ਸੁਖਬੀਰ ਬਾਦਲ : ਅਕਾਲ ਤਖ਼ਤ ਉੱਤੇ ਕੀਤਾ ਗਿਆ 'ਕਬੂਲਨਾਮਾ' ਕੀ ਕਾਨੂੰਨੀ ਸੰਕਟ ਵੀ ਬਣ ਸਕਦਾ ਹੈ

ਤਸਵੀਰ ਸਰੋਤ, Akali Dal
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂ ਅਕਾਲ ਤਖ਼ਤ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਹਨ।
ਇਸੇ ਦੌਰਾਨ ਸੁਖਬੀਰ ਬਾਦਲ ਉੱਤੇ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਭੁਗਤਾਉਣ ਸਮੇਂ ਜਾਨਲੇਵਾ ਹਮਲਾ ਵੀ ਹੋਇਆ।
ਸੁਖਬੀਰ ਬਾਦਲ ਅਤੇ ਅਕਾਲੀ ਦਲ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਸਾਲ 2007 ਤੋਂ ਲੈ ਕੇ 2017 ਤੱਕ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਸਿੱਖ ਸਿਧਾਂਤਾਂ ਅਤੇ ਪੰਥਕ ਭਾਵਨਾਵਾਂ ਦੇ ਉਲਟ ਕੰਮ ਕੀਤਾ।

ਇਸ ਕਾਰਨ ਅਕਾਲੀ ਦਲ ਪੰਜਾਬ ਦੀ ਸੱਤਾ ਤੋਂ ਲਾਂਭੇ ਹੋ ਗਿਆ ਅਤੇ ਚੋਣ ਸਿਆਸਤ ਪੱਖੋਂ ਹਾਸ਼ੀਏ ਉੱਤੇ ਚਲਾ ਗਿਆ। ਇਸ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਵੀ ਹੋਈ ਅਤੇ ਕੁਝ ਆਗੂ ਅਕਾਲੀ ਦਲ ਵਲੋਂ ਸਰਕਾਰ ਵਿੱਚ ਰਹਿੰਦਿਆਂ ਕੀਤੀਆਂ ਗਲਤੀਆਂ ਦੇ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ਲੈ ਗਏ ਸਨ।
ਇਸ ਦੇ ਮਾਮਲੇ ਵਿੱਚ ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਅਤੇ ਅਕਾਲੀ ਆਗੂਆਂ ਨੂੰ ਤਨਖਾਹੀਏ ਐਲਾਨਿਆ ਗਿਆ ਅਤੇ 2 ਦਸੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਨੇ ਧਾਰਮਿਕ ਸਜ਼ਾ ਦਾ ਐਲਾਨ ਕਰ ਦਿੱਤਾ।
ਅਕਾਲੀ ਦਲ ਲੀਡਰਸ਼ਿਪ ਉੱਤੇ ਕੀ ਹਨ ਇਲਜ਼ਾਮ

ਤਸਵੀਰ ਸਰੋਤ, Getty Images
ਅਕਾਲੀ ਲੀਡਰਸ਼ਿਪ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ ਵਿੱਚ ਰਹਿੰਦਿਆਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਤਖ਼ਤਾਂ ਦੇ ਜਥੇਦਾਰਾਂ ਉੱਤੇ ਦਬਾਅ ਪਾਇਆ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ 2007 ਵਿੱਚ ਆਪਣੇ ਡੇਰੇ ਸਲਾਬਤਪੁਰ ਬਠਿੰਡਾ ਵਿੱਚ ਜਾਮ-ਏ-ਇੰਸਾ ਛਕਾਉਣ ਦਾ ਸਵਾਂਗ ਰਚਿਆ ਸੀ। ਉਸ ਦੌਰਾਨ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਪਹਿਰਾਵੇ ਵਰਗੀ ਪੋਸ਼ਾਕ ਪਾ ਕੇ ਸਿੱਖ ਧਰਮ ਦੀ ਅੰਮ੍ਰਿਤ ਛਕਾਉਣ ਦੀ ਰਵਾਇਤ ਦੀ ਨਕਲ ਕੀਤੀ ਸੀ।
ਇਸ ਦਾ ਸਿੱਖਾਂ ਵਿੱਚ ਬਹੁਤ ਹੀ ਤਿੱਖਾ ਵਿਰੋਧ ਹੋਇਆ। ਅਕਾਲ ਤਖ਼ਤ ਨੇ ਡੇਰਾ ਸੱਚਾ ਸੌਦਾ ਮੁਖੀ ਤੇ ਉਨ੍ਹਾਂ ਦੇ ਪ੍ਰੇਮੀਆਂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਕੇ ਸਿੱਖਾਂ ਨੂੰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ ਲਈ ਕਿਹਾ ਸੀ।
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੁਝ ਹੋਰ ਅਕਾਲੀ ਆਗੂਆਂ ਉੱਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਸਿਆਸੀ ਹਿੱਤਾਂ ਲਈ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਲਈ ਜਥੇਦਾਰਾਂ ਨੂੰ ਘਰ ਬੁਲਾ ਕੇ ਦਬਾਅ ਬਣਾਇਆ ਸੀ। ਇਸ ਨਾਲ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਦੇ ਸਪੱਸ਼ਟੀਕਰਨ ਦੀ ਚਿੱਠੀ ਨੂੰ ਸੋਧ ਕੇ ਮੁਆਫ਼ੀਨਾਮੇ ਵਜੋਂ ਪੇਸ਼ ਕੀਤਾ ਗਿਆ।
ਇਸ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲ਼ਕ ਦੇ ਲੱਖਾਂ ਰੁਪਏ ਇਸ਼ਤਿਹਾਰਾਂ ਲਈ ਖਰਚੇ ਗਏ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਉੱਤੇ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਵਿੱਚ ਨਿਆਂ ਨਹੀਂ ਕਰਵਾਇਆ ਤੇ ਬੇਅਦਬੀਆਂ ਖਿਲਾਫ਼ ਰੋਹ ਪ੍ਰਗਟਾਉਂਦੇ ਸਿੱਖਾਂ ਉੱਤੇ ਗੋਲ਼ੀਬਾਰੀ ਕਰਵਾਈ।

ਤਸਵੀਰ ਸਰੋਤ, SGPC
ਫ਼ਰੀਦਕੋਟ ਦੇ ਬਹਿਬਲ ਕਲਾਂ ਅਤੇ ਕੋਟਕਪੁਰਾ ਵਿੱਚ ਪੁਲਿਸ ਦੀ ਗੋਲ਼ੀਬਾਰੀ ਵਿੱਚ ਦੋ ਜਣਿਆਂ ਦੀ ਮੌਤ ਹੋਈ ਅਤੇ ਕਈ ਜਣੇ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਖ਼ਿਲਾਫ਼ ਪੰਜਾਬ ਦੇ ਲੋਕਾਂ ਵਿੱਚ ਕਾਫੀ ਰੋਸ ਪੈਦਾ ਹੋਇਆ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੇ ਇਨਸਾਫ਼ ਦਾ ਮੁੱਦਾ ਕਾਫੀ ਲੰਮੇ ਸਮੇਂ ਤੋਂ ਚਰਚਾ ਵਿੱਚ ਹੈ। ਇਸ ਮੁੱਦੇ ਨੂੰ ਲੈ ਕੇ ਦੋ ਸਰਕਾਰਾਂ (ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਫਿਰ ਕਾਂਗਰਸ) ਸੱਤਾ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਮਾਮਲੇ ਦੀ ਜਾਂਚ ਲਈ ਕਈ ਸਿੱਟਾਂ (ਐਸਆਈਟੀ) ਬਣ ਚੁੱਕੀਆਂ ਹਨ ਪਰ ਅਜੇ ਤੱਕ ਅਸਲ ਦੋਸ਼ੀਆਂ ਉਤੇ ਦੋਸ਼ ਸਾਬਤ ਨਹੀਂ ਹੋ ਸਕੇ।
ਅਕਾਲੀ ਦਲ ਉੱਤੇ ਇਹ ਵੀ ਇਲਜ਼ਾਮ ਸਨ ਕਿ ਉਸ ਨੇ 1980ਵਿਆਂ ਦੌਰਾਨ ਚੱਲੇ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ ਵਿੱਚ ਦਾਗੀ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੋਣਾਂ ਲਈ ਟਿਕਟਾਂ ਵੀ ਦਿੱਤੀਆਂ।
ਕੁੰਵਰ ਵਿਜੈ ਪ੍ਰਤਾਪ ਸਿੰਘ ਕਿਉਂ ਹੋਏ ਸਰਗਰਮ

ਤਸਵੀਰ ਸਰੋਤ, Kunwar Vijay Pratap Singh/FB
ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਪੁਲਿਸ ਦੇ ਆਈਪੀਐੱਸ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ (ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ) ਦੀ ਅਗਵਾਈ ਵਿੱਚ ਇਕ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਜਾਂਚ ਟੀਮ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬੌਲੀਵੁੱਡ ਫਿਲਮ ਸਟਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ।
ਜਾਂਚ ਮੁਕੰਮਲ ਕਰਨ ਉਪੰਰਤ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਹਾਈ ਕੋਰਟ ਨੇ ਪੱਖ਼ਪਾਤੀ ਅਤੇ ਬਦਲਾਲਊ ਕਾਰਵਾਈ ਦੱਸਦਿਆਂ ਰੱਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਮੌਜੂਦਾ ਸਮੇਂ ਉਹ ਵਿਧਾਇਕ ਹਨ।
ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਜੋ ਗੱਲਾਂ ਉਨ੍ਹਾਂ ਦੀ ਜਾਂਚ ਵਿੱਚ ਸਾਹਮਣੇ ਆਈਆਂ ਸਨ, ਉਹ ਸਾਰੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਸਵੀਕਾਰ ਕੀਤੀਆਂ ਗਈਆਂ ਹਨ।
ਉਨ੍ਹਾਂ ਆਖਿਆ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਦੀ ਸਰਕਾਰ ਵੀ ਇਸ ਮੁੱਦੇ ਉਤੇ ਕੁਝ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਜਾਂਚ ਸਬੰਧੀ ਉਹ ਆਪਣੀਆਂ ਸਾਰੀਆਂ ਗੱਲਾਂ ਪਹਿਲਾਂ ਹੀ ਵਿਧਾਨ ਸਭਾ ਵਿੱਚ ਰੱਖ ਚੁੱਕੇ ਹਨ।
ਸੁਖਬੀਰ ਸਿੰਘ ਬਾਦਲ ਦਾ ਕਬੂਲਨਾਮਾ

ਤਸਵੀਰ ਸਰੋਤ, Ravinder Singh Robin/BBC
ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਅਤੇ ਇਸ ਦੌਰਾਨ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰ ਰਘਬੀਰ ਸਿੰਘ ਨੇ ਉਨ੍ਹਾਂ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਪੜ੍ਹ ਕੇ ਸੁਣਾਇਆ।
ਜਥੇਦਾਰ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਜਿਸ ਦਾ ਜਵਾਬ ਹਾਂ ਜਾਂ ਨਾ ਵਿੱਚ ਦੇਣ ਲਈ ਵੀ ਕਿਹਾ। ਇਹ ਸਵਾਲ-ਜਵਾਬ ਇਸ ਤਰ੍ਹਾਂ ਸਨ।
ਸਵਾਲ
ਜਥੇਦਾਰ – ‘‘ਅਕਾਲੀ ਸਰਕਾਰ ਵੇਲੇ ʻਜ਼ਾਲਮ ਅਫ਼ਸਰਾਂʼ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ?’’
ਜਵਾਬ
ਸੁਖਬੀਰ ਸਿੰਘ ਬਾਦਲ- ਹਾਂਜੀ
ਸਵਾਲ
‘‘ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ ਲਈ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ʼਤੇ ਬੁਲਾ ਕੇ ਚਿੱਠੀ ਦੇਣਾ, ਕੀ ਇਹ ਗੁਨਾਹ ਤੁਸੀਂ ਕੀਤਾ ਹੈ?’’
ਜਵਾਬ
ਸੁਖਬੀਰ ਸਿੰਘ ਬਾਦਲ- ਹਾਂਜੀ
ਸਵਾਲ
‘‘ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ਉੱਤੇ ਪੋਸਟਰ ਲਗਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਹਿਬਲ ਕਲਾਂ ਗੋਲੀਕਾਂਡ ਵਿੱਚ ਦੋ ਲੋਕਾਂ ਦੀ ਮੌਤ ਹੋਈ, ਕੀ ਇਹ ਗੁਨਾਹ ਹੋਏ?’’
ਜਵਾਬ
ਸੁਖਬੀਰ ਸਿੰਘ ਬਾਦਲ- ਜੀ ਗ਼ੁਨਾਹ ਹੋਇਆ
ਸਵਾਲ
‘‘ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮੁਆਫ਼ੀ ਬਾਰੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖਰਚ ਕੀਤੇ ਸੀ?’’
ਜਵਾਬ
ਸੁਖਬੀਰ ਸਿੰਘ ਬਾਦਲ- ਹਾਂਜੀ
ਸੁਖਬੀਰ ਸਿੰਘ ਬਾਦਲ ਦੇ ਕਬੂਲਨਾਮੇ ਨਾਲ ਕੀ ਕਾਨੂੰਨੀ ਅਸਰ ਪਵੇਗਾ

ਤਸਵੀਰ ਸਰੋਤ, ANI
ਸੁਖਬੀਰ ਸਿੰਘ ਬਾਦਲ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਨੂੰ ਅਕਾਲ ਤਖਤ ਸਾਹਿਬ ਅੱਗੇ ਬੇਸ਼ੱਕ ਕਬੂਲ ਕਰ ਲਿਆ ਹੈ ਪਰ ਉਨ੍ਹਾਂ ਦੇ ਇਕਬਾਲਨਾਮੇ ਦਾ ਕਾਨੂੰਨੀ ਪਹਿਲੂ ਕੀ ਹੈ?
ਅਕਾਲ ਤਖ਼ਤ ਸਾਹਿਬ ਅੱਗੇ ਬੇਅਦਬੀ ਮਾਮਲੇ ਅਤੇ ਡੇਰਾ ਮੁਖੀ ਨਾਲ ਜੁੜੇ ਮਸਲੇ ਉੱਤੇ ‘‘ਗੁਨਾਹ’’ ਕਬੂਲਣ ਤੋਂ ਬਾਅਦ ਕੀ ਇਸ ਦਾ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਜਾਂ ਅਦਾਲਤੀ ਕੇਸਾਂ ਉੱਤੇ ਕੋਈ ਅਸਰ ਪਵੇਗਾ।
ਇਸ ਬਾਰੇ ਬੀਬੀਸੀ ਪੰਜਾਬੀ ਨੇ ਕਾਨੂੰਨੀ ਮਾਹਿਰਾਂ ਅਤੇ ਸਿੱਖ ਸਿਆਸਤ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ।
ਹਰਵਿੰਦਰ ਸਿੰਘ ਫੂਲਕਾ ਭਾਰਤੀ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਹਨ, ਜੋ ਲੰਬੇ ਸਮੇਂ ਤੋਂ 1984 ਕਤਲੇਆਮ ਦੇ ਪੀੜਤਾਂ ਅਤੇ ਪੰਥਕ ਮਸਲਿਆਂ ਉੱਤੇ ਕਾਨੂੰਨੀ ਲੜਾਈ ਲੜਦੇ ਰਹੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਬੇਸ਼ੱਕ ਆਪਣੇ ਉਤੇ ਲੱਗੇ ਇਲਜ਼ਾਮਾਂ ਨੂੰ ਕਬੂਲ ਕਰ ਲਿਆ ਹੈ ਪਰ ਉਸ ਵਿੱਚ ਕੁਝ ਵੀ ਅਜਿਹਾ ਨਹੀਂ, ਜੋ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਆਧਾਰ ਬਣੇ।’’
ਉਨ੍ਹਾਂ ਅੱਗੇ ਦੱਸਿਆ, ‘‘ਸੁਖਬੀਰ ਸਿੰਘ ਬਾਦਲ ਉਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਾਮਲ ਰਹੇ ਪੁਲਿਸ ਅਫ਼ਸਰਾਂ ਨੂੰ ਹੁਕਮ ਦੇਣ ਦਾ ਦੋਸ਼ ਹੈ, ਪਰ ਜਥੇਦਾਰ ਸਾਹਿਬਾਨਾਂ ਵੱਲੋਂ ਸਿੱਧੇ ਰੂਪ ਵਿੱਚ ਇਸ ਬਾਬਤ ਸਵਾਲ ਪੁੱਛਿਆ ਹੀ ਨਹੀਂ ਗਿਆ। ਇਸ ਕਰਕੇ ਉਨ੍ਹਾਂ ਦੇ ਕਬੂਲਨਾਮੇ ਦਾ ਕੋਈ ਵੀ ਕਾਨੂੰਨੀ ਆਧਾਰ ਨਹੀਂ ਹਨ।’’
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰ ਐੱਸ ਬੈਂਸ ਦਾ ਵੀ ਮੰਨਣਾ ਹੈ ਕਿ ਇਹ ਨਿਰੋਲ ਇੱਕ ਧਾਰਮਿਕ ਸਜ਼ਾ ਹੈ, ਕਾਨੂੰਨੀ ਤੌਰ ਉੱਤੇ ਇਸ ਦਾ ਕੋਈ ਆਧਾਰ ਨਹੀਂ ਹੈ।’’
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਵੀ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੇ ਕਬੂਲਨਾਮੇ ਦਾ ਸਿਰਫ਼ ਧਾਰਮਿਕ ਆਧਾਰ ਹੈ, ਇਸ ਤੋਂ ਇਲਾਵਾ ਕੁਝ ਨਹੀਂ ਹੈ।
ਵੱਡੀਆਂ ਸਿੱਖ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ

ਤਸਵੀਰ ਸਰੋਤ, Getty Images
ਸਿੱਖ ਇਤਿਹਾਸ ਵਿੱਚ ਕਈ ਵੱਡੀਆਂ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਾਏ ਜਾਣ ਦੀਆਂ ਮਿਸਾਲਾਂ ਮਿਲਦੀਆਂ ਹਨ।
ਗੁਰੂ ਕਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੀ ਸਭ ਤੋਂ ਵੱਡੀ ਹਸਤੀ ਹੋਏ ਹਨ। ਉਨ੍ਹਾਂ ਦਾ ਰਾਜ ਚੜ੍ਹਦੇ ਪਾਸੇ ਸਤਲੁਜ ਦਰਿਆ ਤੋਂ ਲੈ ਕੇ ਲਹਿੰਦੇ ਵੱਲ ਦਰਾ ਖੈਬਰ ਤੱਕ ਜਾਂਦਾ ਸੀ।
ਇਤਿਹਾਸਕ ਹਵਾਲਿਆਂ ਮੁਤਾਬਕ ਉਹ ਇੱਕ ਵਾਰ ਮੋਰਾਂ ਨਾਂ ਦੀ ਨਾਚੀ ਨਾਲ ਦਰਬਾਰ ਸਾਹਿਬ ਆ ਰਹੇ ਸਨ ਤਾਂ ਤਤਕਾਲੀ ਅਕਾਲ ਤਖ਼ਤ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ ਅਤੇ ਅਗਲੇ ਦਿਨ ਹੀ ਅਕਾਲ ਤਖ਼ਤ ਤਲਬ ਕਰ ਲਿਆ।
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਬਲਕਾਰ ਸਿੰਘ ਦੱਸਦੇ ਹਨ ਕਿ ਰਣਜੀਤ ਸਿੰਘ ਨੂੰ 100 ਕੋਹੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਨੂੰ ਮੁਆਫੀ ਮੰਗਣ ਤੋਂ ਬਾਅਦ ਮੁਆਫ਼ ਕਰ ਦਿੱਤਾ ਗਿਆ ਸੀ।
ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦੇ ਸਾਬਕਾ ਪ੍ਰਧਾਨ ਅਤੇ ਵੱਡੀ ਪੰਥਕ ਹਸਤੀ ਮਾਸਟਰ ਤਾਰਾ ਸਿੰਘ ਨੂੰ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰਨ ਤੇ ਫੇਰ ਤੋੜਨ ਕਾਰਨ ਤਲਬ ਕਰਕੇ ਸਜ਼ਾ ਸੁਣਾਈ ਗਈ ਸੀ। ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਪੰਥਕ ਅਗਵਾਈ ਕਰਨ ਦੇ ਉਸ ਤਰ੍ਹਾਂ ਸਮਰੱਥ ਨਹੀਂ ਹੋ ਸਕੇ ਜਿਵੇਂ ਪਹਿਲਾਂ ਸਨ ਅਤੇ ਉਨ੍ਹਾਂ ਦਾ ਸਿਆਸੀ ਭਵਿੱਖ ਖ਼ਤਮ ਹੋ ਗਿਆ ਸੀ।
1986 ਵਿੱਚ ਆਪਰੇਸ਼ਨ ਬਲੈਕ ਥੰਡਰ ਦੌਰਾਨ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਤਲਬ ਕਰਕੇ ਸਜ਼ਾ ਲਗਾਈ ਗਈ ਸੀ।
ਇਸੇ ਤਰ੍ਹਾਂ 1984 ਵਿੱਚ ਹੋਏ ਆਪਰੇਸ਼ਨ ਬਲੂ ਸਟਾਰ (ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ) ਦੌਰਾਨ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਵੀ ਅਕਾਲ ਤਖ਼ਤ ਪੇਸ਼ ਹੋ ਕੇ ਭੁੱਲ ਬਖ਼ਸ਼ਾਈ ਸੀ।
ਫੌਜੀ ਕਾਰਵਾਈ ਦੌਰਾਨ ਅਕਾਲ ਤਖ਼ਤ ਦੀ ਇਮਾਰਤ ਢਹਿ-ਢੇਰੀ ਹੋ ਗਈ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਬੁੱਢਾ ਦਲ ਦੇ ਤਤਕਾਲੀ ਮੁਖੀ ਸੰਤਾ ਸਿੰਘ ਰਾਹੀਂ ਕਾਰ ਸੇਵਾ ਰਾਹੀਂ ਮੁੜ ਉਸਾਰੀ ਕਰਵਾਈ। ਇਸ ਨੂੰ ਪੰਥ ਨੇ ਸਵਿਕਾਰ ਨਹੀਂ ਕੀਤਾ ਅਤੇ ਦੁਬਾਰਾ ਤੋਂ ਬਣਵਾਇਆ ਸੀ।
ਸੰਤਾ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਉਨ੍ਹਾਂ ਨੇ ਆਪਣੀ ਉਮਰ ਦੇ ਅਖਰੀਲੇ ਪੜ੍ਹਾਅ ਵਿੱਚ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਭੁੱਲ ਬਖ਼ਸ਼ਾਈ ਸੀ।
ਆਪਰੇਸ਼ਨ ਬਲੂ ਸਟਾਰ ਦੌਰਾਨ ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਸਨ। ਉਨ੍ਹਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਉਨ੍ਹਾਂ ਨੇ ਅਕਾਲ ਤਖ਼ਤ ਨੂੰ ਚਿੱਠੀ ਭੇਜ ਕੇ ਆਪਣਾ ਸਪੱਸ਼ਟੀਕਰਨ ਸੌਪਿਆਂ ਸੀ, ਜਿਸ ਨੂੰ ਸਵਿਕਾਰ ਕਰ ਲਿਆ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












