕਰੀ, ਵੈਟੀਕਨ ਬੈਂਕ ਅਤੇ ਏਪੀਐੱਸਏ ਵਰਗੇ ਅਦਾਰੇ ਸ਼ਾਮਲ ਹਨ, ਜੋ ਬਹੁਤ ਸਾਰੀਆਂ ਸੰਪਤੀਆਂ ਦਾ ਪ੍ਰਬੰਧਨ ਕਰਦੇ ਹਨ।
ਬੇਨੀਟੋ ਮੁਸੋਲਿਨੀ
ਇਸ ਦੌਲਤ ਦਾ ਬਹੁਤਾ ਹਿੱਸਾ ਇਟਲੀ ਦੇ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਤੋਂ ਆਇਆ ਸੀ।
ਇਤਾਲਵੀ ਇਤਿਹਾਸਕਾਰ ਅਤੇ ਸੈਂਟ'ਏਗਿਡਿਓਜੀ ਐਂਡਰੀਆ ਰਿਕਾਰਡੀ ਸਮੁਦਾਏ ਦੇ ਸੰਸਥਾਪਕ ਦਾ ਕਹਿਣਾ ਹੈ ਕਿ 1929 ਵਿੱਚ ਮੁਸੋਲਿਨੀ ਨੇ 'ਹੋਲੀ ਸੀ' ਦੇ ਖ਼ਜ਼ਾਨੇ ਵਿੱਚ 1.75 ਬਿਲੀਅਨ ਇਤਾਲਵੀ ਲੀਰਾ (ਉਸ ਸਮੇਂ ਲਗਭਗ 91.3 ਮਿਲੀਅਨ ਡਾਲਰ) ਜਮ੍ਹਾ ਕਰਵਾਏ ਸਨ।
ਇਹ ਲੈਟਰਨ ਸੰਧੀ ਦਾ ਹਿੱਸਾ ਸੀ, ਜਿਸ ਨੂੰ ਸੁਲ੍ਹਾ ਸੰਧੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਪੈਸਾ ਇਤਾਲਵੀ ਏਕੀਕਰਨ ਦੌਰਾਨ ਵਿਸ਼ੇਸ਼ ਕਰਕੇ 1860 ਅਤੇ 1870 ਦੇ ਵਿਚਕਾਰ ਜ਼ਬਤ ਕੀਤੀਆਂ ਗਈਆਂ ਕੈਥੋਲਿਕ ਚਰਚਾਂ ਦੀਆਂ ਜਾਇਦਾਦਾਂ ਦੀ ਭਰਪਾਈ ਲਈ ਸੀ।
ਲਗਭਗ ਇੱਕ ਚੌਥਾਈ ਧਨ ਰਾਸ਼ੀ ਦੀ ਵਰਤੋਂ ਪੋਪ ਪਾਈਅਸ XI ਦੁਆਰਾ ਆਧੁਨਿਕ ਵੈਟੀਕਨ ਰਾਜ ਦੀ ਸਥਾਪਨਾ, ਹੋਲੀ ਸੀ ਇਮਾਰਤਾਂ ਦੇ ਨਿਰਮਾਣ ਅਤੇ ਵੈਟੀਕਨ ਕਰਮਚਾਰੀਆਂ ਲਈ ਰਿਹਾਇਸ਼ ਉਪਲੱਬਧ ਕਰਾਉਣ ਲਈ ਕੀਤੀ ਗਈ।
ਬਾਕੀ ਰਾਸ਼ੀ ਨੂੰ ਜੋਖਮ ਘੱਟ ਕਰਨ ਲਈ ਵਿਭਿੰਨ ਰਣਨੀਤੀਆਂ ਨਾਲ ਨਿਵੇਸ਼ ਕੀਤਾ ਗਿਆ ਸੀ।
ਅੱਜ, ਏਪੀਐੱਸਏ ਕੋਲ ਇਟਲੀ, ਯੂਕੇ, ਫਰਾਂਸ ਅਤੇ ਸਵਿਟਜ਼ਰਲੈਂਡ ਵਿੱਚ ਜਾਇਦਾਦਾਂ ਹਨ।
ਇਮਾਰਤਾਂ ਅਤੇ ਜ਼ਮੀਨ
ਏਪੀਐੱਸਏ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ ਜ਼ਮੀਨ ਜਾਇਦਾਦ ਦੀਆਂ ਸੰਪਤੀਆਂ ਲਗਭਗ 1.77 ਬਿਲੀਅਨ ਯੂਰੋ (1.9 ਬਿਲੀਅਨ ਡਾਲਰ) ਦੇ ਨਿਵੇਸ਼ ਪੋਰਟਫੋਲੀਓ ਦੇ ਪ੍ਰਬੰਧਨ ਦੇ ਨਾਲ ਵੈਟੀਕਨ ਦੀ ਪ੍ਰਬੰਧਕੀ ਸੰਸਥਾ ਰੋਮਨ ਕੁਰੀਆ ਦੇ ਰੱਖ-ਰਖਾਅ ਲਈ ਆਮਦਨ ਪੈਦਾ ਕਰਦੀਆਂ ਹਨ।
2019 ਵਿੱਚ ਪੋਪ ਫਰਾਂਸਿਸ ਨੇ ਪੂੰਜੀ ਦੇ ਮੁੱਲ ਨੂੰ ਘਟਣ ਤੋਂ ਰੋਕਣ ਦੇ ਤਰੀਕੇ ਵਜੋਂ ਨਿਵੇਸ਼ ਦਾ ਬਚਾਅ ਕੀਤਾ।
ਉਨ੍ਹਾਂ ਦਾ ਕਹਿਣਾ ਸੀ, ''ਤਾਂ ਕਿ ਇਸ ਨੂੰ ਬਣਾਈ ਰੱਖਿਆ ਜਾ ਸਕੇ ਜਾਂ ਥੋੜ੍ਹਾ ਵਾਧਾ ਮਿਲ ਸਕੇ।''
ਰਿਕਾਰਡੀ ਨੇ ਇਤਾਲਵੀ ਅਖ਼ਬਾਰ 'ਕੋਰੀੲਰੇ ਡੇਲਾ ਸੇਰਾ' ਨੂੰ ਦੱਸਿਆ ਕਿ ਇਹ ਪ੍ਰਸੰਗਿਕ ਹੈ ਕਿਉਂਕਿ ਹੋਲੀ ਸੀ, ਵੈਟੀਕਨ ਰਾਜ ਦੁਆਰਾ ਸਮਰਥਤ ਹੋਣ ਦੇ ਬਾਵਜੂਦ, ਆਪਣੇ ਆਪ ਵਿੱਚ ਇੱਕ ਰਾਜ ਨਹੀਂ ਹੈ।
ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਰਿਲੀਜੀਅਸ ਫਾਈਨੈਂਸ (ਆਈਐੱਚਈਐੱਫਆਰ) ਦੇ ਅਨੁਸਾਰ, ਇਹ ਕੋਈ ਟੈਕਸ ਨਹੀਂ ਦਿੰਦਾ ਅਤੇ ਕੋਈ ਜਨਤਕ ਕਰਜ਼ਾ ਵੀ ਘੋਸ਼ਿਤ ਨਹੀਂ ਕਰਦਾ।
ਇਸ ਦਾ ਖਰਚ ਆਪਣੀਆਂ ਜਾਇਦਾਦਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਅਤੇ ਸਭ ਤੋਂ ਵੱਧ ਪੈਰੋਕਾਰਾਂ ਤੋਂ ਪ੍ਰਾਪਤ ਦਾਨ ਨਾਲ ਚੱਲਦਾ ਹੈ।
ਹਾਲਾਂਕਿ, ਆਈਐੱਚਈਐੱਫਆਰ ਦਾ ਕਹਿਣਾ ਹੈ ਕਿ ਵੈਟੀਕਨ ਦੇ ਸਾਲਾਨਾ ਮਾਲੀਏ ਅਤੇ ਖਰਚਿਆਂ ਨੂੰ ਕਾਫ਼ੀ ਘੱਟ ਦਰਸਾਇਆ ਗਿਆ ਹੈ, ਅਤੇ ਇਸ ਦੀ ਕੁੱਲ ਜਾਇਦਾਦ ਪਹਿਲਾਂ ਐਲਾਨੀ ਗਈ ਰਾਸ਼ੀ ਤੋਂ ਦੁੱਗਣੀ (ਲਗਭਗ 4 ਬਿਲੀਅਨ ਡਾਲਰ) ਹੈ।
ਸਭ ਤੋਂ ਅਮੀਰ ਡਾਇਓਸਿਸ
ਜਰਮਨੀ ਵਿੱਚ ਕੋਲੋਨ ਦਾ ਆਰਚਡਾਇਓਸਿਸ ਦੁਨੀਆਂ ਦੀਆਂ ਸਭ ਤੋਂ ਅਮੀਰ ਸ਼ਾਖਾਵਾਂ ਵਿੱਚੋਂ ਇੱਕ ਹੈ।
ਇਸ ਦੀ ਆਮਦਨ ਮੁੱਖ ਤੌਰ 'ਤੇ 'ਕਿਰਚੇਨਸਟਿਊਅਰ' ਦੇ ਕਾਰਨ ਹੁੰਦੀ ਹੈ ਜੋ ਕੈਥੋਲਿਕ ਚਰਚ ਸਮੇਤ ਰਾਜ-ਮਾਨਤਾ ਪ੍ਰਾਪਤ ਧਾਰਮਿਕ ਭਾਈਚਾਰਿਆਂ ਦੇ ਰਜਿਸਟਰਡ ਮੈਂਬਰਾਂ ਤੋਂ ਸਿੱਧਾ ਵਸੂਲਿਆ ਜਾਣ ਵਾਲਾ ਟੈਕਸ ਹੈ।
2023 ਵਿੱਚ ਚਰਚ ਨੂੰ ਇਸ ਟੈਕਸ ਤੋਂ ਲਗਭਗ 7.4 ਬਿਲੀਅਨ ਡਾਲਰ ਪ੍ਰਾਪਤ ਹੋਏ। ਆਈਐੱਚਈਐੱਫਆਰ ਦੇ ਅਨੁਸਾਰ, ਇਹ ਪਿਛਲੇ ਸਾਲ ਨਾਲੋਂ ਲਗਭਗ 5% ਘੱਟ ਹੈ, ਜਦੋਂ 7.77 ਬਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ।
ਕਾਫ਼ੀ ਆਮਦਨ ਹੋਣ ਦੇ ਬਾਵਜੂਦ, ਜਰਮਨੀ ਵਿੱਚ ਚਰਚ ਨੂੰ ਆਮਦਨ ਵਿੱਚ ਆਈ ਗਿਰਾਵਟ ਤੋਂ ਚਿੰਤਾ ਹੈ ਕਿਉਂਕਿ ਰਜਿਸਟਰਡ ਪੈਰੋਕਾਰਾਂ ਦੀ ਗਿਣਤੀ ਘਟ ਰਹੀ ਹੈ।
ਇਹ ਗਿਰਾਵਟ ਅੰਸ਼ਕ ਤੌਰ 'ਤੇ ਇਸ ਦੇ ਅਕਸ ਨੂੰ ਲੱਗੀ ਠੇਸ ਕਾਰਨ ਆਈ ਹੈ ਕਿਉਂਕਿ 2013 ਵਿੱਚ ਬਿਸ਼ਪ ਫ੍ਰਾਂਜ਼-ਪੀਟਰ ਟੇਬਾਰਟਜ਼ ਵੈਨ ਐਲਸਟ ਨਾਲ ਸਬੰਧਤ ਘੁਟਾਲਾ ਉਜਾਗਰ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਬਿਸ਼ਪ ਦੇ ਮਹਿਲ ਦੇ ਨਿਰਮਾਣ ਅਤੇ ਰੱਖ-ਰਖਾਅ ਦੀ ਲਾਗਤ ਪੰਜ ਸਾਲਾਂ ਦੀ ਮਿਆਦ ਵਿੱਚ 5.7 ਮਿਲੀਅਨ ਡਾਲਰ ਤੋਂ ਵਧ ਕੇ ਲਗਭਗ 35 ਮਿਲੀਅਨ ਡਾਲਰ ਹੋ ਗਈ ਹੈ।
ਮੀਡੀਆ ਦੇ ਦਬਾਅ ਦੇ ਜਵਾਬ ਵਿੱਚ ਜਰਮਨੀ ਦੇ 27 ਡਾਇਓਸਿਸਾਂ ਵਿੱਚੋਂ ਅੱਧਿਆਂ ਨੇ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕੀਤਾ, ਜਿਨ੍ਹਾਂ ਵਿੱਚ ਦਸ ਬੈਂਕ, ਬੀਮਾ ਕੰਪਨੀਆਂ, 70 ਹੋਟਲ, ਪ੍ਰਾਪਰਟੀ ਫਰਮਾਂ ਅਤੇ ਮੀਡੀਆ ਆਉਟਲੈਟ ਸ਼ਾਮਲ ਹਨ।
ਅਮਰੀਕਾ ਵਿੱਚ ਚਰਚ
ਸੰਯੁਕਤ ਰਾਜ ਅਮਰੀਕਾ ਵਿੱਚ ਸਥਿਤ ਚਰਚ ਵੈਟੀਕਨ ਨੂੰ ਵੱਡਾ ਯੋਗਦਾਨ ਪਾਉਂਦੇ ਹਨ।
ਇਸ ਕੋਲ ਵਿਸ਼ਾਲ ਸੰਪਤੀਆਂ ਹਨ, ਜਿਨ੍ਹਾਂ ਵਿੱਚ ਇੰਡੀਆਨਾ ਵਿੱਚ ਨੋਟਰੇ ਡੈਮ (ਜਿਸ ਦੀ ਰਿਕਾਰਡ ਆਮਦਨ 1.76 ਬਿਲੀਅਨ ਡਾਲਰ ਹੈ) ਅਤੇ ਵਾਸ਼ਿੰਗਟਨ ਡੀਸੀ ਵਿੱਚ ਜਾਰਜਟਾਊਨ (ਜਿਸ ਦੀ ਰਿਕਾਰਡ ਆਮਦਨ 1.92 ਬਿਲੀਅਨ ਡਾਲਰ ਹੈ) ਵਰਗੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਨਾਲ-ਨਾਲ ਹਸਪਤਾਲ ਅਤੇ ਸਕੂਲ ਵੀ ਸ਼ਾਮਲ ਹਨ।
ਕੋਈ ਲਾਜ਼ਮੀ ਧਾਰਮਿਕ ਟੈਕਸ ਨਹੀਂ ਹੈ, ਪਰ ਚਰਚ ਨੂੰ ਮਹੱਤਵਪੂਰਨ ਨਿੱਜੀ ਦਾਨ ਪ੍ਰਾਪਤ ਹੁੰਦਾ ਹੈ।
ਬ੍ਰਾਜ਼ੀਲ: ਦੁਨੀਆ ਦਾ ਸਭ ਤੋਂ ਵੱਡਾ ਕੈਥੋਲਿਕ ਭਾਈਚਾਰਾ
ਬ੍ਰਾਜ਼ੀਲ ਦੁਨੀਆਂ ਦੀ ਸਭ ਤੋਂ ਵੱਡੀ ਕੈਥੋਲਿਕ ਆਬਾਦੀ ਦਾ ਘਰ ਹੈ।
ਇਸ ਦੇਸ਼ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਰੀਅਨ ਤੀਰਥ ਸਥਾਨ ਹੈ ਜੋ ਕਿ ਅਵਰ ਲੇਡੀ ਆਫ ਅਪਰੇਸੀਡਾ ਦਾ ਰਾਸ਼ਟਰੀ ਤੀਰਥ ਸਥਾਨ ਹੈ।
ਅਪਰੇਸੀਡਾ ਦੇ ਡਾਇਓਸਿਸ ਦਾ ਕਹਿਣਾ ਹੈ ਕਿ ਹਰ ਸਾਲ 10 ਮਿਲੀਅਨ ਪੈਰੋਕਾਰ ਇਸ ਅਸਥਾਨ 'ਤੇ ਆਉਂਦੇ ਹਨ, ਨਤੀਜੇ ਵਜੋਂ ਸਿਰਫ਼ 35,000 ਵਸਨੀਕਾਂ ਵਾਲੇ ਇਸ ਸ਼ਹਿਰ ਵਿੱਚ ਲਗਭਗ 240 ਮਿਲੀਅਨ ਡਾਲਰ ਦੀ ਸਾਲਾਨਾ ਆਮਦਨ ਹੁੰਦੀ ਹੈ।
ਹਾਲਾਂਕਿ ਸਮੁੱਚੇ ਵਿੱਤੀ ਅੰਕੜਿਆਂ ਦੀ ਘਾਟ ਹੈ, ਫਿਰ ਵੀ ਬ੍ਰਾਜ਼ੀਲ ਦੇ ਡਾਇਓਸਿਸ ਪੈਰਿਸ਼ਾਂ (ਚਰਚ ਅਧੀਨ ਇੱਕ ਛੋਟਾ ਪ੍ਰਸ਼ਾਸਕੀ ਜ਼ਿਲ੍ਹਾ ਜਿਸ ਦਾ ਆਮ ਤੌਰ 'ਤੇ ਆਪਣਾ ਚਰਚ ਅਤੇ ਪਾਦਰੀ ਹੁੰਦਾ ਹੈ।), ਸਕੂਲਾਂ, ਹਸਪਤਾਲਾਂ ਅਤੇ ਯੂਨੀਵਰਸਿਟੀਆਂ ਦੇ ਇੱਕ ਵਿਸ਼ਾਲ ਨੈੱਟਵਰਕ ਦਾ ਪ੍ਰਬੰਧਨ ਕਰਦੇ ਹਨ।
ਇਸ ਤੋਂ ਇਲਾਵਾ, ਉਹ ਪੈਰੋਕਾਰਾਂ ਤੋਂ ਦਾਨ ਪ੍ਰਾਪਤ ਕਰਦੇ ਹਨ ਅਤੇ ਟੈਕਸ ਛੋਟਾਂ ਦਾ ਆਨੰਦ ਮਾਣਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ