ਸ਼ੋਲੇ ਦੇ ਰਹੀਮ ਚਾਚਾ ਏ.ਕੇ. ਹੰਗਲ: ਭਗਤ ਸਿੰਘ ਦੀ ਫ਼ਾਂਸੀ ਰੋਕਣ ਦੀ ਮੁਹਿੰਮ ਨਾਲ ਜੁੜੇ, ਕਾਮਿਆਂ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ

ਤਸਵੀਰ ਸਰੋਤ, Getty Images
- ਲੇਖਕ, ਰਿਆਜ਼ ਸੋਹੈਲ
- ਰੋਲ, ਬੀਬੀਸੀ ਉਰਦੂ, ਕਰਾਚੀ
ਇਕ ਦਿਨ ਜਦੋਂ ਅਵਤਾਰ ਕ੍ਰਿਸ਼ਨ ਕਰਾਚੀ ਦੀ ਐੱਲਫਿਨਸਟਨ ਸਟਰੀਟ ਦੀ ਟੇਲਰਿੰਗ ਵਰਕਸ਼ਾਪ ’ਤੇ ਪਹੁੰਚੇ ਤਾਂ ਉਥੋਂ ਦੇ ਮਾਲਿਕ ਨੇ ਉਨ੍ਹਾਂ ਨੂੰ ਇੱਕ ਲਿਫਾਫਾ ਫੜਾ ਦਿੱਤਾ।
ਇਸ ਵਿੱਚ ਲਿਖਿਆ ਸੀ ਕਿ ਸਾਨੂੰ ਤੁਹਾਡੀਆਂ ਸੇਵਾਵਾਂ ਦੀ ਹੋਰ ਲੋੜ ਨਹੀਂ ਹੈ।... ਹੋਰ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਦੇ ਹੀ ਲਿਫਾਫੇ ਦਿੱਤੇ ਗਏ ਸਨ।
ਇਹ ਖ਼ਬਰ ਪੂਰੇ ਕਰਾਚੀ ਵਿੱਚ ਬਰੂਦ ਦੀ ਅੱਗ ਵਾਂਗ ਫੈਲ ਗਈ। ਸ਼ਹਿਰ ’ਚ ਦਰਜ਼ੀ ਕਿੱਤੇ ਨਾਲ ਜੁੜੇ ਸਾਰੇ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਦੂਜੇ ਦਿਨ ਹੀ ਸਾਰੇ ਦਰਜ਼ੀਆਂ ਨੇ ਪੂਰੇ ਸ਼ਹਿਰ ਵਿੱਚ ਹੜਤਾਲ ਕਰ ਦਿੱਤੀ।
ਕਰਾਚੀ ਵਿੱਚ ਸੰਨ 1946 ਦੌਰਾਨ ਇਹ ਦਰਜ਼ੀਆਂ ਦੀ ਪਹਿਲੀ ਹੜਤਾਲ ਸੀ।
ਇਸ ਦੀ ਅਗਵਾਈ ਦਰਜ਼ੀ ਯੂਨੀਅਨ ਦੇ ਪ੍ਰਧਾਨ ਏ.ਕੇ. ਹੰਗਲ ਕਰ ਰਹੇ ਸੀ, ਜੋ ਬਾਅਦ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬਣੇ।
ਸ਼ੋਲੇ ਫਿਲਮ ਵਿੱਚ ਉਨ੍ਹਾਂ ਨੇ ਰਹੀਮ ਚਾਚਾ ਦਾ ਮਸ਼ਹੂਰ ਕਿਰਦਾਰ ਨਿਭਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਸੰਵਾਦ ‘ਇਤਨਾ ਸੰਨਾਟਾ ਕਿਉਂ ਹੈ ਭਾਈ’ ਬਹੁਤ ਮਕਬੂਲ ਹੋਇਆ।
ਬ੍ਰਿਟਿਸ਼ ਅਫ਼ਸਰ ਦੇ ਘਰ ਬਾਗ਼ੀ ਦਾ ਜਨਮ

ਤਸਵੀਰ ਸਰੋਤ, Facebook/ Aroosul Bilad
ਅਵਤਾਰ ਕ੍ਰਿਸ਼ਨ ਹੰਗਲ, ਜੋ ਏ.ਕੇ. ਹੰਗਲ ਦੇ ਨਾਮ ਨਾਲ ਜਾਣੇ ਜਾਂਦੇ ਹਨ, ਦਾ ਜਨਮ ਪੱਛਮੀ ਪੰਜਾਬ ਦੇ ਸਿਆਲਕੋਟ ਵਿੱਚ ਹੋਇਆ।
ਇਥੇ ਉਨ੍ਹਾਂ ਦਾ ਨਾਨਕਾ ਘਰ ਸੀ। ਉਹ ਆਪਣੀ ਸਵੈ-ਜੀਵਨੀ ਵਿੱਚ ਲਿਖਦੇ ਹਨ ਕਿ ਉਨ੍ਹਾਂ ਦਾ ਮਾਮਾ ਖੱਦਰ ਪਾਉਣ ਵਾਲੇ ਰਾਸ਼ਟਰਵਾਦੀ ਸੀ।
ਉਨ੍ਹਾਂ ਦੇ ਗੁਆਂਢ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ, ਜਿਸ ਨੂੰ ਆਰੀਆ ਸਮਾਜੀ ਰਾਸ਼ਟਰਵਾਦੀ ਚਲਾਉਂਦੇ ਸੀ ਅਤੇ ਉਨ੍ਹਾਂ ਦੇ ਮਾਮਾ ਵੀ ਉਨ੍ਹਾਂ ਦੇ ਨਾਲ ਹੀ ਜੁੜੇ ਹੋਏ ਸਨ।
ਏ.ਕੇ. ਹੰਗਲ ਦੇ ਬਚਪਨ ਵਿੱਚ ਹੀ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਵੱਡੀ ਭੈਣ ਨੇ ਪਾਲਿਆ।
ਉਨ੍ਹਾਂ ਦਾ ਸਬੰਧ ਕਸ਼ਮੀਰੀ ਪੰਡਿਤ ਘਰਾਣੇ ਨਾਲ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਪਹਿਲਾਂ ਸ੍ਰੀਨਗਰ ਤੋਂ ਲਖਨਊ ਆ ਕੇ ਵਸੇ।
ਇਸ ਤੋਂ ਬਾਅਦ ਇਨ੍ਹਾਂ ਦੇ ਦਾਦਾ ਪੰਡਿਤ ਦਇਆ ਕਿਸ਼ਨ ਪੇਸ਼ਾਵਰ ਆ ਗਏ।
ਏ.ਕੇ. ਹੰਗਲ ਅਨੁਸਾਰ, ਉਨ੍ਹਾਂ ਦੇ ਦਾਦਾ ਪੇਸ਼ਾਵਰ ਦੇ ਪਹਿਲੇ ਮੈਜਿਸਟ੍ਰੇਟ ਸੀ। ਉਨ੍ਹਾਂ ਦੇ ਦਾਦੇ ਦੇ ਚਚੇਰੇ ਭਰਾ ਜਸਟਿਸ ਸ਼ੰਭੂਨਾਥ ਪੰਡਿਤ ਬੰਗਾਲ ਹਾਈ ਕੋਰਟ ਦੇ ਪਹਿਲੇ ਭਾਰਤੀ ਜੱਜ ਰਹੇ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਨੇ ਹੀ ਵਾਇਸਰਾਏ ਨੂੰ ਖ਼ਤ ਲਿਖ ਕੇ ਦਾਦੇ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ।
ਆਪਣੇ ਸਮੇਂ ਦੇ ਪੇਸ਼ਾਵਰ ਸ਼ਹਿਰ ਨੂੰ ਯਾਦ ਕਰਦਿਆਂ ਏ.ਕੇ. ਹੰਗਲ ਲਿਖਦੇ ਹਨ ਕਿ ਪੇਸ਼ਾਵਰ ਕਿਲ੍ਹਿਆਂ ਵਾਲਾ ਸ਼ਹਿਰ ਸੀ ਅਤੇ ਸ਼ਹਿਰੀ ਆਬਾਦੀ ਨੂੰ ਬ੍ਰਿਟਿਸ਼ ਛਾਊਣੀ ਵੱਖਰਾ ਕਰਦੀ ਸੀ।
ਇਹ ਸ਼ਹਿਰ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਇਥੇ ਬਹੁ-ਗਿਣਤੀ ਆਬਾਦੀ ਮੁਸਲਮਾਨਾਂ ਦੀ ਸੀ।
ਇਸ ਤੋਂ ਇਲਾਵਾ ਹਿੰਦੂ ਆਬਾਦੀ ਵੀ ਸੀ। ਉਨ੍ਹਾਂ ਦਾ ਘਰ ਰੈਯਤੀ ਗੇਟ ਦੇ ਸਾਹਮਣੇ ਹੁੰਦਾ ਸੀ। ਇਹ ਇੱਕ-ਦੋ ਮੰਜ਼ਿਲਾ ਇਮਾਰਤ ਸੀ ਜਿਸ ਵਿੱਚ ਉਹ ਕਿਰਾਏ ’ਤੇ ਰਹਿੰਦੇ ਸਨ।
ਏ.ਕੇ. ਹੰਗਲ ਨੂੰ ਧਾਰਮਿਕ ਸਦਭਾਵਨਾ ਸ਼ੁਰੂਆਤੀ ਸਿੱਖਿਆ ਦੌਰਾਨ ਹੀ ਮਿਲ ਚੁੱਕੀ ਸੀ। ਉਨ੍ਹਾਂ ਦੇ ਅਨੁਸਾਰ, ਉਹ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਦੇ ਸੀ, ਜੋ ਕਿ ਇੱਕ ਕਿਲ੍ਹੇ ਦੇ ਸਾਹਮਣੇ ਸੀ।
ਇਥੇ ਉਨ੍ਹਾਂ ਨੇ ਸਿੱਖ ਧਰਮ ਦੀਆਂ ਵੀ ਕੁਝ ਗੱਲਾਂ ਸਿੱਖੀਆਂ। ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਵਿੱਚ ਇਸਲਾਮ ਧਰਮ ਦੀ ਜਾਣਕਾਰੀ ਲਈ ਸੀ, ਜਦਕਿ ਘਰ ਵਿੱਚ ਹਿੰਦੂ ਧਰਮ ਦੇ ਰਹੁ-ਰੀਤਾਂ ਦੀ ਪਾਲਣਾ ਹੁੰਦੀ ਸੀ।
ਏ.ਕੇ. ਹੰਗਲ ਜਦੋਂ ਹੋਸ਼ ਸੰਭਾਲ ਰਹੇ ਸੀ ਤਾਂ ਉਸ ਸਮੇਂ ਖ਼ੈਬਰ ਪਖਤੂਨਖਵਾ ਵਿੱਚ ਖ਼ਾਨ ਅਬਦੁਲ ਗੱਫ਼ਾਰ ਖ਼ਾਨ ਉਰਫ਼ ਬਾਦਸ਼ਾਹ ਜਾਂ ਬਾਚਾ ਖ਼ਾਨ ਦੀ ਖ਼ੁਦਾਈ ਖ਼ਿਦਮਤਗਾਰ ਲਹਿਰ ਜ਼ੋਰਾਂ ਉੱਤੇ ਚੱਲ ਰਹੀ ਸੀ।
ਬਾਦਸ਼ਾਹ ਖਾਨ ਗਾਂਧੀ ਦੇ ਸਾਥੀ ਸਮਝੇ ਜਾਂਦੇ ਹਨ। ਇਸ ਸਮੇਂ ਕ੍ਰਾਂਤੀਕਾਰੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗ੍ਰਿਫਤਾਰ ਹੋ ਚੁੱਕੇ ਸੀ।
ਉਨ੍ਹਾਂ ਦੋਵੇਂ ਸ਼ਖ਼ਸੀਅਤਾਂ ਦੀ ਜੱਦੋ-ਜਹਿਦ ਨੇ ਏ.ਕੇ. ਹੰਗਲ ਨੂੰ ਬਚਪਨ ਵਿੱਚ ਪ੍ਰਭਾਵਿਤ ਕੀਤਾ ਅਤੇ ਉਹ ਆਜ਼ਾਦੀ ਅੰਦੋਲਨ ਨਾਲ ਜੁੜ ਗਏ ਸੀ।
ਉਹ ਲਿਖਦੇ ਹਨ, “ਇੱਕ ਦਿਨ ਸਕੂਲ ਦੇ ਬਾਹਰੋਂ ਕਿਸਾਨਾਂ ਦਾ ਜਲੂਸ ਲੰਘਦਾ ਹੋਇਆ ਦੇਖਿਆ। ਉਨ੍ਹਾਂ ਨੇ ਲਾਲ ਕਮੀਜ਼ ਪਾਈ ਹੋਈ ਸੀ ਅਤੇ ਇੱਕ ਲੰਬੇ ਕੱਦ ਦਾ ਪਠਾਨ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇਹ ਖ਼ਾਨ ਅਬਦੁਲ ਗੱਫ਼ਾਰ ਖ਼ਾਨ ਸੀ। ਉਹ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਉਸੇ ਸਾਲ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।”
ਭਗਤ ਸਿੰਘ ਲਈ ਰਹਿਮ ਦੀ ਅਪੀਲ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਤਾਂਕਿ ਵਾਇਸਰਾਏ ਨੂੰ ਭੇਜ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।
ਇਸ ਮੁਹਿੰਮ ’ਚ ਏ.ਕੇ. ਹੰਗਲ ਵੀ ਸ਼ਾਮਲ ਹੋਏ ਪਰ ਬਰਤਾਨਵੀ ਸਰਕਾਰ ਆਪਣੀ ਗੱਲ ’ਤੇ ਅੜੀ ਰਹੀ ਸੀ ਕਿ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ ਅਤੇ ਇੱਕ ਦਿਨ ਭਗਤ ਸਿੰਘ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ।
ਏ.ਕੇ. ਹੰਗਲ ਲਿਖਦੇ ਹਨ ਕਿ ਜਦੋਂ ਬ੍ਰਿਟਿਸ਼ ਸਰਕਾਰ ਨੇ ਭਗਤ ਸਿੰਘ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਤਾਂ ਉਦੋਂ ਸ਼ਹਿਰ ਵਿੱਚ ਕ੍ਰਾਂਤੀਕਾਰੀ ਸਰਗਰਮੀਆਂ ਸ਼ੁਰੂ ਹੋ ਗਈਆਂ।

ਉਹ ਖੁਫ਼ੀਆ ਸੰਦੇਸ਼ ਭੇਜਣ ਲਈ ਬਤੌਰ ਕੂਰੀਅਰ ਕੰਮ ਕਰਦੇ ਸਨ।
ਇਕ ਦਿਨ ਉਨ੍ਹਾਂ ਦੇ ਪਿਤਾ, ਜੋ ਬਰਤਾਨੀ ਕਰਮਚਾਰੀ ਸੀ, ਨੂੰ ਪੁਲੀਸ ਦੇ ਜ਼ਰੀਏ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ ਹੰਗਲ ਨੂੰ ਸਖ਼ਤੀ ਨਾਲ ਇਸ ਸਭ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਅਤੇ ਨਸੀਹਤ ਦਿੱਤੀ ਕਿ ਖੱਦਰ ਪਹਿਨ ਲਓ ਪਰ ਇਨ੍ਹਾਂ ਗਤੀਵਿਧੀਆਂ ਤੋਂ ਦੂਰ ਰਹੋ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਨੂੰ ਯਾਦ ਹੈ ਕਿ 23 ਮਾਰਚ 1931 ਦੇ ਦਿਨ ਸ਼ਾਹੀ ਬਾਗ ’ਚ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਜਦੋਂ ਸ਼ੋਕ ਸਭਾ ਕਰਵਾਈ ਗਈ ਸੀ ਤਾਂ ਇਸ ਮੌਕੇ ’ਤੇ ਇਕ ਪਸ਼ਤੋ ਸ਼ਾਇਰ ਨੇ ਅਜਿਹੀ ਸ਼ਾਇਰੀ ਸੁਣਾਈ ਕਿ ਸਾਰੇ ਜਣੇ ਰੋਣ ਲੱਗ ਪਏ।
ਇਸ ਦੀ ਆਖਰੀ ਲਾਈਨ ਸੀ, ਸਰਦਾਰ ਭਗਤ ਸੰਗਤ ਸਰਦਾਰ ਭਗਤ ਸਿੰਘ। ਉਸ ਸਭਾ ਨੂੰ ਕਾਂਗਰਸ ਦੇ ਨੇਤਾ ਅਬਦੁਲ ਰਬ ਨਸ਼ਤਰ ਨੇ ਵੀ ਸੰਬੋਧਨ ਕੀਤਾ ਸੀ।
ਕਿੱਸਾ ਖ਼ਵਾਨੀ ਬਾਜ਼ਾਰ ’ਚ ਕਤਲੇਆਮ

ਤਸਵੀਰ ਸਰੋਤ, Getty Images
ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ’ਚ ਇੱਕ ਯਾਦਗਾਰ ਮੌਜੂਦ ਹੈ। ਇਸ ਸਥਾਨ ਦਾ ਇੱਕ ਖੂਨੀ ਅਤੀਤ ਰਿਹਾ ਹੈ। ਇਸ ਦੇ ਨਾਲ ਹੁਣ ਦੁਆ ਕਰਨ ਵਾਲੇ ਹੱਥ ਵੀ ਬਣਾਏ ਗਏ ਹਨ।
ਏ.ਕੇ. ਹੰਗਲ 23 ਅਪਰੈਲ 1930 ਨੂੰ ਕਿੱਸਾ ਖ਼ਵਾਨੀ ਬਾਜ਼ਾਰ ’ਚ ਹੋਣ ਵਾਲੇ ਇਸ ਕਤਲੇਆਮ ਦੇ ਵੀ ਚਸ਼ਮਦੀਦ ਗਵਾਹ ਸੀ।
ਹੰਗਲ ਲਿਖਦੇ ਹਨ,“ ਜਦੋਂ ਬਾਚਾ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਲਈ ਲੋਕ ਇਕੱਤਰ ਹੋਏ ਤਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ ਗਈ ਸੀ।
ਇਸ ’ਚ ਸਰਕਾਰੀ ਅੰਕੜਿਆਂ ਅਨੁਸਾਰ 20 ਜਣਿਆਂ ਦੀ ਜਾਨ ਗਈ ਸੀ, ਜਦਕਿ ਗੈਰ-ਸਰਕਾਰੀ ਅੰਕੜਿਆਂ ਦੀ ਗਿਣਤੀ 200 ਦੇ ਆਸ-ਪਾਸ ਸੀ।
ਏ.ਕੇ. ਹੰਗਲ ਅਨੁਸਾਰ ਕਿੱਸਾ ਖ਼ਵਾਨੀ ਬਾਜ਼ਾਰ ਦੇ ਦੋਵੇਂ ਪਾਸੇ ਦੁਕਾਨਾਂ ਹੁੰਦੀਆਂ ਸਨ। ਇਥੇ ਤਰਬੂਜ਼, ਤਾਜ਼ਾ ਫਲ ਅਤੇ ਸੁੱਕੇ ਮੇਵੇ ਮਿਲਦੇ ਸਨ।
ਬਚਪਨ ਦੀ ਇੱਕ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੋਇਆ ਇਹ ਕਿ ਇਕ ਦਿਨ ਗਰਮੀ ਦੇ ਦਿਨਾਂ ’ਚ ਸਕੂਲ ਦੇ ਵੱਡੇ ਬੱਚੇ ਗੱਲ ਕਰ ਰਹੇ ਸਨ ਕਿ ਅੱਜ ਕਾਬੁਲੀ ਗਲੀ ’ਚ ਕੋਈ ਪ੍ਰਦਰਸ਼ਨ ਹੋਵੇਗਾ।
ਉਹ ਵੀ ਉਥੇ ਚਲੇ ਗਏ। ਚਾਰੇ ਪਾਸੇ ਭੀੜ ਸੀ। ਜਿਵੇਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।
“ਪੁਲਿਸ ਨੇ ਕਾਬੁਲੀ ਗੇਟ ਬੰਦ ਕਰ ਦਿੱਤਾ। ਅਧਿਕਾਰੀ ਨੇੜਲੇ ਕੈਂਟੋਨਮੈਂਟ ਦੇ ਸੰਪਰਕ ’ਚ ਸੀ। ਇਸੇ ਦੌਰਾਨ ਫੌਜ ਦਾ ਟਰੱਕ ਪੁੱਜ ਗਿਆ ਅਤੇ ਹਥਿਆਰਬੰਦ ਸਿਪਾਹੀਆਂ ਨੇ ਬੰਦੂਕਾਂ ਪ੍ਰਦਰਸ਼ਨਕਾਰੀਆਂ ਵੱਲ ਤਾਣ ਦਿੱਤੀਆਂ ਪਰ ਕੋਈ ਨਹੀਂ ਡਰਿਆ ਤੇ ਅੱਗੇ ਵਧਦੇ ਗਏ।”
“ਉਨ੍ਹਾਂ ਦਾ ਸਬੰਧ ਗੜਵਾਲ ਰੈਜੀਮੈਂਟ ਨਾਲ ਸੀ, ਜਿਸ ਦੀ ਅਗਵਾਈ ਚੰਦਰ ਸਿੰਘ ਗੜਵਾਲੀ ਕਰ ਰਹੇ ਸੀ। ਬ੍ਰਿਟਿਸ਼ ਸੈਨਿਕਾਂ ਨੇ ਘੇਰਾ ਪਾ ਲਿਆ ਅਤੇ ਉਨ੍ਹਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ। ਇਸ ’ਚ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ।”
ਉਸ ਦਿਨ ਉਨ੍ਹਾਂ ਨੇ ਸੜਕਾਂ ’ਤੇ ਖੂਨ ਦੇਖਿਆ, ਜੋ ਦੇਸ਼ ਪ੍ਰੇਮੀ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦਾ ਸੀ।
ਏ.ਕੇ. ਹੰਗਲ ਲਿਖਦੇ ਹਨ ਕਿ ਜਦੋਂ ਲੋਕ ਖਿੰਡ ਗਏ ਅਤੇ ਉਹ ਘਰਾਂ ਵੱਲ ਪਰਤੇ ਤਾਂ ਉਨ੍ਹਾਂ ਦੇ ਕੱਪੜਿਆਂ ’ਤੇ ਖੂਨ ਦੇ ਦਾਗ ਸਨ।
ਜਦੋਂ ਉਹ ਘਰ ਪਹੁੰਚੇ ਤਾਂ ਕਿਸੇ ਨੇ ਵੀ ਉਨ੍ਹਾਂ ਦੇ ਕਿੱਸਾ ਖ਼ਵਾਨੀ ਬਾਜ਼ਾਰ ਜਾਣ ’ਤੇ ਖੁਸ਼ੀ ਜ਼ਾਹਿਰ ਨਹੀਂ ਕੀਤੀ।
“ਪਿਤਾ ਜੀ ਜਦੋਂ ਵਾਪਸ ਆਏ ਤਾਂ ਉਹ ਗੁੱਸੇ ’ਚ ਸੀ। ਉਨ੍ਹਾਂ ਦੇ ਮਨ ’ਚ ਇੱਕ ਹੋਰ ਡਰ ਵੀ ਸੀ ਕਿਉਂਕਿ ਅਜਿਹੇ ਅਧਿਕਾਰੀ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਸਰਕਾਰ ਦੇ ਖ਼ਿਲਾਫ਼ ਗਤੀਵਿਧੀਆਂ ’ਚ ਸ਼ਾਮਲ ਹੋਵੇ, ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਸੀ।”
ਜੱਜਾਂ ਤੇ ਕਮਿਸ਼ਨਰਾਂ ਦਾ ਪਰਿਵਾਰ ਕੀ ਦਰਜ਼ੀ ਦਾ ਕੰਮ ਕਰੇਗਾ?

ਤਸਵੀਰ ਸਰੋਤ, Getty Images
ਏ.ਕੇ. ਹੰਗਲ ਨੇ ਦਸਵੀਂ ਦੀ ਪੜ੍ਹਾਈ ਤੀਜੇ ਦਰਜੇ ’ਚ ਪਾਸ ਕੀਤੀ।
ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਸਰਕਾਰੀ ਨੌਕਰੀ ਕਰਨ ਅਤੇ ਚੀਫ ਕਮਿਸ਼ਨਰ ਨੂੰ ਅਰਜ਼ੀ ਦੇਣ ਕਿਉਂਕਿ ਸਰਕਾਰੀ ਕਰਮਚਾਰੀਆਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾਂਦੀ ਸੀ ਪਰ ਉਨ੍ਹਾਂ ਨੇ ਅਜਿਹਾ ਕਰਨਾ ਜ਼ਰੂਰੀ ਨਹੀਂ ਸਮਝਿਆ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਦੇ ਪਿਤਾ ਦੇ ਇਕ ਦੋਸਤ, ਜੋ ਇੰਗਲੈਂਡ ਤੋਂ ਆਏ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬੇਟਾ “ਤੁਸੀਂ ਦਰਜ਼ੀ ਦਾ ਕੰਮ ਕਿਉਂ ਨਹੀਂ ਸਿੱਖਦੇ? ਇਹ ਕੰਮ ਦਾ ਤੁਸੀਂ ਅਜ਼ਾਦ ਰਹਿ ਕੇ ਵੀ ਕਰ ਸਕਦੇ ਹੋ ਅਤੇ ਇਹ ਕਾਰੋਬਾਰ ਹੋਰ ਵਧੇਗਾ।”
“ਉਨ੍ਹਾਂ ਨੇ ਕਿਹਾ ਕਿ ਉਹ ਇੰਗਲੈਂਡ ’ਚ ਸਿਖਲਾਈ ਦਿਵਾ ਸਕਦੇ ਹਨ। ਫਿਰ ਉਹ ਪੇਸ਼ਾਵਰ ਵਾਪਸ ਆ ਜਾਣ, ਜਿਥੇ ਇਸ ਦੀ ਮੰਗ ਹੈ।”
ਉਨ੍ਹਾਂ ਨੂੰ ਇਹ ਸਲਾਹ ਪਸੰਦ ਆਈ ਪਰ ਪਿਤਾ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਕਿ ਜੱਜਾਂ ਅਤੇ ਕਮਿਸ਼ਨਰਾਂ ਦਾ ਪਰਿਵਾਰ ਕੀ ਹੁਣ ਦਰਜ਼ੀ ਦਾ ਕੰਮ ਕਰੇਗਾ।
“ਜੇ 500 ਰੁਪਏ ਨਾ ਮੋੜੇ ਤਾਂ ਪਰਿਵਾਰ ਦਾ ਮੂੰਹ ਵੀ ਨਾ ਦੇਖੀਂ”

ਤਸਵੀਰ ਸਰੋਤ, Getty Images
ਨਿਰਾਸ਼ ਹੋ ਕੇ ਹੰਗਲ ਦਿੱਲੀ ਚਲੇ ਗਏ, ਜਿੱਥੇ ਉਨ੍ਹਾਂ ਦੀ ਭੈਣ ਰਹਿੰਦੀ ਸੀ।
ਉਨ੍ਹਾਂ ਦੇ ਜੀਜਾ ਉਨ੍ਹਾਂ ਨੂੰ ਇੱਕ ਦਰਜ਼ੀ ਦੇ ਕੋਲ ਲੈ ਗਏ, ਜੋ ਅੰਗਰੇਜ਼ੀ ਸਟਾਇਲ ਵਿੱਚ ਸੂਟ ਬਣਾਉਂਦੇ ਸੀ। ਉਸ ਨੇ ਕਿਹਾ ਕਿ ਉਹ 500 ਰੁਪਏ ਲਵੇਗਾ ਤੇ ਇਹ ਟਰੇਨਿੰਗ ਦੋ ਸਾਲ ਤੱਕ ਜਾਰੀ ਰਹੇਗੀ।
ਹੰਗਲ ਲਿਖਦੇ ਹਨ ਕਿ ਉਹ ਇੱਕ ਵੱਡੀ ਰਕਮ ਸੀ। ਉਨ੍ਹਾਂ ਨੇ ਮਦਦ ਲਈ ਪਿਤਾ ਨੂੰ ਚਿੱਠੀ ਲਿਖੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਦੂਜੀ ਚਿੱਠੀ ਲਿਖੀ ਤਾਂ ਪਿਤਾ ਨੇ ਇਸ ਚਿਤਾਵਨੀ ਨਾਲ ਰਕਮ ਭੇਜੀ ਕਿ ਜੇ ਪੈਸੇ ਵਾਪਸ ਨਾ ਕੀਤੇ ਤਾਂ ਪਰਿਵਾਰ ਦਾ ਮੂੰਹ ਵੀ ਨਾ ਦੇਖੀਂ।
ਦੋ ਸਾਲ ਦਿੱਲੀ ’ਚ ਗੁਜ਼ਾਰ ਕੇ ਉਹ ਪੇਸ਼ਾਵਰ ਆ ਗਏ। ਇਥੇ ਉਨ੍ਹਾਂ ਨੇ ਆਪਣੀ ਦੁਕਾਨ ਖੋਲ੍ਹੀ ਅਤੇ ਆਪਣੀ ਜ਼ਿੰਦਗੀ ਵਿੱਚ ਵੀ ਬਦਲਾਅ ਲਿਆਂਦਾ।
ਖਾਦੀ ਛੱਡ ਦਿੱਤੀ ਤੇ ਚੰਗੇ ਆਧੁਨਿਕ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਗਾਹਕ ’ਤੇ ਇਸ ਦਾ ਅਸਰ ਪਏ।
ਪ੍ਰੋਫੇਸ਼ਨਲ ਜ਼ਿੰਦਗੀ ’ਚ ਕਦਮ ਰੱਖਦਿਆਂ ਹੀ ਪਿਤਾ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਿਫਾਰਿਸ਼ ਕੀਤੀ ਅਤੇ ਉਨ੍ਹਾਂ ਨੇ ਇਸ ਨੂੰ ਮੰਨ ਲਿਆ।
ਸਟੇਜ ਡਰਾਮਾ ਤੇ ਗਾਇਕੀ ਦੇ ਸ਼ੌਂਕ ਬਾਰੇ ਉਹ ਕਹਿੰਦੇ ਹਨ,“ ਬਚਪਨ ਵਿੱਚ ਪਿਤਾ ਮੈਨੂੰ ਸੰਗੀਤ ਦੀਆਂ ਮਹਿਫਲਾਂ ਵਿੱਚ ਲੈ ਜਾਂਦੇ ਸਨ। ਉਨ੍ਹਾਂ ਦੇ ਨਾਲ-ਨਾਲ ਮੇਰਾ ਵੀ ਸੰਗੀਤ ਨਾਲ ਮੋਹ ਪੈ ਗਿਆ।”
ਉਹ ਖ਼ੁਦ ਬਾਂਸਰੀ ਵਜਾਉਂਦੇ ਸਨ। ਗਰਮੀ ਦੀ ਰੁੱਤ ਵਿੱਚ ਜਦੋਂ ਅੰਗਰੇਜ਼ ਆਪਣੇ ਦਫ਼ਤਰ ਨਥੀਆ ਗਲੀ ਦੇ ਠੰਢੇ ਇਲਾਕੇ ’ਚ ਤਬਦੀਲ ਕਰ ਲੈਂਦੇ ਤਾਂ ਉਹ ਵੀ ਪਿਤਾ ਦੇ ਨਾਲ ਚਲੇ ਜਾਂਦੇ ਅਤੇ ਉਥੇ ਵਾਦੀਆਂ ’ਚ ਬਾਂਸਰੀ ਵਜਾਉਂਦੇ ਸੀ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਨੇ ਉਸਤਾਦ ਖੁਦਾ ਬਖ਼ਸ਼ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮਹਾਰਾਜ ਵਾਸ਼ਿੰਦਾਸ ਤੋਂ ਤਬਲਾ ਵਜਾਉਣਾ ਸਿੱਖਿਆ।
ਉਹ ਮਿਊਜ਼ਿਕ ਅਤੇ ਡਰਾਮਾ ਕਲੱਬ ਸ੍ਰੀ ਸੰਗੀਤਪ੍ਰਿਅ ਮੰਡਲ ਦੇ ਮੈਂਬਰ ਬਣ ਗਏ। ਉਨ੍ਹਾਂ ਨੇ ਪਹਿਲਾ ਡਰਾਮਾ ਉਰਦੂ ’ਚ ਕੀਤਾ, ਜਿਸ ਦਾ ਨਾਮ ਸੀ ‘ਜ਼ਾਲਿਮ ਕੰਸ’।
ਪੇਸ਼ਾਵਰ ’ਚ ਸੰਨ 1935 ’ਚ ਰੇਡਿਓ ਸਟੇਸ਼ਨ ਬਣਿਆ ਤਾਂ ਏ.ਕੇ. ਹੰਗਲ ਨੇ ਉਥੇ ਗਾਉਣਾ ਸ਼ੁਰੂ ਕਰ ਦਿੱਤਾ। ਉਹ ਦੱਸਦੇ ਹਨ ਕਿ ਉਸ ਸਮੇਂ ਆਡੀਓ ਬੈਲੇਂਸ ਅਤੇ ਮਿਕਸਿੰਗ ਦੀ ਕੋਈ ਕਲਪਨਾ ਤੱਕ ਨਹੀਂ ਸੀ।
ਬਸ ਇੱਕ ਮਾਈਕ੍ਰੋਫੋਨ ਹੁੰਦਾ ਸੀ। ਸਾਰੇ ਸੰਗੀਤ ਦੇ ਯੰਤਰ ਉਸ ਦੇ ਨਾਲ ਹੁੰਦੇ ਸੀ ਅਤੇ ਰੌਲੇ ’ਚ ਗਾਇਕ ਦੀ ਆਵਾਜ਼ ਬੈਠ ਜਾਂਦੀ ਸੀ।
ਕਰਾਚੀ ਵਿੱਚ ਵੀ ਕਿਸਮਤ ਨਹੀਂ ਜਾਗੀ

ਤਸਵੀਰ ਸਰੋਤ, Getty Images
ਏ.ਕੇ. ਹੰਗਲ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੇਸ਼ਾਵਰ ’ਚ ਉਨ੍ਹਾਂ ਦਾ ਦਰਜ਼ੀ ਦਾ ਕੰਮ ਸਫ਼ਲ ਨਹੀਂ ਹੋ ਸਕਿਆ, ਇਸ ਲਈ ਪਿਤਾ ਨੇ ਸਲਾਹ ਦਿੱਤੀ ਕਿ ਉਹ ਕਰਾਚੀ ਚਲੇ ਜਾਣ।
ਉਹ ਦਰਜ਼ੀ ਦੇ ਕੰਮ ਨਾਲ ਜੁੜੀ ਮਾਰਕੀਟ ਜਾਂਚਣ ਲਈ ਕਰਾਚੀ ਪਹੁੰਚੇ। ਫਿਰ ਵਾਪਸ ਆ ਕੇ ਪੇਸ਼ਾਵਰ ਨੂੰ ਅਲਵਿਦਾ ਕਿਹਾ ਅਤੇ ਪਿਤਾ, ਪਤਨੀ ਤੇ ਬੇਟੇ ਨਾਲ ਕਰਾਚੀ ਚਲੇ ਗਏ। ਉਨ੍ਹਾਂ ਦੇ ਅਨੁਸਾਰ ਇਹ ਸੰਨ 1940 ਦੀ ਗੱਲ ਸੀ।
ਕਰਾਚੀ ਦੀ ਆਕਸਫੋਰਡ ਸਟਰੀਟ ਸਮਝੀ ਜਾਣ ਵਾਲੀ ਐਲਫਿਨਸਟਨ ਸਟਰੀਟ ’ਤੇ ਏ.ਕੇ. ਹੰਗਲ ਨੇ ਦੁਕਾਨ ਖੋਲ੍ਹੀ, ਜੋ ਉਸ ਸਮੇਂ ਦਾ ਪੌਸ਼ ਅਤੇ ਫੈਸ਼ਨੇਬਲ ਇਲਾਕਾ ਸੀ।
ਏ.ਕੇ. ਹੰਗਲ ਅਨੁਸਾਰ ਕਰਾਚੀ ਬਾਰੇ ਉਨ੍ਹਾਂ ਦੀ ਰਾਇ ਇਹ ਵੀ ਸੀ ਕਿ ਉਹ ਆਧੁਨਿਕ ਤੇ ਆਰਥਿਕ ਕੇਂਦਰ ਹੈ, ਜਿੱਥੇ ਸੜਕਾਂ ਚੌੜੀਆਂ ਸਨ ਅਤੇ ਫੁਟਪਾਥ ਬਣੇ ਹੋਏ ਸੀ।
ਇਥੇ ਉਨ੍ਹਾਂ ਨੇ ਪਹਿਲੀ ਵਾਰ ਲੜਕੀਆਂ ਨੂੰ ਮਾਡਰਨ ਕੱਪੜਿਆਂ ’ਚ ਦੇਖਿਆ, ਜਿਨ੍ਹਾਂ ਵਿੱਚ ਸਿੰਧੀ ਹਿੰਦੂ ਲੜਕੀਆਂ ਵੀ ਸੀ।
ਇਸ ਸਮੇਂ ਪੇਸ਼ਾਵਰ ਵਿੱਚ ਲੜਕੀਆਂ ਸਲਵਾਰ-ਕਮੀਜ਼ ਪਹਿਨਦੀਆਂ ਸਨ।
ਕਰਾਚੀ ’ਚ ਵੀ ਹੰਗਲ ਦੀ ਕਿਸਮਤ ਦਾ ਤਾਰਾ ਨਹੀਂ ਚਮਕ ਸਕਿਆ ਅਤੇ ਆਖਿਰ ’ਚ ਉਨ੍ਹਾਂ ਨੂੰ ਇਹ ਦੁਕਾਨ ਬੰਦ ਕਰਨੀ ਪਈ।
ਇੱਕ ਦਿਨ ਇੱਕ ਦੋਸਤ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਹਿਰ ’ਚ ਇੱਕ ਵੱਡੀ ਕੰਪਨੀ ਇਸ਼ਵਰ ਦਾਸ ਐਂਡ ਸੰਨਜ਼ ਦੇ ਕੋਲ ਇੱਕ ‘ਕਟਰ’ (ਕੱਪੜੇ ਕੱਟਣ ਵਾਲੇ ਹੁੰਨਰਮੰਦ) ਦੀ ਜਗ੍ਹਾ ਖਾਲੀ ਹੈ।
ਉਹ ਇੱਕ ਚੰਗੇ ਕੱਪੜੇ ਪਾ ਕੇ ਉਥੇ ਗਏ। ਮਾਲਿਕ ਨੇ ਇਹ ਦੇਖ ਕੇ ਕਿ ਉਹ ਇਕ ਪੜ੍ਹਿਆ-ਲਿਖਿਆ ਵਿਅਕਤੀ ਹੈ, ਉਨ੍ਹਾਂ ਨੂੰ 400 ਰੁਪਏ ਮਹੀਨੇ ’ਤੇ ਨੌਕਰੀ ’ਤੇ ਰੱਖ ਲਿਆ।
ਉਹ ਉਥੇ ਚੀਫ ਕਟਰ ਬਣ ਗਏ। ਇਸ ਦੇ ਨਾਲ ਹੀ ਮਾਲਕ ਦੀ ਉਨ੍ਹਾਂ ਨਾਲ ਦੋਸਤੀ ਵੀ ਹੋ ਗਈ।
ਏ.ਕੇ. ਹੰਗਲ ਦੀ ਜਦੋਂ ਆਰਥਿਕ ਸਥਿਤੀ ’ਚ ਸੁਧਾਰ ਆਇਆ ਤਾਂ ਉਨ੍ਹਾਂ ਨੇ ਆਪਣੇ ਪੁਰਾਣੇ ਸ਼ੌਂਕ ਸੰਗੀਤ ਅਤੇ ਡਰਾਮੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ।
ਉਨ੍ਹਾਂ ਨੇ ਅਜਿਹੇ ਦੋਸਤ ਬਣਾਉਣੇ ਸ਼ੁਰੂ ਕੀਤੇ, ਜਿਨ੍ਹਾਂ ਦਾ ਸ਼ੌਂਕ ਇਕੋ ਜਿਹਾ ਸੀ।
ਉਨ੍ਹਾਂ ਨੇ ਇੱਕ ਕਲੱਬ ਬਣਾਇਆ, ਜਿਸ ਦਾ ਨਾਮ ਹਾਰਮੋਨਿਕਾ ਰੱਖਿਆ। ਇਸ ਦੇ ਲਈ ਕੁਝ ਡਰਾਮੇ ਲਿਖੇ, ਜਿਨ੍ਹਾਂ ਦੇ ਨਿਰਦੇਸ਼ਕ ਉਹ ਖੁਦ ਸਨ। ਇਸ ਤਰ੍ਹਾਂ ਕਰਾਚੀ ’ਚ ਸਟੇਜ ਥੀਏਟਰ ’ਚ ਉਨ੍ਹਾਂ ਦਾ ਨਾਮ ਜਾਣ-ਪਛਾਣ ’ਚ ਆਉਣ ਲੱਗਾ।
ਕ੍ਰਾਂਤੀਕਾਰੀ ਰਾਜਨੀਤੀ ਅਤੇ ਕਮਿਊਨਿਸਟ ਪਾਰਟੀ ਦੀ ਮੈਂਬਰੀ

ਦੂਜੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਰੂਸ ਅਤੇ ਬ੍ਰਿਟੇਨ ਦਾ ਸਮਝੌਤਾ ਹੋਇਆ ਤਾਂ ਉਸ ਦੇ ਸਿਆਸੀ ਪ੍ਰਭਾਵ ਭਾਰਤ ’ਤੇ ਵੀ ਨਜ਼ਰ ਆਉਣ ਲੱਗੇ।
ਸੈਂਸਰਸ਼ਿਪ ਵਿੱਚ ਕਮੀ ਆਈ ਅਤੇ ਕਮਿਊਨਿਸਟ ਸਾਹਿਤ ਭਾਰਤ ਆਉਣ ਲੱਗਾ।
ਕਰਾਚੀ ਵਿੱਚ ਕਾਂਗਰਸ, ਸਿੰਧ ਸਭਾ ਅਤੇ ਮੁਸਲਿਮ ਲੀਗ ਸਰਗਰਮ ਸੀ, ਜਦਕਿ ਕਮਿਊਨਿਸਟ ਪਾਰਟੀ ਨੇ ਵੀ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸੀ।
ਕਾਦਿਰ ਬਖ਼ਸ਼ ਆਪਣੀ ਕਿਤਾਬ ‘ਬਲੋਚ ਕੌਮੀ ਤਹਿਰੀਕ’ ਵਿੱਚ ਲਿਖਦੇ ਹਨ, “ਸੰਨ 1939 ਦੀ ਸ਼ੁਰੂਆਤ ਵਿੱਚ ਸਿੰਧ ਬਲੂਚਿਸਤਾਨ ਕਮੇਟੀ ਆਫ ਇੰਡੀਅਨ ਕਮਿਊਨਿਸਟ ਪਾਰਟੀ ਬਣਾਈ ਗਈ ਅਤੇ ਉਹ ਇਸ ਦੇ ਪਹਿਲੇ ਸਕੱਤਰ ਚੁਣੇ ਗਏ। ਬਾਅਦ ਵਿੱਚ ਮੀਰ ਗੌਸ ਬਖਸ਼ ਬਿਜਿਨਜੋ ਵੀ ਇਸ ਵਿੱਚ ਸ਼ਾਮਲ ਹੋਏ ਪਰ ਸੰਨ 1942 ਤੱਕ ਮੱਤਭੇਦ ਹੋਣ ਕਾਰਨ ਉਹ ਦੋਵੇਂ ਵੱਖ ਹੋ ਗਏ। ਇਸ ਸਾਲ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਸਈਅਦ ਜਮਾਲੁਦੀਨ ਬੁਖਾਰੀ ਨੂੰ ਕਰਾਚੀ ਭੇਜਿਆ।”
ਹਿਸ਼ੂ ਕੇਵਲਰਾਨੀ, ਜੋ ਲੰਡਨ ਵਿੱਚ ਪੜ੍ਹ ਰਹੇ ਸੀ, ਮਾਰਕਸਵਾਦੀ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਕਰਾਚੀ ਵਾਪਸ ਆ ਗਏ। ‘ਹਿਸ਼ੂ ਕੇਵਲਰਾਨੀ-ਨਾ ਭੁੱਲਣ ਵਾਲੀ ਸ਼ਖ਼ਸੀਅਤ’ ਦੇ ਲੇਖਕ ਮਦਦ ਅਲੀ ਸਿੰਧੀ ਲਿਖਦੇ ਹਨ ਕਿ ਉਨ੍ਹਾਂ ਨੂੰ ਜੀਐੱਮ ਸਈਅਦ ਆਪਣਾ ਉਸਤਾਦ ਮੰਨਦੇ ਸਨ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਦੇ ਘਰ ਨੇੜੇ ਕੇਵਲਰਾਨੀ ਰਹਿੰਦੇ ਸਨ। ਉਨ੍ਹਾਂ ਤੋਂ ਉਨ੍ਹਾਂ ਨੇ ਰਾਜਨੀਤਿਕ ਸਿੱਖਿਆ ਲਈ ਅਤੇ ਉਸ ਤੋਂ ਬਾਅਦ ਕਮਿਊਨਿਸਟਾਂ ਦੇ ਪ੍ਰੋਗਰਾਮ ’ਚ ਜਾਣਾ ਸ਼ੁਰੂ ਕਰ ਦਿੱਤਾ।
ਉਹ ਕਾਮਰੇਡ ਜਮਾਲੁਦੀਨ ਬੁਖਾਰੀ ਨੂੰ ਪਸੰਦ ਕਰਦੇ ਸੀ, ਜੋ ਸਿੰਧ ਕਮਿਊਨਿਸਟ ਪਾਰਟੀ ਦੇ ਸਕੱਤਰ ਸੀ।
ਉਹ ਜਲਦ ਹੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ’ਚ ਸ਼ਾਮਲ ਹੋ ਗਏ।
“ਕਾਮਰੇਡ ਯੂਨੀਅਨ ਬਣਾਓ ਅਤੇ ਲੜੋ”

ਤਸਵੀਰ ਸਰੋਤ, Facebook / Aroosul Bilad
ਏ.ਕੇ. ਹੰਗਲ ਨੇ ਜਦੋਂ ਕਮਿਊਨਿਸਟ ਵਿਚਾਰਧਾਰਾ ਅਧੀਨ ਜਮਾਤੀ ਵੰਡ ਦੀ ਪਹੁੰਚ ਅਪਣਾਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਫੈਕਟਰੀ ਵਿੱਚ ਫਰਕ ਦੇਖਿਆ, ਜਿੱਥੇ ਹਫ਼ਤਾਵਾਰੀ ਛੁੱਟੀ ਅਤੇ ਮੈਡੀਕਲ ਛੁੱਟੀ ਨਹੀਂ ਮਿਲਦੀ ਸੀ ਅਤੇ ਕੰਮ ਕਰਨ ਦੇ ਸਮੇਂ ਦੀ ਵੀ ਕੋਈ ਸੀਮਾ ਨਹੀਂ ਸੀ।
ਉਹ ਲਿਖਦੇ ਹਨ ਕਿ ਉਨ੍ਹਾਂ ਨੇ ਪਾਰਟੀ ਦੇ ਵੱਡੇ ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ, ਜਿਨ੍ਹਾਂ ਨੇ ਹੰਗਲ ਨੂੰ ਕਿਹਾ, “ਕਾਮਰੇਡ ਯੂਨੀਅਨ ਬਣਾਓ ਅਤੇ ਲੜੋ, ਅਸੀਂ ਰਾਹ ਦੱਸਾਂਗੇ।”
ਏ.ਕੇ. ਹੰਗਲ ਲਿਖਦੇ ਹਨ ਕਿ ਪਹਿਲਾ ਕਦਮ ਯੂਨੀਅਨ ਬਣਾਉਣਾ ਸੀ। ਉਨ੍ਹਾਂ ਨੇ ਆਪਣੇ ਸਾਥੀ ਵਰਕਰਾਂ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਦੂਜੀਆਂ ਦੁਕਾਨਾਂ ਦੇ ਵਰਕਰਾਂ ਨੂੰ ਵੀ ਨਾਲ ਜੋੜਿਆ।
ਉਹ ਯੂਨੀਅਨ ਦੀ ਸਭਾ ’ਚ ਪਾਰਟੀ ਆਗੂਆਂ ਨੂੰ ਵੀ ਬੁਲਾਉਂਦੇ, ਜੋ ਉਥੇ ਆ ਕੇ ਭਾਸ਼ਣ ਦਿੰਦੇ।
ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਰਾਚੀ ਦੀਆਂ ਸਾਰੀਆਂ ਦੁਕਾਨਾਂ ਇੱਕ ਦਿਨ ਲਈ ਹੜਤਾਲ ਕਰਨਗੀਆਂ। ਉਸ ਦਿਨ ਜਲੂਸ ਵੀ ਕੱਢਿਆ ਗਿਆ।
ਉਨ੍ਹਾਂ ਨੇ ਕਰਾਚੀ ਟੇਲਰਿੰਗ ਵਰਕਰਜ਼ ਯੂਨੀਅਨ ਦਾ ਰਸਮੀ ਐਲਾਨ ਵੀ ਕੀਤਾ, ਜਿਸ ਦਾ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਮਾਲਕਾਂ ਨੂੰ ਭੇਜਣ ਲਈ ਇੱਕ ਮਸੌਦਾ ਵੀ ਤਿਆਰ ਕੀਤਾ ਗਿਆ।
ਇਸ ’ਚ ਤਿੰਨ ਬੁਨਿਆਦੀ ਗੱਲਾਂ ਸ਼ਾਮਲ ਸਨ। ਯੂਨੀਅਨ ਨੂੰ ਮਨਜ਼ੂਰੀ ਦੇਣਾ, ਸ਼ਾਪ ਐਂਡ ਇਸਟੈਬਲਿਸ਼ਮੈਂਟ ਐਕਟ ਦੀ ਪਾਲਣਾ ਕਰਨਾ ਅਤੇ ਪੀਸ ਵਰਕਰਾਂ ਨੂੰ ਵੀ ਕਰਮਚਾਰੀ ਮੰਨਣਾ ਸੀ।
ਏ.ਕੇ. ਹੰਗਲ ਕਹਿੰਦੇ ਹਨ ਕਿ ਮਾਲਕ ਗੁੱਸੇ ’ਚ ਸਨ। ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਸਮੂਹਿਕ ਲਹਿਰ ਚੱਲੇਗੀ।
ਉਨ੍ਹਾਂ ਨੇ ਸਮਾਂ ਮੰਗਿਆ ਅਤੇ ਕਿਹਾ ਕਿ ਲਿਖਤੀ ਜਵਾਬ ਦੇਣਗੇ।
ਉਨ੍ਹਾਂ ਦੇ ਆਪਣੇ ਮਾਲਿਕ ਵੀ ਨਾਰਾਜ਼ ਹੋ ਗਏ ਅਤੇ ਹੜਤਾਲ ਕਰਨ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਦਾਲਤ ’ਚ ਕਰਮਚਾਰੀ ਦੇ ਅਧਿਕਾਰ ਅਤੇ ਨੌਕਰੀ ’ਤੇ ਬਹਿਸ ਹੁੰਦੀ ਰਹੀ।
ਏ.ਕੇ. ਹੰਗਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਮਾਨਤ ’ਤੇ ਰਿਹਾਈ ਮਿਲੀ ਅਤੇ ਉਹ ਕਮਿਊਨਿਸਟ ਪਾਰਟੀ ਦੇ ਪੱਕੇ ਤੌਰ ’ਤੇ ਮੈਂਬਰ ਬਣ ਗਏ ਪਰ ਹੁਣ ਉਨ੍ਹਾਂ ਨੂੰ ਕੋਈ ਨੌਕਰੀ ’ਤੇ ਰੱਖਣ ਲਈ ਤਿਆਰ ਨਹੀਂ ਸੀ।
ਬਾਅਦ ’ਚ ਉਨ੍ਹਾਂ ਨੂੰ ਪਾਰਟੀ ਦਾ ਕਰਾਚੀ ਸਕੱਤਰ ਬਣਾਇਆ ਗਿਆ।
ਕਰਾਚੀ ’ਚ ਇਸ ਦੌਰਾਨ ਨੇਵੀ ਨੇ ਬਗਾਵਤ ਕਰ ਦਿੱਤੀ। ਕਮਿਊਨਿਸਟ ਪਾਰਟੀ ਨੇ ਉਨ੍ਹਾਂ ਦੇ ਸਮਰਥਨ ’ਚ ਹੜਤਾਲ ਦੀ ਅਪੀਲ ਕੀਤੀ।
ਏ.ਕੇ. ਹੰਗਲ ਲਿਖਦੇ ਹਨ ਕਿ ਉਨ੍ਹਾਂ ਦਾ ਛੋਟਾ ਸਿਆਸੀ ਸਮੂਹ ਸੀ ਪਰ ਉਹ ਹੜਤਾਲ ਕਾਮਯਾਬ ਰਹੀ।
ਸਿੰਧ ਦੇ ਕਮਿਊਨਿਸਟ ਆਗੂ ਸ਼ੁਭੋ ਗਿਆਨ ਚੰਦਾਨੀ ਲਿਖਦੇ ਹਨ ਕਿ ਨੇਵੀ ਦੇ ਵਿਦਰੋਹ ਦੇ ਸਮੇਂ ਕਰਾਚੀ ਦੇ ਨਾਗਰਿਕਾਂ ’ਚ ਜਾਗਰੂਕਤਾ ਲਿਆਉਣ ਵਿੱਚ ਏ.ਕੇ. ਹੰਗਲ ਦੀ ਅਹਿਮ ਭੂਮਿਕਾ ਸੀ।
ਉਹ ਪਾਰਟੀ ਦੇ ਸ਼ਾਨਦਾਰ ਬੁਲਾਰੇ ਸਨ ਅਤੇ ਕਾਮਰੇਡ ਬੁਖਾਰੀ ਦੇ ਵਫਾਦਾਰ ਸਾਥੀ ਸਨ।
ਕਰਾਚੀ ਵਿੱਚ ਦੰਗੇ ਅਤੇ ਗ੍ਰਿਫ਼ਤਾਰੀ

ਕਰਾਚੀ ’ਚ ਜਨਵਰੀ 1948 ’ਚ ਹੋਏ ਦੰਗਿਆਂ ਦੌਰਾਨ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਸਮੇਂ ਹੰਗਲ ਭਾਰਤ ’ਚ ਕਿਸੇ ਕੰਮ ਲਈ ਗਏ ਹੋਏ ਸਨ।
ਉਹ ਦੱਸਦੇ ਹਨ ਕਿ ਜਦੋਂ ਸਮੁੰਦਰੀ ਜਹਾਜ਼ ਮੁੰਬਈ ਤੋਂ ਕਰਾਚੀ ਲਈ ਰਵਾਨਾ ਹੋਇਆ ਸੀ ਤਾਂ ਇਹ ਸਟੀਮਰ ਮੁਸਲਮਾਨ ਪੰਜਾਬੀ ਸਿਪਾਹੀਆਂ ਨਾਲ ਭਰਿਆ ਹੋਇਆ ਸੀ। ਜਹਾਜ਼ ਵਿੱਚ ਉਹ ਇਕੱਲਾ ਗੈਰ-ਮੁਸਲਿਮ ਸੀ।
ਭਾਰਤੀ ਕਪਤਾਨ ਉਨ੍ਹਾਂ ਦੀ ਮੁਸ਼ਕਲ ਸਮਝ ਗਿਆ ਅਤੇ ਉਸ ਨੇ ਸਲਾਹ ਦਿੱਤੀ ਕਿ ਹੇਠਾਂ ਹਸਪਤਾਲ ਦੇ ਬੈੱਡ ’ਤੇ ਚਲੇ ਜਾਓ ਅਤੇ ਇਹ ਜ਼ਾਹਿਰ ਕਰੋ ਕਿ ਤੁਸੀਂ ਬਿਮਾਰ ਹੋ।
ਜਦੋਂ ਉਹ ਕਰਾਚੀ ਪਹੁੰਚੇ ਸੀ ਤਾਂ ਉਥੇ ਕਰਫਿਊ ਲੱਗਿਆ ਹੋਇਆ ਸੀ।
ਉਹ ਸਿੱਧੇ ਪਾਰਟੀ ਦਫਤਰ ਪਹੁੰਚੇ ਪਰ ਰਾਸਤੇ ’ਚ ਇੱਕ ਪਾਰਟੀ ਵਰਕਰ ਮਿਲਿਆ, ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਲੁੱਟ-ਮਾਰ ਹੋਈ ਹੈ ਪਰ ਉਨ੍ਹਾਂ ਦਾ ਬੱਚਾ ਤੇ ਪਤਨੀ ਸੁਰੱਖਿਅਤ ਹਨ।
ਏ.ਕੇ. ਹੰਗਲ ਲਿਖਦੇ ਹਨ ਕਿ ਕਮਿਊਨਿਸਟ ਪਾਰਟੀ ਨੇ ਸ਼ਹਿਰ ’ਚ ਅਮਨ ਲਈ ਰੈਲੀ ਕੀਤੀ, ਲੋਕਾਂ ਤੋਂ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਲੁੱਟਿਆ ਹੋਇਆ ਸਾਮਾਨ ਵਾਪਸ ਕਰ ਦੇਣ। ਇਸ ਨਾਲ ਉਨ੍ਹਾਂ ਨੂੰ ਕੁਝ ਸਫਲਤਾ ਵੀ ਮਿਲੀ।
ਵੰਡ ਤੋਂ ਤੁਰੰਤ ਬਾਅਦ ਕਮਿਊਨਿਸਟ ਪਾਰਟੀ ਇੱਕ ਵਾਰ ਫਿਰ ਮੁਸ਼ਕਲ ’ਚ ਪੈ ਗਈ। 1948 ਨੂੰ ਕਾਮਰੇਡ ਜਮਾਲ ਬੁਖਾਰੀ ਨੂੰ ਪਾਰਟੀ ਦੀ ਜ਼ਿੰਮੇਦਾਰੀ ਤੋਂ ਹਟਾ ਦਿੱਤਾ ਗਿਆ ਅਤੇ ਭਾਰਤ ਤੋਂ ਸੱਜਾਦ ਜ਼ਹੀਰ ਨੂੰ ਪਾਰਟੀ ਦੇ ਜਨਰਲ ਸਕੱਤਰ ਦੇ ਤੌਰ ’ਤੇ ਭੇਜਿਆ ਗਿਆ।
ਏ.ਕੇ. ਹੰਗਲ ਮੁਤਾਬਕ ਪਾਰਟੀ ’ਚ ਬਹੁਤ ਬਹਿਸ ਹੋਣ ਮਗਰੋਂ ਇਹ ਲਾਈਨ ਪਾਸ ਹੋਈ ਕਿ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਅਸਲੀ ਆਜ਼ਾਦੀ ਨਹੀਂ ਸੀ, ਜਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਵੀ ਇਸ ਲਾਈਨ ਨੂੰ ਅਪਣਾਇਆ ਅਤੇ ਉਨ੍ਹਾਂ ਸਣੇ ਕਈ ਮੁੱਖ ਪਾਰਟੀ ਨੇਤਾ ਗ੍ਰਿਫਤਾਰ ਕੀਤੇ ਗਏ।
ਗ੍ਰਿਫ਼ਤਾਰ ਹੋਣ ਵਾਲਿਆਂ ’ਚ ਏ.ਕੇ. ਹੰਗਲ ਤੋਂ ਇਲਾਵਾ ਸ਼ੁਭੋ ਗਿਆਨ ਚੰਦਾਨੀ, ਕੀਰਤ ਭਵਾਨੀ, ਗੁਲਾਬ ਭਗਵਾਨੀ ਅਤੇ ਏਨਸ਼ੀ ਵਿਦਿਆਰਥੀ ਸ਼ਾਮਲ ਸਨ।
ਏ.ਕੇ. ਹੰਗਲ ਦੀ ਪਤਨੀ

ਤਸਵੀਰ ਸਰੋਤ, Getty Images
ਸ਼ੁਭੋ ਗਿਆਨ ਚੰਦਾਨੀ ਲਿਖਦੇ ਹਨ,“ਜੇਲ੍ਹ ’ਚ ਏ.ਕੇ. ਹੰਗਲ ਨੂੰ ਦਰਜ਼ੀ ਖਾਨੇ ਦਾ ਮੁਖੀ ਬਣਾਇਆ ਗਿਆ। ਉਹ ਸੁਪਰੀਟੈਂਡੇਂਟ ਅਤੇ ਜੇਲ੍ਹਰ ਦੇ ਕੱਪੜੇ ਬਣਾਉਂਦੇ ਸੀ। ਇਸ ਨਾਲ ਉਨ੍ਹਾਂ ਨਾਲ ਕੁਝ ਨਰਮੀ ਵੀ ਵਰਤੀ ਗਈ। ਇਸ ਤਰ੍ਹਾਂ ਏ.ਕੇ. ਹੰਗਲ ਟੇਲਰ ਮਾਸਟਰ ਦੀ ਪਤਨੀ ਸਾਡੇ ਸੁਨੇਹੇ ਪਾਰਟੀ ਤੱਕ ਪਹੁੰਚਾਉਂਦੀ ਸੀ।”
ਕੀਰਤ ਭਵਾਨੀ ਲਿਖਦੇ ਹਨ,“ਏ.ਕੇ. ਹੰਗਲ ਦੀ ਪਤਨੀ ਅਤੇ ਪੋਹੋਮਲ ਦੇ ਪਿਤਾ ਮੁਲਾਕਾਤ ਲਈ ਆਉਂਦੇ ਸੀ ਅਤੇ ਉਨ੍ਹਾਂ ਨੂੰ ਬਾਹਰ ਦੀ ਜਾਣਕਾਰੀ ਦੇ ਜਾਂਦੇ ਸੀ।”
ਸ਼ੁਭੋ ਲਿਖਦੇ ਹਨ,“ਸਾਰੇ ਮਾਸਾਹਾਰੀ ਸਨ,ਸਬਜ਼ੀ ਮੁਸ਼ਕਲ ਨਾਲ ਗਲੇ ਤੋਂ ਉਤਰਦੀ ਸੀ ਪਰ ਇਹ ਯਾਰ (ਹੰਗਲ) ਉਨਾ ਹੀ ਸ਼ੁੱਧ ਸ਼ਾਕਾਹਾਰੀ ਸੀ, ਜੋ ਬਹੁਤ ਕੋਸ਼ਿਸ਼ ਦੇ ਬਾਵਜੂਦ ਸਾਡੇ ਵਰਗਾ ਨਹੀਂ ਬਣ ਸਕਿਆ ਸੀ। ਹਾਲਾਂਕਿ ਉਸ ਦੀ ਕੋਸ਼ਿਸ਼ ਹੁੰਦੀ ਸੀ ਕਿ ਖਾਣੇ-ਪੀਣੇ ਦੀਆਂ ਬੰਦਿਸ਼ਾਂ ਤੋੜ ਕੇ ਸਾਡੇ ਵਰਗਾ ਬਣ ਜਾਵੇ।”
“ਇਕ ਵਾਰ ਤਾਂ ਆਪਣੀ ਪਤਨੀ ਨੂੰ ਫਰਮਾਇਸ਼ ਕਰ ਕੇ ਮੀਟ ਬਣਵਾਇਆ ਅਤੇ ਸਬਜ਼ੀਆਂ ਮੰਗਵਾਈਆਂ ਪਰ ਟਿਫਨ ਬੌਕਸ ਖੋਲ੍ਹਦੇ ਸਾਰ ਸਾਡੇ ਵੱਲ ਧੱਕ ਦਿੱਤਾ ਅਤੇ ਉਲਟੀਆਂ ਕਰਦੇ ਰਹੇ।”
ਧਰਮ ਦੇ ਆਧਾਰ ’ਤੇ ਕੈਦੀਆਂ ਦੀ ਵੰਡ

ਤਸਵੀਰ ਸਰੋਤ, Getty Images
ਵੰਡ ਤੋਂ ਬਾਅਦ ਸਿਪਾਹੀਆਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਵੰਡ ਦੇ ਨਾਲ-ਨਾਲ ਕੈਦੀਆਂ ਦੀ ਵੀ ਵੰਡ ਕੀਤੀ ਗਈ।
ਏ.ਕੇ. ਹੰਗਲ ਲਿਖਦੇ ਹਨ ਕਿ ਜਦੋਂ ਕੈਦੀਆਂ ਦੀ ਵੰਡ ਹੋ ਰਹੀ ਸੀ ਤਾਂ ਉਸ ’ਚ ਕਾਮਰੇਡ ਜਮਾਲੁਦੀਨ ਬੁਖਾਰੀ ਸ਼ਾਮਲ ਨਹੀਂ ਸਨ। ਕਾਮਰੇਡ ਸ਼ੁਭੋ ਗਿਆਨ ਚੰਦਾਨੀ, ਏਨਸ਼ੀ, ਪੋਹੋਮਲ, ਗੁਲਾਬ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਭਾਰਤ ਨਹੀਂ ਜਾਣਗੇ।
ਹੰਗਲ ਲਿਖਦੇ ਹਨ,“ਅਸੀਂ ਟਾਈਮ ਆਫ ਇੰਡੀਆ ’ਚ ਪੜ੍ਹਿਆ ਸੀ ਕਿ ਕੈਦੀਆਂ ਦੀ ਵੰਡ ’ਚ ਉਨ੍ਹਾਂ ਦੀ ਰਜ਼ਾਮੰਦੀ ਜ਼ਰੂਰੀ ਸੀ। ਜੇਲ੍ਹ ’ਚ ਰਾਸ਼ਟਰੀ ਸ਼ਿਵ ਸੈਨਾ ਦੇ ਕੁਝ ਜਵਾਨ ਵੀ ਸੀ, ਜਿਹੜੇ ਇਸ ਗੱਲ ਤੋਂ ਹੈਰਾਨ ਸਨ ਕਿ ਅਸੀਂ ਇਹ ਫ਼ੈਸਲਾ ਕਿਉਂ ਕਰ ਰਹੇ ਹਾਂ। ਦਰਅਸਲ ਅਸੀਂ ਟਰੇਡ ਯੂਨੀਅਨ ’ਚ ਸੀ, ਅਦਾਲਤ ’ਚ ਮੁਕੱਦਮੇ ਵਿਚਾਰਅਧੀਨ ਸਨ।”
ਏ.ਕੇ. ਹੰਗਲ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ੁਭੋ ਗਿਆਨ ਚੰਦਾਨੀ ਨਾਲ ਮਸ਼ਵਰਾ ਕੀਤਾ ਅਤੇ ਇਹ ਤੈਅ ਕੀਤਾ ਕਿ ਭਾਰਤ ਚਲੇ ਜਾਣਾ ਚਾਹੀਦਾ ਹੈ।
ਸ਼ੁਭੋ ਲਿਖਦੇ ਹਨ,“ ਇਕ ਸਾਲ ਦੀ ਜੇਲ੍ਹ ਤੋਂ ਬਾਅਦ ਹੰਗਲ ਨੂੰ ਆਖਰੀ ਅਲਟੀਮੇਟਮ ਦਿੱਤਾ ਗਿਆ ਕਿ ਜੇ ਉਹ ਆਪਣੀ ਪਤਨੀ ਅਤੇ ਬੇਟੇ ਨਾਲ ਪਾਕਿਸਤਾਨ ਛੱਡ ਦੇਣ ਤਾਂ ਉਨ੍ਹਾਂ ਨੂੰ ਦੋ ਦਿਨ ਦਾ ਪੈਰੋਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ ਕਰਾਚੀ ਬੰਦਰਗਾਹ ਤੋਂ ਬੰਬਈ ਰਵਾਨਾ ਹੋ ਗਏ।”
ਵਤਨ ਆਉਣ ਦੀ ਇੱਛਾ ਅਤੇ ਬਾਲ ਠਾਕਰੇ

ਤਸਵੀਰ ਸਰੋਤ, Getty Images
ਜਿਸ ਧਰਤੀ ’ਤੇ ਏ.ਕੇ. ਹੰਗਲ ਨੇ ਜਨਮ ਲਿਆ, ਜਵਾਨ ਹੋਏ ਅਤੇ ਸਿਆਸਤ ਕੀਤੀ, ਉਥੇ ਆਉਣ ਲਈ ਉਹ ਤਰਸਦੇ ਰਹੇ।
ਉਹ ਲਿਖਦੇ ਹਨ ਕਿ 1988 ’ਚ ਉਹ ਮਾਸਕੋ ਗਏ ਸੀ। ਵਾਪਸੀ ਸਮੇਂ ਮੀਂਹ ਕਾਰਨ ਜਹਾਜ਼ ਦਿੱਲੀ ਏਅਰਪੋਰਟ ’ਤੇ
ਲੈਂਡ ਨਹੀਂ ਕਰ ਸਕਿਆ ਅਤੇ ਉਨ੍ਹਾਂ ਨੂੰ ਕਰਾਚੀ ਲਿਆਂਦਾ ਗਿਆ।
ਲਗਭਗ 40 ਸਾਲ ਬਾਅਦ ਉਹ ਕਰਾਚੀ ਪਹੁੰਚੇ ਸੀ ਪਰ ਉਨ੍ਹਾਂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਸੀ।
ਜਦੋਂ ਉਹ ਰੇਸਤਰਾਂ ’ਚ ਲੰਚ ਕਰ ਰਹੇ ਸੀ ਤਾਂ ਕੁਝ ਪਾਕਿਸਤਾਨੀ ਕੁੜੀਆਂ-ਮੁੰਡੇ ਆਏ ਅਤੇ ਉਨ੍ਹਾਂ ਦਾ ਆਟੋਗ੍ਰਾਫ ਲਿਆ। ਸ਼ਾਮ ਨੂੰ ਉਨ੍ਹਾਂ ਦੀ ਫਲਾਈਟ ਵਾਪਸ ਰਵਾਨਾ ਹੋ ਗਈ।
ਸੰਨ 1993 ’ਚ ਉਨ੍ਹਾਂ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਫੋਨ ਕੀਤਾ ਅਤੇ ਵੀਜ਼ੇ ਲਈ ਬੇਨਤੀ ਕੀਤੀ।
ਅਗਲੇ ਦਿਨ ਪਾਕਿਸਤਾਨ ਡੇਅ ਦਾ ਸਮਾਗਮ ਸੀ, ਜਿਸ ’ਚ ਉਨ੍ਹਾਂ ਨੂੰ ਬੁਲਾਇਆ ਗਿਆ ਪਰ ਉਸ ਸਮਾਗਮ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਮੁਸੀਬਤ ਬਣ ਗਿਆ।
ਉਹ ਲਿਖਦੇ ਹਨ ਕਿ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਨੇ ਉਨ੍ਹਾਂ ਦੀਆਂ ਫਿਲਮਾਂ ’ਤੇ ਪਾਬੰਦੀ ਲਗਾ ਦਿੱਤੀ ਅਤੇ ਧਮਕੀ ਦਿੱਤੀ ਕਿ ਜਿਸ ਵੀ ਸਿਨੇਮਾ ਘਰ ’ਚ ਉਨ੍ਹਾਂ ਦੀ ਫਿਲਮ ਲੱਗੇਗੀ, ਉਸ ਨੂੰ ਅੱਗ ਲਗਾ ਦਿੱਤੀ ਜਾਵੇਗੀ।
ਇਸ ਕਾਰਨ ਉਹ ਢਾਈ ਸਾਲ ਬੇਰੁਜ਼ਗਾਰ ਰਹੇ।
ਏ.ਕੇ. ਹੰਗਲ ਲਗਭਗ 58 ਸਾਲ ਬਾਅਦ 2005 ’ਚ ਕਰਾਚੀ ਆਏ। ਇਥੇ ਉਨ੍ਹਾਂ ਦੀ ਆਪਣੇ ਸਾਥੀ ਸ਼ੁਭੋ ਗਿਆਨ ਚੰਦਾਨੀ ਨਾਲ ਮੁਲਾਕਾਤ ਹੋਈ। ਇਸ ਦੌਰੇ ਦੌਰਾਨ ਸੱਜਾਦ ਜ਼ਹੀਰ ਦੀ ਬੇਟੀ ਨੂਰ ਜ਼ਹੀਰ ਵੀ ਉਨ੍ਹਾਂ ਦੇ ਨਾਲ ਸੀ।
ਕਰਾਚੀ ਆਰਟਸ ਕੌਂਸਲ ’ਚ ਕਰਵਾਏ ਸਮਾਗਮ ਦੌਰਾਨ ਏ.ਕੇ. ਹੰਗਲ ਨੇ ਦੱਸਿਆ ਕਿ ਜਦੋਂ ਸੱਜਾਦ ਜ਼ਹੀਰ ਪਾਕਿਸਤਾਨ ਆਏ ਤਾਂ ਉਨ੍ਹਾਂ ਦੇ ਕੋਲ ਠਹਿਰੇ ਸੀ।
ਉਹ ਉਸ ਸਮੇਂ ਕਮਿਊਨਿਸਟ ਪਾਰਟੀ ਕਰਾਚੀ ਦੇ ਜਨਰਲ ਸਕੱਤਰ ਸਨ।
“ਗ੍ਰਿਫਤਾਰੀ ਤੋਂ ਬਾਅਦ ਸੱਜਾਦ ਜ਼ਹੀਰ ਨੇ ਸੰਦੇਸ਼ ਭੇਜਿਆ ਕਿ ਭਾਰਤ ਚਲੇ ਜਾਓ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਮੈਂ ਇਥੇ ਪੈਦਾ ਹੋਇਆ ਹਾਂ, ਇਥੋਂ ਨਹੀਂ ਜਾਵਾਂਗਾ। ਮੇਰੀ ਗੱਲ ਤੋਂ ਬਾਅਦ ਸੱਜਾਦ ਨੇ ਸਮਝਾਇਆ ਕਿ ਤੁਸੀਂ ਕਮਿਊਨਿਸਟ ਦ੍ਰਿਸ਼ਟੀਕੋਣ ’ਤੇ ਚੱਲਣ ਵਾਲੇ ਹੋ, ਜੋ ਇਥੇ ਨਹੀਂ ਹੈ। ਤੁਸੀਂ ਘੱਟ ਗਿਣਤੀ ਅਤੇ ਸੰਵੇਦਨਸ਼ੀਲ ਕਲਾਕਾਰ ਹੋ। ਇਹ ਗੱਲ ਵੀ ਇੱਥੇ ਨਹੀਂ ਹੈ, ਇਸ ਲਈ ਇੱਥੋਂ ਚਲੇ ਜਾਓ।”
ਏ.ਕੇ. ਹੰਗਲ ਨੇ ਕਿਹਾ,“ਮੈਂ ਸਹੀ ਫ਼ੈਸਲਾ ਕੀਤਾ ਅਤੇ ਚੰਗਾ ਹੋਇਆ ਕਿ ਇਥੋਂ ਚਲਾ ਗਿਆ।”
ਨੂਰ ਜ਼ਹੀਰ ਨੇ ਆਪਣੀ ਕਿਤਾਬ ‘ਏਟ ਹੋਮ ਇਨ ਇਨੇਮੀ ਲੈਂਡ’ ’ਚ ਲਿਖਿਆ ਹੈ,“ਸੱਜਾਦ ਜ਼ਹੀਰ ਨੇ ਦੋਵਾਂ (ਸ਼ੁਭੋ ਤੇ ਹੰਗਲ) ਨੂੰ ਕਿਹਾ ਸੀ ਕਿ ਭਾਰਤ ਚਲੇ ਜਾਣ। ਉਨ੍ਹਾਂ ’ਚੋਂ ਇਕ ਨੇ ਹਾਂ ਕਹੀ ਸੀ ਅਤੇ ਇਕ ਨੇ ਨਾ। ਪਾਰਟੀ ਦੇ ਜਨਰਲ ਸਕੱਤਰ ਦੇ ਹੁਕਮ ਨੂੰ ਮੰਨਣ ਅਤੇ ਨਾ ਮੰਨਣ ’ਤੇ ਦੋ ਦੋਸਤ ਇਸ ਤਰ੍ਹਾਂ ਜੁਦਾ ਹੋ ਗਏ ਕਿ ਇਹ ਮੁਲਾਕਾਤ 58 ਸਾਲ ਬਾਅਦ ਹੀ ਮੁਮਕਿਨ ਹੋ ਸਕੀ।”
ਏ.ਕੇ. ਹੰਗਲ ਨੇ ਮੁੰਬਈ ’ਚ ਦਰਜ਼ੀਆਂ ਦੀ ਯੂਨੀਅਨ ਬਣਾਈ, ਉਸ ਤੋਂ ਇਲਾਵਾ ਫਿਲਮੀ ਦੁਨੀਆਂ ’ਚ ਕਦਮ ਰੱਖਿਆ ਅਤੇ ਆਪਣੀ ਪਛਾਣ ਬਣਾਈ।
ਉਨ੍ਹਾਂ ਨੇ ਸਾਦਗੀ ਭਰੀ ਜ਼ਿੰਦਗੀ ਬਤੀਤ ਕੀਤੀ ਅਤੇ ਆਖਰੀ ਸਮੇਂ ਤੱਕ ਉਨ੍ਹਾਂ ਦਾ ਦਿਨ ਮੁਸ਼ਕਲ ’ਚ ਗੁਜ਼ਰਿਆ।
26 ਅਗਸਤ 2012 ਵਿੱਚ ਪਾਕਿਸਤਾਨ ਦਾ ਆਜ਼ਾਦੀ ਘੁਲਾਟੀਆ, ਨੌਜਵਾਨ ਸਿਆਸੀ ਨੇਤਾ ਅਤੇ ਬੌਲੀਵੁੱਡ ਦਾ ਅਦਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












