ਜੈ-ਵੀਰੂ ਦੀ ਜੋੜੀ ਦਾ ਅੰਤ: ਗਿਰ ਦੇ ਜੰਗਲ 'ਤੇ 'ਰਾਜ' ਕਰਨ ਵਾਲੇ ਇਨ੍ਹਾਂ ਸ਼ੇਰਾਂ ਦਾ ਕਿਵੇਂ ਪਿਆ ਸੀ ਨਾਮ ਤੇ ਕਿਵੇਂ ਹੋਈ ਮੌਤ

ਜੈ-ਵੀਰੂ ਸ਼ੇਰ

ਤਸਵੀਰ ਸਰੋਤ, Parimal Nathwani

ਤਸਵੀਰ ਕੈਪਸ਼ਨ, ਰਾਜ ਸਭਾ ਮੈਂਬਰ ਅਤੇ ਰਿਲਾਇੰਸ ਇੰਡਸਟਰੀਜ਼ ਦੇ ਡਾਇਰੈਕਟਰ ਪਰਿਮਲ ਨਾਥਵਾਨੀ ਦੁਆਰਾ ਲਈ ਗਈ ਜੈ (ਸੱਜੇ) ਅਤੇ ਵੀਰੂ ਦੀ ਇੱਕ ਤਸਵੀਰ
    • ਲੇਖਕ, ਗੋਪਾਲ ਕਟੇਸ਼ਿਆ
    • ਰੋਲ, ਬੀਬੀਸੀ ਪੱਤਰਕਾਰ

ਗਿਰ ਦੇ ਜੰਗਲ ਵਿੱਚ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੋ ਚੁੱਕੀ ਸ਼ੇਰਾਂ ਦੀ ਜੋੜੀ - ਜੈ ਅਤੇ ਵੀਰੂ ਹੁਣ ਫੋਟੋਆਂ ਅਤੇ ਵੀਡੀਓ ਵਿੱਚ ਕੈਦ ਹੋ ਗਈ ਹੈ।

ਗਿਰ ਦੇ ਜੰਗਲ ਵਿੱਚ ਜੈ-ਵੀਰੂ ਦੇ 'ਰਾਜ ਨੂੰ ਹਥਿਆਉਣ' ਦੇ ਇਰਾਦੇ ਨਾਲ, ਦੋ ਹੋਰ ਸ਼ੇਰਾਂ ਦੇ ਜੋੜੇ ਨੇ ਇਸੇ ਸਾਲ ਜੂਨ ਦੇ ਮਹੀਨੇ ਵਿੱਚ ਵੱਖ-ਵੱਖ ਸਮੇਂ 'ਤੇ ਜੈ ਅਤੇ ਵੀਰੂ 'ਤੇ ਹਮਲਾ ਕਰਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਸੀ।

ਹਮਲੇ ਤੋਂ ਲਗਭਗ ਇੱਕ ਹਫ਼ਤੇ ਬਾਅਦ ਵੀਰੂ ਦੀ ਮੌਤ ਹੋ ਗਈ। ਜਦਕਿ ਹਮਲਾਵਰ ਸ਼ੇਰਾਂ ਨਾਲ ਮੁਕਾਬਲੇ ਤੋਂ ਬਾਅਦ ਜੈ ਦੋ ਮਹੀਨੇ ਤੱਕ ਮੌਤ ਨਾਲ ਲੜਦਾ ਰਿਹਾ, ਪਰ ਲੰਘੀ 29 ਜੁਲਾਈ ਨੂੰ ਜੈ ਦੀ ਵੀ ਮੌਤ ਹੋ ਗਈ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ, ਗਿਰ ਨੈਸ਼ਨਲ ਪਾਰਕ ਅਤੇ ਵਾਈਲਡਲਾਈਫ ਸੈਂਚੁਰੀ ਦੇ ਸੁਪਰੀਟੇਂਡੈਂਟ ਮੋਹਨ ਰਾਮ ਨੇ ਦੱਸਿਆ ਕਿ ਜੈ ਜੂਨ ਦੇ ਸ਼ੁਰੂ ਵਿੱਚ ਇੱਕ ਖੇਤਰੀ ਲੜਾਈ (ਇੱਕ ਖੇਤਰ 'ਤੇ ਨਿਯੰਤਰਣ ਲਈ ਸ਼ੇਰਾਂ ਵਿਚਕਾਰ ਲੜਾਈ) ਵਿੱਚ ਜ਼ਖਮੀ ਹੋ ਗਿਆ ਸੀ। ਚਾਰ ਦਿਨ ਬਾਅਦ, 4 ਜੂਨ ਨੂੰ ਵੀਰੂ ਵੀ ਅਜਿਹੀ ਹੀ ਇੱਕ ਹੋਰ ਲੜਾਈ ਵਿੱਚ ਗੰਭੀਰ ਜ਼ਖਮੀ ਹੋ ਗਿਆ।

ਉਨ੍ਹਾਂ ਦੱਸਿਆ, "ਜੋੜੀ ਦੇ ਛੋਟੇ ਮੈਂਬਰ ਵੀਰੂ ਦੀ 11 ਜੂਨ ਨੂੰ ਮੌਤ ਹੋ ਗਈ। ਜੈ ਪਿਛਲੇ ਦੋ ਮਹੀਨਿਆਂ ਤੋਂ ਸਾਸਨ ਵਿੱਚ ਜ਼ੇਰੇ ਇਲਾਜ ਸੀ ਪਰ ਉਸਦੀ ਵੀ 29 ਜੁਲਾਈ ਨੂੰ ਮੌਤ ਹੋ ਗਈ, ਜਿਸ ਨਾਲ ਜੈ-ਵੀਰੂ ਜੋੜੀ ਦਾ ਅੰਤ ਹੋ ਗਿਆ।''

ਮੋਹਨ ਰਾਮ ਨੇ ਕਿਹਾ ਕਿ ਜੈ-ਵੀਰੂ ਦੀ ਜੋੜੀ ਨੇ ਲਗਭਗ ਪੰਜ ਸਾਲ ਪਹਿਲਾਂ ਸਾਸਨ ਦੇ ਨੇੜੇ ਗਿਰ ਦੇ ਜੰਗਲ ਦੇ ਇੱਕ ਵੱਡੇ ਖੇਤਰ ਵਿੱਚ ਆਪਣਾ 'ਸਾਮਰਾਜ' ਸਥਾਪਤ ਕਰ ਲਿਆ ਸੀ। ਇਹ 'ਸਾਮਰਾਜ' ਮੁੱਖ ਗਿਰ ਜੰਗਲ ਵਿੱਚ ਕਿਸੇ ਵੀ ਸ਼ੇਰ ਦੁਆਰਾ ਸਥਾਪਿਤ ਕੀਤੇ ਗਏ ਸਭ ਤੋਂ ਵੱਡੇ ਖੇਤਰਾਂ ਵਿੱਚੋਂ ਇੱਕ ਸੀ।

ਗਿਰ ਪੱਛਮੀ ਜੰਗਲੀ ਜੀਵ ਵਿਭਾਗ ਦੇ ਡਿਪਟੀ ਜੰਗਲਾਤ ਸੰਰੱਖਿਅਕ ਪ੍ਰਸ਼ਾਂਤ ਤੋਮਰ ਨੇ ਬੀਬੀਸੀ ਨੂੰ ਦੱਸਿਆ, "ਇਹ ਸ਼ੇਰ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਸਨ ਅਤੇ ਸੈਲਾਨੀਆਂ ਨੇ ਹੀ ਇਨ੍ਹਾਂ ਦਾ ਨਾਮ 'ਜੈ' ਅਤੇ 'ਵੀਰੂ' ਰੱਖਿਆ ਸੀ।"

ਗਿਰ ਜੰਗਲ ਵਿੱਚ ਜੈ-ਵੀਰੂ ਦਾ 'ਰਾਜ' ਕਿੱਥੇ ਸਥਿਤ ਸੀ?

ਗਿਰ ਦਾ ਜੰਗਲ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਸਾਸਨ ਨੇੜੇ ਸਨਸੈੱਟ ਪੁਆਇੰਟ ਤੋਂ ਦਿਖਾਈ ਦਿੰਦਾ ਗਿਰ ਦਾ ਜੰਗਲ

ਪ੍ਰਸ਼ਾਸਨਿਕ ਸਹੂਲਤ ਲਈ, ਗਿਰ ਦੇ ਜੰਗਲ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ- ਗਿਰ ਪੂਰਬੀ ਜੰਗਲੀ ਜੀਵ ਵਿਭਾਗ ਅਤੇ ਗਿਰ ਪੱਛਮੀ ਜੰਗਲੀ ਜੀਵ ਵਿਭਾਗ। ਇਨ੍ਹਾਂ ਦੋਵਾਂ ਵਿਭਾਗਾਂ ਦੇ ਸਟਾਫ ਜੰਗਲ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿੰਮੇਵਾਰ ਹਨ।

ਇਸ ਤੋਂ ਇਲਾਵਾ, ਸਾਸਨ ਜੰਗਲੀ ਜੀਵ ਵਿਭਾਗ ਵੀ ਗਿਰ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਕੰਮ ਕਰ ਰਿਹਾ ਹੈ।

ਸਾਸਨ ਜੰਗਲੀ ਜੀਵ ਵਿਭਾਗ ਦੇ ਉਪ ਜੰਗਲਾਤ ਸੰਰੱਖਿਅਕ ਮੋਹਨ ਰਾਮ, ਗਿਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਚੁਰੀ ਦੇ ਸੁਪਰੀਟੇਂਡੈਂਟ ਵਜੋਂ ਵੀ ਕੰਮ ਕਰਦੇ ਹਨ।

ਮੋਹਨ ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਜੈ ਅਤੇ ਵੀਰੂ ਨੇ ਆਪਸ ਵਿੱਚ ਇੱਕ ਗਠਜੋੜ ਬਣਾ ਕੇ ਲਗਭਗ ਪੰਜ ਸਾਲ ਪਹਿਲਾਂ ਪੱਛਮੀ ਗਿਰ ਜੰਗਲੀ ਜੀਵ ਡਿਵੀਜ਼ਨ ਵਿੱਚ ਹੋਰ ਸ਼ੇਰਾਂ ਨੂੰ ਹਰਾ ਕੇ ਆਪਣਾ 'ਸਾਮਰਾਜ' ਸਥਾਪਤ ਕੀਤਾ ਸੀ।

ਉਨ੍ਹਾਂ ਦਾ ਇਲਾਕਾ ਪੂਰਬ ਵਿੱਚ ਕਾਸ਼ੀਆ, ਦੁਧਾਲਾ ਅਤੇ ਜੰਬੂਥਲਾ ਤੋਂ ਲੈ ਕੇ ਪੱਛਮ ਵਿੱਚ ਮਾਲਨਕਾ-ਕੇਨੇਡੀਪੁਰ (ਕੇਨੇਡੀਪੁਰ ਨਰਸਰੀ ਅਤੇ ਮਾਲਨਕਾ ਪਿੰਡ ਮੇਂਦਰਦਾ ਤੋਂ ਸਾਸਨ ਦੇ ਰਸਤੇ ਵਿੱਚ ਹਨ) ਅਤੇ ਉੱਤਰ ਵਿੱਚ ਕੇਰੰਬਾ-ਡੇਡਕਾਡੀ-ਨਟਾਲੀਆ ਤੋਂ ਦੱਖਣ ਵਿੱਚ ਰਾਇਡੀ ਤੱਕ ਫੈਲਿਆ ਹੋਇਆ ਸੀ।

ਮੋਹਨ ਰਾਮ ਨੇ ਕਿਹਾ, "ਉਨ੍ਹਾਂ ਦਾ ਇਲਾਕਾ ਲਗਭਗ 140 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਸੀ ਅਤੇ ਇਸ ਵਿੱਚ ਲਗਭਗ ਪੰਦਰਾਂ ਸ਼ੇਰਨੀਆਂ ਰਹਿੰਦੀਆਂ ਸਨ। ਜੈ-ਵੀਰੂ ਦਾ ਇਲਾਕਾ ਹਾਲ ਹੀ ਦੇ ਸਾਲਾਂ ਵਿੱਚ ਗਿਰ ਜੰਗਲ ਵਿੱਚ ਸ਼ੇਰਾਂ ਦੁਆਰਾ ਸਥਾਪਿਤ ਕੀਤੇ ਗਏ ਸਭ ਤੋਂ ਵੱਡੇ ਇਲਾਕਿਆਂ ਵਿੱਚੋਂ ਇੱਕ ਸੀ।"

ਇਹ ਜੋੜੀ ਸੈਲਾਨੀਆਂ ਵਿੱਚ ਕਿਵੇਂ ਪ੍ਰਸਿੱਧ ਹੋਈ?

ਜੈ-ਵੀਰੂ ਸ਼ੇਰ

ਤਸਵੀਰ ਸਰੋਤ, Parimal Nathwani

ਤਸਵੀਰ ਕੈਪਸ਼ਨ, ਜੈ (ਸੱਜੇ) ਅਤੇ ਵੀਰੂ ਦੀ ਜੋੜੀ ਗਿਰ ਸੈਂਚੁਰੀ ਦੇ ਸੈਲਾਨੀ ਖੇਤਰ ਦੇ 80 ਫੀਸਦੀ ਤੋਂ ਵੱਧ ਹਿੱਸੇ 'ਤੇ ਕਾਬਜ਼ ਸੀ

ਮੋਹਨ ਰਾਮ ਕਹਿੰਦੇ ਹਨ ਕਿ ਇਸਦੇ ਪਿੱਛੇ ਇੱਕ ਤੋਂ ਵੱਧ ਕਾਰਨ ਹਨ।

ਉਨ੍ਹਾਂ ਕਿਹਾ, "ਇਹ ਜੋੜੀ ਗਿਰ ਸੈਂਚੁਰੀ ਦੇ ਸੈਲਾਨੀ ਖੇਤਰ (ਜਿੱਥੇ ਸੈਲਾਨੀਆਂ ਨੂੰ ਸਫਾਰੀ 'ਤੇ ਲਿਜਾਇਆ ਜਾਂਦਾ ਹੈ) ਦੇ 80 ਫੀਸਦੀ ਤੋਂ ਵੱਧ ਹਿੱਸੇ 'ਤੇ ਕਬਜ਼ਾ ਕਰ ਚੁੱਕੀ ਸੀ। ਕੁਦਰਤੀ ਤੌਰ 'ਤੇ, ਇਹ ਸ਼ੇਰ ਸੈਲਾਨੀਆਂ ਨੂੰ ਵਧੇਰੇ ਦਿਖਾਈ ਦਿੰਦੇ ਸਨ।"

''ਨਾਲ ਹੀ, ਇੱਥੇ ਸ਼ੇਰਨੀਆਂ ਦਾ ਇੱਕ ਵੱਡਾ ਸਮੂਹ ਵੀ ਸੀ, ਇਸ ਲਈ ਉਹ ਵਧੇਰੇ ਦਿਖਾਈ ਦਿੰਦੇ ਸਨ। ਖਾਸ ਗੱਲ ਇਹ ਸੀ ਕਿ ਇਹ ਦੋਵੇਂ ਸ਼ੇਰ ਬਹੁਤ ਸ਼ਕਤੀਸ਼ਾਲੀ ਅਤੇ ਆਕਰਸ਼ਕ ਸਨ, ਜਿਸਨੇ ਉਨ੍ਹਾਂ ਨੂੰ ਦੇਖਣ ਵਾਲਿਆਂ 'ਤੇ ਡੂੰਘੀ ਛਾਪ ਛੱਡੀ। ਉਹ ਲਗਭਗ ਨੌਂ ਸਾਲ ਦੇ ਸਨ ਅਤੇ ਜਵਾਨ ਸਨ।"

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਾਰਚ ਵਿੱਚ ਸਾਸਨ ਆਏ ਅਤੇ ਗਿਰ ਜੰਗਲ ਵਿੱਚ ਸਫਾਰੀ 'ਤੇ ਗਏ, ਤਾਂ ਉਨ੍ਹਾਂ ਨੂੰ ਗਲਕਬਾਰੀ ਖੇਤਰ ਵਿੱਚ ਇਹੀ ਜੈ ਅਤੇ ਵੀਰੂ ਦਿਖਾਈ ਦਿੱਤੇ ਸਨ।

ਮੋਹਨ ਰਾਮ ਨੇ ਦੱਸਿਆ ਕਿ ਜੰਗਲ ਦਾ ਉਹ ਖੇਤਰ ਜਿੱਥੇ ਇਨ੍ਹਾਂ ਦੋਵਾਂ ਸ਼ੇਰਾਂ ਨੇ ਆਪਣਾ ਇਲਾਕਾ ਸਥਾਪਤ ਕੀਤਾ ਸੀ, ਜੰਗਲ ਦਾ ਵੱਡਾ ਸੰਪੰਨ ਹਿੱਸਾ ਹੈ। ਇਸ ਵਿੱਚ ਪਾਣੀ ਦੇ ਸਰੋਤ, ਸ਼ੇਰਨੀਆਂ ਅਤੇ ਚੀਤਲ ਅਤੇ ਕਿਰਪਾਣ ਵਰਗੇ ਸ਼ਾਕਾਹਾਰੀ ਜਾਨਵਰਾਂ ਦੀ ਚੰਗੀ ਆਬਾਦੀ ਹੈ, ਜੋ ਕਿ ਸ਼ੇਰਾਂ ਦਾ ਭੋਜਨ ਹਨ।

ਦੋ ਸ਼ੇਰ

ਤਸਵੀਰ ਸਰੋਤ, @narendramodi/X

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਸਫਾਰੀ ਦੌਰਾਨ ਖਿੱਚੀਆਂ ਕੁਝ ਤਸਵੀਰਾਂ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ, ਉਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਦਿਖਾਈ ਦੇ ਰਹੇ ਦੋ ਸ਼ੇਰ
ਇਹ ਵੀ ਪੜ੍ਹੋ-

ਜੰਗਲਾਤ ਵਿਭਾਗ ਦੇ ਇੱਕ ਕਰਮਚਾਰੀ ਨੇ ਬੀਬੀਸੀ ਨੂੰ ਦੱਸਿਆ, "ਜੈ ਦਾ ਕੋਟ ਬਹੁਤ ਵੱਡਾ ਸੀ। ਦੋਵੇਂ ਨਰ ਆਕਾਰ ਵਿੱਚ ਬਹੁਤ ਵੱਡੇ ਦਿਖਾਈ ਦਿੰਦੇ ਸਨ। ਉਹ ਜੰਗਲ ਦੇ ਕਿਨਾਰੇ ਵੱਸੇ ਪਿੰਡਾਂ ਵਿੱਚ ਵੀ ਘੁੰਮਦੇ ਅਤੇ ਸ਼ਿਕਾਰ ਕਰਦੇ ਸਨ। ਪਰ ਅਸੀਂ ਉਨ੍ਹਾਂ ਨੂੰ ਕਦੇ ਕਿਸੇ ਇਨਸਾਨ 'ਤੇ ਹਮਲਾ ਕਰਦੇ ਨਹੀਂ ਦੇਖਿਆ। ਸਾਨੂੰ ਲੱਗਦਾ ਸੀ ਕਿ ਇਸ ਜੋੜੇ ਦਾ ਰਾਜ ਅਗਲੇ ਤਿੰਨ ਸਾਲਾਂ ਤੱਕ ਚੱਲੇਗਾ, ਪਰ ਸ਼ਾਇਦ ਵੱਖ ਹੋਣ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੋਵੇਗਾ।"

ਜੈ-ਵੀਰੂ ਤੋਂ ਪਹਿਲਾਂ, ਗਿਰ ਦੇ ਜੰਗਲ ਵਿੱਚ 'ਰਾਮ' ਅਤੇ 'ਸ਼ਿਆਮ' ਅਤੇ 'ਧਰਮ' ਅਤੇ 'ਵੀਰ' ਦੀਆਂ ਜੋੜੀਆਂ ਵੀ ਮਸ਼ਹੂਰ ਰਹੀਆਂ ਸਨ। ਪਰ ਇੱਕ ਜੰਗਲਾਤ ਰੇਂਜਰ ਨੇ ਬੀਬੀਸੀ ਨੂੰ ਦੱਸਿਆ, "ਉਸ ਸਮੇਂ ਗਿਰ ਵਿੱਚ ਸ਼ੇਰਾਂ ਦੀ ਆਬਾਦੀ ਇੰਨੀ ਜ਼ਿਆਦਾ ਨਹੀਂ ਸੀ, ਇਸ ਲਈ ਇਲਾਕੇ ਲਈ ਲੜਾਈਆਂ ਵੀ ਮੁਕਾਬਲਤਨ ਘੱਟ ਹੁੰਦੀਆਂ ਸਨ। ਪਰ ਜੈ ਅਤੇ ਵੀਰੂ ਨੂੰ ਆਪਣੇ ਇਲਾਕੇ ਦੀ ਰੱਖਿਆ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਸੀ।"

ਮੋਹਨ ਰਾਮ ਨੇ ਦੱਸਿਆ ਕਿ ਜੈ ਅਤੇ ਵੀਰੂ ਮੂਲ ਰੂਪ ਵਿੱਚ ਨਟਾਲੀਆ ਵੀਡੀ (ਘਾਹ ਦੇ ਮੈਦਾਨ) ਤੋਂ ਸਨ ਅਤੇ ਇਸ ਲਈ ਸਥਾਨਕ ਜੰਗਲਾਤ ਵਿਭਾਗ ਦੇ ਕਰਮਚਾਰੀ ਉਨ੍ਹਾਂ ਨੂੰ "ਵੀਡੀ ਵਾਲਾ" ਕਹਿੰਦੇ ਸਨ।

ਜੈ-ਵੀਰੂ 'ਤੇ ਹਮਲਾ ਕਿਵੇਂ ਹੋਇਆ?

ਮਧੂਵੰਤੀ ਡੈਮ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਮਧੂਵੰਤੀ ਡੈਮ

ਮੋਹਨ ਰਾਮ ਕਹਿੰਦੇ ਹਨ ਕਿ ਜੈ ਅਤੇ ਵੀਰੂ ਆਮ ਤੌਰ 'ਤੇ ਆਪਣੇ 'ਰਾਜ' ਵਿੱਚ ਇਕੱਠੇ ਗਸ਼ਤ ਕਰਦੇ ਅਤੇ ਘੁੰਮਦੇ ਸਨ। ਉਹ ਅਕਸਰ ਇਕੱਠੇ ਦਹਾੜਦੇ ਸਨ ਅਤੇ ਦੂਜੇ ਸ਼ੇਰਾਂ ਨੂੰ ਦੂਰ ਰਹਿਣ ਲਈ ਚੇਤਾਵਨੀ ਦਿੰਦੇ ਸਨ।

ਮੋਹਨ ਰਾਮ ਨੇ ਕਿਹਾ, "ਇੱਕ ਦਿਨ ਆਪਣੇ ਇਲਾਕੇ ਵਿੱਚ ਗਸ਼ਤ ਕਰਦੇ ਸਮੇਂ, ਵੀਰੂ ਜੈ ਤੋਂ ਵਿੱਛੜ ਗਿਆ। ਇਸ ਦੇ ਚੱਲਦਿਆਂ ਜਦੋਂ ਜੈ ਦੁਧਾਲਾ ਅਤੇ ਡੇਡਕਾਡੀ ਦੇ ਵਿਚਕਾਰਲੇ ਖੇਤਰ ਵਿੱਚ ਇਕੱਲਾ ਸੀ, ਤਾਂ ਕਾਸ਼ਿਆ ਦੇ ਦੋ ਸ਼ੇਰਾਂ ਨੇ ਉਸਨੂੰ ਚੁਣੌਤੀ ਦਿੱਤੀ ਅਤੇ ਤਿੰਨਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ।''

''ਇਕੱਲਾ ਹੋਣ ਕਰਕੇ ਜੈ ਉਨ੍ਹਾਂ ਦੋ ਸ਼ੇਰਾਂ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਹਮਲਾਵਰਾਂ ਨੇ ਉਸਦੀ ਪਿੱਠ 'ਤੇ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਅਸੀਂ 1 ਜੂਨ ਨੂੰ ਜੈ ਨੂੰ ਇਲਾਜ ਲਈ ਸਾਸਨ ਲੈ ਗਏ।''

''ਚਾਰ ਦਿਨ ਬਾਅਦ, 4 ਜੂਨ ਨੂੰ ਕਮਲੇਸ਼ਵਰ-ਖੋਖਰਾ ਦਿਸ਼ਾ ਤੋਂ ਦੋ ਹੋਰ ਸ਼ੇਰਾਂ ਨੇ ਗੰਧਾਰੀਆ ਅਤੇ ਕੇਰੰਬਾ ਦੇ ਵਿਚਕਾਰ ਸੰਘਣੇ ਸਾਲੇਦੀ ਖੇਤਰ ਵਿੱਚ ਵੀਰੂ ਨੂੰ ਚੁਣੌਤੀ ਦਿੱਤੀ। ਇਕੱਲੇ ਹੋਣ ਦੇ ਬਾਵਜੂਦ, ਵੀਰੂ ਨੇ ਦੋਵਾਂ ਸ਼ੇਰਾਂ ਦਾ ਮੁਕਾਬਲਾ ਕੀਤਾ ਪਰ ਲੜਾਈ ਵਿੱਚ ਵੀਰੂ ਨੂੰ ਵੀ ਆਪਣੇ ਵੱਡੇ ਭਰਾ ਜੈ ਵਾਂਗ ਗੰਭੀਰ ਸੱਟਾਂ ਲੱਗੀਆਂ।''

''ਅਸੀਂ ਉਸ ਨੂੰ ਵੀ ਇਲਾਜ ਲਈ ਸਾਸਨ ਲੈ ਕੇ ਆਏ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਰੱਖਿਆ, ਪਰ 11 ਜੂਨ ਨੂੰ ਵੀਰੂ ਨੇ ਦਮ ਤੋੜ ਦਿੱਤਾ।"

ਤਾਂ ਕੀ ਜੈ ਅਤੇ ਵੀਰੂ 'ਤੇ ਹਮਲੇ ਆਮ ਗੱਲ ਹੈ?

ਗਿਰ ਜੰਗਲ ਵਿੱਚ ਆਪਣੇ ਇਲਾਕੇ ਵਿੱਚ ਘੁੰਮਦਾ ਇੱਕ ਸ਼ੇਰ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਗਿਰ ਜੰਗਲ ਵਿੱਚ ਆਪਣੇ ਇਲਾਕੇ ਵਿੱਚ ਘੁੰਮਦਾ ਇੱਕ ਸ਼ੇਰ

ਇਸ ਤਰ੍ਹਾਂ ਦੇ ਹਮਲੇ ਨੂੰ ਸ਼ੇਰਾਂ ਵਿਚਕਾਰ ਖੇਤਰ ਲਈ ਅੰਦਰੂਨੀ ਲੜਾਈ ਕਿਹਾ ਜਾਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਲੜਾਈਆਂ ਸ਼ੇਰਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ। ਸ਼ੇਰ ਖੇਤਰੀ ਜਾਨਵਰ ਹਨ, ਯਾਨੀ ਕਿ ਉਹ ਆਪਣੀਆਂ ਸੀਮਾਵਾਂ ਨਿਰਧਾਰਤ ਕਰਦੇ ਹਨ ਅਤੇ ਉਨ੍ਹਾਂ ਦੇ ਅੰਦਰ ਰਹਿੰਦੇ ਹਨ।

ਸ਼ੇਰ ਅਤੇ ਸ਼ੇਰਨੀਆਂ ਇਸੇ ਤਰੀਕੇ ਨਾਲ ਆਪਣੇ ਖੇਤਰ ਸਥਾਪਤ ਕਰਦੀਆਂ ਹਨ। ਇੱਕ ਸ਼ੇਰ ਇਕੱਲੇ ਅਜਿਹੇ ਖੇਤਰ ਸਥਾਪਤ ਕਰ ਸਕਦਾ ਹੈ ਜਾਂ ਦੂਜੇ ਸ਼ੇਰਾਂ ਨਾਲ ਗਠਜੋੜ ਬਣਾ ਕੇ, ਜਿਨ੍ਹਾਂ ਨਾਲ ਛੋਟੇ ਹੁੰਦਿਆਂ ਉਸਦੀ ਦੋਸਤੋ ਹੋਈ ਹੋਵੇ, ਕਿਸੇ ਦਿੱਤੇ ਖੇਤਰ ਵਿੱਚ ਆਪਣਾ ਦਬਦਬਾ ਸਥਾਪਤ ਕਰ ਸਕਦਾ ਹੈ।

ਸ਼ੇਰਨੀਆਂ ਆਮ ਤੌਰ 'ਤੇ ਇੱਕ ਤੋਂ ਵੱਧ ਮੈਂਬਰਾਂ ਵਾਲੇ ਸਮੂਹਾਂ ਵਿੱਚ ਰਹਿੰਦੀਆਂ ਹਨ ਅਤੇ ਇਨ੍ਹਾਂ ਵਿੱਚ ਮਾਵਾਂ, ਭੈਣਾਂ, ਧੀਆਂ, ਛੋਟੇ ਬੱਚੇ ਆਦਿ ਸ਼ਾਮਲ ਹੁੰਦੇ ਹਨ।

ਸ਼ੇਰ ਦੇ ਇਲਾਕੇ ਜਾਂ ਉਸਦੇ ਝੁੰਡ ਦੇ ਇਲਾਕੇ ਵਿੱਚ ਇੱਕ ਤੋਂ ਵੱਧ ਸ਼ੇਰਨੀਆਂ ਹੋ ਸਕਦੀਆਂ ਹਨ। ਸ਼ੇਰ ਆਪਣੇ ਸਥਾਪਿਤ ਖੇਤਰ ਵਿੱਚ ਸ਼ੇਰਨੀਆਂ ਨਾਲ ਮੇਲ ਕਰਕੇ ਆਪਣਾ ਵੰਸ਼ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।

ਪਰ ਖੇਤਰੀ ਜਾਨਵਰ ਹੋਣ ਕਰਕੇ, ਸ਼ੇਰ ਖੇਤਰ ਲਈ ਲੜਦੇ ਰਹਿੰਦੇ ਹਨ।

ਗਿਰ ਦੇ ਜੰਗਲ ਵਿੱਚ ਇੱਕ ਸ਼ੇਰਨੀ

ਤਸਵੀਰ ਸਰੋਤ, Gujarat forest department

ਤਸਵੀਰ ਕੈਪਸ਼ਨ, ਗਿਰ ਦੇ ਜੰਗਲ ਵਿੱਚ ਇੱਕ ਸ਼ੇਰਨੀ ਆਪਣੇ ਪੰਜਿਆਂ ਨਾਲ ਇੱਕ ਰੁੱਖ ਦੇ ਤਣੇ ਨੂੰ ਖੁਰਚਦੀ ਹੋਈ

ਨਾਲ ਹੀ, ਜਦੋਂ ਨਰ ਬੱਚੇ ਬਚਪਨ ਪਾਰ ਕਰਦੇ ਹਨ ਜਵਾਨ ਹੁੰਦੇ ਹਨ, ਤਾਂ ਉਨ੍ਹਾਂ ਨੂੰ ਸ਼ੇਰਾਂ ਅਤੇ ਸ਼ੇਰਨੀਆਂ ਦੇ ਸਮੂਹ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਸ਼ੇਰ ਆਪਣੇ ਖੂਨ ਦੇ ਸਬੰਧ ਵਾਲੇ ਰਿਸ਼ਤੇਦਾਰਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਚਣ ਲਈ ਅਜਿਹਾ ਕਰਦੇ ਹਨ, ਤਾਂ ਜੋ ਜੈਨੇਟਿਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਪਰਿਵਾਰ ਵਿੱਚੋਂ ਕੱਢੇ ਗਏ ਜਵਾਨ ਸ਼ੇਰ ਆਪਣਾ ਖੇਤਰ ਸਥਾਪਤ ਕਰਨ ਲਈ ਇੱਕ ਨਵੇਂ ਖੇਤਰ ਵਿੱਚ ਚਲੇ ਜਾਂਦੇ ਹਨ। ਇਸੇ ਤਰ੍ਹਾਂ, ਜੇਕਰ ਕਿਸੇ ਹੋਰ ਪਰਿਵਾਰ ਵਿੱਚੋਂ ਕੱਢਿਆ ਗਿਆ ਇੱਕ ਹੋਰ ਨੌਜਵਾਨ ਸ਼ੇਰ ਮਿਲ ਜਾਵੇ, ਤਾਂ ਅਜਿਹੇ ਦੋ ਸ਼ੇਰ ਵੀ ਇਕੱਠੇ ਇੱਕ ਸਾਂਝੇ ਖੇਤਰ 'ਤੇ ਆਪਣਾ 'ਦਬਦਬਾ' ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੈ ਅਤੇ ਵੀਰੂ ਨੇ ਵੀ ਆਪਣਾ 'ਰਾਜ' ਇਸੇ ਤਰ੍ਹਾਂ ਸਥਾਪਤ ਕੀਤਾ ਸੀ।

ਆਪਣੀ ਜਵਾਨੀ ਵਿੱਚ ਸ਼ੇਰ ਵਧੇਰੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਤੇ ਉਹ ਆਪਣੇ ਇਲਾਕੇ ਵਿੱਚ 'ਰਾਜ' ਕਰਨ ਵਾਲੇ ਸ਼ੇਰਾਂ ਨੂੰ ਚੁਣੌਤੀ ਦਿੰਦੇ ਹਨ। ਨਤੀਜੇ ਵਜੋਂ, ਲੜਾਈਆਂ ਹੁੰਦੀਆਂ ਹਨ।

ਮੋਹਨ ਰਾਮ ਨੇ ਅੱਗੇ ਕਿਹਾ, "ਇਲਾਜ ਦਾ ਚੰਗਾ ਅਸਰ ਹੋਇਆ ਤੇ ਜੈ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਉਹ ਤੁਰਨ-ਫਿਰਨ ਵੀ ਲੱਗ ਪਿਆ ਸੀ। ਇੱਕ ਸਮੇਂ ਤਾਂ ਅਸੀਂ ਜੈ ਨੂੰ ਵਾਪਸ ਜੰਗਲ ਵਿੱਚ ਛੱਡਣ ਬਾਰੇ ਸੋਚਣਾ ਵੀ ਸ਼ੁਰੂ ਕਰ ਦਿੱਤਾ ਸੀ।''

''ਪਰ ਫਿਰ ਉਸਦੀ ਸਿਹਤ ਵਿਗੜਨ ਲੱਗੀ ਅਤੇ ਪਸ਼ੂਆਂ ਦੇ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੈ ਦੀ ਇਨਫੈਕਸ਼ਨ ਠੀਕ ਨਹੀਂ ਹੋ ਸਕੀ। 29 ਜੁਲਾਈ ਨੂੰ ਉਸਦੀ ਵੀ ਮੌਤ ਹੋ ਗਈ।"

ਜੈ-ਵੀਰੂ ਸ਼ੇਰ

ਅਜਿਹੀਆਂ ਲੜਾਈਆਂ ਵਿੱਚ, ਕਈ ਵਾਰ ਰਾਜ ਕਰਨ ਵਾਲਾ ਸ਼ੇਰ ਜਿੱਤ ਜਾਂਦਾ ਹੈ ਤਾਂ ਕਈ ਵਾਰ ਉਸ ਨੂੰ ਚੁਣੌਤੀ ਦੇਣ ਵਾਲਾ ਨੌਜਵਾਨ ਸ਼ੇਰ। ਆਮ ਤੌਰ 'ਤੇ, ਕਮਜ਼ੋਰ ਸ਼ੇਰ ਵਿਰੋਧੀ ਸ਼ੇਰ ਦੀ ਤਾਕਤ ਤੋਂ ਹਾਰ ਕੇ ਲੜਾਈ ਵਿੱਚ ਪਿੱਛੇ ਹਟ ਜਾਂਦਾ ਹੈ ਅਤੇ ਭੱਜ ਜਾਂਦਾ ਹੈ। ਜੇਕਰ 'ਰਾਜ ਕਰਨ ਵਾਲੇ' ਸ਼ੇਰ ਨੂੰ ਭੱਜਣਾ ਪੈਂਦਾ ਹੈ, ਤਾਂ ਉਸਦੀ ਬਾਕੀ ਦੀ ਜ਼ਿੰਦਗੀ ਜ਼ਿਆਦਾਤਰ ਇਕਾਂਤ ਵਿੱਚ ਬੀਤਦੀ ਹੈ।

ਜੇਕਰ ਇੱਕ ਨੌਜਵਾਨ ਨਰ ਸ਼ੇਰ ਲੜਾਈ ਹਾਰ ਜਾਂਦਾ ਹੈ, ਤਾਂ ਉਹ ਹਮੇਸ਼ਾ ਕਿਸੇ ਹੋਰ ਹਮਲੇ ਜਾਂ 'ਰਾਜ ਕਰਨ ਵਾਲੇ' ਸ਼ੇਰ ਦੀ ਭਾਲ਼ ਵਿੱਚ ਰਹਿੰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਲੜਾਈਆਂ ਕਈ ਵਾਰ ਘਾਤਕ ਵੀ ਹੋ ਸਕਦੀਆਂ ਹਨ।

ਅਜਿਹੀ ਇੱਕ ਲੜਾਈ ਵਿੱਚ ਜੈ ਅਤੇ ਵੀਰੂ ਜਿੱਤੇ ਸਨ ਅਤੇ ਸੈਲਾਨੀ ਖੇਤਰ ਦੇ ਜ਼ਿਆਦਾਤਰ ਹਿੱਸੇ 'ਤੇ ਆਪਣਾ 'ਰਾਜ' ਸਥਾਪਿਤ ਕਰ ਲਿਆ ਸੀ।

ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਉਸ ਸਮੇਂ, ਦੋ ਹੋਰ ਨਰ ਸ਼ੇਰ ਇਸ ਖੇਤਰ 'ਤੇ ਹਾਵੀ ਸਨ। ਜੈ ਅਤੇ ਵੀਰੂ ਕੈਨੇਡੀਪੁਰ-ਨਟਾਲੀਆ ਵੀਡੀ ਤੋਂ ਆਏ ਅਤੇ ਦੂਜੇ ਦੋਵਾਂ 'ਰਾਜ ਕਰਨ ਵਾਲੇ' ਨਰ ਸ਼ੇਰਾਂ ਨੂੰ ਚੁਣੌਤੀ ਦਿੱਤੀ। ਲੜਾਈ ਵਿੱਚ ਜੈ-ਵੀਰੂ ਨੇ ਉਸ ਸਮੇਂ ਦੇ 'ਰਾਜ ਕਰਨ ਵਾਲੇ' ਨਰ ਸ਼ੇਰਾਂ ਨੂੰ ਹਰਾ ਦਿੱਤਾ ਸੀ ਪਰ ਉਹ ਲੜਾਈ ਘਾਤਕ ਨਹੀਂ ਸੀ। ਹਾਰੇ ਹੋਏ ਸ਼ੇਰ ਕਮਲੇਸ਼ਵਰ ਵੱਲ ਭੱਜ ਗਏ ਸਨ।"

ਹੁਣ ਗਿਰ ਵਿੱਚ ਜੈ-ਵੀਰੂ ਦੀ ਜਗ੍ਹਾ ਕੌਣ ਲਵੇਗਾ?

ਗਿਰ ਦੇ ਜੰਗਲ ਵਿੱਚ ਸ਼ੇਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਿਰ ਦੇ ਜੰਗਲ ਵਿੱਚ ਸ਼ੇਰ (ਫਾਈਲ ਫੋਟੋ)

ਮੋਹਨ ਰਾਮ ਕਹਿੰਦੇ ਹਨ ਕਿ ਆਮ ਤੌਰ 'ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਅੰਤਰ-ਪ੍ਰਜਾਤੀ ਲੜਾਈਆਂ ਵਿੱਚ ਜ਼ਖਮੀ ਹੋਏ ਸ਼ੇਰਾਂ ਨੂੰ ਬਚਾ ਕੇ ਇਲਾਜ ਲਈ ਨਹੀਂ ਲੈ ਕੇ ਜਾਂਦੇ, ਕਿਉਂਕਿ ਅਜਿਹੀਆਂ ਲੜਾਈਆਂ ਨੂੰ "ਕੁਦਰਤੀ ਸੰਤੁਲਨ" ਅਤੇ "ਸਭ ਤੋਂ ਯੋਗ ਦੇ ਬਚਾਅ" ਦੇ ਕੁਦਰਤੀ ਕ੍ਰਮ ਦਾ ਹਿੱਸਾ ਮੰਨਿਆ ਜਾਂਦਾ ਹੈ।

ਮੋਹਨ ਰਾਮ ਨੇ ਕਿਹਾ, "ਪਰ ਅਸੀਂ ਜੈ ਅਤੇ ਵੀਰੂ ਲਈ ਅਸਾਧਾਰਨ ਉਪਾਅ ਕੀਤੇ। ਉਨ੍ਹਾਂ ਦਾ ਝੁੰਡ ਬਹੁਤ ਵੱਡਾ ਸੀ। ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਤਾਂ ਉਨ੍ਹਾਂ ਦੇ ਝੁੰਡ ਵਿੱਚ ਬਹੁਤ ਸਾਰੇ ਛੋਟੇ ਬੱਚੇ ਸਨ। ਜੇਕਰ ਇਹ ਪ੍ਰਮੁੱਖ ਨਰ ਸ਼ੇਰ ਮਰ ਜਾਂਦੇ, ਤਾਂ ਵੱਡੀ ਗਿਣਤੀ ਵਿੱਚ ਬੱਚੇ ਮਰਨ ਦੀ ਸੰਭਾਵਨਾ ਸੀ। ਇਸ ਲਈ, ਅਸੀਂ ਜੈ ਅਤੇ ਵੀਰੂ ਨੂੰ ਬਚਾਉਣ ਅਤੇ ਉਨ੍ਹਾਂ ਦਾ ਇਲਾਜ ਕਰਨ ਦਾ ਫੈਸਲਾ ਕੀਤਾ।"

ਮੋਹਨ ਰਾਮ ਕਹਿੰਦੇ ਹਨ ਕਿ ਜਦੋਂ ਜੈ-ਵੀਰੂ 'ਤੇ ਹਮਲਾ ਹੋਇਆ, ਤਾਂ ਗੰਧਾਰਿਆ ਇਲਾਕੇ ਵਿੱਚ ਚਾਰ ਸ਼ੇਰਨੀਆਂ ਅਤੇ ਉਨ੍ਹਾਂ ਦੇ ਦਸ ਬੱਚੇ ਸਨ। ਜੈ ਅਤੇ ਵੀਰੂ ਉਨ੍ਹਾਂ ਬੱਚਿਆਂ ਦੇ ਪਿਤਾ ਸਨ। ਇਸੇ ਤਰ੍ਹਾਂ, ਡੇਡਕਾਡੀ ਖੇਤਰ ਵਿੱਚ ਸ਼ੇਰਨੀਆਂ ਦੇ ਇੱਕ ਹੋਰ ਸਮੂਹ ਦੇ ਵੀ ਸੱਤ ਬੱਚੇ ਸਨ।

''ਆਮ ਤੌਰ 'ਤੇ ਕਿਸੇ ਇਲਾਕੇ 'ਤੇ ਕਬਜ਼ਾ ਕਰਨ ਤੋਂ ਬਾਅਦ, ਸ਼ੇਰ ਉਸ ਇਲਾਕੇ ਵਿੱਚ ਪਹਿਲਾਂ ਵਾਲੇ ਸ਼ੇਰਾਂ ਤੋਂ ਜੰਮੇ ਬੱਚਿਆਂ ਨੂੰ ਮਾਰ ਦਿੰਦੇ ਹਨ, ਜੋ ਅਜੇ ਛੋਟੇ ਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਵਿਰੋਧੀ ਨਾ ਹੋਣ ਅਤੇ ਉਸ ਇਲਾਕੇ ਦੀਆਂ ਸ਼ੇਰਨੀਆਂ ਜਲਦ ਹੀ ਗਰਭਵਤੀ ਹੋਣ ਲਈ ਤਿਆਰ ਹੋ ਜਾਣ।''

ਮੋਹਨ ਰਾਮ ਨੇ ਬੀਬੀਸੀ ਨੂੰ ਦੱਸਿਆ, "ਕਿਉਂਕਿ ਗੰਧਾਰਿਆ ਸਮੂਹ ਦੇ ਬੱਚੇ ਬਹੁਤ ਛੋਟੇ ਹਨ, ਇਸ ਲਈ ਸ਼ੇਰਨੀਆਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਨ੍ਹਾਂ ਦੀ ਰੱਖਿਆ ਕਰ ਰਹੀਆਂ ਹਨ। ਸ਼ੇਰਨੀਆਂ ਨਵੇਂ ਆਏ ਸ਼ੇਰਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਭੱਜ ਗਈਆਂ ਹਨ, ਪਰ ਦੋ ਬੱਚਿਆਂ ਦੀ ਕੁਦਰਤੀ ਮੌਤ ਹੋ ਗਈ ਹੈ।''

''ਡੇਡਕਾਡੀ ਖੇਤਰ ਵਿੱਚ, ਹਮਲਾਵਰ ਸ਼ੇਰਾਂ ਨੇ ਦੋ ਬੱਚਿਆਂ ਨੂੰ ਮਾਰ ਦਿੱਤਾ ਹੈ, ਜਦਕਿ ਜਵਾਨੀ 'ਚ ਪਹੁੰਚ ਚੁੱਕੇ ਪੰਜ ਬੱਚੇ ਆਪਣੀ ਜਾਨ ਬਚਾਉਣ ਲਈ ਲੁਕੇ ਹੋਏ ਹਨ। ਅਸੀਂ ਕੁਝ ਸ਼ੇਰਾਂ ਦੀ ਦਹਾੜ ਸੁਣ ਸਕਦੇ ਹਾਂ, ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ 'ਜੈ-ਵੀਰੂ ਦੇ ਸਾਮਰਾਜ' 'ਤੇ ਹੁਣ ਕਿਸਦਾ ਦਾ 'ਰਾਜ' ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)