ਸਿਆਸੀ ਆਗੂ, ਜੋਤਿਸ਼ ਅਤੇ ਕਤਲ ਜਿਸ ਨੇ ਇਸ ਦੇਸ਼ ਦਾ ਕਾਨੂੰਨ ਬਦਲ ਦਿੱਤਾ

    • ਲੇਖਕ, ਸੋਫੀ ਅਬਦੁੱਲਾ ਅਤੇ ਏਸਿਮਬਾਤ ਟੋਕੋਏਵਾ
    • ਰੋਲ, ਬੀਬੀਸੀ ਨਿਊਜ਼

ਕਜ਼ਾਕਿਸਤਾਨ ਵਿੱਚ ਇੱਕ ਹਾਈ ਪ੍ਰੋਫਾਈਲ ਕਤਲ ਦੇ ਮੁਕੱਦਮੇ ਨੇ ਦੇਸ਼ ਵਿੱਚ ਘਰੇਲੂ ਹਿੰਸਾ ਦੀ ਸਮੱਸਿਆ ਨੂੰ ਖੋਲ੍ਹ ਕੇ ਰੱਖ ਦਿੱਤਾ ਹੈ।

ਇੱਕ ਇਤਿਹਾਸਕ ਫ਼ੈਸਲੇ ਵਿੱਚ ਕਦੇ ਕਾਫੀ ਤਾਕਤਵਰ ਰਹੇ ਇੱਕ ਸਿਆਸੀ ਆਗੂ ਨੂੰ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਭਾਰੀ ਦਬਾਅ ਦੇ ਚਲਦਿਆਂ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਨਵਾਂ ਕਾਨੂੰਨ ਲਿਆਂਦਾ ਗਿਆ।

ਇਸ ਨਾਲ ਲੋਕਾਂ ਵਿੱਚ ਇੱਕ ਸਵਾਲ ਵੀ ਉੱਠਿਆ ਕਿ ਕੀ ਇਸ ਤਰੀਕੇ ਦੇ ਹੋਰ ਪੀੜਤਾਂ ਦੇ ਮਾਮਲੇ ਵਿੱਚ ਵੀ ਇਨਸਾਫ਼ ਮਿਲ ਸਕੇਗਾ।

ਇਹ ਮਾਮਲਾ ਸਾਬਕਾ ਮੰਤਰੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ।

ਚੇਤਾਵਨੀ – ਇਸ ਰਿਪੋਰਟ ਵਿੱਚ ਔਰਤਾਂ ਦੇ ਖ਼ਿਲਾਫ਼ ਹਿੰਸਾ ਦੇ ਬਾਰੇ ਵਿੱਚ ਅਜਿਹੇ ਜਾਣਕਾਰੀ ਹੈ ਜੋ ਪਰੇਸ਼ਾਨ ਕਰ ਸਕਦੀ ਹੈ।

ਅਦਾਲਤ ਨੇ ਜਿਨ੍ਹਾਂ ਤੱਥਾਂ ਉੱਤੇ ਗੌਰ ਕੀਤਾ, ਉਹ ਭਿਆਨਕ ਸਨ।

ਦੇਸ਼ ਦੇ ਸਾਬਕਾ ਵਿੱਤ ਮੰਤਰੀ ਨੇ ਆਪਣੀ ਪਤਨੀ ਸਲਤਨਤ ਨੁਕੇਨੋਵਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਇਸ ਘਟਨਾ ਦਾ ਕੁਝ ਹਿੱਸਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ।

ਰਾਜਧਾਨੀ ਅਸਤਾਨਾ ਵਿੱਚ ਇੱਕ ਰੈਸਟੋਰੈਂਟ ਵਿੱਚ ਮਿਲੀ ਫੁਟੇਜ ਤੋਂ ਪਤਾ ਲੱਗਾ ਕਿ ਸਥਾਨਕ ਸਮੇਂ ਮੁਤਾਬਕ 7:15ਵਜੇ ਕੁਆਂਡਿਕ ਬਿਸ਼ਿਮਵਾਯੇਵ ਆਪਣੀ ਪਤਨੀ ਸਲਤਨਤ ਨੂੰ ਲੱਤਾਂ ਅਤੇ ਮੁੱਕੇ ਮਾਰ ਰਹੇ ਸਨ ਅਤੇ ਉਨ੍ਹਾਂ ਦੇ ਵਾਲ ਖਿੱਚ ਕੇ ਘਸੀਟ ਰਹੇ ਸਨ।

ਪਰ ਇਸ ਤੋਂ ਅਗਲੇ 12 ਘੰਟਿਆਂ ਤੱਕ ਕੀ ਹੋਇਆ ਇਹ ਬਹੁਤ ਸਾਫ਼ ਨਹੀਂ ਹੈ।

ਇਸ ਦੌਰਾਨ ਕੁਝ ਫੁਟੇਜ ਉਨ੍ਹਾਂ ਦੇ ਮੋਬਾਇਲ ਫੋਨ ਤੋਂ ਮਿਲੇ, ਜਿਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪਰ ਜਨਤਕ ਨਹੀਂ ਕੀਤਾ ਗਿਆ।

ਇੱਕ ਆਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਬਿਸ਼ਿਮਬਾਯੇਵ ਇੱਕ ਹੋਰ ਮਰਦ ਬਾਰੇ ਗੱਲ ਕਰਦਿਆਂ ਸਲਤਨਤ ਦਾ ਨਿਰਾਦਰ ਕਰ ਰਹੇ ਹਨ ਅਤੇ ਸਵਾਲ ਪੁੱਛ ਰਹੇ ਹਨ।

ਕੋਰਟ ਨੇ ਸੁਣਿਆ ਕਿ ਬਿਸ਼ਿਮਬਾਯੇਵ ਨੇ ਕਈ ਵਾਰੀ ਇੱਕ ਜੋਤਿਸ਼ੀ ਨੂੰ ਫੋਨ ਕੀਤਾ ਜਦਕਿ ਉਨ੍ਹਾਂ ਦੀ ਪਤਨੀ ਵੀਆਈਪੀ ਕਮਰੇ ਵਿੱਚ ਬੇਹੋਸ਼ ਪਈ ਹੋਈ ਸੀ, ਉੱਥੇ ਕੋਈ ਕੈਮਰਾ ਨਹੀਂ ਸੀ।

ਆਖ਼ਿਰਕਾਰ 8 ਵਜੇ ਐਂਬੂਲੈਂਸ ਬੁਲਾਈ ਗਈ ਸੀ, ਉਦੋਂ ਤੱਕ ਸਲਤਨਤ ਦੀ ਮੌਤ ਹੋ ਚੁੱਕੀ ਸੀ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਮੌਤ ਛੇ ਤੋਂ ਅੱਠ ਘੰਟੇ ਪਹਿਲਾਂ ਹੀ ਹੋ ਚੁੱਕੀ ਸੀ।

ਕੋਰਟ ਵਿੱਚ ਪੇਸ਼ ਕੀਤੀ ਗਈ ਫੌਰੈਂਸਿਕ ਰਿਪੋਰਟ ਵਿੱਚ ਕਿਹਾ ਗਿਆ ਕਿ ਸਲਤਨਤ ਦੇ ਸਿਰ ਉੱਤੇ ਗਹਿਰੀ ਸੱਟ ਲੱਗੀ ਸੀ ਸਿਰ ਵਿੱਚ 230 ਐੱਮਐੱਲ ਖ਼ੂਨ ਜਮ੍ਹਾ ਹੋ ਗਿਆ ਸੀ। ਕੋਰਟ ਨੂੰ ਦੱਸਿਆ ਗਿਆ ਕਿ ਗਲਾ ਦਬਾਉਣ ਦੇ ਵੀ ਸੰਕੇਤ ਮਿਲੇ ਸਨ।

24 ਸਾਲ ਜੇਲ੍ਹ ਦੀ ਸਜ਼ਾ

ਜਿਸ ਰੈਸਟੋਰੈਂਟ ਵਿੱਚ ਇਹ ਘਟਨਾ ਵਾਪਰੀ, ਉੱਥੇ ਬਿਸ਼ਿਮਵਾਯੇਵ ਦੇ ਰਿਸ਼ਤੇਦਾਰ ਬਾਖ਼ਿਤਜ਼ਾਨ ਬੈਝਾਨੋਵ ਡਾਇਰੈਕਟਰ ਸਨ, ਉਨ੍ਹਾਂ ਨੂੰ ਜੁਰਮ ਨੂੰ ਲੁਕਾਉਣ ਦੇ ਲਈ ਚਾਰ ਸਾਲ ਦੀ ਸਜ਼ਾ ਹੋਈ।

ਉਨ੍ਹਾਂ ਨੇ ਸੁਣਵਾਈ ਦੇ ਦੌਰਾਨ ਦਾਅਵਾ ਕੀਤਾ ਕਿ ਬਿਸ਼ਿਮਬਾਯੇਵ ਨੇ ਉਨ੍ਹਾਂ ਨੂੰ ਫੁਟੇਜ ਡਿਲੀਟ ਕਰਨ ਲਈ ਕਿਹਾ ਸੀ।

13 ਮਈ ਨੂੰ ਅਸਤਾਨਾ ਵਿੱਚ ਸੁਪਰੀਮ ਕੋਰਟ ਨੇ 44 ਸਾਲ ਦੇ ਕੁਆਂਡਿਕ ਬਿਸ਼ਿਮਬਾਯੇਵ ਨੂੰ 31 ਸਾਲ ਦੀ ਸਲਤਨਤ ਨੁਕੇਨੋਵਾ ਦਾ ਬੇਦਿਲੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ 24 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ।

ਪਰ ਕਜ਼ਾਕਿਸਤਾਨ ਵਿੱਚ ਜਿੱਥੇ ਹਰ ਸਾਲ ਸੈਂਕੜੇ ਔਰਤਾਂ ਆਪਣੇ ਪਾਰਟਨਰ ਦੇ ਹੱਥੋਂ ਮਾਰੀਆਂ ਜਾਂਦੀਆਂ ਹਨ, ਸਜ਼ਾ ਯਕੀਨੀ ਬਣਾਉਣਾ ਸੌਖਾ ਨਹੀਂ ਹੈ।

ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਦੇਸ਼ ਵਿੱਚ ਹੋਣ ਵਾਲੀ ਘਰੇਲੂ ਹਿੰਸਾ ਵਿੱਚ ਚਾਰ ਵਿੱਚੋਂ ਸਿਰਫ਼ ਇੱਕ ਹੀ ਮਾਮਲਾ ਅਦਾਲਤ ਤੱਕ ਪਹੁੰਚਦਾ ਹੈ।

ਸਲਤਨਤ ਦੇ ਭਰਾ ਕਹਿੰਦੇ ਹਨ ਕਿ “ਕਜ਼ਾਖ਼ ਔਰਤਾਂ ਪਹਿਲਾਂ ਤੋਂ ਹੀ ਆਵਾਜ਼ ਚੁੱਕਦੀਆਂ ਰਹੀਆਂ ਹਨ ਪਰ ਉਨ੍ਹਾਂ ਨੂੰ ਦੇ ਵੀ ਨਹੀਂ ਸੁਣਿਆ ਗਿਆ।”

ਜੋਤਿਸ਼ੀ ਬਣਨਾ ਸ਼ੌਂਕ ਸੀ

ਸਲਤਨਤ ਦਾ ਬਚਪਨ ਰੂਸ ਦੀ ਸਰਹੱਦ ਨਾਲ ਲੱਗਦੇ ਕਜ਼ਾਕਿਸਤਾਨ ਦੇ ਪਾਬਲੋਦਾਰ ਸ਼ਹਿਰ ਵਿੱਚ ਲੰਘਿਆ ਸੀ। ਸਕੂਲੀ ਸਿੱਖਿਆ ਤੋਂ ਬਾਅਦ ਉਹ ਪਹਿਲਾਂ ਰਾਜਧਾਨੀ ਰਹੇ ਸ਼ਹਿਰ ਅਲਮਾਟੀ ਚਲੀ ਗਈ।

ਉੱਥੇ ਉਹ ਥੋੜ੍ਹੇ ਦਿਨਾਂ ਦੇ ਲਈ ਆਪਣੇ ਭਰਾ ਐਟਬੇਕ ਅਮਾਨਗੇਲਡੀ ਦੇ ਨਾਲ ਹੀ।

ਐਟਬੇਕ ਦੱਸਦੇ ਹਨ ਕਿ ਇਸ ਦੌਰਾਨ ਦੋਵਾਂ ਦੇ ਵਿਚਾਲ ਰਿਸ਼ਤਾ ਹੋਰ ਮਜ਼ਬੂਤ ਹੋਇਆ।

ਬਦਕਿਸਮਮਤੀ ਨਾਲ ਵਿਆਹ ਦੇ ਇੱਕ ਸਾਲ ਦੇ ਅੰਦਰ ਸਲਤਨ ਨੁਕੇਨੋਵਾ ਦਾ ਕਤਲ ਕਰ ਦਿੱਤਾ ਗਿਆ।

ਰਿਪੋਰਟਾਂ ਦੇ ਮੁਤਾਬਕ, ਬਿਸ਼ਿਮਬਾਯੇਵ ਨੂੰ 2017 ਵਿੱਚ ਇੱਕ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 10 ਸਾਲ ਦੀ ਸਜ਼ਾ ਸੁਣਾਈ ਗਈ ਪਰ ਤਿੰਨ ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਉਹ ਰਿਹਾਅ ਹੋ ਗਏ।

ਉਸ ਵੇਲੇ ਸਲਤਨਤ ਇੱਕ ਜੋਤਿਸ਼ੀ ਵਜੋਂ ਕੰਮ ਕਰਦੀ ਸੀ ,

ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਜਦੋਂ ਉਹ 9 ਸਾਲਾਂ ਦੇ ਸਨ ਤਾਂ ਉਨ੍ਹਾਂ ਦੀ ‘ਗੌਡਮਦਰ’ ਨੇ ਉਨ੍ਹਾਂ ਨੂੰ ਜੋਤਿਸ਼ ਵਿੱਦਿਆ ਦੀ ਇੱਕ ਕਿਤਾਬ ਦਿੱਤੀ ਸੀ ।ਉਦੋਂ ਤੋਂ ਹੀ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਬਣ ਗਈ ਸੀ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਬਹੁਤ ਖੁਸ਼ਮਿਜ਼ਾਜ਼ ਸੀ ਅਤੇ ਉਨ੍ਹਾਂ ਦਾ ਸੁਪਨਾ ਇੱਕ ਜੋਤਿਸ਼ ਵਿੱਦਿਆ ਦਾ ਸਕੂਲ ਖੁਲ੍ਹਵਾਉਣਾ ਸੀ।

ਉਨ੍ਹਾਂ ਦੇ ਭਰਾ ਕਹਿੰਦੇ ਹਨ, “ਉਹ ਵੱਖ-ਵੱਖ ਪਰੇਸ਼ਾਨੀਆਂ ਵਿੱਚ ਫਸੀਆਂ ਔਰਤਾਂ ਦੀ ਮਦਦ ਕਰਦੇ ਸਨ, ਚਾਹੇ ਪਰਿਵਾਰ ਦੇ ਨਾਲ ਪਰੇਸ਼ਾਨੀ ਹੋਵੇ ਜਾਂ ਵਿਆਹ ਵਿੱਚ ਦਿੱਕਤ ਹੋਵੇ ਜਾਂ ਬੱਚਿਆਂ ਦੇ ਨਾਲ ਕੋਈ ਦਿੱਕਤ ਹੋਵੇ।”

ਬਿਸ਼ਿਮਬਾਯੇਵ ਨਾਲ ਕਿਵੇਂ ਮੁਲਾਕਾਤ ਹੋਈ?

ਐਟਬੇਕ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਬਿਸ਼ਿਮਬਾਯੇਵ ਨੇ ਸਲਤਨਤ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਸਲਤਨਤ ਇਨਕਾਰ ਕਰ ਦਿੱਤਾ।

ਐਟਬੇਕ ਦੇ ਮੁਤਾਬਕ, "ਬਿਸ਼ਿਮਬਾਯੇਵ ਨੇ ਕਿਤੋਂ ਉਨ੍ਹਾਂ ਦਾ ਨੰਬਰ ਲੱਭ ਲਿਆ ਸੀ। ਉਹ ਬਹੁਤ ਜਨੂੰਨੀ ਸੀ।"

ਉਹ ਦੱਸਦੇ ਹਨ ਸਲਤਨਤ ਨੇ ਉਨ੍ਹਾਂ ਨੂੰ ਆਪਣੇ ਬਹੁਤ ਸੁਨੇਹੇ ਦਿਖਾਏ ਜਿਸ ਵਿੱਚ ਬਿਸ਼ਿਮਬਾਯੇਵ ਨੇ ਮਿਲਣ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਬਾਰੇ ਲਿਖੀਆਂ ਗਈਆਂ ਗੱਲਾਂ ਉੱਤੇ ਯਕੀਨ ਨਾ ਕਰੇ।

ਇਸ ਮੁਲਾਕਾਤ ਦੇ ਕੁਝ ਮਹੀਨਿਆਂ ਵਿੱਚ ਹੀ ਦੋਵਾਂ ਦਾ ਵਿਆਹ ਹੋ ਗਿਆ ਅਤੇ ਵਿਆਹ ਤੋਂ ਬਾਅਦ ਹੀ ਮੁਸ਼ਕਲਾਂ ਸ਼ੁਰੂ ਹੋ ਗਈਆਂ।

ਸਲਤਨਤ ਨੇ ਆਪਣੇ ਭਰਾ ਨਾਲ ਸੱਟਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਕਈ ਵਾਰ ਆਪਣੇ ਪਤੀ ਨੂੰ ਛੱਡਣ ਦੀ ਕੋਸ਼ਿਸ਼ ਵੀ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਸਲਤਨਤ ਵੱਲੋਂ ਆਪਣੀ ਪਸੰਦ ਦੀ ਨੌਕਰੀ ਛੱਡਣ ਤੋਂ ਬਾਅਦ ਬਿਸ਼ਿਮਬਾਯੇਵ ਉਨ੍ਹਾਂ ਨੂੰ ਇਕੱਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਜੱਜ ਨੇ ਸਜ਼ਾ ਸੁਣਾਉਂਦੇ ਹੋਏ ਇਸ ਕਤਲ ਨੂੰ ਬੇਰਹਿਮ ਦੱਸਿਆ। ਹਾਲਾਂਕਿ ਬਿਸ਼ਿਮਬਾਯੇਵ ਨੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਗੱਲ ਸਵੀਕਾਰ ਕੀਤੀ, ਜਿਸ ਕਾਰਨ ਸਲਤਨਤ ਦੀ ਮੌਤ ਹੋ ਗਈ। ਪਰ ਉਹ ਇਸ ਗੱਲ ਉੱਤੇ ਅੜੇ ਰਹੇ ਕਿ ਇਹ ਉਨ੍ਹਾਂ ਦਾ ਇਰਾਦਾ ਨਹੀਂ ਸੀ।

ਸੁਣਵਾਈ ਦੇ ਦੌਰਾਨ ਬਿਸ਼ਿਮਬਾਯੇਵ ਨੇ ਜਿਊਰੀ ਨੂੰ ਨਿਰਪੱਖ ਰਹਿਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੇ ਵਕੀਲ ਨੇ ਐਟਬੇਕ ਨਾਲ ਸਲਤਨਤ ਦੇ ਨਿੱਜੀ ਸਬੰਧਾਂ ਬਾਰੇ ਸਵਾਲ ਪੁੱਛੇ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ।

ਹਿੰਸਾ ਦੇ ਖ਼ਿਲਾਫ਼ ਖੜੇ ਹੋਣਾ ਹਿੰਮਤ ਵਾਲਾ ਕੰਮ

ਪੂਰਬੀ ਯੂਰਪ ਅਤੇ ਮੱਧ ਏਸ਼ੀਆ ਲਈ ਐਮਨੈਸਟੀ ਇੰਟਰਨੈਸ਼ਨਲ ਦੇ ਡਿਪਟੀ ਡਾਇਰੈਕਟਰ ਡੇਨਿਸ ਕ੍ਰਿਵੋਸ਼ੀਵ ਨੇ ਕਿਹਾ, "ਕਈ ਵਾਰ ਪੀੜਤ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੀ ਅਜਿਹਾ ਵਤੀਰਾ ਕੀਤਾ ਜਿਸਨੇ ਅਪਰਾਧੀ ਨੂੰ ਉਕਸਾ ਦਿੱਤਾ, ਉਨ੍ਹਾਂ ਉੱਤੇ ਪਰਿਵਾਰ ਨੂੰ ਬਰਬਾਦ ਕਰਨ ਜਾਂ ਪਤੀ, ਪਰਿਵਾਰਕ ਮੈਂਬਰਾਂ ਅਤੇ ਸੱਸ ਜਾਂ ਸਹੁਰੇ ਦੀ ਇੱਜ਼ਤ ਨਾ ਕਰਨ ਦਾ ਦੋਸ਼ ਮੜ੍ਹਿਆ ਜਾ ਸਕਦਾ ਹੈ।”

ਉਨ੍ਹਾਂ ਦੇ ਮੁਤਾਬਕ, "ਘਰੇਲੂ ਹਿੰਸਾ ਦੀ ਰਿਪੋਰਟ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਘੱਟ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ।"

ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਹਰ ਸਾਲ ਲਗਭਗ 400 ਕਜ਼ਾਕ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਜੇਕਰ ਅਸੀਂ ਤੁਲਨਾ ਕਰੀਏ ਤਾਂ 2023 ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਇਹ ਅੰਕੜਾ 70 ਸੀ।

ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਹਰ ਸਾਲ ਲਗਭਗ 400 ਕਜ਼ਾਕ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਕਜ਼ਾਕ ਗ੍ਰਹਿ ਮੰਤਰਾਲੇ ਦੇ ਅਨੁਸਾਰ, 2018 ਅਤੇ 2022 ਵਿਚਕਾਰ ਘਰੇਲੂ ਹਿੰਸਾ ਵਿੱਚ 141.8 ਫ਼ੀਸਦੀ ਦਾ ਵਾਧਾ ਹੋਇਆ ਹੈ।

ਕ੍ਰਿਵੋਸ਼ੀਵ ਦਾ ਕਹਿਣਾ ਹੈ ਕਿ ਹਾਲਾਂਕਿ ਘਰੇਲੂ ਹਿੰਸਾ ਨੂੰ ਲੈ ਕੇ ਅਜੇ ਵੀ ਬਹੁਤ ਜ਼ਿਆਦਾ ਸਹਿਣਸ਼ੀਲਤਾ ਹੈ, ਪਰ ਹੁਣ ਇਹ ਘੱਟ ਰਹੀ ਹੈ।

ਪਰ ਜਦੋਂ ਸਲਤਨਤ ਦੇ ਅੰਤਮ ਪਲਾਂ ਦੀ ਜਾਣਕਾਰੀ ਅਦਾਲਤ ਤੋਂ ਸਿੱਧੇ ਪ੍ਰਸਾਰਣ ਰਾਹੀਂ ਰਾਹੀਂ ਦੇਸ਼ ਦੇ ਸਾਹਮਣੇ ਆਈ ਤਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪਏ।

ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਅਤੇ ਘਰੇਲੂ ਹਿੰਸਾ ਦੇ ਕਾਨੂੰਨਾਂ ਵਿਚ ਸੁਧਾਰ ਦੀ ਮੰਗ ਵਾਲੀ ਪਟੀਸ਼ਨ 'ਤੇ 1.5 ਲੱਖ ਲੋਕਾਂ ਨੇ ਦਸਤਖ਼ਤ ਕੀਤੇ।

ਘਰੇਲੂ ਹਿੰਸਾ ਨੂੰ 2017 ਵਿੱਚ ਅਪਰਾਧਕ ਕਰਾਰ ਦਿੱਤਾ ਗਿਆ ਸੀ, ਪਰ 15 ਅਪ੍ਰੈਲ ਨੂੰ, ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਇੱਕ ਸਖ਼ਤ ਕਾਨੂੰਨ 'ਤੇ ਦਸਤਖ਼ਤ ਕੀਤੇ।

ਹਿੰਸਾ ਬਾਰੇ ਕਾਨੂੰਨ ਕੀ ਕਹਿੰਦਾ ਹੈ

ਨਵਾਂ 'ਸਲਤਨਤ ਕਾਨੂੰਨ' ਹੁਣ ਘਰੇਲੂ ਹਿੰਸਾ ਨੂੰ ਅਪਰਾਧ ਬਣਾਉਂਦਾ ਹੈ।

ਪਹਿਲਾਂ ਇਸ ਨੂੰ ਆਮ ਅਪਰਾਧ ਮੰਨਿਆ ਜਾਂਦਾ ਸੀ।

ਹੁਣ ਪੀੜਤ ਦੀ ਸ਼ਿਕਾਇਤ ਤੋਂ ਬਿਨਾਂ ਵੀ ਕੇਸ ਚਲਾਇਆ ਜਾ ਸਕਦਾ ਹੈ।

ਘਰੇਲੂ ਹਿੰਸਾ ਅਤੇ ਬਲਾਤਕਾਰ ਦੇ ਪੀੜਤਾਂ ਦੀ ਮਦਦ ਲਈ ਇੱਕ ਸੰਸਥਾ ਚਲਾਉਣ ਵਾਲੀ ਦਿਨਾਰਾ ਸਮੇਲੋਵਾ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਸਖ਼ਤ ਕਰਨਾ ਅਜੇ ਵੀ ਕਾਫ਼ੀ ਨਹੀਂ ਹੈ।

ਉਹ ਦੱਸਦੇ ਹਨ,, "ਜੇਕਰ ਔਰਤ ਘੱਟੋ-ਘੱਟ 21 ਦਿਨਾਂ ਤੱਕ ਹਸਪਤਾਲ ਵਿੱਚ ਨਹੀਂ ਰਹਿੰਦੀ ਹੈ, ਤਾਂ ਇਸ ਨੂੰ ਮਾਮੂਲੀ ਸੱਟ ਮੰਨਿਆ ਜਾਂਦਾ ਹੈ।

ਉਹ ਕਹਿੰਦੇ ਹਨ, “ਹੱਡੀ ਟੁੱਟਣਾ, ਨੱਕ ਦੀ ਹੱਡੀ ਟੁੱਟੀ ਅਤੇ ਜਬਾੜਾ ਟੁੱਟਣਾ ਮਾਮੂਲੀ ਸੱਟ ਮੰਨਿਆ ਜਾਂਦਾ ਹੈ।”

ਸਮੈਲੋਵਾ ਨੇ 2016 ਵਿੱਚ ਆਪਣੀ ਸੰਸਥਾ ਦੀ ਸ਼ੁਰੂਆਤ ਕੀਤੀ ਅਤੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਸੈਂਕੜੇ ਔਰਤਾਂ ਵੱਲੋਂ ਹਿੰਸਾ, ਤਜ਼ਰਬਿਆਂ ਅਤੇ ਸ਼ਿਕਾਇਤ ਕਰਨ ਤੋਂ ਇਨਕਾਰ ਕੀਤੇ ਜਾਣ ਦੀਆਂ ਕਹਾਣੀਆਂ ਸਾਂਝੀਆਂ ਕਰਨ ਵਾਲੇ ਸੰਦੇਸ਼ ਪ੍ਰਾਪਤ ਹੋਏ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਕਾਰਵਾਈਨਾ ਹੋਣ ਉੱਤੇ ਉਨ੍ਹਾਂ ਦੀ ਸੰਸਥਾ ਪਿਛਲੇ ਅੱਠ ਸਾਲਾਂ ਵਿੱਚ ਗੰਭੀ ਮਾਮਲਿਆਂ ਨੂੰ ਜਨਤਕ ਕਰ ਦੇਵੇਗੀ।

ਉਹ ਆਪ ਕਜ਼ਾਕਿਸਤਾਨ ਵਿੱਚ ਨਹੀਂ ਰਹਿੰਦੇ ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਗਲਤ ਜਾਣਕਾਰੀ ਫੈਲਾਉਣ, ਨਿੱਜਤਾ ਦੀ ਉਲੰਘਣਾ ਕਰਨ ਅਤੇ ਧੋਖਾਧੜੀ ਦੇ ਦੋਸ਼ਾਂ ਵਿੱਚ ਲੋੜੀਂਦੇ ਸੂਚੀ ਵਿੱਚ ਰੱਖਿਆ ਹੋਇਆ ਹੈ।

ਹਾਲਾਂਕਿ ਸੁਲਤਾਨਤ ਦੇ ਭਰਾ ਐਟਬੇਕ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਾਫ਼ੀ ਨਹੀਂ ਹੈ ਪਰ ਘੱਟੋ-ਘੱਟ ਇਸ ਦਿਸ਼ਾ ਵਿੱਚ ਇੱਕ ਸ਼ੁਰੂਆਤ ਕੀਤੀ ਗਈ ਹੈ। ਲੋਕਾਂ ਨੂੰ ਪਤਾ ਲੱਗਾ ਕਿ ਸਭ ਤੋਂ ਤਾਕਤਵਰ ਵਿਅਕਤੀ ਨੂੰ ਵੀ ਸਜ਼ਾ ਦਿੱਤੀ ਜਾ ਸਕਦੀ ਹੈ।

ਉਹ ਕਹਿੰਦੇ ਹਨ, "ਇਹ ਕੇਸ ਲੋਕਾਂ ਨੂੰ ਦੱਸੇਗਾ ਕਿ ਕਜ਼ਾਕਿਸਤਾਨ ਵਿੱਚ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਅਦਾਲਤ ਦੇ ਸਾਹਮਣੇ ਹਰ ਕੋਈ ਬਰਾਬਰ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)