16 ਹਜ਼ਾਰ ਦੀ ਅਬਾਦੀ ਵਾਲਾ ਇਹ ਦੇਸ਼ ਕਿਵੇਂ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ

    • ਲੇਖਕ, ਜੈਕਬ ਇਵਾਂਸ
    • ਰੋਲ, ਬੀਬੀਸੀ ਵਰਲਡ ਸਰਵਿਸ

1980 ਦੇ ਦਹਾਕੇ ਵਿੱਚ ਜਦੋਂ ਇੰਟਰਨੈੱਟ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਸੀ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਇਸ ਨਵੀਂ ਔਨਲਾਈਨ ਦੁਨੀਆ ਨੂੰ ਚਲਾਉਣ ਲਈ ਆਪਣੇ ਵੈੱਬਸਾਈਟ ਪਤੇ ਦਿੱਤੇ ਜਾ ਰਹੇ ਸਨ, ਜਿਵੇਂ ਕਿ ਅਮਰੀਕਾ ਲਈ ਡਾਟ ਯੂਐੱਸ ਜਾਂ ਬ੍ਰਿਟੇਨ ਲਈ ਡਾਟ ਯੂਕੇ।

ਫਿਰ ਲਗਭਗ ਹਰ ਦੇਸ਼ ਅਤੇ ਖੇਤਰ ਨੂੰ ਅੰਗਰੇਜ਼ੀ ਦੇ ਨਾਮ ਜਾਂ ਆਪਣੀ ਭਾਸ਼ਾ ਦੇ ਅਧਾਰ ਤੇ ਇੱਕ ਡੋਮੇਨ ਮਿਲਿਆ।

ਇਸ ਵਿੱਚ ਐਂਗੁਇਲਾ ਦਾ ਛੋਟਾ ਜਿਹਾ ਕੈਰੇਬੀਅਨ ਟਾਪੂ ਵੀ ਸ਼ਾਮਲ ਸੀ, ਜਿਸ ਨੂੰ ਡੋਮੇਨ ਪਤਾ ਡੌਟ ਏਆਈ (.ai) ਮਿਲਿਆ ਸੀ।

ਉਸ ਵੇਲੇ ਐਂਗੁਇਲਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਡੋਮੇਨ ਪਤਾ ਭਵਿੱਖ ਦਾ ਜੈਕਪਾਟ ਬਣ ਜਾਵੇਗਾ।

ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਲਗਾਤਾਰ ਵਾਧੇ ਦੇ ਨਾਲ, ਵੱਧ ਤੋਂ ਵੱਧ ਕੰਪਨੀਆਂ ਅਤੇ ਲੋਕ ਬ੍ਰਿਟਿਸ਼ ਓਵਰਸੀਜ਼ ਟੈਰੀਟਰੀ ਐਂਗੁਇਲਾ ਨੂੰ .ਏਆਈ ਟੈਗ ਨਾਲ ਨਵੀਆਂ ਵੈੱਬਸਾਈਟਾਂ ਰਜਿਸਟਰ ਕਰਨ ਲਈ ਭੁਗਤਾਨ ਕਰ ਰਹੇ ਹਨ।

ਦੇਸ਼ ਦੀ ਕਮਾਈ ਵਿੱਚ ਨਾਮ ਦਾ ਹਿੱਸਾ ਇੱਕ ਚੌਥਾਈ

ਅਮਰੀਕੀ ਟੈਕ ਬੌਸ ਧਰਮੇਸ਼ ਸ਼ਾਹ ਨੇ ਇਸ ਸਾਲ ਦੇ ਸ਼ੁਰੂ ਵਿੱਚ ਯੂ ਡੌਟ ਏਆਈ (you.ai) ਪਤੇ ਲਈ ਸੱਤ ਲੱਖ ਡਾਲਰ ਦਾ ਨਿਵੇਸ਼ ਕੀਤਾ ਸੀ।

ਬੀਬੀਸੀ ਨਾਲ ਗੱਲ ਕਰਦੇ ਹੋਏ, ਧਰਮੇਸ਼ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਇਸਨੂੰ ਇਸ ਲਈ ਖਰੀਦਿਆ ਕਿਉਂਕਿ ਉਨ੍ਹਾਂ ਕੋਲ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਡੈਕਟ ਦਾ ਵਿਚਾਰ ਸੀ ਜੋ ਲੋਕਾਂ ਨੂੰ ਆਪਣੇ ਡਿਜੀਟਲ ਵਰਜ਼ਨ ਬਣਾਉਣ ਦੇ ਯੋਗ ਬਣਾਏਗਾ ਅਤੇ ਜੋ ਉਨ੍ਹਾਂ ਲਈ ਵਿਸ਼ੇਸ਼ ਕੰਮ ਕਰ ਸਕੇ।

ਡੋਮੇਨ ਨਾਮ ਰਜਿਸਟ੍ਰੇਸ਼ਨਾਂ ਨੂੰ ਟਰੈਕ ਕਰਨ ਵਾਲੀ ਇੱਕ ਵੈਬਸਾਈਟ ਦੇ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਡੌਟ ਏਆਈ (.ai) ਵੈੱਬਸਾਈਟਾਂ ਦੀ ਗਿਣਤੀ 10 ਗੁਣਾ ਤੋਂ ਵੱਧ ਹੋਈ ਹੈ ਅਤੇ ਪਿਛਲੇ 12 ਮਹੀਨਿਆਂ ਵਿੱਚ ਹੀ ਦੁੱਗਣੀ ਹੋ ਗਈ ਹੈ।

ਸਿਰਫ਼ 16 ਹਜ਼ਾਰ ਦੀ ਆਬਾਦੀ ਵਾਲੇ ਐਂਗੁਇਲਾ ਲਈ ਚੁਣੌਤੀ ਇਹ ਹੈ ਕਿ ਇਸ ਕਿਸਮਤ ਦਾ ਦਰਵਾਜ਼ਾ ਖੋਲ੍ਹਣ ਵਾਲੇ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੁੱਕਿਆ ਜਾਵੇ ਅਤੇ ਕਿਵੇਂ ਇਸ ਨੂੰ ਆਮਦਨੀ ਦਾ ਅਜਿਹਾ ਜ਼ਰੀਆ ਬਣਾਇਆ ਜਾਵੇ ਜੋ ਲੰਬੇ ਸਮੇਂ ਤੱਕ ਚੱਲੇ ਅਤੇ ਟਿਕਾਊ ਵੀ ਹੋਵੇ।

ਦੂਜੇ ਛੋਟੇ ਕੈਰੇਬੀਅਨ ਟਾਪੂਆਂ ਵਾਂਗ, ਐਂਗੁਇਲਾ ਦੀ ਆਰਥਿਕਤਾ ਸੈਰ-ਸਪਾਟੇ 'ਤੇ ਨਿਰਭਰ ਹੈ। ਇਹ ਲਗਜ਼ਰੀ ਟ੍ਰੈਵਲ ਮਾਰਕਿਟ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ, ਖ਼ਾਸ ਕਰਕੇ ਅਮਰੀਕਾ ਤੋਂ।

ਐਂਗੁਇਲਾ ਦੇ ਅੰਕੜਾ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਸਾਲ ਟਾਪੂ ʼਤੇ ਰਿਕਾਰਡ ਗਿਣਤੀ ਵਿੱਚ ਸੈਲਾਨੀ ਆਏ ਅਤੇ 1,11,639 ਲੋਕਾਂ ਨੇ ਟਾਪੂ ਦੇ ਬੀਚਾਂ ਦਾ ਆਨੰਦ ਮਾਣਿਆ।

ਇਸ ਦੇ ਬਾਵਜੂਦ, ਐਂਗੁਇਲਾ ਦਾ ਸੈਰ-ਸਪਾਟਾ ਖੇਤਰ ਹਰ ਪਤਝੜ ਵਿੱਚ ਸਮੁੰਦਰੀ ਤੂਫਾਨਾਂ ਨਾਲ ਹੋਣ ਵਾਲੇ ਨੁਕਸਾਨਾਂ ਦਾ ਸ਼ਿਕਾਰ ਹੋ ਜਾਂਦਾ ਹੈ।

ਕੈਰੇਬੀਅਨ ਟਾਪੂ ਆਰਕ ਦੇ ਉੱਤਰ-ਪੂਰਬ ਵਿੱਚ ਸਥਿਤ ਐਂਗੁਇਲਾ ਪੂਰੀ ਤਰ੍ਹਾਂ ਉੱਤਰੀ ਅਟਲਾਂਟਿਕ ਮਹਾਂਸਾਗਰ ਦੇ ਤੂਫਾਨ ਪੱਟੀ ਦੇ ਅੰਦਰ ਆਉਂਦਾ ਹੈ।

ਇਸ ਲਈ ਵੈੱਬਸਾਈਟ ਐਡਰੈੱਸ ਵੇਚਣ ਨਾਲ ਵਧਦੀ ਆਮਦਨ ਟਾਪੂ ਦੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਹ ਆਮਦਨ ਤੂਫਾਨਾਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰ ਰਹੀ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਐਂਗੁਇਲਾ ਬਾਰੇ ਆਪਣੀ ਹਾਲੀਆ ਰਿਪੋਰਟ ਵਿੱਚ ਇਸਦਾ ਜ਼ਿਕਰ ਕੀਤਾ ਹੈ।

ਸਾਲ 2025 ਦੇ ਬਜਟ ਦਸਤਾਵੇਜ਼ ਦੇ ਖਰੜੇ ਵਿੱਚ ਐਂਗੁਇਲਾ ਦੀ ਸਰਕਾਰ ਨੇ ਕਿਹਾ ਹੈ ਕਿ ਸਾਲ 2024 ਵਿੱਚ ਉਸਨੇ ਡੋਮੇਨ ਨਾਂ ਵੇਚ ਕੇ 100 ਕਰੋੜ (105 ਮਿਲੀਅਨ) ਤੋਂ ਜ਼ਿਆਦਾ ਈਸਟ ਕੈਰੇਬੀਅਨ ਡਾਲਰ ਕਮਾਏ, ਜੋ ਕਿ ਲਗਭਗ 40 ਕਰੋੜ (39 ਮਿਲੀਅਨ) ਅਮਰੀਕੀ ਡਾਲਰ ਦੇ ਬਰਾਬਰ ਹੈ।

ਇਹ ਪਿਛਲੇ ਸਾਲ ਇਸ ਦੀ ਕੁੱਲ ਆਮਦਨ ਦਾ ਲਗਭਗ ਇੱਕ ਚੌਥਾਈ ਸੀ। ਆਈਐੱਮਐੱਫ ਦੇ ਅਨੁਸਾਰ, ਸੈਰ-ਸਪਾਟਾ ਇੱਥੇ ਆਮਦਨ ਦਾ 37 ਫੀਸਦ ਹੈ।

ਬ੍ਰਿਟੇਨ ਦਾ ਟਾਪੂ 'ਤੇ ਪ੍ਰਭਾਵ ਹੈ

ਐਂਗੁਇਲਾ ਦੀ ਸਰਕਾਰ ਨੂੰ ਉਮੀਦ ਹੈ ਕਿ ਇਸ ਦੀ ਡੌਟ ਆਈ (.ai) ਆਮਦਨ ਇਸ ਸਾਲ 132 ਮਿਲੀਅਨ ਪੂਰਬੀ ਕੈਰੇਬੀਅਨ ਡਾਲਰ ਤੱਕ ਵਧ ਜਾਵੇਗੀ ਅਤੇ ਸਾਲ 2026 ਵਿੱਚ 138 ਮਿਲੀਅਨ ਈਸਟ ਕੈਰੇਬੀਅਨ ਡਾਲਰ ਤੱਕ ਪਹੁੰਚ ਜਾਵੇਗੀ।

ਇਹ ਉਮੀਦ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਇਸ ਸਮੇਂ ਸਾਢੇ ਅੱਠ ਲੱਖ ਤੋਂ ਵੱਧ ਡੌਟ ਏਆਈ ਡੋਮੇਨ ਮੌਜੂਦ ਹਨ, ਜੋ ਕਿ ਸਾਲ 2020 ਵਿੱਚ ਪੰਜਾਹ ਹਜ਼ਾਰ ਤੋਂ ਘੱਟ ਸੀ।

ਇੱਕ ਬ੍ਰਿਟਿਸ਼ ਓਵਰਸੀਜ਼ ਟੈਰੀਟਰੀ ਦੇ ਰੂਪ ਵਿੱਚ ਇਹ ਟਾਪੂ ਯੂਨਾਈਟਿਡ ਕਿੰਗਡਮ ਸਰਕਾਰ ਦੇ ਅਧੀਨ ਹੈ ਪਰ ਇਸ ਨੂੰ ਉੱਚ ਪੱਧਰੀ ਅੰਦਰੂਨੀ ਖ਼ੁਦਮੁਖਤਿਆਰੀ ਪ੍ਰਾਪਤ ਹੈ।

ਬ੍ਰਿਟੇਨ ਦੀ ਟਾਪੂ 'ਤੇ ਮਜ਼ਬੂਤ ਰੱਖਿਆ ਮੌਜੂਦਗੀ ਹੈ ਅਤੇ ਉਸ ਨੇ ਸੰਕਟ ਵੇਲੇ ਇਸ ਦੀ ਆਰਥਿਕ ਸਹਾਇਤਾ ਕੀਤੀ ਸੀ।

2017 ਵਿੱਚ ਸਮੁੰਦਰੀ ਤੂਫ਼ਾਨ ʻਇਰਮਾʼ ਕਾਰਨ ਟਾਪੂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਤੋਂ ਬਾਅਦ ਬ੍ਰਿਟੇਨ ਨੇ ਪੁਨਰ ਨਿਰਮਾਣ ਦੀ ਲਾਗਤ ਨੂੰ ਪੂਰਾ ਕਰਨ ਲਈ ਐਂਗੁਇਲਾ ਨੂੰ ਪੰਜ ਸਾਲਾਂ ਵਿੱਚ 60 ਕਰੋੜ ਪੌਂਡ ਦਿੱਤੇ।

ਯੂਕੇ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਐਂਗੁਇਲਾ ਦੇ ਆਪਣੀ ਆਰਥਿਕਤਾ ਨੂੰ ਵਧਾਉਣ ਦੇ ਨਵੇਂ ਤਰੀਕੇ ਲੱਭਣ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਕਿਉਂਕਿ ਇਸ ਨਾਲ "ਆਰਥਿਕ ਸਵੈ-ਨਿਰਭਰਤਾ ਵਿੱਚ ਮਦਦ" ਮਿਲਦੀ ਹੈ।

ਆਪਣੇ ਵਧਦੇ ਡੋਮੇਨ ਨਾਮ ਮਾਲੀਏ ਦਾ ਪ੍ਰਬੰਧਨ ਕਰਨ ਲਈ ਐਂਗੁਇਲਾ ਨੇ ਅਕਤੂਬਰ 2024 ਵਿੱਚ ਆਈਡੈਂਟਿਟੀ ਡਿਜੀਟਲ ਨਾਲ ਪੰਜ ਸਾਲਾਂ ਦਾ ਸਮਝੌਤਾ ਕੀਤਾ, ਜੋ ਕਿ ਇੱਕ ਅਮਰੀਕੀ ਤਕਨੀਕੀ ਫਰਮ ਹੈ ਜੋ ਇੰਟਰਨੈੱਟ ਡੋਮੇਨ ਨਾਮ ਰਜਿਸਟਰੀਆਂ ਵਿੱਚ ਮਾਹਰ ਹੈ।

ਇਸ ਸਾਲ ਦੇ ਸ਼ੁਰੂ ਵਿੱਚ, ਆਈਡੈਂਟਿਟੀ ਡਿਜੀਟਲ ਨੇ ਐਲਾਨ ਕੀਤਾ ਕਿ ਉਸ ਨੇ ਆਪਣੀਆਂ ਸੇਵਾਵਾਂ ਐਂਗੁਇਲਾ ਦੇ ਸਰਵਰਾਂ ਤੋਂ ਆਪਣੇ ਅੰਤਰਰਾਸ਼ਟਰੀ ਸਰਵਰ ਨੈੱਟਵਰਕ ਹੋਸਟਿੰਗ ਡੌਟ ਏਆਈ (.ai) ਵਿੱਚ ਤਬਦੀਲ ਕਰ ਦਿੱਤੀਆਂ ਹਨ।

ਇਹ ਭਵਿੱਖ ਵਿੱਚ ਆਉਣ ਵਾਲੇ ਤੂਫਾਨਾਂ ਜਾਂ ਟਾਪੂ ਦੇ ਬੁਨਿਆਦੀ ਢਾਂਚੇ ਲਈ ਕਿਸੇ ਹੋਰ ਖਤਰਿਆਂ, ਜਿਵੇਂ ਕਿ ਬਿਜਲੀ ਬੰਦ ਹੋਣ ਤੋਂ ਹੋਣ ਵਾਲੀਆਂ ਤੋਂ ਰੁਕਾਵਟਾਂ ਤੋਂ ਬਚਣ ਲਈ ਕੀਤਾ ਗਿਆ ਹੈ।

ਲੱਖਾਂ ਡਾਲਰਾਂ ਵਿੱਚ ਹੋ ਰਹੀ ਹੈ ਨਿਲਾਮੀ

ਡੌਟ ਏਆਈ (.ai) ਪਤੇ ਦੀ ਸਹੀ ਕੀਮਤ ਜਨਤਕ ਤੌਰ 'ਤੇ ਨਹੀਂ ਦੱਸੀ ਜਾਂਦੀ, ਪਰ ਕਿਹਾ ਜਾਂਦਾ ਹੈ ਕਿ ਰਜਿਸਟ੍ਰੇਸ਼ਨਾਂ ਦੀ ਕੀਮਤ 150 ਅਮਰੀਕੀ ਡਾਲਰ ਤੋਂ 200 ਅਮਰੀਕੀ ਡਾਲਰ ਦੇ ਵਿਚਕਾਰ ਹੈ। ਨਵੀਨੀਕਰਨ ਫੀਸ ਵਜੋਂ ਹਰ ਦੋ ਸਾਲਾਂ ਵਿੱਚ ਲਗਭਗ ਇੰਨੀ ਹੀ ਰਕਮ ਲਈ ਜਾਂਦੀ ਹੈ।

ਇਸ ਤੋਂ ਇਲਾਵਾ, ਉੱਚ-ਮੰਗ ਵਾਲੇ ਡੋਮੇਨ ਨਾਵਾਂ ਦੀ ਨਿਲਾਮੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁਝ ਲੱਖਾਂ ਅਮਰੀਕੀ ਡਾਲਰ ਮਿਲਦੇ ਹਨ, ਪਰ ਫਿਰ ਉਨ੍ਹਾਂ ਦੇ ਮਾਲਕਾਂ ਨੂੰ ਦੂਜਿਆਂ ਵਾਂਗ ਹੀ ਘੱਟ ਹੀ ਨਵੀਨੀਕਰਨ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ।

ਇਨ੍ਹਾਂ ਸਾਰੇ ਮਾਮਲਿਆਂ ਵਿੱਚ ਐਂਗੁਇਲਾ ਸਰਕਾਰ ਨੂੰ ਵਿਕਰੀ ਮਾਲੀਆ ਮਿਲਦਾ ਹੈ, ਜਿਸ ਵਿੱਚੋਂ ਆਈਡੈਂਟਿਟੀ ਡਿਜੀਟਲ ਲਗਭਗ ਦਸ ਫੀਸਦ ਦੀ ਕਟੌਤੀ ਕਰਦਾ ਹੈ। ਪਰ ਉਹ ਇਸ ਵਿਸ਼ੇ ਬਾਰੇ ਗੱਲ ਕਰਨ ਤੋਂ ਝਿਜਕਦੇ ਜਾਪਦੇ ਹਨ ਕਿਉਂਕਿ ਦੋਵਾਂ ਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਧਰਮੇਸ਼ ਸ਼ਾਹ ਦਾ you.ai ਇਸ ਸਮੇਂ ਖਰੀਦਿਆ ਗਿਆ ਸਭ ਤੋਂ ਵੱਧ ਕੀਮਤ ਵਾਲਾ ਡੋਮੇਨ ਨਾਮ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸ਼ੌਕੀਨ ਅਤੇ ਅਮਰੀਕੀ ਸਾਫਟਵੇਅਰ ਕੰਪਨੀ ਹੱਬਸਪੌਟ ਦੇ ਸਹਿ-ਸੰਸਥਾਪਕ, ਧਰਮੇਸ਼ ਸ਼ਾਹ ਦੇ ਨਾਮ 'ਤੇ ਕਈ ਹੋਰ ਡੋਮੇਨ ਐਡਰੈੱਸ ਵੀ ਹਨ ਪਰ ਫਲੈਗਸ਼ਿਪ ਡੋਮੇਨ you.ai ਅਜੇ ਚਾਲੂ ਨਹੀਂ ਹੋਇਆ ਹੈ ਕਿਉਂਕਿ ਉਹ ਹੋਰ ਪ੍ਰੋਜੈਕਟਾਂ ਵਿੱਚ ਲੱਗੇ ਹੋਏ ਹਨ।

ਸ਼ਾਹ ਕਹਿੰਦੇ ਹਨ, "ਮੈਂ ਆਪਣੇ ਲਈ ਡੋਮੇਨ ਪਤੇ ਖਰੀਦਦਾ ਹਾਂ ਪਰ ਕਈ ਵਾਰ ਮੈਂ ਇਸ ਨੂੰ ਵੇਚਣ ਬਾਰੇ ਵੀ ਸੋਚ ਸਕਦਾ ਹਾਂ। ਜੇਕਰ ਮੇਰੇ ਕੋਲ ਇਸ ਦੇ ਲਈ ਕੋਈ ਤੁਰੰਤ ਯੋਜਨਾ ਨਹੀਂ ਹੈ ਅਤੇ ਕੋਈ ਹੋਰ ਉੱਦਮੀ ਇਸ ਨੂੰ ਚਾਹੁੰਦਾ ਹੈ ਤਾਂ।"

ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਸ਼ਖ਼ਸ਼ ਜਾਂ ਕੰਪਨੀ ਜਲਦੀ ਹੀ ਡੌਟ ਏਆਈ ਡੋਮੇਨ ਦੀ ਖਰੀਦਦਾਰੀ ਦੀ ਸਭ ਤੋਂ ਵੱਧ ਕੀਮਤ ਦਾ ਨਵਾਂ ਰਿਕਾਰਡ ਬਣਾਏਗੀ।

ਉਹ ਕਹਿੰਦੇ ਹਨ, "ਮੈਨੂੰ ਇਸ ਵੇਲੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡੌਟ ਕਾਮ ਡੋਮੇਨ ਆਪਣੀਆਂ ਕੀਮਤਾਂ ਨੂੰ ਹੋਰ ਵਧਾ ਦੇਣਗੇ ਅਤੇ ਇਸ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਗੇ।"

ਪਿਛਲੇ ਕਈ ਹਫ਼ਤਿਆਂ ਵਿੱਚ .ai ਨਿਲਾਮੀਆਂ ਵਿੱਚ ਲੱਖਾਂ ਡਾਲਰਾਂ ਵਿੱਚ ਵੱਡੇ ਪੱਧਰ 'ਤੇ ਵਿਕਰੀ ਦੇਖੀ ਗਈ ਹੈ।

ਜੁਲਾਈ ਵਿੱਚ, cloud.ai ਨੂੰ 6 ਲੱਖ ਅਮਰੀਕੀ ਡਾਲਰ ਵਿੱਚ ਵਿਕਿਆ ਸੀ ਜਦੋਂ ਕਿ law.ai ਨੂੰ ਅਗਸਤ ਦੇ ਸ਼ੁਰੂ ਵਿੱਚ 350,000 ਅਮਰੀਕੀ ਡਾਲਰ ਵਿੱਚ ਵੇਚਿਆ ਗਿਆ ਸੀ।

ਡੋਮੇਨ ਨਾਲ ਇਸ ਦੇਸ਼ ਨੇ ਵੀ ਕਮਾਏ ਲੱਖਾਂ ਡਾਲਰ

ਪਰ ਇਹ ਸਿਰਫ਼ ਐਂਗੁਇਲਾ 'ਤੇ ਹੀ ਲਾਗੂ ਨਹੀਂ ਹੁੰਦਾ। ਪ੍ਰਸ਼ਾਂਤ ਮਹਾਸਾਗਰ ਦੇ ਇੱਕ ਛੋਟੇ ਜਿਹੇ ਦੇਸ਼, ਤੁਵਾਲੂ ਨੇ 1998 ਵਿੱਚ ਆਪਣੇ ਡੋਮੇਨ ਨਾਮ .tv ਨੂੰ ਲਾਇਸੈਂਸ ਦੇਣ ਲਈ ਇੱਕ ਵਿਸ਼ੇਸ਼ ਸਮਝੌਤੇ 'ਤੇ ਹਸਤਾਖਰ ਕੀਤੇ ਸਨ।

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਨੇ ਅਮਰੀਕੀ ਡੋਮੇਨ ਨਾਮ ਰਜਿਸਟਰੀ ਫਰਮ 'ਵੇਰੀ ਸਾਈਨ' ਨੂੰ ਸਾਲਾਨਾ 20 ਲੱਖ ਅਮਰੀਕੀ ਡਾਲਰ ਦੇ ਬਦਲੇ ਵਿਸ਼ੇਸ਼ ਅਧਿਕਾਰ ਦਿੱਤੇ, ਜੋ ਬਾਅਦ ਵਿੱਚ ਵਧ ਕੇ 50 ਲੱਖ ਅਮਰੀਕੀ ਡਾਲਰ ਹੋ ਗਏ।

ਇੱਕ ਦਹਾਕੇ ਬਾਅਦ ਅਤੇ ਇੰਟਰਨੈੱਟ ਦੇ ਤੇਜ਼ੀ ਨਾਲ ਫੈਲਣ ਦੇ ਨਾਲ ਤੁਵਾਲੂ ਦੇ ਵਿੱਤ ਮੰਤਰੀ ਲੋਟੋਆਲਾ ਮੇਟੀਆ ਨੇ ਕਿਹਾ ਕਿ 'ਵੇਰੀ ਸਾਈਨ' ਨੇ ʻਕੌਡੀਆਂ ਵਿੱਚʼ ਡੋਮੇਨ ਨਾਮ ਚਲਾਉਣ ਦਾ ਅਧਿਕਾਰ ਲੈ ਲਿਆ। ਦੇਸ਼ ਨੇ ਬਾਅਦ ਵਿੱਚ 2021 ਵਿੱਚ ਇੱਕ ਹੋਰ ਡੋਮੇਨ ਪ੍ਰਦਾਤਾ 'ਗੋ ਡੈਡੀ' ਨਾਲ ਇੱਕ ਨਵਾਂ ਸਮਝੌਤਾ ਕੀਤਾ।

ਐਂਗੁਇਲਾ ਇੱਕ ਵੱਖਰਾ ਤਰੀਕਾ ਅਪਣਾ ਰਿਹਾ ਹੈ, ਇੱਕ ਨਿਸ਼ਚਿਤ ਰਕਮ ਦੀ ਬਜਾਏ ਇੱਕ ਮਾਲੀਆ ਵੰਡ ਮਾਡਲ ਦੇ ਤਹਿਤ ਡੋਮੇਨ ਨਾਵਾਂ ਦੇ ਪ੍ਰਬੰਧਨ ਨੂੰ ਸੌਂਪ ਰਿਹਾ ਹੈ।

ਇਸ ਨਵੀਂ ਮਾਲੀਆ ਪ੍ਰਣਾਲੀ ਨੂੰ ਟਿਕਾਊ ਬਣਾਉਣਾ ਟਾਪੂ ਰਾਸ਼ਟਰ ਲਈ ਇੱਕ ਪ੍ਰਮੁੱਖ ਟੀਚਾ ਰਿਹਾ ਹੈ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਵਧਿਆ ਹੋਇਆ ਮਾਲੀਆ ਸੈਰ-ਸਪਾਟੇ ਨੂੰ ਵਧਾਉਣ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਬਿਹਤਰ ਸਿਹਤ ਸਹੂਲਤਾਂ ਅਤੇ ਇੱਕ ਨਵੇਂ ਹਵਾਈ ਅੱਡੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਜਿਵੇਂ-ਜਿਵੇਂ ਰਜਿਸਟਰਡ .ai ਡੋਮੇਨਾਂ ਦੀ ਗਿਣਤੀ 10 ਲੱਖ ਦੇ ਨੇੜੇ ਪਹੁੰਚਦੀ ਹੈ, ਐਂਗੁਇਲਾ ਦੇ ਲੋਕ ਉਮੀਦ ਕਰਨਗੇ ਕਿ ਇਹ ਪੈਸਾ ਸਮਝਦਾਰੀ ਨਾਲ ਖਰਚ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਇਆ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)