'ਧੜਕ 2': ਜਾਤ-ਪਾਤ ਦੇ ਵਿਤਕਰੇ ਨੂੰ ਵੱਡੇ ਪਰਦੇ 'ਤੇ ਉਤਾਰਦੀ ਇਸ ਫਿਲਮ ਨੇ ਕੀ ਚਰਚਾ ਛੇੜੀ, ਇਸ ਮੁੱਦੇ ਨੂੰ ਬਾਲੀਵੁੱਡ 'ਚ ਹੁਣ ਤੱਕ ਕਿਵੇਂ ਵਿਖਾਇਆ ਗਿਆ

'ਧੜਕ 2'

ਤਸਵੀਰ ਸਰੋਤ, x.com/DharmaMovies

    • ਲੇਖਕ, ਨਮਰਤਾ ਜੋਸ਼ੀ
    • ਰੋਲ, ਬੀਬੀਸੀ ਹਿੰਦੀ ਲਈ

ਫਿਲਮ ਨਿਰਮਾਤਾ, ਲੇਖਕ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਸ਼ਾਜ਼ੀਆ ਇਕਬਾਲ ਦੀ ਪਹਿਲੀ ਫੀਚਰ ਫਿਲਮ 'ਧੜਕ 2' ਨੇ ਚਾਹੇ ਮੋਹਿਤ ਸੂਰੀ ਦੀ 'ਸੈਯਾਰਾ' ਵਾਂਗ ਕਈ ਸੌ ਕਰੋੜ ਰੁਪਏ ਨਾ ਕਮਾਏ ਹੋਣ, ਪਰ ਇਸਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਬਦਲਾਅ ਲਿਆਉਣ ਵਾਲੀ ਫਿਲਮ ਵਜੋਂ ਯਾਦ ਕੀਤਾ ਜਾਵੇਗਾ।

ਇਹ ਮੇਨ ਸਟ੍ਰੀਮ ਦੀਆਂ ਉਨ੍ਹਾਂ ਗਿਣੀਆਂ-ਚੁਣੀਆਂ ਹਿੰਦੀ ਫਿਲਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਜਾਤ-ਅਧਾਰਤ ਵਿਤਕਰੇ, ਬੇਇਨਸਾਫ਼ੀ ਅਤੇ ਜ਼ੁਲਮ ਵਰਗੇ ਮੁੱਦਿਆਂ ਨੂੰ ਡੂੰਘਾਈ ਅਤੇ ਸੰਵੇਦਨਸ਼ੀਲਤਾ ਨਾਲ ਦਿਖਾਇਆ ਹੈ।

ਹਾਲਾਂਕਿ, ਸਿਧਾਂਤ ਚਤੁਰਵੇਦੀ ਦੇ 'ਬਰਾਊਨ ਫੇਸ' ਵਾਲੇ ਲੁੱਕ ਨੂੰ ਲੈ ਕੇ ਕਾਫੀ ਬਹਿਸ ਅਤੇ ਆਲੋਚਨਾ ਕੀਤੀ ਗਈ ਹੈ। ਉਹ ਇਸ ਫਿਲਮ ਵਿੱਚ ਇੱਕ ਦਲਿਤ ਮੁੰਡੇ, ਨੀਲੇਸ਼ ਅਹਿਰਵਾਰ ਦੀ ਭੂਮਿਕਾ ਨਿਭਾ ਰਹੇ ਹਨ, ਜੋ ਆਪਣੀ ਪਛਾਣ ਨੂੰ ਸਵੀਕਾਰ ਕਰਨ ਅਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪਰ ਜੇਕਰ ਇਸ ਵਿਵਾਦ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਫਿਲਮ ਦਾ ਦ੍ਰਿਸ਼ਟੀਕੋਣ ਨਾ ਤਾਂ ਤਰਸਯੋਗ ਹੈ ਅਤੇ ਨਾ ਹੀ ਸਤਹੀ, ਸਗੋਂ ਇਹ ਇਮਾਨਦਾਰੀ ਨਾਲ ਵਾਂਝੇ ਤਬਕੇ ਦੀ ਸੱਚਾਈ ਨੂੰ ਦਰਸਾਉਂਦਾ ਹੈ।

ਫਿਲਮ ਵਿੱਚ ਬਾਲੀਵੁੱਡ ਦਾ ਭਾਵਨਾਤਮਕ ਪ੍ਰਭਾਵ ਹੈ ਅਤੇ ਵੱਡਾ ਸਿਨੇਮੈਟਿਕ ਪੈਮਾਨਾ ਤਾਂ ਹੈ ਹੀ, ਨਾਲ ਹੀ ਇਹ ਬਹੁਤ ਸਾਰੀਆਂ ਵਿਰੋਧੀ ਸੱਚਾਈਆਂ ਨੂੰ ਵੀ ਸਮਝਾਉਂਦੀ ਹੈ ਅਤੇ ਦਰਸਾਉਂਦੀ ਹੈ। ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਤਬਕੇ ਵਾਲਿਆਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਣ ਤੋਂ ਨਹੀਂ ਝਿਜਕਦੀ।

ਇਹ ਦਰਸ਼ਕਾਂ ਨੂੰ ਜੋੜਦੀ ਵੀ ਹੈ ਅਤੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਵੀ ਕਰਦੀ ਹੈ। ਇਹ ਵਾਂਝੇ ਤਬਕੇ ਦੇ ਅਧਿਕਾਰਾਂ ਦੇ ਮੁੱਦਿਆਂ 'ਤੇ ਚਰਚਾ ਦੀ ਸ਼ੁਰੂਆਤ ਕਰਨ ਵਾਲੀ ਫਿਲਮ ਹੈ।

ਇਹ ਗੱਲ ਇਸ ਲਈ ਹੋਰ ਵੀ ਮਾਅਨੇ ਰੱਖਦੀ ਹੈ ਕਿਉਂਕਿ 100 ਸਾਲ ਤੋਂ ਵੱਧ ਪੁਰਾਣੇ ਮੁੱਖ ਧਾਰਾ ਦੇ ਹਿੰਦੀ ਸਿਨੇਮਾ ਵਿੱਚ, ਜਾਤੀਵਾਦ ਦੇ ਵਿਰੁੱਧ ਬਹੁਤ ਘੱਟ ਕਹਾਣੀਆਂ ਬਣੀਆਂ ਹਨ, ਅਤੇ ਵਾਂਝੇ ਤਬਕੇ ਦੇ ਪਾਤਰਾਂ 'ਤੇ ਕੇਂਦਰ 'ਚ ਰੱਖਣ ਵਾਲੀਆਂ ਤਾਂ ਉਸ ਤੋਂ ਵੀ ਘੱਟ।

ਅਸਰਦਾਰ ਕਿਰਦਾਰ

ਧੜਕ 2

ਤਸਵੀਰ ਸਰੋਤ, SUJIT JAISWAL/AFP via Getty Images

ਜੂਨ 2015 ਵਿੱਚ ਅੰਗਰੇਜ਼ੀ ਅਖਬਾਰ 'ਦਿ ਹਿੰਦੂ' ਦੇ ਇੱਕ ਅਧਿਐਨ ਵਿੱਚ ਪਤਾ ਲੱਗਾ ਕਿ 2013-2014 ਦੌਰਾਨ ਰਿਲੀਜ਼ ਹੋਈਆਂ ਲਗਭਗ 300 ਬਾਲੀਵੁੱਡ ਫਿਲਮਾਂ ਵਿੱਚੋਂ ਸਿਰਫ਼ ਛੇ ਫਿਲਮਾਂ ਵਿੱਚ ਮੁੱਖ ਪਾਤਰ ਪਿਛੜੀਆਂ ਜਾਤੀਆਂ ਦੇ ਸਨ।

ਇਸਦੇ ਉਲਟ, 'ਧੜਕ 2' ਵਿੱਚ ਮੁੱਖ ਕਿਰਦਾਰ ਤੋਂ ਇਲਾਵਾ, ਬਹੁਤ ਸਾਰੇ ਪ੍ਰਭਾਵਸ਼ਾਲੀ ਪਾਤਰ ਵਾਂਝੇ ਭਾਈਚਾਰਿਆਂ ਤੋਂ ਆਉਂਦੇ ਹਨ।

ਇਹਨਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਪ੍ਰਿਯਾਂਕ ਤਿਵਾਰੀ ਹੈ, ਜੋ ਨੌਜਵਾਨ ਆਗੂ ਸ਼ੇਖਰ ਦੀ ਭੂਮਿਕਾ 'ਚ ਹਨ (ਜੋ ਹੈਦਰਾਬਾਦ ਯੂਨੀਵਰਸਿਟੀ ਦੇ ਪੀਐਚਡੀ ਸਕਾਲਰ ਰੋਹਿਤ ਵੇਮੁਲਾ ਤੋਂ ਪ੍ਰੇਰਿਤ ਹੈ, ਜੋ ਕੈਂਪਸ ਵਿੱਚ ਜਾਤੀ ਅਨਿਆਂ ਦੇ ਮੁੱਦੇ ਉਠਾਉਂਦੇ ਸਨ ਅਤੇ ਮੁਅੱਤਲ ਹੋਣ ਤੋਂ ਬਾਅਦ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ)।

ਫਿਲਮ 'ਚ ਸ਼ੇਖਰ ਇੱਕ ਥਾਂ ਕਹਿੰਦੇ ਹਨ, "ਅਨਿਆਂ ਕਾਨੂੰਨ ਬਣ ਜਾਵੇ ਤਾਂ ਉਸਦੇ ਖ਼ਿਲਾਫ਼ ਆਵਾਜ਼ ਉਠਾਉਣਾ ਲੋਕਾਂ ਦਾ ਫਰਜ਼ ਹੈ।''

ਇਸ ਤੋਂ ਇਲਾਵਾ ਅਨੁਭਾ ਫਤਿਹਪੁਰਾ ਨੇ ਨੀਲੇਸ਼ (ਮੁੱਖ ਪਾਤਰ) ਦੀ ਮਾਂ ਦੀ ਭੂਮਿਕਾ ਨਿਭਾਈ ਹੈ। ਉਹ ਭਾਵੇਂ ਕਮਜ਼ੋਰ ਸਥਿਤੀ ਵਿੱਚ ਹੋਣ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਕੋਲੋਂ ਅਪਮਾਨ ਝੱਲਦੇ ਹਨ, ਪਰ ਉਹ ਇਸਨੂੰ ਚੁੱਪਚਾਪ ਸਹਿਣ ਵਾਲਿਆਂ 'ਚੋਂ ਨਹੀਂ ਹਨ।

ਉਹ ਆਪਣੇ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਅਧਿਕਾਰਾਂਦੀ ਲੜਾਈ 'ਚ ਉਹ ਰਾਖਵੇਂਕਰਨ ਅਤੇ ਬਰਾਬਰ ਮੌਕੇ ਵਰਗੇ ਕਦਮਾਂ 'ਤੇ ਭਰੋਸਾ ਕਰਦੇ ਹਨ।

ਜਾਤੀ ਮੁੱਦਾ ਅਤੇ ਤਾਮਿਲ ਸਿਨੇਮਾ

ਸ਼ਾਜ਼ੀਆ ਇਕਬਾਲ

ਤਸਵੀਰ ਸਰੋਤ, LightRocket via Getty Images

ਤਸਵੀਰ ਕੈਪਸ਼ਨ, ਸ਼ਾਜ਼ੀਆ ਇਕਬਾਲ ਦੀ 'ਧੜਕ 2' ਅਸਲ ਵਿੱਚ ਮਾਰੀ ਸੇਲਵਰਾਜ ਦੀ ਮਸ਼ਹੂਰ ਤਮਿਲ ਫਿਲਮ 'ਪਰੀਯੇਰੁਮ ਪੇਰੂਮਾਲ' ਦਾ ਹਿੰਦੀ ਐਡਪਟੇਸ਼ਨ ਹੈ

'ਧੜਕ 2' ਵਰਗੀਆਂ ਕਹਾਣੀਆਂ ਬਾਲੀਵੁੱਡ ਵਿੱਚ ਭਾਵੇਂ ਅਪਵਾਦ ਹੋਣ, ਪਰ ਭਾਸ਼ਾਈ, ਖਾਸ ਕਰਕੇ ਤਾਮਿਲ ਸਿਨੇਮਾ ਜਗਤ ਵਿੱਚ ਉਨ੍ਹਾਂ ਦਾ ਗਹਿਰਾ ਪ੍ਰਭਾਵ ਦਿਖਾਈ ਦਿੰਦਾ ਹੈ। ਉੱਥੇ ਲਗਾਤਾਰ ਵਾਂਝੇ ਲੋਕਾਂ ਦੇ ਮੁੱਦਿਆਂ 'ਤੇ ਫਿਲਮਾਂ ਬਣੀਆਂ ਹਨ ਅਤੇ ਬਹੁਤ ਸਾਰੇ ਮੁੱਖ ਪਾਤਰ ਵੀ ਇਨ੍ਹਾਂ ਭਾਈਚਾਰਿਆਂ ਤੋਂ ਹੀ ਲਏ ਗਏ ਹਨ।

ਕੇ. ਰਵਿੰਦਰਨ ਦੀ ਤੇਲਗੂ ਫਿਲਮ 'ਹਰੀਜਨ' ਅਤੇ ਬੀਵੀ ਕਰਣਥ ਦੀ ਕੰਨੜ ਫਿਲਮ 'ਚੋਮਨਾ ਡੂਡੀ' ਦੱਖਣ ਦੀਆਂ ਐਂਟੀ-ਕਾਸਟ ਕਲਾਸਿਕ ਫ਼ਿਲਮਾਂ ਮੰਨੀਆਂ ਜਾਂਦੀਆਂ ਹਨ।

ਸਮਕਾਲੀ ਤਾਮਿਲ ਸਿਨੇਮਾ ਵਿੱਚ ਮਾਰੀ ਸੇਲਵਰਾਜ ਦੀ 'ਕਰਣਨ' ਵਿੱਚ ਸੁਪਰਸਟਾਰ ਧਨੁਸ਼ ਰਾਹੀਂ ਵਾਂਝੇ ਤਬਕੇ ਦਾ ਉੱਬਲਦਾ ਗੁੱਸਾ ਸਾਹਮਣੇ ਆਇਆ ਹੈ।

ਲੀਨਾ ਮਣੀਮੇਕਲਾਈ ਦੀ ਫਿਲਮ 'ਮਾਦਥੀ' ਵਿੱਚ ਲਿੰਗਕ ਹਿੰਸਾ ਦੀ ਗਹਿਰੀ ਪੜਤਾਲ ਹੋਈ। ਪਾ. ਰੰਜੀਤ ਦੀ 'ਸਾਰਪੱਟਾ ਪਰੰਬਰਾਈ' ਅਤੇ ਟੀਕੇ ਗਿਆਨਵੇਲ ਦੀ 'ਜੈ ਭੀਮ' ਨੇ ਮੁੱਦਿਆਂ 'ਤੇ ਬਹਿਸ ਛੇੜੀ ਅਤੇ ਬਾਕਸ ਆਫਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ।

ਤਾਮਿਲਨਾਡੂ ਵਿੱਚ ਆਮ ਜ਼ਿੰਦਗੀ ਅਤੇ ਸਿਨੇਮਾ ਦੋਵਾਂ ਵਿੱਚ ਹੀ ਜਾਤੀ ਇੱਕ ਵੱਡਾ ਮੁੱਦਾ ਰਿਹਾ ਹੈ। ਇਹ ਸਮਾਜਿਕ ਚੇਤਨਾ ਉਥੋਂ ਦੇ ਸਮਾਜ ਸੁਧਾਰਕ ਅਤੇ ਕਾਰਕੁਨ-ਰਾਜਨੇਤਾ ਪੇਰੀਆਰ ਅਤੇ ਦ੍ਰਾਵਿੜ ਰਾਜਨੀਤੀ ਦੀ ਵਿਰਾਸਤ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਨਿਊ ਇੰਡੀਅਨ ਐਕਸਪ੍ਰੈਸ' ਨਾਲ ਇੱਕ ਹਾਲੀਆ ਗੱਲਬਾਤ ਵਿੱਚ ਸ਼ਾਜ਼ੀਆ ਇਕਬਾਲ ਨੇ ਕਿਹਾ, "ਉੱਥੇ ਤੁਹਾਨੂੰ ਜਾਤ ਸਬੰਧੀ ਬਹੁਤ ਸਾਰੀਆਂ ਕਹਾਣੀਆਂ ਮਿਲਣਗੀਆਂ, ਜੋ ਇੱਥੇ (ਬਾਲੀਵੁੱਡ) ਵਿੱਚ ਨਹੀਂ ਨਜ਼ਰ ਆਉਂਦੀਆਂ, ਕਿਉਂਕਿ ਤਾਮਿਲਨਾਡੂ ਤੋਂ ਬਹੁਤ ਸਾਰੇ ਅਜਿਹੇ ਫਿਲਮ ਨਿਰਮਾਤਾ ਆਏ ਹਨ, ਜਿਨ੍ਹਾਂ ਨੇ ਇੱਕ ਸੱਭਿਆਚਾਰ ਬਣਾਇਆ ਹੈ ਕਿ 'ਅਸੀਂ ਇੱਥੇ ਹਾਂ ਅਤੇ ਕੋਈ ਸਾਨੂੰ ਆਪਣੀਆਂ ਕਹਾਣੀਆਂ ਸੁਣਾਉਣ ਤੋਂ ਨਹੀਂ ਰੋਕ ਸਕਦਾ'। ਬਾਲੀਵੁੱਡ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਹੈ।"

ਸ਼ਾਜ਼ੀਆ ਇਕਬਾਲ ਦੀ 'ਧੜਕ 2' ਅਸਲ ਵਿੱਚ ਮਾਰੀ ਸੇਲਵਰਾਜ ਦੀ ਮਸ਼ਹੂਰ ਤਮਿਲ ਫਿਲਮ 'ਪਰੀਯੇਰੁਮ ਪੇਰੂਮਾਲ' ਦਾ ਹਿੰਦੀ ਐਡਪਟੇਸ਼ਨ ਹੈ। ਉਨ੍ਹਾਂ ਨੇ ਇਸਨੂੰ ਉੱਤਰੀ ਭਾਰਤ ਵਿੱਚ ਸੈੱਟ ਕੀਤਾ ਹੈ ਅਤੇ ਇਸਨੂੰ ਜੈਂਡਰ ਦ੍ਰਿਸ਼ਟੀਕੋਣ ਤੋਂ ਇੱਕ ਪ੍ਰੇਮ ਕਹਾਣੀ ਦੇ ਰੂਪ ਵਿੱਚ ਦੁਬਾਰਾ ਸਿਰਜਿਆ ਹੈ।

ਇਹ ਵੀ ਪੜ੍ਹੋ-

ਸ਼ਾਜ਼ੀਆ ਇਕਬਾਲ ਦਾ ਮੰਨਣਾ ਹੈ ਕਿ ਇੱਕ ਪ੍ਰੇਮ ਕਹਾਣੀ ਰਾਹੀਂ, ਸਮਾਜ ਵਿੱਚ ਮੌਜੂਦ ਵੱਖ-ਵੱਖ ਕਿਸਮਾਂ ਦੇ ਪੱਖਪਾਤ ਅਤੇ ਵਿਤਕਰੇ ਬਾਰੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕੀਤੀ ਜਾ ਸਕਦੀ ਹੈ।

ਦੱਖਣੀ ਸਿਨੇਮਾ ਜ਼ਮੀਨੀ ਹਕੀਕਤ ਨੂੰ ਡੂੰਘਾਈ ਨਾਲ ਸਮਝ ਕੇ ਬਣਾਇਆ ਜਾਂਦਾ ਹੈ, ਜਦਕਿ ਬਾਲੀਵੁੱਡ ਵਿੱਚ ਇਹ ਅਕਸਰ ਇੱਕ ਬਣਾਉਟੀ ਕੋਸ਼ਿਸ਼ ਵਾਂਗ ਜਾਪਦਾ ਹੈ। ਹਿੰਦੀ ਸਿਨੇਮਾ 'ਤੇ ਅਕਸਰ ਪਛਾਣ ਮਿਟਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ, ਜਦਕਿ ਤਮਿਲ ਸਿਨੇਮਾ ਨੂੰ ਹਕੀਕਤ ਵਿੱਚ ਜੜ੍ਹਾਂ ਬਣਾਈ ਰੱਖਣ ਲਈ ਸਰਾਹਿਆ ਜਾਂਦਾ ਹੈ।

ਖਾਸ ਕਰਕੇ 90 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਸ਼ਹਿਰੀ, ਗਲੋਬਲ ਅਤੇ ਚਕਾ-ਚੌਂਧ ਭਰੀਆਂ ਅਜਿਹੀਆਂ ਕਹਾਣੀਆਂ ਆਈਆਂ, ਜੋ ਪਰਵਾਸੀ ਭਾਰਤੀ ਦਰਸ਼ਕਾਂ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ ਅਤੇ ਜਿਨ੍ਹਾਂ ਵਿੱਚ ਵਾਂਝੇ ਤਬਕੇ ਲਈ ਕੋਈ ਥਾਂ ਹੀ ਨਹੀਂ ਸੀ।

ਇਸ ਤਰ੍ਹਾਂ, ਜ਼ਿਆਦਾਤਰ ਕਿਰਦਾਰ ਆਪਣੀ ਪਛਾਣ ਨਾਲ ਜੁੜੇ ਹੋਏ ਨਹੀਂ ਹੁੰਦੇ, ਭਾਵੇਂ ਇਹ ਜਾਤ, ਵਰਗ, ਧਰਮ, ਲਿੰਗ ਜਾਂ ਸੈਕਸੂਐਲਿਟੀ ਦੀ ਪਛਾਣ ਹੋਵੇ।

ਸ਼ਾਜ਼ੀਆ ਇਕਬਾਲ ਨੇ ਦਿ ਨਿਊ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਅਸਲ ਵਿੱਚ ਸਾਰਾ ਕੁਝ ਪਛਾਣ ਦੇ ਦੁਆਲੇ ਘੁੰਮਦਾ ਹੈ, ਚਾਹੇ ਉਹ ਜਾਤੀ ਦੀ ਪਛਾਣ ਹੋਵੇ,ਧਾਰਮਿਕ ਪਛਾਣ ਹੋਵੇ ਜਾਂ ਜੈਂਡਰ ਦੀ ਪਛਾਣ ਹੋਵੇ। ਪਰ ਅਸੀਂ ਆਪਣੀ ਫਿਲਮ 'ਚ ਇਸਨੂੰ ਛੂਹੰਦੇ ਤੱਕ ਨਹੀਂ।''

ਉਨ੍ਹਾਂ ਅੱਗੇ ਕਿਹਾ, "ਆਪਣੀ ਖੋਜ ਦੌਰਾਨ ਮੈਨੂੰ ਸਮਝ ਆਇਆ ਕਿ ਲੋਕ ਸੋਚਦੇ ਹਨ ਕਿ ਜਾਤ ਦਾ ਮੁੱਦਾ ਸਿਰਫ਼ ਪਿੰਡਾਂ ਵਿੱਚ ਹੈ, ਪਰ ਬਾਅਦ ਵਿੱਚ ਅਹਿਸਾਸ ਹੋਇਆ ਕਿ ਇਹ ਹਰ ਥਾਂ ਹੈ। ਇਹੀ ਸਾਡੀ ਫਿਲਮ ਦਾ ਕੇਂਦਰੀ ਵਿਸ਼ਾ ਹੈ - ਕਿ ਤੁਸੀਂ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ 'ਚ ਚਲੇ ਜਾਓ, ਫਿਰ ਵੀ ਤੁਹਾਡੀ ਪਛਾਣ ਤੁਹਾਡਾ ਪਿੱਛਾ ਨਹੀਂ ਛੱਡਦੀ।''

ਨਾਗਰਾਜ ਮੰਜੁਲੇ ਦੀ ਵੀ ਇਸ ਮੁੱਦੇ 'ਤੇ ਹੈ ਪਕੜ

ਨਾਗਰਾਜ ਮੰਜੁਲੇ

ਤਸਵੀਰ ਸਰੋਤ, NAGRAJ MANJULE/FACEBOOK

ਤਸਵੀਰ ਕੈਪਸ਼ਨ, ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਨਾਗਰਾਜ ਮੰਜੁਲੇ

'ਧੜਕ 2' ਤੋਂ ਪਹਿਲਾਂ ਹਿੰਦੀ ਸਿਨੇਮਾ ਵਿੱਚ ਇੱਕ ਹੋਰ ਮਹੱਤਵਪੂਰਨ ਫਿਲਮ ਜਿਸਨੇ ਜਾਤੀਗਤ ਸਬੰਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਸੀ, ਉਹ ਸੀ ਨਾਗਰਾਜ ਮੰਜੁਲੇ ਦੀ ਪਹਿਲੀ ਹਿੰਦੀ ਫਿਲਮ 'ਝੁੰਡ'।

ਮੰਜੁਲੇ ਆਪਣੀਆਂ ਮਰਾਠੀ ਫਿਲਮਾਂ 'ਫੈਂਡਰੀ' ਅਤੇ 'ਸੈਰਾਟ' ਲਈ ਵੀ ਜਾਣੇ ਜਾਂਦੇ ਹਨ। ਮਈ 2017 ਵਿੱਚ 'ਦਿ ਹਿੰਦੂ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ, "ਜਾਤੀ ਸਾਡੇ ਸਮਾਜ ਦੀ ਨੀਂਹ ਹੈ। ਇਹ ਇੱਕ ਸੱਚਾਈ ਹੈ, ਜਿਸ ਤੋਂ ਬਚਣ ਲਈ ਵਿਸ਼ੇਸ਼ ਹੁਨਰ ਦੀ ਲੋੜ ਹੈ। ਬਾਲੀਵੁੱਡ ਕੋਲ ਉਹ ਹੁਨਰ ਹੈ, ਮੇਰੇ ਕੋਲ ਨਹੀਂ।"

ਮੰਜੁਲੇ ਖੁੱਲ੍ਹ ਕੇ ਆਪਣੀ ਦਲਿਤ ਪਛਾਣ ਨੂੰ ਅਪਣਾਉਂਦੇ ਹਨ ਅਤੇ ਫਿਲਮ 'ਝੁੰਡ' ਵਿੱਚ ਉਨ੍ਹਾਂ ਨੇ ਆਪਣੇ ਗਰੀਬ ਅਤੇ ਵਾਂਝੇ ਕਿਰਦਾਰਾਂ ਨੂੰ ਉਹੀ ਆਤਮ-ਵਿਸ਼ਵਾਸ ਦਿੱਤਾ।

ਫਿਲਮ 'ਝੁੰਡ' ਵਿੱਚ ਉਨ੍ਹਾਂ ਦੇ ਕਿਰਦਾਰ ਦਰਸ਼ਕਾਂ ਦੇ ਤਰਸ ਦੇ ਪਾਤਰ ਨਹੀਂ ਹਨ, ਸਗੋਂ ਉਨ੍ਹਾਂ 'ਚ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਹਿੰਮਤ ਅਤੇ ਜਨੂੰਨ ਹੈ। ਉਨ੍ਹਾਂ ਦੇ ਪ੍ਰੋਫੈਸਰ (ਅਮਿਤਾਭ ਬੱਚਨ) ਉਨ੍ਹਾਂ ਨੂੰ ਬਚਾਉਣ ਵਾਲੇ ਮਸੀਹਾ ਨਹੀਂ ਸਗੋਂ ਉਨ੍ਹਾਂ ਦੇ ਸਾਥੀ ਹਨ। ਇਹ ਦ੍ਰਿਸ਼ਟੀਕੋਣ ਪਹਿਲਾਂ ਬਣੀਆਂ ਫਿਲਮਾਂ ਤੋਂ ਬਿਲਕੁਲ ਵੱਖਰਾ ਸੀ।

ਪ੍ਰਤੀਨਿਧਤਾ ਦਾ ਇਤਿਹਾਸ

ਮੰਨਿਆ ਜਾਂਦਾ ਹੈ ਕਿ ਸਿਨੇਮਾ ਵਿੱਚ ਦਲਿਤ ਪ੍ਰਤੀਨਿਧਤਾ ਦਾ ਇਤਿਹਾਸ ਫ੍ਰਾਂਜ਼ ਓਸਟਨ ਦੀ 'ਅਛੂਤ ਕੰਨਿਆ' ਨਾਲ ਸ਼ੁਰੂ ਹੋਇਆ, ਜੋ 1936 ਵਿੱਚ ਰਿਲੀਜ਼ ਹੋਈ ਸੀ। ਇਹ ਇੱਕ ਨੀਵੀਂ ਮੰਨੀ ਜਾਂਦੀ ਜਾਤੀ ਦੀ ਕੁੜੀ ਅਤੇ ਇੱਕ ਬ੍ਰਾਹਮਣ ਮੁੰਡੇ ਵਿਚਕਾਰ ਇੱਕ ਪ੍ਰੇਮ ਕਹਾਣੀ ਸੀ। ਇਸਨੂੰ ਸਮਾਜਿਕ ਬਾਇਕਾਟ ਅਤੇ ਛੂਤ-ਪਾਤ ਨਾਲ ਨਜਿੱਠਣ ਦੀ ਪਹਿਲੀ ਕੋਸ਼ਿਸ਼ ਮੰਨਿਆ ਜਾਂਦਾ ਹੈ।

ਇੱਕ ਹੋਰ ਫਿਲਮ ਜਿਸ ਬਾਰੇ ਬਹੁਤ ਚਰਚਾ ਹੋਈ, ਉਹ ਸੀ ਬਿਮਲ ਰਾਏ ਦੀ 'ਸੁਜਾਤਾ', ਜੋ 1959 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਨੂਤਨ ਨੇ ਇੱਕ ਅਛੂਤ ਕੁੜੀ ਦੀ ਭੂਮਿਕਾ ਨਿਭਾਈ ਸੀ। ਉਹ ਇੱਕ ਬ੍ਰਾਹਮਣ ਪਰਿਵਾਰ ਵਿੱਚ ਵੱਡੀ ਹੋਈ। ਪਰ ਤਥਾ-ਕਥਿਤ ਪ੍ਰਗਤੀਸ਼ੀਲ ਦੁਨੀਆਂ ਵਿੱਚ ਵੀ ਇਹ ਪਾਤਰ ਪੱਖਪਾਤ ਦਾ ਸ਼ਿਕਾਰ ਹੋ ਜਾਂਦਾ ਹੈ।

ਗਾਂਧੀ ਦੇ ਛੂਤ-ਪਾਤ ਵਿਰੋਧੀ ਸਿਧਾਂਤ ਤੋਂ ਪ੍ਰੇਰਿਤ ਸੁਜਾਤਾ ਇੱਕ ਉੱਚ ਮੰਨੀ ਜਾਂਦੀ ਜਾਤੀ ਦੇ ਫਿਲਮ ਨਿਰਮਾਤਾਵਾਂ ਦੀ ਰਚਨਾ ਸੀ। ਇਸ ਵਿੱਚ ਸਮਾਜ ਵਿੱਚ ਵਿਸ਼ੇਸ਼ ਅਧਿਕਾਰ ਪ੍ਰਾਪਤ ਪਾਤਰ ਇੱਕ ਬੇਵੱਸ ਕੁੜੀ ਦੀ ਬੇਹਤਰੀ ਲਈ ਅੱਗੇ ਆਉਂਦੇ ਦਿਖਾਏ ਗਏ ਹਨ। ਸ਼ਾਇਦ ਉਸ ਸਮੇਂ ਇਸ ਮੁੱਦੇ ਨੂੰ ਸਹੀ ਦਿਸ਼ਾ ਵਿੱਚ ਅੱਗੇ ਲੈ ਕੇ ਜਾਣ ਲਈ ਉੱਚ ਜਾਤੀਆਂ ਦਾ ਅਜਿਹਾ ਦਖਲ ਜ਼ਰੂਰੀ ਸੀ।

ਕਈ ਸਾਲਾਂ ਬਾਅਦ, ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ਲਗਾਨ (2001) ਵਿੱਚ ਵੀ ਕਚਰਾ ਨਾਮ ਦਾ ਇੱਕ ਅਛੂਤ ਕਿਰਦਾਰ ਸੀ। ਉਹ ਇੱਕ ਅਨੋਖਾ ਸਪਿਨ ਗੇਂਦਬਾਜ਼ ਸੀ ਅਤੇ ਫਿਲਮ ਵਿੱਚ ਕ੍ਰਿਕਟ ਟੀਮ ਦਾ ਹਿੱਸਾ ਸੀ। ਇਸ ਕਿਰਦਾਰ ਨੇ ਅੰਗਰੇਜ਼ਾਂ ਵਿਰੁੱਧ ਮੈਚ ਜਿੱਤਣ ਵਿੱਚ ਮੁੱਖ ਭੂਮਿਕਾ ਨਿਭਾਈ।

ਫਿਲਮ ਵਿੱਚ ਉਸਦੇ ਦਰਦ ਜਾਂ ਇੱਕ ਅਸਮਾਨਤਾ ਵਾਲੀਂ ਦੁਨੀਆਂ ਵਿੱਚ ਉਸਦੇ ਸੰਘਰਸ਼ ਨੂੰ ਨਹੀਂ ਦਿਖਾਇਆ ਗਿਆ। ਕਹਾਣੀ ਇਸ ਬਾਰੇ ਵਧੇਰੇ ਸੀ ਕਿ ਕਿਵੇਂ ਹਰ ਕਿਸੇ (ਵਾਂਝੇ ਤਬਕੇ ਨੂੰ ਵੀ) ਨਾਲ ਲੈ ਕੇ ਭਾਈਚਾਰੇ ਅਤੇ ਦੇਸ਼ ਦੇ ਭਲੇ ਲਈ ਇਕੱਠੇ ਹੋਣਾ ਹੈ, ਖਾਸ ਕਰਕੇ ਵਿਦੇਸ਼ੀ ਹਮਲਾਵਰਾਂ ਦੇ ਵਿਰੁੱਧ।

ਪ੍ਰਕਾਸ਼ ਝਾਅ ਦੀ ਫਿਲਮ 'ਆਰਕਸ਼ਣ' (2011) ਵਿੱਚ ਸੈਫ ਅਲੀ ਖਾਨ ਨੇ ਇੱਕ ਪੜ੍ਹੇ-ਲਿਖੇ ਦਲਿਤ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਇਹ ਕਿਰਦਾਰ ਕਾਫ਼ੀ ਬੇਅਸਰ ਲੱਗਿਆ। ਝਾਅ ਨੇ ਫਿਲਮ ਦੀ ਸ਼ੁਰੂਆਤ ਰਾਖਵੇਂਕਰਨ ਦੇ ਮੁੱਦੇ ਨਾਲ ਕੀਤੀ, ਪਰ ਬਾਅਦ ਵਿੱਚ ਕਹਾਣੀ ਸਿੱਖਿਆ ਦੇ ਵਪਾਰੀਕਰਨ ਵੱਲ ਮੁੜ ਗਈ।

ਅਨੁਭਵ ਸਿਨਹਾ ਦੀ 'ਆਰਟੀਕਲ 15' (2019) ਨੇ ਵੀ ਜਾਤੀ ਸਬੰਧੀ ਅਸਮਾਨਤਾ ਦਾ ਮੁੱਦਾ ਚੁੱਕਿਆ, ਪਰ ਸ਼ਹਿਰੀ, ਪੜ੍ਹੇ-ਲਿਖੇ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੀਰੋ (ਆਯੁਸ਼ਮਾਨ ਖੁਰਾਨਾ) ਦੇ ਨਜ਼ਰੀਏ ਤੋਂ। ਇਹ ਫਰਮ ਵਿਤਕਰਾ ਝੱਲਣ ਵਾਲਿਆਂ ਦੀ ਕਹਾਣੀ ਦੀ ਬਜਾਏ ਇੱਕ ਬ੍ਰਾਹਮਣ ਅਤੇ ਖੁਦ ਨੂੰ ਬਦਲਾਅ ਦਾ ਮਸੀਹਾ ਮੰਨਣ ਵਾਲੇ ਕਿਰਦਾਰ ਦੀ ਕਹਾਣੀ ਬਣ ਕੇ ਰਹਿ ਗਈ।

ਜਾਤ-ਸੰਬੰਧੀ ਮੁੱਦਿਆਂ 'ਤੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਕੰਮ ਸਮਾਨਾਂਤਰ (ਪੈਰਲਲ) ਅਤੇ ਨਿਊ ਵੇਵ ਹਿੰਦੀ ਸਿਨੇਮਾ ਵਿੱਚ ਹੋਇਆ।

ਇਸ ਦੌਰ ਦੀਆਂ ਮਹੱਤਵਪੂਰਨ ਫਿਲਮਾਂ ਵਿੱਚ ਸ਼ਿਆਮ ਬੇਨੇਗਲ ਦੀ 'ਅੰਕੁਰ' (1974), ਸੱਤਿਆਜੀਤ ਰੇਅ ਦੀ 'ਸਦਗਤੀ' (1981), ਗੌਤਮ ਘੋਸ਼ ਦੀ 'ਪਾਰ' (1984), ਪ੍ਰਕਾਸ਼ ਝਾਅ ਦੀ 'ਦਾਮੂਲ' (1985), ਅਰੁਣ ਕੌਲ ਦੀ 'ਦੀਕਸ਼ਾ' (1991), ਸ਼ੇਖਰ ਕਪੂਰ ਦੀ 'ਬੈਂਡਿਟ ਕਵੀਨ' (1994), ਸ਼ਿਆਮ ਬੇਨੇਗਲ ਦੀ 'ਸਮਰ' (1999) ਅਤੇ ਜੱਬਾਰ ਪਟੇਲ ਦੀ ਹਿੰਦੀ-ਅੰਗਰੇਜ਼ੀ ਫਿਲਮ 'ਡਾ. ਬਾਬਾ ਸਾਹਿਬ ਅੰਬੇਡਕਰ' (2000) ਸ਼ਾਮਲ ਹਨ।

ਨੀਰਜ ਘੇਵਾਨ: ਹਿੰਦੀ ਸਿਨੇਮਾ ਵਿੱਚ ਇੱਕ ਨਵੀਂ ਆਵਾਜ਼

ਨੀਰਜ ਘੇਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੀਰਜ ਘੇਵਾਨ ਦੀ ਪਹਿਲੀ ਫਿਲਮ 'ਮਸਾਨ' (2015) ਬਨਾਰਸ ਦੀ ਜਾਤੀ ਰਾਜਨੀਤੀ ਦੇ ਪਿਛੋਕੜ ਵਿੱਚ ਪਿਆਰ, ਵਿਛੋੜੇ ਅਤੇ ਚਾਹਤ ਦੀ ਕਹਾਣੀ ਹੈ

ਕੁਝ ਨੌਜਵਾਨ ਅਤੇ ਸੁਤੰਤਰ ਨਿਰਦੇਸ਼ਕਾਂ ਨੇ ਜਾਤ-ਵਿਰੋਧੀ ਕਹਾਣੀਆਂ ਲਈ ਨਵੇਂ ਅਤੇ ਤਾਜ਼ਾ ਦ੍ਰਿਸ਼ਟੀਕੋਣ ਪੇਸ਼ ਕੀਤੇ ਹਨ, ਜਿਵੇਂ- ਵਿਕਾਸ ਮਿਸ਼ਰਾ ਦੀ 'ਚੌਰੰਗਾ' (2014) ਅਤੇ ਚੈਤਨਿਆ ਤਮਹਾਣੇ ਦੀ ਮਰਾਠੀ-ਗੁਜਰਾਤੀ-ਹਿੰਦੀ-ਅੰਗਰੇਜ਼ੀ ਫਿਲਮ 'ਕੋਰਟ' (2014)।

ਸਭ ਤੋਂ ਮਹੱਤਵਪੂਰਨ ਸਮਕਾਲੀ ਆਵਾਜ਼ ਨੀਰਜ ਘੇਵਾਨ ਦੀ ਰਹੀ ਹੈ। ਉਹ ਹਿੰਦੀ ਸਿਨੇਮਾ ਵਿੱਚ ਕੁਝ ਗਿਣੇ-ਚੁਣੇ ਪਛਾਣੇ ਜਾਣ ਵਾਲੇ ਦਲਿਤ ਨਿਰਦੇਸ਼ਕਾਂ ਵਿੱਚੋਂ ਇੱਕ ਹਨ ਅਤੇ ਸ਼ਾਇਦ ਇਕਲੌਤਾ ਅਜਿਹੇ ਫਿਲਮ ਨਿਰਮਾਤਾ ਹਨ, ਜੋ ਲਗਾਤਾਰ ਸਿਨੇਮਾ ਉਦਯੋਗ ਦੇ ਬ੍ਰਾਹਮਣਵਾਦੀ ਢਾਂਚੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਨੀਰਜ ਘੇਵਾਨ ਦੀ ਪਹਿਲੀ ਫਿਲਮ 'ਮਸਾਨ' (2015) ਬਨਾਰਸ ਦੀ ਜਾਤੀ ਰਾਜਨੀਤੀ ਦੇ ਪਿਛੋਕੜ ਵਿੱਚ ਪਿਆਰ, ਵਿਛੋੜੇ ਅਤੇ ਚਾਹਤ ਦੀ ਕਹਾਣੀ ਹੈ। ਇਸਦਾ ਪ੍ਰੀਮੀਅਰ ਕਾਨ ਫਿਲਮ ਫੈਸਟੀਵਲ ਦੇ 'ਅਨ ਸਰਟਨ ਰਿਗਾਰਡ' ਸੈਕਸ਼ਨ ਵਿੱਚ ਹੋਇਆ ਸੀ। ਇਸਨੂੰ ਐਫਆਈਪੀਆਰਈਐਸਸੀਆਈ (FIPRESCI) ਕ੍ਰਿਟਿਕਸ ਐਵਾਰਡ ਅਤੇ ਪ੍ਰੀ ਅਵੇਨਿਰ ਪ੍ਰੋਮੇਤੁਰ ਸਨਮਾਨ ਮਿਲਿਆ।

ਵਿੱਕੀ ਕੌਸ਼ਲ

ਤਸਵੀਰ ਸਰੋਤ, SUJIT JAISWAL/AFP via Getty Images

ਤਸਵੀਰ ਕੈਪਸ਼ਨ, ਵਿੱਕੀ ਕੌਸ਼ਲ ਨੇ ਫਿਲਮ 'ਮਸਾਨ' ਵਿੱਚ ਮੁੱਖ ਭੂਮਿਕਾ ਨਿਭਾਈ ਸੀ

ਉਨ੍ਹਾਂ ਦੀ ਦੂਜੀ ਫਿਲਮ ਹੋਮਬਾਉਂਡ (2025) ਦਾ ਪ੍ਰੀਮੀਅਰ ਇਸੇ ਸਾਲ ਮਈ ਵਿੱਚ ਕਾਨ ਦੇ 'ਅਨ ਸਰਟਨ ਰਿਗਾਰਡ' ਸੈਕਸ਼ਨ ਵਿੱਚ ਹੋਇਆ ਹੈ। ਇਸ ਸਾਲ 2020 ਦੇ ਦਿ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਤ ਬਸ਼ਾਰਤ ਪੀਰ ਦੇ ਆਰਟੀਕਲ 'ਟੇਕਿੰਗ ਅੰਮ੍ਰਿਤ ਹੋਮ' ਤੋਂ ਪ੍ਰੇਰਿਤ ਹੈ।

ਇਸ ਵਿੱਚ ਮੁਹੰਮਦ ਸੈਯੂਬ ਅਤੇ ਉਨ੍ਹਾਂ ਦੇ ਬਚਪਨ ਦੇ ਦੋਸਤ ਅੰਮ੍ਰਿਤ ਕੁਮਾਰ ਦੀ ਕਹਾਣੀ ਸੀ, ਜੋ ਉਨ੍ਹਾਂ ਹਜ਼ਾਰਾਂ ਪਰਵਾਸੀਆਂ ਵਿੱਚੋਂ ਸਨ, ਜਿਨ੍ਹਾਂ ਨੂੰ ਸਾਲ 2020 ਦੀ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਅਚਾਨਕ ਲੌਕਡਾਊਨ ਤੋਂ ਬਾਅਦ ਪੈਦਲ ਹੀ ਘਰ ਮੁੜਨਾ ਪਿਆ ਸੀ।

ਫਿਲਮ ਵਿੱਚ ਨੀਰਜ ਘੇਵਾਨ ਨੇ ਵਾਂਝੇ ਲੋਕਾਂ ਅਤੇ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਨੂੰ ਕੇਂਦਰ 'ਚ ਰੱਖਿਆ ਹੈ, ਜਿੱਥੇ ਮੁਹੰਮਦ ਸੈਯੂਬ ਦਾ ਨਾਮ ਬਦਲ ਕੇ ਮੁਹੰਮਦ ਸ਼ੋਏਬ ਅਲੀ (ਈਸ਼ਾਨ ਖੱਟਰ) ਅਤੇ ਅੰਮ੍ਰਿਤ ਕੁਮਾਰ ਦਾ ਨਾਮ ਬਦਲ ਕੇ ਚੰਦਨ ਕੁਮਾਰ (ਵਿਸ਼ਾਲ ਜੇਠਵਾ) ਰੱਖਿਆ ਗਿਆ ਹੈ।

ਮੇਰੀ ਮਨਪਸੰਦ ਘੇਵਾਨ ਫਿਲਮ 'ਗੀਲੀ ਪੁੱਚੀ' ਹੈ, ਜੋ ਨੈੱਟਫਲਿਕਸ ਦੀ ਏਂਥੋਲਾਜੀ ਫਿਲਮ 'ਅਜੀਬ ਦਾਸਤਾਂਸ' ਦਾ ਇੱਕ ਹਿੱਸਾ ਹੈ।

ਘੇਵਾਨ ਮੰਨਦੇ ਹਨ ਕਿ ਉਨ੍ਹਾਂ ਨੂੰ ਜਾਤ, ਵਰਗ, ਧਰਮ, ਲਿੰਗ ਅਤੇ ਸੈਕਸ਼ੁਐਲਿਟੀ ਵਰਗੇ ਵਿਸ਼ਿਆਂ ਵੱਲ ਖਿੱਚ ਹੈ, ਇਸ ਵਿੱਚ 'ਗੀਲੀ ਪੁੱਚੀ' ਨੂੰ ਸੁੰਦਰਤਾ ਨਾਲ ਰਚਿਆ ਗਿਆ ਹੈ।

ਇਹ ਫਿਲਮ ਜਾਤ, ਲਿੰਗ ਅਤੇ ਸੈਕਸ਼ੁਐਲਿਟੀ ਦੇ ਵਿਚਕਾਰ ਮੋੜ 'ਤੇ ਖੂਬਸੂਰਤੀ ਨਾਲ ਖੜ੍ਹੀ ਹੈ।

ਇਹ ਜਾਤ ਦੇ ਸਵਾਲ ਨੂੰ ਪਰਤ ਦਰ ਪਰਤ ਖੋਲ੍ਹਦੇ ਹੋਏ, ਉਸਨੂੰ ਇੱਕ ਹੋਰ ਗੁੰਝਲਦਾਰ ਖੇਤਰ ਵਿੱਚ ਲੈ ਜਾਂਦੀ ਹੈ। ਇੱਥੇ ਜਾਤ ਅਧਾਰਤ ਬਣੀ ਕਾਮਰੇਡਸ਼ਿਪ ਹਾਸ਼ੀਏ 'ਤੇ ਰਹਿਣ ਵਾਲਿਆਂ ਵਿਚਕਾਰ ਇੱਕਜੁੱਟਤਾ ਦੇ ਰਿਸ਼ਤੇ ਵਿੱਚ ਬਦਲ ਜਾਂਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)