ਸੁਖਬੀਰ ਬਾਦਲ ਤੇ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਕਿਹੜੇ ਹੁਕਮ ਮੰਨੇ, ਕਿਹੜੇ ਨਹੀਂ

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਾਕੀਦ ਕਰਦਿਆਂ ਕਿਹਾ ਸੀ, "ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਕੀਤੇ ਗਏ ਸਾਰੇ ਹੁਕਮਾਂ ਉੱਤੇ ਕਾਰਵਾਈ ਹੋਵੇ, ਇਨ੍ਹਾਂ ਉੱਤੇ ਅਮਲ ਕਰਨ ਵਿੱਚ ਦੇਰੀ ਨੂੰ ਨਾ-ਨੁੱਕਰ ਕਰਨਾ ਸਮਝਿਆ ਜਾਵੇਗਾ।"
ਜਥੇਦਾਰ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਦੂਜੇ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਕਰਨ ਸਬੰਧੀ ਪੁੱਛੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
2 ਦਸੰਬਰ ਨੂੰ ਅਕਾਲੀ ਲੀਡਰਸ਼ਿਪ ਦੇ ਅਕਾਲ ਤਖ਼ਤ ਉੱਤੇ ਪੇਸ਼ ਹੋਣ ਸਮੇਂ ਅਕਾਲ ਤਖ਼ਤ ਨੇ ਸਾਰੇ ਅਕਾਲੀ ਧੜਿਆਂ ਨੂੰ ਭੰਗ ਕਰਕੇ ਨਵੇਂ ਸਿਰਿਓਂ ਦਲ ਦੇ ਗਠਨ ਸਬੰਧੀ ਆਦੇਸ਼ ਦਿੱਤੇ ਸਨ।
ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਸਾਲ 2007 ਤੋਂ 2017 ਤੱਕ ਪਾਰਟੀ ਦੀ ਸੱਤਾ ਦੌਰਾਨ ਹੋਈਆਂ ਗਲਤੀਆਂ ਦੀ ਧਾਰਮਿਕ ਸਜ਼ਾ ਸੁਣਾਈ ਗਈ ਸੀ।
ਜਥੇਦਾਰ ਰਘਬੀਰ ਸਿੰਘ ਦਾ ਅਕਾਲੀਆਂ ਵੱਲੋਂ ਅਕਾਲ ਤਖ਼ਤ ਦੇ ਕੁਝ ਹੁਕਮ ਮੰਨਣ ਤੋਂ ਨਾਂਹ ਨੁੱਕਰ ਕਰਨ ਦਾ ਬਿਆਨ ਉਦੋਂ ਆਇਆ ਹੈ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਦੇ ਅਸਤੀਫ਼ੇ ਦਿੱਤੇ ਵਿੱਚ ਸਵਿਕਾਰ ਨਹੀਂ ਕੀਤੇ ਹਨ।

ਹਾਲਾਂਕਿ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੇ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਪੂਰਾ ਕਰ ਲਿਆ ਹੈ।
ਪਰ ਗੱਲ ਅਟਕੀ ਹੋਈ ਹੈ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂਆਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਉੱਤੇ। ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਵਿੱਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ 3 ਦਿਨਾਂ ਦੇ ਅੰਦਰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰੇ।
ਪਰ ਤਿੰਨ ਦਿਨ ਨਿਕਲ ਜਾਣ ਉੱਤੇ ਵੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ।
ਉਸ ਤੋਂ ਬਾਅਦ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ 20 ਦਿਨ ਦਾ ਸਮਾਂ ਹੋਰ ਮੰਗ ਲਿਆ, ਜੋ ਅਕਾਲ ਤਖ਼ਤ ਸਾਹਿਬ ਵੱਲੋਂ ਦੇ ਦਿੱਤਾ ਗਿਆ।
ਪਰ ਹੁਣ ਉਹ 20 ਦਿਨ ਵੀ ਪੂਰੇ ਹੋ ਚੁੱਕੇ ਹਨ, ਅਜੇ ਤੱਕ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਬਾਰੇ ਅਕਾਲੀ ਦਲ ਕੋਈ ਫ਼ੈਸਲਾ ਲੈਂਦਾ ਦਿਖਾਈ ਨਹੀਂ ਦੇ ਰਿਹਾ। ਸਗੋਂ ਇਸੇ ਦੌਰਾਨ ਅਕਾਲੀ ਦਲ ਨੇ ਮਾਘੀ ਮੌਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਿਆਸੀ ਕਾਨਫਰੰਸਾਂ ਕਰਨ ਦੀ ਤਿਆਰੀ ਖਿੱਚ ਲਈ ਹੈ।

ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਕਦੋਂ ਦਿੱਤਾ?
ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਨੇ 30 ਅਗਸਤ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫ਼ਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ।
ਅਕਾਲੀ ਦਲ ਕਿਉਂ ਨਹੀਂ ਕਰ ਰਿਹਾ ਅਸਤੀਫ਼ਾ ਮਨਜ਼ੂਰ?
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਹਨ, "ਸੁਖਬੀਰ ਸਿੰਘ ਬਾਦਲ ਦਾ ਕੰਮ ਅਸਤੀਫ਼ਾ ਦੇਣਾ ਸੀ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ। ਹੁਣ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਦੇ ਸਾਹਮਣੇ ਆਉਣ ਵਾਲੀਆਂ ਸੰਵਿਧਾਨਕ ਮੁਸ਼ਕਲਾਂ ਬਾਰੇ ਜਾਣੂ ਕਰਵਾ ਰਹੇ ਹਾਂ।"
ਸੰਵਿਧਾਨਕ ਮੁਸ਼ਕਲਾਂ ਬਾਰੇ ਦੱਸਦਿਆਂ ਅਰਸ਼ਦੀਪ ਕਲੇਰ ਨੇ ਕਿਹਾ, "1989 ਵਿੱਚ ਭਾਰਤੀ ਚੋਣ ਕਮਿਸ਼ਨ ਨੇ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਦੇਸ਼ ਦੀ ਹਰ ਰਾਜਨੀਤਿਕ ਪਾਰਟੀ ਇਹ ਸਾਬਤ ਕਰੇ ਕਿ ਉਹ ਧਰਮ ਨਿਰਪੱਖ ਪਾਰਟੀ ਹੈ।"
"ਇਸ ਲਈ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਨੇ ਬਕਾਇਦਾ ਹਲਫ਼ਨਾਮਾ ਦਰਜ ਕਰਵਾ ਕੇ ਅਕਾਲੀ ਦਲ ਨੂੰ ਇੱਕ ਧਰਮ ਨਿਰਪੱਖ ਪਾਰਟੀ ਦੱਸਿਆ। ਇਸ ਲਈ ਹੁਣ ਇਹ ਅਕਾਲੀ ਦਲ ਲਈ ਚੁਣੌਤੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਮੰਨ ਕੇ ਕਿਸੇ ਵੀ ਕਾਨੂੰਨੀ ਮੁਸ਼ਕਲ ਵਿੱਚ ਨਾ ਘਿਰ ਜਾਵੇ, ਇਸਦੇ ਨਾਲ ਅਕਾਲੀ ਦਲ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ।"
ਅਰਸ਼ਦੀਪ ਕਲੇਰ ਨੇ ਅੱਗੇ ਕਿਹਾ, "ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ 8 ਜਨਵਰੀ ਨੂੰ ਮੁਲਾਕਾਤ ਕਰਾਂਗੇ, ਉਨ੍ਹਾਂ ਨਾਲ ਕਾਨੂੰਨੀ ਵਿਸ਼ੇ ਬਾਰੇ ਗੱਲ ਕੀਤੀ ਜਾਵੇਗੀ।"
"ਉਨ੍ਹਾਂ ਨੂੰ ਅਕਾਲੀ ਦਲ ਸਾਹਮਣੇ ਆ ਸਕਦੇ ਸੰਵਿਧਾਨਕ ਸੰਕਟ ਬਾਰੇ ਵੀ ਦੱਸਿਆ ਜਾਵੇਗਾ। ਅਕਾਲੀ ਦਲ ਨੂੰ ਲੈ ਕੇ ਪਹਿਲਾਂ ਹੀ ਕੋਰਟਾਂ ਵਿੱਚ ਕੇਸ ਚਲ ਰਹੇ ਹਨ, ਅਸੀਂ ਨਹੀਂ ਚਾਹੁੰਦੇ ਕਿ ਹੁਣ ਫੇਰ ਅਕਾਲੀ ਦਲ ਕਿਸ ਹੋਰ ਕਾਨੂੰਨੀ ਮੁਸ਼ਕਲ ਵਿੱਚ ਫਸ ਜਾਵੇ।"

ਤਸਵੀਰ ਸਰੋਤ, RAVINDER SINGH ROBIN/BBC
ਅਕਾਲੀ ਦਲ ਸੁਧਾਰ ਲਹਿਰ ਕੀ ਕਹਿ ਰਿਹਾ?
ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਚਲ ਰਿਹਾ ਧੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਬੀਬੀ ਜਗੀਰ ਕੌਰ ਨੇ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਾ ਕਰਨ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਵਾਰ-ਵਾਰ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਬੇਨਤੀ ਕੀਤੀ ਹੈ ਕਿ ਹੁਕਮਨਾਮਾ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਤਾਂ ਦੁਨੀਆਂ ਭਰ ਵਿੱਚ ਗ਼ਲਤ ਸੰਦੇਸ਼ ਜਾਵੇਗਾ।"
ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਜਾਂਦਾ ਤਾਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਮੁਸ਼ਕਲ ਹੋ ਜਾਵੇਗਾ।

"ਸੱਤਾ ਨਹੀਂ ਗਵਾਉਣਾ ਚਾਹੁੰਦਾ ਬਾਦਲ ਪਰਿਵਾਰ"
ਪ੍ਰੋਫੈੱਸਰ ਖ਼ਾਲਿਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਦੇ ਪ੍ਰੋਫੈੱਸਰ ਹਨ।
ਉਹ ਕਹਿੰਦੇ ਹਨ, "ਇਸ ਵੇਲੇ ਅਕਾਲੀ ਦਲ ਉੱਤੇ ਇੱਕ ਪਰਿਵਾਰ ਦਾ ਦਬਦਬਾ ਹੈ। ਹਰ ਕਮੇਟੀ ਅਤੇ ਜਥੇਬੰਦੀ ਵਿੱਚ ਉਹ ਵਿਅਕਤੀ ਹਨ ਜੋ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਹਨ, ਜੋ ਸੁਖਬੀਰ ਸਿੰਘ ਬਾਦਲ ਮੁਤਾਬਕ ਚਲਦੇ ਹਨ।"
"ਜੇਕਰ ਇੱਕ ਵਾਰ ਵੀ ਇਹ ਢਾਂਚਾ ਭੰਗ ਹੋਇਆ ਤਾਂ ਮੁੜ ਅਕਾਲੀ ਦਲ ਉੱਤੇ ਬਾਦਲ ਪਰਿਵਾਰ ਕਾਬਜ਼ ਨਹੀਂ ਹੋ ਸਕੇਗਾ। ਇਹੀ ਡਰ ਹੁਣ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਸਤਾ ਰਿਹਾ ਹੈ, ਇਸੇ ਲਈ ਅਸਤੀਫ਼ੇ ਪ੍ਰਵਾਨ ਨਹੀਂ ਹੋ ਰਹੇ।"

ਟਾਲ-ਮਟੋਲ ਕਰ ਰਿਹਾ ਅਕਾਲੀ ਦਲ
ਸਿੱਖ ਰਾਜਨੀਤੀ ਨੂੰ ਨੇੜਿਓਂ ਸਮਝਣ ਵਾਲੇ ਡਾ. ਖੁਸ਼ਹਾਲ ਸਿੰਘ ਕਹਿੰਦੇ ਹਨ, "ਅਕਾਲੀ ਦਲ ਲਈ ਸੰਵਿਧਾਨਕ ਸੰਕਟ ਖੜ੍ਹਾ ਹੋਣ ਦਾ ਦਾਅਵਾ ਅਸਲ ਵਿੱਚ ਅਸਤੀਫ਼ੇ ਦੇਣ ਤੋਂ ਪੱਲਾ ਛੁਡਾਉਣਾ ਹੈ।"
"ਜੇਕਰ ਅਕਾਲੀ ਦਲ ਇਹ ਕਹਿੰਦਾ ਕਿ ਉਹ ਧਰਮ ਨਿਰਪੱਖ ਪਾਰਟੀ ਹੈ ਤਾਂ ਉਹ ਪੰਥ ਦਾ ਨਾਮ ਵਰਤਣਾ ਛੱਡ ਦੇਣ। ਵੋਟਾਂ ਵੇਲੇ ਅਕਾਲੀ ਦਲ ਪੰਥ ਦੇ ਨਾਮ ਉੱਤੇ ਵੋਟ ਮੰਗਦਾ ਹੈ, ਲੋਕਾਂ ਨੂੰ ਕਿਹਾ ਜਾਂਦਾ ਕਿ ਅਸੀਂ ਸਿੱਖਾਂ ਦੀ ਆਪਣੀ ਪਾਰਟੀ ਹਾਂ ਤਾਂ ਹੁਣ ਇਸ ਨੂੰ ਧਰਮ-ਨਿਰਪੱਖ ਰਾਜਨੀਤਿਕ ਪਾਰਟੀ ਕਿਉਂ ਕਿਹਾ ਜਾ ਰਿਹਾ।"
ਖੁਸ਼ਹਾਲ ਸਿੰਘ ਅੱਗੇ ਕਹਿੰਦੇ ਹਨ, "ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣ ਲਈ ਅਕਾਲ ਤਖ਼ਤ ਸਾਹਿਬ ਨੇ ਨਹੀਂ ਕਿਹਾ ਸੀ, ਸੁਖਬੀਰ ਬਾਦਲ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ। ਅਕਾਲੀ ਦਲ ਨੇ ਇਹ ਦਲੀਲ ਹੁਣ ਹੀ ਕਿਉਂ ਦਿੱਤੀ, ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ 2 ਦਸੰਬਰ ਦਾ ਆਇਆ ਹੋਇਆ ਹੈ, ਉਦੋਂ ਅਕਾਲੀ ਦਲ ਨੇ ਅਸਤੀਫ਼ੇ ਉੱਤੇ ਫ਼ੈਸਲਾ ਲੈਣ ਲਈ ਸਮਾਂ ਮੰਗਿਆ, ਹੁਣ ਫੇਰ ਸਮਾਂ ਟਪਾਉਣ ਲਈ ਇਹ ਬਹਾਨਾ ਬਣਾਇਆ ਜਾ ਰਿਹਾ ਹੈ।"

ਅਕਾਲੀ ਦਲ ਨੇ ਕਿਹੜੇ ਫ਼ੈਸਲੇ ਨਹੀਂ ਮੰਨੇ?
ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੇ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਪੂਰਾ ਕਰ ਲਿਆ ਹੈ।
ਜਿਸਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਪਹਿਰੇਦਾਰ, ਸੇਵਾਦਾਰ ਵੱਜੋਂ ਸੇਵਾ ਸ਼ਾਮਲ ਹੈ। ਧਾਰਮਿਕ ਸਜ਼ਾ ਤਹਿਤ ਸੁਣਾਏ ਗਏ ਫ਼ੈਸਲੇ ਵਿੱਚੋਂ ਅਕਾਲੀ ਆਗੂਆਂ ਇਹ ਸਾਰੇ ਹੁਕਮ ਮੰਨ ਲਏ ਹਨ।
ਪਰ ਅਕਾਲੀ ਦਲ ਨੇ ਅਜੇ ਤੱਕ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਨਹੀਂ ਕੀਤੇ ਹਨ। ਅਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਭਰਤੀ ਦਾ ਕੰਮ ਸ਼ੁਰੂ ਨਹੀਂ ਹੋਇਆ।
ਅਕਾਲ ਤਖ਼ਤ ਤੋਂ ਸਪੱਸ਼ਟ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਧੜ੍ਹੇ ਆਪਣੇ ਹੰਕਾਰ ਨੂੰ ਲਾਂਭੇ ਰੱਖ਼ ਕੇ ਧੜ੍ਹਿਆਂ ਨੂੰ ਭੰਗ ਕਰਨ ਅਤੇ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਦੁਬਾਰਾ ਤੋਂ ਭਰਤੀ ਕਰਕੇ ਅਕਾਲੀ ਦਲ ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਸਨ।
ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਇਸ 7 ਮੈਂਬਰੀ ਕਮੇਟੀ ਨੇ ਅਜੇ ਤੱਕ ਕੰਮ-ਕਾਰ ਸ਼ੁਰੂ ਨਹੀਂ ਕੀਤਾ। ਨਾ ਹੀ ਵਰਕਿੰਗ ਕਮੇਟੀ ਭੰਗ ਹੋਈ ਅਤੇ ਨਾ ਹੀ ਅਕਾਲੀਆਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਗਏ।
ਦੂਜੇ ਪਾਸੇ ਬਾਗ਼ੀ ਅਕਾਲੀਆਂ ਨੇ ਆਪਣੇ ਅਕਾਲੀ ਦਲ ਸੁਧਾਰ ਧੜ੍ਹੇ ਦੀਆਂ ਸਾਰੀਆਂ ਅਹੁਦੇਦਾਰੀਆਂ ਅਤੇ ਢਾਂਚਾ ਭੰਗ ਕਰ ਦਿੱਤਾ ਹੈ।

"ਮੈਂ ਤਾਂ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ"
ਇੱਕ ਪਾਸੇ ਵਿਰੋਧੀ ਅਕਾਲ ਤਖ਼ਤ ਸਾਹਿਬ ਅੱਗੇ ਸੁਖਬੀਰ ਸਿੰਘ ਬਾਦਲ ਦੇ ਕਬੂਲਨਾਮੇ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦੇਣ ਦਿਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਉੱਥੇ ਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ 6 ਜਨਵਰੀ ਨੂੰ ਮੁਕਤਸਰ ਸਾਹਿਬ ਵਿੱਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੁੜ ਦਾਅਵਾ ਕੀਤਾ ਕਿ ਉਹ 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੌਕੇ ਪੰਜਾਬ ਵਿੱਚ ਨਹੀਂ ਸਨ।
ਸੁਖਬੀਰ ਬਾਦਲ ਨੇ ਕਿਹਾ, "ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ, ਅਕਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਲੋਕ ਸਿਆਸਤ ਖੇਡੀ ਗਏ, ਪਰ ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ, ਮੈਂ ਹੈ ਹੀ ਨਹੀਂ ਸੀ ਇੱਥੇ। ਪਰ ਇਹ ਖ਼ਤਮ ਹੀ ਤਾਂ ਹੋਣਾ ਸੀ ਇਸ ਲਈ ਮੈਂ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ।"
ਹੁਕਮਨਾਮਾ ਲਾਗੂ ਨਾ ਹੋਣ ਦਾ ਕੀ ਪਵੇਗਾ ਪ੍ਰਭਾਵ?
ਖੁਸ਼ਹਾਲ ਸਿੰਘ ਕਹਿੰਦੇ ਹਨ, "2 ਦਸੰਬਰ ਦੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੇ ਦੁਨੀਆਂ ਭਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਰਵਉੱਚਤਾ ਦਾ ਪ੍ਰਮਾਣ ਦਿੱਤਾ। ਪਰ ਹੁਣ ਜਿਵੇਂ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਬਦਲਣ ਜਾਂ ਨਾ-ਮੰਨਣ ਲਈ ਜ਼ੋਰ ਲਾ ਰਿਹਾ ਹੈ ਉਸ ਤੋਂ ਅਜਿਹਾ ਲੱਗ ਰਿਹਾ ਜਿਵੇਂ ਅਕਾਲੀ ਦਲ ਖ਼ੁਦ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਦੇ ਵਿਰੁੱਧ ਹੈ।"
"ਹੋਰ ਪਾਰਟੀਆਂ ਹੁੰਦੀਆਂ ਤਾਂ ਸਮਝਿਆ ਵੀ ਜਾ ਸਕਦਾ ਸੀ ਪਰ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸਿੱਖਾਂ ਦੇ ਤਖ਼ਤ ਤੋਂ ਆਏ ਫ਼ੈਸਲੇ ਨੂੰ ਨਹੀਂ ਮੰਨ ਰਹੀ, ਇਸਦੇ ਨਤੀਜੇ ਅਕਾਲੀ ਦਲ ਲਈ ਹੀ ਮਾੜੇ ਹਨ। ਹੁਣ ਚੋਣ ਕਮਿਸ਼ਨ ਭਾਵੇਂ ਅਕਾਲੀ ਦਲ ਦੀ ਮਾਨਤਾ ਰੱਦ ਨਾ ਕਰੇ ਪਰ ਸਿੱਖ ਪੰਥ ਅਕਾਲੀ ਦਲ ਉੱਤੇ ਭਰੋਸਾ ਨਹੀਂ ਕਰ ਸਕੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













