ਪਤੀ-ਪਤਨੀ ਵਿਚਾਲੇ ਸੈਕਸ ਸਬੰਧ ਨਾ ਹੋਣਾ ਕਦੋਂ 'ਬੇਰਹਿਮੀ' ਹੈ ਤੇ ਕਦੋਂ ਨਹੀਂ – ਕਾਨੂੰਨੀ ਨਜ਼ਰੀਆ

    • ਲੇਖਕ, ਉਮੰਗ ਪਦੋਦਾਰ
    • ਰੋਲ, ਬੀਬੀਸੀ ਪੱਤਰਕਾਰ

16 ਜੂਨ ਨੂੰ ਕਰਨਾਟਕ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਹਿੰਦੂ ਮੈਰਿਜ ਐਕਟ ਮੁਤਾਬਕ, ਇੱਕ ਵਿਆਹੁਤਾ ਜੋੜੇ ਦਰਮਿਆਨ ਸੈਕਸ ਦੀ ਅਣਹੋਂਦ ਤਲਾਕ ਦਾ ਆਧਾਰ ਹੋ ਸਕਦੀ ਹੈ। ਪਰ, ਭਾਰਤੀ ਪੀਨਲ ਕੋਡ ਤਹਿਤ ਇਸ ਨੂੰ ਬੇਰਹਿਮੀ ਨਹੀਂ ਮੰਨਿਆ ਜਾਵੇਗਾ।

ਭਾਰਤੀ ਕਾਨੂੰਨ ਦੀ ਗੱਲ ਹੋਵੇ ਜਾਂ ਅਦਾਲਤਾਂ ਦੇ ਫ਼ੈਸਲਿਆਂ ਦੀ ਦੋਵਾਂ ਮੁਤਾਬਕ ਵਿਆਹ ਨੂੰ ਕਾਇਮ ਰੱਖਣ ਲਈ ਪਤੀ-ਪਤਨੀ ਵਿਚਕਾਰ ਸੈਕਸ ਨੂੰ ਅਹਿਮ ਮੰਨਿਆ ਜਾਂਦਾ ਹੈ।

ਅਦਾਲਤਾਂ ਨੇ ਆਪਣੇ ਫੈਸਲਿਆਂ ਵਿੱਚ ਵਾਰ-ਵਾਰ ਕਿਹਾ ਹੈ ਕਿ ਜੇਕਰ ਪਤੀ-ਪਤਨੀ ਵਿੱਚੋਂ ਕੋਈ ਇੱਕ ਆਪਣੇ ਸਾਥੀ ਨਾਲ ਲੰਬੇ ਸਮੇਂ ਤੱਕ ਸੈਕਸ ਨਹੀਂ ਕਰਦਾ ਹੈ, ਤਾਂ ਇਹ ਬੇਰਹਿਮੀ ਮੰਨਿਆ ਜਾਵੇਗਾ ਅਤੇ ਸੈਕਸ ਸਬੰਧਾਂ ਦੀ ਅਣਹੋਂਦ ਤਲਾਕ ਦਾ ਆਧਾਰ ਬਣ ਸਕਦੀ ਹੈ।

ਹਾਲਾਂਕਿ, ਕਈ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਾਨੂੰਨੀ ਵਿਵਸਥਾ ਦੀ ਵਰਤੋਂ ਮਰਦਾਂ ਦੁਆਰਾ ਵਧੇਰੇ ਕੀਤੀ ਜਾਂਦੀ ਹੈ, ਕਿਉਂਕਿ, ਭਾਰਤੀ ਸਭਿਆਚਾਰ ਵਿੱਚ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਵਿਆਹੁਤਾ ਜੀਵਨ ਵਿੱਚ ਪਤੀ ਨੂੰ ਜਿਨਸੀ ਸੁੱਖ ਦੇਣਾ ਪਤਨੀ ਦਾ ਧਰਮ ਹੈ।

ਜਿਨਸੀ ਸਬੰਧਾਂ ਦੇ ਹੋਰ ਪਹਿਲੂ, ਜਿਵੇਂ ਕਿ ਵਿਆਹੁਤਾ ਬਲਾਤਕਾਰ ਜਾਂ ਵਿਆਹ ਦੇ ਅੰਦਰ ਜ਼ਬਰਦਸਤੀ ਦੇ ਅਪਵਾਦ, ਇਸ ਵਿਚਾਰ ਨੂੰ ਵੀ ਉਤਸ਼ਾਹਿਤ ਕਰਦੇ ਹਨ ਕਿ ਔਰਤਾਂ ਨੂੰ ਵਿਆਹ ਤੋਂ ਬਾਅਦ ਆਪਣੇ ਪਤੀਆਂ ਨਾਲ ਸੈਕਸ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਮਾਮਲੇ 'ਚ ਵੱਖ-ਵੱਖ ਅਦਾਲਤਾਂ ਦਾ ਕੀ ਕਹਿਣਾ ਹੈ।

ਵਿਆਹ ਦਾ ਮੁਕੰਮਲ ਨਾ ਹੋਣਾ

ਕਰਨਾਟਕ ਹਾਈਕੋਰਟ ਦੇ ਸਾਹਮਣੇ ਇੱਕ ਮਾਮਲਾ ਆਇਆ ਦਸੰਬਰ 2019 'ਚ ਇੱਕ ਜੋੜੇ ਦਾ ਵਿਆਹ ਹੋਇਆ ਸੀ।

ਵਿਆਹ ਤੋਂ ਬਾਅਦ ਪਤਨੀ 28 ਦਿਨ ਤੱਕ ਪਤੀ ਨਾਲ ਰਹੀ। ਇਸ ਤੋਂ ਬਾਅਦ ਉਹ ਇਹ ਕਹਿ ਕੇ ਆਪਣੇ ਪਤੀ ਦਾ ਘਰ ਛੱਡ ਗਈ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਕੋਈ ਸਰੀਰਕ ਸਬੰਧ ਨਹੀਂ ਬਣੇ।

ਫਰਵਰੀ 2020 ਵਿੱਚ, ਔਰਤ ਨੇ ਦੋ ਮਾਮਲੇ ਦਰਜ ਕਰਵਾਏ। ਪਹਿਲੀ ਅਰਜ਼ੀ ਵਿਆਹ ਨੂੰ ਖ਼ਤਮ ਕਰਨ ਲਈ ਸੀ। ਦੂਜਾ ਮਾਮਲਾ ਆਈਪੀਸੀ ਦੀ ਧਾਰਾ 498ਏ ਤਹਿਤ ਦਰਜ ਕੀਤਾ ਗਿਆ ਸੀ।

ਆਈਪੀਸੀ ਦੀ ਇਸ ਧਾਰਾ ਵਿੱਚ ਪਤੀ ਅਤੇ ਉਸਦੇ ਪਰਿਵਾਰ ਨੂੰ ਪਤਨੀ ਨੂੰ ਸਤਾਉਣ ਤੋਂ ਰੋਕਣ ਦੀ ਵਿਵਸਥਾ ਹੈ।

ਔਰਤ ਨੇ ਇਲਜ਼ਾਮ ਲਾਇਆ ਕਿ ਉਸ ਦਾ ਪਤੀ ਬ੍ਰਹਮਾਕੁਮਾਰੀਆਂ ਦੇ ਉਸ ਸਮੂਹ ਦਾ ਹਿੱਸਾ ਹੈ ਜੋ ਬ੍ਰਹਮਚਾਰੀ ਹਨ।

ਇਸ ਤੋਂ ਇਲਾਵਾ, ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਕਿਹਾ ਸੀ ਕਿ ਉਹ ਉਸ ਸਮੇਂ ਤੱਕ ਸਰੀਰਕ ਸਬੰਧ ਨਹੀਂ ਬਣਾਏਗਾ ਜਦੋਂ ਤੱਕ ਉਹ ਆਪਣੇ ਮਾਪਿਆਂ ਦੇ ਘਰ ਤੋਂ ਫਰਿੱਜ, ਸੋਫਾ ਸੈੱਟ ਅਤੇ ਟੈਲੀਵਿਜ਼ਨ ਨਹੀਂ ਲਿਆਉਂਦੀ।

ਨਵੰਬਰ 2022 ਦੋਵਾਂ ਦਾ ਵਿਆਹ ਖ਼ਤਮ ਹੋ ਗਿਆ।

ਕਰਨਾਟਕ ਹਾਈ ਕੋਰਟ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਕਿ ਸਰੀਰਕ ਸਬੰਧ ਨਾ ਬਣਾਉਣਾ ਬੇਰਹਿਮੀ ਹੈ ਅਤੇ ਵਿਆਹੁਤਾ ਰਿਸ਼ਤੇ ਨੂੰ ਭੰਗ ਕਰਨ ਦਾ ਇੱਕ ਜਾਇਜ਼ ਆਧਾਰ ਹੈ।

ਹਾਲਾਂਕਿ, ਹਾਈ ਕੋਰਟ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੇ ਤਹਿਤ ਔਰਤ ਨਾਲ ਕੋਈ ਬੇਰਹਿਮੀ ਕੀਤੀ ਗਈ ਸੀ।

ਵਿਆਹੁਤਾ ਜੀਵਨ ਵਿੱਚ ਸੈਕਸ ਨਾ ਹੋਣ ਨੂੰ ਦੋ ਪੱਧਰਾਂ 'ਤੇ ਵੱਖ-ਵੱਖ ਰੂਪਾਂ ਵਿੱਚ ਦੇਖਿਆ ਜਾਂਦਾ ਹੈ।

ਜੇਕਰ ਪਤੀ ਜਾਂ ਪਤਨੀ ਵਿੱਚੋਂ ਕਿਸੇ ਇੱਕ ਦੀ ਨਪੁੰਸਕਤਾ ਕਾਰਨ ਸਰੀਰਕ ਸਬੰਧ ਸੰਭਵ ਨਾ ਹੋਣ, ਤਾਂ ਅਜਿਹੇ ਵਿਆਹ ਨੂੰ ਹਿੰਦੂ ਕਾਨੂੰਨ ਦੇ ਤਹਿਤ ਰੱਦ ਕੀਤਾ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਪਤੀ ਜਾਂ ਪਤਨੀ ਵਿੱਚੋਂ ਕੋਈ ਵੀ ਵਿਆਹ ਨੂੰ ਖ਼ਤਮ ਕਰਨ ਦੀ ਮੰਗ ਕਰ ਸਕਦਾ ਹੈ।

ਜੇਕਰ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਸਰੀਰਕ ਸਬੰਧ ਬਣ ਗਏ ਹਨ।

ਪਰ ਬਾਅਦ ਵਿੱਚ, ਪਤੀ-ਪਤਨੀ ਵਿੱਚੋਂ ਕੋਈ ਇੱਕ ਦੂਜੇ ਨੂੰ ਸੈਕਸ ਤੋਂ ਵਾਂਝਾ ਕਰ ਦਿੰਦਾ ਹੈ, ਫਿਰ ਦੋਵਾਂ ਵਿੱਚੋਂ ਕੋਈ ਵੀ ਇਸ ਅਧਾਰ 'ਤੇ ਤਲਾਕ ਦੀ ਮੰਗ ਕਰ ਸਕਦਾ ਹੈ ਕਿ ਸਾਥੀ ਨੇ ਉਸ ਨੂੰ ਜਿਨਸੀ ਅਨੰਦ ਤੋਂ ਵਾਂਝਾ ਰੱਖ ਕੇ ਉਸ ਨਾਲ ਜ਼ੁਲਮ ਕੀਤਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਤਲਾਕ ਦਾ ਇਹ ਕਾਨੂੰਨੀ ਆਧਾਰ ਸਾਰੇ ਧਰਮਾਂ ਦੇ ਲੋਕਾਂ ਦੇ ਵਿਆਹਾਂ ਵਿੱਚ ਮੌਜੂਦ ਹੈ।

ਵਿਆਹੁਤਾ ਸਬੰਧਾਂ ਵਿੱਚ ਬੇਰਹਿਮੀ ਲਈ ਸਜ਼ਾ ਦਾ ਵੀ ਪ੍ਰਬੰਧ ਹੈ।

ਆਈਪੀਸੀ ਦੀ ਧਾਰਾ 498ਏ ਇਹ ਵਿਵਸਥਾ ਕਰਦੀ ਹੈ ਕਿ ਜੇਕਰ ਪਤੀ ਜਾਂ ਉਸਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਪਤਨੀ 'ਤੇ ਅਜਿਹੇ ਅੱਤਿਆਚਾਰ ਕਰਦੇ ਹਨ, ਜਿਸ ਨਾਲ ਪਤਨੀ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।

ਜਾਂ ਜੇਕਰ ਉਹ ਪਤਨੀ 'ਤੇ ਪੈਸੇ ਅਤੇ ਜਾਇਦਾਦ ਦੀਆਂ ਗੈਰ-ਕਾਨੂੰਨੀ ਮੰਗਾਂ ਪੂਰੀਆਂ ਕਰਨ ਲਈ ਦਬਾਅ ਪਾਉਂਦੇ ਹਨ, ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ, ਤਾਂ ਇਸ ਧਾਰਾ ਤਹਿਤ ਉਨ੍ਹਾਂ ਲਈ ਸਜ਼ਾ ਦੀ ਵਿਵਸਥਾ ਹੈ।

ਅਦਾਲਤੀ ਫ਼ੈਸਲੇ

ਬਹੁਤ ਸਾਰੇ ਮਾਮਲਿਆਂ ਵਿੱਚ, ਅਦਾਲਤਾਂ ਨੇ ਫ਼ੈਸਲਾ ਦਿੱਤਾ ਹੈ ਕਿ ਵਿਆਹ ਵਿੱਚ ਲੰਬੇ ਸਮੇਂ ਲਈ ਸੈਕਸ ਤੋਂ ਵਾਂਝਾ ਰੱਖਣਾ ਹਿੰਦੂ ਮੈਰਿਜ ਐਕਟ ਦੇ ਤਹਿਤ ਬੇਰਹਿਮੀ ਹੈ।

ਇਹ ਤਲਾਕ ਲਈ ਇੱਕ ਜਾਇਜ਼ ਆਧਾਰ ਹੋ ਸਕਦਾ ਹੈ।

ਮਈ ਵਿੱਚ, ਇਲਾਹਾਬਾਦ ਹਾਈ ਕੋਰਟ ਨੇ ਇੱਕ ਆਦਮੀ ਨੂੰ ਇਸ ਆਧਾਰ 'ਤੇ ਤਲਾਕ ਦੇ ਦਿੱਤਾ ਸੀ ਕਿ ਉਸਦਾ ਵਿਆਹ ਪੂਰੀ ਤਰ੍ਹਾਂ ਟੁੱਟ ਗਿਆ ਸੀ ਕਿਉਂਕਿ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਸਨ। ਅਤੇ ਹੋਰ ਝਗੜਿਆਂ ਵਿੱਚ, ਪਤੀ-ਪਤਨੀ ਵਿਚਕਾਰ ਕੋਈ ਜਿਨਸੀ ਸਬੰਧ ਨਹੀਂ ਸਨ।

2007 ਵਿੱਚ ਸੁਪਰੀਮ ਕੋਰਟ ਨੇ ਵੀ ਆਪਣੇ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਕੋਈ ਸਰੀਰਕ ਜਾਂ ਸਿਹਤ ਸਮੱਸਿਆ ਨਾ ਹੋਣ ਦੇ ਬਾਵਜੂਦ ਜੇਕਰ ਪਤੀ-ਪਤਨੀ ਵਿੱਚੋਂ ਕੋਈ ਵੀ ਇੱਕ ਤਰਫਾ ਲੰਬੇ ਸਮੇਂ ਤੱਕ ਸੈਕਸ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਹ ਮਾਨਸਿਕ ਪਰੇਸ਼ਾਨੀ ਦੇ ਬਰਾਬਰ ਹੈ ਅਤੇ ਇਸ ਨੂੰ ਵੀ ਇੱਕ ਵਾਜਬ ਆਧਾਰ ਮੰਨਿਆ ਜਾਵੇਗਾ।

ਇਸ ਲਈ ਕਿੰਨੇ ਸਮੇਂ ਤੱਕ ਸਰੀਰਕ ਸਬੰਧ ਤੱਕ ਇਨਕਾਰ ਕਰਨ ਨੂੰ ਬੇਰਹਿਮੀ ਮੰਨਿਆ ਜਾਵੇਗਾ ਇਹ ਵੱਖ-ਵੱਖ ਮਾਮਲਿਆਂ ਦੇ ਵੱਖੋ-ਵੱਖਰੇ ਤਰੀਕੇ ਨਾਲ ਨਿਰਭਰ ਕਰਦਾ ਹੈ।

2012 ਦੇ ਇੱਕ ਮੁਕੱਦਮੇ ਵਿੱਚ ਦਿੱਲੀ ਹਾਈ ਕੋਰਟ ਨੇ ਜੋੜੇ ਦਾ ਤਲਾਕ ਕਰਵਾ ਦਿੱਤਾ। ਇਸ ਮਾਮਲੇ ਵਿੱਚ ਪਤੀ ਦਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਪੰਜ ਮਹੀਨੇ ਦੌਰਾਨ ਉਸ ਨਾਲ ਮਹਿਜ਼ 10-15 ਵਾਰ ਸੈਕਸ ਕੀਤਾ ਸੀ।

ਅਤੇ, ਸੈਕਸ ਕਰਦੇ ਸਮੇਂ, ਉਸਦੀ ਪਤਨੀ 'ਲਾਸ਼ ਵਾਂਗ' ਪਈ ਰਹਿੰਦੀ ਸੀ। ਅਦਾਲਤ ਨੇ ਆਪਣੇ ਫੈਸਲੇ 'ਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਸੀ ਕਿ ਪਤਨੀ ਨੇ ਵਿਆਹ ਦੀ ਪਹਿਲੀ ਰਾਤ ਨੂੰ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਕੇ 'ਜ਼ਾਲਮ ਕੰਮ' ਕੀਤਾ ਹੈ।

ਆਪਣੇ ਫੈਸਲੇ ਵਿੱਚ ਜੱਜ ਨੇ ਇਹ ਵੀ ਕਿਹਾ ਸੀ ਕਿ, ‘ਇਸ ਤੱਥ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਸੈਕਸ ਰਹਿਤ ਵਿਆਹ ਹੁਣ ਇੱਕ ਮਹਾਂਮਾਰੀ ਬਣ ਗਏ ਹਨ।’

ਜੱਜ ਨੇ ਇਹ ਵੀ ਕਿਹਾ ਸੀ ਕਿ, “ਸਰੀਰਕ ਸਬੰਧਾਂ ਦੀ ਪਵਿੱਤਰਤਾ ਅਤੇ ਇਸ ਨਾਲ ਵਿਆਹੁਤਾ ਰਿਸ਼ਤਿਆਂ ਵਿੱਚ ਜੋ ਊਰਜਾ ਆਉਂਦੀ ਹੈ ਉਹ ਕੰਮਜ਼ੋਰ ਹੁੰਦੀ ਜਾ ਰਹੀ ਹੈ।”

ਹਾਲਾਂਕਿ, ਵਿਆਹ ਦੇ ਪਹਿਲੇ ਸਾਲ ਵਿੱਚ, ਕਾਨੂੰਨ ਇੱਕ ਜੋੜੇ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੰਦਾ ਹੈ ਜੇਕਰ ਉਨ੍ਹਾਂ ਦੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਬੇਰਹਿਮੀ ਹੁੰਦੀ ਹੈ, ਜਾਂ ਜੇ ਪਤੀ ਜਾਂ ਪਤਨੀ ਵਿੱਚੋਂ ਕੋਈ ਇੱਕ ਚਰਿੱਤਰਹੀਣ ਵਿਵਹਾਰ ਵਾਲਾ ਪਾਇਆ ਜਾਂਦਾ ਹੈ।

ਪਿਛਲੇ ਸਾਲ ਅਪ੍ਰੈਲ 'ਚ ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਕੋਈ ਜੋੜਾ ਵਿਆਹ ਦੇ ਪਹਿਲੇ ਸਾਲ ਦੇ ਅੰਦਰ ਸੈਕਸ ਤੋਂ ਇਨਕਾਰ ਕਰਨ ਦੇ ਆਧਾਰ 'ਤੇ ਤਲਾਕ ਮੰਗਦਾ ਹੈ ਤਾਂ ਸੈਕਸ ਤੋਂ ਵਾਂਝੇ ਰਹਿਣ ਨੂੰ ਅਸਾਧਾਰਨ ਜ਼ੁਲਮ ਨਹੀਂ ਮੰਨਿਆ ਜਾ ਸਕਦਾ।

ਵਿਆਹ ਤੇ ਸਰੀਰਕ ਸਬੰਧਾਂ ਬਾਰੇ ਕਾਨੂੰਨ

  • 2021 ਵਿੱਚ, ਕੇਰਲ ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਸੈਕਸ ਕਰਦਾ ਹੈ, ਤਾਂ ਇਸਨੂੰ ਸਰੀਰਕ ਅਤੇ ਮਾਨਸਿਕ ਬੇਰਹਿਮੀ ਮੰਨਿਆ ਜਾਵੇਗਾ।
  • ਇਸ ਨੂੰ ਹਿੰਦੂ ਮੈਰਿਜ ਐਕਟ ਅਤੇ ਭਾਰਤੀ ਦੰਡ ਵਿਧਾਨ ਦੋਵਾਂ ਦੇ ਤਹਿਤ ਬੇਰਹਿਮੀ ਮੰਨਿਆ ਜਾਵੇਗਾ
  • ਉਂਝ ਤਾਂ ਵਿਆਹੁਤਾ ਬਲਾਤਕਾਰ ਨੂੰ ਬਲਾਤਕਾਰ ਦੇ ਬਰਾਬਰ ਨਹੀਂ ਮੰਨਿਆ ਜਾਂਦਾ। ਫਿਰ ਵੀ ਇਸ ਦੇ ਲਈ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਕਿ 498ਏ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।
  • ਲਿਵ-ਇਨ ਰਿਲੇਸ਼ਨਸ਼ਿਪ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਨਿਯਮਤ ਕਰਨ ਲਈ ਕੋਈ ਕਾਨੂੰਨ ਵੀ ਨਹੀਂ ਹੈ।

ਮਰਦਾਂ ਅਤੇ ਔਰਤਾਂ ਦਾ ਵੱਖੋ-ਵੱਖਰਾ ਕਾਨੂੰਨੀ ਇਲਾਜ

ਹਾਲਾਂਕਿ ਸਰੀਰਕ ਸਬੰਧਾਂ ਤੋਂ ਵਾਂਝੇ ਰਹਿਣ ਦੇ ਆਧਾਰ 'ਤੇ ਤਲਾਕ ਲੈਣ ਦਾ ਬਦਲ ਪਤੀ-ਪਤਨੀ ਦੋਵਾਂ ਲਈ ਉਪਲਬਧ ਹੈ। ਪਰ, ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਤਲਾਕ ਦਾ ਆਧਾਰ ਬਹੁਤਾ ਕਰਕੇ ਮਰਦ ਬਣਾਉਂਦੇ ਹਨ।

ਮੁੰਬਈ ਸਥਿਤ ਮਹਿਲਾ ਅਧਿਕਾਰਾਂ ਦੇ ਵਕੀਲ ਵੀਨਾ ਗੌੜਾ ਦਾ ਕਹਿਣਾ ਹੈ, "ਆਮ ਤੌਰ 'ਤੇ ਔਰਤਾਂ ਸੈਕਸ ਤੋਂ ਇਨਕਾਰ ਕਰਨ ਨੂੰ 'ਬੇਰਹਿਮੀ' ਨਹੀਂ ਮੰਨਦੀਆਂ ਹਨ। ਪਰ, ਮਰਦ ਇਸ ਨੂੰ ਜ਼ੁਲਮ ਸਮਝਦੇ ਹਨ।"

ਔਰਤਾਂ ਦੇ ਅਧਿਕਾਰਾਂ ਦੀ ਵਕੀਲ ਅਤੇ ਜੈਂਡਰ ਨਾਲ ਜੁੜੇ ਮੁੱਦਿਆਂ ਦੀ ਮਾਹਰ ਫਲੈਵੀਆ ਏਗਨੇਸ ਦਾ ਕਹਿਣਾ ਹੈ ਕਿ 'ਅਜਿਹੇ ਦਸ ਮਾਮਲਿਆਂ ਵਿੱਚੋਂ ਅੱਠ ਜਾਂ ਨੌਂ ਸ਼ਿਕਾਇਤਾਂ ਮਰਦ ਲੈ ਕੇ ਆਉਂਦੇ ਹਨ'।

ਉਹ ਕਹਿੰਦੇ ਹੈ, “ਤਲਾਕ ਦਾ ਇਹ ਆਧਾਰ ਔਰਤਾਂ ਲਈ ਨੁਕਸਾਨਦੇਹ ਹੈ। ਕਿਉਂਕਿ, ਤਲਾਕ ਤੋਂ ਬਚਣ ਲਈ ਔਰਤਾਂ ਨੂੰ ਸੈਕਸ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ।”

ਵੀਨਾ ਗੌੜਾ ਮੁਤਾਬਕ ਜੇਕਰ ਔਰਤਾਂ ਇਸ ਨੂੰ ਤਲਾਕ ਲੈਣ ਲਈ ਆਧਾਰ ਵਜੋਂ ਵਰਤਦੀਆਂ ਹਨ ਤਾਂ ਇਸ ਨਾਲ ਹੋਰ ਸ਼ਿਕਾਇਤਾਂ ਵੀ ਜੁੜ ਜਾਂਦੀਆਂ ਹਨ।

ਉਹ ਕਹਿੰਦੇ ਹਨ, “ਜਦੋਂ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਨਹੀਂ ਹੁੰਦਾ ਜਾਂ ਪਤੀ ਦਾ ਕਿਸੇ ਹੋਰ ਔਰਤ ਨਾਲ ਸਬੰਧ ਨਹੀਂ ਹੁੰਦਾ, ਉਦੋਂ ਤੱਕ ਔਰਤਾਂ ਸੈਕਸ ਤੋਂ ਵਾਂਝੇ ਰੱਖਣ ਨੂੰ ਤਲਾਕ ਲੈਣ ਦਾ ਅਧਾਰ ਨਹੀਂ ਬਣਾਉਂਦੀਆਂ।”

ਵਿਆਹੁਤਾ ਰਿਸ਼ਤੇ ਵਿੱਚ ਸੈਕਸ ਤੋਂ ਪਹਿਲਾਂ ਸਹਿਮਤੀ

ਕੀ ਇਸਦਾ ਮਤਲਬ ਇਹ ਹੈ ਕਿ ਇੱਕ ਆਦਮੀ ਆਪਣੇ ਜੀਵਨ ਸਾਥੀ ਨੂੰ ਸੈਕਸ ਕਰਨ ਲਈ ਮਜਬੂਰ ਕਰ ਸਕਦਾ ਹੈ?

ਆਦਰਸ਼ ਸਥਿਤੀ ਵਿੱਚ ਇਸ ਸਵਾਲ ਦਾ ਜਵਾਬ ‘ਨਹੀਂ’ ਹੈ।

ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ, ਤਾਂ ਇਸ ਨੂੰ ਹਿੰਦੂ ਮੈਰਿਜ ਐਕਟ ਅਤੇ ਭਾਰਤੀ ਦੰਡ ਵਿਧਾਨ ਦੋਵਾਂ ਦੇ ਤਹਿਤ ਬੇਰਹਿਮੀ ਮੰਨਿਆ ਜਾਵੇਗਾ ਅਤੇ ਇਹ ਕਿਸੇ ਦੇ ਤਲਾਕ ਦਾ ਆਧਾਰ ਹੋ ਸਕਦਾ ਹੈ।

2021 ਵਿੱਚ, ਕੇਰਲ ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਸੈਕਸ ਕਰਦਾ ਹੈ, ਤਾਂ ਇਸਨੂੰ ਸਰੀਰਕ ਅਤੇ ਮਾਨਸਿਕ ਬੇਰਹਿਮੀ ਮੰਨਿਆ ਜਾਵੇਗਾ।

ਵਰਤਮਾਨ ਵਿੱਚ, ਇਸ ਦਾ ਇੱਕ ਅਪਵਾਦ ਭਾਰਤ ਵਿੱਚ ਵਿਆਹ ਦੇ ਅੰਦਰ ਬਲਾਤਕਾਰ ਦੇ ਰੂਪ ਵਿੱਚ ਮੌਜੂਦ ਹੈ।

ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਸਬੰਧ ਉਸ ਸੋਚ ਨਾਲ ਹੈ ਜਿਸ ਵਿੱਚ ਵਿਆਹੁਤਾ ਰਿਸ਼ਤੇ ’ਚ ਸੈਕਸ ਕਰਨਾ ਔਰਤ ਦਾ ਫਰਜ਼ ਸਮਝਿਆ ਜਾਂਦਾ ਹੈ। ਕਈ ਮਹਿਲਾ ਅਧਿਕਾਰ ਕਾਰਕੁਨਾਂ ਨੇ ਇਸ ਕਾਨੂੰਨੀ ਅਪਵਾਦ ਦੀ ਆਲੋਚਨਾ ਕੀਤੀ ਹੈ।

ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪਰਿਵਾਰਕ ਕਾਨੂੰਨ ਦੇ ਮਾਹਰ ਸਰਾਸੂ ਐਸਥਰ ਥਾਮਸ ਦਾ ਕਹਿਣਾ ਹੈ, 'ਅਜਿਹੇ ਬਹੁਤ ਸਾਰੇ ਵਿਚਾਰ (ਜਿਵੇਂ ਕਿ ਜਦੋਂ ਪਤੀ ਚਾਹੇ ਉਦੋਂ ਹੀ ਸੈਕਸ ਕਰਨ ਦਾ ਅਧਿਕਾਰ) ਅਦਾਲਤਾਂ ਵਿੱਚ ਵਿਆਹ ਦੌਰਾਨ ਹੋਏ ਬਲਤਾਕਾਰ ਨੂੰ ਸਵਿਕਰਾਨ ਦੀ ਝਿਜਕ ਦੀ ਝਿੱਜਕ ਨਾਲ ਜੁੜੇ ਹੋਏ ਹਨ।”

“ਵਿਆਹ ਵਿੱਚ ਬਲਾਤਕਾਰ ਨੂੰ ਪਛਾਣ ਕੁਝ ਵੱਖਰੀ ਹੋ ਗਈ ਹੈ। ਵਿਆਹੁਤਾ ਰਿਸ਼ਤੇ ਵਿੱਚ, ਸੈਕਸ ਨੂੰ ਪਤਨੀ ਦਾ ਫਰਜ਼ ਅਤੇ ਪਤੀ ਦੇ ਅਧਿਕਾਰ ਵਜੋਂ ਦੇਖਿਆ ਜਾਂਦਾ ਹੈ।”

ਪਿਛਲੇ ਸਾਲ ਮਈ ਵਿੱਚ, ਦਿੱਲੀ ਹਾਈ ਕੋਰਟ ਨੇ ਇੱਕ ਵੱਖਰਾ ਫੈਸਲਾ ਦਿੱਤਾ ਸੀ ਕਿ ਕੀ ਇੱਕ ਵਿਆਹੁਤਾ ਜੋੜੇ ਵਿਚਕਾਰ ਗੈਰ-ਸਹਿਮਤੀ ਨਾਲ ਸੈਕਸ ਨੂੰ ਬਲਾਤਕਾਰ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ।

ਉਂਝ ਤਾਂ ਵਿਆਹੁਤਾ ਬਲਾਤਕਾਰ ਨੂੰ ਬਲਾਤਕਾਰ ਦੇ ਬਰਾਬਰ ਨਹੀਂ ਮੰਨਿਆ ਜਾਂਦਾ। ਫਿਰ ਵੀ ਇਸ ਦੇ ਲਈ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਕਿ 498ਏ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।

ਲਿਵ-ਇਨ ਰਿਲੇਸ਼ਨਸ਼ਿਪ ਦੀ ਸਥਿਤੀ ਕੀ ਹੈ?

ਲਿਵ-ਇਨ ਰਿਲੇਸ਼ਨਸ਼ਿਪ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਨਿਯਮਤ ਕਰਨ ਲਈ ਕੋਈ ਕਾਨੂੰਨ ਵੀ ਨਹੀਂ ਹੈ।

ਲਿਵ-ਇਨ ਰਿਲੇਸ਼ਨਸ਼ਿਪ 'ਚ ਸੈਕਸ ਦਾ ਮੁੱਦਾ ਕਈ ਵਾਰ ਉਠਿਆ ਹੈ। ਖ਼ਾਸਕਰ ਜਦੋਂ ਅਜਿਹੇ ਰਿਸ਼ਤੇ ਵਿਆਹ ਵਿੱਚ ਨਹੀਂ ਬਦਲਦੇ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਦਾ ਝੂਠਾ ਵਾਅਦਾ ਕਰਦਾ ਹੈ, ਜਿਸ ਨੂੰ ਪੂਰਾ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਪਰ ਉਸ ਵਾਅਦੇ ਦੇ ਚੱਲਦਿਆਂ ਜੇਕਰ ਕੋਈ ਔਰਤ ਸੈਕਸ ਕਰਨ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਅਜਿਹੇ ਸੈਕਸ ਨੂੰ ਆਈਪੀਸੀ ਤਹਿਤ ਬਲਾਤਕਾਰ ਮੰਨਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)