ਉਹ ਬਾਲੀਵੁੱਡ ਅਦਾਕਾਰਾ, ਜੋ ਸਾਊਦੀ ਅਰਬ ਵਿੱਚ ਨਸ਼ੇ ਦੇ ਕੇਸ 'ਚ ਫਸਾਈ ਗਈ, ਜੇਲ੍ਹ 'ਚ ਬੰਦ ਰਹੀ ਤੇ ਹੁਣ ਕਿੱਥੇ ਹੈ

ਕ੍ਰਿਸਨਨ

ਤਸਵੀਰ ਸਰੋਤ, CHRISANN PEREIRA

ਤਸਵੀਰ ਕੈਪਸ਼ਨ, ਕ੍ਰਿਸਨਨ ਪਰੇਰਾ ਨੇ ਸੜਕ-2 ਤੇ ਬਾਟਲਾ ਹਾਊਸ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਮਹੀਨੇ ਅਦਾਕਾਰਾ ਕ੍ਰਿਸਨਨ ਪਰੇਰਾ ਨਾਲ ਜੋ ਹੋਇਆ ਉਹ ਕਿਸੇ ਬਾਲੀਵੁੱਡ ਥ੍ਰਿਲਰ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਸੀ।

ਪਰੇਰਾ ਨੇ ਬਾਲੀਵੁੱਡ ਫ਼ਿਲਮਾਂ ਸੜਕ 2 ਅਤੇ ਬਾਟਲਾ ਹਾਊਸ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ।

ਇਹ ਹਾਲੇ ਸ਼ੁਰੂਆਤ ਸੀ ਤੇ ਇਸ ਨੂੰ ਅਗਾਂਹ ਤੋਰਨ ਲਈ ਜਦੋਂ 1 ਅਪ੍ਰੈਲ ਨੂੰ ਉਨ੍ਹਾਂ ਨੇ ਮੁੰਬਈ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਲਈ ਉਡਾਣ ਭਰੀ ਤਾਂ ਅੱਖਾਂ ਵਿੱਚ ਕਈ ਸੁਫ਼ਨੇ ਸਨ।

ਉਨ੍ਹਾਂ ਦੇ ਭਰਾ ਕੈਵਿਨ ਨੇ ਬੀਬੀਸੀ ਨੂੰ ਦੱਸਿਆ ਕਿ ਕ੍ਰਿਸਨਨ ਨੂੰ ਇੱਕ ਵੈੱਬ ਸੀਰੀਜ਼ ਵਿੱਚ ਇੱਕ ਅਹਿਮ ਭੂਮਿਕਾ ਲਈ ਆਫ਼ਰ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਫ਼ਿਲਮ ਇੱਕ ਕੌਮਾਂਤਰੀ ਪਲੇਟਫਾਰਮ 'ਤੇ ਪ੍ਰਸਾਰਿਤ ਕੀਤੀ ਜਾਵੇਗੀ।

ਪਰ ਕ੍ਰਿਸਨਨ ਦੇ ਸ਼ਾਰਜਾਹ ਜਾਣ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਡਰਾਉਣੀ ਸਥਿਤੀ ਵਿੱਚ ਪਾ ਦਿੱਤਾ।

ਕ੍ਰਿਸਨਨ ਨੂੰ ਹਵਾਈ ਅੱਡੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲ ਵਿੱਚ ਉਨ੍ਹਾਂ ਕੋਲ ਇੱਕ ਯਾਦਗਾਰੀ ਚਿੰਨ੍ਹ (ਮੋਮੈਂਟੋ) ਸੀ ਜੋ ਕਿ ਡਰੱਗਜ਼ ਨਾਲ ਭਰਿਆ ਹੋਇਆ ਸੀ।

ਕ੍ਰਿਸਨਨ

ਤਸਵੀਰ ਸਰੋਤ, KEVIN PEREIRA

ਤਸਵੀਰ ਕੈਪਸ਼ਨ, ਕੈਵਿਨ ਕਹਿੰਦੇ ਹਨ ਕਿ ਉਨ੍ਹਾਂ ਦੀ ਭੈਣ ਕ੍ਰਿਸਨਨ ਨਵੇਂ ਪ੍ਰੋਜੈਕਟ ਦੀ ਤਿਆਰੀ ਕਰ ਰਹੀ ਸੀ ਤੇ ਉਤਸ਼ਾਹਿਤ ਸੀ

ਵੈੱਬ ਸੀਰੀਜ਼ ਦੇ ਨਾਮ ’ਤੇ ਧੋਖੇ ਦੀ ਸ਼ੁਰੂਆਤ

ਕੈਵਿਨ ਨੇ ਜੋ ਕੁਝ ਕ੍ਰਿਸਨਨ ਦੇ ਡਰੱਗ ਸਪਲਾਈ ਕਰਨ ਦੇ ਮਾਮਲੇ ਵਿੱਚ ਦੱਸਿਆ ਉਸ ਵਿੱਚ ਬਹੁਤ ਕੁਝ ਅਜਿਹਾ ਸੀ, ਜਿਸ ਉੱਤੇ ਭਰੋਸਾ ਕਰਨਾ ਔਖਾ ਸੀ।

ਉਹ ਕਹਿੰਦੇ ਹਨ 23 ਮਾਰਚ ਨੂੰ ਉਨ੍ਹਾਂ ਦੀ ਮਾਂ ਪ੍ਰੇਮਿਲਾ ਪਰੇਰਾ ਨੂੰ ਇੱਕ ਆਦਮੀ ਦਾ ਸੁਨੇਹਾ ਮਿਲਿਆ।

ਉਹ ਉਨ੍ਹਾਂ ਨੂੰ ਇੱਕ ਇਵੈਂਟ ਵਿੱਚ ਮਿਲਿਆ ਸੀ ਅਤੇ ਉਹ ਇੱਕ ਵੈੱਬ ਸੀਰੀਜ਼ ਵਿੱਚ ਪੈਸੇ ਲਾ ਰਿਹਾ ਹੈ। ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਕ੍ਰਿਸਨਨ ਨੂੰ ਇਸ ਸੀਰੀਜ਼ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ।

"ਜਦੋਂ ਕ੍ਰਿਸਨਨ ਉਸ ਨੂੰ ਮਿਲੀ, ਉਸਨੇ ਕ੍ਰਿਸਨਨ ਨੂੰ ਕਿਹਾ ਕਿ ਆਡੀਸ਼ਨ ਲਈ ਦੁਬਈ ਜਾਣਾ ਪਏਗਾ। ਪਰ ਜਿਹੜੀ ਟਿਕਟ ਭੇਜੀ ਗਈ, ਉਹ ਸ਼ਾਰਜਾਹ ਦੀ ਸੀ।"

ਕੈਵਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਭੈਣ ਨੂੰ ਬਹੁਤ ਸਾਰੇ ਅਜਿਹੇ ਘੁਟਾਲਿਆਂ ਬਾਰੇ ਸਾਵਧਾਨ ਕੀਤਾ ਸੀ ਜਿਨ੍ਹਾਂ ਬਾਰੇ ਉਨ੍ਹਾਂ ਨੇ ਸੁਣਿਆ ਹੋਇਆ ਸੀ।

ਪਰ ਕ੍ਰਿਸਨਨ ਦੇ ਮਨ ਨੂੰ ਕੋਈ ਵੀ ਸ਼ੱਕ ਨਹੀਂ ਹੋਇਆ।

ਉਹ ਕਹਿੰਦੇ ਹਨ, "ਕ੍ਰਿਸਨਨ ਆਡੀਸ਼ਨ ਲਈ ਤਿਆਰੀ ਕਰ ਰਹੀ ਸੀ ਅਤੇ ਇਸ ਸ਼ਾਨਦਾਰ ਮੌਕੇ ਲਈ ਬਹੁਤ ਉਤਸ਼ਾਹਿਤ ਸੀ।"

ਕੈਵਿਨ ਦਾ ਕਹਿਣਾ ਹੈ ਕਿ ਕ੍ਰਿਸਨਨ ਦੀ ਉਡਾਣ ਤੋਂ ਕੁਝ ਘੰਟੇ ਪਹਿਲਾਂ, ਉਸੇ ਆਦਮੀ ਦਾ ਫ਼ੋਨ ਆਇਆ।

ਉਸ ਨੇ ਕ੍ਰਿਸਨਨ ਨੂੰ ਹਵਾਈ ਅੱਡੇ ਦੇ ਰਾਹ ਵਿੱਚ ਮਿਲਣ ਨੂੰ ਕਿਹਾ। ਉਥੇ ਉਸ ਨੂੰ ਇੱਕ ਯਾਦਗਾਰੀ ਚਿੰਨ੍ਹ (ਮੋਮੈਂਟੋ) ਦਿੱਤਾ ਤੇ ਕਿਹਾ ਕਿ ਉਸ ਨੂੰ ਸ਼ਾਰਜਾਹ ਵਿੱਚ ਉਨ੍ਹਾਂ ਦੇ ਦੋਸਤ ਨੂੰ ਦੇਣ।

ਕੈਵਿਨ ਦੱਸਦੇ ਹਨ,"ਉਹ ਤੜਕੇ 1:17 ਵਜੇ ਜਹਾਜ਼ ਤੋਂ ਉੱਤਰੀ ਤੇ 2 ਵਜੇ ਦੇ ਕਰੀਬ ਸਾਡੇ ਡੈਡੀ ਨੂੰ ਫ਼ੋਨ ਕਰਕੇ ਕਿਹਾ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਕਿਹਾ ਕਿ ਏਅਰਪੋਰਟ 'ਤੇ ਉਸ ਨੂੰ ਮਿਲਣ ਵਾਲਾ ਕੋਈ ਨਹੀਂ ਸੀ ਅਤੇ ਉਸ ਦੇ ਨਾਂ 'ਤੇ ਕੋਈ ਹੋਟਲ ਬੁਕਿੰਗ ਨਹੀਂ ਸੀ।”

“ਫ਼ਿਰ ਉਸ ਨੇ ਸਾਨੂੰ ਮੋਮੈਂਟੋ ਬਾਰੇ ਵੀ ਦੱਸਿਆ।"

ਕ੍ਰਿਸਨਨ

ਤਸਵੀਰ ਸਰੋਤ, KEVIN PEREIRA

ਤਸਵੀਰ ਕੈਪਸ਼ਨ, ਉਹ ਮੋਮੈਂਟੋ ਜੋ ਕ੍ਰਿਸਨਨ ਨੂੰ ਸ਼ਾਰਜਾਹ ਲੈ ਜਾਣ ਲਈ ਦਿੱਤਾ ਗਿਆ

ਕ੍ਰਿਸਨਨ ਦੀ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰੀ

ਕੈਵਿਨ, ਜੋ ਪਹਿਲਾਂ ਇੱਕ ਏਅਰਲਾਈਨ ਵਿੱਚ ਕੰਮ ਕਰਦੇ ਸਨ। ਉਹ ਕਹਿੰਦੇ ਹਨ ਜਦੋਂ ਇਹ ਅਹਿਸਾਸ ਹੋਇਆ ਉਦੋਂ ਤੱਕ ਉਨ੍ਹਾਂ ਦੀ ਭੈਣ ਵੱਡੀ ਮੁਸੀਬਤ ਵਿੱਚ ਸੀ।

"ਮੈਂ ਉਸ ਨੂੰ ਕਿਹਾ ਕਿ ਉਹ ਫ਼ੌਰਨ ਏਅਰਪੋਰਟ ਪੁਲਿਸ ਕੋਲ ਜਾ ਕੇ ਸਭ ਕੁਝ ਦੱਸੇ। ਅਗਲੇ 17 ਦਿਨਾਂ ਤੱਕ ਅਸੀਂ ਕ੍ਰਿਸਨਨ ਤੱਕ ਪਹੁੰਚ ਨਾ ਕਰ ਸਕੇ।"

ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਅਗਲੇ ਕੁਝ ਦਿਨਾਂ ਵਿੱਚ ਪਰੇਰਾ ਪਰਿਵਾਰ ਨੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰਾਲੇ ਅਤੇ ਸ਼ਾਰਜਾਹ ਵਿੱਚ ਭਾਰਤੀ ਕੌਂਸਲੇਟ ਸਮੇਤ 15 ਲੋਕਾਂ ਨੂੰ ਈਮੇਲ ਭੇਜ ਕੇ ਮਦਦ ਦੀ ਮੰਗ ਕੀਤੀ।

"ਸਾਨੂੰ ਆਖ਼ਰਕਾਰ ਭਾਰਤੀ ਕੌਂਸਲੇਟ ਤੋਂ ਪੁਸ਼ਟੀ ਮਿਲੀ ਕਿ ਕ੍ਰਿਸਨਨ ਨਸ਼ੀਲੇ ਪਦਾਰਥ ਰੱਖਣ ਦੇ ਇਲਜ਼ਾਮਾਂ ਅਧੀਨ ਸ਼ਾਰਜਾਹ ਕੇਂਦਰੀ ਜੇਲ੍ਹ ਵਿੱਚ ਸੀ।”

“ਜਦੋਂ ਅਸੀਂ ਗੂਗਲ ਕੀਤਾ, ਤਾਂ ਸਾਨੂੰ ਅਜਿਹੀਆਂ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਲੋਕਾਂ ਨੂੰ 25 ਸਾਲ ਦੀ ਜੇਲ੍ਹ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਸਭ ਨੇ ਸਾਡੇ ਘਰ ਵਿੱਚ ਦਿਹਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।"

BBC

ਕ੍ਰਿਸਨਨ ਪਰੇਰਾ ਨਾਲ ਸੁਫ਼ਨੇ ਦਿਖਾ ਕੇ ਹੋਇਆ ਧੋਖਾ

  • ਪਰੇਰਾ ਨੇ ਬਾਲੀਵੁੱਡ ਫ਼ਿਲਮਾਂ ਸੜਕ 2 ਅਤੇ ਬਾਟਲਾ ਹਾਊਸ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਹਨ
  • 23 ਮਾਰਚ ਨੂੰ ਉਨ੍ਹਾਂ ਦੀ ਮਾਂ ਪ੍ਰੇਮਿਲਾ ਪਰੇਰਾ ਨੂੰ ਇੱਕ ਆਦਮੀ ਨੇ ਕਿਹਾ ਕਿ ਉਹ ਕ੍ਰਿਸਨਨ ਨੂੰ ਇੱਕ ਵੈੱਬ ਸੀਰੀਜ਼ ਵਿੱਚ ਅਹਿਮ ਭੂਮਿਕਾ ਦੇਣਾ ਚਾਹੁੰਦੇ ਹਨ
  • 1 ਅਪ੍ਰੈਲ ਨੂੰ ਕ੍ਰਿਸਨਨ ਨੇ ਆਡੀਸ਼ਨ ਦੇਣ ਮੁੰਬਈ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਲਈ ਉਡਾਣ ਭਰੀ
  • ਉਹ ਤੜਕੇ 1:17 ਵਜੇ ਜਹਾਜ਼ ਤੋਂ ਉੱਤਰੇ ਤੇ ਕਰੀਬ 2 ਵਜੇ ਘਰ ਦੱਸਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ
  • ਉਨ੍ਹਾਂ ਨੂੰ ਇੱਕ ਮੋਮੈਂਟੋ ਦਿੱਤਾ ਗਿਆ ਸੀ ਜਿਸ ਵਿੱਚ ਡਰੱਗਜ਼ ਸਨ
  • 24 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਹੋਈਆਂ
BBC

ਪਹਿਲਾਂ ਵੀ ਲੋਕਾਂ ਨਾਲ ਧੋਖੇ ਹੋਏ ਸਨ

ਕ੍ਰਿਸਨਨ ਦੀ ਗ੍ਰਿਫ਼ਤਾਰੀ ਤੋਂ ਇੱਕ ਹਫ਼ਤੇ ਬਾਅਦ ਪਰਿਵਾਰ ਦੀ ਨਿਰਾਸ਼ਾ ਵਧ ਗਈ। ਕੈਵਿਨ ਨੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਮਦਦ ਲਈ ਅਪੀਲ ਪੋਸਟ ਕਰਨ ਦਾ ਫ਼ੈਸਲਾ ਲਿਆ ਤੇ ਅੰਤ ਵਿੱਚ ਉਨ੍ਹਾਂ ਹੱਥ ਕੁਝ ਸਫਲਤਾ ਲੱਗੀ।

ਚਾਰ ਲੋਕਾਂ ਨੇ ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ 'ਤੇ ਜਵਾਬ ਦਿੱਤਾ ਕਿ ਉਹ ਇਸੇ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਏ ਹਨ।

ਉਨ੍ਹਾਂ ਸਾਰਿਆਂ ਨੇ ਲਿਖਿਆ ਕਿ ਉਸੇ ਨਾਮ ਦੇ ਇੱਕ ਵਿਅਕਤੀ, ਜਿਸ ਨੇ ਕ੍ਰਿਸਨਨ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਸੀ ਨੇ ਉਨ੍ਹਾਂ ਨੂੰ ਵੀ ਮੱਧ ਪੂਰਬ ਲਿਜਾਣ ਲਈ ਸ਼ੱਕੀ ਚੀਜ਼ਾਂ ਦਿੱਤੀਆਂ ਸਨ।

ਇਸ ਲਈ, ਕੈਵਿਨ ਅਤੇ ਕੁਝ ਹੋਰ ਪੀੜਤਾਂ ਦੇ ਪਰਿਵਾਰ ਪੁਲਿਸ ਕੋਲ ਗਏ ਅਤੇ ਕ੍ਰਾਈਮ ਬ੍ਰਾਂਚ ਨੇ ਕੇਸ ਨੂੰ ਆਪਣੇ ਹੱਥ ਵਿੱਚ ਲਿਆ।

ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੰਜ ਮਾਮਲਿਆਂ ਪਿੱਛੇ, ‘ਇੱਕ ਨਿੱਜੀ ਕਾਰਨ’ ਸੀ ਅਤੇ ਪਾਲ ਆਪਣੇ ਸਾਰੇ ਪੀੜਤਾਂ ਨੂੰ ਜਾਣਦਾ ਸੀ ਅਤੇ ਸਾਰਿਆਂ ਨਾਲ ਆਪਣਾ ਕੋਈ ਪੁਰਾਣਾ ਹਿਸਾਬ ਨਿਪਟਾਉਣਾ ਚਾਹੁੰਦਾ ਸੀ।

ਉਹ ਦਾਅਵਾ ਕਰਦੇ ਹਨ ਕਿ ਪਾਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਬਦਲਾ ਲੈਣ ਦੀ ਸਾਜ਼ਿਸ਼ ਰਚੀ ਸੀ ਜਦੋਂ ਉਸ ਅਤੇ ਕ੍ਰਿਸਨਨ ਦੀ ਮਾਂ ਦਰਮਿਆਨ ਅਵਾਰਾ ਕੁੱਤਿਆਂ ਨੂੰ ਲੈ ਕੇ ਬਹਿਸ ਹੋਈ ਸੀ।

ਕੈਵਿਨ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਪਿਛਲੀ ਗੱਲ ਖ਼ਤਮ ਹੋ ਗਈ ਹੈ ਤੇ ਹੁਣ ਸਭ ਕੁਝ ਠੀਕ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ।

24 ਅਪ੍ਰੈਲ ਤੱਕ ਜਦੋਂ ਤੱਕ ਕ੍ਰਿਸਨਨ ਨੂੰ ਇਸ ਸਭ ਵਿੱਚ ਘਸੀਟਿਆ ਜਾ ਰਿਹਾ ਸੀ। ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਗਈ ਤੇ ਉਨ੍ਹਾਂ ਨੇ ਆਪਣੇ ਇਰਾਦੇ ਬਾਰੇ ਦੱਸਿਆ ਨਹੀਂ ਸੀ।

ਕ੍ਰਿਸਨਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਜਾਂਚ ’ਚ ਕੀ ਸਾਹਮਣੇ ਆਇਆ ਤੇ ਪੁਲਿਸ ਨੇ ਕੀ ਕੀਤਾ

ਕ੍ਰਿਸਨਨ ਦੇ ਭਰਾ ਕੈਵਿਨ ਦੱਸਦੇ ਹਨ ਇਸ ਮਾਮਲੇ ਵਿੱਚ ਕ੍ਰਿਸਨਨ ਦੀ ਗ੍ਰਿਫ਼ਤਾਰੀ ਤੋਂ ਤਿੰਨ ਹਫ਼ਤੇ ਬਾਅਦ, ਮੁੰਬਈ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ਉੱਤੇ ਕ੍ਰਿਸਨਨ ਨੂੰ ਫ਼ਸਾਉਣ ਦੇ ਇਲਜ਼ਾਮ ਲਗਾਏ ਗਏ ਸਨ।

ਮੁੰਬਈ ਦੀ ਕ੍ਰਾਈਮ ਬਰਾਂਚ ਦੇ ਇੱਕ ਪੁਲਿਸ ਅਧਿਕਾਰੀ, ਜੋ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਸਨ, ਨੇ ਬੀਬੀਸੀ ਨੂੰ ਦੱਸਿਆ ਕਿ ਤੀਜੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਾਂਚ ਅਧਿਕਾਰੀ ਨੇ ਕਿਹਾ, "ਇਹ ਬਦਲਾ ਲਿਆ ਗਿਆ ਸੀ। ਜਿਸ ਦੀ ਸਾਜ਼ਿਸ਼ ਇੱਕ ਬੇਕਰੀ-ਮਾਲਕ ਐਂਥਨੀ ਪਾਲ ਨੇ ਰਚੀ ਤੇ ਇਸ ਨੂੰ ਅੰਜਾਮ ਆਪਣੇ ਬੈਂਕਰ ਦੋਸਤ ਰਾਜੇਸ਼ ਦਮੋਦਰ ਬੋਭਾਟੇ ਦੀ ਮਦਦ ਨਾਲ ਦਿੱਤਾ।”

“ਰਾਜੇਸ਼ ਦਮੋਦਰ ਬੋਭਾਟੇ ਨੂੰ ਰਵੀ ਜੈਨ ਅਤੇ ਪ੍ਰਸਾਦ ਰਾਓ ਵਰਗੇ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ।"

ਅਧਿਕਾਰੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਜੋੜੀ ਨੇ ਪਹਿਲਾਂ ਵੀ ਚਾਰ ਹੋਰ ਲੋਕਾਂ ਨੂੰ ਇਸੇ ਤਰ੍ਹਾਂ ਫ਼ਸਾਇਆ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਕਲੇਟਨ ਰੌਡਰਿਗਜ਼ ਅਜੇ ਵੀ ਸ਼ਾਰਜਾਹ ਦੀ ਜੇਲ੍ਹ ਵਿੱਚ ਸੀ।

ਪਾਲ ਅਤੇ ਬੋਭਾਟੇ ਜੇਲ੍ਹ ਵਿੱਚ ਹਨ ਪਰ ਉਨ੍ਹਾਂ ਨੇ ਕਦੇ ਲੱਗੇ ਇਲਜ਼ਾਮਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਪਾਲ ਦੇ ਵਕੀਲ ਅਜੈ ਦੂਬੇ ਨੇ ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਭ "ਕੋਰਾ ਝੂਠ ਅਤੇ ਗ਼ਲਤ" ਹੈ।

ਦੂਬੇ ਨੇ ਇਲਜ਼ਾਮ ਲਗਾਇਆ ਹੈ ਕਿ ਬੋਭਾਟੇ ਨੇ ਪਾਲ ਨੂੰ ‘ਧੋਖਾ’ ਦਿੱਤਾ ਸੀ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਯਾਦਗਾਰੀ ਚਿੰਨ੍ਹ ਜਿਸ ਨੂੰ ਕ੍ਰਿਸਨਨ ਨੂੰ ਦਿੱਤਾ ਗਿਆ ਸੀ ਨਾਲ ਪਾਲ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਦੂਜੇ ਪਾਸੇ ਬੋਭਾਟੇ ਦੀ ਪਤਨੀ ਸੋਨਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਪਾਲ ਸੀ ਜਿਸਨੇ ਉਸਦੇ ਪਤੀ ਨੂੰ ਫ਼ਸਾਇਆ।

ਬੌਲੀਵੁੱਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਰਜਾਹ ਵਿੱਚ ਡਰੱਗ ਤਸਕਰੀ ਦੇ ਮਾਮਲਿਆਂ ਵਿੱਚ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ

ਹੁਣ ਕ੍ਰਿਸਨਨ ਕਿੱਥੇ ਹੈ?

ਪਰੇਰਾ ਪਰਿਵਾਰ ਦੇ ਹਾਲੇ ਹੋਰ ਵੀ ਭੁਲੇਖੇ ਖ਼ਤਮ ਹੋਣੇ ਸਨ।

ਕੈਵਿਨ ਕਹਿੰਦੇ ਹਨ,"ਮੈਨੂੰ ਹਮੇਸ਼ਾ ਪਤਾ ਸੀ ਕਿ ਮੇਰੀ ਭੈਣ ਬੇਕਸੂਰ ਸੀ ਅਤੇ ਸੱਚ ਸਾਹਮਣੇ ਆ ਜਾਵੇਗਾ, ਪਰ ਤੁਸੀਂ ਉਸ ਮਾਨਸਿਕ ਅਤੇ ਭਾਵਨਾਤਮਕ ਤਸੀਹੇ ਦੀ ਕਲਪਨਾ ਨਹੀਂ ਕਰ ਸਕਦੇ ਜਿਸ ਵਿੱਚੋਂ ਅਸੀਂ ਲੰਘ ਰਹੇ ਹਾਂ।”

“ਮੇਰੀ ਭੈਣ ਜੇਲ੍ਹ ਤੋਂ ਬਾਹਰ ਹੈ, ਉਹ ਸੁਰੱਖਿਅਤ ਹੈ, ਪਰ ਸਾਨੂੰ ਅਜੇ ਵੀ ਨਹੀਂ ਪਤਾ ਕਿ ਕਦੋਂ ਕੇਸ ਬੰਦ ਹੋਵੇਗਾ ਅਤੇ ਉਹ ਘਰ ਵਾਪਸ ਆ ਜਾਵੇਗੀ।”

ਉਹ ਅੱਗੇ ਕਹਿੰਦੇ ਹਨ ਕਿ ਇਸ ਘਟਨਾ ਨੇ ਕ੍ਰਿਸਨਨ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।

"ਉਹ ਸਦਮੇ ਵਿੱਚ ਹੈ। ਉਹ ਇਹ ਗੱਲ ਹਜ਼ਮ ਨਹੀਂ ਕਰ ਸਕਦੀ ਕਿ ਕੋਈ ਉਸਦੇ ਨਾਲ ਅਜਿਹਾ ਕੁਝ ਕਰ ਸਕਦਾ ਹੈ।”

“ਅਸੀਂ ਉਸਨੂੰ ਉਤਸ਼ਾਹਿਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਦੋਂ ਤੱਕ ਉਹ ਘਰ ਵਾਪਸ ਨਹੀਂ ਆਉਂਦੀ ਮੈਨੂੰ ਨਹੀਂ ਲੱਗਦਾ ਕਿ ਉਹ ਜਾਂ ਸਾਡੇ ਵਿੱਚੋਂ ਕੋਈ ਸੁੱਖ ਦਾ ਸਾਹ ਲੈ ਸਕਦਾ ਹੈ।"

“ਉਹ ਹਾਲੇ ਵੀ ਸ਼ਾਰਜਾਹ ਵਿੱਚ ਹੈ ਤੇ ਭਾਰਤ ਆਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਵਾਪਸ ਮਿਲਣ ਦੀ ਉਡੀਕ ਕਰ ਰਹੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)