ਗੁਰੂਦੱਤ ਤੋਂ ਲੈ ਕੇ ਰਾਜ ਕਪੂਰ, ਅਮਿਤਾਭ ਤੇ ਸ਼ਾਹਰੁਖ ਤੱਕ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ

ਅਮਿਤਾਭ ਬੱਚਨ ਅਤੇ ਨਿਤਿਨ ਦੇਸਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਤਿਨ ਦੇਸਾਈ ਦੀ ਲਾਸ਼ ਮੁੰਬਈ ਦੇ ਨਾਲ ਲੱਗਦੇ ਰਾਏਗੜ੍ਹ ਦੇ ਕਰਜਤ ਇਲਾਕੇ 'ਚ ਸਥਿਤ ਉਨ੍ਹਾਂ ਦੇ ਆਪਣੇ ਸਟੂਡੀਓ 'ਚ ਮਿਲੀ ਸੀ।
    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਹਿੰਦੀ ਲਈ, ਮੁੰਬਈ ਤੋਂ

'ਦੇਵਦਾਸ', 'ਜੋਧਾ ਅਕਬਰ', 'ਲਗਾਨ' ਵਰਗੀਆਂ ਫਿਲਮਾਂ ਦੇ ਵੱਡੇ ਸੈੱਟ ਡਿਜ਼ਾਈਨ ਕਰਨ ਵਾਲੇ ਆਰਟ ਡਾਇਰੈਕਟਰ ਨਿਤਿਨ ਚੰਦਰਕਾਂਤ ਦੇਸਾਈ ਦੀ ਲਾਸ਼ ਹਾਲ ਹੀ 'ਚ ਉਨ੍ਹਾਂ ਦੇ ਸਟੂਡੀਓ 'ਚੋਂ ਮਿਲੀ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਨਿਤਿਨ ਦੇਸਾਈ ਨੇ ਖੁਦਕੁਸ਼ੀ ਕੀਤੀ ਹੈ।

58 ਸਾਲਾ ਨਿਤਿਨ ਦੇਸਾਈ ਨਾ ਸਿਰਫ਼ ਇੱਕ ਕਲਾ ਨਿਰਦੇਸ਼ਕ ਸਨ, ਉਹ ਇੱਕ ਨਿਰਮਾਤਾ-ਨਿਰਦੇਸ਼ਕ ਵੀ ਸਨ।

ਇੱਕ ਕਲਾ ਨਿਰਦੇਸ਼ਕ ਵਜੋਂ, ਉਸਨੇ ਨਾ ਸਿਰਫ਼ ਫਿਲਮਾਂ ਦੇ ਸੈੱਟਾਂ ਨੂੰ ਸਜਾਇਆ, ਸਗੋਂ ਸਿਆਸਤਦਾਨਾਂ ਲਈ ਵੀ ਕੰਮ ਕੀਤਾ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਊਧਵ ਠਾਕਰੇ ਤੱਕ ਦੀਆਂ ਰੈਲੀਆਂ ਲਈ ਵਿਸ਼ਾਲ ਮੰਚ ਤਿਆਰ ਕੀਤੇ ਸਨ।

ਨਿਤਿਨ ਦੇਸਾਈ ਦੀ ਲਾਸ਼ ਮੁੰਬਈ ਦੇ ਨਾਲ ਲੱਗਦੇ ਰਾਏਗੜ੍ਹ ਦੇ ਕਰਜਤ ਇਲਾਕੇ 'ਚ ਸਥਿਤ ਉਨ੍ਹਾਂ ਦੇ ਆਪਣੇ ਸਟੂਡੀਓ 'ਚ ਮਿਲੀ ਸੀ।

ਨਿਤਿਨ ਦੇਸਾਈ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਿਤਿਨ ਦੇਸਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਊਧਵ ਠਾਕਰੇ ਤੱਕ ਦੀਆਂ ਰੈਲੀਆਂ ਲਈ ਵਿਸ਼ਾਲ ਮੰਚ ਤਿਆਰ ਕੀਤੇ ਸਨ

ਦੇਸਾਈ ਦੀ ਧੀ ਮਾਨਸੀ ਨਿਤਿਨ ਦੇਸਾਈ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੀ ਕੰਪਨੀ ਐੱਨਡੀ ਵਰਲਡ ਆਰਟ ਪ੍ਰਾਈਵੇਟ ਲਿਮਟਿਡ ਨੇ ਇੱਕ ਕੰਪਨੀ ਤੋਂ 181 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਅਤੇ 86.31 ਕਰੋੜ ਰੁਪਏ ਵਾਪਸ ਜਮ੍ਹਾ ਕਰਵਾਏ ਸਨ।

ਮਾਨਸੀ ਨੇ ਕਿਹਾ, "ਲੋਨ ਕੰਪਨੀ ਨੇ ਛੇ ਮਹੀਨੇ ਦਾ ਐਡਵਾਂਸ ਵਿਆਜ ਮੰਗਿਆ ਸੀ ਜੋ ਮੇਰੇ ਪਿਤਾ ਨੇ ਪਵਈ ਸਥਿਤ ਆਪਣਾ ਦਫ਼ਤਰ ਵੇਚ ਕੇ ਅਦਾ ਕੀਤਾ ਸੀ।"

ਸੀਨੀਅਰ ਪੱਤਰਕਾਰ ਅਤੇ ਫਿਲਮ ਆਲੋਚਕ ਰਾਮਚੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਨਿਤਿਨ ਦੇਸਾਈ ਨੇ ਇਹ ਕਰਜ਼ਾ 2016 ਅਤੇ 2018 ਵਿੱਚ ਲਿਆ ਸੀ ਅਤੇ ਜਨਵਰੀ 2020 ਤੋਂ ਉਹ ਕਰਜ਼ਾ ਮੋੜਨ ਵਿੱਚ ਅਸਮਰੱਥ ਸੀ।

ਬਾਲੀਵੁੱਡ 'ਚ ਸਿਤਾਰਿਆਂ ਦਾ ਵਿੱਤੀ ਸੰਕਟ 'ਚ ਫਸਣਾ ਕੋਈ ਨਵੀਂ ਗੱਲ ਨਹੀਂ ਹੈ। ਆਓ ਕੁਝ ਸਿਤਾਰਿਆਂ ਦੀ ਜ਼ਿੰਦਗੀ 'ਤੇ ਇਕ ਨਜ਼ਰ ਮਾਰੀਏ, ਜੋ ਵਿੱਤੀ ਸੰਕਟ ਕਾਰਨ ਉਥਲ-ਪੁਥਲ ਵਿੱਚ ਰਿਹਾ ਹੈ।

ਗੁਰੂ ਦੱਤ

ਤਸਵੀਰ ਸਰੋਤ, LALIT LAJM

ਤਸਵੀਰ ਕੈਪਸ਼ਨ, 39 ਸਾਲ ਦੀ ਉਮਰ ਵਿੱਚ ਗੁਰੂਦੱਤ ਆਪਣੇ ਹੀ ਬੈੱਡਰੂਮ ਵਿੱਚ ਮ੍ਰਿਤਕ ਮਿਲੇ ਸਨ

ਗੁਰੂਦੱਤ ਦੀ ਮੁਸੀਬਤ

ਅਜਿਹਾ ਨਹੀਂ ਹੈ ਕਿ ਫਿਲਮ ਇੰਡਸਟਰੀ 'ਚ ਕਿਸੇ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ।

ਸਫ਼ਲਤਾ ਤੋਂ ਬਾਅਦ ਪੈਸੇ ਦੀ ਤੰਗੀ ਅਤੇ ਸਭ ਕੁਝ ਲੁੱਟ ਜਾਣ ਤੋਂ ਬਾਅਦ ਇੱਕ ਦਰਦਨਾਕ ਅੰਤ, ਕੁਝ ਅਜਿਹਾ ਹੀ ਕੁਝ ਬਹੁ-ਪੱਖੀ ਹੁਨਰ ਦੇ ਮਾਲਕ ਗੁਰੂਦੱਤ ਨਾਲ ਹੋਇਆ ਸੀ।

'ਪਿਆਸਾ', 'ਸਾਹਿਬ, ਬੀਵੀ ਔਰ ਗੁਲਾਮ', 'ਚੌਧਵੀਂ ਕਾ ਚਾਂਦ' ਵਰਗੀਆਂ ਬੇਮਿਸਾਲ ਫ਼ਿਲਮਾਂ ਦੇਣ ਵਾਲੇ ਗੁਰੂਦੱਤ ਦਾ ਉਸ ਸਮੇਂ ਦੀਵਾਲੀਆ ਹੋ ਗਏ ਜਦੋਂ 'ਕਾਗਜ਼ ਕੇ ਫੂਲ' ਸਿਨੇਮਾਘਰਾਂ 'ਚ ਆਪਣਾ ਜਾਦੂ ਨਾ ਦਿਖਾ ਸਕੀ ਅਤੇ ਵੱਡੀ ਫਲਾਪ ਸਾਬਤ ਹੋਈ।

ਇਸ ਫਿਲਮ ਦੀ ਅਸਫ਼ਲਤਾ ਨੇ ਉਨ੍ਹਾਂ ਨੂੰ ਅੰਦਰ ਤੱਕ ਤੋੜ ਦਿੱਤਾ ਸੀ। ਫਿਲਮ 'ਚ ਕਾਫੀ ਪੈਸਾ ਲਗਾਇਆ ਗਿਆ ਸੀ, ਜਿਸ ਕਾਰਨ ਕਾਫੀ ਕਰਜ਼ਾ ਚੜ੍ਹ ਗਿਆ ਸੀ।

ਉਹ ਇਸ ਨੂੰ ਲੈ ਕੇ ਨਰਾਸ਼ ਹੋ ਗਏ ਸਨ। ਪਰ ਉਨ੍ਹਾਂ ਦਾ ਹੌਂਸਲਾ ਉਦੋਂ ਹੋਰ ਟੁੱਟ ਗਿਆ ਜਦੋਂ ਉਹ ਆਪਣੇ ਆਖ਼ਰੀ ਸਮੇਂ ਵਿੱਚ ਇਕੱਲੇ ਹੋ ਗਏ ਸਨ।

ਉਸ ਸਮੇਂ ਦੌਰਾਨ, ਗੁਰੂਦੱਤ ਅਤੇ ਉਨ੍ਹਾਂ ਦੀ ਪਤਨੀ ਗੀਤਾ ਦੱਤ ਵਿਚਕਾਰ ਅਜਿਹੀ ਦਰਾਰ ਹੋ ਗਈ ਕਿ ਉਹ ਆਪਣੀ ਧੀ ਨਾਲ ਵੱਖ ਰਹਿਣ ਲੱਗ ਪਏ ਸਨ। ਪਰਿਵਾਰ ਦੇ ਵਿਗਾੜ ਨੇ ਉਨ੍ਹਾਂ ਨੂੰ ਬੇਹੱਦ ਲਾਚਾਰ ਅਤੇ ਇਕੱਲਾ ਕਰ ਦਿੱਤਾ ਸੀ।

ਦੂਜੇ ਪਾਸੇ ਫਿਲਮ 'ਚ ਨੁਕਸਾਨ ਹੋਣ ਕਾਰਨ ਗੁਰੂਦੱਤ ਪੂਰੀ ਤਰ੍ਹਾਂ ਟੁੱਟ ਗਏ ਸਨ। 39 ਸਾਲ ਦੀ ਉਮਰ ਵਿੱਚ ਗੁਰੂਦੱਤ ਆਪਣੇ ਹੀ ਬੈੱਡਰੂਮ ਵਿੱਚ ਮ੍ਰਿਤਕ ਮਿਲੇ ਸਨ।

ਮਨਮੋਹਨ ਦੇਸਾਈ

ਤਸਵੀਰ ਸਰੋਤ, BCCL

ਤਸਵੀਰ ਕੈਪਸ਼ਨ, ਮਨਮੋਹਨ ਦੇਸਾਈ ਦਾ ਅਮਿਤਾਭ ਬੱਚਨ ਨੂੰ ਸੁਪਰਸਟਾਰ ਬਣਾਉਣ 'ਚ ਵੱਡਾ ਹੱਥ ਸੀ

ਮਨਮੋਹਨ ਦੇਸਾਈ

ਮੰਨਿਆ ਜਾਂਦਾ ਹੈ ਕਿ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਮਨਮੋਹਨ ਦੇਸਾਈ ਦਾ ਅਮਿਤਾਭ ਬੱਚਨ ਨੂੰ ਸੁਪਰਸਟਾਰ ਬਣਾਉਣ 'ਚ ਵੱਡਾ ਹੱਥ ਸੀ।

ਉਨ੍ਹਾਂ ਨੇ ਅਮਿਤਾਭ ਬੱਚਨ ਨਾਲ 'ਅਮਰ ਅਕਬਰ ਐਂਥਨੀ', 'ਸੁਹਾਗ', 'ਨਸੀਬ', 'ਦੇਸ਼ ਪ੍ਰੇਮੀ', 'ਪਰਵਰਿਸ਼', 'ਕੂਲੀ', 'ਮਰਦ', 'ਗੰਗਾ ਜਮੁਨਾ ਸਰਸਵਤੀ' ਅਤੇ 'ਤੂਫਾਨ' ਵਰਗੀਆਂ ਫਿਲਮਾਂ ਕੀਤੀਆਂ। ਇਹ ਫਿਲਮਾਂ ਹਿੱਟ ਰਹੀਆਂ।

ਸੀਨੀਅਰ ਪੱਤਰਕਾਰ ਅਤੇ ਫਿਲਮ ਆਲੋਚਕ ਰਾਮਚੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਮਨਮੋਹਨ ਦੇਸਾਈ ਦੇ ਜੀਵਨ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀਆਂ ਫਿਲਮਾਂ ਫਲਾਪ ਹੋਣ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਸਦਮਾ ਲੱਗਾ।

ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਦੇ ਬੇਟੇ ਕੇਤਨ ਦੇਸਾਈ ਦੀ ਪਹਿਲੀ ਫਿਲਮ 'ਅਨਮੋਲ' ਦੀ ਅਸਫ਼ਲਤਾ ਨੇ ਉਨ੍ਹਾਂ ਨੂੰ ਹੋਰ ਕਮਜ਼ੋਰ ਕਰ ਦਿੱਤਾ ਸੀ।

ਫਿਲਮਾਂ ਦੇ ਫਲਾਪ ਹੋਣ ਕਾਰਨ ਉਹ ਅੰਦਰੋਂ ਟੁੱਟ ਗਏ ਲਨ ਅਤੇ ਇੱਕ ਦਿਨ ਆਪਣੇ ਹੀ ਘਰ ਦੀ ਬਾਲਕੋਨੀ ਤੋਂ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ।

ਅਮਿਤਾਭ ਬੱਚਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਬੀਸੀ ਦੀ ਸਫ਼ਲਤਾ ਨਾਲ, ਅਮਿਤਾਭ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਵਾਪਸ ਆ ਗਈ ਸੀ।

ਜਦੋਂ ਅਮਿਤਾਭ ਨੇ ਝੱਲੀ ਆਰਥਿਕ ਤੰਗੀ

ਅਮਿਤਾਭ ਬੱਚਨ ਵੀ ਜ਼ਿੰਦਗੀ ਦੇ ਉਸ ਦੌਰ 'ਚੋਂ ਗੁਜ਼ਰ ਚੁੱਕੇ ਹਨ, ਜਦੋਂ ਉਹ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਬੇਸ਼ੁਮਾਰ ਦੌਲਤ ਅਤੇ ਪ੍ਰਸਿੱਧੀ ਕਮਾਉਣ ਤੋਂ ਬਾਅਦ ਅਮਿਤਾਭ ਬੱਚਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਕ ਸਮੇਂ ਉਨ੍ਹਾਂ ਦਾ ਸਭ ਕੁਝ ਗਹਿਣੇ ਹੋ ਗਿਆ ਸੀ।

ਸਾਲ 1999 'ਚ ਬਿੱਗ ਬੀ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਦੁਨੀਆ ਨਵੇਂ ਸਾਲ 2000 ਦੇ ਆਉਣ ਦਾ ਜਸ਼ਨ ਮਨਾ ਰਹੀ ਹੈ ਅਤੇ ਮੈਂ ਆਪਣੀ ਬਰਬਾਦੀ ਦਾ ਜਸ਼ਨ ਮਨਾ ਰਿਹਾ ਹਾਂ।'

ਰਾਮਚੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ, "ਅਮਿਤਾਭ ਕੋਲ ਨਾ ਤਾਂ ਕੋਈ ਫਿਲਮ ਸੀ, ਨਾ ਹੀ ਪੈਸਾ। ਇੱਥੋਂ ਤੱਕ ਕਿ ਉਨ੍ਹਾਂ ਦੀ ਏਬੀਸੀਐੱਲ ਕੰਪਨੀ ਵੀ ਡੁੱਬ ਗਈ ਸੀ। ਇਸ ਕੰਪਨੀ ਲਈ ਉਨ੍ਹਾਂ ਨੇ ਬਾਜ਼ਾਰ ਤੋਂ ਕਾਫੀ ਪੈਸਾ ਚੁੱਕਿਆ ਹੋਇਆ ਸੀ ਅਤੇ ਉਹ ਸਾਰਾ ਪੈਸਾ ਡੁੱਬ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ।"

ਅਮਿਤਾਭ ਬੱਚਨ

ਤਸਵੀਰ ਸਰੋਤ, Getty Images

ਉਸ ਦੌਰਾਨ ਦਿੱਤੇ ਆਪਣੇ ਇੰਟਰਵਿਊ 'ਚ ਅਮਿਤਾਭ ਨੇ ਦੱਸਿਆ ਹੈ ਕਿ ਕਿਵੇਂ ਉਹ ਪਰੇਸ਼ਾਨੀ 'ਚ ਫਸ ਗਏ ਅਤੇ ਕਈ ਲੋਕਾਂ ਦੇ ਦਰਵਾਜ਼ੇ 'ਤੇ ਕੰਮ ਮੰਗਣ ਗਏ ਸਨ।

ਅਮਿਤਾਭ ਬੱਚਨ ਨੇ ਕਈ ਨਿਰਮਾਤਾਵਾਂ-ਨਿਰਦੇਸ਼ਕਾਂ ਤੋਂ ਕੰਮ ਮੰਗਿਆ। ਉਨ੍ਹਾਂ ਨੇ ਫਿਲਮ 'ਮੁਹੱਬਤੇਂ' ਕੀਤੀ ਅਤੇ ਸਾਲ 2000 'ਚ 'ਕੌਣ ਬਣੇਗਾ ਕਰੋੜਪਤੀ' ਨਾਲ ਟੈਲੀਵਿਜ਼ਨ 'ਤੇ ਨਵੀਂ ਪਾਰੀ ਸ਼ੁਰੂ ਕੀਤੀ।

ਹਾਲਾਂਕਿ ਸਾਰਿਆਂ ਨੇ ਉਨ੍ਹਾਂ ਨੂੰ ਰੋਕਿਆ, ਪਰ ਉਹ ਆਪਣੇ ਫ਼ੈਸਲੇ 'ਤੇ ਕਾਇਮ ਰਹੇ ਅਤੇ ਛੋਟੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਕੇਬੀਸੀ ਦੀ ਸਫ਼ਲਤਾ ਨਾਲ, ਉਨ੍ਹਾਂ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਵਾਪਸ ਆ ਗਈ ਸੀ।

ਇਹ ਵੀ ਪੜ੍ਹੋ-
ਰਾਜ ਕਪੂਰ

ਤਸਵੀਰ ਸਰੋਤ, HARPER COLLINS

ਤਸਵੀਰ ਕੈਪਸ਼ਨ, ਫਿਲਮ 'ਮੇਰਾ ਨਾਮ ਜੋਕਰ' ਬਣਾਉਣ ਲਈ ਰਾਜ ਕਪੂਰ ਨੇ ਬਾਜ਼ਾਰ ਅਤੇ ਲੋਕਾਂ ਤੋਂ ਵੱਡੀ ਰਕਮ ਲਈ ਸੀ

ਰਾਜ ਕਪੂਰ ਦਾ ਜਦੋਂ ਸਭ ਕੁਝ ਦਾਅ 'ਤੇ ਲੱਗ ਗਿਆ

ਸ਼ੋਅ ਮੈਨ ਕਹੇ ਜਾਣੇ ਵਾਲੇ ਰਾਜ ਕਪੂਰ ਆਪਣੇ ਜ਼ਮਾਨੇ ਦੇ ਸਫ਼ਲ ਅਦਾਕਾਰ, ਨਰਿਦੇਸ਼ਕ ਅਤੇ ਨਿਰਮਾਤਾ ਰਹੇ ਹਨ।

ਉਨ੍ਹਾਂ ਨੇ ਸਫ਼ਲਤਾ ਦਾ ਸਵਾਦ ਤਾਂ ਚੱਖਿਆ, ਪਰ ਉਨ੍ਹਾਂ ਨੂੰ ਅਸਫ਼ਲਤਾ ਅਤੇ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪਿਆ।

ਰਾਮਚੰਦ ਸ੍ਰੀਨਿਵਾਸਨ ਦੱਸਦੇ ਹਨ ਕਿ ਰਾਜ ਕਪੂਰ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਦਾ ਸਭ ਕੁਝ ਦਾਅ 'ਤੇ ਲੱਗਾ ਹੋਇਆ ਸੀ।

ਫਿਲਮ 'ਮੇਰਾ ਨਾਮ ਜੋਕਰ' ਬਣਾਉਣ ਲਈ ਰਾਜ ਕਪੂਰ ਨੇ ਬਾਜ਼ਾਰ ਅਤੇ ਲੋਕਾਂ ਤੋਂ ਵੱਡੀ ਰਕਮ ਲਈ ਸੀ।

ਪਰ ਇਹ ਫਿਲਮ ਫਲਾਪ ਸਾਬਤ ਹੋਈ।

ਰਾਜ ਕਪੂਰ ਨੇ ਆਪਣਾ ਸਾਰਾ ਪੈਸਾ ਡੁੱਬ ਗਿਆ ਅਤੇ ਕਰਜ਼ਾ ਚੁਕਾਉਣ ਲਈ ਆਪਣੀ ਸਾਰੀ ਮਲਕੀਅਤ ਵੇਚਣੀ ਪਈ।

ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਮਨਪਸੰਦ ਚੀਜ਼ਾਂ ਵੀ ਗਹਿਣੇ ਰੱਖਿਆ।

ਆਰਥਿਕ ਮੰਦਹਾਲੀ ਦੇ ਦੌਰ 'ਚ ਉਨ੍ਹਾਂ ਨੇ ਕਿਸੇ ਤਰ੍ਹਾਂ ਪੈਸੇ ਜੋੜ ਕੇ ਫਿਲਮ 'ਬੌਬੀ' ਬਣਾਈ। ਰਿਸ਼ੀ ਕਪੂਰ ਅਤੇ ਡਿੰਪਲ ਕਪਾਡੀਆ ਦੀ ਇਸ ਫਿਲਮ ਨੇ ਉਨ੍ਹਾਂ ਦੀ ਹਾਲਤ ਸੁਧਾਰਨ 'ਚ ਕਾਫੀ ਮਦਦ ਕੀਤੀ।

ਗੋਵਿੰਦਾ

ਤਸਵੀਰ ਸਰੋਤ, HERONUMBER1.GOVINDA/FACEBOOK

ਗੋਵਿੰਦਾ ਅਤੇ ਜੈਕੀ ਦਾ ਦਰਦ

80 ਅਤੇ 90 ਦੇ ਦਹਾਕੇ ਦੇ ਸੁਪਰਸਟਾਰ ਰਹੇ ਗੋਵਿੰਦਾ ਅਤੇ ਜੈਕੀ ਸ਼ਰਾਫ ਦੀ ਜ਼ਿੰਦਗੀ 'ਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਦਾ ਸਭ ਕੁਝ ਦਾਅ 'ਤੇ ਲੱਗਾ ਹੋਇਆ ਸੀ।

ਇੱਕ ਇੰਟਰਵਿਊ ਦੌਰਾਨ ਗੋਵਿੰਦਾ ਨੇ ਦੱਸਿਆ ਸੀ ਕਿ ਪਿਛਲੇ 14 ਤੋਂ 15 ਸਾਲਾਂ 'ਚ ਉਨ੍ਹਾਂ ਨੇ ਇੰਡਸਟਰੀ ਅਤੇ ਬਿਜ਼ਨੈੱਸ 'ਚ ਵੀ ਕਾਫੀ ਪੈਸਾ ਲਗਾਇਆ ਸੀ। ਪਰ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਗਿਆ ਸੀ।

ਰਾਮਚੰਦ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਗੋਵਿੰਦਾ ਨੂੰ ਲੰਬੇ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਉਨ੍ਹਾਂ ਨੂੰ ਫਿਲਮ 'ਪਾਰਟਨਰ' ਮਿਲੀ, ਜੋ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਕੀਤੀ ਸੀ।

ਇਹ ਫਿਲਮ ਹਿੱਟ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਇੰਡਸਟਰੀ 'ਚ ਮੁੜ ਖੜ੍ਹੇ ਹੋਣ ਦਾ ਮੌਕਾ ਮਿਲਿਆ।

ਜੈਕੀ ਅਤੇ ਟਾਈਗਰ ਸ਼ਰਾਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਕੀ ਦਾ ਵਿਕਿਆ ਹੋਇਆ ਘਰ ਟਾਈਗਰ ਸ਼ਰਾਫ ਨੇ ਮੁੜ ਖਰੀਦ ਕੇ ਤੋਹਫੇ ਵਜੋਂ ਦਿੱਤਾ

ਇਸੇ ਤਰ੍ਹਾਂ ਜੈਕੀ ਸ਼ਰਾਫ ਨੂੰ ਵੀ ਆਪਣੀ ਜ਼ਿੰਦਗੀ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਪਤਨੀ ਆਇਸ਼ਾ ਨੇ ਫਿਲਮ 'ਬੂਮ' ਬਣਾਈ, ਜਿਸ 'ਚ ਉਨ੍ਹਾਂ ਨੇ ਕਾਫੀ ਪੈਸਾ ਖਰਚ ਕੀਤਾ ਅਤੇ ਇਹ ਸਭ ਡੁੱਬ ਗਿਆ।

ਉਨ੍ਹਾਂ ਦੀ ਪਤਨੀ ਇੱਕ ਹੋਰ ਫਿਲਮ ਬਣਾ ਰਹੀ ਸੀ। ਜਿਸ ਦਾ ਨਾਂ ਗੋਵਿੰਦਾ, ਜੈਕੀ ਅਤੇ ਸਲਮਾਨ ਨਾਲ 'ਰਾਜੂ ਰਾਜਾ ਰਾਮ' ਸੀ, ਜੋ ਡੱਬਾ ਬੰਦ ਹੋ ਗਈ ਸੀ।

ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਇਸ਼ਾ ਸ਼ਰਾਫ ਨੇ ਕਿਹਾ ਸੀ ਕਿ ਫਿਲਮ 'ਬੂਮ' ਦੀ ਅਸਫ਼ਲਤਾ ਕਾਰਨ ਉਹ ਦੀਵਾਲੀਆ ਹੋ ਗਈ ਸੀ ਅਤੇ ਪੈਸੇ ਮੋੜਨ ਲਈ ਉਨ੍ਹਾਂ ਨੂੰ ਆਪਣਾ ਘਰ ਵੇਚਣਾ ਪਿਆ ਸੀ।

'ਕੌਫੀ ਵਿਦ ਕਰਨ' 'ਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਆਇਸ਼ਾ ਨੇ ਕਿਹਾ ਸੀ, "ਉਹ ਸਮਾਂ ਸਾਡੇ ਲਈ ਬਹੁਤ ਮਾੜਾ ਸੀ। ਅਸੀਂ ਸਭ ਕੁਝ ਗੁਆ ਦਿੱਤਾ ਸੀ, ਪਰ ਉਦੋਂ ਜੈਕੀ ਸ਼ਰਾਫ ਮਜ਼ਬੂਤੀ ਨਾਲ ਮੇਰੇ ਨਾਲ ਖੜ੍ਹੇ ਸਨ।"

"ਜਦੋਂ ਟਾਈਗਰ ਨੇ ਇੰਡਸਟਰੀ 'ਚ ਕੰਮ ਕਰਨ ਦਾ ਫ਼ੈਸਲਾ ਕੀਤਾ ਤਾਂ ਮੈਨੂੰ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਤੁਹਾਡਾ ਘਰ ਦਿਵਾਵਾਂਗਾ ਅਤੇ ਕੁਝ ਸਾਲਾਂ ਬਾਅਦ ਟਾਈਗਰ ਨੇ ਉਹ ਘਰ ਖਰੀਦਿਆ ਅਤੇ ਸਾਨੂੰ ਤੋਹਫ਼ੇ ਵਜੋਂ ਦਿੱਤਾ। ਇਹ ਸਾਡੇ ਲਈ ਬਹੁਤ ਵੱਡੀ ਗੱਲ ਸੀ।"

ਸ਼ਾਹਰੁਖ਼ ਖ਼ਾਨ

ਤਸਵੀਰ ਸਰੋਤ, PRODIP GUHA

ਤਸਵੀਰ ਕੈਪਸ਼ਨ, ਸ਼ਾਹਰੁਖ ਖ਼ਾਨ ਦੀ ਜ਼ਿੰਦਗੀ ਵਿੱਚ ਕਈ ਉਤਰਾਅ-ਚੜਾਅ ਰਹੇ ਹਨ

ਸ਼ਾਹਰੁਖ਼ ਖ਼ਾਨ ਨੂੰ ਰਾ-ਵਨ ਨੇ ਰਵਾਇਆ

ਬਾਲੀਵੁੱਡ ਦੇ ਰੋਮਾਂਸ ਦੇ ਕਿੰਗ ਵਜੋਂ ਜਾਣੇ ਜਾਂਦੇ ਸ਼ਾਹਰੁਖ ਖ਼ਾਨ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਸਫ਼ਲਤਾ-ਅਸਫ਼ਲਤਾ ਸ਼ਾਹਰੁਖ ਨਾਲ ਜੁੜਦੀ ਰਹੀ।

ਰਾਮਚੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਸ਼ਾਹਰੁਖ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2010 'ਚ ਸ਼ਾਹਰੁਖ ਖ਼ਾਨ ਦੀ ਫਿਲਮ 'ਰਾ-ਵਨ' ਫਲਾਪ ਹੋ ਗਈ ਸੀ।

ਸ਼ਾਹਰੁਖ ਖ਼ਾਨ ਨੇ ਇਸ ਫਿਲਮ 'ਚ ਕਾਫੀ ਪੈਸਾ ਲਗਾਇਆ ਸੀ ਅਤੇ ਉਹ ਸਭ ਖ਼ਤਮ ਹੋ ਗਿਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)