ਪਾਣੀ ਦੀ ਕਮੀ ਨਾਲ ਜੂਝਣ ਵਾਲਾ ਕਤਰ , ਵਿਸ਼ਵ ਕੱਪ ਦੌਰਾਨ ਪਾਣੀ ਕਿੱਥੋਂ ਲਿਆ ਰਿਹਾ ਹੈ

ਕਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਤਰ ਵਿੱਚ ਵਿਸ਼ਵ ਕੱਪ ਦੌਰਾਨ ਪਾਣੀ ਦੀ ਲੋੜ ਵਧੀ ਹੈ

ਫ਼ੁੱਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਲੈ ਕੇ ਐਤਵਾਰ ਨੂੰ ਹੋਣ ਜਾ ਰਹੇ ਫ਼ਾਈਨਲ ਮੈਚ ਤੱਕ ਲੁਜ਼ੇਲ ਸਟੇਡੀਅਮ ਵਿੱਚ ਕਰੀਬ 300 ਟਨ ਪਾਣੀ ਛਿੜਕਿਆ ਜਾ ਚੁੱਕਿਆ ਹੋਵੇਗਾ।

ਕਤਰ ਦੇ ਰੇਗਿਸਤਾਨ ’ਚ ਖ਼ੁਸ਼ਕ ਤੇ ਪਾਣੀ ਦੀ ਘਾਟ ਵਾਲੇ ਇਲਾਕੇ ਵਿੱਚ ਸਟੇਡੀਅਮ ’ਚ ਲੱਗੇ ਘਾਹ ਦਾ ਤਾਪਮਾਨ ਫ਼ੁੱਟਬਾਲ ਖੇਡਣ ਦੇ ਅਨੁਕੂਲ ਬਣਾਈ ਰੱਖਣਾ ਇੱਕ ਚੁਣੌਤੀ ਹੈ।

ਅਜਿਹਾ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਟਰੇਨਿੰਗ ਤੇ ਮੁਕਾਬਲਿਆਂ ਲਈ ਵਰਤੇ ਜਾ ਰਹੇ ਗਰਾਊਂਡਾਂ ਵਿੱਚ ਹਰ ਰੋਜ਼ 10 ਹਜ਼ਾਰ ਲੀਟਰ ਪਾਣੀ ਛਿੜਕਿਆ ਜਾਂਦਾ ਹੈ। 

ਪਾਣੀ ਦੀ ਇੰਨੇ ਵੱਡੇ ਪੱਧਰ ’ਤੇ ਵਰਤੋਂ, ਪਾਣੀ ਦੀ ਹੀ ਕਿੱਲਤ ਨਾਲ ਜੂਝ ਰਹੇ ਦੇਸ਼ ਲਈ ਇੱਕ ਹੋਰ ਚੁਣੌਤੀ ਵੀ ਪੈਦਾ ਕਰਦੀ ਹੈ ਉਹ ਹੈ ਵਾਤਾਵਰਣ ’ਤੇ ਕਿਸੇ ਵੀ ਮਾੜੇ ਪ੍ਰਭਾਵ ਨੂੰ ਬਚਾਉਣ ਦੀ ਜਦੋਜਹਿਦ।

ਕਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਤਰ ’ਚ ਗਰਾਊਂਡਾਂ ਵਿੱਚ ਹਰ ਰੋਜ਼ 10 ਹਜ਼ਾਰ ਲੀਟਰ ਪਾਣੀ ਛਿੜਕਿਆ ਜਾਂਦਾ ਹੈ।

ਇੱਕ ਮਾਰੂਥਲ ਦੇਸ਼

ਜੇ ਵਿਸ਼ਵ ਕੱਪ ਹਰ ਵਾਰ ਦੀ ਤਰ੍ਹਾਂ ਗਰਮੀਆਂ ਵਿੱਚ ਹੁੰਦਾ ਤਾਂ ਕਤਰ ਦੇ ਅੱਠ ਸਟੇਡੀਅਮਾਂ ਵਿੱਚ ਕੰਮ ਕਰਦੇ ਗਰਾਊਂਡ ਸਟਾਫ਼ ਲਈ ਮੁਸ਼ਕਿਲ ਹੋਰ ਵੱਡੀ ਹੋ ਸਕਦੀ ਸੀ।

ਅਜਿਹੇ ਸੂਰਤੇ ਹਾਲ ਹਰ ਰੋਜ਼ 50 ਹਜ਼ਾਰ ਲੀਟਰ ਪਾਣੀ ਦੀ ਲੋੜ ਪੈਣੀ ਸੀ।

ਸਟਾਫ਼ ਨੇ ਕਤਰ ਵਿੱਚ ਖੇਡਣ ਦੇ ਅਨੁਕੂਲ ਸਤ੍ਹਾ ਤਿਆਰ ਕਰਨ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਚੁਣੌਤੀਪੂਰਨ ਦੱਸਿਆ ਹੈ। ਉੱਤਰੀ ਦੋਹਾ ਵਿੱਚ ਟੂਰਨਾਮੈਂਟ ਲਈ ਬਣਾਏ ਐਮਰਜੈਂਸੀ ਗ੍ਰਾਸ ਰਿਜ਼ਰਵ ਦੇ 425,000 ਸਕੁਏਰ ਮੀਟਰ ਲਈ ਰੀਸਾਈਕਲ ਕੀਤਾ ਪਾਣੀ ਵਰਤਿਆ ਗਿਆ ਹੈ।

ਜਦਕਿ ਮੁਕਾਬਲੇ ਅਤੇ ਟਰੇਨਿੰਗ ਵਾਲੀਆਂ ਪਿੱਚਾਂ ਲਈ ਪਾਣੀ ਦਾ ਬਣਾਉਟੀ ਸ੍ਰੋਤ ਤਿਆਰ ਕੀਤਾ ਗਿਆ।

ਇਹ ਸ੍ਰੋਤ ਹੈ ਸਮੁੰਦਰੀ ਪਾਣੀ ਵਿੱਚੋਂ ਨਮਕ ਅਲੱਗ ਕਰਕੇ ਤਿਆਰ ਕੀਤਾ ਪਾਣੀ ਅਤੇ ਇਸ ਪ੍ਰਕਿਰਿਆ ਨੂੰ ਅਲਵਣੀਕਰਣ ਜਾਂ ਡੀਸੈਲੀਨੇਸ਼ਨ ਕਹਿੰਦੇ ਹਨ।

ਕਤਰ ਯੁਨੀਵਰਸਿਟੀ ਵਿੱਚ ਮੈਰੀਨ ਵਿਗਿਆਨ ਦੇ ਪ੍ਰੋਫ਼ੈਸਰ ਰਾਧੌਨ ਬੇਨ-ਹਾਮਾਦਾਓ ਨੇ ਕਿਹਾ, “ਜੇ ਤੁਸੀਂ ਪਾਣੀ ਦੇ ਮੌਜੂਦ ਕੁਦਰਤੀ ਸੋਮਿਆਂ ਉੱਤੇ ਨਿਰਭਰ ਕਰੋ, ਤਾਂ ਕਤਰ ਵਿੱਚ ਸਿਰਫ਼ 14 ਹਜ਼ਾਰ ਲੋਕ ਹੀ ਰਹਿ ਸਕਣ। ਇਸ ਨਾਲ ਵਿਸ਼ਵ ਕੱਪ ਸਟੇਡੀਅਮਾਂ ਦਾ ਇੱਕ ਚੌਥਾਈ ਹਿੱਸਾ ਵੀ ਨਾ ਭਰੇਗਾ।” 

ਕਤਰ ਵਿੱਚ ਕੋਈ ਨਦੀ ਨਹੀਂ ਹੈ ਅਤੇ ਹਰ ਸਾਲ 10 ਸੈਂਟੀਮੀਟਰ ਤੋਂ ਵੀ ਘੱਟ ਮੀਂਹ ਪੈਂਦਾ ਹੈ।

BBC

ਤਸਵੀਰ ਸਰੋਤ, Getty Images

ਵਾਤਾਵਰਣ ਸਮੱਸਿਆ

ਇਸ ਮਾਰੂਥਲ ਦੇਸ਼ ਵਿੱਚ ਕਰੀਬ 29 ਲੱਖ ਲੋਕ ਰਹਿੰਦੇ ਹਨ। ਕਤਰ ਵਿਚਲੇ ਪਾਣੀ ਦੇ ਸ੍ਰੋਤਾਂ ਨਾਲ ਜਿੰਨ੍ਹੇ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ਅਤੇ ਕਤਰ ਦੀ ਅਸਲ ਅਬਾਦੀ ਵਿਚਲੇ ਫ਼ਰਕ ਦਾ ਅਰਥ ਹੈ ਕਿ ਵਾਧੂ ਪਾਣੀ ਦੀ ਭਾਲ, ਜਿਸ ਵੀ ਤਰੀਕੇ ਹੋ ਸਕੇ।

ਯੂਕੇ ਦੇ ਵਾਤਾਵਰਣ, ਮੱਛੀ ਪਾਲਣ ਤੇ ਜਲ ਖੇਤੀ ਵਿਗਿਆਨ ਕੇਂਦਰ ਦੇ ਮੱਧ ਪੂਰਬ ਪ੍ਰੋਗਰਾਮ ਡਾਇਰੈਕਟਰ ਡਾ.ਵਿਲ ਲੀ ਕੁਏਸਨ ਨੇ ਕਿਹਾ, “ਵੱਡੀ ਮਾਤਰਾ ਵਿੱਚ ਪਾਣੀ ਅਲਵੀਕਰਣ ਜ਼ਰੀਏ ਯਾਨੀ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢ ਕੇ ਵਰਤੋਂਯੋਗ ਬਣਾਇਆ ਜਾਂਦਾ ਹੈ ਅਤੇ ਇਸਤੇਮਾਲ ਵਾਲਾ ਤਾਂ ਤਕਰੀਬਨ ਸਾਰਾ ਹੀ।” 

ਕਤਰ ਇਸ ਤਰੀਕੇ ਨਾਲ ਵੱਡੀ ਮਾਤਰਾ ਵਿੱਚ ਪਾਣੀ ਤਿਆਰ ਕਰਦਾ ਹੈ ਪਰ ਜਿਵੇਂ ਜਿਵੇਂ ਦੇਸ਼ ਦਾ ਵਿਕਾਸ ਹੋਏਗਾ ਅਤੇ ਵਿਸ਼ਵ ਕੱਪ ਵਰਗੇ ਵੱਡੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨੀ ਪਵੇਗੀ, ਪਾਣੀ ਦੀ ਲੋੜ ਵੀ ਵਧੇਗੀ।

ਅਨੁਮਾਨਾਂ ਮੁਤਾਬਕ 2050 ਤੱਕ, ਪਾਣੀ ਦੇ ਅਲਵਣੀਕਰਣ ਦੀ ਸਮਰੱਥਾ 80 ਬਿਲੀਅਨ ਲੀਟਰ ਪ੍ਰਤੀ ਦਿਨ ਤੱਕ ਵਧ ਸਕਦੀ ਹੈ।

ਕਤਰ

ਤਸਵੀਰ ਸਰੋਤ, Getty Images

ਕਤਰ ਕੋਲ ਅਥਾਹ ਸਮੁੰਦਰੀ ਪਾਣੀ ਹੈ ਅਤੇ ਇਸ ਪ੍ਰਕਿਰਿਆ ਨਾਲ ਪਾਣੀ ਬਣਾਉਣ ਲਈ ਕੁਦਰਤੀ ਗੈਸ ਰਿਜ਼ਰਵ ਦੀ ਮਦਦ ਨਾਲ ਵਿੱਤੀ ਸ੍ਰੋਤ ਵੀ ਹਨ। ਪਰ ਫ਼ਿਰ ਵੀ ਇੱਕ ਕਮੀ ਹੈ, ਉੂਰਜਾ ਦੀ।

 ਡਾ.ਲੀ ਕਹਿੰਦੇ ਹਨ, “ਪੂਰੇ ਖਾੜੀ ਇਲਾਕੇ ਵਿੱਚ ਅਲਵਣੀਕਰਣ ਲਈ ਵਰਤੀ ਜਾਂਦੀ ਸਾਰੀ ਊਰਜਾ ਦਾ 99.9 ਫੀਸਦੀ ਹਾਈ਼ਡਰੋਕਾਰਬਨ ਈਂਧਣਾਂ ਤੋਂ ਆਉਂਦਾ ਹੈ।”

“ਹਾਈਡਰੋਕਾਰਬਨ ਈਂਧਣ ਜਿਵੇਂ ਕਿ ਤੇਲ ਅਤੇ ਗ਼ੈਸ ਪ੍ਰਦੂਸ਼ਣ ਵੀ ਬਹੁਤ ਪੈਦਾ ਕਰਦੇ ਹਨ। ਪਰ ਨਾਲ ਹੀ, ਕਤਰ ਨੇ ਖ਼ੁਦ ਲਈ ਵਾਤਾਵਰਨ ਸੁਰੱਖਿਆ ਦੇ ਟੀਚੇ ਵੀ ਰੱਖੇ ਹੋਏ ਹਨ।”

ਸਾਲ 2030 ਤੱਕ ਗਰੀਨ ਹਾਊਸ ਗੈਸਾਂ ਦਾ ਨਿਕਾਸ 25 ਫ਼ੀਸਦੀ ਘੱਟ ਕੀਤੇ ਜਾਣ ਦਾ ਟੀਚਾ ਹੈ ਅਤੇ ਵਿਸ਼ਵ ਕੱਪ ਦੀ ਪ੍ਰਬੰਧਕ ਕਮੇਟੀ ਟੂਰਨਾਮੈਂਟ ਦੇ ਕਾਰਬਨ ਨਿਊਟਰਲ ਹੋਣ ਦਾ ਦਾਅਵਾ ਕਰਦੀ ਹੈ।

ਯਾਨੀ ਇਹ ਕਹਿੰਦੀ ਹੈ ਕਿ ਇਸ ਵਾਰ ਕਾਰਬਨ ਦਾ ਨਿਕਾਸ ਨਹੀਂ ਹੋਇਆ। ਪਰ ਕਾਰਬਨ ਮਾਰਿਕਟ ਵਾਚ ਜਿਹੇ ਵਾਤਾਵਰਨ ਸੰਗਠਨ ਇਸ ਦਾਅਵੇ ਨੂੰ ਗੁੰਮਰਾਹਕੁਨ ਕਰਾਰ ਦਿੰਦੇ ਹਨ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਕੁਝ ਬਦਲਾਅ ਕਰ ਰਿਹਾ ਹੈ ਤਾਂ ਕਿ ਪਾਣੀ ਬਣਾਉਣ ਦੀ ਪ੍ਰਕਿਰਿਆ ਵਿੱਚ ਕਾਰਬਨ ਦਾ ਨਿਕਾਸ ਘਟਾਇਆ ਜਾ ਸਕੇ। 

BBC
BBC

ਵਾਤਾਵਰਣ ਲਈ ਹਰਿਆਲੀ ਟੀਚੇ

ਡਾ. ਲੀ ਕਹਿੰਦੇ ਹਨ, “ਕਾਫੀ ਕੁਝ ਚੱਲ ਰਿਹਾ ਹੈ। ਅਲਵਣੀਕਰਣ ਪ੍ਰਕਿਰਿਆ ਲਈ ਸੂਰਜੀ ਊਰਜਾ ਦੀ ਵਰਤੋਂ ਬਾਰੇ ਸੋਚਿਆ ਜਾ ਰਿਹਾ ਹੈ।”

“ਸੋਲਰ ਪੈਨਲ ਹੋ ਸਕਦੇ ਹਨ, ਜਿਨ੍ਹਾਂ ਤੋਂ ਬਿਜਲੀ ਬਣਾਈ ਜਾਵੇ ਜਾਂ ਫ਼ਿਰ ਸਿੱਧੇ ਸੂਰਜ ਦੀ ਰੌਸ਼ਨੀ ਪਾਣੀ ਦੇ ਵਾਸ਼ਪੀਕਰਨ ਲਈ ਵਰਤੀ ਜਾਵੇ।”

ਰਿਵਰਸ ਓਸਮੋਸਿਸ ਦੀ ਵਿਧੀ ਵਿੱਚ ਸਮੁੰਦਰੀ ਪਾਣੀ ਇੱਕ ਮੈਂਬਰੇਨ ਵਿੱਚੋਂ ਲੰਘਾਇਆ ਜਾਂਦਾ ਹੈ ਤੇ ਅਸ਼ੁੱਧੀਆਂ ਛਾਣੀਆਂ ਜਾਂਦੀਆਂ ਹਨ ਜਦਕਿ ਵਾਸ਼ਪੀਕਰਨ ਵਿੱਚ ਪਾਣੀ ਨੂੰ ਗ਼ਰਮ ਕਰਕੇ ਭਾਫ਼ ਬਣਾਈ ਜਾਂਦੀ ਹੈ ਅਤੇ ਫ਼ਿਰ ਉਸ ਨੂੰ ਸੰਘਣਾ ਕਰਕੇ ਪਾਣੀ ਬਣਾਇਆ ਜਾਂਦਾ ਹੈ।

ਇਸ ਤਰ੍ਹਾਂ ਕਤਰ ਵਿੱਚ ਕੌਮੀ ਮਸਲਾ ਬਣ ਚੁੱਕੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।

ਕਤਰ

ਤਸਵੀਰ ਸਰੋਤ, Getty Images

ਭੋਜਣ ਦੀ ਲੋੜ ਨੂੰ ਪੂਰਾ ਕਰਨਾ

ਸਿਆਸੀ ਵਿਵਾਦ ਦੇ ਚਲਦਿਆਂ ਕਤਰ ਦੇ ਗੁਆਂਢੀ ਦੇਸ਼ਾਂ ਵੱਲੋਂ ਵਿੱਤੀ ਰੁਕਾਵਟਾਂ ਕਰਕੇ ਕਤਰ ਨੂੰ ਭੋਜਨ ਦੀ ਕਮੀ ਦਾ ਵੀ ਸਾਹਮਣਾ ਕਰਨਾ ਪਿਆ। 

ਨਤੀਜੇ ਵਜੋਂ, ਇੱਥੇ ਖੇਤੀ ਅਤੇ ਡੇਅਰੀ ਕਾਰੋਬਾਰ ਨੂੰ ਵਧਾਇਆ ਜਾ ਰਿਹਾ ਹੈ। ਪਰ ਇਸ ਨਾਲ ਪਹਿਲਾਂ ਤੋਂ ਹੀ ਸੀਮਤ ਕੁਦਰਤੀ ਰਿਜ਼ਰਵਾਂ ਦੀ ਮੰਗ ਵਧੇਗੀ। 

ਡਾ. ਬੇਨ-ਹਾਮਾਦਾਓ ਨੇ ਕਿਹਾ, “ਖੇਤੀਬਾੜੀ ਲਈ ਕਤਰ ਦੇ ਇੱਕ ਤਿਹਾਈ ਪਾਣੀ ਸੋਮਿਆਂ ਦੀ ਵਰਤੋਂ ਹੁੰਦੀ ਹੈ, ਜਦਕਿ ਇਹ ਜੀਡੀਪੀ ਵਿੱਚ ਮਹਿਜ਼ 0.1 ਫ਼ੀਸਦੀ ਯੋਗਦਾਨ ਪਾਉਂਦੀ ਹੈ”।

ਜ਼ਿਆਦਾਤਰ ਦੇਸ਼ਾਂ ਤੋਂ ਉਲਟ, ਕਤਰ ਦਾ ਭੋਜਨ ਉਤਪਾਦਨ ਲਈ ਕੁਦਰਤੀ ਸੋਮਿਆਂ ’ਤੇ ਕੀਤਾ ਗਿਆ ਨਿਵੇਸ਼ ਆਰਥਿਕ ਤਰੱਕੀ ਜਾਂ ਨਿਰਯਾਤ ਲਈ ਨਹੀਂ, ਬਲਕਿ ਐਮਰਜੈਂਸੀ ਹਾਲਾਤ ਵਿੱਚ ਆਪਣੀ ਅਬਾਦੀ ਦੀਆਂ ਭੋਜਨ ਲੋੜਾਂ ਪੂਰੀਆਂ ਕਰਨ ਲਈ ਹੈ। 

ਕਤਰ

ਤਸਵੀਰ ਸਰੋਤ, Getty Images

ਡਾ. ਲੀ ਨੇ ਕਹਿੰਦੇ ਹਨ ਕਿ ਕਤਰ ਦੀ ਊਰਜਾ ਤੀਬਰ ਯੋਜਨਾ, ਇਸ ਇਲਾਕੇ ਤੋਂ ਬਾਹਰ ਰਹਿਣ ਵਾਲਿਆਂ ਨੂੰ ਅਜੀਬ ਲੱਗ ਸਕਦੀ ਹੈ। ਪਰ ਇਹ ਇਸ ਲਈ ਹੈ ਕਿਉਂਕਿ ਇੱਥੋਂ ਦੀਆਂ ਚੁਣੌਤੀਆਂ ਹੋਰ ਦੇਸ਼ਾਂ ਤੋਂ ਕਾਫ਼ੀ ਵੱਖਰੀਆਂ ਹਨ।

“ਸੋਕੇ ਵਾਲੇ ਦੇਸ਼ਾਂ ਵਿੱਚ ਪਾਣੀ ਚਾਹੀਦਾ ਹੈ, ਠੰਢੇ ਜਲਵਾਯੂ ਵਿੱਚ ਖ਼ੁਦ ਨੂੰ ਗਰਮ ਰੱਖਣ ਦੀ ਲੋੜ ਹੁੰਦੀ ਹੈ, ਇਸ ਤਰ੍ਹਾਂ ਸਾਡੀਆਂ ਸਭ ਦੀਆਂ ਚੁਣੌਤੀਆਂ ਵੱਖੋ ਵੱਖਰੀਆਂ ਹਨ।” 

ਡਾ, ਬੇਨ ਕਹਿੰਦੇ ਹਨ, “ਮੈਂ ਬਹੁਤ ਆਸ਼ਾਵਾਦੀ ਹਾਂ ਕਿ ਦੇਸ਼ ਅਤੇ ਇਲਾਕਾ ਵਧੇਰੇ ਊਰਜਾ ਲਾਗਤ ਵਾਲੀਆਂ ਪ੍ਰਕਰਿਆਵਿਆਂ ਨਾਲ ਨਜਿੱਠੇਗਾ, ਕਿਉਂਕਿ ਤੁਸੀਂ ਪਾਣੀ ਬਿਨ੍ਹਾਂ ਨਹੀਂ ਰਹਿ ਸਕਦੇ।” 

ਕਤਰ ਵੱਲੋਂ 2036 ਦੇ ਉਲੰਪਿਕਸ ਦੀ ਮੇਜ਼ਬਾਨੀ ਹਾਸਲ ਕਰਨ ਦੀ ਕੋਸ਼ਿਸ਼ ਬਾਰੇ ਵੀ ਚਰਚਾਵਾਂ ਹਨ, ਅਜਿਹੇ ਵਿੱਚ ਹੋਰ ਚੁਣੌਤੀਆਂ ਵੀ ਹੋਣਗੀਆਂ। 

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)