ਜੋਤਿਸ਼ ਨੂੰ ਦੁਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਲੋਕ ਕਿਉਂ ਵਰਤ ਰਹੇ ਹਨ, ਕੀ ਅਮਰੀਕਾ ਤੇ ਯੂਰਪੀ ਦੇਸ਼ ਵੀ ਇਸ ਨੂੰ ਮੰਨਣ ਲੱਗੇ ਹਨ

    • ਲੇਖਕ, ਲੇਬੋ ਡਿਸਕੋ
    • ਰੋਲ, ਕੌਮਾਂਤਰੀ ਧਾਰਮਿਕ ਮਾਮਲਿਆਂ ਦੇ ਪੱਤਰਕਾਰ

ਸਾਡੇ ਵਿੱਚੋਂ ਬਹੁਤਿਆਂ ਦਾ ਕੋਈ ਨਾ ਕੋਈ ਦੋਸਤ ਹੁੰਦਾ ਹੈ ਜੋ ਕਿਸੇ ਸੰਭਾਵੀ ਬੁਆਏਫ੍ਰੈਂਡ ਜਾਂ ਪ੍ਰੇਮਿਕਾ ਦੇ ਸਿਤਾਰੇ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਇੱਕ-ਦੂਜੇ ਦੇ ਲਈ ਕਿੰਨੇ ਚੰਗੇ ਰਹਿਣਗੇ।

ਇਹ ਆਮ ਤੌਰ 'ਤੇ ਹਲਕੀ-ਫੁਲਕੀ ਮੌਜ-ਮਸਤੀ ਹੁੰਦੀ ਹੈ ਪਰ ਕੁਝ ਲੋਕ ਜੋਤਿਸ਼ ਨੂੰ ਗੰਭੀਰਤਾ ਨਾਲ ਲੈਂਦੇ ਹਨ।

ਜੋਤਿਸ਼ ਨੂੰ ਗੰਭੀਰਤਾ ਨਾਲ ਲੈਣ ਵਾਲੇ ਲੋਕ ਮੰਨਦੇ ਹਨ ਕਿ ਕਿਸੇ ਵਿਅਕਤੀ ਦੇ ਜਨਮ ਸਮੇਂ ਗ੍ਰਹਿਆਂ ਅਤੇ ਤਾਰਿਆਂ ਦੀ ਸਥਿਤੀ ਅਸਲ ਵਿੱਚ ਉਨ੍ਹਾਂ ਦੇ ਜੀਵਨ, ਸ਼ਖਸੀਅਤ ਅਤੇ ਦੂਜਿਆਂ ਨਾਲ ਗੱਲਬਾਤ ਨੂੰ ਪ੍ਰਭਾਵਿਤ ਕਰਦੀ ਹੈ।

ਜੋਤਿਸ਼ ਦਾ ਸਦੀਆਂ ਤੋਂ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਵਿਆਪਕ ਤੌਰ 'ਤੇ ਇਸਤੇਮਾਲ ਹੋ ਰਿਹਾ ਹੈ।

ਭਾਰਤ ਦੇ ਕੁਝ ਸਿਆਸਤਦਾਨ ਤਾਂ ਚੋਣਾਂ ਜਿੱਤਣ ਦੀਆਂ ਸੰਭਾਵਨਾਵਾਂ ਜਾਣਨ ਲਈ ਜੋਤਸ਼ੀਆਂ ਦੀ ਸਲਾਹ ਵੀ ਲੈਂਦੇ ਹਨ।

ਅਜਿਹਾ ਲੱਗਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਕੁਝ ਲੋਕ ਹੁਣ ਰਾਜਨੀਤੀ ਅਤੇ ਵਿਸ਼ਵਵਿਆਪੀ ਘਟਨਾਵਾਂ ਨੂੰ ਸਮਝਣ ਲਈ ਜੋਤਿਸ਼ ਦਾ ਸਹਾਰਾ ਲੈਣ ਲੱਗੇ ਹਨ।

ਇਹ ਰੁਝਾਨ ਯੂਰਪ ਅਤੇ ਅਮਰੀਕਾ ਵਿੱਚ ਬੇਸ਼ੱਕ ਸੀਮਤ ਹੋਵੇ ਪਰ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੱਧਦੀ ਜਾ ਰਹੀ ਹੈ।

ਟਿਕਟੌਕ 'ਤੇ ਜੋਤਸ਼ੀਆਂ ਦੇ ਅਣਗਿਣਤ ਵੀਡੀਓਜ਼ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉੱਤਰੀ ਅਮਰੀਕਾ ਨਾਲ ਸਬੰਧਤ ਹਨ।

ਇਹਨਾਂ ਵੀਡੀਓਜ਼ ਵਿੱਚ ਜੋਤਸ਼ੀ ਭੂ-ਰਾਜਨੀਤੀ ਬਾਰੇ ਭਵਿੱਖਬਾਣੀਆਂ ਕਰਦੇ ਦਿਖਾਈ ਦਿੰਦੇ ਹਨ। ਅਕਸਰ ਉਹ ਚਾਰਟਾਂ ਦੇ ਸਾਹਮਣੇ ਬੈਠੇ ਹੁੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚਾਰਟ ਅਮਰੀਕਾ, ਈਰਾਨ ਅਤੇ ਯੂਰਪ ਦੇ ਦੇਸ਼ਾਂ ਦੀ ਸਥਾਪਨਾ ਦੇ ਸਮੇਂ ਸੂਰਜ, ਚੰਦ ਅਤੇ ਤਾਰਿਆਂ ਦੀ ਸਥਿਤੀ ਨੂੰ ਦਰਸਾਉਂਦੇ ਹਨ।

ਅਜਿਹੇ ਹੀ ਇੱਕ ਵੀਡੀਓ ਵਿੱਚ ਇੱਕ ਜੋਤਿਸ਼ੀ ਕਹਿੰਦਾ ਹੈ, "ਡੌਨਲਡ ਟਰੰਪ ਦੀ ਈਰਾਨ ਵਿੱਚ ਯੁਰੇਨਸ ਡਿਸੇਂਡੇਂਟ ਲਾਈਨ ਹੈ, ਜੋ ਅਸਥਿਰ ਸਬੰਧਾਂ ਦਾ ਪ੍ਰਤੀਕ ਹੈ।"

ਇਹ ਵੀਡੀਓ ਅਮਰੀਕਾ ਦੇ ਈਰਾਨ 'ਤੇ ਹਮਲਾ ਕਰਨ ਦੇ ਇਕ ਦਿਨ ਬਾਅਦ ਪੋਸਟ ਕੀਤਾ ਗਿਆ ਸੀ।

ਉਸੇ ਦਿਨ ਇੱਕ ਹੋਰ ਇਨਫਿਲੂਐਂਸਰ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ 1 ਜਾਂ 2 ਜੁਲਾਈ ਨੂੰ ਈਰਾਨ ਜਵਾਬੀ ਕਾਰਵਾਈ ਕਰੇਗਾ।

ਅਜਿਹੀਆਂ ਭਵਿੱਖਵਾਣੀਆਂ ਅਕਸਰ ਗਲਤ ਸਾਬਤ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਅਜਿਹੇ ਕੰਟੈਂਟ ਦੀ ਘਾਟ ਨਹੀਂ ਹੁੰਦੀ।

ਪਿਛਲੇ ਪੰਜ ਸਾਲਾਂ ਵਿੱਚ ਗੂਗਲ ਟਰੈਂਡਸ ਵਿੱਚ ਉਨ੍ਹਾਂ ਸਰਚ ਵਿੱਚ ਤੇਜ਼ੀ ਦਰਜ ਕੀਤੀ ਗਈ, ਜਿਨ੍ਹਾਂ ਵਿੱਚ "ਐਸਟ੍ਰੋਲੋਜੀ" ਅਤੇ "ਵਾਰ" ਵਰਗੇ ਸ਼ਬਦ ਸ਼ਾਮਲ ਸਨ।

ਕੋਵਿਡ ਮਹਾਂਮਾਰੀ, ਰੂਸ-ਯੂਕਰੇਨ ਯੁੱਧ, ਭਾਰਤ-ਪਾਕਿਸਤਾਨ ਟਕਰਾਅ ਅਤੇ ਈਰਾਨ 'ਤੇ ਅਮਰੀਕਾ ਦੇ ਹਮਲੇ ਦੌਰਾਨ ਅਜਿਹੇ ਰੁਝਾਨ ਦੇਖੇ ਗਏ ਹਨ।

ਲੰਡਨ ਵਿੱਚ ਰਹਿਣ ਵਾਲੀ ਇੱਕ ਈਰਾਨੀ ਔਰਤ ਨੇ ਕਿਹਾ ਕਿ ਜਦੋਂ ਜੂਨ ਵਿੱਚ ਤਹਿਰਾਨ 'ਤੇ ਬੰਬਾਰੀ ਕੀਤੀ ਜਾ ਰਹੀ ਸੀ ਤਾਂ ਉਸਨੇ ਇੱਕ ਜੋਤਸ਼ੀ ਨਾਲ ਸਲਾਹ ਕੀਤੀ ਸੀ।

ਉਸਦੀ ਈਰਾਨ ਵਿੱਚ ਰਹਿੰਦੀ ਭੈਣ ਨੇ ਵੀ ਅਜਿਹਾ ਹੀ ਕੀਤਾ। ਦੋਵੇਂ ਭਵਿੱਖ ਬਾਰੇ ਭਰੋਸਾ ਅਤੇ ਸਪੱਸ਼ਟਤਾ ਚਾਹ ਰਹੀਆਂ ਸਨ।

ਜਦੋਂ 'ਐਸਟ੍ਰੋਲੌਜੀ' ਅਤੇ 'ਵਾਰ' ਵਰਗੇ ਸਰਚ ਸਿਖਰ 'ਤੇ ਸੀ, ਭਾਰਤ ਅਤੇ ਉੱਤਰੀ ਅਮਰੀਕਾ ਨਾਲ ਜੁੜੀਆਂ ਖੋਜਾਂ ਵਿੱਚ ਲਗਾਤਾਰ ਵਧੇਰੇ ਦਿਲਚਸਪੀ ਦਰਜ ਕੀਤੀ ਗਈ।

ਪਰ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ਸੱਭਿਆਚਾਰਕ ਸਮਾਜ ਸ਼ਾਸਤਰ ਅਤੇ ਧਰਮ ਪੜ੍ਹਾਉਣ ਵਾਲੇ ਸਹਾਇਕ ਪ੍ਰੋਫੈਸਰ ਡਾ. ਗੈਲੇਨ ਵਾਟਸ ਕਹਿੰਦੇ ਹਨ, "ਮੁੱਖ ਭੂ-ਰਾਜਨੀਤਿਕ ਉਲਝਣਾਂ ਨੂੰ ਸਮਝਣ ਲਈ ਜੋਤਿਸ਼ ਦੀ ਵਰਤੋਂ ਕਰਨਾ ਇੱਕ ਬੁਰਾ ਵਿਚਾਰ ਹੈ।"

ਨਿਊਯਾਰਕ ਸਥਿਤ ਜੋਤਸ਼ੀ ਅਲੀਜ਼ਾ ਕੈਲੀ ਆਪਣੇ ਕੰਮ ਵਿੱਚ ਵਧਦੀ ਦਿਲਚਸਪੀ ਦਾ ਸਵਾਗਤ ਕਰਦੀ ਹੈ, ਪਰ ਉਹ ਕਹਿੰਦੇ ਹਨ ਕਿ ਉਹ ਸੋਸ਼ਲ ਮੀਡੀਆ 'ਤੇ ਦਿਖਣ ਵਾਲੇ ਕੁਝ ਕੰਟੈਂਟ ਦੀ ਨੈਤਿਕਤਾ ਨੂੰ ਲੈ ਕੇ ਚਿੰਤਤ ਹਨ।

"ਜਦੋਂ ਪ੍ਰਮਾਣੂ ਹਮਲਿਆਂ ਜਾਂ ਤੀਜੇ ਵਿਸ਼ਵ ਯੁੱਧ ਦੀ ਗੱਲ ਆਉਂਦੀ ਹੈ ਤਾਂ 90-ਸਕਿੰਟ ਦੀ ਵੀਡੀਓ ਜਾਣਕਾਰੀ ਸਾਂਝੀ ਕਰਨਾ ਸਭ ਤੋਂ ਨੈਤਿਕ ਤਰੀਕਾ ਨਹੀਂ ਹੈ। ਇਹ ਵੀਡੀਓ ਕਲਿੱਪ ਧਿਆਨ ਖਿੱਚਦੇ ਹਨ ਕਿਉਂਕਿ ਇਹ ਸਨਸਨੀਖੇਜ਼ ਹੁੰਦੇ ਹਨ।"

ਉਹ ਅੱਗੇ ਕਹਿੰਦੇ ਹਨ, "ਇਹ ਇੱਕ ਖ਼ਤਰਨਾਕ ਖੇਡ ਹੈ, ਖਾਸ ਕਰਕੇ ਜਦੋਂ ਤੁਹਾਡੀ ਸਾਖ ਅਜਿਹੀਆਂ ਦਲੇਰਾਨਾ ਭਵਿੱਖਬਾਣੀਆਂ 'ਤੇ ਅਧਾਰਤ ਹੈ। ਮੈਂ ਇਸ ਤਰ੍ਹਾਂ ਜੋਤਿਸ਼ ਦਾ ਅਭਿਆਸ ਨਹੀਂ ਕਰਨਾ ਚਾਹੁੰਦੀ।"

ਹਾਲਾਂਕਿ, ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਲੋਕ ਆਪਣੇ ਦੇਸ਼ ਵਿੱਚ ਰਾਜਨੀਤਿਕ ਘਟਨਾਵਾਂ ਨੂੰ ਸਮਝਣ ਲਈ ਸਿਤਾਰਿਆਂ ਵੱਲ ਰੁਖ਼ ਕਰ ਰਹੇ ਹਨ।

ਉਸਨੇ ਪਹਿਲੀ ਵਾਰ ਇਹ 2016 ਵਿੱਚ ਮਹਿਸੂਸ ਕੀਤਾ, ਜਦੋਂ ਟਰੰਪ ਨੇ ਹਿਲੇਰੀ ਕਲਿੰਟਨ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਹਾਸਲ ਕੀਤਾ ਸੀ। ਉਸ ਸਮੇਂ ਉਹ ਇੱਕ ਵਾਚ ਪਾਰਟੀ ਵਿੱਚ ਸੀ, ਜਿੱਥੇ ਮਹਿਮਾਨ ਟੀਵੀ ਨਾਲ ਜੁੜੇ ਹੋਏ ਸਨ।

ਉਹ ਕਹਿੰਦੀ ਹੈ, "ਇੱਕ ਜੋਤਸ਼ੀ ਹੋਣ ਦੇ ਨਾਤੇ, ਲੋਕ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ। ਉਹ ਪੁੱਛਣ ਲੱਗੇ ਕਿ ਕੀ ਹੋ ਰਿਹਾ ਹੈ, ਸਾਨੂੰ ਹੁਣ ਕੀ ਉਮੀਦ ਕਰਨੀ ਚਾਹੀਦੀ ਹੈ। ਹਿਲੇਰੀ ਦਾ ਚਾਰਟ ਕੀ ਕਹਿੰਦਾ ਹੈ, ਟਰੰਪ ਦਾ ਚਾਰਟ ਕੀ ਕਹਿੰਦਾ ਹੈ। ਇਹ ਪਹਿਲੀ ਵਾਰ ਸੀ ਜਦੋਂ ਮੈਂ ਲੋਕਾਂ ਨੂੰ ਰਾਜਨੀਤਿਕ ਅਤੇ ਭੂ-ਰਾਜਨੀਤਿਕ ਘਟਨਾਵਾਂ ਨੂੰ ਇੰਨੇ ਸਪੱਸ਼ਟ ਅਤੇ ਠੋਸ ਤਰੀਕੇ ਨਾਲ ਸਮਝਣ ਲਈ ਜੋਤਿਸ਼ ਦਾ ਸਹਾਰਾ ਲੈਂਦੇ ਦੇਖਿਆ।"

ਕੋਵਿਡ ਮਹਾਮਾਰੀ ਵੀ ਇੱਕ ਅਹਿਮ ਮੋੜ ਸੀ, ਜਦੋਂ ਬਹੁਤ ਸਾਰੇ ਲੋਕਾਂ ਨੇ ਜੋਤਿਸ਼ ਵੱਲ ਰੁਖ਼ ਕੀਤਾ।

ਇਹ ਉਹ ਸਮਾਂ ਸੀ ਜਦੋਂ ਕੈਸੀ ਲੇਵੇਂਥਲ ਨੇ ਜੋਤਿਸ਼ ਵੱਲ ਰੁਖ਼ ਕਰਨਾ ਸ਼ੁਰੂ ਕੀਤਾ। ਉਸ ਸਮੇਂ ਉਸਦੇ ਮਾਪੇ ਕੈਂਸਰ ਦਾ ਇਲਾਜ ਕਰਵਾ ਰਹੇ ਸਨ।

ਕੈਸੀ ਕਹਿੰਦੀ ਹੈ ਕਿ ਉਨ੍ਹਾਂ ਨੇ ਗ੍ਰਹਿਆਂ ਦੀਆਂ ਸਥਿਤੀਆਂ ਨੂੰ ਆਪਣੇ ਮਾਪਿਆਂ ਨੂੰ ਇਹ ਦੱਸਣ ਲਈ ਇੱਕ ਮਾਰਗਦਰਸ਼ਕ ਵਜੋਂ ਵਰਤਿਆ ਕਿ ਉਨ੍ਹਾਂ ਨੂੰ ਕਦੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।

ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜੋਤਿਸ਼ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਇਸਨੂੰ "ਬਸ ਆਪਣੀ ਟੂਲਕਿੱਟ ਵਿੱਚ ਰੱਖੀ ਅਜਿਹੀ ਚੀਜ਼ ਸਮਝਦੀ ਹੈ, ਜਿਸਨੂੰ ਤੁਸੀਂ ਉਦੋਂ ਕੱਢ ਸਕਦੇ ਹੋ ਜਦੋਂ ਤੁਹਾਨੂੰ ਮੌਜੂਦਾ ਸਥਿਤੀ ਦੀ ਆਪਣੀ ਸਮਝ ਵਿੱਚ ਥੋੜ੍ਹੀ ਹੋਰ ਡੂੰਘਾਈ ਜੋੜਨ ਦੀ ਲੋੜ ਹੁੰਦੀ ਹੈ।"

ਕੈਸੀ ਕਹਿੰਦੇ ਹਨ ਕਿ ਉਨ੍ਹਾਂ ਨੇ ਅਮਰੀਕੀ ਰਾਜਨੀਤੀ ਨੂੰ ਸਮਝਣ ਲਈ ਵੀ ਜੋਤਿਸ਼ ਵਿੱਚ ਹੱਥ ਅਜਮਾਇਆ ਹੈ।

ਉਹ ਕਹਿੰਦੇ ਹਨ, "ਟਰੰਪ ਦਾ ਚੰਦਰਮਾ, ਜਿਸਨੂੰ ਭਾਵਨਾਵਾਂ ਅਤੇ ਵਿਆਖਿਆ ਦਾ ਗ੍ਰਹਿ ਮੰਨਿਆ ਜਾਂਦਾ ਹੈ, ਧਨੁ ਰਾਸ਼ੀ ਵਿੱਚ ਹੈ, ਇੱਕ ਅਗਨੀ ਚਿੰਨ੍ਹ। ਇਹੀ ਉਨ੍ਹਾਂ ਅਗਨੀ ਭਾਵਨਾਵਾਂ ਦੀ ਵਿਆਖਿਆ ਕਰਦਾ ਹੈ, ਜੋ ਅਕਸਰ ਸਾਹਮਣੇ ਆਉਂਦੀਆਂ ਹਨ।"

ਅਧਿਆਤਮਿਕਤਾ ਜਾਂ ਧਰਮ?

ਡਾ. ਗੈਲੇਨ ਵਾਟਸ ਕਹਿੰਦੇ ਹਨ, "ਤਕਨੀਕੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜੋਤਿਸ਼ ਅਧਿਆਤਮਿਕ ਹੈ, ਇੱਥੋਂ ਤੱਕ ਕਿ ਧਾਰਮਿਕ ਵੀ। ਕੁੰਡਲੀਆਂ ਪੜ੍ਹਣ ਵਾਲੇ ਲੋਕਾਂ ਦਾ ਘੱਟੋ ਘੱਟ ਇਹ ਅਹਿਸਾਸ ਹੁੰਦਾ ਹੈ ਕਿ ਕਿਸੇ ਨਾ ਕਿਸੇ ਅਰਥ ਵਿੱਚ ਇੱਕ ਵਿਆਪਕ ਬ੍ਰਹਿਮੰਡੀ ਵਿਵਸਥਾ ਹੈ।"

ਫਿਰ ਵੀ ਦੁਨੀਆ ਭਰ ਵਿੱਚ ਜੋਤਿਸ਼ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਭਾਰਤ ਵਿੱਚ ਬਹੁਤ ਸਾਰੇ ਲੋਕ ਜੋਤਿਸ਼ ਨੂੰ ਗੰਭੀਰਤਾ ਨਾਲ ਲੈਂਦੇ ਹਨ।

ਭਾਰਤ ਵਿੱਚ ਵਿਆਹ ਤੋਂ ਪਹਿਲਾਂ ਕੁੰਡਲੀਆਂ ਦਾ ਮੇਲ ਬਹੁਤ ਅਹਿਮੀਅਤ ਰੱਖਦਾ ਹੈ। ਪਰਿਵਾਰ ਜੋਤਸ਼ੀ ਦੀ ਰਾਇ ਦੇ ਆਧਾਰ 'ਤੇ ਵਿਆਹ ਵਿੱਚ ਪ੍ਰਵੇਸ਼ ਕਰਨ ਜਾਂ ਨਾ ਕਰਨ ਦਾ ਫੈਸਲਾ ਲੈ ਸਕਦੇ ਹਨ।

ਡਾ. ਵਾਟਸ ਕਹਿੰਦੇ ਹਨ ਕਿ ਇਸਦੇ ਉਲਟ ਪੱਛਮ ਵਿੱਚ, ਜੋਤਿਸ਼ ਨੂੰ ਨਿੱਜੀ ਵਿਆਖਿਆ ਲਈ ਵਰਤਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਜਦੋਂ ਲੋਕ ਜੋਤਿਸ਼ ਚਿੰਨ੍ਹਾਂ ਨੂੰ ਦੇਖਦੇ ਹਨ, ਤਾਂ ਉਹ ਇਸਨੂੰ ਦ੍ਰਿੜਤਾ ਨਾਲ ਨਹੀਂ ਦੇਖਦੇ। ਉਹ ਇਸਨੂੰ ਬਹੁਤ ਲਚਕਦਾਰ ਸਮਝਦੇ ਹਨ। ਲੋਕ ਆਪਣੀ ਕੁੰਡਲੀ ਪੜ੍ਹ ਸਕਦੇ ਹਨ ਅਤੇ ਖੁਦ ਫੈਸਲਾ ਕਰ ਸਕਦੇ ਹਨ ਕਿ ਉਹ ਇਸਨੂੰ ਕਿੰਨੀ ਗੰਭੀਰਤਾ ਨਾਲ ਲੈਣਾ ਚਾਹੁੰਦੇ ਹਨ। ਇਹ ਇੱਕ ਕਿਸਮ ਦਾ ਮਾਰਗਦਰਸ਼ਨ ਹੈ।"

ਗੁੰਝਲਦਾਰ ਸਮੇਂ ਲਈ ਸਰਲ ਜਵਾਬ?

ਪੱਛਮ ਵਿੱਚ ਜੋਤਿਸ਼ ਦੀ ਵਧਦੀ ਪ੍ਰਸਿੱਧੀ ਬਾਰੇ ਸੁਰਖੀਆਂ ਦੇ ਬਾਵਜੂਦ, ਪਿਊ ਸੈਂਟਰ ਦੇ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਵਿੱਚ ਇਸਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ ਸਥਿਰ ਰਹੀ ਹੈ।

2017 ਅਤੇ 2024 ਦੋਵਾਂ ਵਿੱਚ, ਲਗਭਗ 27 ਪ੍ਰਤੀਸ਼ਤ ਅਮਰੀਕੀਆਂ ਨੇ ਕਿਹਾ ਕਿ ਉਹ ਜੋਤਿਸ਼ ਵਿੱਚ ਵਿਸ਼ਵਾਸ ਰੱਖਦੇ ਹਨ।

ਤਾਂ ਫਿਰ ਇਹ ਧਾਰਨਾ ਕਿਉਂ ਹੈ ਕਿ ਵਿਸ਼ਵਾਸ ਵਧਿਆ ਹੈ, ਜਦੋਂ ਡੇਟਾ ਇੱਕ ਵੱਖਰੀ ਤਸਵੀਰ ਦਿਖਾਉਂਦਾ ਹੈ?

ਡਾ. ਵਾਟਸ ਦਾ ਤਰਕ ਹੈ ਕਿ ਪਹਿਲਾਂ ਧਰਮ ਅਤੇ ਅਧਿਆਤਮਿਕਤਾ ਨੂੰ ਚੰਗੀ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ ਸੀ, ਖਾਸ ਕਰਕੇ ਮੀਡੀਆ ਵਿੱਚ ਇਸ ਦੀ ਘੱਟ ਹੀ ਚਰਚਾ ਹੁੰਦੀ ਸੀ। ਪਰ 2016 ਵਿੱਚ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ, "ਭੂ-ਰਾਜਨੀਤਿਕ ਦ੍ਰਿਸ਼ ਵਿੱਚ ਵੱਡਾ ਬਦਲਾਅ" ਆਇਆ।

ਉਹ ਕਹਿੰਦੇ ਹਨ, "ਅਸੀਂ ਹੁਣ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ 'ਤੇ ਚਰਚਾ ਕਰਨਾ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ। ਇਸ ਲਈ ਲੋਕ ਹੁਣ ਜੋਤਿਸ਼ ਗਣਨਾਵਾਂ ਨੂੰ ਦੇਖਣ ਬਾਰੇ ਵਧੇਰੇ ਖੁੱਲ੍ਹ ਕੇ ਦੱਸਦੇ ਹਨ।"

ਡਾ. ਵਾਟਸ ਦਾ ਮੰਨਣਾ ਹੈ ਕਿ ਬਹੁਤ ਸਾਰੇ ਲੋਕਾਂ ਲਈ, ਕੁੰਡਲੀਆਂ ਮਜ਼ਾ, ਸਕੂਨ ਜਾਂ ਮਾਰਗਦਰਸ਼ਨ ਪ੍ਰਦਾਨ ਕਰ ਸਕਦੀਆਂ ਹਨ। ਗਲੋਬਲ ਘਟਨਾਵਾਂ ਇੰਨੀਆਂ ਗੁੰਝਲਦਾਰ ਹਨ ਕਿ ਮਾਹਰ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਪਰ ਉਨ੍ਹਾਂ ਦੇ ਅਨੁਸਾਰ, ਸੰਕਟਾਂ ਨੂੰ ਸਮਝਣ ਲਈ ਜੋਤਿਸ਼ ਦਾ ਸਹਾਰਾ ਲੈਣਾ ਪਹਿਲਾਂ ਤੋਂ ਹੀ ਵੰਡੇ ਹੋਏ ਸਮਾਜ ਨੂੰ ਹੋਰ ਵੀ ਡੂੰਘਾਈ ਨਾਲ ਵੰਡਣ ਦਾ ਜੋਖਮ ਪੈਦਾ ਕਰਦਾ ਹੈ।

ਫਿਰ ਵੀ, ਉਹ ਇਸਦੇ ਆਕਰਸ਼ਣ ਤੋਂ ਇਨਕਾਰ ਨਹੀਂ ਕਰਦਾ।

ਉਹ ਕਹਿੰਦੇ ਹਨ, "ਅਸੀਂ ਅਜਿਹੀਆਂ ਮੁਸ਼ਕਲ ਸਮੱਸਿਆਵਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਦਾ ਕੋਈ ਆਸਾਨ ਹੱਲ ਨਹੀਂ ਹੈ ਅਤੇ ਜੋਤਿਸ਼ ਕੁਦਰਤੀ ਤੌਰ 'ਤੇ ਲੋਕਾਂ ਵਿੱਚ ਆਸਾਨ ਜਵਾਬਾਂ ਦੀ ਇੱਛਾ ਪੈਦਾ ਕਰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)