You’re viewing a text-only version of this website that uses less data. View the main version of the website including all images and videos.
ਰੇਲ ਦੀ ਤਤਕਾਲ ਟਿਕਟ ਬੁਕਿੰਗ ਦੇ 1 ਜੁਲਾਈ ਤੋਂ ਨਿਯਮ ਬਦਲ ਰਹੇ ਹਨ, ਜਾਣੋ ਹੁਣ ਬੁਕਿੰਗ ਕਿਵੇਂ ਹੋਵੇਗੀ
1 ਜੁਲਾਈ ਤੋਂ ਜਦੋਂ ਤੁਸੀਂ ਤਤਕਾਲ ਟਿਕਟ ਬੁੱਕ ਕਰਵਾਉਗੇ ਤਾਂ ਤੁਹਾਨੂੰ ਅਧਾਰ ਕਾਰਡ ਦੀ ਜਾਣਕਾਰੀ ਦੇਣੀ ਪਵੇਗੀ। ਭਾਰਤੀ ਰੇਲਵੇ ਮੰਤਰਾਲੇ ਵੱਲੋਂ ਜਾਰੀ ਨਵੇਂ ਨਿਯਮਾਂ ਮੁਤਾਬਕ ਹੁਣ 1 ਜੁਲਾਈ ਤੋਂ ਤਤਕਾਲ ਟਿਕਟ ਬੁੱਕ ਕਰਵਾਉਣ ਵੇਲੇ ਅਧਾਰ ਨੰਬਰ ਦੀ ਲੋੜ ਪਵੇਗੀ।
ਰੇਲ ਮੰਤਰਾਲੇ ਵੱਲੋਂ 11 ਜੂਨ ਨੂੰ ਜਾਰੀ ਕੀਤੀ ਗਈ ਪ੍ਰੈਸ ਰਲੀਜ਼ ਵਿੱਚ ਕਿਹਾ ਗਿਆ ਕਿ 1 ਜੁਲਾਈ ਤੋਂ IRCTC ਭਾਵ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੀ ਵੈਬਸਾਈਟ ਅਤੇ ਮੋਬਾਈਲ ਐਪ ਉੱਤੇ ਆਨਲਾਈਨ ਤਤਕਾਲ ਟਿਕਟਾਂ ਦੀ ਬੁਕਿੰਗ ਉਹੀ ਗਾਹਕ ਕਰ ਸਕਣਗੇ ਜਿਨ੍ਹਾਂ ਦਾ ਅਧਾਰ ਲਿੰਕ ਹੋਵੇਗਾ।
15 ਜੁਲਾਈ ਤੋਂ OTP ਵੈਰੀਫਿਕੇਸ਼ਨ ਲਾਜ਼ਮੀ
ਇਸ ਤੋਂ ਇਲਾਵਾ, 15 ਜੁਲਾਈ 2025 ਤੋਂ ਆਨਲਾਈਨ ਤਤਕਾਲ ਟਿਕਟ ਬੁਕਿੰਗ ਲਈ ਆਧਾਰ-ਅਧਾਰਤ OTP ਵੈਰੀਫਿਕੇਸ਼ਨ ਵੀ ਲਾਜ਼ਮੀ ਹੋ ਜਾਵੇਗਾ।
ਅਧਿਕਾਰਤ ਏਜੰਟਾਂ ਰਾਹੀਂ ਅਤੇ ਕੰਪਿਊਟਰਾਈਜ਼ਡ ਯਾਤਰੀ ਰਿਜ਼ਰਵੇਸ਼ਨ ਸਿਸਟਮ ਭਾਵ PRS ਕਾਊਂਟਰਾਂ 'ਤੇ ਬੁੱਕ ਕੀਤੀਆਂ ਗਈਆਂ ਤਤਕਾਲ ਟਿਕਟਾਂ ਲਈ ਵੀ ਓਟੀਪੀ ਦੀ ਲੋੜ ਹੋਵੇਗੀ।
ਏਜੰਟਾਂ 'ਤੇ ਤਤਕਾਲ ਬੁਕਿੰਗ ਦੇ ਪਹਿਲੇ ਅੱਧੇ ਘੰਟੇ ਲਈ ਰੋਕ
ਰੇਲਵੇ ਨੇ ਅਧਿਕਾਰਤਾਂ ਏਜੰਟਾਂ ਲਈ ਵੀ ਕੁਝ ਨਿਯਮ ਜਾਰੀ ਕੀਤੇ ਹਨ, ਹੁਣ ਏਜੰਟ ਤਤਕਾਲ ਬੁਕਿੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਅੱਧੇ ਘੰਟੇ ਲਈ ਏਸੀ ਅਤੇ ਨਾਨ-ਏਸੀ ਕਲਾਸਾਂ ਲਈ ਟਿਕਟਾਂ ਬੁੱਕ ਨਹੀਂ ਕਰ ਸਕਿਆ ਕਰਨਗੇ।
ਇਸਦਾ ਮਤਲਬ ਹੈ ਕਿ ਜਿਸ ਦਿਨ ਰੇਲਗੱਡੀ ਲਈ ਤਤਕਾਲ ਬੁਕਿੰਗ ਸ਼ੁਰੂ ਹੁੰਦੀ ਹੈ,ਉਸ ਦਿਨ ਅਧਿਕਾਰਤ ਰੇਲਵੇ ਏਜੰਟ ਸਵੇਰੇ 10.00 ਵਜੇ ਤੋਂ 10.30 ਵਜੇ ਦੇ ਵਿਚਕਾਰ ਏਸੀ ਕਲਾਸ ਲਈ ਅਤੇ ਸਵੇਰੇ 11.00 ਵਜੇ ਤੋਂ 11.30 ਵਜੇ ਦੇ ਵਿਚਕਾਰ ਨਾਨ-ਏਸੀ ਕਲਾਸ ਲਈ ਤਤਕਾਲ ਬੁਕਿੰਗ ਨਹੀਂ ਕਰ ਸਕਣਗੇ।
ਪ੍ਰੈਸ ਰਿਲੀਜ਼ ਵਿੱਚ ਦਿੱਤੀ ਜਾਣਕਾਰੀ ਮੁਤਾਬਕ CRIS ਭਾਵ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ ਅਤੇ IRCTC ਨੂੰ ਇਸ ਬਾਰੇ ਜ਼ਰੂਰੀ ਸੋਧਾਂ ਕਰਨ ਅਤੇ ਸਾਰੇ ਰੇਲਵੇ ਜ਼ੋਨਾਂ ਅਤੇ ਸਬੰਧਿਤ ਵਿਭਾਗਾਂ ਨੂੰ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਰੇਲ ਮੰਤਰਾਲੇ ਨੇ ਸਾਰੇ ਆਈਆਰਸੀਟੀਸੀ ਉਪਭੋਗਤਾਵਾਂ ਨੂੰ ਭਵਿੱਖ ਵਿੱਚ ਖੱਜਲ ਖੁਆਰੀ ਤੋਂ ਬਚਣ ਲਈ ਆਪਣਾ ਪ੍ਰੋਫਾਈਲ ਅਧਾਰ ਨਾਲ ਜੋੜਣ ਦੀ ਸਲਾਹ ਦਿੱਤੀ ਹੈ।
ਕਿਵੇਂ ਕਰੀਏ IRCTC ਪ੍ਰੋਫਾਈਲ ਨੂੰ ਅਧਾਰ ਨਾਲ ਲਿੰਕ
ਅਕਾਊਂਟ ਅਧਾਰ ਨਾਲ ਲਿੰਕ ਕਰਨ ਲਈ IRCTC ਦੀ ਵੈਬਸਾਈਟ ਉੱਤੇ ਲੌਗਿਨ ਕਰਨਾ ਹੋਵੇਗਾ ਫਿਰ ਮਾਈ ਅਕਾਊਂਟ ਸੈਕਸ਼ਨ ਉੱਤੇ ਜਾ ਕੇ ਅਧਾਰ ਨੂੰ ਲਿੰਕ ਕਰਨ ਦੀ ਆਪਸ਼ਨ ਚੁਣਨੀ ਹੁੰਦੀ ਹੈ, ਅਧਾਰ ਨੰਬਰ ਅਤੇ ਨਾਮ ਭਰਨਾ ਹੁੰਦਾ।
ਫਿਰ ਰਜਿਸਟਰਡ ਮੋਬਾਈਲ ਨੰਬਰ ਉੱਤੇ ਆਏ ਓਟੀਪੀ ਨੂੰ ਦਾਖਲ ਕਰਕੇ ਸਬਮਿਟ ਕਰਨਾ ਹੁੰਦਾ, ਇਸ ਪ੍ਰਕਿਰਿਆ ਦੇ ਜ਼ਰੀਏ ਅਕਾਊਂਟ ਅਧਾਰ ਨਾਲ ਲਿੰਕ ਹੋਵੇਗਾ।
ਭਾਰਤੀ ਰੇਲਵੇ ਨੇ ਇਸ ਫੈਸਲੇ ਪਿੱਛੇ ਕੀ ਕਾਰਨ ਦੱਸਿਆ
ਰੇਲਵੇ ਦਾ ਕਹਿਣਾ ਹੈ ਕਿ ਇਹ ਬਦਲਾਅ ਤਤਕਾਲ ਬੁਕਿੰਗ ਵਿੱਚ ਪਾਰਦਰਸ਼ਿਤਾ ਵਧਾਉਣ ਅਤੇ ਇਹ ਯਕੀਨੀ ਬਣਾਉਣ ਦੇ ਲਈ ਲਾਗੂ ਕੀਤੇ ਜਾ ਰਹੇ ਹਨ ਕਿ ਯੋਜਨਾ ਦਾ ਲਾਭ ਅਸਲ ਉਪਭੋਗਤਾਵਾਂ ਨੂੰ ਮਿਲੇ।
ਦਰਅਸਲ ਜਿਵੇਂ ਹੀ ਤਤਕਾਲ ਵਿੰਡੋ ਖੁੱਲਦੀ ਹੈ ਤਾਂ ਫਰਜ਼ੀ ਅਕਾਊਂਟਸ ਜ਼ਰੀਏ ਤੇਜ਼ੀ ਨਾਲ ਟਿਕਟਾਂ ਬੁੱਕ ਕਰ ਲਈਆਂ ਜਾਂਦੀਆਂ ਹਨ ਜਿਸ ਕਰਕੇ ਆਮ ਲੋਕਾਂ ਨੂੰ ਟਿਕਟ ਬੁੱਕ ਕਰਵਾਉਣ ਦਾ ਸਹੀ ਮੌਕਾ ਨਹੀਂ ਮਿਲਦਾ।
ਟਿਕਟ ਬੁਕਿੰਗ ਦੌਰਾਨ ਹੋ ਰਹੀ ਇਸ ਧੋਖਾਧੜੀ 'ਤੇ ਨਕੇਲ ਕਸਨ ਲਈ ਬੀਤੇ ਮਹੀਨੇ 'ਚ ਭਾਰਤੀ ਰੇਲਵੇ ਨੇ ਕੁਝ
ਆਰਟੀਫਿਸ਼ਲ ਟੂਲਜ਼ ਦੀ ਮਦਦ ਨਾਲ ਕਰੀਬ ਢਾਈ ਕਰੋੜ ਸ਼ੱਕੀ ਅਕਾਊਂਟ ਬੰਦ ਕੀਤੇ ਹਨ ਅਤੇ ਹੋਰ ਅਕਾਊਂਟ ਵੀ ਜਾਂਚ ਦੇ ਘੇਰੇ ਹੇਠ ਹਨ।
4 ਘੰਟੇ ਦੀ ਥਾਂ 24 ਘੰਟੇ ਪਹਿਲਾਂ ਚਾਰਟ ਬਣਨ ਦਾ ਪ੍ਰੋਜੈਕਟ
ਭਾਰਤੀ ਰੇਲਵੇ ਨੇ ਵੇਟਿੰਗ ਲਿਸਟ ਵਾਲੇ ਮੁਸਾਫਰਾਂ ਦੇ ਲਈ ਵੀ ਨਵੇਂ ਨਿਯਮ ਲਿਆਂਦੇ ਹਨ। ਵੇਟਿੰਗ ਟਿਕਟ ਕਨਫਰਮ ਸੀਟ ਵਿੱਚ ਤਬਦੀਲ ਹੋਈ ਹੈ ਜਾਂ ਨਹੀਂ ਇਸ ਦਾ ਪਤਾ 4 ਘੰਟੇ ਪਹਿਲਾਂ ਨਹੀਂ ਸਗੋਂ ਹੁਣ 24 ਘੰਟੇ ਪਹਿਲਾਂ ਲੱਗ ਸਕੇ ਇਸ ਲਈ ਰੇਲਵੇ ਨੇ ਟ੍ਰਾਇਲ ਸ਼ੁਰੂ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਰੇਲਵੇ ਬੋਰਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਲੀਪ ਕੁਮਾਰ ਨੇ ਕਿਹਾ,"ਅਸੀਂ ਇਹ ਪਾਇਲਟ ਪ੍ਰੋਜੈਕਟ ਬੀਕਾਨੇਰ ਡਿਵੀਜ਼ਨ ਵਿੱਚ ਸ਼ੁਰੂ ਕੀਤਾ ਹੈ, ਜਿੱਥੇ ਚਾਰਟ ਟ੍ਰੇਨ ਰਵਾਨਾ ਹੋਣ ਦੇ 24 ਘੰਟੇ ਪਹਿਲਾਂ ਤਿਆਰ ਹੋ ਰਹੇ ਹਨ"।
ਬੁੱਧਵਾਰ ਨੂੰ ਰੇਲਵੇ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਪਾਇਲਟ ਪ੍ਰੋਜੈਕਟ ਹੈ ਅਤੇ ਹਾਂ ਪੱਖੀ ਹੁੰਗਾਰਾ ਮਿਲਣ ਉੱਤੇ ਹੀ ਇਸ ਨੂੰ ਪਾਲਿਸੀ ਦਾ ਹਿੱਸਾ ਬਣਾਇਆ ਜਾ ਸਕੇਗਾ।
ਇਸ ਤੋਂ ਪਹਿਲਾਂ ਵੀ ਭਾਰਤੀ ਰੇਲਵੇ ਨੇ 1 ਮਈ ਤੋਂ ਵੇਟਿੰਗ ਟਿਕਟ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਸਨ। ਜਿਸਦੇ ਅਨੁਸਾਰ ਵੇਟਿੰਗ ਲਿਸਟ ਟਿਕਟ ਵਾਲੇ ਮੁਸਾਫਰਾਂ ਨੂੰ ਸਲੀਪਰ ਜਾਂ ਏਸੀ ਕੋਚ ਵਿੱਚ ਯਾਤਰਾ ਕਰਨ ਉੱਤੇ ਰੋਕ ਲਾਈ ਗਈ ਸੀ ਅਤੇ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਦੇਣ ਦਾ ਨਿਯਮ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ