'ਜਸਵਿੰਦਰ ਭੱਲਾ ਨਾਲ ਮੇਰੀ ਦੋਸਤੀ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹੈ', ਬਾਲ ਮੁਕੰਦ ਸ਼ਰਮਾ ਨੇ ਕਿਉਂ ਆਖੀ ਇਹ ਗੱਲ

ਬਾਲ ਮੁਕੰਦ ਸ਼ਰਮਾ
ਤਸਵੀਰ ਕੈਪਸ਼ਨ, ਬਾਲ ਮੁਕੰਦ ਸ਼ਰਮਾ ਨੇ ਕਾਮੇਡੀ ਸਣੇ ਆਪਣੇ ਜੀਵਨ ਦੇ ਹੋਰ ਤਜ਼ਰਬੇ ਸਾਂਝੇ ਕੀਤੇ ਹਨ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਬਾਲ ਮੁਕੰਦ ਸ਼ਰਮਾ ਨੂੰ ਅਸੀਂ ਕਾਮੇਡੀ ਸੀਰੀਜ਼ 'ਛਣਕਾਟਾ' ਦੇ 'ਭਤੀਜ' ਜਾਂ 'ਬਾਲਾ' ਵਜੋਂ ਪਛਾਣਦੇ ਹਾਂ। ਭਾਵੇਂ ਆਮ ਲੋਕਾਂ ਵਿੱਚ ਉਨ੍ਹਾਂ ਦਾ ਨਾਮ ਤੇ ਪਛਾਣ ਇੱਕ ਵਿਅੰਗਕਾਰ ਵਜੋਂ ਹੈ, ਪਰ ਅਸਲ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਖੇਤੀਬਾੜੀ ਮਾਰਕੀਟਿੰਗ ਦੇ ਮਾਹਰ ਵਜੋਂ ਕੰਮ ਕੀਤਾ ਹੈ।

ਜ਼ਿੰਦਗੀਨਾਮਾ ਦੀ ਇਸ ਕੜੀ ਵਿੱਚ ਉਨ੍ਹਾਂ ਨਾਲ ਹੋਈ ਗੱਲਬਾਤ ਦੌਰਾਨ ਅਸੀਂ ਬਤੌਰ ਕਲਾਕਾਰ ਤਾਂ ਉਨ੍ਹਾਂ ਦੇ ਤਜਰਬੇ ਜਾਣੇ ਹੀ, ਪਰ ਨਾਲ ਹੀ ਖੇਤੀਬਾੜੀ ਮਾਰਕੀਟਿੰਗ ਦੇ ਮਾਹਰ ਵਜੋਂ ਉਨ੍ਹਾਂ ਦੇ ਕੀਤੇ ਕੰਮਾਂ ਅਤੇ ਸੁਫ਼ਨਿਆਂ ਬਾਰੇ ਵੀ ਜਾਣਿਆ।

ਬਾਲ ਮੁਕੰਦ ਸ਼ਰਮਾ 2019 ਵਿੱਚ ਬਤੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਮਾਰਕਫੈੱਡ ਤੋਂ ਸੇਵਾ-ਮੁਕਤ ਹੋਏ ਹਨ। ਮਾਰਚ 2024 ਤੋਂ ਉਹ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਹਨ।

ਬਚਪਨ ਵਿੱਚ ਮਿਲਿਆ ਇਨਕਲਾਬੀ ਮੰਚ

ਵੀਡੀਓ ਕੈਪਸ਼ਨ, ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੇ ਵਿਅੰਗਾਂ ’ਤੇ ਕਿਹੜੀ ਸਰਕਾਰ ਨੇ ਅੜਿੱਕਾ ਪਾਇਆ ਸੀ

ਬਾਲ ਮੁਕੰਦ ਸ਼ਰਮਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਲੋਹੀਆਂ ਖਾਸ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਪੰਡਿਤ ਮਦਨ ਲਾਲ ਸੀ।

ਬਾਲ ਮੁਕੰਦ ਸ਼ਰਮਾ ਦੱਸਦੇ ਹਨ ਕਿ ਉਹ ਬੇਹੱਦ ਸਧਾਰਨ ਪਰਿਵਾਰ ਵਿੱਚ ਜੰਮੇ ਪਲੇ ਪਰ ਇਲਾਕੇ ਵਿੱਚ ਉਨ੍ਹਾਂ ਦੇ ਦਾਦਾ ਪੰਡਿਤ ਲਹੌਰੀ ਰਾਮ ਉਨ੍ਹਾਂ ਦੇ ਪਰਿਵਾਰ ਦਾ ਮਾਣ-ਸਨਮਾਨ ਸੀ।

ਉਨ੍ਹਾਂ ਦੱਸਿਆ ਕਿ ਚੌਥੀ ਜਮਾਤ ਵਿੱਚ ਪੜ੍ਹਦਿਆਂ ਉਹ ਰੰਗਮੰਚ ਨਾਲ ਜੁੜ ਗਏ ਸਨ। ਪਿੰਡ ਦੀ ਇੱਕ ਇਨਕਲਾਬੀ ਸੰਸਥਾ ਲੋਹੀਆਂ ਨਾਟਕ ਕਲਾਂ ਕੇਂਦਰ ਨਾਲ ਜੁੜੇ ਉਨ੍ਹਾਂ ਦੇ ਵੱਡੇ ਭਰਾਵਾਂ ਨੇ ਬਾਲ ਮੁਕੰਦ ਨੂੰ ਵੀ ਨਾਟਕ ਮੰਡਲੀ ਵਿੱਚ ਸ਼ਾਮਲ ਕਰ ਲਿਆ।

'ਰੂਪ-ਬਸੰਤ' ਨਾਮੀਂ ਨਾਟਕ ਤੋਂ ਉਨ੍ਹਾਂ ਨੇ ਬਾਲ ਕਲਾਕਾਰ ਵਜੋਂ ਸ਼ੁਰੂਆਤ ਕੀਤੀ। ਨੌਂਵੀਂ ਜਮਾਤ ਵਿੱਚ ਪੜ੍ਹਦਿਆਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਧਾਰਿਤ ਨਾਟਕ 'ਇਹ ਲਹੂ ਕਿਸ ਦਾ ਹੈ' ਦਾ ਸਕੂਲ ਲਈ ਨਿਰਦੇਸ਼ਨ ਕੀਤਾ।

ਬਾਲ ਮੁਕੰਮਦ ਸ਼ਰਮਾ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਇਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹਾਈ ਲਈ ਗਏ, ਜਿੱਥੇ ਉਨ੍ਹਾਂ ਨੂੰ ਥੀਏਟਰ ਦੇ ਹੋਰ ਨੇੜੇ ਆਉਣ ਦਾ ਮੌਕਾ ਮਿਲਿਆ।

ਪੀਏਯੂ ਤੋਂ ਉਨ੍ਹਾਂ ਨੇ ਖੇਤੀ ਵਿਗਿਆਨ ਦੀ ਵਿਸ਼ੇਸ਼ਤਾ ਨਾਲ ਪੰਜ ਸਾਲਾ ਬੀਐੱਸਸੀ (ਆਨਰਜ਼) ਕੀਤੀ ਅਤੇ ਆਪਣੇ ਬੈਚ ਵਿੱਚ ਪਹਿਲੇ ਸਥਾਨ 'ਤੇ ਰਹਿ ਕੇ ਸੋਨ ਤਗਮਾ ਜਿੱਤਿਆ।

ਇਸ ਤੋਂ ਬਾਅਦ ਐੱਮਬੀਏ ਕਰਕੇ ਮਾਰਕਫੈੱਡ ਦੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦੋ-ਤਿੰਨ ਸਾਲ ਦਿੱਲੀ ਅਤੇ ਲੁਧਿਆਣਾ ਦੀਆਂ ਨਿੱਜੀ ਕੰਪਨੀਆਂ ਵਿੱਚ ਨੌਕਰੀ ਕੀਤੀ।

ਯੂਨੀਵਰਸਿਟੀ ਦੀ ਸਟੇਜ ਤੋਂ 'ਛਣਕਾਟਿਆਂ' ਤੱਕ ਦਾ ਸਫ਼ਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਾਲ ਮੁਕੰਦ ਸ਼ਰਮਾ

ਤਸਵੀਰ ਸਰੋਤ, Bal Mukand Sharma

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਾਲ ਮੁਕੰਦ ਸ਼ਰਮਾ

ਜਦੋਂ ਬਾਲ ਮੁਕੰਦ ਸ਼ਰਮਾ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਆਏ ਤਾਂ ਉੱਥੇ ਵੀ ਨਾਟਕਾਂ ਵਿੱਚ ਭਾਗ ਲੈਣ ਲੱਗੇ।

ਉਨ੍ਹਾਂ ਦੀ ਜਸਵਿੰਦਰ ਭੱਲਾ ਨਾਲ ਦੋਸਤੀ ਵੀ ਯੂਨੀਵਰਸਿਟੀ ਵਿੱਚ ਇਕੱਠੇ ਪੜ੍ਹਦਿਆਂ ਸਾਲ 1977 ਤੋਂ ਸ਼ੁਰੂ ਹੋਈ।

ਉਨ੍ਹਾਂ ਦੱਸਿਆ ਕਿ ਜਸਵਿੰਦਰ ਭੱਲਾ ਬਹੁਤ ਵਧੀਆ ਗਾਇਕ ਸਨ, ਪਰ ਉਹ ਭੱਲਾ ਨੂੰ ਗਾਇਕੀ ਤੋਂ ਥੀਏਟਰ ਵੱਲ ਲੈ ਆਏ।

ਯੂਨੀਵਰਸਿਟੀ ਵੇਲੇ ਤੋਂ ਹੀ ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਨੇ ਇਕੱਠਿਆਂ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਸਨ।

ਸ਼ਰਮਾ ਨੇ ਦੱਸਿਆ ਕਿ ਨਾਟਕਾਂ ਤੋਂ ਸ਼ੁਰੂ ਹੋ ਕੇ 1988 ਵਿੱਚ ਮਕਬੂਲ ਵਿਅੰਗ ਲੜੀ 'ਛਣਕਾਟਾ' ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ 2009 ਤੱਕ ਤਕਰੀਬਨ 27 'ਛਣਕਾਟੇ' ਰਿਕਾਰਡ ਕਰਵਾਏ।

ਜਿਸ ਤਰ੍ਹਾਂ ਹਰ ਯੂਨੀਵਰਸਿਟੀ ਦੇ ਸਲਾਨਾ ਫ਼ੰਕਸ਼ਨ ਦਾ ਨਾਮ ਹੁੰਦਾ ਹੈ, ਉਸੇ ਤਰ੍ਹਾਂ ਪੀਏਯੂ ਦੇ ਸਲਾਨਾ ਸ਼ੋਅ ਦਾ ਨਾਮ 'ਛਣਕਾਟਾ' ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦੀ ਵਿਅੰਗ ਲੜੀ ਦੇ ਨਾਮ ਵਜੋਂ ਪ੍ਰਚਲਿਤ ਹੋ ਗਿਆ।

ਕਾਲਜ ਵਿੱਚ ਉਨ੍ਹਾਂ ਦੇ ਮਾਰਗ-ਦਰਸ਼ਕਾਂ ਨੇ ਸਲਾਹ ਦਿੱਤੀ ਕਿ ਕਿਉਂ ਨਾ ਕਾਲਜ ਦੀ ਸਟੇਜ 'ਤੇ ਉਨ੍ਹਾਂ ਵੱਲੋਂ ਕੀਤੀ ਜਾਂਦੀ ਕਾਮੇਡੀ ਨੂੰ ਦਸਤਾਵੇਜ਼ੀ ਰੂਪ ਵਿੱਚ ਲਿਆਂਦਾ ਜਾਵੇ।

ਉਨ੍ਹਾਂ ਨੇ 1988 ਵਿੱਚ 'ਛਣਕਾਟਾ' ਕੈਸਟ ਰਿਕਾਰਡ ਕਰਵਾ ਕੇ ਮੋਹਨ ਸਿੰਘ ਯਾਦਗਾਰੀ ਮੇਲੇ ਵਿੱਚ ਲਿਆਂਦੀ ਅਤੇ ਸਾਰੀਆਂ ਕੈਂਸਟਾਂ ਮੇਲੇ 'ਤੇ ਹੀ ਵਿਕ ਗਈਆਂ।

ਸ਼ਰਮਾ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਦਾ ਹੌਂਸਲਾ ਵਧਿਆ ਅਤੇ ਹੋਰ ਮਿਹਨਤ ਕਰਕੇ ਰਿਕਾਰਡਿੰਗਾਂ ਕਰਨ ਲੱਗ ਗਏ।

ਉਹ ਦੱਸਦੇ ਹਨ, "'ਛਣਕਾਟਾ' ਇੰਨਾ ਮਕਬੂਲ ਹੋ ਗਿਆ ਕਿ ਫਿਰ ਰਿਕਾਰਡਿੰਗ ਕੰਪਨੀਆਂ ਵਿੱਚ ਵੀ ਇਸ ਨੂੰ ਲੈ ਕੇ ਮੁਕਾਬਲਾ ਹੋਣ ਲੱਗ ਗਿਆ ਸੀ।"

ਬਾਲ ਮੁਕੰਦ ਸ਼ਰਮਾ ਨੇ ਕਿਹਾ, "ਜਦੋਂ ਪੈਸੇ ਬਣਨ ਲੱਗ ਗਏ ਤਾਂ ਅਸੀਂ ਮਹਿਸੂਸ ਕੀਤਾ ਕਿ ਇਸ ਨੂੰ ਸਿਰਫ਼ ਆਡੀਓ ਕੈਸਟ ਨਾ ਰੱਖ ਕੇ ਹੁਣ ਵੀਡੀਓ ਰੂਪ ਵਿੱਚ ਲੈ ਕੇ ਆਈਏ। 2001 ਤੋਂ ਅਜਿਹਾ ਦੌਰ ਚੱਲਿਆ ਕਿ ਸ਼ੌਹਰਤ ਦੀਆਂ ਬੁਲੰਦੀਆਂ ਛੂਹੀਆਂ।"

ਸਿਆਸੀ ਵਿਅੰਗਾਂ ਦੀ ਅਹਿਮੀਅਤ

ਬਾਲ ਮੁਕੰਦ ਸ਼ਰਮਾ

ਤਸਵੀਰ ਸਰੋਤ, Bal Mukand Sharma/FB

ਤਸਵੀਰ ਕੈਪਸ਼ਨ, ਬਾਲ ਮੁਕੰਦ ਸ਼ਰਮਾ, ਲੇਖਕ ਗੁਰਭਜਨ ਗਿੱਲ ਅਤੇ ਮਰਹੂਮ ਜਸਵਿੰਦਰ ਭੱਲਾ

ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦੀ ਜੋੜੀ ਅਜਿਹੀ ਸੀ ਜੋ ਸਿਆਸੀ ਅਤੇ ਸਮਾਜਿਕ ਵਿਅੰਗਾਂ ਲਈ ਜਾਣੀ ਗਈ।

ਦੋਵਾਂ ਨੇ ਕਈ ਸਿਆਸਤਦਾਨਾਂ ਦੇ ਸਿੱਧੇ ਨਾਮ ਲੈ ਕੇ ਕਈ ਘਟਨਾਵਾਂ 'ਤੇ ਸਪੱਸ਼ਟ ਸ਼ਬਦਾਂ ਵਿੱਚ ਵਿਅੰਗ ਕੀਤੇ। ਕਲਾਕਾਰਾਂ ਸਮੇਤ ਹੋਰ ਵੀ ਨਾਮੀ ਹਸਤੀਆਂ 'ਤੇ ਵੀ ਉਹ ਟਿੱਚਰ ਕਰਦੇ ਰਹੇ ਹਨ।

ਬਾਲ ਮੁਕੰਦ ਕਹਿੰਦੇ ਹਨ ਕਿ ਵਿਅੰਗ ਸਮਾਜ ਦਾ ਸ਼ੀਸ਼ਾ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵੱਖ-ਵੱਖ ਸਿਆਸੀ ਤੇ ਸਮਾਜਿਕ ਮਸਲਿਆਂ ਬਾਰੇ ਆਪਣੀ ਗੱਲ ਕਹਿੰਦੇ ਰਹੇ ਹਨ। ਗਿਣੀਆਂ-ਚੁਣੀਆਂ ਘਟਨਾਵਾਂ ਨੂੰ ਛੱਡ ਕੇ ਕਦੇ ਵੀ ਉਨ੍ਹਾਂ ਦੇ ਵਿਅੰਗ ਕਿਸੇ ਵੱਡੇ ਇਤਰਾਜ਼ ਦਾ ਕਾਰਨ ਨਹੀਂ ਬਣੇ।

ਉਨ੍ਹਾਂ ਦੱਸਿਆ ਕਿ ਇੱਕ ਵਾਰ ਰਾਗੀ ਭਾਈ ਹਰਬੰਸ ਸਿੰਘ ਦੀ ਨਕਲ ਕਰਨ 'ਤੇ ਵਿਵਾਦ ਹੋ ਗਿਆ ਸੀ, ਜੋ ਕਿ ਬਾਅਦ ਵਿੱਚ ਦੋਸਤਾਨਾ ਤਰੀਕੇ ਨਾਲ ਹੱਲ ਹੋ ਗਿਆ। ਇੱਕ ਘਟਨਾ ਸਾਲ 2003 ਦੀ ਸੀ ਜਦੋਂ ਭੱਲਾ-ਸ਼ਰਮਾ ਦੀ ਕਿਸੇ ਟਿੱਪਣੀ ਕਾਰਨ ਕਾਂਗਰਸ ਸਰਕਾਰ ਦੌਰਾਨ ਵਿਵਾਦ ਹੋਇਆ।

ਬਾਲ ਮੁਕੰਦ ਸ਼ਰਮਾ ਨੇ ਦੱਸਿਆ, "ਸਰਕਾਰ ਦੇ ਇੱਕ ਵੱਡੇ ਅਫਸਰ ਨੇ ਜਸਵਿੰਦਰ ਭੱਲਾ ਅਤੇ ਮੈਨੂੰ ਮੁਅੱਤਲ ਕਰਨ ਲਈ ਕਹਿ ਦਿੱਤਾ। ਪਰ ਮੀਡੀਆ ਸਾਡੇ ਹੱਕ ਵਿੱਚ ਆ ਗਿਆ ਅਤੇ ਗੁਰਪ੍ਰੀਤ ਘੁੱਗੀ, ਭਗਵੰਤ ਮਾਨ ਤੇ ਜਸਪਾਲ ਭੱਟੀ ਸਮੇਤ ਹੋਰ ਕਲਾਕਾਰ ਖੁੱਲ੍ਹ ਕੇ ਸਾਡੇ ਹੱਕ ਵਿੱਚ ਬੋਲੇ।"

"ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਬੁਲਾ ਕੇ ਕਿਹਾ ਕਿ ਉਨ੍ਹਾਂ ਨੂੰ ਕੁਝ ਬੁਰਾ ਨਹੀਂ ਲੱਗਿਆ ਹੈ ਅਤੇ ਜਿਸ ਅਫਸਰ ਨੇ ਵਿਵਾਦ ਬਣਾਇਆ, ਉਸ ਨੇ ਮੀਡੀਆ ਜਰੀਏ ਮਾਫ਼ੀ ਮੰਗੀ।"

ਬਾਲ ਮੁਕੰਦ ਸ਼ਰਮਾ
ਇਹ ਵੀ ਪੜ੍ਹੋ-

ਸ਼ਰਮਾ ਨੇ ਦੱਸਿਆ ਕਿ ਪਰ ਜਸਵਿੰਦਰ ਭੱਲਾ ਨੇ ਇਸ ਘਟਨਾ 'ਤੇ ਵੀ ਵਿਅੰਗ ਲਿਖਿਆ ਅਤੇ ਗਾਇਆ, "ਜੇ ਮੈਂ ਸੱਚੀਆਂ ਗੱਲਾਂ ਕਹੀਆਂ ਤਾਂ ਹੀ ਤਾਂ ਮੈਂ ਝਿੜਕਾਂ ਸਹੀਆਂ...ਜੋ ਕੁਝ ਹੋਇਆ ਰਾਜ ਦੁਆਰੇ ਸਾਰੇ ਜੱਗ ਵਿੱਚ ਧੂਮਾਂ ਪਈਆਂ, ਇੰਨੀ ਹਿੰਮਤ ਮੇਰੇ ਵਿੱਚ ਨਹੀਂ ਮੈਂ ਪੰਗੇ ਲਵਾਂ ਦੋਬਾਰੇ…ਹੁਣ ਮੈਂ ਸੁਧਰ ਗਿਆ, ਚਾਚਾ ਸੁਧਰ ਗਿਆ ਸਰਕਾਰੇ।"

ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਉਹ ਅਤੇ ਜਸਵਿੰਦਰ ਭੱਲਾ ਹਰ ਵੱਡੀਆਂ ਸਿਆਸੀ-ਸਮਾਜਿਕ ਘਟਨਾਵਾਂ ਨੂੰ ਡਾਇਰੀ 'ਤੇ ਨੋਟ ਕਰਿਆ ਕਰਦੇ ਸਨ। ਪ੍ਰੋਗਰਾਮ ਤਿਆਰ ਕਰਨ ਵੇਲੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਸੀ ਅਤੇ ਸ਼ਾਮਲ ਕਰਦੇ ਸੀ।

ਸ਼ਰਮਾ ਕਹਿੰਦੇ ਹਨ, " ਜਸਵਿੰਦਰ ਭੱਲਾ ਵੱਲੋਂ ਸਿੱਖ ਦੰਗਿਆਂ ਬਾਰੇ ਵੀ ਕਿਹਾ ਸੀ। ਜਦੋਂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿੱਖ ਦੰਗਿਆਂ ਦੀ ਮਾਫ਼ੀ ਮੰਗਣ ਲਈ ਕਿਹਾ ਸੀ ਤਾਂ ਭੱਲਾ ਨੇ ਕਿਹਾ ਸੀ, 'ਸਰਦਾਰਾਂ ਨਾਲ ਹੋਇਆ ਧੱਕਾ 'ਤੇ ਸਰਦਾਰ ਹੀ ਮੰਗੇ ਮਾਫ਼ੀ!'"

ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਨੇ ਬਹੁਤ ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਨਾਮ ਲੈ ਕੇ ਵੀ ਬੇਬਾਕ ਵਿਅੰਗ ਕੀਤੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣਾਂ ਬਾਰੇ ਪ੍ਰਕਾਸ਼ ਸਿੰਘ ਬਾਦਲ 'ਤੇ ਕੀਤੇ ਵਿਅੰਗ ਜ਼ਿਕਰਯੋਗ ਹਨ। ਜਿਨ੍ਹਾਂ ਬਾਰੇ ਸ਼ਰਮਾ ਕਹਿੰਦੇ ਹਨ ਕਿ ਕਦੇ ਕਿਸੇ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਇਤਰਾਜ਼ ਸਾਹਮਣੇ ਨਹੀਂ ਆਇਆ।

ਬਾਲ ਮੁਕੰਦ ਸ਼ਰਮਾ ਕਹਿੰਦੇ ਹਨ, "2010-11 ਤੋਂ ਕੁਝ ਅਜਿਹੇ ਸਿਆਸੀ ਹਾਲਾਤ ਬਣ ਗਏ ਹਨ ਕਿ ਵਿਅੰਗ ਨੂੰ ਹਰ ਕੋਈ ਨਿੱਜੀ ਲੈਣ ਲੱਗ ਪਿਆ ਹੈ। ਕਾਮੇਡੀਅਨਾਂ 'ਤੇ ਮਾਣਹਾਨੀ ਦੇ ਕੇਸ ਹੋਣ ਲੱਗ ਪਏ ਹਨ।"

ਖੇਤੀਬਾੜੀ ਮਾਰਕੀਟਿੰਗ ਦੇ ਮਾਹਰ ਵਜੋਂ ਨਜ਼ਰੀਆ

ਬਾਲ ਮੁਕੰਦ ਸ਼ਰਮਾ ਪਤਨੀ ਕੰਚਨ ਨਾਲ

ਤਸਵੀਰ ਸਰੋਤ, Bal Mukand Sharma/FB

ਤਸਵੀਰ ਕੈਪਸ਼ਨ, ਬਾਲ ਮੁਕੰਦ ਸ਼ਰਮਾ ਪਤਨੀ ਕੰਚਨ ਨਾਲ

ਬਾਲ ਮੁਕੰਦ ਸ਼ਰਮਾ ਦੱਸਦੇ ਹਨ ਕਿ ਖੇਤੀਬਾੜੀ ਮਾਰਕੀਟਿੰਗ ਅਤੇ ਐਗਰੋ-ਪ੍ਰੋਸੈਸਿੰਗ ਵਿੱਚ ਕੰਮ ਕਰਨਾ ਉਨ੍ਹਾਂ ਦਾ ਜਨੂੰਨ ਰਿਹਾ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀ ਪੜ੍ਹਾਈ ਕਰਨ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਐਗਰੋ-ਪ੍ਰੋਸੈਸਿੰਗ ਪੰਜਾਬ ਦੀ ਖੇਤੀਬਾੜੀ ਦਾ ਭਵਿੱਖ ਹੈ।

ਪੰਜਾਬ ਦੇ ਕਿਸਾਨਾਂ ਦੀ ਉਪਜ ਨੂੰ ਪ੍ਰੌਸੈਸ ਕਰਕੇ ਵਿਦੇਸ਼ੀ ਮੰਡੀਆਂ ਨਾਲ ਜੋੜਨਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਬਾਲ ਮੁਕੰਦ ਸ਼ਰਮਾ, ਖੇਤੀਬਾੜੀ ਮਾਰਕੀਟਿੰਗ ਦੇ ਮਾਹਰ ਵਜੋਂ ਆਪਣਾ ਸੁਫਨਾ ਦੱਸਦੇ ਹਨ।

ਉਨ੍ਹਾਂ ਕਿਹਾ, "ਫੂਡ ਕਮਿਸ਼ਨ ਜ਼ਰੀਏ ਪੋਸ਼ਣ ਸੁਰੱਖਿਆ ਵੱਲ ਵਧੇਰੇ ਤੋਂ ਵਧੇਰੇ ਕੰਮ ਕਰਨਾ ਮੇਰਾ ਸੁਫਨਾ ਹੈ। ਖਾਸ ਕਰਕੇ ਗਰਭਵਤੀ ਔਰਤਾਂ, ਨਵਜਨਮੇ ਬੱਚੇ ਅਤੇ ਮਿਡ ਡੇਅ ਮੀਲ ਵੱਲ ਖ਼ਾਸ ਧਿਆਨ ਹੈ।"

"ਜਸਵਿੰਦਰ ਨਾਲ ਅਸਲ ਦੋਸਤੀ ਉਸ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹੈ"

ਮਰਹੂਮ ਜਸਵਿੰਦਰ ਭੱਲਾ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਅਤੇ ਬਾਲ ਮੁਕੰਦ ਸ਼ਰਮਾ

ਤਸਵੀਰ ਸਰੋਤ, Bal Mukand Sharma/FB

ਤਸਵੀਰ ਕੈਪਸ਼ਨ, ਮਰਹੂਮ ਜਸਵਿੰਦਰ ਭੱਲਾ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਅਤੇ ਬਾਲ ਮੁਕੰਦ ਸ਼ਰਮਾ

ਜਸਵਿੰਦਰ ਭੱਲਾ ਲੰਬਾ ਸਮਾਂ ਬਾਲ ਮੁਕੰਦ ਸ਼ਰਮਾ ਦੇ ਜੋੜੀਦਾਰ ਰਹੇ ਹਨ।

ਜਸਵਿੰਦਰ ਭੱਲਾ ਫ਼਼ਿਲਮ ਲਾਈਨ ਵਿੱਚ ਵਧੇਰੇ ਕੰਮ ਕਰਨ ਲੱਗੇ ਅਤੇ ਬਾਲ ਮੁਕੰਦ ਸ਼ਰਮਾ ਨੇ ਜ਼ਿਆਦਾ ਸਮਾਂ ਆਪਣੀ ਨੌਕਰੀ ਨੂੰ ਦਿੱਤਾ। ਪਰ ਦੋਵਾਂ ਦੀ ਦੋਸਤੀ 48 ਸਾਲ ਪੁਰਾਣੀ ਹੈ ਜਿਸ ਕਾਰਨ ਭੱਲਾ ਦਾ ਜ਼ਿਕਰ ਕਰਦਿਆਂ ਸ਼ਰਮਾ ਭਾਵੁਕ ਹੋ ਗਏ।

ਬੜੇ ਮਾਣ ਨਾਲ ਆਪਣੇ ਦੋਸਤ ਨੂੰ ਯਾਦ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਜਸਵਿੰਦਰ ਭੱਲਾ ਨੇ ਹਰ ਪਾਰਟੀ ਦੇ ਲੀਡਰਾਂ 'ਤੇ ਵਿਅੰਗ ਕੀਤੇ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਸਬੰਧ ਸਿਆਸਤਦਾਨਾਂ ਨਾਲ ਇੰਨੇ ਚੰਗੇ ਰਹੇ ਕਿ ਉਨ੍ਹਾਂ ਨੂੰ ਕਈਆਂ ਨੇ ਸਿਆਸਤ ਵਿੱਚ ਆਉਣ ਨੂੰ ਕਿਹਾ ਪਰ ਉਨ੍ਹਾਂ ਦੀ ਸਿਆਸਤ ਤੋਂ ਕੋਰੀ ਨਾ ਹੀ ਹੈ।

ਸ਼ਰਮਾ ਸਿਆਸਤ ਵਿੱਚ ਨਾ ਦਾਖਲ ਹੋਣ ਦੇ ਜਸਵਿੰਦਰ ਭੱਲਾ ਦੇ ਫ਼ੈਸਲੇ ਨੂੰ ਸਹੀ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਦੇਹਾਂਤ ਮੌਕੇ ਸਿਆਸਤ ਤੋਂ ਉੱਤੇ ਉੱਠ ਕੇ ਹਰ ਕਿਸੇ ਨੇ ਸੋਗ ਜਤਾਇਆ।

ਸ਼ਰਮਾ ਨੇ ਕਿਹਾ, "ਅਸਲ ਦੋਸਤੀ ਅੱਜ ਸ਼ੁਰੂ ਹੋਈ ਹੈ। ਮੈਂ ਮੰਨਦਾ ਹਾਂ ਕਿ ਦੋਸਤੀ ਉਹ ਹੁੰਦੀ ਹੈ ਜੋ ਬੰਦੇ ਦੇ ਜਾਣ ਤੋਂ ਬਾਅਦ ਵੀ ਉਸ ਦੇ ਪਰਿਵਾਰ ਨਾਲ ਪੁਗਾਈ ਜਾਵੇ। ਮੇਰੇ ਮਨ ਵਿੱਚ ਹੈ ਕਿ ਭੱਲਾ ਦੇ ਪੁੱਤ ਪੁਖਰਾਜ ਤਰੱਕੀ ਕਰੇ।"

"ਭੱਲਾ ਸਾਹਿਬ ਦੀ ਕਲਾ ਨੂੰ ਜਿਉਂਦੇ ਰੱਖਣ ਲਈ ਬਹੁਤ ਪੇਸ਼ਕਸ਼ਾਂ ਆ ਰਹੀਆਂ ਹਨ, ਸਾਡਾ ਸੁਫ਼ਨਾ ਹੈ ਕਿ ਉਨ੍ਹਾਂ ਨੂੰ ਸਿਰੇ ਚੜ੍ਹਾ ਸਕੀਏ ਅਤੇ ਉਨ੍ਹਾਂ ਨੂੰ ਜਿਉਂਦੇ ਰੱਖੀਏ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)