You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ: ਗੈਂਗਸਟਰ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਦੇ ਵੱਡੇ ਹਿਪ-ਹੋਪ ਸਟਾਰ ਮੂਸੇਵਾਲਾ ਨੂੰ ਕਤਲ ਕਿਉਂ ਕੀਤਾ ਗਿਆ
- ਲੇਖਕ, ਸੌਤਿਕ ਬਿਸਵਾਸ ਅਤੇ ਇਸ਼ਲੀਨ ਕੌਰ
- ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼
ਇਹ ਇੱਕ ਅਜਿਹਾ ਕਤਲ ਸੀ ਜਿਸ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ: ਪੰਜਾਬੀ ਹਿੱਪ-ਹੌਪ ਸਟਾਰ ਸਿੱਧੂ ਮੂਸੇਵਾਲਾ ਨੂੰ ਭਾੜੇ ਦੇ ਬੰਦੂਕਧਾਰੀਆਂ ਨੇ ਉਸਦੀ ਕਾਰ ਦੀ ਵਿੰਡਸਕਰੀਨ ਰਾਹੀਂ ਗੋਲੀਆਂ ਮਾਰ ਦਿੱਤੀਆਂ ਸਨ।
ਕੁਝ ਘੰਟਿਆਂ ਦੇ ਅੰਦਰ, ਗੋਲਡੀ ਬਰਾੜ ਨਾਮ ਦੇ ਇੱਕ ਪੰਜਾਬੀ ਗੈਂਗਸਟਰ ਨੇ ਫ਼ੇਸਬੁੱਕ 'ਤੇ ਇਸ ਗੋਲੀਬਾਰੀ ਦੇ ਹੁਕਮ ਦੇਣ ਦੀ ਜ਼ਿੰਮੇਵਾਰੀ ਲਈ ਸੀ।
ਪਰ ਕਤਲ ਤੋਂ ਤਿੰਨ ਸਾਲ ਬਾਅਦ ਵੀ, ਕਿਸੇ ਨੂੰ ਵੀ ਮੁਕੱਦਮੇ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਗੋਲਡੀ ਬਰਾੜ ਅਜੇ ਵੀ ਫ਼ਰਾਰ ਹੈ, ਉਸ ਦੇ ਅਸਲ ਟਿਕਾਣੇ ਬਾਰੇ ਕੁਝ ਨਹੀਂ ਪਤਾ।
ਹੁਣ, ਬੀਬੀਸੀ ਆਈ ਗੋਲਡੀ ਬਰਾੜ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਉਸ ਨੂੰ ਚੁਣੌਤੀਪੂਰਨ ਤਰੀਕੇ ਨਾਲ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲਾ ਕਿਵੇਂ ਅਤੇ ਕਿਉਂ ਨਿਸ਼ਾਨਾ ਬਣਿਆ।
ਉਸਦਾ ਜਵਾਬ ਸਪੱਸ਼ਟ ਤੌਰ 'ਤੇ ਧੀਮੀ ਸੁਰ ਵਿੱਚ ਸੀ।
ਬਰਾੜ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, "ਆਪਣੇ ਹੰਕਾਰ ਵਿੱਚ, ਉਸ ਨੇ [ਮੂਸੇਵਾਲਾ] ਕੁਝ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ।"
"ਸਾਡੇ ਕੋਲ ਉਸ ਨੂੰ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ। ਇਹ ਬਹੁਤ ਸਾਫ਼ ਸੀ ਜਾਂ ਉਹ ਤੇ ਜਾਂ ਫ਼ਿਰ ਅਸੀਂ।"
2022 ਮਈ ਦੀ ਤਪਸ਼ ਭਰੀ ਸ਼ਾਮ ਨੂੰ, ਸਿੱਧੂ ਮੂਸੇਵਾਲਾ ਉੱਤਰੀ ਭਾਰਤੀ ਦੇ ਸੂਬੇ ਪੰਜਾਬ ਵਿੱਚ ਆਪਣੇ ਪਿੰਡ ਦੇ ਨੇੜੇ ਧੂੜ ਭਰੀਆਂ ਗਲੀਆਂ ਵਿੱਚੋਂ ਆਪਣੀ ਕਾਲੀ ਮਹਿੰਦਰਾ ਥਾਰ ਐੱਸਯੂਵੀ ਨੂੰ ਆਮ ਦਿਨਾਂ ਵਾਂਗ ਘੁੰਮਾ ਰਿਹਾ ਸੀ, ਪਰ ਕੁਝ ਮਿੰਟਾਂ ਵਿੱਚ ਹੀ ਦੋ ਕਾਰਾਂ ਉਸਦੇ ਪਿੱਛੇ ਲੱਗ ਗਈਆਂ।
ਬਾਅਦ ਵਿੱਚ ਜਦੋਂ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਉਨ੍ਹਾਂ ਕਾਰਾਂ ਨੂੰ ਤੰਗ ਭੀੜੇ ਮੋੜਾਂ ਵਿੱਚੋਂ ਲੰਘਦੇ ਹੋਏ ਦੇਖਿਆ ਗਿਆ, ਉਹ ਸਿੱਧੂ ਦੇ ਨੇੜੇ ਹੀ ਘੁੰਮ ਰਹੇ ਸਨ।
ਫਿਰ, ਸੜਕ ਦੇ ਇੱਕ ਮੋੜ 'ਤੇ, ਇੱਕ ਵਾਹਨ ਅੱਗੇ ਵਧਿਆ, ਮੂਸੇਵਾਲਾ ਦੀ ਐੱਸਯੂਵੀ ਨੂੰ ਕੰਧ ਵੱਲ ਧੱਕਿਆ। ਉਹ ਫਸ ਗਿਆ ਸੀ।
ਕੁਝ ਹੀ ਪਲਾਂ ਵਿੱਚ, ਗੋਲੀਬਾਰੀ ਸ਼ੁਰੂ ਹੋ ਗਈ। ਮੋਬਾਈਲ ਫ਼ੋਨਜ਼ ਨੇ ਇਸ ਤੋਂ ਬਾਅਦ ਦੀ ਘਟਨਾ ਨੂੰ ਕੈਦ ਕਰ ਲਿਆ।
ਉਸ ਦੀ ਐੱਸਯੂਵੀ ਗੋਲੀਆਂ ਨਾਲ ਛਲ਼ਣੀ ਹੋਈ ਸੀ, ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ, ਬੋਨਟ ਵੀ ਤਹਿਸ-ਨਹਿਸ ਹੋ ਗਿਆ ਸੀ।
ਕੰਬਦੀਆਂ ਆਵਾਜ਼ਾਂ ਵਿੱਚ, ਰਾਹਗੀਰਾਂ ਨੇ ਆਪਣਾ ਸਦਮਾ ਅਤੇ ਚਿੰਤਾ ਜ਼ਾਹਰ ਕੀਤੀ।
"ਕੋਈ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢੋ।"
"ਥੋੜਾ ਪਾਣੀ ਪਾਓ।"
"ਮੂਸੇਵਾਲਾ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ।"
ਪਰ ਬਹੁਤ ਦੇਰ ਹੋ ਚੁੱਕੀ ਸੀ।
ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ - 24 ਗੋਲੀਆਂ ਲੱਗੀਆਂ, ਇਹ ਪੋਸਟਮਾਰਟਮ ਰਿਪੋਰਟ ਆਉਣ 'ਤੇ ਪਤਾ ਲੱਗਿਆ।
28 ਸਾਲਾ ਰੈਪਰ, ਜੋ ਕਿ ਆਧੁਨਿਕ ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਆਈਕਨਾਂ ਵਿੱਚੋਂ ਇੱਕ ਸੀ, ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਹਮਲੇ ਸਮੇਂ ਮੂਸੇਵਾਲਾ ਨਾਲ ਕਾਰ ਵਿੱਚ ਮੌਜੂਦ ਉਸ ਦਾ ਇੱਕ ਚਚੇਰਾ ਭਰਾ ਅਤੇ ਇੱਕ ਦੋਸਤ ਜ਼ਖਮੀ ਹੋ ਗਏ, ਪਰ ਬਚ ਗਏ।
ਛੇ ਬੰਦੂਕਧਾਰੀਆਂ ਦੀ ਅੰਤ ਵਿੱਚ ਪਛਾਣ ਕੀਤੀ ਗਈ। ਉਨ੍ਹਾਂ ਕੋਲ ਏਕੇ-47 ਅਤੇ ਪਿਸਤੌਲ ਸਨ।
ਕਤਲ ਤੋਂ ਬਾਅਦ ਦੇ ਹਫ਼ਤਿਆਂ ਵਿੱਚ, ਤਕਰੀਬਨ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਸ਼ੱਕੀ ਹਥਿਆਰਬੰਦ ਆਦਮੀ ਮਾਰੇ ਗਏ, ਜਿਸ ਨੂੰ ਭਾਰਤ ਦੀ ਪੁਲਿਸ ਨੇ 'ਮੁਕਾਬਲੇ' ਵਜੋਂ ਦਰਸਾਇਆ।
ਫ਼ਿਰ ਵੀ ਕਈ ਗ੍ਰਿਫ਼ਤਾਰੀਆਂ ਦੇ ਬਾਵਜੂਦ ਮਸਲਾ ਸੁਲਝਿਆ ਨਹੀਂ।
ਗੋਲਡੀ ਬਰਾੜ, ਜਿਸ ਨੇ ਗੋਲੀ ਮਾਰਨ ਦਾ ਹੁਕਮ ਦੇਣ ਦਾ ਦਾਅਵਾ ਕੀਤਾ ਸੀ, ਕਤਲ ਦੇ ਸਮੇਂ ਭਾਰਤ ਵਿੱਚ ਨਹੀਂ ਸੀ।
ਮੰਨਿਆ ਜਾਂਦਾ ਹੈ ਕਿ ਉਹ ਕੈਨੇਡਾ ਵਿੱਚ ਸੀ।
ਉਸ ਨਾਲ ਸਾਡੀ ਗੱਲਬਾਤ ਛੇ ਘੰਟਿਆਂ ਤੱਕ ਚੱਲੀ, ਜੋ ਕਿ ਵੌਇਸ ਨੋਟਸ ਦੇ ਆਦਾਨ-ਪ੍ਰਦਾਨ ਰਾਹੀਂ ਸੰਭਵ ਹੋ ਸਕੀ।
ਇਸਨੇ ਸਾਨੂੰ ਇਹ ਪਤਾ ਲਗਾਉਣ ਦਾ ਮੌਕਾ ਦਿੱਤਾ ਕਿ ਮੂਸੇਵਾਲਾ ਨੂੰ ਕਿਉਂ ਮਾਰਿਆ ਗਿਆ ਸੀ ਅਤੇ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਦੇ ਇਰਾਦੇ ਕੀ ਸਨ।
ਸਿੱਧੂ ਮੂਸੇਵਾਲਾ ਦਾ ਪਿਛੋਕੜ
ਸਿੱਧੂ ਮੂਸੇਵਾਲਾ ਦਾ ਜਨਮ ਪੇਂਡੂ ਪੰਜਾਬ ਦੇ ਇੱਕ ਜੱਟ-ਸਿੱਖ ਪਰਿਵਾਰ ਵਿੱਚ ਹੋਇਆ, ਨਾਮ ਰੱਖਿਆ ਗਿਆ ਸ਼ੁਭਦੀਪ ਸਿੰਘ ਸਿੱਧੂ। ਸਾਲ 2016 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਕੈਨੇਡਾ ਚਲੇ ਜਾਣ ਤੋਂ ਪਹਿਲਾਂ ਇਹ ਇੱਕ ਸਫ਼ਰ ਸੀ ਜਿਸ ਤੋਂ ਲੱਖਾਂ ਪੰਜਾਬੀ ਪਰਵਾਸੀ ਜਾਣੂ ਹਨ।
ਪਰ ਇਸ ਸਫ਼ਰ ਤੋਂ ਬਾਅਦ ਸਿੱਧੂ ਉੱਥੇ ਸੀ, ਆਪਣੇ ਪਿੰਡ ਮੂਸਾ ਤੋਂ ਬਹੁਤ ਦੂਰ ਜੋ ਕਿ ਉਸਦੇ ਰੈਪਰ ਵੱਜੋਂ ਨਾਮ ਦੀ ਪ੍ਰੇਰਨਾ ਸੀ - ਜਿੱਥੇ ਉਸ ਨੇ ਆਪਣੇ ਆਪ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ।
ਮਹਿਜ਼ ਪੰਜ ਸਾਲਾਂ ਵਿੱਚ, ਮੂਸੇਵਾਲਾ ਪੰਜਾਬੀ ਹਿੱਪ-ਹੌਪ ਦੀ ਬੇਮਿਸਾਲ ਆਵਾਜ਼ ਬਣ ਗਿਆ।
ਆਪਣੇ ਸਿਗਨੇਚਰ ਸਵੈਗ (ਅਨਿੱਖੜਵੇਂ ਅੰਦਾਜ਼), ਚਮਕ-ਦਮਕ ਵਾਲੀ ਸ਼ੈਲੀ ਅਤੇ ਗੀਤਕਾਰੀ ਦੀ ਤੀਬਰਤਾ ਨਾਲ, ਮੂਸੇਵਾਲਾ ਨੇ ਪਛਾਣ ਅਤੇ ਸਿਆਸਤ, ਬੰਦੂਕਾਂ ਅਤੇ ਬਦਲੇ ਦੀ ਭਾਵਨਾ ਬਾਰੇ ਖੁੱਲ੍ਹ ਕੇ ਗਾਇਆ। ਅਸਲ ਵਿੱਚ ਇਸ ਸਭ ਨੇ ਪੰਜਾਬੀ ਸੰਗੀਤ ਦੀਆਂ ਹੱਦਾਂ ਨੂੰ ਵਧਾਇਆ।
ਉਹ ਰੈਪਰ ਟੂਪੈਕ ਸ਼ਕੂਰ ਤੋਂ ਬਹੁਤ ਪ੍ਰਭਾਵਿਤ ਹੋਇਆ, ਜਿਸਦਾ 1996 ਵਿੱਚ 25 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਸ਼ਖ਼ਸੀਅਤ ਦੇ ਮਾਮਲੇ ਵਿੱਚ, ਮੈਂ ਉਸ ਵਰਗਾ ਬਣਨਾ ਚਾਹੁੰਦਾ ਹਾਂ।"
"ਜਿਸ ਦਿਨ ਉਹ ਮਰਿਆ, ਲੋਕ ਉਸ ਲਈ ਰੋਏ। ਮੈਂ ਵੀ ਇਹੀ ਚਾਹੁੰਦਾ ਹਾਂ।"
"ਜਦੋਂ ਮੈਂ ਮਰ ਜਾਵਾਂਗਾ, ਲੋਕਾਂ ਨੂੰ ਯਾਦ ਰਹੇ ਕਿ ਮੈਂ ਵੀ ਕੋਈ ਸੀ।"
ਸਿੱਧੂ ਮੂਸੇਵਾਲਾ ਦਾ ਦਬਦਬਾ
ਇੱਕ ਸੰਖੇਪ ਪਰ ਧਮਾਕੇਦਾਰ ਕਰੀਅਰ ਦੌਰਾਨ, ਗਾਇਕ ਨੇ ਪੰਜਾਬ ਦੀਆਂ ਖੇਤਰੀ ਗਹਿਰੀਆਂ ਅੰਤਰੀਵ ਧਾਰਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਗੈਂਗਸਟਰ ਸੱਭਿਆਚਾਰ, ਬੇਰੁਜ਼ਗਾਰੀ ਅਤੇ ਸਿਆਸੀ ਪਤਨ ਸ਼ਾਮਲ ਹੈ, ਇਸ ਦੇ ਨਾਲ ਹੀ ਪੇਂਡੂ ਜੀਵਨ ਦੀਆਂ ਪੁਰਾਣੀਆਂ ਯਾਦਾਂ ਨੂੰ ਵੀ ਸਾਹਮਣੇ ਲਿਆਂਦਾ।
ਮੂਸੇਵਾਲਾ ਵੀ ਇੱਕ ਕੌਮਾਂਤਰੀ ਸ਼ਖ਼ਸੀਅਤ ਸੀ।
ਯੂਟਿਊਬ 'ਤੇ ਉਸਦੇ ਸੰਗੀਤ ਵੀਡੀਓਜ਼ ਦੇ ਪੰਜ ਅਰਬ ਤੋਂ ਵੱਧ ਵਿਊਜ਼ ਹਨ, ਯੂਕੇ ਚਾਰਟ ਵਿੱਚ ਉਹ ਚੋਟੀ ਦੇ 5 ਸਥਾਨ ਉੱਤੇ ਸੀ, ਅਤੇ ਬਰਨਾ ਬੁਆਏ ਸਣੇ ਕੌਮਾਂਤਰੀ ਹਿੱਪ-ਹੌਪ ਕਲਾਕਾਰਾਂ ਨਾਲ ਕੋਲੈਬੋਰੇਸ਼ਨਜ਼ ਕਰ ਰਿਹਾ ਸੀ, ਮੂਸੇਵਾਲਾ ਨੇ ਤੇਜ਼ੀ ਨਾਲ ਭਾਰਤ, ਕੈਨੇਡਾ, ਯੂਕੇ ਅਤੇ ਇਸ ਤੋਂ ਬਾਹਰ ਆਪਣਾ ਇੱਕ ਪ੍ਰਸ਼ੰਸਕ ਅਧਾਰ ਬਣਾਇਆ।
ਪਰਵਾਸੀ ਪੰਜਾਬੀਆਂ ਵਿਚਲੇ ਸਿੱਧੂ ਦੇ ਪ੍ਰਸ਼ੰਸ਼ਕਾਂ ਨੇ ਉਸ ਨੂੰ ਆਈਕਨ ਅਤੇ ਵਿਦਰੋਹੀ ਦੋਵਾਂ ਰੂਪਾਂ ਵਜੋਂ ਦੇਖਿਆ।
ਪਰ ਪ੍ਰਸਿੱਧੀ ਦੀ ਇੱਕ ਕੀਮਤ ਅਦਾ ਕਰਨੀ ਪਈ ਸੀ।
ਇੱਕ ਉੱਭਰਦੇ ਸਿਤਾਰੇ ਅਤੇ ਸਮਾਜਿਕ ਤੌਰ 'ਤੇ ਚੇਤੰਨ ਗੀਤਾਂ ਦਾ ਗਾਇਕ ਹੋਣ ਦੇ ਬਾਵਜੂਦ, ਮੂਸੇਵਾਲਾ ਇੱਕ ਖ਼ਤਰਨਾਕ ਖੇਤਰ ਵੱਲ ਰੁਖ਼ ਕਰ ਰਿਹਾ ਸੀ।
ਉਸ ਦੇ ਜ਼ਿੱਦੀ ਰਵੱਈਏ, ਦਿੱਖ ਅਤੇ ਵਧਦੇ ਪ੍ਰਭਾਵ ਨੇ ਪੰਜਾਬ ਦੇ ਸਭ ਤੋਂ ਤਾਕਤਵਰ ਗੈਂਗਸਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਨ੍ਹਾਂ ਵਿੱਚ ਗੋਲਡੀ ਬਰਾੜ ਅਤੇ ਬਰਾੜ ਦਾ ਦੋਸਤ ਲਾਰੈਂਸ ਬਿਸ਼ਨੋਈ ਸ਼ਾਮਲ ਸਨ, ਜੋ ਉਦੋਂ ਵੀ ਭਾਰਤ ਦੀ ਉੱਚ-ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਸੀ।
ਬਰਾੜ ਬਾਰੇ ਬਹੁਤਾ ਕੁਝ ਨਹੀਂ ਪਤਾ, ਇਸ ਤੱਥ ਤੋਂ ਇਲਾਵਾ ਕਿ ਉਹ ਇੰਟਰਪੋਲ ਰੈੱਡ ਨੋਟਿਸ ਸੂਚੀ ਵਿੱਚ ਹੈ ਅਤੇ ਬਿਸ਼ਨੋਈ ਦੇ ਗੈਂਗਸਟਰਾਂ ਦੇ ਇੱਕ ਨੈੱਟਵਰਕ ਵਿੱਚ ਇੱਕ ਮੁੱਖ ਸੰਚਾਲਕ ਹੈ, ਜੋ ਕਤਲ ਦੀਆਂ ਯੋਜਨਾਵਾਂ ਬਣਾਉਣ, ਧਮਕੀਆਂ ਦੇਣ ਅਤੇ ਗਿਰੋਹ ਦੀ ਪਹੁੰਚ ਨੂੰ ਵਧਾਉਣ ਦਾ ਕੰਮ ਕਰਦਾ ਸੀ।
ਇਹ ਮੰਨਿਆ ਜਾਂਦਾ ਹੈ ਕਿ ਉਹ ਮੂਸੇਵਾਲਾ ਦੇ ਕੈਨੇਡਾ ਜਾਣ ਤੋਂ ਮਹਿਜ਼ ਇੱਕ ਸਾਲ ਬਾਅਦ, 2017 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਸ਼ੁਰੂ ਵਿੱਚ ਉਸ ਨੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਬਿਸ਼ਨੋਈ, ਜੋ ਕਦੇ ਪੰਜਾਬ ਦੀ ਹਿੰਸਕ ਕੈਂਪਸ ਰਾਜਨੀਤੀ ਵਿੱਚ ਡੁੱਬਿਆ ਰਹਿੰਦਾ ਸੀ, ਉਹ ਹੁਣ ਭਾਰਤ ਦੇ ਸਭ ਤੋਂ ਤਾਕਤਵਰ ਅਪਰਾਧੀ ਸਰਗਣਿਆਂ ਵਿੱਚੋਂ ਇੱਕ ਬਣ ਗਿਆ ਹੈ।
ਭਾਰਤੀ ਅਖਬਾਰ ਦਿ ਟ੍ਰਿਬਿਊਨ ਦੇ ਡਿਪਟੀ ਐਡੀਟਰ ਜੁਪਿੰਦਰਜੀਤ ਸਿੰਘ ਕਹਿੰਦੇ ਹਨ,"ਲਾਰੈਂਸ ਬਿਸ਼ਨੋਈ ਵਿਰੁੱਧ ਦਰਜ ਕੀਤੇ ਗਏ ਪਹਿਲੇ [ਪੁਲਿਸ] ਮਾਮਲੇ ਸਾਰੇ ਵਿਦਿਆਰਥੀ ਸਿਆਸਤ ਅਤੇ ਵਿਦਿਆਰਥੀ ਚੋਣਾਂ ਨਾਲ ਸਬੰਧਤ ਸਨ...ਵਿਰੋਧੀ ਵਿਦਿਆਰਥੀ ਆਗੂਆਂ ਨੂੰ ਕੁੱਟਣ, ਉਨ੍ਹਾਂ ਨੂੰ ਅਗਵਾ ਕਰਨ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ।"
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਸਹਾਇਕ ਇੰਸਪੈਕਟਰ ਜਨਰਲ ਗੁਰਮੀਤ ਸਿੰਘ ਚੌਹਾਨ ਕਹਿੰਦੇ ਹਨ ਕਿ ਉਹ ਕਈ ਵਾਰ ਜੇਲ੍ਹ ਗਿਆ ਜਿਸ ਨੇ ਉਸ ਨੂੰ ਹੋਰ ਵੀ ਸਖ਼ਤ ਮਿਜ਼ਾਜ ਬਣਾ ਦਿੱਤਾ।
"ਜਦੋਂ ਉਹ ਜੇਲ੍ਹ ਵਿੱਚ ਸੀ, ਤਾਂ ਉਹ ਅਪਰਾਧ ਦੀ ਦੁਨੀਆਂ ਵਿੱਚ ਹੋਰ ਡੂੰਘਾ ਡੁੱਬਣ ਲੱਗ ਪਿਆ। ਫਿਰ ਉਸਨੇ ਆਪਣਾ ਇੱਕ ਸਮੂਹ ਬਣਾਇਆ।"
"ਜਦੋਂ ਇਹ ਇੱਕ ਅੰਤਰ-ਗੈਂਗ ਵਾਲੀ ਗੱਲ ਬਣ ਗਈ, ਤਾਂ ਉਸ ਨੂੰ ਜਿਉਂਦੇ ਰਹਿਣ ਲਈ ਪੈਸੇ ਦੀ ਲੋੜ ਸੀ। ਉਨ੍ਹਾਂ ਨੂੰ ਹੋਰ ਮਨੁੱਖੀ ਸ਼ਕਤੀ ਦੀ ਲੋੜ ਹੈ, ਹੋਰ ਹਥਿਆਰਾਂ ਦੀ ਲੋੜ ਹੈ।"
"ਉਨ੍ਹਾਂ ਨੂੰ ਇਸ ਸਭ ਲਈ ਪੈਸੇ ਦੀ ਲੋੜ ਹੁੰਦੀ ਹੈ। ਪੈਸੇ ਦੀ ਲੋੜ ਪੂਰੀ ਕਰਨ ਲਈ ਉਨ੍ਹਾਂ ਨੂੰ ਜ਼ਬਰਦਸਤੀ ਜਾਂ ਅਪਰਾਧ ਦੀ ਦੁਨੀਆਂ ਵਿੱਚ ਪੈਰ ਰੱਖਣਾ ਪੈਂਦਾ ਹੈ।"
ਹੁਣ 31 ਸਾਲਾ ਬਿਸ਼ਨੋਈ ਸਲਾਖਾਂ ਪਿੱਛੇ ਰਹਿ ਕੇ ਆਪਣਾ ਸਿੰਡੀਕੇਟ ਚਲਾਉਂਦਾ ਹੈ। ਸਮਰਪਿਤ ਇੰਸਟਾਗ੍ਰਾਮ ਪੇਜਾਂ ਅਤੇ ਇੱਕ ਸਮਰਪਿਤ ਫਾਲੋਅਰਜ਼ ਦੇ ਨਾਲ।
ਸਹਾਇਕ ਇੰਸਪੈਕਟਰ ਜਨਰਲ ਚੌਹਾਨ ਕਹਿੰਦੇ ਹਨ,"ਇਸ ਲਈ ਜਦੋਂ ਬਿਸ਼ਨੋਈ ਜੇਲ੍ਹ ਵਿੱਚ ਬੈਠਾ ਹੈ, ਬਰਾੜ ਗੈਂਗਾਂ ਨੂੰ ਸੰਭਾਲਦਾ ਹੈ।"
ਗੋਲਡੀ ਬਰਾੜ ਨਾਲ ਸੰਪਰਕ
ਬੀਬੀਸੀ ਆਈ ਨੂੰ ਬਰਾੜ ਨਾਲ ਸੰਪਰਕ ਬਣਾਉਣ ਵਿੱਚ ਇੱਕ ਸਾਲ ਲੱਗਿਆ ਸਰੋਤਾਂ ਦੀ ਭਾਲ, ਜਵਾਬਾਂ ਦੀ ਉਡੀਕ, ਹੌਲੀ-ਹੌਲੀ ਖੁਦ ਮੁੱਖ ਮੁਲਜ਼ਿਮ ਨਾਲ ਸੰਪਰਕ ਹੋਣਾ।
ਪਰ ਜਦੋਂ ਅਸੀਂ ਬਰਾੜ ਤੱਕ ਪਹੁੰਚੇ, ਤਾਂ ਗੱਲਬਾਤ ਨੇ ਇਸ ਸਵਾਲ 'ਤੇ ਨਵੀਂ ਰੌਸ਼ਨੀ ਪਾਈ ਕਿ ਉਹ ਅਤੇ ਬਿਸ਼ਨੋਈ ਮੂਸੇਵਾਲਾ ਨੂੰ ਕਿਵੇਂ ਅਤੇ ਕਿਉਂ ਦੁਸ਼ਮਣ ਸਮਝਣ ਲੱਗ ਪਏ।
ਪਹਿਲੇ ਖੁਲਾਸੇ ਵਿੱਚੋਂ ਇੱਕ ਇਹ ਸੀ ਕਿ ਬਿਸ਼ਨੋਈ ਦਾ ਮੂਸੇਵਾਲਾ ਨਾਲ ਰਿਸ਼ਤਾ ਪੁਰਾਣਾ ਸੀ, ਗਾਇਕ ਦੇ ਕਤਲ ਤੋਂ ਕਈ ਸਾਲ ਪਹਿਲਾਂ ਦਾ।
ਬਰਾੜ ਨੇ ਕਿਹਾ, "ਲਾਰੈਂਸ [ਬਿਸ਼ਨੋਈ] ਸਿੱਧੂ [ਮੂਸੇਵਾਲਾ] ਦੇ ਸੰਪਰਕ ਵਿੱਚ ਸੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸਨੇ ਮਿਲਵਾਇਆ ਸੀ ਅਤੇ ਮੈਂ ਕਦੇ ਨਹੀਂ ਪੁੱਛਿਆ। ਪਰ ਉਨ੍ਹਾਂ ਨੇ ਆਪਸ 'ਚ ਗੱਲ ਕੀਤੀ ਸੀ।"
"ਸਿੱਧੂ ਲਾਰੈਂਸ ਦੀ ਚਾਪਲੂਸੀ ਕਰਨ ਦੀ ਕੋਸ਼ਿਸ਼ ਵਿੱਚ 'ਗੁੱਡ ਮਾਰਨਿੰਗ' ਅਤੇ 'ਗੁੱਡ ਨਾਈਟ' ਸੁਨੇਹੇ ਭੇਜਦਾ ਹੁੰਦਾ ਸੀ।"
ਮੂਸੇਵਾਲਾ ਦੇ ਇੱਕ ਦੋਸਤ, ਜਿਸਨੇ ਆਪਣਾ ਨਾਮ ਗੁਪਤ ਰੱਖਿਆ, ਨੇ ਸਾਨੂੰ ਇਹ ਵੀ ਦੱਸਿਆ ਕਿ ਬਿਸ਼ਨੋਈ 2018 ਦੇ ਸ਼ੁਰੂ ਵਿੱਚ ਹੀ ਮੂਸੇਵਾਲਾ ਦੇ ਸੰਪਰਕ ਵਿੱਚ ਆਇਆ ਸੀ, ਉਸਨੇ ਉਸਨੂੰ ਜੇਲ੍ਹ ਤੋਂ ਫ਼ੋਨ ਕੀਤਾ ਅਤੇ ਦੱਸਿਆ ਕਿ ਉਸਨੂੰ ਮੂਸੇਵਾਲਾ ਦਾ ਸੰਗੀਤ ਪਸੰਦ ਹੈ।
ਸਿੱਧੂ ਅਤੇ ਬਿਸ਼ਨੋਈ ਦਾ ਝਗੜਾ
ਬਰਾੜ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਵਿਚਕਾਰ 'ਪਹਿਲਾ ਝਗੜਾ' ਮੂਸੇਵਾਲਾ ਦੇ ਭਾਰਤ ਵਾਪਸ ਆਉਣ ਤੋਂ ਬਾਅਦ ਹੋਇਆ ਸੀ।
ਇਸਦੀ ਸ਼ੁਰੂਆਤ ਪੰਜਾਬ ਦੇ ਇੱਕ ਪਿੰਡ ਵਿੱਚ ਕਬੱਡੀ ਦੇ ਇੱਕ ਛੋਟੇ ਜਿਹੇ ਟੂਰਨਾਮੈਂਟ ਨਾਲ ਹੋਈ ਸੀ, ਜੋ ਕਿ ਇੱਕ ਰਵਾਇਤੀ ਦੱਖਣੀ ਏਸ਼ੀਆਈ ਖੇਡ ਹੈ।
ਬਰਾੜ ਨੇ ਸਾਨੂੰ ਦੱਸਿਆ ਕਿ ਮੂਸੇਵਾਲਾ ਨੇ ਇਸ ਟੂਰਨਾਮੈਂਟ ਦਾ ਪ੍ਰਚਾਰ ਕੀਤਾ ਸੀ ਜਿਸਦਾ ਆਯੋਜਨ ਬਿਸ਼ਨੋਈ ਦੇ ਵਿਰੋਧੀ ਬੰਬੀਹਾ ਗੈਂਗ ਵੱਲੋਂ ਕੀਤਾ ਗਿਆ ਸੀ, ਇੱਕ ਅਜਿਹੀ ਖੇਡ ਵਿੱਚ ਜਿੱਥੇ ਮੈਚ ਫਿਕਸਿੰਗ ਅਤੇ ਗੈਂਗਸਟਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ।
"ਇਹ ਉਹ ਪਿੰਡ ਹੈ ਜਿੱਥੋਂ ਸਾਡੇ ਵਿਰੋਧੀ ਆਉਂਦੇ ਹਨ। ਉਹ ਸਾਡੇ ਵਿਰੋਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ। ਉਦੋਂ ਲਾਰੈਂਸ ਅਤੇ ਹੋਰ ਲੋਕ ਉਸ ਤੋਂ ਨਾਰਾਜ਼ ਸਨ।"
ਬਰਾੜ ਨੇ ਬੀਬੀਸੀ ਆਈ ਨੂੰ ਦੱਸਿਆ, "ਉਨ੍ਹਾਂ ਨੇ ਸਿੱਧੂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਨਹੀਂ ਬਖਸ਼ਣਗੇ।"
ਫਿਰ ਵੀ ਮੂਸੇਵਾਲਾ ਅਤੇ ਬਿਸ਼ਨੋਈ ਵਿਚਕਾਰ ਝਗੜਾ ਆਖਰਕਾਰ ਬਿਸ਼ਨੋਈ ਦੇ ਇੱਕ ਸਾਥੀ ਵਿੱਕੀ ਮਿੱਡੂਖੇੜਾ ਨੇ ਹੱਲ ਕਰਵਾ ਦਿੱਤਾ ਸੀ।
ਪਰ ਜਦੋਂ ਅਗਸਤ 2021 ਵਿੱਚ ਮੋਹਾਲੀ ਦੀ ਇੱਕ ਪਾਰਕਿੰਗ ਵਿੱਚ ਗੈਂਗਸਟਰਾਂ ਨੇ ਮਿੱਡੂਖੇੜਾ ਨੂੰ ਗੋਲੀ ਮਾਰ ਦਿੱਤੀ, ਤਾਂ ਬਰਾੜ ਨੇ ਸਾਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਅਤੇ ਬਿਸ਼ਨੋਈ ਦੀ ਦੁਸ਼ਮਣੀ ਉਸ ਬਿੰਦੂ 'ਤੇ ਪਹੁੰਚ ਗਈ ਜਿੱਥੋਂ ਵਾਪਸੀ ਨਹੀਂ ਹੋ ਸਕਦੀ ਸੀ।
ਬੰਬੀਹਾ ਗੈਂਗ ਨੇ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਪੁਲਿਸ ਨੇ ਮੂਸੇਵਾਲਾ ਦੇ ਦੋਸਤ ਅਤੇ ਕਿਸੇ ਸਮੇਂ ਉਸ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਨੂੰ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ, ਸਬੂਤਾਂ ਦਾ ਹਵਾਲਾ ਦਿੰਦੇ ਹੋਏ ਕਿ ਸ਼ਗਨਪ੍ਰੀਤ ਨੇ ਬੰਦੂਕਧਾਰੀਆਂ ਨੂੰ ਜਾਣਕਾਰੀ ਅਤੇ ਲੌਜਿਸਟਿਕਲ ਸਹਾਇਤਾ ਮੁਹੱਈਆ ਕੀਤੀ ਸੀ।
ਸ਼ਗਨਪ੍ਰੀਤ ਬਾਅਦ ਵਿੱਚ ਭਾਰਤ ਤੋਂ ਭੱਜ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਹੈ। ਮੂਸੇਵਾਲਾ ਨੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।
ਪੰਜਾਬ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਮੂਸੇਵਾਲਾ ਦੇ ਕਤਲ ਜਾਂ ਕਿਸੇ ਗੈਂਗ ਨਾਲ ਸਬੰਧਤ ਅਪਰਾਧ ਨਾਲ ਸਬੰਧ ਹੋ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
"ਪਰ ਮੂਸੇਵਾਲਾ ਸ਼ਗਨਪ੍ਰੀਤ ਸਿੰਘ ਦੇ ਦੋਸਤ ਸਨ ਅਤੇ ਉਹ (ਬਿਸ਼ਨੋਈ ਗਰੁੱਪ) ਕਦੇ ਵੀ ਇਸ ਧਾਰਨਾ ਨੂੰ ਨਹੀਂ ਭੁੱਲ ਸਕਿਆ ਕਿ ਉਹ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ, ਇੱਕ ਅਜਿਹੀ ਧਾਰਨਾ ਜਿਸ ਕਾਰਨ ਉਸ ਦੀ (ਮੂਸੇਵਾਲਾ ਦੀ) ਜਾਨ ਗਈ ਹੋ ਸਕਦੀ ਹੈ।"
ਭਾਵੇਂ ਉਹ ਮੂਸੇਵਾਲਾ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਦੇ ਸਕਦਾ, ਪਰ ਬਰਾੜ ਨੂੰ ਯਕੀਨ ਹੈ ਕਿ ਗਾਇਕ ਕਿਸੇ ਤਰ੍ਹਾਂ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਸੀ।
ਬਰਾੜ ਨੇ ਸਾਨੂੰ ਵਾਰ-ਵਾਰ ਦੱਸਿਆ ਕਿ ਮਿੱਡੂਖੇੜਾ ਗੋਲੀਬਾਰੀ ਤੋਂ ਪਹਿਲਾਂ ਦੇ ਦਿਨਾਂ ਵਿੱਚ ਸ਼ਗਨਪ੍ਰੀਤ ਸਿੰਘ ਨੇ ਬੰਦੂਕਧਾਰੀਆਂ ਦੀ ਮਦਦ ਕੀਤੀ ਸੀ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਮੂਸੇਵਾਲਾ ਖ਼ੁਦ ਵੀ ਇਸ ਵਿੱਚ ਸ਼ਾਮਲ ਰਿਹਾ ਹੋਵੇਗਾ।
ਬਰਾੜ ਨੇ ਬੀਬੀਸੀ ਆਈ ਨੂੰ ਕਿਹਾ, "ਹਰ ਕੋਈ ਸਿੱਧੂ ਦੀ ਭੂਮਿਕਾ ਨੂੰ ਜਾਣਦਾ ਸੀ, ਜਾਂਚ ਕਰ ਰਹੀ ਪੁਲਿਸ ਨੂੰ ਪਤਾ ਸੀ, ਇੱਥੋਂ ਤੱਕ ਕਿ ਜਾਂਚ ਕਰ ਰਹੇ ਪੱਤਰਕਾਰਾਂ ਨੂੰ ਵੀ ਪਤਾ ਸੀ। ਸਿੱਧੂ ਸਿਆਸਤਦਾਨਾਂ ਅਤੇ ਸੱਤਾਧਾਰੀ ਲੋਕਾਂ ਨਾਲ ਰਲ ਗਿਆ ਸੀ।"
"ਉਹ ਸਾਡੇ ਵਿਰੋਧੀਆਂ ਦੀ ਮਦਦ ਲਈ ਸਿਆਸੀ ਤਾਕਤ, ਪੈਸਾ ਅਤੇ ਆਪਣੇ ਸਰੋਤਾਂ ਦੀ ਵਰਤੋਂ ਕਰ ਰਿਹਾ ਸੀ।"
"ਅਸੀਂ ਚਾਹੁੰਦੇ ਸੀ ਕਿ ਉਸਨੂੰ ਉਸਦੇ ਕੀਤੇ ਦੀ ਸਜ਼ਾ ਮਿਲੇ।"
"ਉਸਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ। ਉਸਨੂੰ ਜੇਲ੍ਹ ਹੋਣੀ ਚਾਹੀਦੀ ਸੀ। ਪਰ ਕਿਸੇ ਨੇ ਸਾਡੀ ਫ਼ਰਿਆਦ ਨਹੀਂ ਸੁਣੀ।"
"ਇਸ ਲਈ ਅਸੀਂ ਇਸ ਦੀ ਜ਼ਿੰਮੇਵਾਰੀ ਲੈ ਲਈ।"
"ਜਦੋਂ ਬੋਲ਼ੇ ਕੰਨਾਂ 'ਤੇ ਸ਼ਿਸ਼ਟਾਚਾਰ ਡਿੱਗਦਾ ਹੈ, ਤਾਂ ਗੋਲੀ ਦੀ ਆਵਾਜ਼ ਸੀ ਜੋ ਸਭ ਨੇ ਸੁਣੀ।"
ਅਸੀਂ ਬਰਾੜ ਨੂੰ ਇਹ ਗੱਲ ਦੱਸੀ ਕਿ ਭਾਰਤ ਵਿੱਚ ਇੱਕ ਨਿਆਂ ਪ੍ਰਣਾਲੀ ਅਤੇ ਕਾਨੂੰਨ ਦਾ ਰਾਜ ਹੈ, ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਨੂੰ ਕਿਵੇਂ ਜਾਇਜ਼ ਠਹਿਰਾ ਸਕਦਾ ਹੈ?
ਉਸ ਨੇ ਕਿਹਾ, "ਕਾਨੂੰਨ। ਨਿਆਂ। ਅਜਿਹਾ ਕੁਝ ਨਹੀਂ ਹੈ।"
"ਸਿਰਫ਼ ਤਾਕਤਵਰ ਹੀ... ਇਨਸਾਫ਼ [ਪ੍ਰਾਪਤ] ਕਰ ਸਕਦੇ ਹਨ, ਸਾਡੇ ਵਰਗੇ ਆਮ ਲੋਕ ਨਹੀਂ।"
ਉਨ੍ਹਾਂ ਅੱਗੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਭਰਾ ਨੇ ਵੀ ਸਿਆਸਤ ਵਿੱਚ ਹੋਣ ਦੇ ਬਾਵਜੂਦ, ਭਾਰਤ ਦੀ ਨਿਆਂ ਪ੍ਰਣਾਲੀ ਰਾਹੀਂ ਨਿਆਂ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ।
"ਉਹ ਇੱਕ ਸ਼ਰੀਫ਼ ਬੰਦਾ ਹੈ। ਉਸਨੇ ਆਪਣੇ ਭਰਾ ਨੂੰ ਕਾਨੂੰਨੀ ਤੌਰ 'ਤੇ ਇਨਸਾਫ਼ ਦਿਵਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕ੍ਰਿਪਾ ਕਰਕੇ ਉਸਨੂੰ ਫ਼ੋਨ ਕਰੋ ਅਤੇ ਪੁੱਛੋ ਕਿ ਕੀ ਬਣਿਆ।"
ਅਜਿਆ ਨਹੀਂ ਲੱਗਦਾ ਕਿ ਬਰਾੜ ਨੂੰ ਕੋਈ ਪਛਤਾਵਾ ਹੈ।
"ਮੈਂ ਉਹੀ ਕੀਤਾ ਜੋ ਮੈਨੂੰ ਆਪਣੇ ਭਰਾ ਲਈ ਕਰਨਾ ਪਿਆ। ਮੈਨੂੰ ਕੋਈ ਪਛਤਾਵਾ ਨਹੀਂ ਹੈ।"
ਮੂਸੇਵਾਲਾ ਦਾ ਕਤਲ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੋਣਾ
ਮੂਸੇਵਾਲਾ ਦੇ ਕਤਲ ਨਾਲ ਨਾ ਸਿਰਫ਼ ਇੱਕ ਵੱਡੀ ਸੰਗੀਤਕ ਪ੍ਰਤਿਭਾ ਦਾ ਨੁਕਸਾਨ ਹੋਇਆ ਹੈ, ਸਗੋਂ ਇਸਨੇ ਪੰਜਾਬ ਦੇ ਗੈਂਗਸਟਰਾਂ ਨੂੰ ਵੀ ਹੌਸਲਾ ਦਿੱਤਾ ਹੈ।
ਗਾਇਕ ਦੇ ਕਤਲ ਤੋਂ ਪਹਿਲਾਂ, ਪੰਜਾਬ ਤੋਂ ਬਾਹਰ ਬਹੁਤ ਘੱਟ ਲੋਕਾਂ ਨੇ ਬਿਸ਼ਨੋਈ ਜਾਂ ਬਰਾੜ ਬਾਰੇ ਸੁਣਿਆ ਸੀ। ਕਤਲ ਤੋਂ ਬਾਅਦ, ਉਨ੍ਹਾਂ ਦੇ ਨਾਮ ਹਰ ਥਾਂ ਸਨ।
ਪੰਜਾਬ ਅਧਾਰਿਤ ਪੱਤਰਕਾਰ ਰਿਤੇਸ਼ ਲੱਖੀ ਕਹਿੰਦੇ ਹਨ, "ਉਨ੍ਹਾਂ ਨੇ ਮੂਸੇਵਾਲਾ ਦੀ ਪ੍ਰਸਿੱਧੀ ਨੂੰ ਹਾਈਜੈਕ ਕਰ ਲਿਆ ਅਤੇ ਇਸਨੂੰ ਆਪਣੇ ਖ਼ੁਦ ਦੇ ਬਦਨਾਮੀ ਦੇ ਬ੍ਰਾਂਡ ਵਿੱਚ ਬਦਲ ਦਿੱਤਾ। ਇੱਕ ਅਜਿਹਾ ਬ੍ਰਾਂਡ ਜੋ ਜਬਰੀ ਵਸੂਲੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ।"
"ਇਹ ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹੋਇਆ ਸਭ ਤੋਂ ਵੱਡਾ ਕਤਲ ਹੈ।"
"ਗੈਂਗਸਟਰਾਂ ਦੀ ਪੈਸੇ ਵਸੂਲਣ ਦੀ ਸਮਰੱਥਾ ਵੱਧ ਗਈ ਹੈ। ਮੂਸੇਵਾਲਾ ਨੂੰ ਮਾਰਨ ਤੋਂ ਬਾਅਦ [ਗੋਲਡੀ ਬਰਾੜ] ਨੂੰ ਵੱਡੀ ਰਕਮ ਮਿਲ ਰਹੀ ਹੈ।"
ਪੱਤਰਕਾਰ ਜੁਪਿੰਦਰਜੀਤ ਸਿੰਘ ਸਹਿਮਤ ਹਨ, "ਜਨਤਾ ਵਿੱਚ ਗੈਂਗਸਟਰਾਂ ਦਾ ਡਰ ਵਧਿਆ ਹੈ।"
"ਪੰਜਾਬੀ ਸੰਗੀਤ ਉਦਯੋਗ ਵਿੱਚ ਜਬਰੀ ਵਸੂਲੀ ਲੰਬੇ ਸਮੇਂ ਤੋਂ ਇੱਕ ਸਮੱਸਿਆ ਰਹੀ ਹੈ, ਪਰ ਹੁਣ ਸਿੱਧੂ ਦੇ ਕਤਲ ਤੋਂ ਬਾਅਦ, ਸਿਰਫ਼ ਸੰਗੀਤ ਅਤੇ ਫ਼ਿਲਮ ਜਗਤ ਦੇ ਲੋਕਾਂ ਤੋਂ ਹੀ ਨਹੀਂ, ਸਗੋਂ ਸਥਾਨਕ ਕਾਰੋਬਾਰੀਆਂ ਨੂੰ ਵੀ ਗੈਂਗਸਟਰਾਂ ਦੇ ਫ਼ੋਨ ਆ ਰਹੇ ਹਨ।"
ਜਦੋਂ ਬੀਬੀਸੀ ਆਈ ਨੇ ਬਰਾੜ ਤੋਂ ਇਸ ਬਾਰੇ ਪੁੱਛਗਿੱਛ ਕੀਤੀ, ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹੀ ਮਕਸਦ ਸੀ, ਪਰ ਉਸਨੇ ਇਹ ਸਵੀਕਾਰ ਕੀਤਾ ਕਿ ਸਪੱਸ਼ਟ ਸ਼ਬਦਾਂ ਵਿੱਚ ਗਿਰੋਹ ਦੇ ਕੰਮਕਾਜ ਲਈ ਅਜਿਹਾ ਕਈ ਕੁਝ ਜੁੜਿਆ ਹੋਇਆ ਹੁੰਦਾ ਹੈ.
"ਚਾਰ ਜੀਆਂ ਦੇ ਪਰਿਵਾਰ ਦਾ ਢਿੱਡ ਭਰਨ ਲਈ ਇੱਕ ਆਦਮੀ ਨੂੰ ਸਾਰੀ ਉਮਰ ਸੰਘਰਸ਼ ਕਰਨਾ ਪੈਂਦਾ ਹੈ। ਸਾਨੂੰ ਸੈਂਕੜੇ ਜਾਂ ਹਜ਼ਾਰਾਂ ਲੋਕਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਜੋ ਸਾਡੇ ਲਈ ਪਰਿਵਾਰ ਵਾਂਗ ਹਨ। ਸਾਨੂੰ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਲੈਣੀ ਪੈਂਦੀ ਹੈ।
ਉਸ ਦਾ ਕਹਿਣਾ ਹੈ, "ਪੈਸੇ ਕਮਾਉਣ ਲਈ। ਸਾਨੂੰ ਡਰਾਉਣਾ ਪੈਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ