You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ: ਕਿਉਂ ਅਹਿਮ ਹੈ ਇਹ ਐਵਾਰਡ
- ਲੇਖਕ, ਵੰਦਨਾ
- ਰੋਲ, ਟੈਲੀਵਿਜ਼ਨ ਐਡੀਟਰ ਭਾਰਤੀ ਭਾਸ਼ਾਵਾਂ ਬੀਬੀਸੀ
26 ਸਾਲਾ ਭਵਾਨੀ ਦੇਵੀ ਭਾਰਤ ਦੇ ਪਹਿਲੇ ਫ਼ੈਂਸਰ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਸੋਨ ਤਗਮਾ ਜਿੱਤਿਆ ਅਤੇ ਹੁਣ ਟੋਕਿਉ ਉਲੰਪਿਕ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਫ਼ੈਂਸਿੰਗ ਇੱਕ ਅਜਿਹੀ ਖੇਡ ਹੈ ਜੋ ਹਾਲੇ ਭਾਰਤ ਵਿੱਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਈ ਅਤੇ ਭਾਰਤ ਵਰਗੇ ਦੇਸ ਵਿੱਚ ਫ਼ੈਂਸਿੰਗ ਨੂੰ ਇੱਕ ਖੇਡ ਕਰੀਅਰ ਵਜੋਂ ਅਪਣਾਉਣ ਦੀਆਂ ਚੁਣੌਤੀਆਂ ਕਈ ਗੁਣਾ ਵੱਧ ਹਨ।
ਕੋਰੋਨਾ ਪ੍ਰਭਾਵਿਤ ਸਾਲ ਦੌਰਾਨ, ਜਦੋਂ ਸਿਖਲਾਈ ਰੱਦ ਕਰ ਦਿੱਤੀ ਗਈ ਅਤੇ ਜਿੰਮ ਵੀ ਬੰਦ ਹੋ ਗਏ, ਭਵਾਨੀ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਇੱਟਾਂ ਤੋਂ ਬਣੇ ਇੱਕ ਡੰਮੀ ਸਾਥੀ ਅਤੇ ਕਿੱਟ ਬੈਗ਼ ਨਾਲ ਆਪਣੀ ਛੱਤ 'ਤੇ ਨਜ਼ਰ ਆਏ ਤਾਂ ਜੋ ਉਨ੍ਹਾਂ ਦੀ ਪ੍ਰੈਕਟਿਸ ਦਾ ਨੁਕਸਾਨ ਨਾ ਹੋਵੇ।
ਜਦੋਂ ਜਿੰਮ ਖੁੱਲ੍ਹੇ, ਮੈਂ ਇੱਕ ਦਿਨ ਇੱਕ ਹੋਰ ਨੌਜਵਾਨ ਖਿਡਾਰਨ, ਪਹਿਲਵਾਨ ਦਿਵਿਆ ਕਕਰਨ ਅਤੇ ਵੀਡੀਓ ਕਾਲ ਜ਼ਰੀਏ ਨਾਲ ਜੁੜੇ ਉਨ੍ਹਾਂ ਦੇ ਜੌਰਜੀਅਨ ਕੋਚ ਨਾਲ ਇੱਕ ਸਖ਼ਤ ਥਕਾਉ ਪ੍ਰੈਕਟਿਸ ਸੈਸ਼ਨ ਵਿੱਚ ਗੁਜ਼ਾਰਿਆ। ਇਸ ਦੌਰਾਨ ਉਨ੍ਹਾਂ ਦੇ ਕੋਚ ਨੇ ਲਗਾਤਾਰ ਨਿਰਦੇਸ਼ ਦਿੱਤੇ।
ਮਹਾਂਮਾਰੀ ਦੌਰਾਨ ਭਾਰਤੀ ਖਿਡਾਰਨਾਂ ਦਾ ਜਨੂੰਨ ਅਤੇ ਦ੍ਰਿੜ ਇਰਾਦਾ ਕੁਝ ਅਜਿਹਾ ਹੀ ਸੀ। ਉਨ੍ਹਾਂ ਦੀਆਂ ਨਜ਼ਰਾਂ ਲੰਬੇ ਸਮੇਂ ਤੋਂ ਲੰਬਿਤ ਹੋ ਰਹੇ, ਟੋਕਿਓ ਉਲੰਪਿਕ 'ਤੇ ਪੂਰ੍ਹੇ ਨਿਸ਼ਚੇ ਨਾਲ ਟਿੱਕੀਆਂ ਹੋਈਆਂ ਹਨ।
ਇਸ ਪਿਛੋਕੜ ਵਿੱਚ ਬੀਬੀਸੀ ਬਿਹਤਰੀਨ ਭਾਰਤੀ ਖਿਡਾਰਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਅਵਾਰਡ ਦਾ ਦੂਸਰਾ ਸੰਸਕਰਨ 8 ਫ਼ਰਵਰੀ ਨੂੰ ਲਾਂਚ ਕਰ ਰਿਹਾ ਹੈ।
ਇਸਦਾ ਮੰਤਵ ਖਿਡਾਰਨਾਂ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨਾ ਅਤੇ ਪੈਰਾ ਅਥਲੈਟਿਕਸ ਖੇਡਾਂ ਵਿੱਚ ਸਮੇਤ ਭਾਰਤੀ ਖਿਡਾਰਨਾਂ ਦੇ ਵਿਸ਼ਾਲ ਯੋਗਦਾਨ ਨੂੰ ਸਨਮਾਨਿਤ ਕਰਨਾ ਹੈ।
ਭਾਰਤੀ ਖਿਡਾਰਨਾਂ ਦੀ ਚੜ੍ਹਾਈ
ਰੀਓ ਉਲੰਪਿਕ ਵਿੱਚ ਭਾਰਤ ਲਈ ਦੋਵੇਂ ਤਗਮੇ ਔਰਤਾਂ ਵਲੋਂ ਜਿੱਤੇ ਗਏ ਅਤੇ ਇਸ ਸਾਲ ਬਹੁਤ ਸਾਰੀਆਂ ਭਾਰਤੀ ਖਿਡਾਰਨਾਂ ਪਹਿਲਾਂ ਤੋਂ ਹੀ ਟੋਕਿਓ ਉਲੰਪਿਕ ਲਈ ਯੋਗਤਾ ਹਾਸਿਲ ਕਰ ਚੁੱਕੀਆਂ ਹਨ।
ਦਿਲਚਸਪ ਗੱਲ ਹੈ ਕਿ, ਕੋਰੋਨਾ ਮਹਾਂਮਾਰੀ ਨਾਲ ਗੁਜ਼ਰੇ ਸਾਲ ਵਿੱਚ ਹੀ ਭਾਰਤੀ ਖਿਡਾਰਨਾਂ ਨੂੰ ਉਲੰਪਿਕ ਵਿੱਚ ਪਹਿਲਾ ਤਗਮਾ ਜਿੱਤਿਆਂ ਵੀਹ ਸਾਲ ਹੋਏ।
ਇਹ ਸਾਲ 2000 ਸੀ ਜਦੋਂ ਵੇਟਲਿਫ਼ਟਰ ਕਰਨਮ ਮਲੇਸ਼ਵਰੀ ਨੇ ਸਿਡਨੀ ਉਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਕੇ ਇਤਿਹਾਸ ਰਚਿਆ। ਉਹ ਤਾਰੀਖ਼ 19 ਸਤੰਬਰ, 2000 ਹਾਲੇ ਵੀ ਮੇਰੇ ਚੇਤਿਆਂ ਵਿੱਚ ਹੈ।
ਉਸ ਦੇ ਬਾਅਦ ਤੋਂ ਸਾਇਨਾ ਨਹਿਵਾਲ, ਸਾਕਸ਼ੀ ਮਲਿਕ, ਮੈਰੀ ਕੌਮ, ਮਾਨਸੀ ਜੋਸ਼ੀ ਅਤੇ ਪੀ ਵੀ ਸਿੰਧੂ ਨੇ ਉਲੰਪਿਕ ਅਤੇ ਵਰਲਡ ਚੈਂਪੀਅਨਸ਼ਿਪਾਂ ਦੌਰਾਨ ਭਾਰਤ ਲਈ ਤਗਮੇ ਜਿੱਤੇ।
ਮਹਾਂਮਾਰੀ ਦੇ ਕਾਰਨ ਸਾਲ 2020 ਦਾ ਖੇਡ ਕੈਲੰਡਰ ਸੀਮਤ ਕੀਤਾ ਗਿਆ ਹੈ, ਇਸ ਦੇ ਬਾਵਜੂਦ ਕਈ ਵੱਡੇ ਟੂਰਨਾਮੈਂਟ ਜਿਵੇਂ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ, ਸ਼ਤਰੰਜ ਓਲੰਪੀਆਡ ਅਤੇ ਮਹਿਲਾ ਹਾਕੀ ਲਈ ਉਲੰਪਿਕ ਕੁਆਲੀਫਾਇਰ (ਯੋਗਤਾ ਮੈਚ), ਮਹਿਲਾ ਕ੍ਰਿਕਟ ਟੂਰਨਾਮੈਂਟ ਹੋਏ ਅਤੇ ਭਾਰਤੀ ਖਿਡਾਰਨਾਂ ਦੀਆਂ ਅਹਿਮ ਪ੍ਰਾਪਤੀਆਂ ਵੀ ਜਾਰੀ ਰਹੀਆਂ।
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਪੁਰਸਕਾਰ ਵੀ ਉਨ੍ਹਾਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੀ ਪਹਿਲਕਦਮੀ ਦਾ ਹੀ ਹਿੱਸਾ ਹੈ ਅਤੇ ਇਹ ਨਾਲ ਹੀ ਖਿਡਾਰਨਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਵੱਲ ਵੀ ਧਿਆਨ ਦਿਵਾਉਂਦਾ ਹੈ।
ਪਾਠਕ ਆਪਣੀ ਪਸੰਦੀਦਾ ਭਾਰਤੀ ਖਿਡਾਰਨ ਲਈ 24 ਫ਼ਰਵਰੀ 2021 ਤੱਕ ਵੋਟ ਪਾ ਸਕਦੇ ਹਨ।
ਔਰਤਾਂ ਤੇ ਮਰਦਾਂ ਦਾ ਬਰਾਬਰ ਸਥਾਨ
ਸ਼ਾਇਦ ਤੁਹਾਨੂੰ ਪਿਛਲੇ ਸਾਲ 2020 ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਹੋਇਆ ਔਰਤਾਂ ਦਾ ਕ੍ਰਿਕੇਟ ਵਰਲਡ ਕੱਪ ਯਾਦ ਹੋਵੇ। ਭੀੜ ਔਰਤਾਂ ਦੇ ਮੈਚਾਂ ਦੋਰਾਨ ਹਾਜ਼ਰੀ ਦਾ ਰਿਕਾਰਡ ਤੋੜਨ ਤੋਂ ਕੁਝ ਘੱਟ ਰਹਿ ਗਈ ਸੀ ਜੋ ਕਿ 90,185 ਹੈ।
ਹਾਲਾਂਕਿ ਆਈਸੀਸੀ ਮੁਤਾਬਕ, ਇਹ ਹਾਲੇ ਵੀ ਕੌਮਾਂਤਰੀ ਪੱਧਰ 'ਤੇ ਔਰਤਾਂ ਦੇ ਕ੍ਰਿਕੇਟ ਮੈਚ ਵਿੱਚ ਸਭ ਤੋਂ ਜ਼ਿਆਦਾ ਹੈ।
ਦਿਲਚਸਪ ਗੱਲ ਇਹ ਹੈ ਕਿ, ਜਦੋਂ ਭਾਰਤੀ ਖਿਡਾਰਨਾਂ ਤਗਮੇ ਅਤੇ ਕੌਮਾਂਤਰੀ ਟੂਰਨਾਮੈਂਟ ਜਿੱਤ ਰਹੀਆਂ ਹਨ, ਉਨ੍ਹਾਂ ਦੀ ਆਨਲਾਈਨ ਮੌਜੂਦਗੀ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਪੂਰ੍ਹੀ ਤਰ੍ਹਾਂ ਉਜਾਗਰ ਨਹੀਂ ਕਰਦੀ।
ਵਿਕੀਪੀਡੀਆ 'ਤੇ ਵੀ ਇਨ੍ਹਾਂ ਭਾਰਤੀ ਖਿਡਾਰਨਾਂ ਦੀ ਮਰਦਾਂ ਦੇ ਮੁਕਾਬਲੇ ਇੱਕ ਨਾਬਰਾਬਰ ਜਗ੍ਹਾ ਬਣਾਉਂਦਿਆਂ, ਬਹੁਤ ਘੱਟ ਜਾਂ ਸਿਫ਼ਰ ਮੌਜੂਦਗੀ ਹੈ।
ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਪਹਿਲਕਦਮੀ ਦਾ ਹਿੱਸਾ ਹੋਣ ਵਜੋਂ, ਬੀਬੀਸੀ ਵਿਕੀਪੀਡੀਆ ਦੇ ਨਾਲ ਮਿਲ ਕੇ ਇੱਕ ਸਪੋਰਟਸ ਹੈੱਕਾਥਨ ਦਾ ਆਯੋਜਨ ਕਰ ਰਿਹਾ ਹੈ।
ਇਸ ਵਿੱਚ ਭਾਰਤ ਭਰ ਦੇ ਵਿਦਿਆਰਥੀ ਔਰਤਾਂ ਅਤੇ ਮਰਦਾਂ ਲਈ ਆਨਲਾਈਨ ਬਰਾਬਰ ਜਗ੍ਹਾ ਬਣਾਉਣ ਦੇ ਯਤਨ ਵਜੋਂ ਭਾਰਤੀ ਖਿਡਾਰਨਾਂ ਲਈ 50 ਐਂਟਰੀਆਂ ਤਿਆਰ ਕਰਨਗੇ।
ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਪੁਰਸਕਾਰ ਖ਼ਾਸਕਰ ਟੋਕਿਓ ਉਲੰਪਿਕ ਦੀ ਦੌੜ ਵਿੱਚ ਔਰਤਾਂ ਅਤੇ ਨੌਜਵਾਨ ਖਿਡਾਰੀਆਂ ਦੀ ਭਾਗੀਦਾਰੀ ਵਧਾਉਣ ਦੇ ਯਤਨਾਂ ਦਾ ਹਿੱਸਾ ਹੈ।
ਜੇਤੂ ਦੀ ਚੋਣ ਕਿਸ ਤਰ੍ਹਾਂ ਹੋਵੇਗੀ?
ਬੀਬੀਸੀ ਵਲੋਂ ਚੁਣੀ ਗਈ ਇੱਕ ਜਿਊਰੀ ਨੇ ਭਾਰਤੀ ਖਿਡਾਰਨਾਂ ਦੀ ਇੱਕ ਸ਼ੋਰਟ ਲਿਸਟ ਤਿਆਰ ਕੀਤੀ ਹੈ। ਜਿਊਰੀ ਵਿੱਚ ਭਾਰਤ ਭਰ ਤੋਂ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਿਲ ਹਨ।
ਜਿਊਰੀ ਮੈਂਬਰਾਂ ਦੀਆਂ ਵੱਧ ਵੋਟਾਂ ਹਾਸਿਲ ਕਰਨ ਵਾਲੀਆਂ ਪਹਿਲੀਆਂ ਪੰਜ ਚੋਟੀ ਦੀਆਂ ਖਿਡਾਰਨਾਂ ਨੂੰ ਜਨਤਕ ਵੋਟਿੰਗ ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਲਈ ਤੁਸੀਂ ਬੀਬੀਸੀ ਭਾਰਤੀ ਭਾਸ਼ਾਵਾਂ ਅਤੇ ਬੀਬੀਸੀ ਸਪੋਰਟਸ ਦੀ ਵੈੱਬਸਾਈਟ ਰਾਹੀਂ ਵੋਟ ਪਾ ਸਕਦੇ ਹੋ। ਵੋਟਿੰਗ ਦਾ ਸਮਾਂ 8 ਫ਼ਰਵਰੀ ਤੋਂ 24 ਫ਼ਰਵਰੀ, 2021 ਤੱਕ ਹੈ।
ਬੀਬੀਸੀ ਜਿਊਰੀ, ਬੀਬੀਸੀ ਅਮਰਜਿੰਗ ਪਲੇਅਰ ਆਫ਼ ਦਿ ਈਅਰ ਪੁਰਸਕਾਰ (ਬੀਬੀਸੀ ਸਾਲ ਦੇ ਉੱਭਰ ਰਹੇ ਖਿਡਾਰੀ ਪੁਰਸਕਾਰ) ਲਈ ਵੀ ਚੋਣ ਕਰੇਗਾ ਜਦੋਂ ਕਿ ਇੱਕ ਸੰਪਾਦਕੀ ਮੰਡਲ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਲਈ ਉੱਘੀ ਖੇਡ ਹਸਤੀ ਦੀ ਨਾਮਜ਼ਦਗੀ ਕਰੇਗਾ।
ਸਭ ਤੋਂ ਪਹਿਲਾ ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਅਵਾਰਡ 2019 ਵਿੱਚ ਰੀਓ ਉਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਵਲੋਂ ਜਿੱਤਿਆ ਗਿਆ ਸੀ ਅਤੇ ਤੇਜ਼ ਦੌੜਾਕ ਪੀਟੀ ਊਸ਼ਾ ਨੂੰ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: