You’re viewing a text-only version of this website that uses less data. View the main version of the website including all images and videos.
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕਸ ’ਚ ਅਯੋਗ ਕਰਾਰ ਦਿੱਤੇ ਖਿਲਾਫ਼ ਪਾਈ ਅਪੀਲ ਖਾਰਿਜ, ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਕੀ ਕਿਹਾ
ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐੱਸ) ਨੇ ਪੈਰਿਸ ਓਲੰਪਿਕ ਤੋਂ ਭਾਰਤੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ ਜਾਣ ਦੇ ਖ਼ਿਲਾਫ਼ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਤੋਂ ਬੇਹੱਦ ਨਿਰਾਸ਼ ਹਨ।
ਸੀਏਐੱਸ ਨੇ ਪਹਿਲਾਂ ਇਸ ਫ਼ੈਸਲੇ ਨੂੰ 16 ਅਗਸਤ ਤੱਕ ਟਾਲ ਦਿੱਤਾ ਸੀ। ਪਰ ਇਸ ਦੌਰਾਨ 14 ਅਗਸਤ ਨੂੰ ਉਨ੍ਹਾਂ ਦੇ ਖ਼ਿਲਾਫ਼ ਫੈਸਲਾ ਸੁਣਾ ਦਿੱਤਾ ਗਿਆ।
ਇਸ ਤੋਂ ਪਹਿਲਾਂ 9 ਅਗਸਤ ਨੂੰ ਆਰਬਿਟਰੇਸ਼ਨ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ। ਇਸ ਦੌਰਾਨ ਵਿਨੇਸ਼ ਵੀ ਵਰਚੂਅਲੀ ਮੌਜੂਦ ਸੀ। ਫਿਰ ਇਸ ਮਾਮਲੇ ਦੀ ਸੁਣਵਾਈ 13 ਅਗਸਤ ਨੂੰ ਹੋਈ ਸੀ।
ਵਿਨੇਸ਼ ਫੋਗਾਟ ਨੇ 6 ਅਗਸਤ ਨੂੰ 50 ਕਿਲੋਗ੍ਰਾਮ ਭਾਰ ਵਰਗ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਥਾਂ ਬਣਾਈ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ।
ਇਸ ਦੇ ਨਾਲ ਕੁਸ਼ਤੀ 'ਚ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਸੀ।
ਹਾਲਾਂਕਿ, ਕੁਝ ਘੰਟਿਆਂ ਬਾਅਦ ਵਿਨੇਸ਼ ਫੋਗਾਟ ਨੂੰ ਮਨਜ਼ੂਰਸ਼ੁਦਾ ਵਜ਼ਨ ਤੋਂ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।
ਵਿਨੇਸ਼ ਫੋਗਾਟ ਨੇ ਇਸ ਪੂਰੀ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਪਰ 8 ਅਗਸਤ ਦੀ ਸਵੇਰ ਉਨ੍ਹਾਂ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਪੋਸਟ ਕਰ ਕੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਕੀ ਕਿਹਾ
ਇੰਡੀਅਨ ਓਲੰਪਿਕ ਐੱਸੋਸੀਏਸ਼ਨ ਦੇ ਪ੍ਰਧਾਨ ਡਾ. ਪੀਟੀ ਊਸ਼ਾ ਨੇ ਸੀਏਐੱਸ ਦੇ ਇਸ ਫੈਸਲੇ ਉੱਤੇ ਹੈਰਾਨੀ ਤੇ ਅਫਸੋਸ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, “ਆਈਓਏ ਨੂੰ ਪੱਕਾ ਵਿਸ਼ਵਾਸ਼ ਹੈ ਕਿ ਦੋ ਦਿਨਾਂ ਵਿੱਚੋਂ ਦੂਜੇ ਦਿਨ ਭਾਰ ਦੇ ਉਲੰਘਣ ਲਈ ਐਥਲੀਟ ਨੂੰ ਪੂਰੀ ਤਰ੍ਹਾਂ ਅਯੋਗ ਐਲਾਨ ਦੇਣਾ ਡੂੰਘੀ ਜਾਂਚ ਦਾ ਵਿਸ਼ਾ ਹੈ। ਸਾਡੇ ਨੁਮਾਇੰਦੇ ਵੱਲੋਂ ਇਹ ਸਹੀ ਢੰਗ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।”
“ਵਿਨੇਸ਼ ਨਾਲ ਜੁੜਿਆ ਮਾਮਲਾ ਸਖ਼ਤ ਅਤੇ ਯਕੀਨਨ, ਗ਼ੈਰ-ਮਨੁੱਖੀ ਨਿਯਮਾਂ ਨੂੰ ਉਜਾਗਰ ਕਰਦਾ ਹੈ ਜੋ ਐਥਲੀਟਾਂ ਖ਼ਾਸ ਤੌਰ ਉੱਤੇ ਔਰਤ ਐਥਲੀਟਾਂ ਦੇ ਸਰੀਰਕ ਅਤੇ ਮਨੋਵਿਗਿਆਨਕ ਤਣਾਵਾਂ ਨੂੰ ਧਿਆਨ ਵਿੱਚ ਰੱਖਣ ਵਿੱਚ ਅਸਫ਼ਲ ਰਹਿੰਦੇ ਹਨ।”
“ਇਹ ਐਥਲੀਟਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦੇਣ ਵਾਲੇ ਵਧੇਰੇ ਨਿਆਂਸੰਗਤ ਅਤੇ ਉਚਿਤ ਮਾਨਕਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਵਾਉਂਦਾ ਹੈ।”
ਉਨ੍ਹਾਂ ਅੱਗੇ ਕਿਹਾ, “ਆਈਓਏ ਇਸ ਫ਼ੈਸਲੇ ਦੇ ਮੱਦੇਨਜ਼ਰ ਵਿਨੇਸ਼ ਫੌਗਾਟ ਨਾਲ ਖੜ੍ਹਾ ਹੈ ਅਤੇ ਅੱਗੇ ਹੋਰ ਕਾਨੂੰਨੀ ਬਦਲਾਂ ਦੀ ਭਾਲ ਕਰ ਰਿਹਾ ਹੈ। ਐਸੋਸੀਏਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਫੋਗਾਟ ਦੇ ਮਾਮਲੇ ਦੀ ਸੁਣਵਾਈ ਹੋਵੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ