'ਵਿੱਕੀ ਨੇ ਕਿਵੇਂ ਬਚਣਾ ਸੀ, ਪਹਿਲਾਂ ਲੁਟੇਰਿਆਂ ਨੇ ਗੋਲੀ ਮਾਰੀ ਫਿਰ ਐਂਬੂਲੈਂਸ 'ਚ ਤੇਲ ਮੁੱਕ ਗਿਆ' - ਗਰਾਊਂਡ ਰਿਪੋਰਟ

ਤਸਵੀਰ ਸਰੋਤ, Parminder Vickey family
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਹੁਣ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੇ ਸਾਡੀ ਦੁਕਾਨ ਵਿਚ ਗਾਹਕ ਆ ਰਿਹਾ ਹੈ ਜਾਂ ਲੁਟੇਰਾ। ਮੈਂ ਉਸ ਰੱਬ ਤੋਂ ਡਰ ਕੇ ਕਹਿੰਦਾ ਹਾਂ ਕਿ ਹਾਲਾਤ ਇਹ ਹੋ ਗਏ ਹਨ ਕਿ ਜਾਂ ਤਾਂ ਅਸੀਂ ਭੁੱਖੇ ਮਰੀਏ ਜਾਂ ਫਿਰ ਕਤਲ ਹੋ ਜਾਈਏ।"
ਇਹ ਸ਼ਬਦ ਸੋਨੂੰ ਅਰੋੜਾ ਆਪਣੇ ਕੰਨਾਂ ਨੂੰ ਹੱਥ ਲੈ ਕੇ ਆਸਮਾਨ ਵੱਲ ਦੇਖਦੇ ਹੋਏ ਕਹਿੰਦੇ ਹਨ, ਜੋ ਮੋਗਾ ਸ਼ਹਿਰ ਵਿੱਚ ਇੱਕ ਦੁਕਾਨਦਾਰ ਹਨ।
'ਏਸ਼ੀਆ ਜਿਊਲਰਜ਼' ਦੇ ਮਾਲਕ ਪਰਮਿੰਦਰ ਸਿੰਘ ਵਿੱਕੀ ਦੇ ਕਤਲ ਤੋਂ ਬਾਅਦ ਆਮ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਤਸਵੀਰ ਸਰੋਤ, Surinder Maan/bbc
ਵਿੱਕੀ ਨੂੰ ਲੰਘੇ ਸੋਮਵਾਰ ਵਾਲੇ ਦਿਨ ਦੱਖਣੀ ਪੰਜਾਬ ਦੇ ਸ਼ਹਿਰ ਮੋਗਾ ਵਿਚ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਹਥਿਆਰਬੰਦ ਵਿਅਕਤੀਆਂ ਨੇ ਸੁਨਿਆਰੇ ਨੂੰ ਮਾਰਨ ਤੋਂ ਬਾਅਦ ਦੁਕਾਨ ਵਿਚ ਪਏ ਸੋਨੇ ਦੀ ਲੁੱਟ ਵੀ ਕੀਤੀ ਸੀ।
ਇਸ ਕਤਲ ਦੇ ਵਿਰੋਧ ਵਿਚ ਮੰਗਲਵਾਰ ਨੂੰ ਮੋਗਾ ਸ਼ਹਿਰ ਮੁਕੰਮਲ ਬੰਦ ਰੱਖਿਆ ਗਿਆ।

ਕੀ ਹੈ ਮਾਮਲਾ
- ਪਰਮਿੰਦਰ ਸਿੰਘ ਦੀ ਲੰਘੇ ਸੋਮਵਾਰ ਵਾਲੇ ਦਿਨ ਕਤਲ ਕਰ ਦਿੱਤਾ ਗਿਆ ਸੀ।
- ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਵਿੱਕੀ ਦਾ ਕਤਲ ਕਰ ਦਿੱਤਾ।
- ਇਹ ਵਾਰਦਾਤ ਦੱਖਣੀ ਪੰਜਾਬ ਦੇ ਸ਼ਹਿਰ ਮੋਗਾ ਵਿੱਚ ਵਾਪਰੀ।
- ਵਿੱਕੀ ਦੇ ਕਤਲ ਤੋਂ ਬਾਅਦ ਆਮ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
- ਇਸ ਕਤਲ ਦੇ ਵਿਰੋਧ ਵਿਚ ਮੰਗਲਵਾਰ ਨੂੰ ਮੋਗਾ ਸ਼ਹਿਰ ਮੁਕੰਮਲ ਬੰਦ ਰੱਖਿਆ ਗਿਆ।

ਸ਼ਹਿਰ 'ਚ ਸੰਨਾਟਾ
12 ਜੂਨ ਨੂੰ ਲੁਟੇਰਿਆਂ ਵੱਲੋਂ ਕਤਲ ਕੀਤੇ ਗਏ ਪਰਮਿੰਦਰ ਸਿੰਘ ਵਿੱਕੀ ਦੀ ਦੁਕਾਨ ਨੂੰ ਜਿੰਦਰਾ ਲੱਗਿਆ ਹੋਇਆ ਸੀ ਤੇ ਦੁਕਾਨ ਦੇ ਸ਼ਟਰ 'ਤੇ ਲੱਗੀ ਗੋਲੀ ਦਾ ਨਿਸ਼ਾਨ ਦਿਖਾਈ ਦੇ ਰਿਹਾ ਸੀ।
ਮਰਹੂਮ ਸੁਨਿਆਰੇ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ। ਆਂਢ-ਗੁਆਂਢ ਤੋਂ ਪੁੱਛਣ 'ਤੇ ਪਤਾ ਲੱਗਿਆ ਕਿ ਪਰਮਿੰਦਰ ਵਿੱਕੀ ਨੇ ਆਪਣੇ ਬੇਟੇ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ।

ਤਸਵੀਰ ਸਰੋਤ, Surinder Maan/bbc
ਜਦੋਂ ਮੈਂ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਪਹੁੰਚਿਆ ਤਾਂ ਹਰ ਪਾਸੇ ਸੰਨਾਟਾ ਪਸਰਿਆ ਹੋਇਆ ਸੀ ਤੇ ਦੁਕਾਨਾਂ ਦੇ ਸ਼ਟਰਾਂ ਨੂੰ ਜਿੰਦਰੇ ਲੱਗੇ ਹੋਏ ਨਜ਼ਰ ਆ ਰਹੇ ਸਨ।
ਹਾਂ, ਪੁਲਿਸ ਦੀ ਮੁਸਤੈਦੀ ਹਰ ਪਾਸੇ ਦੇਖਣ ਨੂੰ ਜ਼ਰੂਰ ਮਿਲ ਰਹੀ ਸੀ। ਕੁਝ ਲੋਕ ਰਾਮਗੰਜ ਦੀ ਇੱਕ ਗਲੀ ਦੀ ਨੁੱਕਰ ਵਿਚ ਖੜ੍ਹੇ ਪਰਮਿੰਦਰ ਸਿੰਘ ਵਿੱਕੀ ਦੇ ਕਤਲ ਦੀ ਚਰਚਾ ਕਰਦੇ ਮੈਨੂੰ ਮਿਲ ਗਏ।
ਗੱਲਾਂ ਕਰ ਰਹੇ ਇੱਕ ਵਿਅਕਤੀ ਨੂੰ ਮੈਂ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਅੱਗੋਂ ਜਵਾਬ ਆਇਆ "ਮੈਂ ਗੁਰਪ੍ਰੀਤ ਸਿੰਘ ਜੱਸਲ ਹਾਂ।"

ਤਸਵੀਰ ਸਰੋਤ, Surinder Mann/BBC
ਫਿਰ ਗੱਲ ਅੱਗੇ ਤੋਰਦੇ ਹੋਏ ਮੈਂ ਪਰਮਿੰਦਰ ਵਿੱਕੀ ਦੇ ਹੋਏ ਕਤਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਪੰਜਾਬ ਦਾ ਮਾਹੌਲ ਅਜਿਹਾ ਬਣ ਗਿਆ ਹੈ ਕਿ ਵਪਾਰੀ ਡਰੇ ਹੋਏ ਹਨ। ਹਰ ਰੋਜ਼ ਪੰਜਾਬ 'ਚ ਹੋ ਰਹੀਆਂ ਕਤਲਾਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਸਾਡਾ ਦੁਕਾਨਾਂ ਖੋਲ੍ਹਣ ਨੂੰ ਦਿਲ ਹੀ ਨਹੀਂ ਕਰਦਾ।"
"ਪਹਿਲਾਂ ਲੋਕ ਯੂਪੀ ਤੇ ਬਿਹਾਰ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ। ਮੈਂ ਤਾਂ ਮੁੱਖ ਮੰਤਰੀ ਨੂੰ ਕਹਿੰਦਾ ਹਾਂ ਕਿ ਜੇ ਇਹੀ ਸਥਿਤੀ ਰਹੀ ਤਾਂ ਸਾਡੇ ਵਪਾਰ ਨੂੰ ਤਾਲਾ ਲੱਗਿਆ ਹੀ ਸਮਝੋ।"

ਤਸਵੀਰ ਸਰੋਤ, Surinder Maan/bbc
ਹਾਲੇ ਸਾਡੀ ਗੱਲਬਾਤ ਚੱਲ ਹੀ ਰਹੀ ਸੀ ਕੇ ਕੁੱਝ ਲੋਕਾਂ ਦਾ ਕਾਫ਼ਲਾ ਨਾਅਰੇਬਾਜ਼ੀ ਕਰਦਾ ਹੋਇਆ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਬਣੇ ਇੱਕ ਗੁਰਦੁਆਰਾ ਸਾਹਿਬ ਵੱਲ ਵਧਦਾ ਦਿਖਾਈ ਦਿੱਤਾ।
ਗੱਲਬਾਤ ਦਾ ਸਿਲਸਿਲਾ ਟੁੱਟ ਗਿਆ ਤੇ ਮੇਰੇ ਨਾਲ ਗੱਲਾਂ ਕਰਨ ਵਾਲੇ ਵਿਅਕਤੀ ਵੀ ਨਾਅਰੇ ਮਾਰਦੇ ਹੋਏ ਉਸ ਕਾਫ਼ਲੇ ਵਿੱਚ ਜਾ ਰਲੇ।
ਪੁੱਛਣ 'ਤੇ ਪਤਾ ਲੱਗਿਆ ਕਿ ਪੰਜਾਬ ਸਵਰਨਕਾਰ ਸੰਘ ਨੇ ਗੁਰਦੁਆਰੇ ਵਿਚ ਇਸ ਕਤਲ ਦੇ ਸੰਦਰਭ ਵਿਚ ਇੱਕ ਮੀਟਿੰਗ ਰੱਖੀ ਸੀ, ਜਿਸ ਨੂੰ ਸ਼ਹਿਰ ਨਿਵਾਸੀਆਂ ਨੇ ਵੀ ਆਪਣਾ ਸਮਰਥਨ ਦੇ ਦਿੱਤਾ ਹੈ।
ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਪੁੱਜਾ ਤਾ ਉੱਥੇ ਵੱਡੀ ਗਿਣਤੀ 'ਚ ਲੋਕ ਜੁੜੇ ਹੋਏ ਸਨ।
ਲੋਕ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਪਰ ਇਹ ਸਿਲਸਿਲਾ ਉਸ ਵੇਲੇ ਰੁਕ ਗਿਆ ਜਦੋਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਦੀਵਾਨ ਹਾਲ ਵਿੱਚ ਲੋਕਾਂ ਨੂੰ ਨਾਅਰੇਬਾਜ਼ੀ ਨਾ ਕਰਨ ਲਈ ਕਹਿ ਦਿੱਤਾ।


'ਕਾਨੂੰਨ ਪ੍ਰਬੰਧਾਂ 'ਤੇ ਸਵਾਲ'
ਇੱਥੇ ਮੇਰੀ ਮੁਲਾਕਾਤ ਫ਼ਿਲਮ ਅਦਾਕਾਰ ਸੋਨੂ ਸੂਦ ਦੇ ਭੈਣ ਮਾਲਵਿਕਾ ਸੂਦ ਨਾਲ ਹੋਈ।
ਉਹ ਕਾਂਗਰਸ ਪਾਰਟੀ ਦੇ ਆਗੂ ਹਨ ਪਰ ਉਨ੍ਹਾਂ ਨੇ ਦੱਸਿਆ ਕਿ ਉਹ ਸ਼ਹਿਰਦਾਰੀ ਕਰਕੇ ਲੋਕਾਂ ਦੇ ਦੁੱਖ ਵਿਚ ਸ਼ਰੀਕ ਹੋਏ ਹਨ।
ਮਾਲਵਿਕਾ ਸੂਦ ਕਹਿੰਦੇ ਹਨ, "ਖਿੱਤੇ ਦੇ ਹਾਲਾਤ ਖ਼ਰਾਬ ਹੋ ਰਹੇ ਹਨ ਅਤੇ ਕਤਲਾਂ ਤੇ ਲੁੱਟਾਂ-ਖੋਹਾਂ ਚਿੰਤਾ ਵਧਾ ਰਹੀਆਂ ਹਨ। ਪਰਮਿੰਦਰ ਵਿੱਕੀ ਦਾ ਕਤਲ ਕਾਨੂੰਨ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।"

ਤਸਵੀਰ ਸਰੋਤ, Surinder Maan/bbc
"ਮੈਨੂੰ ਯਾਦ ਹੈ ਜਦੋਂ ਛੋਟੀ ਹੁੰਦੀ ਇਸੇ ਬਾਜ਼ਾਰ ਵਿਚ ਆਪਣੇ ਪਿਤਾ ਜੀ ਦੀ ਦੁਕਾਨ 'ਤੇ ਇਕੱਲੀ ਹੀ ਆ ਜਾਂਦੀ ਸੀ ਪਰ ਇਸੇ ਬਾਜ਼ਾਰ 'ਚ ਅੱਜ ਹਰ ਚਿਹਰਾ ਮਾਯੂਸ ਹੈ। ਮੈਨੂੰ ਇੱਕ ਅੰਕਲ ਨੇ ਦੱਸਿਆ ਕਿ ਬੇਟਾ ਹੁਣ ਉਹ ਦਿਨ ਨਹੀਂ ਰਹੇ। ਇਹ ਬੋਲ ਮੈਨੂੰ ਪ੍ਰੇਸ਼ਾਨ ਕਰ ਗਏ।"
ਫਿਰ ਗੁਰਦੁਆਰੇ ਤੋਂ ਲੋਕਾਂ ਨੇ ਰੋਸ ਮਾਰਚ ਸ਼ੁਰੂ ਕਰ ਦਿੱਤਾ। ਇਸ ਮਾਰਚ ਵਿਚ ਵਪਾਰੀ ਵਰਗ ਤੋਂ ਇਲਾਵਾ ਕਿਸਾਨ, ਵਿਦਿਆਰਥੀ, ਮਜ਼ਦੂਰ ਸੰਗਠਨਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਸ਼ਾਮਲ ਸਨ।

ਤਸਵੀਰ ਸਰੋਤ, Surinder Maan/bbc
'ਸਰਕਾਰੀ ਐਂਬੂਲੈਂਸ ਵਿਚ ਤੇਲ ਹੀ ਨਹੀਂ ਸੀ'
ਇੱਥੇ ਹੀ ਮੇਰੀ ਮੁਲਾਕਾਤ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨਾਲ ਹੋਈ।
ਗੱਲਬਾਤ ਕਰਦਿਆਂ ਉਨਾਂ ਦਾ ਗੱਚ ਭਰ ਆਇਆ। ਉਨ੍ਹਾਂ ਨੇ ਕਿਹਾ, "ਹਾਲੇ 4 ਦਿਨ ਪਹਿਲਾਂ ਹੀ ਸ਼ਹਿਰ ਦੀ ਗਿੱਲ ਰੋਡ 'ਤੇ ਇੱਕ ਵਪਾਰੀ ਤੋਂ 7 ਲੱਖ ਰੁਪਏ ਲੁੱਟੇ ਸਨ ਤੇ ਹੁਣ ਵਿੱਕੀ ਨੂੰ ਮਾਰ ਦਿੱਤਾ ਹੈ।"
"ਹੈਰਾਨੀ ਦੀ ਗੱਲ ਹੈ ਕੇ ਹੁਣ ਲੁਟੇਰੇ ਬੇਖ਼ੌਫ ਹਨ ਤੇ ਨੰਗੇ ਮੂੰਹ ਹੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗੇ ਹਨ।"
"ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕੇ ਸਰਕਾਰੀ ਐਂਬੂਲੈਂਸ ਵਿਚ ਤੇਲ ਹੀ ਨਹੀਂ ਸੀ। ਪਹਿਲਾਂ ਤਾਂ ਲੁਟੇਰਿਆਂ ਨੇ ਵਿੱਕੀ ਦੇ ਗੋਲੀ ਮਾਰੀ ਫਿਰ ਜਦੋਂ ਉਸ ਨੂੰ ਇਲਾਜ ਲਈ ਲੁਧਿਆਣਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਐਂਬੂਲੈਂਸ ਦਾ ਤੇਲ ਖ਼ਤਮ ਹੋ ਗਿਆ। ਸਾਡੇ ਵਿੱਕੀ ਨੇ ਕਾਹਦਾ ਬਚਣਾ ਸੀ।"

ਤਸਵੀਰ ਸਰੋਤ, Surinder Maan/bbc
ਬਾਅਦ ਵਿਚ ਪੰਜਾਬ ਸਵਰਨਕਾਰ ਸੰਘ ਨੇ ਐੱਸਐੱਸਪੀ ਮੋਗਾ ਨੂੰ ਇੱਕ ਪੱਤਰ ਦੇ ਕੇ ਕਿਹਾ ਕਿ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੰਘ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ, "ਸੁਨਿਆਰਿਆਂ ਤੇ ਵਪਾਰੀਆਂ ਦੀ ਸੁਰੱਖਿਆ ਲਈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਹੈ। ਪੁਲਿਸ ਪ੍ਰਤੀ ਸਾਡੇ ਵਿੱਚ ਰੋਸ ਹੈ।"
ਉੱਧਰ, ਅੱਜ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਪਰਮਿੰਦਰ ਵਿੱਕੀ ਦੇ ਕਾਤਲਾਂ ਨੂੰ 72 ਘੰਟਿਆਂ ਵਿਚ ਗ੍ਰਿਫ਼ਤਾਰ ਕੀਤਾ ਜਾਵੇ।

ਤਸਵੀਰ ਸਰੋਤ, Surinder Maan/bbc
ਜ਼ਿਲ੍ਹਾ ਮੋਗਾ ਦੇ ਐੱਸਐੱਸਪੀ ਜੇ ਏਲਨਚੇਜ਼ੀਅਨ ਨੇ ਪੰਜਾਬ ਸਵਰਨਕਾਰ ਸੰਘ ਤੋਂ ਚਿੱਠੀ ਲੈਣ ਤੋਂ ਬਾਅਦ ਕਿਹਾ ਕਿ ਵਿੱਕੀ ਦੇ ਕਾਤਲਾਂ ਦੀ ਪਛਾਣ ਹੋ ਗਈ ਹੈ।
"ਅਸੀਂ ਸੁਨਿਆਰੇ ਤੇ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਹੈ ਕਿ ਪੁਲਿਸ ਦੋਸ਼ੀਆਂ ਨੂੰ ਫੜਣ ਦੇ ਕਰੀਬ ਪਹੁੰਚ ਗਈ ਹੈ। ਅਸੀਂ ਸੁਨਿਆਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਯੋਗ ਕਦਮ ਪੁੱਟ ਰਹੇ ਹਾਂ।"













