ਆਧਾਰ ਜਾਂ ਪੈਨ ਕਾਰਡ ਗੁਆਚ ਜਾਵੇ ਤਾਂ ਕੀ ਕਰਨਾ ਚਾਹੀਦਾ, ਨਵਾਂ ਆਧਾਰ ਕਾਰਡ ਕਿਵੇਂ ਬਣਾਇਆ ਜਾਂਦਾ ਹੈ

    • ਲੇਖਕ, ਜੀਵੀ ਸਾਈਨਾਥ, ਜਕੁਲਾ ਬਲਾਇਆ
    • ਰੋਲ, ਬੀਬੀਸੀ ਪੱਤਰਕਾਰ

ਕਦੇ ਨਾ ਕਦੇ ਕਿਸੇ ਨਾਲ ਵੀ ਨਾ ਚਾਹੁੰਦੇ ਹੋਏ ਇਹ ਘਟਨਾ ਵਾਪਰ ਸਕਦੀ ਹੈ – ਤੁਹਾਡਾ ਕੋਈ ਜ਼ਰੂਰੀ ਦਸਤਾਵੇਜ਼ ਗੁਆਚ ਸਕਦਾ ਹੈ।

ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਅਧਾਰ ਕਾਰਡ ਜਾਂ ਪੈਨ ਕਾਰਡ ਜਿਹੇ ਜ਼ਰੂਰੀ ਦਸਤਾਵੇਜ਼ਾਂ ਦੇ ਗੁਆਚਣ ਉੱਤੇ ਕੀ ਕਰਨਾ ਹੈ।

ਆਧਾਰ ਕਾਰਡ ਗੁਆਚ ਜਾਏ ਤਾਂ

ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਕਈ ਭਲਾਈ ਸਕੀਮਾਂ ਅਤੇ ਹੋਰ ਯੋਜਨਾਵਾਂ ਲਈ ਅਧਾਰ ਕਾਰਡ ਦੀ ਲੋੜ ਹੁੰਦੀ ਹੈ।

ਆਧਾਰ ਕਾਰਡ ਦੀ ਵਰਤੋਂ ਪਤੇ ਦੀ ਤਸਦੀਕ ਲਈ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡਾ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਇਸ ਨੂੰ ਵਾਪਸ ਹਾਸਲ ਕਰਨ ਦੇ ਕਈ ਤਰੀਕੇ ਹਨ।

ਆਧਾਰ ਕਾਰਡ ਔਨਲਾਈਨ ਅਤੇ ਔਫਲਾਈਨ ਤਰੀਕਿਆਂ ਨਾਲ ਹਾਸਲ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਡਾ ਆਧਾਰ ਕਾਰਡ ਗੁੰਮ ਹੋ ਗਿਆ ਹੈ, ਤਾਂ ਤੁਸੀਂ uidai.gov.in ਵੈੱਬਸਾਈਟ 'ਤੇ ਜਾ ਸਕਦੇ ਹੋ ਅਤੇ ਆਪਣਾ ਆਧਾਰ ਕਾਰਡ ਦੁਬਾਰਾ ਡਾਊਨਲੋਡ ਕਰ ਸਕਦੇ ਹੋ।

ਇੱਕ ਵਾਰ ਆਧਾਰ ਦੀ ਵੈੱਬਸਾਈਟ ਖੋਲ੍ਹਣ ਤੋਂ ਬਾਅਦ, ਡੈਸ਼ਬੋਰਡ 'ਤੇ ਬਦਲਾਂ ਵਿੱਚੋਂ ਡਾਊਨਲੋਡ ਆਧਾਰ ਦੀ ਚੋਣ ਕਰੋ।

ਇਸ ਤੋਂ ਬਾਅਦ ਆਧਾਰ ਨੰਬਰ ਭਰੋ ਅਤੇ ਹੇਠਾਂ ਦਿੱਤਾ ਕੋਡ ਲਿਖੋ।

ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਫ਼ੋਨ ਨੰਬਰ ਨਾਲ ਲਿੰਕ ਹੈ, ਤਾਂ ਤੁਹਾਨੂੰ ਤੁਹਾਡੇ ਫ਼ੋਨ 'ਤੇ ਇੱਕ ਓਟੀਪੀ ਮਿਲੇਗਾ।

ਇਸ ਨੂੰ ਭਰਨ ਤੋਂ ਬਾਅਦ ਤੁਹਾਡਾ ਅਧਾਰ ਕਾਰਡ ਡਾਊਨਲੋਡ ਹੋ ਜਾਵੇਗਾ।

ਹਾਲਾਂਕਿ, ਇਹ ਸਭ ਤਾਂ ਹੀ ਹੈ ਜੇਕਰ ਤੁਹਾਡਾ ਫ਼ੋਨ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ। ਜੇਕਰ ਆਧਾਰ ਫ਼ੋਨ ਨੰਬਰ ਨਾਲ ਲਿੰਕ ਨਹੀਂ ਹੈ ਤਾਂ ਕੀ ਕਰਨਾ ਹੈ?

ਉਸ ਸਥਿਤੀ ਵਿੱਚ, ਤੁਹਾਨੂੰ ਓਫਲਾਈਨ ਆਧਾਰ ਕਾਰਡ ਲੈਣਾ ਪਵੇਗਾ।

ਤੁਸੀਂ ਸਰਕਾਰ ਦੁਆਰਾ ਅਧਿਕਾਰਤ ਆਧਾਰ ਨਾਮਾਂਕਣ ਕੇਂਦਰਾਂ 'ਤੇ ਜਾ ਸਕਦੇ ਹੋ, ਆਪਣੇ ਵੇਰਵੇ ਦੇ ਸਕਦੇ ਹੋ, ਅਤੇ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਇਸ ਦੇ ਲਈ ਕੁਝ ਫੀਸ ਦੇਣੀ ਪਵੇਗੀ।

ਵਰਤਮਾਨ ਵਿੱਚ, ਆਧਾਰ ਕਾਰਡ ਸੇਵਾਵਾਂ ਕੁਝ ਚੋਣਵੇਂ ਬੈਂਕਾਂ, ਡਾਕਘਰਾਂ, ਬੀਐੱਸਐੱਨਐੱਲ ਦਫਤਰਾਂ ਦੇ ਨਾਲ-ਨਾਲ ਕੁਝ ਹੋਰ ਚੋਣਵੇਂ ਸਰਕਾਰੀ ਕੇਂਦਰਾਂ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਤੁਹਾਨੂੰ ਆਪਣਾ ਫ਼ੋਨ ਨੰਬਰ ਆਪਣੇ ਆਧਾਰ ਕਾਰਡ ਨੰਬਰ ਨਾਲ ਲਿੰਕ ਕਰਨਾ ਪਵੇਗਾ। ਇੱਕ ਵਾਰ ਫ਼ੋਨ ਨੰਬਰ ਲਿੰਕ ਹੋ ਜਾਣ ਤੋਂ ਬਾਅਦ, ਤੁਸੀਂ ਉਸ ਨੰਬਰ 'ਤੇ ਪ੍ਰਾਪਤ ਹੋਏ ਓਟੀਪੀ ਦੇ ਆਧਾਰ 'ਤੇ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਧਾਰ ਕਾਰਡ ਨੰਬਰ ਯਾਦ ਨਹੀਂ ਹੈ, ਤਾਂ ਤੁਸੀਂ ਪ੍ਰਿੰਟ ਆਧਾਰ ਆਪਸ਼ਨ ਰਾਹੀਂ ਵੀ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹੋ। ਉਹ ਸਬੰਧਤ ਆਧਾਰ ਕੇਂਦਰਾਂ 'ਤੇ ਜਾਂਦੇ ਹਨ ਅਤੇ ਨਿੱਜੀ ਵੇਰਵੇ, ਜਿਵੇਂ ਕਿ ਪਿੰਨ ਕੋਡ ਦਰਜ ਕਰਦੇ ਹਨ।

ਜੇਕਰ ਵੇਰਵੇ ਮੇਲ ਖਾਂਦੇ ਹਨ, ਤਾਂ ਆਧਾਰ ਵੇਰਵੇ ਤੁਹਾਡੇ ਫਿੰਗਰਪ੍ਰਿੰਟ ਨੂੰ ਸਕੈਨ ਕਰਕੇ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਬਾਅਦ ਤੁਸੀਂ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

ਪੈਨ ਕਾਰਡ

ਵਿੱਤੀ ਗਤੀਵਿਧੀਆਂ, ਬੈਂਕਿੰਗ ਲੈਣ-ਦੇਣ ਅਤੇ ਹੋਰ ਮਾਮਲਿਆਂ ਲਈ ਪੈਨ ਕਾਰਡ ਲਾਜ਼ਮੀ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਵਾਪਸ ਹਾਸਲ ਕਰ ਸਕਦੇ ਹੋ।

ਨੈਸ਼ਨਲ ਸਿਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਵੈੱਬਸਾਈਟ onlineservices.nsdl.com 'ਤੇ ਜਾਓ ਅਤੇ ਰਿਕਵੈਸਟ ਫਾਰ ਰੀਪ੍ਰਿੰਟ ਪੈਨ ਕਾਰਡ 'ਤੇ ਕਲਿੱਕ ਕਰੋ।

ਫਿਰ ਵਿੰਡੋ ਵਿੱਚ, ਆਪਣਾ ਪੈਨ ਕਾਰਡ ਨੰਬਰ ਅਤੇ ਉਸ ਕਾਰਡ ਨਾਲ ਲਿੰਕ ਕੀਤਾ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ। ਤੁਹਾਨੂੰ ਆਪਣਾ ਜਨਮ ਮਹੀਨਾ ਅਤੇ ਸਾਲ ਦਰਜ ਕਰਕੇ ਜਮ੍ਹਾਂ ਕਰਵਾਉਣ ਦੀ ਲੋੜ ਹੈ।

ਫਿਰ ਇੱਕ ਹੋਰ ਵੈੱਬਪੇਜ ਖੁੱਲ੍ਹੇਗਾ। ਉੱਥੇ ਤੁਸੀਂ ਆਪਣੇ ਪੈਨ ਕਾਰਡ ਦੇ ਰੀਪ੍ਰਿੰਟ ਲਈ ਇੱਕ ਨਿਸ਼ਚਿਤ ਫੀਸ ਦੇ ਸਕਦੇ ਹੋ ਅਤੇ ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ।

ਪੈਨ ਕਾਰਡ ਔਫਲਾਈਨ ਵੀ ਪ੍ਰਾਪਤ ਕਰਨਾ ਸੰਭਵ ਹੈ। ਤੁਸੀਂ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ, ਸੀਐੱਸੀ ਕੇਂਦਰਾਂ, ਜਾਂ ਖੇਤਰੀ ਇਨਕਮ ਟੈਕਸ ਦਫਤਰਾਂ ਵਿੱਚ ਜਾ ਕੇ ਆਪਣੇ ਵੇਰਵੇ ਦੇ ਕੇ ਅਰਜ਼ੀ ਦੇ ਸਕਦੇ ਹੋ।

ਰਾਸ਼ਨ ਕਾਰਡ..

ਰਾਸ਼ਨ ਕਾਰਡ ਰੋਜ਼ਾਨਾ ਜ਼ਿੰਦਗੀ ਵਿੱਚ ਲੋੜੀਂਦੇ ਮੁੱਖ ਦਸਤਾਵੇਜ਼ਾਂ ਵਿੱਚੋਂ ਇੱਕ ਹੈ।

ਸਰਕਾਰ ਵੱਲੋਂ ਕਿਸੇ ਵੀ ਲਾਭ ਜਾਂ ਯੋਜਨਾ ਲਈ ਰਾਸ਼ਨ ਕਾਰਡ ਬਹੁਤ ਜ਼ਰੂਰੀ ਹੈ।

ਜੇਕਰ ਤੁਹਾਡਾ ਰਾਸ਼ਨ ਕਾਰਡ ਗੁੰਮ ਹੋ ਜਾਂਦਾ ਹੈ, ਭਾਵੇਂ ਇਹ ਹੜ੍ਹਾਂ ਵਿੱਚ ਵਹਿ ਗਿਆ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ, ਇਸ ਨੂੰ ਵਾਪਸ ਪ੍ਰਾਪਤ ਕਰਨਾ ਸੰਭਵ ਹੈ।

ਮਾਲ ਵਿਭਾਗ ਆਮ ਤੌਰ 'ਤੇ ਹੜ੍ਹਾਂ ਅਤੇ ਅੱਗ ਵਰਗੀਆਂ ਆਫ਼ਤਾਂ ਆਉਣ 'ਤੇ ਪੰਚਨਾਮਾ ਤਿਆਰ ਕਰਦਾ ਹੈ।

ਸਥਾਨਕ ਆਰਏ ਪੀੜਤ ਦੇ ਘਰ ਦਾ ਮੁਆਇਨਾ ਕਰੇਗਾ ਅਤੇ ਘਰ ਨੂੰ ਹੋਏ ਨੁਕਸਾਨ ਅਤੇ ਗੁੰਮ ਹੋਏ ਦਸਤਾਵੇਜ਼ਾਂ ਵਰਗੇ ਵੇਰਵੇ ਇਕੱਠੇ ਕਰੇਗਾ।

ਫਿਰ ਮੁਆਵਜ਼ੇ ਲਈ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ। ਦਸਤਾਵੇਜ਼ ਪ੍ਰਾਪਤ ਕਰਨ ਦੇ ਆਧਾਰ ਵਜੋਂ ਪੰਚਨਾਮੇ ਦੀ ਇੱਕ ਕਾਪੀ ਪ੍ਰਦਾਨ ਕੀਤੀ ਜਾਵੇਗੀ।

ਜੇਕਰ ਜਾਇਦਾਦ ਦੇ ਦਸਤਾਵੇਜ਼ ਗੁੰਮ ਹੋ ਜਾਂਦੇ ਹਨ..

ਅਣਕਿਆਸੀਆਂ ਘਟਨਾਵਾਂ ਕਾਰਨ ਗੁੰਮੇ ਜ਼ਮੀਨ ਦੇ ਦਸਤਾਵੇਜ਼ਾਂ ਨੂੰ ਮੁੜ ਹਾਸਲ ਕਰਨ ਦੀ ਵੀ ਸੰਭਾਵਨਾ ਹੈ।

ਜਾਇਦਾਦਾਂ ਦੇ ਸੰਬੰਧ ਵਿੱਚ, ਤੁਹਾਨੂੰ ਸਬ-ਰਜਿਸਟਰਾਰ ਦਫ਼ਤਰ ਵਿਖੇ "ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ" ਲਈ ਅਰਜ਼ੀ ਦੇਣੀ ਪਵੇਗੀ।

ਪ੍ਰਮਾਣਿਤ ਕਾਪੀਆਂ ਲਈ ਇੱਕ ਤੈਅ ਫੀਸ ਲਈ ਜਾਵੇਗੀ।

ਕਈ ਰਜਿਸਟ੍ਰੇਸ਼ਨ ਦਫ਼ਤਰਾਂ ਵੱਲੋਂ ਆਪਣੇ ਰਿਕਾਰਡ ਪਿਛਲੇ ਸਮੇਂ ਵਿੱਚ ਡਿਜੀਟਲਾਈਜ਼ ਕਰਵਾਏ ਗਏ ਹੁੰਦੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਮੁੜ ਹਾਸਲ ਕੀਤਾ ਜਾ ਸਕਦਾ ਹੈ।

ਵੱਧ ਪੁਰਾਣੇ ਰਿਕਾਰਡ ਕਢਵਾਉਣ ਲਈ ਕਾਫੀ ਸਮਾਂ ਲੱਗ ਸਕਦਾ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)