ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਦਾ ਸੁਨਹਿਰਾ ਸੁਫ਼ਨਾ ਕਿਵੇਂ ਟੁੱਟਿਆ

    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ ਬੀਬੀਸੀ ਲਈ

ਭਾਰਤੀ ਪੁਰਸ਼ ਹਾਕੀ ਟੀਮ ਦਾ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਫ਼ਨਾ ਪੈਰਿਸ ਵਿੱਚ ਵੀ ਪੂਰਾ ਨਹੀਂ ਹੋ ਸਕਿਆ।

ਭਾਰਤੀ ਹਾਕੀ ਟੀਮ ਨੂੰ ਸੈਮੀ ਫਾਈਨਲ ਮੁਕਾਬਲੇ ਵਿੱਚ ਜਰਮਨੀ ਦੇ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਹੁਣ ਕਾਂਸੇ ਦੇ ਮੈਡਲ ਲਈ ਸਪੇਨ ਦੇ ਨਾਲ ਖੇਡੇਗਾ।

ਭਾਰਤ ਦੀ ਹਾਰ ਦੇ ਕਈ ਕਾਰਨ ਰਹੇ ਲੇਕਿਨ ਸਭ ਤੋਂ ਵੱਡਾ ਕਾਰਨ ਸੀ ਕਿ ਟੀਮ ਮੈਚ ਦੇ ਦੌਰਾਨ ਮਿਲੇ ਕਈ ਮੌਕੇ ਭੁਨਾ ਨਹੀਂ ਸਕੀ।

ਭਾਰਤ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ, ਇਸ ਦੇ ਨਾਲ ਹੀ ਗੋਲ ਕਰਨ ਦੇ ਕਈ ਮੌਕੇ ਵੀ ਹੱਥੋਂ ਗੁਆ ਲਏ।

ਭਾਰਤ ਨੂੰ ਹੁਣ ਟੋਕੀਓ ਓਲੰਪਿਕ ਵਾਂਗ ਕਾਂਸੇ ਦਾ ਮੈਡਲ ਜਿੱਤਣ ਲਈ ਪਹਿਲਾਂ ਟੀਮ ਨੂੰ ਇਕਜੁੱਟ ਕਰਨਾ ਪਵੇਗਾ।

ਕਮਜ਼ੋਰ ਖੇਡ ਨੇ ਮੈਚ ਹੱਥ ਚੋਂ ਕੱਢਿਆ

ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹਮਲਾਵਰ ਅੰਦਾਜ਼ ਵਿੱਚ ਖੇਡ ਦੀ ਸ਼ੁਰੂਆਤ ਕਰਕੇ ਸੱਤਵੇਂ ਮਿੰਟ ਵਿੱਚ ਗੋਲ ਕਰਕੇ, ਅੱਗੇ ਹੋ ਗਿਆ।

ਇਹ ਗੋਲ ਕਰਨ ਵਾਲੇ ਸਨ, ਹਰਮਨਪ੍ਰੀਤ ਸਿੰਘ। ਉਨ੍ਹਾਂ ਨੇ ਛੇਵੇਂ ਪੈਨਲਟੀ ਕਾਰਨਰ ਉੱਤੇ ਇਹ ਗੋਲ ਕੀਤਾ।

ਇਸ ਦੌਰਾਨ ਭਾਰਤ ਦੀ ਖੇਡ ਨੂੰ ਦੇਖ ਕੇ ਲੱਗ ਰਿਹਾ ਸੀ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਣ ਲਈ ਜਿਸ ਤਰ੍ਹਾਂ ਖੇਡਿਆ ਜਾ ਰਿਹਾ ਸੀ, ਉਸੇ ਨੂੰ ਦੁਹਰਾਇਆ ਜਾ ਰਿਹਾ ਹੈ।

ਭਾਰਤ ਨੇ ਤੀਜੇ ਕੁਆਰਟਰ ਵਿੱਚ ਵਾਪਸੀ ਦਾ ਭਰਭੂਰ ਯਤਨ ਕੀਤਾ ਅਤੇ 2-2 ਗੋਲ ਨਾਲ ਬਰਾਬਰੀ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਭਾਰਤ ਨੂੰ ਇਸ ਦੌਰਾਨ ਅੱਗੇ ਵਧਣ ਦੇ ਵੀ ਕਈ ਮੌਕੇ ਮਿਲੇ ਪਰ ਇਨ੍ਹਾਂ ਦਾ ਫਾਇਦਾ ਨਹੀਂ ਚੁੱਕਿਆ ਜਾ ਸਕਿਆ।

ਭਾਰਤੀ ਹਮਲਿਆਂ ਵਿੱਚ ਧਾਰ ਦੀ ਕਮੀ ਦਿਸੀ

ਭਾਰਤੀ ਖਿਡਾਰੀ ਦਮ ਲਾ ਕੇ ਖੇਡ ਰਹੇ ਸਨ। ਗੋਲ ਕਰਨ ਦੇ ਮੌਕੇ ਵੀ ਬਣਾਏ, ਪਰ ਗੋਲ ਕਰਨ ਵਿੱਚ ਕੁਤਾਹੀ ਹਾਰ ਦਾ ਕਾਰਨ ਬਣੀ।

ਘੱਟ-ਤੋਂ-ਘੱਟ ਤਿੰਨ ਮੌਕੇ ਸਨ ਜਦੋਂ, ਭਾਰਤੀ ਖਿਡਾਰੀ ਗੋਲ ਕਰਨ ਦੀ ਸਥਿਤੀ ਵਿੱਚ ਸਨ ਪਰ ਕਾਹਲੀ ਵਿੱਚ ਗੇਂਦ ਬਾਹਰ ਮਾਰ ਬੈਠੇ।

ਭਾਰਤ ਨੇ ਗੋਲ ਕਰਨ ਦੇ ਕਰੀਬ ਅੱਧਾ ਦਰਜਣ ਮੌਕੇ ਖੁੰਝਾਏ।

ਪਹਿਲੇ ਕੁਆਰਟਰ ਵਿੱਚ ਇੱਕ ਲੰਬੇ ਸਕੂਪ ਉੱਤੇ ਸਰਕਲ ਦੇ ਟਾਪ ਉੱਤੇ ਖੜ੍ਹੇ ਹਾਰਦਿਕ ਨੂੰ ਗੇਂਦ ਮਿਲੀ ਅਤੇ ਉਹ ਸਰਕਲ ਵਿੱਚ ਪਹੁੰਚਣ ਵਿੱਚ ਵੀ ਸਫ਼ਲ ਰਹੇ ਪਰ ਗੇਂਦ ਬਾਹਰ ਮਾਰ ਬੈਠੇ।

ਹਾਰਦਿਕ ਨੇ ਇਸੇ ਤਰ੍ਹਾਂ ਤੀਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਰੀਬਾਊਂਡ ਕਾਰਨ ਮਿਲੀ ਗੇਂਦ ਨੂੰ ਖਾਲੀ ਗੋਲ ਵਿੱਚ ਪਾਉਣਾ ਸੀ। ਲੇਕਿਨ ਉਹ ਸ਼ਾਟ ਨੂੰ ਗੋਲ ਦੇ ਸਾਹਮਣੇ ਤੋਂ ਬਾਹਰ ਮਾਰ ਗਏ। ਇਸੇ ਤਰ੍ਹਾਂ ਅਭਿਸ਼ੇਕ ਅਤੇ ਸ਼ਮਸ਼ੇਰ ਨੇ ਵੀ ਗੋਲ ਕਰਨ ਦੇ ਮੌਕੇ ਬਰਬਾਦ ਕੀਤੇ।

ਪੈਨਲਟੀ ਕਾਰਨਰ ਉੱਤੇ ਗੋਲ ਨਹੀਂ ਹੋਏ

ਭਾਰਤ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਉਸ ਕੋਲ ਹਰਮਨਪ੍ਰੀਤ ਤੋਂ ਇਲਾਵਾ ਦੂਜਾ ਕੋਈ ਚੰਗਾ ਡਰੈਗ ਫਲਿਕਰ ਨਹੀਂ ਹੈ।

ਇਸ ਕਾਰਨ ਰਸ਼ਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੇਂਦ ਹਰਮਨਪ੍ਰੀਤ ਕੋਲ ਜਾਣੀ ਹੈ, ਇਸ ਲਈ ਉਹ ਐਂਗਲ ਨੂੰ ਖ਼ਤਮ ਕਰਨ ਵਿੱਚ ਸਫ਼ਲ ਰਹਿੰਦੇ ਹਨ।

ਜਰਮਨੀ ਨੇ ਹੇਨਰਿਚ ਟਿਓ ਦੇ ਨਾਲ ਦੋ ਖਿਡਾਰੀਆਂ ਨੂੰ ਇਸ ਕੰਮ ਉੱਤੇ ਲਾਇਆ ਅਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲ ਰਹੇ।

ਭਾਰਤ ਨੂੰ ਪੂਰੇ ਮੈਚ ਵਿੱਚ 11 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਗੋਲ ਵਿੱਚ ਬਦਲਿਆ ਜਾ ਸਕਿਆ। ਇਸ ਵਿੱਚ ਦੂਜਾ ਗੋਲ ਹਰਮਨਪ੍ਰੀਤ ਦੇ ਡਰੈਗ ਫਲਿਕ ਦੇ ਨਾਲ ਸੁਖਜੀਤ ਸਿੰਘ ਦੇ ਡਿਫਲੈਕਸ਼ਨ ਕਰਨ ਨਾਲ ਹੋਇਆ।

ਭਾਰਤ ਨੂੰ ਸੇਪਨ ਦੇ ਖਿਲਾਫ ਕਾਂਸੇ ਦੇ ਮੁਕਾਬਲੇ ਦੌਰਾਨ ਇਸ ਕਮਜ਼ੋਰੀ ਤੋਂ ਉੱਪਰ ਉੱਠਣਾ ਪਵੇਗਾ।

ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੇ ਮਾਮਲੇ ਵਿੱਚ ਜਰਮਨੀ ਬਿਹਤਰ ਰਹੀ।

ਉਨ੍ਹਾਂ ਨੇ ਪੰਜ ਪੈਨਲਟੀ ਕਾਰਨਰਾਂ ਵਿੱਚੋਂ ਇੱਕ ਨੂੰ ਗੋਲ ਵਿੱਚ ਬਦਲਿਆ ਅਤੇ ਇੱਕ ਉੱਤੇ ਉਨ੍ਹਾਂ ਨੂੰ ਪੈਨਲਟੀ ਸਟਰੋਕ ਮਿਲਿਆ, ਉਹ ਵੀ ਗੋਲ ਵਿੱਚ ਬਦਲ ਦਿੱਤਾ ਗਿਆ।

ਜਰਮਨਪ੍ਰੀਤ ਦੀਆਂ ਗਲਤੀਆਂ ਨੇ ਪਲਟਿਆ ਪਾਸਾ

ਜਰਮਨਪ੍ਰੀਤ ਨੂੰ ਆਮ ਤੌਰ ਉੱਤੇ ਚੰਗੇ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਲੇਕਿਨ ਭਾਰਤ ਨੂੰ ਉਨ੍ਹਾਂ ਦੀਆਂ ਕੁਝ ਗਲਤੀਆਂ ਨੇ ਪਹਿਲੇ ਹਾਫ਼ ਦੌਰਾਨ ਮੁਸ਼ਕਿਲ ਵਿੱਚ ਲਿਆ ਦਿੱਤਾ।

ਭਾਰਤ ਉੱਤੇ ਪਹਿਲੇ ਹਾਫ ਵਿੱਚ ਜਰਮਨੀ ਨੇ ਜਿਹੜੇ ਦੋ ਗੋਲ ਕੀਤੇ, ਉਹ ਦੋਵੇਂ ਜਰਮਨਪ੍ਰੀਤ ਦੀਆਂ ਗਲਤੀਆਂ ਦੇ ਨਤੀਜੇ ਸਨ।

ਪਹਿਲੇ ਮੌਕੇ ਉੱਤੇ ਜਰਮਨੀ ਦੇ ਖੱਬੇ ਫਲੈਂਕ ਨਾਲ ਬਣੇ ਹਮਲੇ ਵਿੱਚ ਜਦੋਂ ਖਿਡਾਰੀ ਨੇ ਗੇਂਦ ਨੂੰ ਸਰਕਲ ਵਿੱਚ ਪਾਇਆ ਤਾਂ ਜਰਮਨਪ੍ਰੀਤ ਨੇ ਗੇਂਦ ਰੋਕਣ ਦੀ ਕੋਸ਼ਿਸ਼ ਦੌਰਾਨ ਪੈਰ ਵਿੱਚ ਲਵਾ ਬੈਠੇ ਅਤੇ ਉਨ੍ਹਾਂ ਨੂੰ 18ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲ ਗਿਆ। ਇਸ ਨੂੰ ਜ਼ਹੂਰ ਕ੍ਰਿਸਟੋਫਰ ਨੇ ਗੋਲ ਵਿੱਚ ਬਦਲ ਦਿੱਤਾ।

ਭਾਰਤ ਨੂੰ ਰੜਕੀ ਅਮਿਤ ਰੋਹੀਦਾਸ ਦੀ ਕਮੀ

ਅਮਿਤ ਰੋਹੀਦਾਸ ਬ੍ਰਿਟੇਨ ਦੇ ਖਿਲਾਫ਼ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰੈਡ ਕਾਰਡ ਦਿਖਾਏ ਜਾਣ ਕਾਰਨ ਇਸ ਮੈਚ ਵਿੱਚ ਮੈਜੂਦ ਨਹੀਂ ਸਨ।

ਇਸੇ ਕਾਰਨ ਟੀਮ ਦੇ ਖਿਲਾਫ਼ ਲਏ ਗਏ ਪੈਨਲਟੀ ਕਾਰਨਰਾਂ ਵਿੱਚ ਰਸ਼ਰਾਂ ਦੀ ਘਾਟ ਰਹੀ। ਅਮਿਤ ਇਸ ਜ਼ਿੰਮੇਵਾਰੀ ਨੂੰ ਨਿਡਰ ਹੋ ਕੇ ਨਿਭਾਉਂਦੇ ਹਨ।

ਇਸ ਤੋਂ ਇਲਾਵਾ ਜਰਮਨੀ ਦੇ ਹਮਲਿਆਂ ਦੇ ਸਮੇਂ ਬਚਾਅ ਵਿੱਚ ਵੀ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਗਈ। ਸ਼੍ਰੀਜੇਸ਼ ਉੱਤੇ ਦਬਾਅ ਬਣਿਆ ਅਤੇ ਜਰਮਨੀ ਨੂੰ ਇਸਦਾ ਫਾਇਦਾ ਵੀ ਮਿਲਿਆ।

ਇਸ ਮੁਕਾਬਲੇ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਭਾਰਤੀ ਟੀਮ ਮਾਨਸਿਕ ਰੂਪ ਵਿੱਚ ਬਹੁਤ ਮਜ਼ਬੂਤ ਹੋਈ ਹੈ। ਲੇਕਿਨ ਆਖਰੀ ਕੁਆਰਟਰ ਵਿੱਚ ਜਦੋਂ ਜਰਮਨੀ ਨੇ ਤੀਜਾ ਗੋਲ ਕੀਤਾ ਤਾਂ ਟੀਮ ਵਿੱਚ ਖਿੰਡਾਅ ਦਿਸਣ ਲੱਗਿਆ।

ਭਾਰਤੀ ਖਿਡਾਰੀਆਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੇਂਦ ਨੂੰ ਅੱਗੇ ਕਿਵੇਂ ਵਧਾਇਆ ਜਾਵੇ। ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਸਮਾਂ ਗੇਂਦ ਰੱਖਣ ਦੇ ਚੱਕਰ ਵਿੱਚ ਉਹ ਉਨ੍ਹਾਂ ਤੋਂ ਖੋਹੀ ਗਈ।

ਕਈ ਵਾਰ ਘਹਰਾਹਟ ਵਿੱਚ ਜਰਮਨੀ ਨੂੰ ਹੀ ਪਾਸ ਦੇ ਕੇ ਆਪਣੇ ਉੱਤੇ ਖ਼ਤਰਾ ਬਣਾ ਲਿਆ।

ਅਸੀਂ ਸਾਰੇ ਜਾਣਦੇ ਹਾਂ ਕਿ 2011 ਵਿੱਚ ਟੀਮ ਇੰਡਿਆ ਦੇ ਵਿਸ਼ਵ ਕੱਪ ਜਿੱਤਣ ਦੇ ਸਮੇਂ ਪੈਡੀ ਅਪਟਨ ਕੰਡੀਸ਼ਨਿੰਗ ਕੋਚ ਸਨ। ਇਸੇ ਨੂੰ ਧਿਆਨ ਵਿੱਚ ਰੱਖ ਕੇ ਭਾਰਤੀ ਹਾਕੀ ਟੀਮ ਨਾਲ ਜੋੜਿਆ ਗਿਆ ਹੈ।

ਭਾਰਤੀ ਟੀਮ ਪੈਰਿਸ ਆਉਣ ਤੋਂ ਪਹਿਲਾਂ ਤਿੰਨ ਦਿਨ ਤੱਕ ਸਵਿਟਜ਼ਰਲੈਂਡ ਦੀਆਂ ਐਲਪਸ ਪਹਾੜੀਆਂ ਵਿੱਚ ਲਾਏ ਕੈਂਪ ਵਿੱਚ ਰਹੀ ਸੀ। ਇਸ ਵਿੱਚ ਸਿਖਾਇਆ ਗਿਆ ਕਿ ਮੁਸ਼ਕਿਲ ਸਮੇਂ ਵਿੱਚ ਕਿਵੇਂ ਇਕਜੁੱਟਤਾ ਕਾਇਮ ਰੱਖੀ ਜਾਵੇ।

ਇਸ ਤੋਂ ਇਲਾਵਾ ਵਿਰੋਧੀ ਸਥਿਤੀਆਂ ਵਿੱਚ ਕਿਵੇਂ ਖੇਡੀਏ ਲੇਕਿਨ ਇਸ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਉਸ ਸਮੇਂ ਭਾਰਤੀ ਖਿਡਾਰੀ ਇਸ ਨੂੰ ਭੁੱਲਦੇ ਨਜ਼ਰ ਆਏ।

ਜਰਮਨੀ ਦੇ ਖਿਲਾਫ਼ ਹਾਰ ਮਿਲਣ ਤੋਂ ਬਾਅਦ ਭਾਰਤੀ ਖਿਡਾਰੀਆਂ ਵਿੱਚ ਇੱਕਦਮ ਨਿਰਾਸ਼ਾ ਛਾ ਗਈ।

ਲੇਕਿਨ ਭਾਰਤੀ ਟੀਮ ਨੂੰ ਅੱਠ ਅਗਸਤ ਨੂੰ ਸਪੇਨ ਦੇ ਨਾਲ ਹੋਣ ਵਾਲੇ ਕਾਂਸੇ ਦੇ ਮੈਡਲ ਮੁਕਾਬਲੇ ਵਿੱਚ ਪਹਿਲਾਂ ਇਸ ਨਿਰਾਸ਼ਾ ਵਿੱਚੋਂ ਨਿਕਲ ਕੇ ਆਪਣਾ ਖੇਡ ਸੰਜੋਣ ਦੀ ਲੋੜ ਪਵੇਗੀ।

ਟੀਮ ਨੂੰ ਬੰਨ੍ਹ ਕੇ ਰੱਖਣ ਵਿੱਚ ਚੌਥਾ ਓਲੰਪਿਕ ਖੇਡਣ ਵਾਲੇ ਮਨਪ੍ਰੀਤ ਸਿੰਘ, ਪੀਆਰ ਸ਼੍ਰੀਜੇਸ਼ ਦੇ ਨਾਲ ਕਪਤਾਨ ਹਰਮਨਪ੍ਰੀਤ ਸਿੰਘ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)