You’re viewing a text-only version of this website that uses less data. View the main version of the website including all images and videos.
ਜਨਵਰੀ ਹੀ ਸਾਲ ਦਾ ਪਹਿਲਾ ਮਹੀਨਾ ਹੋਵੇਗਾ, ਇਹ ਕਿਵੇਂ ਤੈਅ ਹੋਇਆ ਸੀ
1 ਜਨਵਰੀ ਨੂੰ ਪੂਰੀ ਦੁਨੀਆ ਵਿੱਚ ਲੋਕ ਨਵੇਂ ਸਾਲ ਦਾ ਸਵਾਗਤ ਕਰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਨਵਰੀ ਦੇ ਪਹਿਲੇ ਦਿਨ ਨੂੰ ਹੀ ਸਾਲ ਦੀ ਸ਼ੁਰੂਆਤ ਦਾ ਦਿਨ ਕਿਉਂ ਮੰਨਿਆ ਗਿਆ?
ਇਹ ਸਭ ਮੂਰਤੀਪੂਜਾ ਵਾਲੇ ਰੋਮਨ ਤਿਉਹਾਰਾਂ ਅਤੇ ਸਮਰਾਟ ਜੂਲੀਅਸ ਸੀਜ਼ਰ ਦੁਆਰਾ 2,000 ਸਾਲ ਪਹਿਲਾਂ ਜਾਰੀ ਕੀਤੇ ਗਏ ਗ੍ਰੇਗੋਰੀਅਨ ਕੈਲੰਡਰ 'ਤੇ ਆਧਾਰਿਤ ਹੈ।
ਨਾਲ ਹੀ ਇਸਦੇ ਲਈ ਗ੍ਰੇਗੋਰੀਅਨ XIII ਨਾਮਕ ਪੋਪ ਨੂੰ ਵੀ ਸਿਹਰਾ ਦੇਣਾ ਪਵੇਗਾ।
ਆਓ ਜਾਣਦੇ ਹਾਂ ਕਿਉਂ...
ਪ੍ਰਾਚੀਨ ਰੋਮ ਵਾਸੀਆਂ ਲਈ, ਜਨਵਰੀ ਮਹੀਨਾ (ਇਆਨੁਆਰੀਅਸ, ਜਿਸਦਾ ਅਰਥ ਲਾਤੀਨੀ ਵਿੱਚ ਜਨਵਰੀ) ਮਹੱਤਵਪੂਰਨ ਸੀ ਕਿਉਂਕਿ ਇਹ ਦੇਵਤਾ ਜੈਨਸ ਨੂੰ ਸਮਰਪਿਤ ਕੀਤਾ ਗਿਆ ਸੀ।
ਰੋਮਨ ਮਿਥਿਹਾਸ ਵਿੱਚ, ਜੈਨਸ ਦੋ ਚਿਹਰਿਆਂ ਵਾਲੇ ਦੇਵਤਾ ਹਨ। ਉਨ੍ਹਾਂ ਦੇ ਇਹ ਦੋ ਚਿਹਰੇ ਪਰਿਵਰਤਨ - ਸ਼ੁਰੂਆਤ ਅਤੇ ਅੰਤ ਦਾ ਪ੍ਰਤੀਕ ਹਨ।
ਇਹ ਵੀ ਪੜ੍ਹੋ:
ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾਇਨਾ ਸਪੈਂਸਰ ਦੱਸਦੇ ਹਨ, "ਇਹ ਅੱਗੇ ਅਤੇ ਪਿੱਛੇ ਵੇਖਣ ਨਾਲ ਸਬੰਧਿਤ ਹੈ।"
"ਇਸ ਲਈ ਜੇਕਰ ਸਾਲ ਵਿੱਚ ਇੱਕ ਸਮਾਂ ਹੈ ਜਦੋਂ ਤੁਹਾਨੂੰ ਇਹ ਫੈਸਲਾ ਕਰਨਾ ਪੈਂਦਾ ਹੈ 'ਇਹੀ ਉਹ ਸਮਾਂ ਹੈ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ'।''
ਇਹ ਯੂਰਪ ਵਿੱਚ ਉਸ ਸਮੇਂ ਨਾਲ ਵੀ ਮੇਲ ਖਾਂਦਾ ਹੈ ਜਦੋਂ ਸਰਦੀਆਂ ਦੀ ਸ਼ੁਰੂਆਤ ਤੋਂ ਬਾਅਦ ਦਿਨ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਹਨ।
ਪ੍ਰੋਫੈਸਰ ਸਪੈਂਸਰ ਕਹਿੰਦੇ ਹਨ, "ਰੋਮ ਲਈ ਇਹ ਇੱਕ ਵੱਡੀ ਚੀਜ਼ (ਸਮਾਂ) ਸੀ, ਕਿਉਂਕਿ ਇਹ ਉਨ੍ਹਾਂ ਭਿਆਨਕ ਛੋਟੇ ਦਿਨਾਂ ਤੋਂ ਬਾਅਦ ਆਉਂਦਾ ਹੈ, ਜਿਨ੍ਹਾਂ ਵਿੱਚ ਸੰਸਾਰ 'ਚ ਹਨੇਰਾ ਹੁੰਦਾ ਹੈ, ਇਹ ਠੰਡਾ ਹੁੰਦਾ ਹੈ ਅਤੇ ਕੁਝ ਵੀ ਨਹੀਂ ਉੱਗਦਾ।"
ਜਿਵੇਂ-ਜਿਵੇਂ ਰੋਮ ਦੇ ਲੋਕਾਂ ਨੂੰ ਵਧੇਰੇ ਸ਼ਕਤੀ ਪ੍ਰਾਪਤ ਹੁੰਦੀ ਗਈ, ਉਨ੍ਹਾਂ ਨੇ ਆਪਣੇ ਵਿਸ਼ਾਲ ਸਾਮਰਾਜ ਵਿੱਚ ਆਪਣਾ ਕੈਲੰਡਰ ਫੈਲਾਉਣਾ ਸ਼ੁਰੂ ਕਰ ਦਿੱਤਾ।
ਪਰ ਮੱਧ ਯੁੱਗ ਵਿੱਚ ਰੋਮ ਦੇ ਪਤਨ ਤੋਂ ਬਾਅਦ, ਈਸਾਈਅਤ ਨੇ ਆਪਣੇ ਆਪ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਲਿਆ ਅਤੇ 1 ਜਨਵਰੀ ਨੂੰ ਇੱਕ ਪੇਗੇਨ ਤਾਰੀਖ (ਮੂਰਤੀ ਪੂਜਾ ਨਾਲ ਸਬੰਧਿਤ) ਮੰਨਿਆ ਗਿਆ।
ਬਹੁਤ ਸਾਰੇ ਦੇਸ਼ ਜਿੱਥੇ ਈਸਾਈ ਧਰਮ ਦਾ ਦਬਦਬਾ ਸੀ, ਉਹ ਚਾਹੁੰਦੇ ਸਨ ਕਿ ਨਵਾਂ ਸਾਲ 25 ਮਾਰਚ ਨੂੰ ਮਨਾਇਆ ਜਾਵੇ। ਇਹ ਤਾਰੀਖ ਉਸ ਸਮੇਂ ਦੀ ਯਾਦ ਦਿਵਾਉਂਦੀ ਹੈ ਜਦੋਂ ਮਹਾਨ ਫਰਿਸ਼ਤੇ ਗੈਬਰੀਏਲ ਵਰਜਿਨ ਮੈਰੀ ਸਾਹਮਣੇ ਪ੍ਰਗਟ ਹੋਏ ਸਨ।
ਸਪੈਂਸਰ ਨੇ ਬੀਬੀਸੀ ਨੂੰ ਦੱਸਿਆ, "ਹਾਲਾਂਕਿ ਕ੍ਰਿਸਮਸ ਉਦੋਂ ਹੁੰਦਾ ਹੈ ਜਦੋਂ ਮਸੀਹ ਦਾ ਜਨਮ ਹੋਇਆ ਸੀ, ਪਰ ਐਲਾਨ ਦਿਵਸ ਉਦੋਂ ਹੁੰਦਾ ਹੈ ਜਦੋਂ ਇਹ ਮੈਰੀ ਨੂੰ ਭਵਿੱਖਵਾਣੀ ਹੋਈ ਸੀ ਕਿ ਉਹ ਰੱਬ ਦੇ ਇੱਕ ਨਵੇਂ ਅਵਤਾਰ ਨੂੰ ਜਨਮ ਦੇਣ ਜਾ ਰਹੇ ਹਨ।"
"ਇੱਥੋਂ ਹੀ ਮਸੀਹ ਦੀ ਕਹਾਣੀ ਸ਼ੁਰੂ ਹੁੰਦੀ ਹੈ, ਇਸ ਲਈ ਇਸਦਾ ਸਹੀ ਅਰਥ ਬਣਦਾ ਹੈ ਕਿ ਨਵਾਂ ਸਾਲ ਉੱਥੋਂ ਸ਼ੁਰੂ ਹੁੰਦਾ ਹੈ।"
16ਵੀਂ ਸਦੀ ਵਿੱਚ, ਪੋਪ ਗ੍ਰੇਗੋਰੀਅਨ ਤੇਰ੍ਹਵੇਂ (XIII) ਨੇ ਗ੍ਰੇਗੋਰੀਅਨ ਕੈਲੰਡਰ ਪੇਸ਼ ਕੀਤਾ ਅਤੇ ਕੈਥੋਲਿਕ ਦੇਸ਼ਾਂ ਵਿੱਚ 1 ਜਨਵਰੀ ਨੂੰ ਨਵੇਂ ਸਾਲ ਵਜੋਂ ਮੁੜ ਸਥਾਪਿਤ ਕੀਤਾ ਗਿਆ।
ਹਾਲਾਂਕਿ ਇੰਗਲੈਂਡ ਵਿੱਚ 1752 ਤੱਕ ਨਵਾਂ ਸਾਲ 25 ਮਾਰਚ ਨੂੰ ਹੀ ਮਨਾਇਆ ਜਾਂਦਾ ਰਿਹਾ। ਕਿਉਂਕਿ ਇੰਗਲੈਂਡ ਨੇ ਪੋਪ ਦੇ ਅਧਿਕਾਰ ਵਿਰੁੱਧ ਬਗਾਵਤ ਕੀਤੀ ਸੀ ਅਤੇ ਪ੍ਰੋਟੈਸਟੈਂਟ ਧਰਮ ਸਵੈ-ਐਲਾਨ ਕੀਤਾ ਸੀ।
ਉਸ ਸਾਲ (ਬ੍ਰੈਕਸਿਟ ਤੋਂ ਬਹੁਤ ਪਹਿਲਾਂ!), ਸੰਸਦ ਦੇ ਇੱਕ ਐਕਟ ਨੇ ਬ੍ਰਿਟਿਸ਼ ਨੂੰ ਬਾਕੀ ਯੂਰਪ ਨਾਲ ਜੋੜਿਆ।
ਅੱਜ ਜ਼ਿਆਦਾਤਰ ਦੇਸ਼ ਜਿਓਰਜਿਅਨ ਕੈਲੰਡਰ ਦੀ ਪਾਲਣਾ ਕਰਦੇ ਹਨ ਅਤੇ ਇਸੇ ਕਾਰਨ ਹਰ ਸਾਲ 1 ਜਨਵਰੀ ਨੂੰ ਪੂਰੀ ਦੁਨੀਆ ਵਿੱਚ ਨਵਾਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: