ਵਿਨੇਸ਼ ਫੋਗਾਟ: ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਅਯੋਗ ਕਰਾਰ, ਪੀਐੱਮ ਮੋਦੀ ਕੀ ਬੋਲੇ

ਪੈਰਿਸ ਓਲੰਪਿਕ ਵਿੱਚ ਮੰਗਲਵਾਰ ਨੂੰ ਲਗਾਤਾਰ ਤਿੰਨ ਮੁਕਾਬਲੇ ਜਿੱਤਣ ਵਾਲੀ ਭਲਵਾਨ ਵਿਨੇਸ਼ ਫੋਗਾਟ ਲਈ ਬੁੱਧਵਾਰ ਦਾ ਦਿਨ ਚੰਗਾ ਨਹੀਂ ਰਿਹਾ।

ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ। ਪੀਟੀਆਈ ਅਤੇ ਏਐੱਨਆਈ ਨਿਊਜ਼ ਏਜੰਸੀ ਨੇ ਓਲੰਪਿਕ ਐਸੋਸੀਏਸ਼ਨ ਦਾ ਹਵਾਲਾ ਦਿੰਦਿਆਂ ਫੋਗਾਟ ਦੇ ਅਗਲੇ ਮੁਕਾਬਲੇ ਲਈ ਅਯੋਗ ਹੋਣ ਦੀ ਪੁਸ਼ਟੀ ਕੀਤੀ ਹੈ।

ਪੈਰਿਸ ਵਿੱਚ ਮੌਜੂਦ ਸਮਾਚਾਰ ਏਜੰਸੀ ਪੀਟੀਆਈ ਦੇ ਪੱਤਰਕਾਰ ਅਮਨਪ੍ਰੀਤ ਸਿੰਘ ਦੇ ਮੁਤਾਬਕ, ਵਿਨੇਸ਼ ਨੂੰ ਜ਼ਿਆਦਾ ਵਜ਼ਨ ਕਰਕੇ ਮੁਕਬਾਲੇ ਤੋਂ ਬਾਹਰ ਕੀਤਾ ਗਿਆ ਹੈ।

ਟੀਮ ਇੰਡੀਆ ਵੱਲੋਂ ਕੀਤੇ ਇੱਕ ਟਵੀਟ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਨੇਸ਼ ਨੇ 50 ਕਿਲੋਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਦਾ ਵਜ਼ਨ ਕਰੀਬ 100 ਗ੍ਰਾਮ ਜ਼ਿਆਦਾ ਆਇਆ ਹੈ।

ਵਿਨੇਸ਼ ਨੇ 6 ਅਗਸਤ ਦੀ ਰਾਤ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਭਾਰ ਵਰਗ ਇਵੇਂਟ ਵਿੱਚ ਕਿਊਬਾ ਦੀ ਭਲਵਾਨ ਨੂੰ ਮਾਤ ਦਿੱਤੀ ਸੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਵਿਨੇਸ਼ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਇਵੇਂਟ ਵਿੱਚ ਭਾਰਤ ਦੇ ਗੋਲਡ ਜਾਂ ਸਿਲਵਰ ਜਿੱਤਣ ਦਾ ਸੁਫਨਾ ਅਧੂਰਾ ਰਹਿ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤੀ ਦਲ ਨੇ ਕਿਹਾ, “ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ ਕੁਝ ਗ੍ਰਾਮ ਜ਼ਿਆਦਾ ਆਇਆ ਹੈ। ਲੋਕ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ।”

ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਖ਼ਬਰ ਏਜੰਸੀ ਏਐੱਨਆਈ ਨੇ ਉਨ੍ਹਾਂ ਦੇ ਤਾਇਆ ਮਹਾਵੀਰ ਫੋਗਾਟ ਨਾਲ ਗੱਲਬਾਤ ਕੀਤੀ

ਮਹਾਵੀਰ ਨੇ ਖ਼ਬਰ ਏਜੰਸੀ ਨੂੰ ਕਿਹਾ, “ਕੀ ਕਹਿਣਾ ਹੈ ਕਹਿਣ ਲਈ ਕੁਝ ਬਚਿਆ ਹੀ ਨਹੀਂ ਮੇਰੇ ਕੋਲ। ਸਾਰੇ ਦੇਸ ਨੂੰ ਗੋਲਡ ਦੀਆਂ ਉਮੀਦਾਂ ਸਨ। ਨਿਯਮਾਂ ਮੁਤਾਬਕ ਜੇ ਕੋਈ ਭਲਵਾਨ 50-100 ਗ੍ਰਾਮ ਉੱਤੇ ਹੁੰਦਾ ਹੈ ਤਾਂ ਆਮ ਕਰਕੇ ਉਸ ਨੂੰ ਖੇਡਣ ਦਿੱਤਾ ਜਾਂਦਾ ਹੈ। ਨਹੀਂ ਦਿੱਤਾ ਗਿਆ।”

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਗੱਲ ਨਹੀਂ ਹੋਈ ਬਸ ਬਜਰੰਗ ਦਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਗੱਲ ਹੋ ਗਈ।

ਉਨ੍ਹਾਂ ਨੇ ਦੇਸ ਵਾਸੀਆਂ ਦੇ ਨਾਮ ਆਪਣੇ ਸੁਨੇਹੇ ਵਿੱਚ ਕਿਹਾ ਕਿ ਨਿਰਾਸ਼ ਨਾ ਹੋਵੋ, “ਇੱਕ ਨਾ ਇੱਕ ਦਿਨ ਤਾਂ ਕਰਾਂਗੇ। ਮੈਂ ਅਗਲੇ ਓਲੰਪਿਕ ਜੋ ਸਾਲ 2028 ਵਿੱਚ ਆਉਣਗੇ, ਲਈ ਸੰਗੀਤਾ ਦੀ ਵੀ ਕੁਸ਼ਤੀ ਦੁਬਾਰਾ ਸ਼ੁਰੂ ਕਰਵਾ ਰਿਹਾ ਹਾਂ। ਬਜਰੰਗ ਨੂੰ ਵੀ ਕਿਹਾ ਹੈ ਕਿ ਕਰੋ ਕੋਸ਼ਿਸ਼। ਵਿਨੇਸ਼ ਵੀ ਜਦੋਂ ਆਏਗੀ ਤਾਂ ਫਿਰ ਸ਼ੁਰੂ ਕਰਾਂਗੇ। ਚਾਰ ਸਾਲ ਹੋਰ ਹਨ। ਚਾਰ ਸਾਲ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ।”

ਪੀਐੱਮ ਮੋਦੀ ਕੀ ਬੋਲੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, “ਵਿਨੇਸ਼ ਤੁਸੀਂ ਚੈਂਪੀਅਨਾਂ ਵਿੱਚ ਚੈਂਪੀਅਨ ਹੋ! ਤੁਸੀਂ ਭਾਰਤ ਦੇ ਮਾਣ ਅਤੇ ਹਰੇਕ ਭਾਰਤੀ ਲਈ ਪ੍ਰੇਰਨਾ ਹੋ!

ਅੱਜ ਦਾ ਵਾਕਿਆ ਦੁਖਦ ਹੈ, ਕਾਸ਼ ਸ਼ਬਦ ਉਸ ਹਤਾਸ਼ਾ ਨੂੰ ਜ਼ਾਹਿਰ ਕਰ ਸਕਦੇ, ਜੋ ਮੈਂ ਮਹਿਸੂਸ ਕਰ ਰਿਹਾ ਹਾਂ।

ਉਸੇ ਸਮੇਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਣ ਦਾ ਮੁਜੱਸਮਾ ਹੋ। ਚੁਣੌਤੀਆਂ ਨੂੰ ਸਾਹਮਣੇ ਹੋ ਕੇ ਲੈਣਾ ਹਮੇਸ਼ਾ ਤੋਂ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸੀ ਕਰੋ! ਅਸੀਂ ਤੁਹਾਡੇ ਨਾਲ ਹਾਂ।”

ਭਾਰ ਬਾਰੇ ਕੀ ਬੋਲੇ ਸੀ ਬਜਰੰਗ ਪੁਨੀਆ

ਬੁੱਧਵਾਰ ਸਵੇਰੇ ਬੀਬੀਸੀ ਹਿੰਦੀ ਦੇ ਪੱਤਰਕਾਰ ਅਭਿਨਵ ਗੋਇਲ ਨਾਲ ਗੱਲ ਕਰਦੇ ਹੋਏ ਬਜਰੰਗ ਪੁਨੀਆ ਨੇ ਵਿਨੇਸ਼ ਫੋਗਾਟ ਦੇ ਵਜ਼ਨ ਨੂੰ ਲੈ ਕੇ ਚਿੰਤਾ ਜਤਾਈ ਸੀ।

ਉਨ੍ਹਾਂ ਨੇ ਕਿਹਾ ਸੀ, "ਕੋਈ ਵੀ ਖਿਡਾਰੀ ਪਹਿਲਾਂ ਜਸ਼ਨ ਨਹੀਂ ਮਨਾਉਂਦਾ। ਪਹਿਲਾਂ ਭਾਰ ਘਟਾਉਣਾ ਪੈਂਦਾ ਹੈ। 50 ਕਿਲੋ ਤੋਂ ਹੇਠਾਂ ਵਜ਼ਨ ਲਿਆਉਣਾ ਮੁਸ਼ਕਿਲ ਹੁੰਦਾ ਹੈ। ਮੁੰਡਿਆਂ ਦਾ ਭਾਰ ਜਲਦੀ ਘਟਦਾ ਹੈ। ਉਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ। ਕੁੜੀਆਂ ਨੂੰ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਨੂੰ ਆਪਣਾ ਭਾਰ 50 ਕਿਲੋ ਤੋਂ ਹੇਠਾਂ ਲਿਆਉਣ ਵਿੱਚ ਮੁਸ਼ਕਿਲ ਹੁੰਦੀ ਹੈ।"

ਬਜਰੰਗ ਪੁਨੀਆ ਨੇ ਇਹ ਵੀ ਕਿਹਾ, "ਪਿਛਲੇ ਛੇ ਮਹੀਨਿਆਂ ਤੋਂ ਉਹ ਲਗਾਤਾਰ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਥੋੜ੍ਹਾ ਜਿਹਾ ਪਾਣੀ ਅਤੇ ਇੱਕ- ਦੋ ਰੋਟੀ ਹੀ ਚੱਲ ਰਹੀ ਸੀ। ਭਾਰ ਘਟਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ।"

ਹਾਲਾਂਕਿ ਬਜਰੰਗ ਪੁਨੀਆ ਨੇ ਇਹ ਵੀ ਕਿਹਾ, "ਵਿਨੇਸ਼ ਫੋਗਾਟ ਦਾ ਉੱਥੇ ਖੜ੍ਹੇ ਰਹਿਣਾ ਹੀ ਸਾਡੇ ਲਈ ਮੈਡਲ ਹੈ।"

ਵਿਨੇਸ਼ ਫੋਗਾਟ ਓਲੰਪਿਕ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਮਹਿਲਾ ਰੈਸਲਰ ਹਨ।

ਉਨ੍ਹਾਂ ਨੇ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਸੈਮੀਫਾਈਨਲ ਵਿੱਚ ਕਿਊਬਾ ਦੀ ਗੁਜ਼ਮੈਨ ਲੋਪੇਜ਼ ਨੂੰ ਹਰਾਇਆ।

ਵਿਨੇਸ਼ ਨੇ ਸੈਮੀਫਾਈਨਲ ਵਿੱਚ ਆਪਣੇ ਵਿਰੋਧੀ ਨੂੰ ਇੱਕ ਵੀ ਅੰਕ ਲੈਣ ਦਾ ਮੌਕਾ ਨਹੀਂ ਦਿੱਤਾ ਅਤੇ 5-0 ਨਾਲ ਸ਼ਿਕਸਤ ਦਿੱਤੀ।

ਸੈਮੀ ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਨੇ ਪਹਿਲੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਪਾਨ ਦੀ ਯੁਈ ਸੁਸਾਕੀ ਨੂੰ ਹਰਾਇਆ ਅਤੇ ਕੁਆਰਟਰ ਫਾਈਲਨ ਵਿੱਚ ਯੂਕਰੇਨ ਦੀ ਭਲਵਾਨ ਓਕਸਾਨਾ ਲਿਵਾਚ ਨੂੰ ਹਰਾਇਆ ਸੀ।

ਯੁਈ ਸੁਸਾਕੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ, ਟੋਕੀਓ ਓਲੰਪਿਕ ਦੀ ਗੋਲਡ ਮੈਡਲਿਸਟ ਅਤੇ ਰੈਂਕਿੰਗ ਵਿੱਚ ਅਵੱਲ ਨੰਬਰ ਖਿਡਾਰਨ ਹਨ।

ਇਨ੍ਹਾਂ ਰਿਕਾਰਡਾਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਸੁਸਾਕੀ ਖਿਲਾਫ਼ ਵਿਨੇਸ਼ ਦੀ ਜਿੱਤ ਕਿੰਨੀ ਵੱਡੀ ਸੀ।

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦੀ ਨਾਮਿਨੀ ਵੀ ਰਹੇ ਹਨ ਵਿਨੇਸ਼।

ਵਿਨੇਸ਼ ਫੋਗਾਟ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਅਵਾਰਡ 2022 ਦੀ ਨਾਮਿਨੀ ਰਹਿ ਚੁੱਕੇ ਹਨ।

'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ' ਪੁਰਸਕਾਰ ਦਾ ਉਦੇਸ਼ ਭਾਰਤੀ ਖਿਡਾਰਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ, ਖਿਡਾਰਨਾਂ ਦੀਆਂ ਚੁਣੌਤੀਆਂ 'ਤੇ ਚਰਚਾ ਕਰਨਾ ਅਤੇ ਉਨ੍ਹਾਂ ਦੀਆਂ ਸੁਣੀਆਂ-ਅਣਸੁਣੀਆਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੈ।

ਆਖਰੀ 20 ਸਕਿੰਟਾਂ ਵਿੱਚ ਪਲਟਿਆ ਮੈਚ

ਰੈਸਲਿੰਗ ਦੀ ਦੁਨੀਆਂ ਵਿੱਚ ਯੁਈ ਸੁਸੀਕੀ ਇੱਕ ਵੱਡਾ ਨਾਮ ਹਨ ਅਤੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇੱਕ ਮੁਸ਼ਕਿਲ ਚੁਣੌਤੀ ਮੰਨਿਆ ਜਾ ਰਿਹਾ ਸੀ।

ਇਸ ਹਾਰ ਤੋਂ ਪਹਿਲਾਂ ਯੁਈ ਸੁਸਾਕੀ ਆਪਣੇ ਪੂਰੇ ਕਰੀਅਰ ਵਿੱਚ ਕੋਈ ਕੌਮਾਂਤਰੀ ਮੁਕਾਬਲਾ ਨਹੀਂ ਹਾਰੇ ਸਨ। ਵਿਨੇਸ਼ ਦੇ ਖਿਲਾਫ਼ ਮੈਚ ਦੇ ਸ਼ੁਰੂਆਤੀ ਦੌਰ ਵਿੱਚ ਉਹ ਭਾਰੂ ਰਹੇ ਅਤੇ 2-0 ਨਾਲ ਅੱਗੇ ਸਨ।

ਇਸ ਤੋਂ ਬਾਅਦ ਵਿਨੇਸ਼ ਨੇ ਉਹ ਕੀਤਾ ਜਿਸ ਨੂੰ ਕੁਸ਼ਤੀ ਦੀ ਦੁਨੀਆਂ ਵਿੱਚ ਅਸੰਭਵ ਮੰਨਿਆ ਜਾਂਦਾ ਹੈ।

ਹਾਰ ਵੱਲ ਵਧ ਰਹੀ ਵਿਨੇਸ਼ ਆਖਰੀ 20 ਸਕਿੰਟਾਂ ਦੀ ਖੇਡ ਵਿੱਚ ਹਮਲਾਵਰ ਹੋ ਗਏ ਅਤੇ ਨਤੀਜਾ ਇਹ ਹੋਇਆ ਕਿ ਮੈਚ ਨੂੰ 3-2 ਨਾਲ ਆਪਣੇ ਨਾਮ ਕਰ ਲਿਆ।

ਜਿੱਤ ਤੋਂ ਬਾਅਦ ਵਿਨੇਸ਼ ਮੈਟ ਉੱਤੇ ਲੰਮੇ ਪੈ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦੇਖੇ ਜਾ ਸਕਦੇ ਸਨ।

ਇਸ ਜਿੱਤ ਤੋਂ ਬਾਅਦ ਘੰਟੇ ਦੇ ਅੰਦਰ ਹੀ ਵਿਨੇਸ਼ ਨੇ ਕੁਆਰਟਰ ਫਾਈਨਲ ਮੁਕਾਬਲਾ ਖੇਡਿਆ ਅਤੇ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ 7-5 ਨਾਲ ਹਰਾਇਆ।

ਇਸ ਮੁਕਾਬਲੇ ਵਿੱਚ ਵਿਨੇਸ਼ ਸ਼ੁਰੂ ਵਿੱਚ ਹੀ 4-0 ਨਾਲ ਅੱਗੇ ਸਨ। ਬਾਅਦ ਵਿੱਚ ਵਿਰੋਧੀ ਖਿਡਾਰਨ ਨੇ ਵਾਪਸੀ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਸੈਮੀਫਾਈਨਲ ਵਿੱਚ ਵਿਨੇਸ਼ ਦਾ ਮੁਕਾਬਲਾ ਕਿਊਬਾ ਦੀ ਪਹਿਲਵਾਨ ਗੁਜ਼ਮਨ ਲੋਪੇਜ਼ ਨਾਲ ਹੋਇਆ। ਇਸ ਮੁਕਾਬਲੇ ਵਿੱਚ ਜਿੱਤ ਦੇ ਨਾਲ ਹੀ ਵਿਨੇਸ਼ ਨੇ ਫਾਈਨਲ ਵਿੱਚ ਪਹੁੰਚ ਕੇ ਮੈਡਲ ਪੱਕਾ ਕਰ ਲਿਆ।

ਜਿਣਸੀ ਸ਼ੋਸ਼ਣ ਨਾਲ ਲੜਾਈ ਤੋਂ ਬਾਅਦ ਓਲੰਪਿਕ ਦੀ ਫਾਈਟ

ਵਿਨੇਸ਼ ਫੋਗਾਟ ਉਨ੍ਹਾਂ ਪੰਜ ਪਹਿਲਵਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇਸ ਸਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।

ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਵਿੱਚ ਜਿਣਸੀ ਸ਼ੋਸ਼ਣ ਖਿਲਾਫ਼ ਇੱਕ ਲੰਬੀ ਲੜਾਈ ਲੜੀ ਹੈ।

ਪਿਛਲੇ ਸਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਰਹੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਅਤੇ ਕੁਝ ਭਾਰਤੀ ਪਹਿਲਵਾਨ ਲਗਾਤਾਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਵਾ ਰਹੇ ਸਨ। ਹਾਲਾਂਕਿ ਬ੍ਰਿਜ ਭੂਸ਼ਣ ਸਿੰਘ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।

ਸਾਲ 2023 ਵਿੱਚ ਪੂਰਾ ਸਾਲ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ਼ ਵਿਰੋਧ ਚਲਦਾ ਰਿਹਾ। ਇਸ ਦੌਰਾਨ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਜੋ ਭਾਰਤੀ ਖੇਡ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖੇ ਗਏ।

ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਆਪਣੇ ਸਰਕਾਰੀ ਸਨਮਾਨ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਦਿੱਲੀ ਵਿੱਚ ਫੁੱਟਪਾਥ ਉੱਤੇ ਛੱਡ ਦਿੱਤੇ। ਦੋਵਾਂ ਪਹਿਲਵਾਨਾਂ ਨੇ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਸੋਂਪ ਦੇਣ ਦੀ ਬੇਨਤੀ ਕੀਤੀ।

ਵਿਨੇਸ਼ ਫੋਗਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਖੁੱਲ੍ਹੀ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਮੈਡਲ ਵਾਪਸ ਕਰ ਦੇਣਗੇ।

ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਸੀ, ਇਨ੍ਹਾਂ ਇਨਾਮਾਂ ਨਾਲ ਮੇਰੀ ਜ਼ਿੰਦਗੀ ਵਿੱਚ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਹੈ।

ਇਸ ਤੋਂ ਪਹਿਲਾਂ ਪਹਿਲਵਾਨ ਸਾਕਸ਼ੀ ਮਲਿਕ ਨੇ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਬਜਰੰਗ ਪੁਨੀਆਂ ਨੇ ਵੀ ਉਨ੍ਹਾਂ ਨੂੰ ਮਿਲਿਆ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ।

ਮਾਮਲੇ ਵਿੱਚ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ਼ ਇਲਜ਼ਾਮ ਤੈਅ ਹੋ ਚੁੱਕੇ ਹਨ ਅਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਖਿਲਾਫ਼ ਲੋੜੀਂਦੇ ਸਬੂਤ ਹਨ।

ਸਾਥੀ ਖਿਡਾਰੀ ਅਤੇ ਕਰੀਬੀਆਂ ਨੇ ਕੀ ਕਿਹਾ

ਪਹਿਲਵਾਨ ਬਜਰੰਗ ਪੂਨੀਆ, ਉਸ ਦੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਸਮੇਤ ਕਈ ਲੋਕਾਂ ਨੇ ਵਿਨੇਸ਼ ਦੀ ਸ਼ਾਨਦਾਰ ਖੇਡ ਉੱਤੇ ਟਿੱਪਣੀ ਕੀਤੀ ਹੈ।

ਬਜਰੰਗ ਪੁਨੀਆ ਨੇ ਐਕਸ 'ਤੇ ਲਿਖਿਆ, ''ਵਿਨੇਸ਼ ਫੋਗਾਟ, ਭਾਰਤ ਦੀ ਸ਼ੇਰਨੀ ਜਿਸ ਨੇ ਅੱਜ ਬੈਕ-ਟੂ-ਬੈਕ ਮੈਚ 'ਚ ਚਾਰ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਨੂੰ ਹਰਾਇਆ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾਇਆ। ਪਰ ਮੈਂ ਇੱਕ ਗੱਲ ਦੱਸਾਂ, ਇਹ ਕੁੜੀ ਆਪਣੇ ਹੀ ਦੇਸ ਵਿੱਚ ਲੱਤਾਂ ਨਾਲ ਕੁਚਲੀ ਗਈ ਸੀ। ਇਹ ਕੁੜੀ ਆਪਣੇ ਦੇਸ ਵਿੱਚ ਸੜਕਾਂ 'ਤੇ ਘਸੀਟੀ ਗਈ ਸੀ। ਇਹ ਕੁੜੀ ਦੁਨੀਆਂ ਜਿੱਤਣ ਵਾਲੀ ਹੈ ਪਰ ਇਸ ਦੇਸ ਵਿੱਚ ਸਿਸਟਮ ਤੋਂ ਹਾਰ ਗਈ।

ਵਿਨੇਸ਼ ਦੀ ਭੈਣ ਗੀਤਾ ਫੋਗਾਟ ਨੇ ਲਿਖਿਆ, "ਦੁਨੀਆ ਝੁਕਦੀ ਹੈ, ਤੁਹਾਡੇ ਕੋਲ ਇਸ ਨੂੰ ਝੁਕਾਉਣ ਦਾ ਜਨੂੰਨ ਹੋਣਾ ਚਾਹੀਦਾ ਹੈ।"

ਮਹਾਵੀਰ ਫੋਗਾਟ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਤੋਂ ਪੂਰਾ ਪਿੰਡ ਖੁਸ਼ ਹੈ।

ਮਹਾਵੀਰ ਫੋਗਾਟ ਕਹਿੰਦੇ ਹਨ, ''2016 ਵਿੱਚ ਵਿਨੇਸ਼ ਤੋਂ ਓਲੰਪਿਕ ਮੈਡਲ ਦੀ ਉਮੀਦ ਸੀ ਪਰ ਸੱਟ ਤੋਂ ਬਾਅਦ ਅਜਿਹਾ ਨਹੀਂ ਹੋਇਆ। ਅਜਿਹਾ 2020 ਵਿੱਚ ਵੀ ਹੋਇਆ ਸੀ ਅਤੇ ਉਹ ਮੈਡਲ ਲਿਆਉਣ ਤੋਂ ਖੁੰਝ ਗਈ ਸੀ। ਉਸਨੇ ਪਹਿਲੇ ਦੌਰ ਵਿੱਚ ਜਾਪਾਨ ਦੀ ਤਾਕਤਵਰ ਖਿਡਾਰਨ ਨੂੰ ਹਰਾ ਦਿੱਤਾ ਹੈ। ਹੁਣ ਸਾਨੂੰ ਪੂਰੀ ਉਮੀਦ ਹੈ ਕਿ ਉਹ ਸੋਨ ਤਮਗਾ ਲੈ ਕੇ ਆਵੇਗੀ।

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਵਿਨੇਸ਼ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਲਿਖਿਆ, ''ਸ਼ਾਬਾਸ਼ ਵਿਨੇਸ਼ ਫੋਗਾਟ! ਮੈਂ ਜਾਣਦੀ ਹਾਂ ਕਿ ਤੁਹਾਡੇ ਲਈ ਇਹ ਸਿਰਫ਼ ਓਲੰਪਿਕ ਦਾ ਸਖ਼ਤ ਮੁਕਾਬਲਾ ਨਹੀਂ ਹੈ। ਤੁਸੀਂ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੂੰ ਤਾਂ ਹਰਾਇਆ ਹੀ, ਇਹ ਮੈਦਾਨ ਦੇ ਅੰਦਰ ਅਤੇ ਬਾਹਰ ਤੁਹਾਡੇ ਸੰਘਰਸ਼ ਦੀ ਵੀ ਜਿੱਤ ਹੈ। ਅੱਜ ਪੂਰੀ ਦੁਨੀਆ ਤੁਹਾਡੇ ਹੱਥਾਂ ਵਿੱਚ ਲਹਿਰਾਉਂਦਾ ਤਿਰੰਗਾ ਰਹੀ ਹੈ। ਤੁਸੀਂ ਇਸ ਦੇਸ ਦਾ ਮਾਣ ਹੋ ਅਤੇ ਹਮੇਸ਼ਾ ਰਹੇਗੇ।''

ਓਲੰਪਿਕ ਵਿੱਚ ਵਿਨੇਸ਼ ਦਾ ਸਫ਼ਰ

ਵਿਨੇਸ਼ ਨੇ ਆਪਣੇ ਕਰੀਅਰ ਵਿੱਚ ਵਧੀਆ ਮੁਜ਼ਾਹਰਾ ਕਰਕੇ ਫੋਗਾਟ ਪਰਿਵਾਰ ਦੀ ਕੁਸ਼ਤੀ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ।

ਦੋ ਵਾਰ ਦੀ ਓਲੰਪੀਅਨ (ਰੀਓ 2016 ਅਤੇ ਟੋਕੀਓ 2020) ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਤਗਮੇ, ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਅਤੇ ਏਸ਼ੀਅਨ ਖੇਡਾਂ ਵਿੱਚ ਇੱਕ ਸੋਨ ਤਗਮਾ ਜਿੱਤਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਅਤੇ 2021 ਵਿੱਚ ਏਸ਼ੀਅਨ ਚੈਂਪੀਅਨ ਦਾ ਖਿਤਾਬ ਵੀ ਜਿੱਤਿਆ।

ਵਿਨੇਸ਼ ਨੇ ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਇੱਕ ਅਜਿਹੀ ਖੇਡ ਵਿੱਚ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਜਿਸ ਨੂੰ ਕਦੇ ਮਰਦ-ਪ੍ਰਧਾਨ ਮੰਨਿਆ ਜਾਂਦਾ ਸੀ।

ਹੁਣ ਤੱਕ, ਉਹ 2016 ਵਿੱਚ ਰੀਓ ਡੀ ਜਨੇਰੀਓ, ਬ੍ਰਾਜ਼ੀਲ ਅਤੇ 2021 ਵਿੱਚ ਟੋਕੀਓ, ਜਾਪਾਨ ਵਿੱਚ ਹੋਈਆਂ ਦੋ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਪੈਰਿਸ ਓਲੰਪਿਕ ਉਨ੍ਹਾਂ ਦੀ ਤੀਜੀ ਓਲੰਪਿਕ ਹੈ।

ਰੀਓ ਵਿੱਚ ਉਹ ਚੰਗਾ ਨਹੀਂ ਖੇਡ ਸਕੇ ਅਤੇ ਸੱਟ ਕਾਰਨ ਟੂਰਨਾਮੈਂਟ ਤੋਂ ਅੱਧ ਵਿਚਾਲੇ ਹੀ ਬਾਹਰ ਹੋ ਗਏ। ਜਦੋਂ ਕਿ ਟੋਕੀਓ ਵਿੱਚ ਉਸ ਦਾ ਸਫ਼ਰ ਕੁਆਰਟਰ ਫਾਈਨਲ ਤੱਕ ਪਹੁੰਚਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)